ਖਿਡਾਰੀ ਪੰਜ-ਆਬ ਦੇ (33)
ਪੰਜਾਬ ਦੀ ਧਰਤੀ ਨੇ ਵੱਡੇ-ਵੱਡੇ ਖਿਡਾਰੀ ਪੈਦਾ ਕੀਤੇ ਹਨ- ਚਾਹੇ ਇਹ ਚੜ੍ਹਦਾ ਪੰਜਾਬ ਹੋਵੇ ਜਾਂ ਫਿਰ ਲਹਿੰਦਾ ਪੰਜਾਬ। ਨਾਮੀ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ਇਸ ਕਾਲਮ ਰਾਹੀਂ ਚੋਟੀ ਦੇ ਖਿਡਾਰੀਆਂ ਦੇ ਖੇਡ ਕਰੀਅਰ ਉਤੇ ਝਾਤ ਪਾਈ ਜਾ ਰਹੀ ਹੈ। ਹਥਲੇ ਲੇਖ ਵਿੱਚ ਰੋਇੰਗ ਦੇ ਹੀਰੇ ਸਵਰਨ ਵਿਰਕ ਦੀ ਪ੍ਰਤਿਭਾ ਦਾ ਕਿੱਸਾ ਛੋਹਿਆ ਗਿਆ ਹੈ। ਉਸ ਅੰਦਰਲੀ ਕੁਦਰਤੀ ਪ੍ਰਤਿਭਾ ਸਦਕਾ ਰੋਇੰਗ ਖੇਡ ਵਿੱਚ ਪੂਰੇ ਏਸ਼ੀਆ ਅੰਦਰ ਉਸ ਵਰਗਾ ਖਿਡਾਰੀ ਨਹੀਂ ਹੈ। ਆਪਣੇ ਪਹਿਲੇ ਹੀ ਮੁਕਾਬਲੇ ਵਿੱਚ ਉਸ ਨੇ ਆਪਣੀ ਟੀਮ ਲਈ ਸੋਨੇ ਦਾ ਤਮਗਾ ਜਿੱਤ ਲਿਆ ਸੀ। ਭਾਰਤ ਸਰਕਾਰ ਨੇ ਉਸ ਨੂੰ ਅਰਜੁਨਾ ਐਵਾਰਡ ਅਤੇ ਪੰਜਾਬ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਆ।
*ਜਕਾਰਤਾ ਵਿਖੇ ਸੋਨੇ ਦਾ ਤਮਗਾ ਜਿੱਤਣ ਲਈ ਸਵਰਨ ਦੀਆਂ ਹਥੇਲੀਆਂ ਦਾ ਮਾਸ ਵੀ ਇੰਨਾ ਭੁਰ ਗਿਆ ਸੀ ਕਿ ਉਸ ਦੇ ਛਾਲੇ ਪਏ ਹੱਥਾਂ ਵਿੱਚ ਸੋਨੇ ਦਾ ਤਮਗਾ ਫੜੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉਪਰ ਬਹੁਤ ਵਾਇਰਲ ਹੋਈਆਂ।
*ਸਾਲ 2013 ਵਿੱਚ ਸਵਰਨ ਨੇ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਮਗਾ ਜਿੱਤਿਆ। ਇਸੇ ਸਾਲ ਉਸ ਨੇ ਵਿਸ਼ਵ ਚੈਂਪੀਅਨਸ਼ਿਪ ਵਿੱਚ 12ਵਾਂ ਸਥਾਨ ਹਾਸਲ ਕੀਤਾ। ਇਹ ਪ੍ਰਾਪਤੀ ਵਾਲਾ ਉਹ ਪਹਿਲਾ ਭਾਰਤੀ ਰੋਅਰ ਬਣਿਆ।
ਨਵਦੀਪ ਸਿੰਘ ਗਿੱਲ
ਫੋਨ: +91-9780036216
ਮਾਨਸਾ ਜ਼ਿਲ੍ਹੇ ਦੇ ਸਵਰਨ ਸਿੰਘ ਵਿਰਕ ਨੇ ਰੋਇੰਗ ਖੇਡ ਵਿੱਚ ਸੁਨਹਿਰੀ ਪੈੜਾਂ ਪਾਈਆਂ। ਟਿੱਬਿਆਂ ਦੀ ਧਰਤੀ ਦੇ ਇਸ ਪੁੱਤ ਨੇ ਪਾਣੀ ਨਾਲ ਸਬੰਧਤ ਖੇਡ ਵਿੱਚ ਨਾਮਣਾ ਖੱਟਿਆ। ਰੋਇੰਗ ਖੇਡ ਪਾਣੀ ਨਾਲ ਸਬੰਧਤ ਹੈ ਅਤੇ ਪਾਣੀ ਦੇ ਲਿਹਾਜ਼ ਨਾਲ ਮਾਨਸਾ ਨੂੰ ਟੇਲਾਂ ਦੀ ਧਰਤੀ ਕਿਹਾ ਜਾਂਦਾ ਹੈ, ਜਿੱਥੇ ਪਾਣੀ ਆਖਰ ਵਿੱਚ ਬਚਿਆ-ਖੁਚਿਆ ਹੀ ਪਹੁੰਚਦਾ ਹੈ। ਰੋਇੰਗ, ਜਿਸ ਨੂੰ ਅਸੀਂ ਸਾਧਾਰਣ ਭਾਸ਼ਾ ਵਿੱਚ ਕਿਸ਼ਤੀ ਚਾਲਨ ਵੀ ਕਹਿ ਸਕਦੇ ਹਨ, ਦੀ ਪ੍ਰੈਕਟਿਸ ਲਈ ਝੀਲ, ਦਰਿਆ ਆਦਿ ਚਾਹੀਦੇ ਹਨ। ਰੋਇੰਗ ਵਿੱਚ ਸਵਰਨ ਓਲੰਪਿਕ ਖੇਡਾਂ ਤੱਕ ਪੁੱਜਿਆ ਹੈ। ਇਸ ਦੇ ਨਾਲ ਹੀ ਉਹ ਏਸ਼ਿਆਈ ਖੇਡਾਂ ਤੇ ਏਸ਼ੀਆ ਚੈਂਪੀਅਨਸ਼ਿਪ- ਦੋਵਾਂ ਦਾ ਹੀ ਚੈਂਪੀਅਨ ਹੈ। ਭਾਰਤ ਸਰਕਾਰ ਨੇ ਉਸ ਨੂੰ ਅਰਜੁਨਾ ਐਵਾਰਡ ਅਤੇ ਪੰਜਾਬ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਆ। ਸਵਰਨ ਅਜਿਹੀ ਖੇਡ ਵਿੱਚ ਮੱਲਾਂ ਮਾਰ ਰਿਹਾ ਹੈ, ਜਿਸ ਦਾ ਨਾਂ ਉਸ ਨੇ ਆਪਣੀ ਜੁਆਨੀ ਵਿੱਚ ਸੁਣਿਆ ਵੀ ਨਹੀਂ ਸੀ। ਫੌਜ ਵਿੱਚ ਭਰਤੀ ਹੋਣ ਤੋਂ ਬਾਅਦ ਉਸ ਨੂੰ ਰੋਇੰਗ ਦਾ ਪਤਾ ਚੱਲਿਆ। ਇਸੇ ਲਈ ਸਵਰਨ ਲਈ ਫੌਜ ਦੀ ਭਰਤੀ ਉਸ ਵਾਸਤੇ ਵਰਦਾਨ ਸਾਬਤ ਹੋਈ। ਸਵਰਨ ਦਾ ਖੇਡ ਕਰੀਅਰ ਉਸ ਦੇ ਜੁਝਾਰੂਪੁਣੇ ਅਤੇ ਸਿਦਕ ਦੀ ਦਾਸਤਾਨ ਹੈ। ਉਸ ਅੰਦਰਲੀ ਕੁਦਰਤੀ ਪ੍ਰਤਿਭਾ ਸਦਕਾ ਰੋਇੰਗ ਖੇਡ ਵਿੱਚ ਪੂਰੇ ਏਸ਼ੀਆ ਅੰਦਰ ਉਸ ਵਰਗਾ ਖਿਡਾਰੀ ਨਹੀਂ ਹੈ। ਖੇਡ ਮਾਹਿਰਾਂ ਅਨੁਸਾਰ ਜੇਕਰ ਉਹ ਬਚਪਨ ਤੋਂ ਹੀ ਇਸ ਖੇਡ ਨਾਲ ਜੁੜਿਆ ਹੁੰਦਾ ਤਾਂ ਉਹ ਅਸਾਨੀ ਨਾਲ ਓਲੰਪਿਕ ਤੇ ਵਿਸ਼ਵ ਚੈਂਪੀਅਨ ਬਣ ਜਾਂਦਾ। ਹਾਲੇ ਵੀ ਉਹ ਇਸ ਪ੍ਰਾਪਤੀ ਨੂੰ ਹਾਸਲ ਕਰਨ ਲਈ ਜੀਅ ਜਾਨ ਨਾਲ ਲੱਗਿਆ ਹੋਇਆ ਹੈ।
ਸਵਰਨ ਸਿੰਘ ਵਿਰਕ ਦਾ ਜਨਮ ਮਾਨਸਾ ਜ਼ਿਲ੍ਹੇ ਦੇ ਪਿੰਡ ਦਲੇਲਵਾਲਾ ਵਿਖੇ 20 ਫਰਵਰੀ 1990 ਨੂੰ ਪਿਤਾ ਗਰਮੁੱਖ ਸਿੰਘ ਦੇ ਘਰ ਮਾਤਾ ਸੁਰਜੀਤ ਕੌਰ ਦੀ ਕੁੱਖੋਂ ਹੋਇਆ। ਛੋਟੇ ਹੁੰਦਿਆਂ ਪੜ੍ਹਾਈ ਨਾਲੋਂ ਵੱਧ ਦਿਲ ਉਸ ਦਾ ਵਾਲੀਬਾਲ ਖੇਡਣ ਵਿੱਚ ਲੱਗਦਾ ਸੀ। ਕੱਦ-ਕਾਠ ਲੰਬਾ ਹੋਣ ਕਰਕੇ ਸਵਰਨ ਨੂੰ ਮੁੱਢ ਤੋਂ ਹੀ ਚੰਗਾ ਵਾਲੀਬਾਲ ਖਿਡਾਰੀ ਬਣਨ ਦੀ ਸੰਭਾਵਨਾ ਜਾਪਦੀ ਸੀ। ਸਧਾਰਣ ਕਿਸਾਨ ਪਰਿਵਾਰ ਦਾ ਜੰਮਪਲ ਹੋਣ ਕਰਕੇ ਸਵਰਨ ਦੇ ਘਰ ਦੀ ਮਾਲੀ ਹਾਲਤ ਠੀਕ-ਠਾਕ ਹੀ ਸੀ। ਉਨ੍ਹਾਂ ਦੇ ਪਰਿਵਾਰ ਨੇ ਖੇਤੀਬਾੜੀ ਲਈ ਵਛੇਰੀ ਰੱਖੀ ਹੋਈ ਸੀ, ਜਿਸ ਨੂੰ ਖੇਤੋਂ ਸਵਰਨ ਹੀ ਲਿਆਉਂਦਾ ਸੀ। ਵਛੇਰੀ ਨੇ ਤੇਜ਼ ਦੌੜਨਾ। ਸਵਰਨ ਵੀ ਪਿੱਛੇ-ਪਿੱਛੇ ਹੱਫਿਆ ਹੋਇਆ ਦੌੜਦਾ ਆਉਂਦਾ। ਵਛੇਰੀ ਘਰ ਬੰਨ੍ਹ ਕੇ ਉਹ ਵਾਲੀਬਾਲ ਖੇਡਣ ਚਲਾ ਜਾਂਦਾ। ਪਹਿਲੇ ਪਹਿਲ ਸਵਰਨ ਵਾਲੀਬਾਲ ਦੇ ਮੈਦਾਨ ਵਿੱਚ ਬਾਲ ਚੁੱਕਦਾ ਹੁੰਦਾ ਸੀ। ਫੇਰ ਹੌਲੀ ਹੌਲੀ ਖੇਡਣ ਵੀ ਲੱਗ ਗਿਆ। ਦਸਮੇਸ਼ ਸਕੂਲ ਤੋਂ ਦਸਵੀਂ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੁਨੀਰ ਤੋਂ ਬਾਰ੍ਹਵੀਂ ਕਰਨ ਤੋਂ ਬਾਅਦ ਉਹ ਘਰ ਦੀ ਕਬੀਲਦਾਰੀ ਦਾ ਭਾਰ ਵੰਡਾਉਣ ਲਈ ਖੇਤੀਬਾੜੀ ਕਰਨ ਲੱਗ ਗਿਆ। ਸਵਰਨ ਹੁਰੀਂ ਦੋ ਭਰਾ ਹਨ। ਵੱਡਾ ਭਰਾ ਲਖਵਿੰਦਰ ਸਿੰਘ ਪੰਜਾਬ ਪੁਲਿਸ ਵਿੱਚ ਭਰਤੀ ਹੋ ਗਿਆ।
ਸਵਰਨ ਨੇ ਫੌਜ ਵਿੱਚ ਭਰਤੀ ਦਾ ਮਨ ਬਣਾ ਲਿਆ। ਭਰਤੀ ਹੋਣ ਖਾਤਰ ਦੌੜਨ ਵਾਸਤੇ ਉਸ ਨੇ ਵਾਲੀਬਾਲ ਛੱਡ ਕੇ ਫੁਟਬਾਲ ਖੇਡਣੀ ਸ਼ੁਰੂ ਕਰ ਦਿੱਤੀ। ਕੋਚ ਬਲਕਰਨ ਸਿੰਘ ਕੋਲ ਉਹ ਦੌੜਨ ਦੇ ਅਭਿਆਸ ਵਾਸਤੇ ਫੁਟਬਾਲ ਖੇਡੀ ਜਾਂਦਾ। ਬਠਿੰਡਾ ਵਿਖੇ ਹੋਈ ਪਹਿਲੀ ਭਰਤੀ ਵਿੱਚ ਉਸ ਨੂੰ ਮੈਡੀਕਲ ਆਧਾਰ `ਤੇ ਇਹ ਕਹਿ ਕੇ ਰੱਦ ਕਰ ਦਿੱਤਾ ਕਿ ਉਸ ਦੀਆਂ ਅੱਖਾਂ ਵਿੱਚ ਧੱਬੇ ਹਨ। ਦੂਜੀ ਵਾਰ ਲੁਧਿਆਣੇ ਭਰਤੀ ਹੋਣ ਗਿਆ ਤਾਂ ਟੈਸਟ ਵਿੱਚੋਂ ਰਹਿ ਗਿਆ। ਵਾਲੀਬਾਲ ਤੇ ਫੁਟਬਾਲ ਦਾ ਚੰਗਾ ਖਿਡਾਰੀ ਹੋਣ ਕਰਕੇ ਦੋਵੇਂ ਵਾਰ ਉਸ ਨੇ ਫਿਜ਼ੀਕਲ ਟੈਸਟ ਤਾਂ ਪਾਸ ਕਰ ਲਿਆ। ਸਵਰਨ ਦੱਸਦਾ ਹੈ, “ਭਰਤੀ ਵਾਸਤੇ ਤਿੰਨ ਗੱਲਾਂ ਜ਼ਰੂਰੀ ਹੁੰਦੀਆਂ: ਫਿਜ਼ੀਕਲ ਟੈਸਟ, ਮੈਡੀਕਲ ਟੈਸਟ ਤੇ ਲਿਖਤੀ ਪ੍ਰੀਖਿਆ। ਤੀਜੀ ਭਰਤੀ ਵਿੱਚ ਉਹ ਭਰਤੀ ਹੋ ਗਿਆ। ਸਾਲ 2008 ਵਿੱਚ ਰਾਮਗੜ੍ਹ (ਰਾਂਚੀ) ਵਿਖੇ 10 ਸਿੱਖ ਰਜਮੈਂਟ ਦੀ ਭਰਤੀ ਵਿੱਚ ਉਹ ਚੁਣ ਕੇ ਰੰਗਰੂਟ ਹੋ ਗਿਆ।
ਫੌਜ ਵੱਲੋਂ ਰੋਇੰਗ ਟੀਮ ਬਣਾਈ ਜਾ ਰਹੀ ਸੀ। ਪੁਣੇ ਵਿਖੇ ਫੌਜ ਦੇ ਖੇਡ ਸੈਂਟਰ ਵਿੱਚ ਚੰਗੇ ਕੱਦ-ਕਾਠ ਵਾਲੇ ਖਿਡਾਰੀ ਦਿੱਖ ਵਾਲੇ ਹੋਰਨਾਂ ਜਵਾਨਾਂ ਵਾਂਗ ਸਵਰਨ ਨੂੰ ਵੀ ਸੱਦਾ ਆਇਆ। ਸਵਰਨ ਨੂੰ ਜਦੋਂ ਰੋਇੰਗ ਵਿੱਚ ਹਿੱਸਾ ਲੈਣ ਬਾਰੇ ਪੁੱਛਿਆ ਗਿਆ ਤਾਂ ਉਹ ਡੌਰ ਭੌਰ ਹੋ ਗਿਆ। ਰੋਇੰਗ ਖੇਡ ਬਾਰੇ ਜਾਣਕਾਰੀ ਹੋਣਾ ਤਾਂ ਇੱਕ ਪਾਸੇ, ਉਸ ਨੇ ਤਾਂ ਖੇਡ ਦਾ ਨਾਂ ਹੀ ਪਹਿਲੀ ਵਾਰ ਸੁਣਿਆ ਸੀ। ਰੋਇੰਗ ਲਈ ਲੱਤਾਂ ਦੇ ਨਾਲ ਬਾਹਾਂ ਦਾ ਵੀ ਜ਼ੋਰ ਲੱਗਦਾ ਹੋਣ ਕਰਕੇ ਸਵਰਨ ਤੇ ਉਸ ਦੇ ਸਾਥੀਆਂ ਨੂੰ ਦੌੜਨ ਦੇ ਅਭਿਆਸ ਦੇ ਨਾਲ ਪੁਸ਼ ਅੱਪਸ ਵੀ ਲਾਉਣੀਆਂ ਪੈਂਦੀਆਂ। ਛੋਟਾ ਹੁੰਦਾ ਵਛੇਰੀ ਨਾਲ ਦੌੜਨ ਵਾਲੇ ਸਵਰਨ ਨੂੰ ਭੱਜਣ ਵਿੱਚ ਕੋਈ ਔਖ ਨਹੀਂ ਸੀ, ਪਰ ਲੰਬਾ ਲੰਬਾ ਸਮਾਂ ਪੁਸ਼ ਅੱਪਸ ਲਾਉਣ ਨਾਲ ਉਸ ਦੀਆਂ ਬਾਹਾਂ ਦੀ ਜਾਨ ਨਿਕਲ ਜਾਂਦੀ। ਖੇਡਣ ਲਈ ਉਸ ਨੂੰ ਰੰਗਰੂਟੀ ਦੀ ਟ੍ਰੇਨਿੰਗ ਤੋਂ ਵੱਧ ਔਖਿਆਈ ਝੱਲਣੀ ਪੈਂਦੀ। ਸਵਰਨ ਨੇ ਰੋਇੰਗ ਖੇਡਣੀ ਸ਼ੁਰੂ ਕੀਤੀ।
ਸਵਰਨ ਨੇ ਸਵਾ ਸਾਲ ਸਾਧ ਬਣ ਕੇ ਰੋਇੰਗ ਖੇਡ ਦਾ ਅਭਿਆਸ ਕੀਤਾ। ਹੁੰਦੜਹੇਲ ਸਵਰਨ ਛੇਤੀ ਹੀ ਆਪਣੀ ਸਖਤ ਮਿਹਨਤ ਨਾਲ ਫੌਜ ਦਾ ਮੋਹਰੀ ਕਿਸ਼ਤੀ ਚਾਲਕ ਬਣ ਗਿਆ। ਫਰਵਰੀ 2011 ਵਿੱਚ ਝਾਰਖੰਡ ਵਿਖੇ 34ਵੀਆਂ ਕੌਮੀ ਖੇਡਾਂ ਲਈ ਸਰਵਿਸਜ਼ ਦੀ ਟੀਮ ਲਈ ਉਹ ਚੁਣਿਆ ਗਿਆ। ਆਪਣੇ ਪਹਿਲੇ ਹੀ ਮੁਕਾਬਲੇ ਵਿੱਚ ਉਸ ਨੇ ਆਪਣੀ ਟੀਮ ਲਈ ਸੋਨੇ ਦਾ ਤਮਗਾ ਜਿੱਤ ਲਿਆ। ਸਵਰਨ ਭਾਰਤੀ ਰੋਇੰਗ ਟੀਮ ਵਿੱਚ ਚੁਣਿਆ ਗਿਆ, ਜਿੱਥੇ ਉਸ ਦਾ ਈਵੈਂਟ ਸਿੰਗਲਜ਼ ਸਕੱਲਜ਼ ਸੀ। ਇਸ ਈਵੈਂਟ ਵਿੱਚ ਕਿਸ਼ਤੀ ਚਾਲਕ ਇਕੱਲਾ ਭਾਗ ਲੈਂਦਾ ਹੈ। 2011 ਵਿੱਚ ਹੀ ਉਸ ਨੇ ਦੱਖਣੀ ਕੋਰੀਆ ਵਿਖੇ ਹੋਈ 14ਵੀਂ ਏਸ਼ੀਅਨ ਰੋਇੰਗ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ ਅਤੇ ਕਾਂਸੀ ਦਾ ਤਮਗਾ ਜਿੱਤਿਆ। ਮਾਨਸਾ ਜ਼ਿਲ੍ਹੇ ਦਾ ਛੋਟਾ ਜਿਹਾ ਪਿੰਡ ਦਲੇਲਵਾਲਾ ਕੌਮਾਂਤਰੀ ਖੇਡ ਸੁਰਖੀਆਂ ਵਿੱਚ ਆ ਗਿਆ। ਪਿੰਡ ਵਾਲਿਆਂ ਨੂੰ ਤਾਂ ਹਾਲੇ ਰੋਇੰਗ ਖੇਡ ਦਾ ਨਾਂ ਚੱਜ ਨਾਲ ਲੈਣਾ ਨਹੀਂ ਆਉਂਦਾ ਸੀ।
ਸਾਲ 2011 ਵਿੱਚ ਹੀ ਉਸ ਨੇ ਸਲੋਵੀਨੀਆ ਵਿਖੇ ਵਿਸ਼ਵ ਰੋਇੰਗ ਚੈਂਪੀਅਨਸ਼ਿਪ ਵਿੱਚ 17ਵਾਂ ਸਥਾਨ ਹਾਸਲ ਕੀਤਾ। ਸਾਲ 2012 ਵਿੱਚ ਦੱਖਣੀ ਕੋਰੀਆ ਵਿਖੇ ਹੋਈ ਓਲੰਪਿਕ ਕੁਆਲੀਫਾਈ ਲਈ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਸਵਰਨ ਨੇ ਸੋਨੇ ਦਾ ਤਮਗਾ ਜਿੱਤ ਕੇ ਓਲੰਪਿਕਸ ਦੀ ਟਿਕਟ ਕਟਾ ਲਈ। ਖੇਡ ਸ਼ੁਰੂ ਕਰਨ ਦੇ ਤਿੰਨ ਸਾਲਾਂ ਦੇ ਅੰਦਰ ਉਹ ਓਲੰਪੀਅਨ ਬਣ ਗਿਆ। ਲੰਡਨ ਓਲੰਪਿਕਸ ਵਿਖੇ ਉਸ ਨੇ 16ਵਾਂ ਸਥਾਨ ਹਾਸਲ ਕੀਤਾ। ਸਾਲ 2013 ਵਿੱਚ ਸਵਰਨ ਨੇ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਮਗਾ ਜਿੱਤਿਆ। ਇਸੇ ਸਾਲ ਉਸ ਨੇ ਵਿਸ਼ਵ ਚੈਂਪੀਅਨਸ਼ਿਪ ਵਿੱਚ 12ਵਾਂ ਸਥਾਨ ਹਾਸਲ ਕੀਤਾ। ਇਹ ਪ੍ਰਾਪਤੀ ਵਾਲਾ ਉਹ ਪਹਿਲਾ ਭਾਰਤੀ ਰੋਅਰ ਬਣਿਆ। ਇਟਲੀ ਵਿਖੇ ਰੋਇੰਗ ਖੇਡ ਦੇ ਮਹਾਂਕੁੰਭ ਇੰਟਰਨੈਸ਼ਨਲ ਰੋਇੰਗ ਟੂਰਨਾਮੈਂਟ ਵਿੱਚ ਉਹ ਪੰਜਵੇਂ ਸਥਾਨ `ਤੇ ਰਿਹਾ। ਸਾਲ 2014 ਵਿੱਚ ਇੰਚੇਓਨ ਵਿਖੇ ਹੋਈਆਂ ਏਸ਼ਿਆਈ ਖੇਡਾਂ ਵੇਲੇ ਉਹ ਪਿੱਠ ਦਰਦ ਤੋਂ ਬਹੁਤ ਪੀੜਤ ਸੀ। ਸਵਰਨ ਨੇ ਸਿਰੜ ਨਾਲ ਹਿੱਸਾ ਲਿਆ ਅਤੇ ਸਿੰਗਲਜ਼ ਸਕੱਲਜ਼ ਈਵੈਂਟ ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਸਵਰਨ ਨੂੰ ਨਗਦ ਇਨਾਮ ਮਿਲੇ, ਜਿਸ ਨਾਲ ਸਭ ਤੋਂ ਪਹਿਲਾਂ ਆਪਣੇ ਘਰ ਦੀ ਗੁਰਬਤ ਨੂੰ ਦੂਰ ਕਰਦਿਆਂ ਘਰ ਬਣਾਇਆ।
ਇੱਕ ਵਾਰ ਪਿੱਠ ਦਰਦ ਕਾਰਨ ਉਸ ਦੀ ਖੇਡ ਉਤੇ ਖਤਰੇ ਦੇ ਬੱਦਲ ਮੰਡਰਾਉਣ ਲੱਗ ਗਏ। ਰੋਇੰਗ ਫੈਡਰੇਸ਼ਨ ਦੇ ਖਰਚੇ ਉਤੇ ਚੇਨੱਈ ਇਲਾਜ ਕਰਵਾਇਆ। ਅਗਲੇ ਹੀ ਸਾਲ 2015 ਵਿੱਚ ਸਵਰਨ ਨੂੰ ਭਾਰਤ ਸਰਕਾਰ ਨੇ ਅਰਜੁਨਾ ਐਵਾਰਡ ਨਾਲ ਸਨਮਾਨਿਆ। ਉਸ ਵੇਲੇ ਸਵਰਨ ਨੂੰ ਗੁਸਲਖਾਨੇ ਵਿੱਚ ਡਿੱਗਣ ਕਾਰਨ ਸੱਟ ਵੱਜ ਗਈ, ਜਿਸ ਕਾਰਨ ਉਹ ਐਵਾਰਡ ਸਮਾਰੋਹ ਵਿੱਚ ਹਿੱਸਾ ਨਹੀਂ ਲੈ ਸਕਿਆ। ਸਵਰਨ ਨੂੰ ਜਦੋਂ ਪੁੱਛੀਦਾ ਹੈ ਕਿ ਸੱਟ ਕਾਰਨ ਐਵਾਰਡ ਸਮਾਰੋਹ ਵਿੱਚ ਹਿੱਸਾ ਨਾ ਲੈਣ ਉਤੇ ਕਿਤੇ ਪਛਤਾਵਾ ਨਹੀਂ ਹੋਇਆ ਤਾਂ ਉਸ ਦਾ ਜਵਾਬ ਹੁੰਦਾ, “ਕੁੱਬੇ ਨੂੰ ਲੱਤ ਵੱਜੀ ਰਾਸ ਆ ਗਈ ਮੈਨੂੰ ਤਾਂ, ਪਿੱਠ ਦਰਦ ਤੋਂ ਬਾਅਦ ਡਿੱਗਣ ਕਾਰਨ ਸਗੋਂ ਉਸ ਦੀ ਨੱਪੀ ਹੋਈ ਨਾੜ ਠੀਕ ਆ ਗਈ। ਰੀਓ ਓਲੰਪਿਕਸ ਦਾ ਸਮਾਂ ਨਿਕਲਣ ਤੋਂ ਬਾਅਦ ਉਸ ਦਾ ਅਗਲਾ ਨਿਸ਼ਾਨਾ ਜਕਾਰਤਾ ਏਸ਼ਿਆਈ ਖੇਡਾਂ ਸਨ। ਤਿੰਨ ਸਾਲ ਬਾਅਦ ਉਸ ਨੇ ਆਪਣੇ ਦ੍ਰਿੜ ਇਰਾਦੇ ਅਤੇ ਸਖਤ ਮਿਹਨਤ ਨਾਲ ਵਾਪਸੀ ਕਰਦਿਆਂ 36ਵੀਂ ਕੌਮੀ ਰੋਇੰਗ ਚੈਂਪੀਅਨਸ਼ਿਪ ਰਾਹੀਂ ਵਾਪਸੀ ਕਰਦਿਆਂ ਦੋ ਚਾਂਦੀ ਦੇ ਤਮਗੇ ਜਿੱਤੇ। ਉਹ ਮੁੜ ਭਾਰਤੀ ਟੀਮ ਵਿੱਚ ਚੁਣਿਆ ਗਿਆ।
ਸਾਲ 2018 ਵਿੱਚ ਜਕਾਰਤਾ ਵਿਖੇ ਹੋਈਆਂ ਏਸ਼ਿਆਈ ਖੇਡਾਂ ਵਿੱਚ ਉਸ ਨੇ ਹਿੱਸਾ ਲਿਆ। ਉਹ ਇਕੱਲੇ ਦੀ ਬਜਾਏ ਦੋ ਜਣਿਆਂ ਦੇ ਈਵੈਂਟ ਡਬਲਜ਼ ਸਕੱਲਜ਼ ਅਤੇ ਚਾਰ ਜਣਿਆਂ ਦੇ ਈਵੈਂਟ ਕੁਆਰਡਰਪਲ ਸਕੱਲਜ਼ ਵਿੱਚ ਹਿੱਸਾ ਲੈ ਰਿਹਾ ਸੀ। ਚਾਰ ਸਾਲ ਪਹਿਲਾਂ ਸੋਨੇ ਦਾ ਤਮਗਾ ਖਿਸਕ ਜਾਣ ਦੀ ਟੀਸ ਵੀ ਸਵਰਨ ਦੇ ਸੀਨੇ ਵਿੱਚ ਸੀ। ਪਿੱਠ ਦਰਦ ਕਾਰਨ ਉਹ ਚਾਰ ਸਾਲ ਕੌਮਾਂਤਰੀ ਮੁਕਾਬਲਿਆਂ ਤੋਂ ਦੂਰ ਰਿਹਾ ਸੀ। ਸਵਰਨ ਨੇ ਪੁਰਸ਼ਾਂ ਦੇ ਕੁਆਰਡਰਪਲ ਸਕੱਲਜ਼ ਵਰਗ ਵਿੱਚ ਸੋਨੇ ਦਾ ਤਮਗਾ ਜਿੱਤਿਆ। ਇਸ ਈਵੈਂਟ ਵਿੱਚ ਉਸ ਦੇ ਤਿੰਨ ਸਾਥੀਆਂ ਵਿੱਚੋਂ ਇੱਕ ਸੁਖਮੀਤ ਸਿੰਘ ਸਮਾਘ ਤਾਂ ਉਸੇ ਦੇ ਹੀ ਜ਼ਿਲ੍ਹੇ ਮਾਨਸਾ ਦਾ ਰਹਿਣ ਵਾਲਾ ਸੀ। ਦੋ ਹੋਰ ਸਾਥੀ ਓਮ ਪ੍ਰਕਾਸ਼ ਤੇ ਦੱਤੂ ਬਬਨ ਸਨ। ਚਹੁੰਆਂ ਦੀ ਟੀਮ ਨੇ 6.15.18 ਦਾ ਸਮਾਂ ਕੱਢ ਕੇ ਏਸ਼ਿਆਈ ਖੇਡਾਂ ਵਿੱਚ ਸੁਨਹਿਰੀ ਇਤਿਹਾਸ ਸਿਰਜਿਆ।
ਜਕਾਰਤਾ ਵਿਖੇ ਸੋਨੇ ਦਾ ਤਮਗਾ ਜਿੱਤਣ ਲਈ ਸਵਰਨ ਦੀਆਂ ਹਥੇਲੀਆਂ ਦਾ ਮਾਸ ਵੀ ਇੰਨਾ ਭੁਰ ਗਿਆ ਸੀ ਕਿ ਉਸ ਦੇ ਛਾਲੇ ਪਏ ਹੱਥਾਂ ਵਿੱਚ ਸੋਨੇ ਦਾ ਤਮਗਾ ਫੜੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉਪਰ ਬਹੁਤ ਵਾਇਰਲ ਹੋਈਆਂ। ਸਵਰਨ ਦੇ ਹੱਥ ਉਸ ਦੀ ਕਰੜੀ ਮਿਹਨਤ ਦੀ ਸਾਰੀ ਕਹਾਣੀ ਆਪੇ ਬਿਆਨ ਕਰ ਰਹੇ ਸਨ। ਰੋਇੰਗ ਖਿਡਾਰੀਆਂ ਦੇ ਸਨਮਾਨ ਵਿੱਚ ਮਾਨਸਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਾਨਸਾ ਕੈਂਚੀਆਂ ਚੌਕ ਦਾ ਨਾਮ ਇਨ੍ਹਾਂ ਖਿਡਾਰੀਆਂ ਦੇ ਨਾਮ ਉਤੇ ਰੱਖਿਆ ਗਿਆ, ਜਿੱਥੇ ਇਨ੍ਹਾਂ ਦੀਆਂ ਤਸਵੀਰਾਂ ਵੀ ਲਗਾਈਆਂ ਗਈਆਂ।
ਸਾਲ 2018 ਦੇ ਅਖੀਰ ਵਿੱਚ ਹੈਦਰਾਬਾਦ ਵਿਖੇ ਹੋਈ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਸਵਰਨ ਨੇ ਮਿਕਸਡ ਡਬਲਜ਼ ਵਿੱਚ ਨਵਨੀਤ ਕੌਰ ਨਾਲ ਮਿਲ ਕੇ ਸੋਨੇ ਦਾ ਤਮਗਾ ਜਿੱਤਿਆ। ਸਾਲ 2019 ਵਿੱਚ ਦੱਖਣੀ ਕੋਰੀਆ ਵਿਖੇ ਹੋਈ 19ਵੀਂ ਏਸ਼ੀਅਨ ਰੋਇੰਗ ਚੈਂਪੀਅਨਸ਼ਿਪ ਵਿੱਚ ਸਵਰਨ ਨੇ ਇੱਕ ਚਾਂਦੀ ਤੇ ਇੱਕ ਕਾਂਸੀ ਦਾ ਤਮਗਾ ਜਿੱਤ ਕੇ ਇਸ ਖੇਡ ਵਿੱਚ ਆਪਣੀਆਂ ਹੀ ਪ੍ਰਾਪਤੀ ਦੀ ਸੂਚੀ ਵਿੱਚ ਹੋਰ ਵਾਧਾ ਕਰ ਦਿੱਤਾ। ਪੁਰਸ਼ ਓਪਨ ਕੁਆਰਡਰਪਲ ਸਕੱਲਜ਼ ਵਿੱਚ ਉਸ ਨੇ ਚਾਂਦੀ ਅਤੇ ਪੁਰਸ਼ ਓਪਨ ਡਬਲਜ਼ ਸਕੱਲਜ਼ ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਇਨ੍ਹਾਂ ਦੋਵਾਂ ਈਵੈਂਟਾਂ ਵਿੱਚ ਹੀ ਮਾਨਸਾ ਜ਼ਿਲ੍ਹੇ ਦੇ ਹੀ ਸੁਖਮੀਤ ਸਿੰਘ ਸਮਾਘ ਨੇ ਵੀ ਚਾਂਦੀ ਤੇ ਕਾਂਸੀ ਦੇ ਤਮਗੇ ਜਿੱਤੇ। ਰੋਇੰਗ ਖੇਡ ਵਿੱਚ ਪੰਜਾਬੀਆਂ ਦੀ ਸਰਦਾਰੀ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ 21 ਮੈਂਬਰੀ ਭਾਰਤੀ ਟੀਮ ਵਿੱਚੋਂ 11 ਖਿਡਾਰੀ ਪੰਜਾਬ ਦੇ ਸਨ। ਏਸ਼ੀਅਨ ਚੈਂਪੀਅਨਸ਼ਿਪ ਵਿੱਚ ਭਾਰਤੀ ਟੀਮ ਨੇ ਕੁੱਲ ਛੇ ਤਮਗੇ ਜਿੱਤੇ, ਜਿਨ੍ਹਾਂ ਵਿੱਚ ਇੱਕ ਸੋਨੇ, ਦੋ ਚਾਂਦੀ ਤੇ ਤਿੰਨ ਕਾਂਸੀ ਦੇ ਤਮਗੇ ਸ਼ਾਮਲ ਸਨ, ਜਿਨ੍ਹਾਂ ਵਿੱਚ ਪੰਜ ਤਮਗੇ ਜਿੱਤਣ ਵਿੱਚ ਪੰਜਾਬ ਦੇ ਖਿਡਾਰੀਆਂ ਦਾ ਯੋਗਦਾਨ ਸੀ। ਸਾਲ 2024 ਵਿੱਚ ਸਵਰਨ ਨੂੰ ਪੰਜਾਬ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਆ।
ਸਵਰਨ ਨੂੰ ਫੌਜ ਵਿੱਚ 2016 ਵਿੱਚ ਤਰੱਕੀ ਦੇ ਕੇ ਸੂਬੇਦਾਰ ਬਣਾਇਆ ਗਿਆ। ਸਵਰਨ ਦੀ ਪਤਨੀ ਰਵਿੰਦਰ ਕੌਰ ਬੀ.ਟੈਕ ਪਾਸ ਹੈ ਅਤੇ ਮਾਨਸਾ ਜ਼ਿਲ੍ਹੇ ਦੇ ਪਿੰਡ ਡੇਲੂਆਣਾ ਦੀ ਰਹਿਣ ਵਾਲੀ ਹੈ। ਬਟਾਲਾ ਨੇੜਲੇ ਪਿੰਡ ਕੋਟਲਾ ਸ਼ਾਹੀਆਂ ਦੀਆਂ ਕਮਲਜੀਤ ਖੇਡਾਂ ਵਿਖੇ ਸਵਰਨ ਨੂੰ ‘ਮੇਜਰ ਵਜਿੰਦਰ ਸਿੰਘ ਸ਼ਾਹੀ ਪੰਜਾਬ ਦਾ ਗੌਰਵ ਐਵਾਰਡ’ ਨਾਲ ਵੀ ਸਨਮਾਨਤ ਕੀਤਾ ਗਿਆ।