ਪਰਮਜੀਤ ਦਾ ਕਹਾਣੀ ਸੰਗ੍ਰਹਿ
ਪਰਮਜੀਤ ਸੋਹਲ (ਡਾ.)
ਪਰਮਜੀਤ ਮੇਰੇ ਮੁਢਲੇ ਸਾਹਿਤਕ ਮਿੱਤਰਾਂ ਵਿੱਚੋਂ ਇੱਕ ਹੈ; ਜਿਸਨੂੰ ਆਰਥਿਕ ਮੰਦਹਾਲੀ ਤੇ ਜੀਵਨ ਦੇ ਸੰਘਰਸ਼ਮਈ ਦੌਰ ਨੇ ਕੁਝ ਚਿਰ ਲਈ ਦਬਾਈ ਰੱਖਿਆ ਹੈ। ਉਸਦਾ ਸਾਹਿਤਕ ਕੱਦ ਨਵੇਂ ਪੋਚ ਦੇ ਕਹਾਣੀਕਾਰਾਂ ਨਾਲੋਂ ਕਿਸੇ ਪੱਖੋਂ ਵੀ ਘੱਟ ਨਹੀਂ ਹੈ। ਬੇਸ਼ੱਕ ਉਹਦੇ ਸੁਭਾਅ ਵਿੱਚ ਆਪਣੀ ਮਾਯੂਸ ਕਰ ਦੇਣ ਵਾਲੀ ਜ਼ਿੰਦਗੀ ਕਾਰਨ ਕੁਝ ਪਿਛੜੇਵਾਂ ਵੀ ਝਲਕਦਾ ਹੋਵੇਗਾ, ਪਰ ਇਸ ਕਹਾਣੀ ਸੰਗ੍ਰਹਿ ‘ਜ਼ਿਬਾਹ ਹੁੰਦੇ ਪਲ’ ਰਾਹੀਂ ਉਸ ਨੇ ਆਪਣਾ ਸਾਹਿਤ ਰਚਨ ਦਾ ਜਮੂਦ ਤੋੜਿਆ ਹੈ। ਇਸ ਉੱਦਮ ਲਈ ਉਸ ਨੂੰ ਵਧਾਈ!
‘ਜਿਬਹ ਹੁੰਦੇ ਪਲ’ ਕਹਾਣੀ ਸੰਗ੍ਰਹਿ ਬਾਰੇ ਮੇਰਾ ਪ੍ਰਤੀਕਰਮ ਕਹਾਣੀਆਂ ਦੇ ਵਸਤੂਗਤ ਪੱਖ ਦੀ ਪੜਚੋਲ ਪੱਖੋਂ ਹੀ ਹੈ। ਕਿਸੇ ਆਲੋਚਨਾ ਪੱਧਤੀ ਨੂੰ ਸਨਮੁਖ ਰੱਖ ਕੇ ਲਿਖਿਆ ਗਿਆ ਨਹੀਂ ਹੈ।
‘ਜਿਬਹ ਹੁੰਦੇ ਪਲ’ ਕਹਾਣੀ ਸੰਗ੍ਰਹਿ ਵਿੱਚ ਦਰਜ ਪਰਮਜੀਤ ਦੀ ਪਹਿਲੀ ਕਹਾਣੀ ‘ਦੌੜ’ ਇੱਕ ਮਾਰਮਿਕ ਕਹਾਣੀ ਹੈ, ਜੋ ਪਾਠਕ ਮਨ ਵਿੱਚ ਦੁੱਖ ਦੀ ਸੰਵੇਦਨਾ ਜਗਾਉਂਦੀ ਹੈ। ਮਰਨ ਉਪਰੰਤ ਵੀ ਬੰਦੇ ਦੀ ਦੌੜ ਖ਼ਤਮ ਨਹੀਂ ਹੁੰਦੀ। ਇਸ ਗੱਲ ਨੂੰ ਪਰਮਜੀਤ ਨੇ ਆਪਣੇ ਪਰਿਵਾਰਕ ਮਾਹੌਲ ਵਿੱਚੋਂ ‘ਬਾਪੂ’ ਦੀ ਮੌਤ ਨਾਲ ਸ਼ੁਰੂ ਕਰਕੇ ਕਿੰਨੇ ਹੀ ਸਵਾਲ ਖੜ੍ਹੇ ਕਰ ਦਿੱਤੇ ਹਨ। ਰਾਜ ਮਿਸਤਰੀ ਦਾ ਕੰਮ ਕਰਦਾ ਬਾਪੂ ਅਧਰੰਗ ਦਾ ਸ਼ਿਕਾਰ ਹੋ ਕੇ ਮੰਜੀ ਜੋਗਾ ਰਹਿ ਜਾਂਦਾ ਹੈ। ਉਹਦੇ ਸਿਰ ਵੱਡੀ ਕਬੀਲਦਾਰੀ ਹੈ। ਪੁੱਤ ਹਾਰ ਕੇ ਕੰਮੀਂ ਲੱਗ ਜਾਂਦਾ ਹੈ। ਗ਼ੁਰਬਤ ਨਾਲ ਤੇ ਬੀਮਾਰੀ ਨਾਲ ਜੂਝਦੇ ਬਾਪੂ ਨੂੰ ਨਵੇਂ ਲੀੜੇ ਵੀ ਨਹੀਂ ਜੁੜਦੇ। ਬਾਪੂ, ਪੁੱਤ ਨੂੰ ਪਾਕਿਸਤਾਨ ਵਿੱਚ ਰਹਿੰਦਿਆਂ ਹੋਇਆਂ ਆਪਣੀ ਜੁਆਨੀ ਦੇ ਦਿਨਾਂ ਦੀ ਗੱਲ ਸੁਣਾਉਂਦਾ ਹੈ ਕਿ ਜਦੋਂ ਉਹ ਇੱਕ ਕੋਠੇ ’ਤੇ ਗੇਂਦ ਲੈਣ ਗਿਆ, ਚੁਬਾਰੇ ਵਿੱਚ ਪਈ ਜੁਆਨ ਕੁੜੀ ਨੇ ਪੈਸੇ ਮੰਗ ਕੇ ਪੈਸੇ ਨਾ ਹੋਣ ਦੀ ਸੂਰਤ ਵਿੱਚ ਉਸਨੂੰ ਭਜਾ ਦਿੱਤਾ। ਉਸ ਨੂੰ ਪਹਿਲੀ ਵਾਰੀ ਪਤਾ ਲੱਗਿਆ ਸੀ ਕਿ ਕੁੜੀ ਪੈਸੇ ਕਿਉਂ ਮੰਗਦੀ ਹੈ। ਬੱਸ ਇੱਥੋਂ ਹੀ ਬਾਪੂ ਦੀ ਦੌੜ ਸ਼ੁਰੂ ਹੋ ਗਈ ਸੀ। ਜਿਹੜੀ ਸ਼ਾਇਦ ਉਹਦੇ ਮਰਨ ਨਾਲ ਖ਼ਤਮ ਹੋ ਗਈ। ਕਹਾਣੀਕਾਰ ਬਾਪੂ ਦੀ ਕਹਾਣੀ ਸੁਣਾਉਂਦਾ ‘ਦੌੜ’ ਕਹਾਣੀ ਦਾ ਅੰਤ ਕਰਦਾ ਆਖਦਾ ਹੈ ਕਿ ਹੁਣ ਬਾਪੂ ਸ਼ਾਇਦ ਰੱਬ ਅੱਗੇ ਵੀ ਦੌੜਨ ਤੋਂ ਨਾਂਹ ਕਰ ਦੇਵੇਗਾ। ਬੰਦੇ ਅੰਦਰਲੀ ਅਕਾਂਖਿਆ ਦੀ ਦੌੜ ਮਰ ਕੇ ਖ਼ਤਮ ਨਹੀਂ ਹੁੰਦੀ। ਅਜਿਹਾ ਅੰਤ ਕਰਕੇ ਕਹਾਣੀਕਾਰ ਪਾਠਕ ਅੱਗੇ ਕਈ ਸਵਾਲੀਆ ਚਿੰਨ੍ਹ ਖੜੇ ਕਰ ਦਿੰਦਾ ਹੈ।
‘ਮਰਨ ਰੁੱਤ’ ਕਹਾਣੀ ਇੱਕ ਖ਼ਿਆਲ ਪੈਦਾ ਕਰਦੀ ਹੋਈ ਖ਼ਤਮ ਹੁੰਦੀ ਹੈ। ਬੁਢੇਪਾ, ਬੀਮਾਰੀ ਤੇ ਮੌਤ ਸੁਭਾਵਿਕ ਹੁੰਦੇ ਹੋਏ ਵੀ ਬੇਵਸੀ ਨਾਲ ਜਾ ਖਲੋਂਦੇ ਹਨ। ਦਰਅਸਲ, ਮੌਤ ਤਾਂ ਇਹੋ ਤਿਲ ਤਿਲ ਮਰਨ ਜਿਹਾ ਜੀਣਾ ਹੈ। ਮੌਤ ਜੋ ਅਮੀਰੀ, ਗ਼ਰੀਬੀ ਨਹੀਂ ਦੇਖਦੀ।…ਬਜ਼ੁਰਗ ਦੀ ਹਉਂ ਦਾ ਟੁੱਟਣਾ ਤੇ ਮੌਤ ਦਾ ਵਾਪਰਨਾ- ਦੋਵੇਂ ਪੱਖ ਇਸ ਕਹਾਣੀ ਨੂੰ ਖ਼ੂਬਸੂਰਤ ਨਾਂ ਦਿੰਦੇ ਹਨ- ‘ਮਰਨ ਰੁੱਤ’।
‘ਸਵਾਲੀਆ ਉਲਾਂਭਾ’ ਕਹਾਣੀ ਧਾਰਮਿਕ ਕੱਟੜਵਾਦ, ਪੰਜਾਬ ਦੇ ਸਿਆਹ ਦੌਰ ਤੇ ਦਿੱਲੀ ਦੰਗਿਆਂ ਦੇ ਆਧਾਰ ’ਤੇ ਧਾਰਮਿਕ ਫ਼ਲਸਫ਼ਿਆਂ ਦੇ ਬਿਪਰੀਤ ਖੜੀ ਹੈ; ਭਾਵੇਂ ਕਹਾਣੀ ਮੌਤ ਦੇ ਭੈਅ ਦਾ ਸਾਇਆ ਸਿਰਜਦੀ ਹੈ, ਜਿਸ ਵਿੱਚ ਆਮ ਆਦਮੀ ਖਾਹਮਖਾਹ ਕਸੂਰਵਾਰ ਬਣਾ ਦਿੱਤਾ ਜਾਂਦਾ ਹੈ। ਉਨੀ ਸੌ ਚੁਰਾਸੀ ਦੇ ਸਿੱਖ ਕਤਲੇਆਮ ਤੋਂ ਲਗਭਗ 10 ਸਾਲ ਬਾਅਦ ਇਹ ਕਹਾਣੀ ‘ਲਕੀਰ’ ਪਰਚੇ ਵਿੱਚ ਛਪਦੀ ਹੈ। ਉਸ ਸਮੇਂ ਦੇ ਸਮਕਾਲੀ ਯਥਾਰਥ ਨੂੰ ਕਹਾਣੀਕਾਰ ਨੇ ਕਹਾਣੀ ਵਿੱਚ ਆਪਣੇ ਅੰਦਾਜ਼ ਵਿੱਚ ਬਿਆਨਿਆ ਹੈ।
‘ਬਾਪੂ’ ਕਹਾਣੀ ਲੋੜਾਂ, ਥੁੜਾਂ ਤੇ ਸਵਾਰਥੀ ਰਿਸ਼ਤਿਆਂ ਦੀਆਂ ਪ੍ਰਸਥਿਤੀਆਂ ਗਿਰਦ ਘੁੰਮਦੀ ਹੈ। ਬਾਪੂ ਦਾ ਕਿਰਦਾਰ ਉਸਦੀ ਮੌਤ ਪਿੱਛੋਂ ਵੀ ਹਾਜ਼ਰ ਨਾਜ਼ਰ ਰਹਿੰਦਾ ਹੈ। ਸੁਖਾਂਤਕ ਅੰਤ ਸਿਰਜਦੀ ਕਹਾਣੀ ਭਰਾਤਰੀ ਪ੍ਰੇਮ ਭਾਵਨਾ ਦਾ ਸੁਨੇਹਾ ਵੀ ਦੇ ਜਾਂਦੀ ਹੈ।
‘ਨੱਕ’ ਕਹਾਣੀ ਨਾਤੇਦਾਰੀ, ਰਿਸ਼ਤਗੀ ਤੇ ਸਮਾਜਿਕ-ਧਾਰਮਿਕ ਮਰਿਆਦਾਵਾਂ ’ਤੇ ਕਟਾਖ਼ਸ਼ ਕਸਦੀ ਹੈ। ‘ਨੱਕ’ ਰਹਿਣਾ ਜਾਂ ਨੱਕ ਰੱਖਣਾ ਤੇ ਨੱਕ ਵਢਾ ਦੇਣਾ ਆਦਿ ਪੰਜਾਬੀ ਰਹਿਤਲ ਦੇ ਮੁਹਾਵਰੇ ਵੀ ਸਾਡੇ ਸਮਾਜਿਕ ਵਰਤਾਰੇ ਦੀ ਨਿਸ਼ਾਨਦੇਹੀ ਕਰਦੇ ਹਨ। ਸਮਾਜ ਜਿਸ ਨੂੰ ਮਾਨਤਾ ਦਿੰਦਾ ਹੈ, ਉਹ ਕਿਸੇ ਦੇ ਸਵੈਮਾਣ ਦੀ ਮੌਤ ਵੀ ਹੋ ਸਕਦਾ ਹੈ। ਬਿਨਾਂ ਨੱਕ ਤੋਂ ਬੁੱਤ ਨੂੰ ਕਮਾਲ ਸ਼ਾਹਕਾਰ ਗਰਦਾਨਿਆ ਜਾਂਦਾ ਹੈ। ਸਮਾਜਕ ਸੀਮਾਵਾਂ ਵਿਰੁਧ ਖੜਨ ਵਾਲੇ ਦਾ ਨੱਕ ਹੀ ਨਹੀਂ ਰਹਿਣ ਦਿੱਤਾ ਜਾਂਦਾ। ਸੋ ਪ੍ਰਤੀਕਾਤਮਕ ਰੂਪ ਵਿੱਚ ਇਸ ਕਹਾਣੀ ਬੜਾ ਕੁਝ ਆਖ ਜਾਂਦੀ ਹੈ।
‘ਸਹਿਜਤਾ ਤੱਕ’ ਬੰਦੇ ਦੀ ਮਾਨਸਿਕ ਉਥਲ-ਪੁਥਲ ਨੂੰ ਦਰਸਾਉਂਦੀ ਹੈ। ਬੰਦੇ ਦੀ ਦੂਜਿਆਂ ਪ੍ਰਤੀ ਸੋਚ ਇਕਸਾਰ ਨਹੀਂ ਰਹਿੰਦੀ, ਅਕਸਰ ਬਦਲਦੀ ਰਹਿੰਦੀ ਹੈ। ਜੋ ਅਸੀਂ ਕਿਸੇ ਬਾਰੇ ਧਾਰਨਾ ਬਣਾ ਲੈਂਦੇ ਹਾਂ, ਕਈ ਵਾਰ ਵਾਹ ਪਿਆਂ ਉਸ ਤੋਂ ਬਿਪਰੀਤ ਵਿਹਾਰ ਹੋਣ ’ਤੇ ਸਾਡੀ ਉਸ ਪ੍ਰਤੀ ਸੋਚ ਵੀ ਬਦਲ ਜਾਂਦੀ ਹੈ। ਇਸੇ ਕਸ਼ਮਕਸ਼ ਵਿੱਚੋਂ ਇਸ ਕਹਾਣੀ ਦੇ ਪਾਸਾਰ ਪੇਸ਼ ਹਨ।
‘ਤਾਰੇ ਤਾਂ…।’ ਇੱਕ ਈਮਾਨਦਾਰੀ ਪਟਵਾਰੀ ਦੀ ਕਹਾਣੀ ਹੈ, ਜਿਸਨੂੰ ਭ੍ਰਿਸ਼ਟ ਲੋਕਾਂ ਨਾਲੋਂ ਜ਼ਿੰਦਗੀ ਵਿੱਚ ਪਿੱਛੇ ਰਹਿਣ ਦਾ ਪਛਤਾਵਾ ਹੈ, ਉਸਦੀ ਭ੍ਰਿਸ਼ਟ ਵਸੀਲਿਆਂ ਨਾਲ ਸਮਝੌਤਾ ਨਾ ਕਰ ਸਕਣ ਦੀ ਬੇਵਸੀ ਵੀ ਹੈ। ਭਾਵੇਂ ਜ਼ਮੀਰ ਮਾਰ ਕੇ ਉਹ ਆਪਣੇ ਮੁੰਡੇ ਦੀ ਨੌਕਰੀ ਲਈ ਸਿਫ਼ਾਰਸ਼ ਲਗਾਉਂਦਾ ਹੈ, ਪਰ ਮੁੰਡਾ ਇਸ ਦਾ ਲਾਭ ਨਹੀਂ ਲੈਂਦਾ। ਉਹ ਜ਼ਿੰਦਗੀ ਨੂੰ ਆਪਣੇ ਅਸੂਲਾਂ ਨਾਲ ਜੀਣਾ ਚਾਹੁੰਦਾ ਹੈ। ਰਾਤੀਂ ਸੌਣ ਲੱਗਿਆਂ ਕੋਠੇ ’ਤੇ ਚਮਕਦੇ ਤਾਰੇ ਦੇਖ ਕੇ ਉਸ ਦੇ ਟੁੱਟੇ ਮਨ ਨੂੰ ਆਸ ਮਿਲ ਜਾਂਦੀ ਹੈ।
‘ਜਿਬਹ ਹੁੰਦੇ ਪਲ’ ਕਹਾਣੀ ਦੇ ਆਧਾਰ ’ਤੇ ਹੀ ਇਸ ਕਹਾਣੀ ਸੰਗ੍ਰਹਿ ਦਾ ਸਿਰਲੇਖ ਰੱਖਿਆ ਗਿਆ ਹੈ। ਕਹਾਣੀ ਵਿੱਚ ਦਿਹਾੜੀ ਟੁੱਟਣ ਦੇ ਦੁਖਾਂਤ ਨੂੰ ਜਿਬਾਹ ਹੁੰਦੇ ਪਲਾਂ ਦੇ ਰੂਪ ਵਿੱਚ ਬਿਆਨਿਆ ਗਿਆ ਹੈ। ਵਰ੍ਹਦੇ ਮੀਂਹ ਦੇ ਨਾਲ ਨਾਲ ਵਧਦੇ ਫ਼ਿਕਰ ਤੇ ਤਣਾਅ ਨੂੰ ਸਮਾਨੰਤਰ ਵਧਦਿਆਂ ਦਿਖਾਇਆ ਗਿਆ ਹੈ। ਸਾਰੀ ਕਹਾਣੀ ਵਿੱਚ ਪ੍ਰਭਾਵ ਦੀ ਏਕਤਾ ਕਾਇਮ ਰਹਿੰਦੀ ਹੈ। ਸੰਤੋਖ ਸਿੰਘ ਧੀਰ ਦੀ ‘ਸਵੇਰ ਹੋਣ ਤੱਕ’ ਵਾਂਗ ਇਹ ਵੀ ਇੱਕ ਕਮਾਲ ਦੀ ਕਹਾਣੀ ਹੈ, ਫ਼ਰਕ ਦੋਹਾਂ ਕਹਾਣੀਆਂ ਦੇ ਵਾਤਾਵਰਣ ਤੇ ਸਬਜੈਕਟ ਦਾ ਹੈ, ਪਰ ਦੁੱਖ ਦੀ ਸ਼ਿੱਦਤ ਦੋਹਾਂ ਕਹਾਣੀਆਂ ਵਿੱਚ ਲਗਭਗ ਇਕੋ ਜਿਹੀ ਹੈ।
‘ਕੱਜਣ’ ਕਹਾਣੀ ਰਿਸ਼ਤਿਆਂ ਦੇ ਤਣਾਅ ਨੂੰ ਬਾਖ਼ੂਬੀ ਪੇਸ਼ ਕਰਦੀ ਹੋਈ ਸਮਾਜਿਕ ਮਰਿਆਦਾ ਅਧੀਨ ਵਿਚਰਨ ਦੀ ਕੋਸ਼ਿਸ਼ ਦਾ ਬਿਆਨ ਹੈ। ਰਿਸ਼ਤੇ ਲਹੂ ਦੇ ਨਹੀਂ, ਪਰ ਲਹੂ ਦੇ ਰਿਸ਼ਤਿਆਂ ਅਤੇ ਸਮਾਜਿਕ ਮਰਿਆਦਾ ਦੇ ਕੱਜਣ ਹੇਠ ਘਰ ਦੀ ਧੀ-ਧਿਆਣੀ ਦੀ ਲੱਜ ਪਾਲਦੇ ਨਜ਼ਰ ਆਉਂਦੇ ਹਨ।
‘ਪੂਰਨ ਅਪੂਰਨ ਪਿਆਰ’ ਕਹਾਣੀ ਪਿਆਰ ਅਤੇ ਮੌਤ ਦੇ ਅਹਿਸਾਸ ਨੂੰ ਇਕੋ ਸਾਹੇ ਬਿਆਨ ਦਿੰਦੀ ਹੈ। ਇਸ ਕਹਾਣੀ ਵਿੱਚ ਮਨ ਅੰਦਰਲੇ ਕਿਰਦਾਰ ਰੂਪਮਾਨ ਹੋਏ ਹਨ।
‘ਜੀਵਨ ਮੰਥਨ’ ਕਹਾਣੀ ਪਿਆਰ, ਦੋਸਤੀ ਅਤੇ ਬਚਪਨ ਦੀਆਂ ਯਾਦਾਂ ਰਾਹੀਂ ਜੀਵਨ ਨੂੰ ਪੁਨਰ-ਰੂਪ ਵਿੱਚ ਜੀਣ ਦਾ ਆਭਾਸ ਕਰਾਉਂਦੀ ਹੈ। ਜ਼ਿੰਦਗੀ ਦੀ ਅਮੀਰੀ ਪੈਸੇ ਨਾਲ ਨਹੀਂ, ਸਹਿਜ ਰੂਪ ਵਿੱਚ ਵਿਚਰਨ ਨਾਲ ਹੀ ਦੇਖੀ/ਮਾਣੀ ਜਾ ਸਕਦੀ ਹੈ।
‘ਕੁਝ ਪਲ ਹੀ ਸਹੀ’ ਕਹਾਣੀ ਵਿੱਚ ਪਿਉ, ਪੁੱਤਰ ਦੀ ਜ਼ਿੰਦਗੀ ਦੇ ਜਲੌਅ ਨੂੰ ਦੇਖਦਾ ਹੈ, ਜੋ ਖ਼ੁਦ ਨਹੀਂ ਸੀ ਮਾਣ ਸਕਿਆ। ਇਹ ਮੁੱਦਾ ਕਹਾਣੀ ਦਾ ਮੂਲ ਸਰੋਕਾਰ ਹੈ। ਕਹਾਣੀ ਆਦਿ ਤੋਂ ਅੰਤ ਤੱਕ ਇਸ ਵਿਸ਼ੇ ’ਤੇ ਕੇਂਦਰਿਤ ਰਹਿੰਦੀ ਹੈ।
‘ਮੌਤ ਮੰਥਨ’ ਕਹਾਣੀ ਵਿੱਚ ਮੌਤ ਦੇ ਦੁੱਖ ਨਾਲੋਂ ਦਿਖਾਵੇ ਦੀ ਪ੍ਰਧਾਨਤਾ ਨੂੰ ਚਿਤਰਿਆ ਗਿਆ ਹੈ। ਸਮਾਜ ਦਾ ਇਹ ਯਥਾਰਥ ਵੀ ਹੈ। ਲਾਸ਼ ਦੇ ਸਨਮੁਖ ਕਹਾਣੀਕਾਰ ਅੰਦਰਲੇ ਕਿਰਦਾਰ ਦੀ ਮੌਤ ਦਿਖਾ ਰਿਹਾ ਹੈ।
ਅੰਤਲੀ ਕਹਾਣੀ ‘ਅੰਕੁਰ’ ਵਿੱਚ ਉਸ ਲਗਨ ਦੀ ਬਾਤ ਪਾਈ ਗਈ ਹੈ, ਜੋ ਪਾਤਰ ਕੁੜੀ ਅੰਦਰ ਵਧੀਆ ਕਹਾਣੀਕਾਰਾਂ ਦੀਆਂ ਲਿਖਤਾਂ ਪੜ੍ਹਨ ਦੀ ਉਤਸੁਕਤਾ ਪੈਦਾ ਜਗਾਉਂਦੀ ਹੈ। ਘਟਨਾ ਦਾ ਬਿਆਨ ਸੰਖਿਪਤ ਹੈ, ਪਰ ਪ੍ਰਭਾਵਸ਼ਾਲੀ ਤਰੀਕੇ ਨਾਲ ਕੀਤਾ ਗਿਆ ਹੈ। ਕਹਾਣੀ ਵਿਚਲਾ ਪਾਤਰ ਮੈਕਸਿਮ ਗੋਰਕੀ ਦੀਆਂ ਕਹਾਣੀਆਂ ਦੀ ਕਿਤਾਬ ਦੇ ਟਾਈਟਲ ਤੋਂ ਪ੍ਰਭਾਵਿਤ ਹੋ ਕੇ ਕਿਸੇ ਫਿਲਮ ਵਿੱਚ ਖਲਨਾਇਕ ਦਾ ਰੋਲ ਕਰਨਾ ਚਾਹੁੰਦਾ ਹੈ। ਕੁੜੀ ਦੀ ਉਤਸੁਕਤਾ ਦਾ ਅੰਕੁਰ ਫੁੱਟ ਪੈਂਦਾ ਹੈ, ਜਿਸਦਾ ਸਬੂਤ ਉਹਦੇ ਹੱਥ ਲੱਗੀ ਮੈਕਸਿਮ ਗੋਰਕੀ ਦੀਆਂ ਕਹਾਣੀਆਂ ਦੀ ਕਿਤਾਬ ਹੈ। ਕੁੜੀ ਦੀ ਇਹ ਠੱਗੀ ਵੀ ਕਾਬਿਲੇ ਤਾਰੀਫ਼ ਹੈ। ਕਹਾਣੀਕਾਰ ਇਸ ਘਟਨਾ ਨੂੰ ਕਹਾਣੀ ਰੂਪ ਦੇ ਦਿੰਦਾ ਹੈ। ‘ਅੰਕੁਰ’ ਲਈ ਜ਼ਮੀਨ ਤਿਆਰ ਕਰਨ ਵਾਲਾ ਨਵਾਂ ਲੇਖਕ ਇਸ ਲਈ ਪ੍ਰਸ਼ੰਸਾਯੋਗ ਹੈ ਕਿ ਅਜਿਹਾ ਕਰਕੇ ਉਸ ਨੇ ਕੁੜੀ ਦੇ ਮਨ ਵਿੱਚ ਸਾਹਿਤ ਦਾ ਅੰਕੁਰ ਵਿਗਸਣ ਦਾ ਮੌਕਾ ਪ੍ਰਦਾਨ ਕੀਤਾ ਹੈ।
ਸਮੁੱਚੇ ਰੂਪ ਵਿੱਚ ਪਰਮਜੀਤ ਦੀਆਂ ‘ਜਿਬਾਹ ਹੁੰਦੇ ਪਲ’ ਵਿੱਚ ਸਮਾਜਿਕ, ਆਰਥਿਕ, ਪਰਿਵਾਰਕ, ਧਾਰਮਿਕ ਪੱਖਾਂ ਨੂੰ ਯਥਾਰਥਮਈ ਦ੍ਰਿਸ਼ਟੀਕੋਣ ਤੋਂ ਪੇਸ਼ ਕਰਨ ਵਾਲੀਆਂ ਕਹਾਣੀਆਂ ਦਰਜ ਹਨ। ਪਰਮਜੀਤ ਨੇ ‘ਮੌਤ’ ਦੇ ਵਿਸ਼ੇ ਨਾਲ ਸਬੰਧਿਤ ਕਾਫ਼ੀ ਕਹਾਣੀਆਂ ਵਿੱਚ ਚਿੰਤਨ ਕੀਤਾ ਹੈ। ਲਗਪਗ ਬਹੁਤੀਆਂ ਕਹਾਣੀਆਂ ਵਿੱਚ ਅਪਰੋਖ ਜਾਂ ਸਾਮਰਤੱਖ ਮੌਤ ਦਾ ਵਿਵਰਣ ਦਰਜ ਹੁੰਦਾ ਹੈ। ਪਰਮਜੀਤ ਦੀਆਂ ਇਹ ਕਹਾਣੀਆਂ ਜੀਵਨ ਨਾਲ ਖਹਿ ਕੇ ਤੁਰਦੀ ਮੌਤ ਬਾਰੇ ਆਪਣੇ ਵਿਚਾਰ ਦਰਜ ਕਰਵਾਉਂਦੀਆਂ ਹਨ।
ਡਾ. ਅਮਰਜੀਤ ਕੌਂਕੇ ਦੀ ਭੂਮਿਕਾ ਅਨੁਸਾਰ ਪਰਮਜੀਤ ਦੀਆਂ ਕਹਾਣੀਆਂ ‘ਜੀਵਨ ਯਥਾਰਥ ਦੀਆਂ ਕਹਾਣੀਆਂ’ ਹਨ ਅਤੇ ਇਨ੍ਹਾਂ ਵਿਚਲੇ ਪਾਤਰ ਸਾਡੇ ਆਲੇ-ਦੁਆਲੇ ਵਿੱਚ ਆਮ ਹੀ ਵਿਚਰਦੇ ਮਹਿਸੂਸ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਪਰਮਜੀਤ ਕਹਾਣੀਆਂ ਵਿੱਚ ਨਵੇਂ ਪ੍ਰਯੋਗ ਵੀ ਕਰਦਾ ਹੈ। ਉਸ ਕੋਲ ਪ੍ਰੋਢ ਕਹਾਣੀਕਾਰਾਂ ਵਾਂਗ ਕਹਾਣੀ ਦੀ ਬਣਤਰ ਕਰਨ ਤੇ ਗੱਲ ਕਹਿਣ ਦਾ ਰੁਝਾਨ ਹਾਜ਼ਰ ਹੈ। ਸਮੇਂ ਦੇ ਲੰਮੇ ਅੰਤਰਾਲ ਬਾਅਦ ਇਨ੍ਹਾਂ ਕਹਾਣੀਆਂ ਦਾ ਕਿਤਾਬੀ ਰੂਪ ਉਸਦੇ ਪਹਿਲੇ ਕਹਾਣੀ ਸੰਗ੍ਰਹਿ ‘ਜ਼ਿਬਹ ਹੁੰਦੇ ਪਲ’ ਰਾਹੀਂ ਪ੍ਰਗਟ ਹੋਇਆ ਹੈ। ਖ਼ੁਸ਼ਆਮਦੀਦ! ਉਮੀਦ ਹੈ ਪੰਜਾਬੀ ਕਹਾਣੀ ਦੇ ਖੇਤਰ ਵਿੱਚ ਉਹ ਇਸੇ ਤਰ੍ਹਾਂ ਅਗਾਂਹ ਵੀ ਸਿਰਜਨਾਤਮਕ ਅਮਲ ਜਾਰੀ ਰੱਖੇਗਾ।
ਪਰਮਜੀਤ ਦੀ ਇੱਕ ਮਿੰਨੀ ਕਹਾਣੀ: ‘ਖੜੋਤ’
‘ਖੜੋਤ’ ਇੱਕ ਛੋਟੇ ਆਕਾਰ ਦੀ ਕਹਾਣੀ ਹੈ, ਜਿਸ ਦਾ ਢਾਂਚਾ ਬਿੰਬਾਤਮਕ ਹੈ। ਇੱਕ ਪਾਸੇ ਮਾਂ ਮਰੀਅਮ ਦੀ ਕੁੱਖੋਂ ਜਨਮ ਲੈਣ ਦੀ ਇੱਛਾ ਤੇ ਦੂਜੀ ਤਰਫ਼ ਸਮਾਜ ਦੀਆਂ ਤੋਹਮਤਾਂ ਦਾ ਸੱਲ ਹੈ। ਇਨ੍ਹਾਂ ਦੋਹਾਂ ਸਿਰਿਆਂ ਵਿਚਕਾਰ ਇਸ ਕਹਾਣੀ ਦੀ ਸਿਰਜਣਾ ਹੋਈ ਹੈ। ਸਮਾਜ ਵਿੱਚ ਪਵਿੱਤਰਤਾ, ਧਾਰਮਿਕ ਆਸਥਾ ਲਈ ਕੋਈ ਜਗ੍ਹਾ ਨਹੀਂ; ਇੱਥੇ ਜੋ ਮਰਿਆਦਾ ਨਜ਼ਰ ਆਉਂਦੀ ਹੈ, ਉਹੀ ਸਵੀਕਾਰੀ ਜਾਂਦੀ ਹੈ। ਇਹ ਕਹਾਣੀ ਸਮਾਜਿਕ ਖੜੋਤ ਨੂੰ ਤੋੜਨ ਦਾ ਹੰਭਲਾ ਮਾਰਦੀ ਹੈ…
—
ਸਾਹਮਣੇ ਦੀਵਾਰ ’ਤੇ ਲਟਕ ਰਹੀ ਮਾਂ ਮਰੀਅਮ ਦੀ ਤਸਵੀਰ। ਮਾਂ ਮਰੀਅਮ ਮੁਸਕਰਾ ਰਹੀ ਹੈ-ਮੇਰੇ ਵੱਲ ਦੇਖ ਕੇ ਜਾਂ ਸਾਰੀ ਦੁਨੀਆ ਵੱਲ ਦੇਖ ਕੇ।
ਉਹਦੀ ਸੱਜਰੀ ਸੁੱਚੀ ਝੋਲ ਵਿੱਚ ਇਕ ਫੁੱਲ ਟਹਿਕ ਰਿਹਾ ਹੈ, ਤਰੇਲ ਨਾਲ ਨਿੱਖਰਿਆ, ਮਹਿਕ ਵਿੱਚ ਗੜੂੰਦ।
ਮਾਂ ਮਰੀਅਮ ਮੁਸਕਰਾ ਰਹੀ ਹੈ। ਮੁਸਕਾਨ ਜੀਹਦੇ ਵਿੱਚ ਆਪਾ ਭਿੱਜ ਜਾਵੇ, ਮੁਸਕਾਨ ਜੀਹਦੇ ਵਿਚ ਸਭ ਸ਼ੂਨਯ ਹੋ ਜਾਵੇ, ਮੁਸਕਾਨ ਜੀਹਦੇ ਵਿੱਚ ਸੰਮੋਹਨ ਹੈ, ਮੁਸਕਾਨ ਜੀਹਦੇ ਵਿਚ ਮੋਕਸ਼ ਹੈ।
ਹਵਾ ਦਾ ਕੋਈ ਨਰਮ ਤੇ ਕੋਮਲ ਬੁੱਲਾ ਜਿਵੇਂ ਲੂੰਆਂ ’ਚੋਂ ਗੁਜ਼ਰ ਕੇ ਸਾਰੇ ਸਰੀਰ ਵਿੱਚ ਰਚ ਮਿਚ ਗਿਆ। ਇੱਕ ਝਰਨਾਹਟ-ਜ਼ੇਹਨ ਦੇ ਛੰਨੇ ’ਤੇ ਕੋਈ ਰੂਹਾਨੀ ਛਹਿਬਰ। ਇੱਕ ਨਸ਼ਾ… ਕੋਈ ਸੂਫ਼ੀਆਨਾ ਖ਼ੁਮਾਰੀ… ਇੱਕ ਸਮਾਧੀ ਛਿਣ, ਇਕ ਅਸਾਧ ਝੱਲ।
ਮਾਂ ਮਰੀਅਮ। ਸਿਰਫ਼ ਇੱਕ ਵਾਰੀ ਮੈਨੂੰ ਆਪਣੀ ਕੁੱਖ ਵਿੱਚੋਂ ਜੰਮ ਦੇ! ਸਿਰਫ ਇਕ ਵਾਰੀ!
ਮਾਂ ਮਰੀਅਮ ਅਜੇ ਵੀ ਮੁਸਕਰਾ ਰਹੀ ਹੈ। ਉਹਦੇ ਬੁੱਲ੍ਹਾਂ ’ਚੋਂ ਕਿਰਦੇ ਲਫ਼ਜ਼ ਜੀਕਣ ਮੈਂ ਬੋਚ ਰਿਹਾ ਹਾਂ, “ਮੇਰੀ ਗੋਦ ਸਿਰਫ ਇੱਕੋ ਵਾਰੀ ਹਰੀ ਹੋਣੀ ਸੀ ਸ਼ਾਇਦ, ਸ਼ਾਇਦ ਇੱਕੋ ਮਨੁੱਖ ਵਿੱਚ ਗੋਦ ਦਾ ਦੁੱਖ ਝੱਲਣ ਦੀ ਤਾਕਤ ਸੀ।”
“ਨਹੀਂ… ਨਹੀਂ ਮਾਂ… ਇਹ ਸੋਚ ਸਿਰਫ਼ ਤੇਰੀ ਹੈ। ਸਿਰਫ਼ ਇੱਕ ਵਾਰੀ ਫੇਰ ਤੇਰੀ ਗੋਦ ਹਰੀ ਭਰੀ ਹੋਵੇ… ਸਿਰਫ਼ ਇੱਕ ਵਾਰੀ।
ਮਾਂ ਮਰੀਅਮ ਮੁਸਕਰਾ ਰਹੀ ਹੈ… ਪਰ ਕਿਸੇ ਵੱਖਰੇ ਕੋਣ ਤੋਂ… ਕਿਸੇ ਵੱਖਰੇ ਲਹਿਜ਼ੇ ਤੋਂ, ਜਿਵੇਂ ਆਖ ਰਹੀ ਹੋਵੇ, “ਪਾਗਲ ਹੋ ਗਿਆ… ਘੁੰਮ ਗਿਆ… ਨਾਦਾਨ… ਬੇਸਮਝ! ਦੇਖ… ਤੇਰੇ ਵਿੱਚ ਹੈ ਯੁਗਾਂ ਨੂੰ ਬਦਲਣ ਦੀ ਹਿੰਮਤ… ਦੇਖ।”
ਮੇਰਾ ਸਮਾਧੀ ਛਿਣ, ਮੇਰਾ ਝੱਲ ਜਿਵੇਂ ਹਿੱਲ ਕੇ ਰਹਿ ਗਿਆ। ਮੇਰੀਆਂ ਅੱਖਾਂ ਵਿੱਚ ਹੰਝੂ, ਜਿਵੇਂ ਕਿਸੇ ਸੱਚਾਈ ਨੂੰ ਬਾਹਰ ਕੱਢਣ ਲੱਗੇ। ਕੁਝ ਕਮਜ਼ੋਰ ਆਪਾ ਮਹਿਸੂਸ ਕੀਤਾ ਮੈਂ।
ਤੇ ਇਹੋ ਕਮਜ਼ੋਰੀ ਮੇਰੇ ਵਿੱਚ ਇੱਕ ਵਾਰਗੀ ਦ੍ਰਿੜ੍ਹਤਾ ਲੈ ਆਈ ਤੇ ਮੈਂ ਮਾਂ ਮਰੀਅਮ ਦੀ ਗੋਦ ਮੱਲ ਲਈ… ਮਾਂ ਮਰੀਅਮ ਦੀ ਪਵਿੱਤਰ ਗੋਦ।
ਬਲਦੀਆਂ ਲਾਟਾਂ ਚੁੱਕੀ ਲੋਕਾਂ ਦਾ ਹਜੂਮ… ਵਿਸ਼ ਭਰੀਆਂ ਲਟਕਦੀਆਂ ਜੀਭਾਂ ਦਾ ਸ਼ੋਰ…
ਕੀਹਦਾ ਹੈ ਇਹ ਬੱਚਾ…
ਕੀਹਦਾ ਪਾਪ ਹੈ ਇਹ…
ਗੰਦਾ ਕੀੜਾ…
ਨਾਜਾਇਜ਼… ਨਾਜਾਇਜ਼
ਹਰਾਮੀ… ਹਰਾਮੀ
ਲਿਆਉ… ਇਹਦੇ ਲਈ ਸਲੀਬ ਲਿਆਉ…
ਇਹਦੀ ਜਗ੍ਹਾ ਧਰਤੀ ’ਤੇ ਨਹੀਂ…
ਤੇ ਮੈਂ ਝੱਟ ਮਰੀਅਮ ਦੀ ਗੋਦ ਵਿੱਚੋਂ ਛਾਲ ਮਾਰ ਦਿੱਤੀ…।
______________________________________