ਗੁਰਨਾਮ ਸਿੰਘ ਚੌਹਾਨ
ਮੋਰਚੇ ਨੂੰ ਜਿੱਤਣ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਐਸ.ਕੇ.ਐਮ. (ਗੈਰ-ਸਿਆਸੀ) ਦੇ ਕਨਵੀਨਰ ਸ. ਜਗਜੀਤ ਸਿੰਘ ਡੱਲੇਵਾਲ ਨੇ ਮਰਨ ਵਰਤ ਸ਼ੁਰੂ ਕਰਨ ਤੋਂ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਸੀ ਕਿ ਉਹ ਕੇਂਦਰ ਸਰਕਾਰ ਵੱਲੋਂ ਦਿੱਲੀ ਅੰਦੋਲਨ ਦੌਰਾਨ ਮੰਨੀਆਂ ਮੰਗਾਂ ਤੇ ਕੀਤੇ ਵਾਅਦਿਆਂ ਨੂੰ ਪੂਰਾ ਕਰਵਾ ਕੇ ਉਠਣਗੇ ਜਾਂ ਸ਼ਹਾਦਤ ਦੇਣਗੇ। ਅੱਜ ਵੀ ਉਹ ਉਸੇ ਗੱਲ `ਤੇ ਕਾਇਮ ਹਨ। ਕਿਸਾਨ ਆਗੂ ਦੇ ਹੱਠ, ਸਿਦਕ ਅਤੇ ਦ੍ਰਿੜ੍ਹਤਾ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਲੋਕ ਢਾਬੀ ਗੁੱਜਰਾਂ ਬਾਰਡਰ `ਤੇ ਆਪ ਮੁਹਾਰੇ ਪਹੁੰਚ ਕੇ ਮੋਰਚੇ ਦਾ ਸਮਰਥਨ ਦੇ ਰਹੇ ਹਨ। ਦਿੱਲੀ ਦੇ ਮੋਰਚੇ ਵਾਂਗ ਢਾਬੀ ਗੁੱਜਰਾਂ ਮੋਰਚਾ ਵੀ ਵਿਸ਼ਾਲ ਹੋ ਰਿਹਾ ਹੈ। ਕਿਸਾਨ ਹੱਡ ਚੀਰਵੀਂ ਠੰਡ, ਬਰਸਾਤ ਦੀ ਪ੍ਰਵਾਹ ਨਾ ਕਰਦੇ ਬੜੀ ਦਲੇਰੀ ਤੇ ਦ੍ਰਿੜਤਾ ਨਾਲ ਜ਼ਿੰਮੇਵਾਰੀ ਨਿਭਾਅ ਰਹੇ ਹਨ।
ਪਿਛਲੇ ਦਿਨੀਂ ਜਦੋਂ ਕਿਸਾਨ ਆਗੂ ਨੂੰ ਸਟਰੈਚਰ `ਤੇ ਸਟੇਜ ਉਪਰ ਲਿਆ ਕੇ ਸ਼ੀਸ਼ੇ ਦੇ ਕੈਬਿਨ ਵਿੱਚ ਮੰਜੇ `ਤੇ ਲਿਟਾਇਆ ਗਿਆ, ਪੰਡਾਲ ਵਿੱਚ ਬੈਠੀਆਂ ਔਰਤਾਂ, ਬੱਚੇ ਅਤੇ ਕਿਸਾਨ ਅੱਖਾਂ ਭਰ ਆਏ, ਤੇ ਸਾਰੇ ਪਾਸੇ ਇਕਦਮ ਸੱਨਾਟਾ ਛਾਅ ਗਿਆ। ਸ਼ਾਮ ਨੂੰ ਕੈਂਡਲ ਮਾਰਚ ਵਿੱਚ ਸ਼ਾਮਿਲ ਲੋਕਾਂ ਦੇ ਮੂੰਹੋਂ ਇਹੀ ਗੱਲ ਨਿਕਲ ਰਹੀ ਸੀ ਕਿ ਕਿਸਾਨ ਆਗੂ ਡੱਲੇਵਾਲ ਵੱਲੋਂ ਸਮੁੱਚੀਆਂ ਕਿਸਾਨ ਜਥੇਬੰਦੀਆਂ, ਭਾਈਚਾਰਿਆਂ, ਧਾਰਮਿਕ, ਸਮਾਜਿਕ ਅਤੇ ਮੁਲਾਜ਼ਮ ਜਥੇਬੰਦੀਆਂ ਨੂੰ ਇੱਕ ਮੰਚ `ਤੇ ਇਕੱਠਾ ਹੋਣ ਹੋਣ ਦੀ ਕੀਤੀ ਅਪੀਲ ਸ਼ੁਭ ਸੰਕੇਤ ਹੈ। ਇਸੇ ਦੌਰਾਨ ਲੋਕਾਂ ਦਾ ਕਹਿਣਾ ਸੀ ਕਿ ਜੇ ਨਾ ਜਾਣੇ ਕਿਸਾਨ ਆਗੂ ਨੂੰ ਕੁਝ ਹੋ ਗਿਆ ਤਾਂ ਪਾਟੋਧਾੜ ਦਾ ਸ਼ਿਕਾਰ ਹੋਈਆਂ ਕਿਸਾਨ ਜਥੇਬੰਦੀਆਂ ਲੋਕਾਂ ਨੂੰ ਕੀ ਮੂੰਹ ਦਿਖਾਉਣਗੀਆਂ?
ਇੱਕ ਡਾਕਟਰ ਨੇ ਨਾਂ ਗੁਪਤ ਰੱਖਣ ਦੀ ਸ਼ਰਤ `ਤੇ ਦੱਸਿਆ ਹੈ ਕਿ ਕਿਸਾਨ ਆਗੂ ਦਾ ਬਲੱਡ ਪ੍ਰੈਸ਼ਰ ਤੇਜ਼ੀ ਨਾਲ ਉਤਰਾਅ-ਚੜ੍ਹਾਅ ਕਰ ਰਿਹਾ ਹੈ, ਉਨ੍ਹਾਂ ਨੂੰ ਸਟੇਜ `ਤੇ ਬੜੀ ਸਾਵਧਾਨੀ ਨਾਲ ਲਿਆਂਦਾ ਗਿਆ ਸੀ, ਕਿਉਂਕਿ ਉਨ੍ਹਾਂ ਨੂੰ ਵਾਇਰਲ ਇਨਫੈਕਸ਼ਨ ਦਾ ਖ਼ਤਰਾ ਹੈ। ਉਨ੍ਹਾਂ ਦਾ ਇਮਿਊਨ ਸਿਸਟਮ ਕਮਜ਼ੋਰ ਹੋ ਗਿਆ ਹੈ।
ਸ. ਡੱਲੇਵਾਲ ਵੱਲੋਂ ਇਹ ਵੀ ਸਪਸ਼ਟ ਕੀਤਾ ਜਾ ਚੁੱਕਾ ਹੈ ਕਿ ਦਿੱਲੀ ਕਿਸਾਨ ਅੰਦੋਲਨ ਦੌਰਾਨ ਜਦੋਂ ਕੇਂਦਰ ਸਰਕਾਰ ਵੱਲੋਂ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਉਪਰੰਤ ਮੋਰਚਾ ਖਤਮ ਕਰਨ ਦੇ ਐਲਾਨ ਮਗਰੋਂ ਕਈ ਹੋਰ ਰਾਜਾਂ ਤੋਂ ਆਏ ਹਮਰੁਤਬਾ ਨੇ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਨੇ ਐਮ.ਐਸ.ਪੀ. ਦੀ ਗਾਰੰਟੀ ਦੇਣ ਵਾਲੇ ਕਾਨੂੰਨ ਵਰਗੀਆਂ ਹੋਰ ਮੰਗਾਂ ਨੂੰ ਪੂਰਾ ਕੀਤੇ ਬਿਨਾ ਅੰਦੋਲਨ ਨੂੰ ਅੱਧ ਵਿਚਾਲੇ ਛੱਡ ਦਿੱਤਾ ਹੈ। ਹੁਣ ਉਨ੍ਹਾਂ ਵੱਲੋਂ ਉਨ੍ਹਾਂ ਦੀ ਸ਼ਿਕਾਇਤ ਦਾ ਨਿਪਟਾਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਐਸ.ਕੇ.ਐਮ. (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ (ਕੇ.ਐਮ.ਐਮ.) ਦੀ ਤਰਫੋਂ ਸ. ਡੱਲੇਵਾਲ ਦੁਆਰਾ ਦਸਤਖਤ ਵਾਲਾ ਪੱਤਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭੇਜਿਆ ਗਿਆ ਹੈ। ਪੱਤਰ ਵਿੱਚ ਸ. ਡੱਲੇਵਾਲ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਉਹ ਆਪਣਾ ਮਰਨ ਵਰਤ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਸਮੇਤ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਹੋਣ ਤੋਂ ਬਾਅਦ ਹੀ ਖਤਮ ਕਰਨਗੇ ਜਾਂ ਉਹ ਮੋਰਚੇ ਵਾਲੀ ਥਾਂ `ਤੇ ਹੀ ਮਰਨਗੇ। ਪ੍ਰਧਾਨ ਮੰਤਰੀ ਨੂੰ ਇਹ ਫ਼ੈਸਲਾ ਕਰਨ ਲਈ ਵੀ ਕਿਹਾ ਕਿ ਖੇਤੀਬਾੜੀ ਬਾਰੇ ਸੰਸਦੀ ਕਮੇਟੀ ਦੀਆਂ ਭਾਵਨਾਵਾਂ ਦਾ ਸਨਮਾਨ ਕਰਨ ਲਈ ਐਮ.ਐਸ.ਪੀ. ਗਾਰੰਟੀ ਕਾਨੂੰਨ ਬਣਾਉ ਜਾਂ ਮੇਰੀ ਕੁਰਬਾਨੀ ਦਾ ਇੰਤਜ਼ਾਰ ਕਰੋ।
ਹਰਿਆਣਾ ਦੇ ਪਿੰਡ ਘਮੇੜੀ ਜ਼ਿਲ੍ਹਾ ਕੈਥਲ ਦੇ ਕਿਸਾਨ ਵੱਲੋਂ ਦੋ ਟਰਾਲੀਆਂ ਸੁੱਕੇ ਬਾਲਣ ਦੀਆਂ ਲੈ ਆਉਣ `ਤੇ ਬੀ.ਕੇ.ਯੂ. ਏਕਤਾ ਪੰਜਾਬ ਦੇ ਆਗੂ ਯਾਦਵਿੰਦਰ ਸਿੰਘ ਨੇ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਹਰਿਆਣਾ ਦੇ ਕਿਸਾਨ ਆਪਣੇ ਵੱਡੇ ਭਰਾ ਪੰਜਾਬ ਵੱਲੋਂ ਲੜੇ ਜਾ ਰਹੇ ਕਿਰਸਾਨੀ ਘੋਲ ਵਿੱਚ ਵੱਡਾ ਯੋਗਦਾਨ ਪਾ ਰਹੇ ਹਨ। ਉਨ੍ਹਾਂ ਕਿਹਾ ਹੈ ਕਿ ਬਰਸਾਤ `ਚ ਬਾਲਣ ਗਿੱਲਾ ਹੋ ਜਾਣ ਕਰਕੇ ਕੁਝ ਮੁਸ਼ਕਿਲ ਆ ਰਹੀ ਸੀ, ਹਰਿਆਣਾ ਵਾਸੀਆਂ ਨੇ ਉਹ ਸਮੱਸਿਆ ਦਾ ਹੱਲ ਕਰ ਦਿੱਤਾ ਹੈ, ਕਿਉਂਕਿ ਲੰਗਰ ਬਣਾਉਣ ਅਤੇ ਹੱਡ ਚੀਰਵੀਂ ਠੰਡ ਵਿੱਚ ਰਾਤ ਨੂੰ ਪਹਿਰਾ ਦਿੰਦੇ ਵਾਲੰਟੀਅਰਾਂ ਨੂੰ ਧੂਣੀਆਂ ਬਾਲ ਕੇ ਬੈਠਣਾ ਪੈਂਦਾ ਹੈ।
ਭੁੱਲਰ ਭਾਈਚਾਰਾ ਕਮੇਟੀ ਪੰਜਾਬ ਨੇ ਪ੍ਰਧਾਨ ਬਲਦੇਵ ਸਿੰਘ ਭੁੱਲਰ ਅਤੇ ਮੀਤ ਪ੍ਰਧਾਨ ਚਰਨਜੀਤ ਸਿੰਘ ਭੁੱਲਰ, ਰਾਜਵਿੰਦਰ ਸਿੰਘ ਭੁੱਲਰ ਬੁਗਰਾ, ਸਾਧੂ ਸਿੰਘ ਭੁੱਲਰ ਮਾਨਸਾ ਅਤੇ ਅੰਗਰੇਜ਼ ਸਿੰਘ ਭੁੱਲਰ ਦੀ ਅਗਵਾਈ ਵਿੱਚ ਭੁੱਲਰ ਭਾਈਚਾਰਾ ਦੋ ਬੱਸਾਂ ਲੈ ਕੇ ਉਕਤ ਬਾਰਡਰ `ਤੇ ਪਹੁੰਚਿਆ। ਉਨ੍ਹਾਂ ਕਿਸਾਨ ਆਗੂ ਦਾ ਪਤਾ ਲੈਣ ਉਪਰੰਤ ਹਰ ਤਰ੍ਹਾਂ ਦੀ ਮਦਦ ਕਰਨ ਦਾ ਪ੍ਰਬੰਧਕਾਂ ਨੂੰ ਭਰੋਸਾ ਦਵਾਇਆ ਹੈ। ਉਨ੍ਹਾਂ ਕਿਹਾ ਹੈ, ਜੇਕਰ ਸ. ਡੱਲੇਵਾਲ ਨੂੰ ਕੁਝ ਹੋ ਗਿਆ ਤਾਂ ਕੇਂਦਰ ਤੇ ਪੰਜਾਬ ਸਰਕਾਰ ਦੇ ਨਾਲ ਨਾਲ ਕਿਸਾਨ ਜਥੇਬੰਦੀਆਂ ਵੀ ਜ਼ਿੰਮੇਵਾਰ ਹੋਣਗੀਆਂ।
________________________________
ਢਾਬੀ ਗੁੱਜਰਾਂ ਬਾਰਡਰ `ਤੇ ਠੰਢ ਤੋਂ ਬਚਣ ਲਈ ਕਿਸਾਨ ਵਰਤ ਰਹੇ ਨੇ ਆਧੁਨਿਕ ਯੰਤਰ
ਢਾਬੀ ਗੁੱਜਰਾਂ ਬਾਰਡਰ `ਤੇ ਕੇਂਦਰ ਸਰਕਾਰ ਵੱਲੋਂ ਦਿੱਲੀ ਅੰਦੋਲਨ ਦੌਰਾਨ ਮੰਨੀਆਂ ਗਈਆਂ ਮੰਗਾਂ ਅਤੇ ਕੀਤੇ ਗਏ ਵਾਅਦਿਆਂ ਨੂੰ ਲਾਗੂ ਕਰਵਾਉਣ ਲਈ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਸੁਰੱਖਿਆ ਘੇਰੇ ਨੂੰ ਮਜ਼ਬੂਤ ਕਰਨ ਅਤੇ ਰਾਤ ਸਮੇਂ ਕਿਸਾਨਾਂ ਨੂੰ ਹੱਡ ਚੀਰਵੀਂ ਠੰਢ ਤੋਂ ਬਚਾਉਣ ਲਈ ਨਿੱਘ ਦੇਣ ਵਾਲਾ ਇੱਕ ਆਧੁਨਿਕ ਯੰਤਰ ਵਰਤਿਆ ਜਾ ਹੈ। ਇਹ ਯੰਤਰ ਇੰਨੀ ਗਰਮੀ ਪੈਦਾ ਕਰਦਾ ਹੈ ਕਿ ਇਸ ਦੇ ਚਲਦਿਆਂ ਪੰਜ-ਪੰਜ ਮੀਟਰ ਦੂਰੀ ਤੱਕ ਠੰਢ ਨਹੀਂ ਲੱਗਦੀ। ਰਾਤ ਨੂੰ ਕਿਸਾਨ ਸਟੇਜ ਵਾਲੀ ਥਾਂ `ਤੇ ਪੰਡਾਲ ਵਿੱਚ ਆਸਾਨੀ ਨਾਲ ਸੁੱਤੇ ਰਹਿੰਦੇ ਹਨ। ਕਿਸਾਨਾਂ ਨੇ ਦੱਸਿਆ ਹੈ ਕਿ ਇਹ ਯੰਤਰ ਗੈਸ ਸਿਲੰਡਰ `ਤੇ ਚਲਦਾ ਹੈ। ਇਸ ’ਚ ਇੱਕ ਵੱਡੀ ਪਾਇਪ ਉਤੇ ਬਰਨਰ ਫਿੱਟ ਕਰਕੇ ਸੇਕ ਨੂੰ ਉਪਰ ਜਾਣ ਤੋਂ ਰੋਕਣ ਲਈ ਇੱਕ ਤਵੀ ਲਾਈ ਹੋਈ ਹੈ, ਜਿਸ ਕਾਰਨ ਸੇਕ ਦੂਰ ਦੂਰ ਤੱਕ ਫੈਲਦਾ ਹੈ ਤੇ ਕਿਸਾਨਾਂ ਨੂੰ ਠੰਢ ਨਹੀਂ ਲੱਗਦੀ। ਇਸ ਤਵੀ ਕਾਰਨ ਇਹ ਖੁੰਬ ਵਾਂਗ ਦਿਖਾਈ ਦਿੰਦਾ ਹੈ ਤੇ ਇਸੇ ਕਾਰਨ ਇਸ ਨੂੰ ‘ਮਸ਼ਰੂਮ ਗੈਸ ਹੀਟਰ’ ਆਖਿਆ ਜਾਂਦਾ ਹੈ। ਉਂਝ ਇਸ ਨੂੰ ਖੁੱਲ੍ਹੀਆਂ ਥਾਵਾਂ ’ਤੇ ਹੀ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਦੇ ਚਲਦਿਆਂ ਰਾਤ ਨੂੰ ਪਹਿਰਾ ਦੇ ਰਹੇ ਕਿਸਾਨਾਂ ਨੂੰ ਧੂਣੀਆਂ ਆਦਿ ਲਾਉਣ ਦੀ ਲੋੜ ਨਹੀਂ ਪੈਂਦੀ ਤੇ ਸਾਰੀ ਰਾਤ ਉਤੇ ਕੱਪੜਾ ਲੈ ਕੇ ਬੈਠੇ ਤੇ ਪਏ ਰਹਿੰਦੇ ਹਨ।
ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਅਣਗੌਲਿਆਂ ਕੀਤੇ ਜਾਣ `ਤੇ ਉਹ 11 ਮਹੀਨਿਆਂ ਤੋਂ ਬਾਰਡਰ `ਤੇ ਕਹਿਰਾਂ ਦੀ ਗਰਮੀ ਅਤੇ ਹੱਡ ਚੀਰਵੀਂ ਠੰਢ ਦਾ ਟਾਕਰਾ ਕਰ ਰਹੇ ਹਨ। ਇਸ ਦੌਰਾਨ ਮਰਨ ਵਰਤ ਉਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਕਾਰਨ ਉਨ੍ਹਾਂ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ। ਇਸੇ ਦੌਰਾਨ ਪੰਡਾਲ ਵਿੱਚ ਬੈਠੇ 9-10 ਸਾਲ ਦੇ ਸੁਖਮਨ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਦਾ (ਬਾਪੂ) ਕਿਸਾਨ ਆਗੂ ਮਰਨ ਵਰਤ `ਤੇ ਬੈਠਾ ਹੈ, ਹੁਣ ਉਹ ਜਿੱਤ ਦੇ ਝੰਡੇ ਗੱਡ ਕੇ ਕੀ ਘਰਾਂ ਨੂੰ ਜਾਣਗੇ, ਇਹ ਠੰਡ-ਗਰਮੀ ਉਨ੍ਹਾਂ ਦਾ ਕੁਝ ਨਹੀਂ ਵਿਗਾੜ ਸਕਦੀ।
ਦੂਸਰੇ ਪਾਸੇ ਕਿਸਾਨ ਠੰਡ ਦੀ ਪਰਵਾਹ ਨਾ ਕਰਦੇ ਹੋਏ ਪ੍ਰਸ਼ਾਦੇ ਅਤੇ ਚਾਹ ਆਦਿ ਵਰਤਾਉਂਦੇ ਆਮ ਦੀ ਤਰ੍ਹਾਂ ਡਿਊਟੀ ਕਰ ਰਹੇ ਸਨ। ਕੁਝ ਕਿਸਾਨ ਬਾਰਡਰ `ਤੇ ਆਰਜੀ ਤੌਰ `ਤੇ ਬਣਾਏ ਰੈਣ ਬਸੇਰਿਆਂ, ਝੁੱਗੀਆਂ ਚੋਪੜੀਆਂ `ਚ ਸਿਦਕ, ਸਬਰ ਤੇ ਸਿਰੜ ਦੀ ਲੜਾਈ ਲੜਦੇ ਮੰਗਾਂ ਮੰਨੇ ਜਾਣ ਅਤੇ ਵਾਅਦੇ ਪੂਰੇ ਹੋਣ ਦੀ ਉਡੀਕ ਕਰਦੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਤੇ ਮੋਰਚੇ ਦੀ ਚੜ੍ਹਦੀ ਕਲਾ ਲਈ ਅਰਦਾਸਾਂ ਕਰ ਰਹੇ ਹਨ। ਇਸੇ ਦੌਰਾਨ ਕਿਸਾਨ ਆਗੂ ਮਨਜੀਤ ਸਿੰਘ ਨਿਆਲ, ਯਾਦਵਿੰਦਰ ਸਿੰਘ ਬੁਰੜ ਰਾਜ ਸਿੰਘ ਥੇੜੀ ਅਤੇ ਦਲਬਾਗ ਸਿੰਘ ਹਰੀਗੜ੍ਹ ਨੇ ਦੱਸਿਆ ਹੈ ਕਿ ਕਿਸਾਨ ਕੁਦਰਤੀ ਆਫਤਾਂ, ਸਰਕਾਰ ਦੇ ਜ਼ਬਰ ਜ਼ੁਲਮ ਨੂੰ ਆਪਣੇ ਪਿੰਡੇ `ਤੇ ਹੰਡਾਅ ਕੇ ਵੀ ਅਕਾਲ ਪੁਰਖ ਦਾ ਸ਼ੁਕਰ ਕਰਦਾ ਹੈ। ਇਸੇ ਕਰਕੇ ਇਸ ਨੂੰ ਅੰਨਦਾਤੇ ਦੇ ਨਾਮ ਨਾਲ ਪੁਕਾਰਿਆ ਜਾਂਦਾ ਹੈ। ਉਨ੍ਹਾਂ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਉਹ ਕਿਸਾਨਾਂ ਦੇ ਸਿਦਕ ਦਾ ਇਮਤਿਹਾਨ ਲੈਣ ਦੀ ਥਾਂ ਕਿਸਾਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਅਤੇ ਕੀਤੇ ਵਾਅਦਿਆਂ ਨੂੰ ਪੂਰਾ ਕਰਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਬਚਾਉਣ ਦੀ ਕੋਸ਼ਿਸ਼ ਕਰੇ। ਜੇ ਉਨ੍ਹਾਂ ਨੂੰ ਕੁਝ ਹੋ ਗਿਆ ਤਾਂ ਮੱਥੇ `ਤੇ ਲੱਗਿਆ ਕਾਲਖ ਦਾ ਟਿੱਕਾ ਕਦੇ ਨਹੀਂ ਉਤਰੇਗਾ।