ਐਮੀਕਸ ਕਿਊਰੀਏ- ਅਦਾਲਤ ਦਾ ਮਿੱਤਰ

ਆਮ-ਖਾਸ

ਤਰਲੋਚਨ ਸਿੰਘ ਭੱਟੀ
ਫੋਨ: +91-9876502607
(ਸਾਬਕਾ ਪੀ.ਸੀ.ਐੱਸ. ਅਧਿਕਾਰੀ)
ਐਮੀਕਸ ਕਿਊਰੀਏ– ਅਦਾਲਤ ਦਾ ਮਿੱਤਰ, ਦੀ ਧਾਰਨਾ ਭਾਰਤ ਸਮੇਤ ਦੁਨੀਆਂ ਭਰ ਦੀਆਂ ਨਿਆਂ ਪ੍ਰਣਾਲੀਆਂ ਦਾ ਇਕ ਮੁੱਖ ਪਹਿਲੂ ਹੈ। ਐਮੀਕਸ ਕਿਊਰੀਏ ਇਕ ਨਿਰਪੱਖ ਸਲਾਹਕਾਰ ਹੁੰਦਾ ਹੈ, ਜੋ ਅਕਸਰ ਇੱਕ ਕਾਨੂੰਨੀ ਪੇਸ਼ੇਵਰ ਜਾਂ ਇੱਕ ਸੰਸਥਾ, ਜਿਸ ਨੂੰ ਗੁੰਝਲਦਾਰ ਕਾਨੂੰਨੀ ਮਾਮਲਿਆਂ ਵਿੱਚ ਅਦਾਲਤ ਵੱਲੋਂ ਆਪਣੀ ਸਹਾਇਤਾ ਲਈ ਨਿਯੁਕਤ ਕੀਤਾ ਜਾਂਦਾ ਹੈ। ਨਿਆਂ ਦੀ ਸੇਵਾ ਨੂੰ ਯਕੀਨੀ ਬਣਾਉਣ ਵਿੱਚ ਐਮੀਕਸ ਕਿਊਰੀਏ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ।

ਐਮੀਕਸ ਕਿਊਰੀਏ ਜਾਂ ਐਮੀਕਸ ਕਿਊਰੀ ਲਾਤੀਨੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਭਾਵ ਹੈ- ਅਦਾਲਤ ਦਾ ਮਿੱਤਰ, ਜੋ ਕਿਸੇ ਅਦਾਲਤੀ ਕੇਸ ਵਿੱਚ ਕੋਈ ਧਿਰ ਨਹੀ ਹੁੰਦਾ ਸਗੋਂ ਅਦਾਲਤ ਦੀ ਸਹਾਇਤਾ ਲਈ ਜਾਣਕਾਰੀ, ਮੁਹਾਰਤ ਜਾਂ ਸੂਝ ਪ੍ਰਦਾਨ ਕਰਦਾ ਹੈ, ਜਿਸ ਨਾਲ ਅਦਾਲਤ ਨੂੰ ਫੈਸਲਾ ਕਰਨ ਵਿੱਚ ਮਦਦ ਮਿਲਦੀ ਹੈ। ਉਹ ਆਪਣੇ ਵਿਚਾਰ ਲਿਖਤੀ ਜਾਂ ਜ਼ਬਾਨੀ ਅਦਾਲਤ ਦੇ ਰੁਬਰੂ ਪੇਸ਼ ਕਰਦਾ ਹੈ। ਭਾਰਤ ਵਿੱਚ ਸੁਪਰੀਮ ਕੋਰਟ ਅਤੇ ਰਾਜਾਂ ਦੀਆ ਉੱਚ ਅਦਾਲਤਾਂ ਵਕੀਲਾਂ ਦੇ ਪੈਨਲ ਬਣਾਈ ਰੱਖਦੀਆਂ ਹਨ, ਜਿਨ੍ਹਾਂ ਨੂੰ ਗੁੰਝਲਦਾਰ, ਅਪਰਾਧਿਕ, ਨਾਗਰਿਕ ਅਧਿਕਾਰ, ਵਾਤਾਵਰਣ ਸਬੰਧੀ ਮੁੱਦਿਆਂ ਜਾਂ ਸੰਵਿਧਾਨਕ ਮਾਮਲਿਆਂ ਵਿੱਚ ਨਿਯੁਕਤ ਕੀਤਾ ਜਾਵੇ। ਐਮੀਕਸ ਕਿਊਰੀਏ ਅਕਸਰ ਇੱਕ ਐਸਾ ਵਿਅਕਤੀ ਹੁੰਦਾ ਹੈ, ਜਿਸਦੀ ਸਿੱਧੇ ਜਾਂ ਅਸਿੱਧੇ ਤੌਰ `ਤੇ ਸਬੰਧਤ ਕੇਸ ਵਿੱਚ ਕੋਈ ਦਿਲਚਸਪੀ ਨਹੀ ਹੁੰਦੀ। ਅਦਾਲਤਾਂ ਵੱਲੋਂ ਰਾਜ ਸਰਕਾਰਾਂ ਦੀ ਕੀਮਤ `ਤੇ ਵਕੀਲਾਂ ਦੇ ਪੈਨਲ `ਚੋਂ ਆਪਣੀ ਮਰਜੀ ਨਾਲ ਐਮੀਕਸ ਕਿਊਰੀਏ ਨਿਯੁਕਤ ਕੀਤਾ ਜਾਂਦਾ ਹੈ ਅਤੇ ਅਦਾਲਤਾਂ ਵੱਲੋਂ ਤੈਅ ਕੀਤੀ ਫੀਸ ਵੀ ਕੇਸ ਦਾ ਫੈਸਲਾ ਹੋਣ ਤੋਂ ਬਾਅਦ ਉਪਲਭਧ ਕਰਵਾਈ ਜਾਂਦੀ ਹੈ। ਇਹ ਫੀਸ 6000 ਤੋਂ 10,000 ਰੁਪਏ ਹੋ ਸਕਦੀ ਹੈ, ਜੋ ਰਾਜ ਸਰਕਾਰ ਵੱਲੋਂ ਅਦਾ ਕੀਤੀ ਜਾਂਦੀ ਹੈ।
ਭਾਰਤ ਦੇ ਸੰਵਿਧਾਨ ਦੇ ਆਰਟੀਕਲ ਨੰ. 21 ਅਨੁਸਾਰ ਜੀਵਨ ਅਤੇ ਨਿੱਜੀ ਆਜ਼ਾਦੀ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਦੁਆਰਾ ਸਥਾਪਿਤ ਪ੍ਰਕਿਰਿਆ ਦੇ ਬਿਨਾ ਉਸਨੂੰ ਜੀਵਨ ਜਾਂ ਨਿੱਜੀ ਆਜ਼ਾਦੀ ਤੋਂ ਵਾਂਝਾ ਨਹੀਂ ਕੀਤਾ ਜਾਵੇਗਾ। ਇਸ ਤਰ੍ਹਾਂ ਆਰਟੀਕਲ ਨੰ. 22 (1) ਅਨੁਸਾਰ ਕਿਸੇ ਵੀ ਵਿਅਕਤੀ, ਜਿਸ ਨੂੰ ਗ੍ਰਿਫਤਾਰ ਕੀਤਾ ਗਿਆ, ਨੂੰ ਅਜਿਹੀ ਗ੍ਰਿਫਤਾਰੀ ਦੇ ਕਾਰਨਾਂ ਬਾਰੇ ਜਿੰਨੀ ਜਲਦੀ ਹੋ ਸਕੇ ਸੂਚਿਤ ਕੀਤੇ ਬਿਨਾ ਹਿਰਾਸਤ ਵਿੱਚ ਨਹੀਂ ਰੱਖਿਆ ਜਾ ਸਕਦਾ ਅਤੇ ਨਾ ਹੀ ਉਸ ਨੂੰ ਕਾਨੂੰਨੀ ਸਲਾਹ ਲੈਣ ਜਾਂ ਬਚਾਅ ਕਰਨ ਦੇ ਅਧਿਕਾਰ ਤੋਂ ਇਨਕਾਰ ਕੀਤਾ ਜਾ ਸਕਦਾ ਹੈ। ਅਦਾਲਤ ਨੂੰ ਇੱਕ ਐਮੀਕਸ ਕਿਊਰੀਏ ਨਿਯੁਕਤ ਕਰਨ ਦਾ ਅਖਤਿਆਰ ਹੈ, ਜੋ ਇੱਕ ਅਧਿਕਾਰਤ ਆਦੇਸ਼ ਰਾਹੀਂ ਨਿਯੁਕਤ ਕੀਤਾ ਜਾਂਦਾ ਹੈ।
ਭਾਰਤ ਦੀ ਨਿਆਂ ਪ੍ਰਣਾਲੀ ਵਿੱਚ ਐਮੀਕਸ ਕਿਊਰੀਏ ਦੀ ਮੁੱਖ ਭੂਮਿਕਾ ਅਦਾਲਤ ਨੂੰ ਸਲਾਹ ਦੇਣਾ, ਗੈਰ-ਪ੍ਰਤੀਨਿਧੀ ਪਾਰਟੀ ਦੀ ਪ੍ਰਤੀਨਿਧਤਾ ਕਰਨੀ, ਮੁਹਾਰਤ, ਸੂਝ ਪ੍ਰਦਾਨ ਕਰਨਾ, ਨਿਆਂਇਕ ਸਮਝ ਨੂੰ ਵਧਾਉਣਾ, ਨਿਰਪੱਖ ਅਜਮਾਇਸ਼ਾ ਨੂੰ ਯਕੀਨੀ ਬਣਾਉਣਾ, ਜਨਤਕ ਨੀਤੀ ਨੂੰ ਪ੍ਰਭਾਵਿਤ ਕਰਨਾ ਆਦਿ ਹੈ। ਆਪਣੀ ਨਿਰਪੱਖ ਸਲਾਹ ਅਤੇ ਵਿਸ਼ੇਸ਼ ਗਿਆਨ ਦੁਆਰਾ ਐਮੀਕਸ ਕਿਊਰੀਏ ਨਿਆਂ ਪ੍ਰਦਾਨ ਕਰਨ ਦੇ ਨਿਆਂ ਪਾਲਿਕਾ ਦੇ ਟੀਚੇ ਵਿੱਚ ਯੋਗਦਾਨ ਪਾਉਂਦੇ ਹਨ, ਪਰ ਕਈ ਵਾਰੀ ਉਨ੍ਹਾਂ ਦੀ ਭੂਮਿਕਾ ਦੀ ਆਲੋਚਨਾ ਵੀ ਹੁੰਦੀ ਹੈ। ਐਮੀਕਸ ਕਿਊਰੀਏ ਇੱਕ ਸੰਸਥਾਗਤ ਢਾਂਚੇ ਦੇ ਤੌਰ `ਤੇ ਪ੍ਰਭਾਵਸ਼ਾਲੀ ਢੰਗ ਨਾਲ ਵਰਤਨ ਦੀ ਯੋਗਤਾ, ਭਵਿੱਖ ਦੀਆਂ ਕਾਨੂੰਨੀ ਚੁਣੌਤੀਆਂ ਨਾਲ ਨਿਪਟਣ ਲਈ ਸਫਲਤਾ ਦੀ ਕੂੰਜੀ ਬਣ ਸਕਦੀ ਹੈ। ਐਮੀਕਸ ਕਿਊਰੀਏ ਦੀ ਪ੍ਰਕਿਰਿਆ ਅਦਾਲਤ ਦੇ ਵਿਵੇਕ, ਚੋਣ ਮਾਪਦੰਡ ਅਤੇ ਫੀਸ ਦਾ ਢਾਂਚਾ ਆਦਿ ਮੁੱਖ ਜੱਜ ਜਾਂ ਅਦਾਲਤ ਦੁਆਰਾ ਨਿਧਾਰਤ ਕੀਤੇ ਜਾਂਦੇ ਹਨ। ਨਿਸ਼ਚੇ ਹੀ ਐਮੀਕਸ ਕਿਊਰੀਏ ਇੱਕ ਕਾਨੂੰਨੀ ਪ੍ਰੈਕਟੀਸ਼ਨਰ ਹੁੰਦਾ ਹੈ, ਜੋ ਅਦਾਲਤ ਦੁਆਰਾ ਨਿਆਂ ਦੀ ਪੂਰੀ ਡਿਲੀਵਰੀ ਲਈ ਅਦਾਲਤ ਦੀ ਸਹਾਇਤਾ ਕਰਦਾ ਹੈ। ਲਿਹਾਜਾ ਐਮੀਕਸ ਕਿਊਰੀਏ ਨੂੰ ਅਦਾਲਤ ਦਾ ਦੋਸਤ ਜਾਂ ਸਲਾਹਕਾਰ ਕਿਹਾ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਐਮੀਕਸ ਕਿਊਰੀਏ ਦਾ ਤੁਲਨਾਤਮਕ ਅਧਿਐਨ ਵੱਖ–ਵੱਖ ਦੇਸ਼ਾਂ ਦੇ ਕਾਨੂੰਨਾਂ ਵਿਚਕਾਰ ਅੰਤਰ ਅਤੇ ਸਮਾਨਤਾਵਾਂ ਦਾ ਅਧਿਐਨ ਹੈ। ਅੰਤਰਰਾਸ਼ਟਰੀਵਾਦ, ਆਰਥਿਕ ਵਿਸ਼ਵੀ ਕਰਨ ਅਤੇ ਜਮਹੂਰੀਕਰਨ ਦੇ ਅਜੋਕੇ ਯੁੱਗ ਵਿੱਚ ਐਮੀਕਸ ਕਿਊਰੀਏ ਦੀ ਕਾਨੂੰਨ ਦੇ ਤੁਲਨਾਤਮਕ ਅਧਿਐਨ ਦੀ ਮਹਤੱਤਾ ਹੋਰ ਵੱਧ ਜਾਂਦੀ ਹੈ। ਵੱਖ-ਵੱਖ ਕਾਨੂੰਨੀ ਪ੍ਰਣਾਲੀਆਂ ਦਾ ਤੁਲਨਾਤਮਕ ਅਧਿਐਨ ਦਰਸਾ ਸਕਦਾ ਹੈ ਕਿ ਕਿਵੇਂ ਇੱਕੋ ਸਮੱਸਿਆ ਲਈ ਵੱਖ-ਵੱਖ ਕਾਨੂੰਨੀ ਨਿਯਮ ਅਭਿਆਸ ਵਿੱਚ ਕੰਮ ਕਰਦੇ ਹਨ। ਤੁਲਨਾਤਮਕ ਅਧਿਐਨ ਦੇ ਮੁੱਖ ਉਦੇਸ਼– ਅਮਲ ਵਿੱਚ ਕਾਨੂੰਨੀ ਪ੍ਰਣਾਲੀਆਂ ਦਾ ਡੂੰਘਾ ਗਿਆਨ ਪ੍ਰਾਪਤ ਕਰਨ ਲਈ, ਕਾਨੂੰਨੀ ਪ੍ਰਣਾਲੀਆਂ ਪ੍ਰਭਾਵੀ ਬਣਾਉਣ ਲਈ, ਸਭੰਵ ਤੌਰ `ਤੇ ਛੋਟੇ ਜਾਂ ਵੱਡੇ ਪੈਮਾਨੇ ਦੇ, ਕਾਨੂੰਨੀ ਪ੍ਰਣਾਲੀਆਂ ਦੇ ਏਕੀਕਰਨ ਵਿੱਚ ਯੋਗਦਾਨ ਪਾਉਣਾ ਹੈ। ਦੱਖਣੀ ਅਫਰੀਕਾ ਦੀ ਕਾਨੂੰਨ ਵਿਵਸਥਾ ਅਤੇ ਵਿਧਾਨਿਕ ਢਾਂਚੇ ਵਿੱਚ ਐਮੀਕਸ ਕਿਊਰੀਏ ਇੱਕ ਚੰਗਾ ਸਥਾਪਿਤ ਅਭਿਆਸ ਹੈ।
ਇਸੇ ਤਰ੍ਹਾਂ ਯੂਰਪੀਨ ਕਮਿਸ਼ਨ ਦਾ ਕਾਨੂੰਨੀ ਵਿਵਸਥਾ ਅਤੇ ਵਿਧਾਨਿਕ ਢਾਂਚੇ ਵਿੱਚ ਐਮੀਕਸ ਕਿਊਰੀਏ ਦਾ ਮਹੱਤਵਪੂਰਨ ਰੋਲ ਹੋ ਗਿਆ ਹੈ। ਯੂ.ਕੇ., ਯੂ.ਐੱਸ.ਏ., ਕੈਨੇਡਾ, ਫਰਾਂਸ, ਆਸਟਰੇਲੀਆ ਅਤੇ ਨਿਊ ਜ਼ੀਲੈਂਡ ਵਿੱਚ ਵੀ ਅਦਾਲਤੀ ਕੇਸਾਂ ਵਿੱਚ ਐਮੀਕਸ ਕਿਊਰੀਏ ਨਿਯੁਕਤ ਕੀਤੇ ਜਾਂਦੇ ਹਨ। ਲਿਹਾਜਾ ਯੂ.ਕੇ., ਯੂ.ਐੱਸ.ਏ., ਕੈਨੇਡਾ, ਫਰਾਂਸ, ਆਸਟਰੇਲੀਆ ਅਤੇ ਨਿਊ ਜ਼ੀਲੈਡ ਆਦਿ ਦੇਸ਼ਾਂ ਦੇ ਤਜਰਬੇ ਐਮੀਕਸ ਕਿਊਰੀਏ ਦੀ ਉਪਯੋਗਤਾ ਨੂੰ ਦਰਸਾਉਂਦੇ ਹਨ। ਅਦਾਲਤਾਂ ‘ਤੇ ਬੋਝ ਪਾਉਣ ਤੋਂ ਦੂਰ, ਐਮੀਕਸ ਇਨਪੁਟਸ ਨਿਆਂ ਦੇ ਨਿਰਪੱਖ ਫੈਸਲੇ ਨੂੰ ਯਕੀਨੀ ਬਣਾਉਣ ਅਤੇ ਸਾਰੇ ਨਾਗਰਿਕਾਂ ਦੇ ਅਧਿਕਾਰਾਂ ਦੀ ਪੁਸ਼ਟੀ ਕਰਨ ਵਿੱਚ ਮਦਦ ਕਰ ਸਕਦੇ ਹਨ। ਲਿਹਾਜਾ ਐਮੀਕਸ ਕਿਊਰੀਏ ਨਿਯੁਕਤ ਕਰਨ ਦਾ ਉਦੇਸ਼ ਅਦਾਲਤ ਨੂੰ ਨਿਰਪੱਖ ਅਤੇ ਉਦੇਸ਼ਪੂਰਨ ਜਾਣਕਾਰੀ ਪ੍ਰਦਾਨ ਕਰਨਾ ਹੈ, ਜੋ ਕਿ ਕੇਸ ਨਾਲ ਸਬੰਧਿਤ ਹੋ ਸਕਦੀ ਹੈ ਅਤੇ ਅਦਾਲਤ ਨੂੰ ਇੱਕ ਸੂਚਿਤ ਫੈਸਲਾ ਕਰਨ ਵਿੱਚ ਮਦਦ ਮਿਲ ਸਕਦੀ ਹੈ। ਐਮੀਕਸ ਕਿਊਰੀਏ ਵੱਲੋਂ ਦਿੱਤੀਆਂ ਦਲੀਲਾਂ ਅਤੇ ਪੇਸ਼ ਕੀਤੇ ਦਸਤਾਵੇਜ਼ਾਂ ਨਾਲ ਅਦਾਲਤ ਦਾ ਸਹਿਮਤ ਹੋਣਾ ਜਰੂਰੀ ਨਹੀਂ ਹੈ। ਅਦਾਲਤ ਐਸੇ ਕੇਸਾਂ ਵਿੱਚ ਜਿੱਥੇ ਲੋਕਹਿੱਤ ਦੀ ਵਿਆਖਿਆ ਕਰਨੀ ਹੋਵੇ, ਵਿੱਚ ਐਮੀਕਸ ਕਿਊਰੀਏ ਨਿਯੁਕਤ ਹੋ ਸਕਦਾ ਹੈ। ਦੱਸਣ ਯੋਗ ਹੋਵੇਗਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪੈਂਡਿੰਗ ਸਿਵਲ ਰਿੱਟ ਪਟੀਸ਼ਨ ਵਿੱਚ ਮਾਣਯੋਗ ਬੈਂਚ ਵੱਲੋਂ ਐਮੀਕਸ ਕਿਊਰੀਏ ਨਿਯੁਕਤ ਕੀਤਾ ਗਿਆ ਹੈ।

Leave a Reply

Your email address will not be published. Required fields are marked *