ਸਿੱਖ ਇਤਿਹਾਸ ਦਾ ਸੰਖੇਪ ਰੂਪ ਦਸਤਾਵੇਜ਼ ਫਿਲਮ ‘ਸ਼ਹੀਦ’

ਖਬਰਾਂ

ਸ਼ਿਕਾਗੋ (ਕੁਲਜੀਤ ਦਿਆਲਪੁਰੀ): ਫਿਲਮਸਾਜ਼ ਜਗਮੀਤ ਸਿੰਘ ਸਮੁੰਦਰੀ ਇਨ੍ਹੀਂ ਦਿਨੀਂ ਆਪਣੀ ਬਣਾਈ ਫਿਲਮ ‘ਸ਼ਹੀਦ’ ਨੂੰ ਲੈ ਕੇ ਚਰਚਾ ਵਿੱਚ ਹਨ ਅਤੇ ਨਾਲ ਹੀ ਇਸ ਫਿਲਮ ਦੇ ਗੁਰੂਘਰਾਂ ਵਿੱਚ ਸ਼ੋਅ ਦਿਖਾਉਣ ਲਈ ਰੁਝੇਵਿਆਂ ਵਿੱਚ ਹਨ। ਉਨ੍ਹਾਂ ਦਾ ਟੀਚਾ ਅਮਰੀਕਾ ਸਮੇਤ ਹੋਰਨਾਂ ਦੇਸ਼ਾਂ ਦੇ ਵੱਧ ਤੋਂ ਵੱਧ ਗੁਰੂਘਰਾਂ ਵਿੱਚ ਇਸ ਫਿਲਮ ਨੂੰ ਦਿਖਾਉਣ ਦਾ ਹੈ, ਕਿਉਂਕਿ ਉਨ੍ਹਾਂ ਸਿੱਖ ਇਤਿਹਾਸ ਦਾ ਸੰਖੇਪ ਰੂਪ ਦਸਤਾਵੇਜ਼ ਇਹ ਫਿਲਮ ਤਿਆਰ ਕਰਨ ਲਈ ਲੰਮਾਂ ਸਮਾਂ ਖੋਜ ਕੀਤੇ ਹੋਣ ਦੀ ਗੱਲ ਕਹੀ ਹੈ।

ਉਨ੍ਹਾਂ ਦੱਸਿਆ ਕਿ ਸਿੱਖ ਇਤਿਹਾਸ ਬਾਰੇ ਕੋਈ ਵੀ ਡਾਕੁਮੈਂਟਰੀ ਬਣਾਉਣ ਤੋਂ ਪਹਿਲਾਂ ਇਤਿਹਾਸਕ ਖੋਜ ਕੀਤੀ ਜਾਂਦੀ ਹੈ ਅਤੇ ਬਾਅਦ ਵਿੱਚ ਇਸ ਨੂੰ ਫਿਲਮੀ ਰੂਪ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਫਿਲਮ ਵਿੱਚ ਰਹਿਤ ਮਰਿਆਦਾ ਦਾ ਖਿਆਲ ਰੱਖਿਆ ਗਿਆ ਹੈ। ਉਹ ਅੱਗੇ ਵੀ ਅਜਿਹੀਆਂ ਫਿਲਮਾਂ ‘ਤੇ ਕੰਮ ਕਰ ਰਹੇ ਹਨ ਤੇ ਉਨ੍ਹਾਂ ਦਾ ਬੇਸ ਮੁੰਬਈ ਹੈ।
‘ਸ਼ਹੀਦ’ ਸਿੱਖ ਇਤਿਹਾਸ `ਤੇ ਬਣੀ 80 ਮਿੰਟ ਦੀ ਡਾਕੁਮੈਂਟਰੀ ਫਿਲਮ ਹੈ। ਇਹ ਸੰਸਾਰ ਦੀ ਪਹਿਲੀ ਸਾਊਂਡ ਐਂਡ ਲਾਈਟ ਕਨਸੈਪਟ ਨਾਲ ਬਣੀ ਸਿੱਖ ਇਤਿਹਾਸ ਦੀ ਡਾਕੁਮੈਂਟਰੀ ਹੈ। ਇਸ ਦਾ ਫਿਲਮਾਂਕਣ ਪੂਰਾ ਅੰਤਰਰਾਸ਼ਟਰੀ ਪੱਧਰ ਦਾ ਹੈ। ਇਸ ਫਿਲਮ `ਚ ਦਿਖਾਇਆ ਗਿਆ ਹੈ ਕਿ ਸਿੱਖ ਇਤਿਹਾਸ ਸ਼ੁਰੂ ਕਿੱਦਾਂ ਹੋਇਆ ਸੀ ਤੇ ਦਸ ਗੁਰੂ ਸਾਹਿਬਾਨ ਦਾ ਯੋਗਦਾਨ ਅਤੇ ਫਿਰ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਲੈ ਕੇ 1740 ਤੱਕ ਦੇ ਸਿੱਖ ਇਤਿਹਾਸ ਦਾ ਸਫਰ ਤੈਅ ਕੀਤਾ ਗਿਆ ਹੈ।
ਫਿਲਮ ਨਿਰਦੇਸ਼ਕ ਜਗਮੀਤ ਸਿੰਘ ਸਮੁੰਦਰੀ ਨੇ ਇਸ ਤੋਂ ਪਹਿਲਾਂ ‘ਰਾਈਜ਼ ਆਫ ਦਾ ਖਾਲਸਾ’ ਦਸਤਾਵੇਜ਼ੀ ਫਿਲਮ ਅਤੇ ‘ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦ’ ਫੀਚਰ ਫਿਲਮ ਦਾ ਨਿਰਦੇਸ਼ਨ ਵੀ ਕੀਤਾ ਹੈ। ਸ. ਸਮੁੰਦਰੀ ਨੇ ਦੱਸਿਆ ਕਿ ਉਨ੍ਹਾਂ ਨੇ ਮਾਸਟਰ ਇਨ ਮਾਸ ਕਮਿਊਨੀਕੇਸ਼ਜ਼ ਦੀ ਪੜ੍ਹਾਈ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਕੀਤੀ। ਫਿਰ ਉਹ ਬੰਬੇ ਚਲੇ ਗਏ ਸਨ, ਜਿੱਥੇ ਉਨ੍ਹਾਂ ਵੀਰੂ ਦੇਵਗਨ (ਬਾਲੀਵੁੱਡ ਸਟਾਰ ਅਜੇ ਦੇਵਗਨ ਦੇ ਪਿਤਾ) ਨਾਲ ਫਿਲਮ ‘ਹਿੰਦੋਸਤਾਨ ਕੀ ਕਸਮ’ ਬਣਾਉਣ ਵਿੱਚ ਬਤੌਰ ਸਹਾਇਕ ਕੰਮ ਕੀਤਾ। ਉਸ ਤੋਂ ਬਾਅਦ 2007-08 ਵਿੱਚ ਆਜ਼ਾਦ ਤੌਰ `ਤੇ ਡਾਇਰੈਕਟਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ। ਉਦੋਂ ਉਨ੍ਹਾਂ ਟੀ.ਵੀ. ਕਮਰਸ਼ੀਅਲ ਬਣਾਉਣੇ ਸ਼ੁਰੂ ਕੀਤੇ। ਉਪਰੰਤ ਸਾਲ 2009 ਵਿੱਚ ‘ਰਾਈਜ਼ ਆਫ ਖਾਲਸਾ’ ਡਾਕੁਮੈਂਟਰੀ ਫਿਲਮ ਬਣਾਈ। ਜਗਮੀਤ ਸਿੰਘ ਸਮੁੰਦਰੀ ਨੂੰ ਇਸ ਫਿਲਮ ਲਈ ਫਿਲਮ ਫੈਸਟੀਵਲ ਵਿੱਚ ‘ਬੈਸਟ ਡਾਇਰੈਕਟਰ’ ਦਾ ਇਨਾਮ ਮਿਲ ਚੁਕਾ ਹੈ।
ਸ. ਸਮੁੰਦਰੀ ਨੇ ਆਪਣੇ ਅਗਲੇ ਪ੍ਰਾਜੈਕਟ ਬਾਰੇ ਦੱਸਿਆ ਕਿ ਉਹ ਬਾਬਾ ਦੀਪ ਸਿੰਘ ਉਤੇ ਦਸਤਾਵੇਜ਼ੀ ਬਣਾ ਰਹੇ ਹਨ, ਜੋ ਕਰੀਬ 60 ਪ੍ਰਤੀਸ਼ਤ ਮੁਕੰਮਲ ਹੋ ਚੁੱਕੀ ਹੈ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਜੇ ਤੁਹਾਨੂੰ ਫਿਲਮ ‘ਸ਼ਹੀਦ’ ਚੰਗੀ ਲੱਗੀ ਹੈ ਤਾਂ ਜ਼ਰੂਰ ਸੁਪੋਰਟ ਕਰੋ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਦਾ ਮਕਸਦ ਫਿਲਮ ਜ਼ਰੀਏ ਸਿੱਖੀ ਬਾਰੇ ਜਾਣਕਾਰੀ ਦੇਣਾ ਹੈ। ਉਨ੍ਹਾਂ ਕਿਹਾ ਕਿ ਜੇ ਅਸੀਂ ਇਕੱਠੇ ਹੋ ਕੇ ਸਹਿਯੋਗ ਕਰੀਏ ਤਾਂ ਅਜਿਹੀਆਂ ਫਿਲਮਾਂ ਇੰਟਰਨੈਸ਼ਨਲ ਮਾਰਕਿਟ ਵਿੱਚ ਲੈ ਕੇ ਜਾਣਾ ਕੋਈ ਵੱਡੀ ਗੱਲ ਨਹੀਂ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਸ਼ਿਕਾਗੋ ਦੀਆਂ ਸਬਅਰਬਾਂ- ਪੈਲਾਟਾਈਨ ਤੇ ਵ੍ਹੀਟਨ ਦੇ ਗੁਰਦੁਆਰਾ ਸਾਹਿਬਾਨ ਵਿਖੇ ਫਿਲਮ ‘ਸ਼ਹੀਦ’ ਸੰਗਤ ਨੂੰ ਦਿਖਾਈ ਗਈ। ਇਹ ਫਿਲਮ ਗੁਰਦੁਆਰਾ ਪੈਲਾਟਾਈਨ ਦੇ ਦਰਬਾਰ ਹਾਲ ਵਿੱਚ ਜੁੜੀ ਵੱਡੀ ਗਿਣਤੀ ਸੰਗਤ ਨੇ ਦੇਖੀ ਅਤੇ ਫਿਲਮ ਦੇ ਨਿਰਦੇਸ਼ਕ ਜਗਮੀਤ ਸਿੰਘ ਸਮੁੰਦਰੀ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਗੁਰਦੁਆਰਾ ਪੈਲਾਟਾਈਨ ਵਿੱਚ ਸ਼ੋਅ ਦੇ ਪ੍ਰਬੰਧ ਵਿੱਚ ਸਥਾਨਕ ਪੰਜਾਬੀ ਭਾਈਚਾਰੇ ਦੇ ਬਿਜਨਸਮੈਨ ਗੁਲਜ਼ਾਰ ਸਿੰਘ ਮੁਲਤਾਨੀ ਤੇ ਇੰਦਰ ਸਿੰਘ ਹੁੰਝਣ ਦਾ ਅਹਿਮ ਯੋਗਦਾਨ ਰਿਹਾ।
ਗੁਰਦੁਆਰਾ ਪੈਲਾਟਾਈਨ ਵਿੱਚ ਫਿਲਮ ਨੂੰ ਸਕਰੀਨ ‘ਤੇ ਚਲਾਉਣ ਤੋਂ ਪਹਿਲਾਂ ਫਿਲਮ ਦੇ ਸਪਾਂਸਰ ਗੁਲਜ਼ਾਰ ਸਿੰਘ ਮੁਲਤਾਨੀ ਨੇ ਸੰਗਤ ਨਾਲ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਜਗਮੀਤ ਸਿੰਘ ਸਮੁੰਦਰੀ ਪਿਛਲੇ ਕਰੀਬ ਵੀਹ ਸਾਲਾਂ ਤੋਂ ਫਿਲਮ ਖੇਤਰ ਵਿੱਚ ਕੰਮ ਕਰ ਰਹੇ ਹਨ। ਇਨ੍ਹਾਂ ਨੂੰ ਕਈ ਵੱਡੀਆਂ ਫਿਲਮਾਂ ਡਾਇਰੈਕਟ ਕਰਨ ਦਾ ਮੌਕਾ ਮਿਲਿਆ, ਪਰ ਇਨ੍ਹਾਂ ਨੇ ਰਸਤਾ ਇਹ ਚੁਣਿਆ ਕਿ ਅਜਿਹੀਆਂ ਡਾਕੁਮੈਂਟਰੀਆਂ ਫਿਲਮਾਂ ਬਣਾਉਣੀਆਂ ਹਨ, ਜਿਸ ਵਿੱਚ ਸਾਡੇ ਸਿੱਖ ਇਤਿਹਾਸ ਨੂੰ ਪੇਸ਼ ਕੀਤਾ ਜਾਵੇ; ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਅਤੇ ਦੂਜੇ ਭਾਈਚਾਰਿਆਂ ਨੂੰ ਪਤਾ ਲੱਗੇ ਕਿ ਸਾਡਾ ਧਰਮ ਕਿੱਡਾ ਕੁਰਬਾਨੀਆਂ ਵਾਲਾ ਧਰਮ ਹੈ ਤੇ ਕਿੱਡਾ ਸੱਚਾ-ਸੁਚੱਜਾ ਧਰਮ ਹੈ।
ਸ. ਮੁਲਤਾਨੀ ਨੇ ਕਿਹਾ ਕਿ ਮੈਨੂੰ ਇਨ੍ਹਾਂ (ਸ. ਸਮੁੰਦਰੀ) ਨਾਲ ਸਮਾਂ ਬਿਤਾਉਣ ਦਾ ਮੌਕਾ ਮਿਲਿਆ ਹੈ, ਤੇ ਇਹ ਕਹਿੰਦੇ ਹਨ ਕਿ ਮੈਨੂੰ ਸੇਵਾ ਕਰਨ ਦਿਓ। ਉਨ੍ਹਾਂ ਕਿਹਾ ਕਿ ਜਿਵੇਂ ਹਰ ਕੋਈ ਆਪੋ-ਆਪਣੇ ਤਰੀਕੇ ਨਾਲ ਸੇਵਾ ਕਰਦਾ ਹੈ, ਇੰਜ ਹੀ ਜਗਮੀਤ ਸਿੰਘ ਸਮੁੰਦਰੀ ਆਪਣੇ ਤਰੀਕੇ ਨਾਲ ਸਿੱਖ ਇਤਿਹਾਸ ਬਾਰੇ ਦਸਤਾਵੇਜ਼ੀ ਫਿਲਮਾਂ ਬਣਾ ਕੇ ਸੇਵਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਪ੍ਰਾਜੈਕਟ ਤਿਆਰ ਕਰਨ ਅਤੇ ਫਿਲਮ ਮੁਕੰਮਲ ਕਰਨ ‘ਤੇ ਸਾਢੇ ਤਿੰਨ ਸਾਲ ਲੱਗੇ ਹਨ। ਉਨ੍ਹਾਂ ਆਪਣੀ ਜੇਬ ਵਿੱਚੋਂ ਪੈਸੇ ਲਾ ਕੇ ਭਾਈਚਾਰੇ ਦੇ ਦੇਖਣ ਲਈ ਇਸ ਨੂੰ ਤਿਆਰ ਕੀਤਾ ਹੈ। ਹੁਣ ਉਹ ਪੂਰੀ ਦੁਨੀਆਂ ਵਿੱਚ ਇਸ ਫਿਲਮ ਨੂੰ ਦਿਖਾ ਰਹੇ ਹਨ।
ਗੁਲਜ਼ਾਰ ਸਿੰਘ ਮੁਲਤਾਨੀ ਨੇ ਸੰਗਤ ਨੂੰ ਬੇਨਤੀ ਕੀਤੀ ਕਿ ਸਾਨੂੰ ਸਾਰਿਆਂ ਨੂੰ ਰਲ-ਮਿਲ ਕੇ ਜਗਮੀਤ ਸਿੰਘ ਸਮੁੰਦਰੀ ਦੀ ਵਿੱਤੀ ਸਹਾਇਤਾ ਕਰਨੀ ਚਾਹੀਦੀ ਹੈ, ਤਾਂ ਜੋ ਇਨ੍ਹਾਂ ਨੂੰ ਹੋਰ ਉਤਸ਼ਾਹ ਮਿਲੇ ਅਤੇ ਭਵਿੱਖ ਵਿੱਚ ਇਹ ਸਿੱਖ ਇਤਿਹਾਸ ਨਾਲ ਸਬੰਧਤ ਹੋਰ ਦਸਤਾਵੇਜ਼ੀ ਫਿਲਮਾਂ ਬਣਾ ਸਕਣ। ਸ. ਮੁਲਤਾਨੀ ਨੇ ਕਿਹਾ ਕਿ ਆਪਾਂ ਵੈਸੇ ਵੀ ਤਾਂ ਹੋਰ ਸ਼ੋਅ ਵਗੈਰਾ ਵੇਖਦੇ ਹਾਂ, ਪਰਿਵਾਰ ਨੂੰ ਘੁਮਾਉਣ ਲੈ ਕੇ ਜਾਂਦੇ ਹਾਂ ਆਦਿ, ਪਰ ਇਹ ਸੇਵਾ ਸਾਡੀ ਬਹੁਤ ਦੂਰ ਤੱਕ ਜਾਵੇਗੀ।
ਇਸ ਮੌਕੇ ਜਗਮੀਤ ਸਿੰਘ ਸਮੁੰਦਰੀ ਨੇ ਸੰਗਤ ਤੇ ਗੁਰਦੁਆਰਾ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਅਤੇ ਫਿਲਮ ਬਾਰੇ ਚਾਨਣਾ ਪਾਇਆ ਤੇ ਦੱਸਿਆ ਕਿ ਇਹ ਫਿਲਮ ਕਿਹੜੇ ਕਿਹੜੇ ਦੇਸ਼ ਵਿੱਚ ਵਿਖਾਈ ਜਾ ਚੁਕੀ ਹੈ। ਉਨ੍ਹਾਂ ਦੱਸਿਆ ਕਿ ਕੁਝ ਸੰਗਤ ਮੈਂਬਰ ਸਵਾਲ ਪੁੱਛਦੇ ਹਨ ਕਿ ਫਿਲਮ ਨੂੰ ਨੈਟ ਫਲਿਕਸ ਜਾਂ ਐਮਾਜ਼ੋਨ ਪ੍ਰਾਈਮ ਉਤੇ ਕਿਉਂ ਨਹੀਂ ਚਲਾਇਆ ਜਾਂਦਾ? ਉਨ੍ਹਾਂ ਕਿਹਾ ਕਿ ਸਮੱਸਿਆ ਇਹ ਹੈ ਕਿ ਇਹ ਪਲੇਟਫਾਰਮ ਕਿਸੇ ਵੀ ਧਾਰਮਿਕ ਪ੍ਰਾਜੈਕਟ ਨੂੰ ਨਹੀਂ ਲੈਂਦੇ। ਉਨ੍ਹਾਂ ਕਿਹਾ ਕਿ ਫਿਲਮ ‘ਸ਼ਹੀਦ’ ਨੂੰ ਕਿਤੇ ਵੀ ਕਮਰਸ਼ੀਅਲੀ ਰਿਲੀਜ਼ ਨਹੀਂ ਕੀਤਾ ਗਿਆ। ਸੋ ਇਹ ਫਿਲਮ ਗੁਰਦੁਆਰਾ ਸਾਹਿਬਾਨ ਵਿੱਚ ਸੰਗਤ ਨੂੰ ਦਿਖਾਈ ਜਾ ਰਹੀ ਹੈ। ਇਸ ਤੋਂ ਪਹਿਲਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੈਰਾਮ ਸਿੰਘ ਕਾਹਲੋਂ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਫਿਲਮ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ ਸੀ। ਫਿਲਮ ਦੇਖਣ ਉਪਰੰਤ ਸੰਗਤ ਦੇ ਕੁਝ ਮੈਂਬਰਾਂ ਨੇ ਜਗਮੀਤ ਸਿੰਘ ਸਮੁੰਦਰੀ ਨਾਲ ਵਿਚਾਰ-ਵਟਾਂਦਰਾ ਵੀ ਕੀਤਾ ਅਤੇ ਉਨ੍ਹਾਂ ਤੋਂ ਅਗਲੇ ਪ੍ਰਾਜੈਕਟਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਸੰਗਤ ਨੇ ਸ. ਸਮੁੰਦਰੀ ਦੇ ਉਦਮ ਦੀ ਸ਼ਲਾਘਾ ਕਰਦਿਆਂ ਕੁਝ ਸੁਝਾਅ ਵੀ ਦਿੱਤੇ। ਕੁਝ ਸੰਗਤ ਮੈਂਬਰਾਂ ਨੇ ਵਿੱਤੀ ਮਦਾਦ ਵੀ ਕੀਤੀ।
ਜਗਮੀਤ ਸਿੰਘ ਸਮੁੰਦਰੀ ਅਨੁਸਾਰ ‘ਸ਼ਹੀਦ’ ਦਸਤਾਵੇਜ਼ੀ ਫਿਲਮ ਹੁਣ ਤੱਕ ਸੰਸਾਰ ਦੇ 10 ਮੁਲਕਾਂ ਦੇ ਗੁਰਦੁਆਰਿਆਂ ਵਿੱਚ ਦਿਖਾਈ ਜਾ ਚੁੱਕੀ ਹੈ, ਇਹ ਮੁਲਕ ਹਨ- ਆਸਟਰੇਲੀਆ, ਸਵੀਡਨ, ਜਰਮਨੀ, ਨਾਰਵੇ, ਡੈਨਮਾਰਕ, ਇਟਲੀ, ਘਾਨਾ, ਨਾਇਜ਼ੀਰੀਆ, ਹਾਂਗ-ਕਾਂਗ, ਥਾਈਲੈਂਡ। ਅੱਜਕੱਲ੍ਹ ਫਿਲਮ ‘ਸ਼ਹੀਦ’ ਦੇ ਸ਼ੋਅ ਅਮਰੀਕਾ ਵਿੱਚ ਚੱਲ ਰਹੇ ਹਨ। ਸ਼ਿਕਾਗੋ ਤੋਂ ਇਲਾਵਾ ਅਮਰੀਕਾ ਦੀਆਂ ਹੋਰਨਾਂ ਸਟੇਟਾਂ ਵਿੱਚ ਵੀ ਫਿਲਮ ਦੇ ਸ਼ੋਅ ਚਲਾਏ ਗਏ, ਜਿੱਥੇ ਫਿਲਮ ਨੂੰ ਭਰਵਾਂ ਹੁੰਗਾਰਾ ਮਿਲਿਆ। ਨਿਊ ਯਾਰਕ, ਨਿਊ ਜਰਸੀ, ਕਲੀਵਲੈਂਡ (ਓਹਾਇਓ), ਵਾਸ਼ਿੰਗਟਨ, ਹੈਰੀਸਬਰਗ, ਨਿਆਗਰਾ ਫਾਲਜ਼, ਕੈਨਸਸ ਸਿਟੀ, ਡੈਲਸ, ਹਿਊਸਟਨ ਤੇ ਇੰਡੀਆਨਾ ਦੇ ਕੁਝ ਗੁਰੂ ਘਰਾਂ ਅਤੇ ਮਿਸ਼ੀਗਨ ਵਿੱਚ ਕੈਲਮਜ਼ੂ ਤੇ ਬੈਟਲ ਕਰੀਕ ਵਿੱਚ ਵੀ ਫਿਲਮ ਦਿਖਾਈ ਜਾ ਚੁੱਕੀ ਹੈ। ਐਤਵਾਰ, 5 ਜਨਵਰੀ 2025 ਨੂੰ ਇਹ ਫਿਲਮ ਗੁਰਦੁਆਰਾ ਓਕ ਕਰੀਕ (ਮਿਲਵਾਕੀ) ਵਿਖੇ ਦਿਖਾਈ ਜਾਵੇਗੀ। ਜਗਮੀਤ ਸਿੰਘ ਸਮੁੰਦਰੀ ਨਾਲ ਸੰਪਰਕ ਵ੍ਹੱਟਸਐਪ ਨੰਬਰ: +91-92972-01392 ਰਾਹੀਂ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *