ਸੋਸ਼ਲ ਮੀਡੀਆ ਬਨਾਮ ਬੌਧਿਕ ਪੱਧਰ

ਆਮ-ਖਾਸ

ਡਾ. ਨਿਸ਼ਾਨ ਸਿੰਘ ਰਾਠੌਰ
ਫੋਨ: +91-9041498009
ਅੱਜ ਦਾ ਜ਼ਮਾਨਾ ਤਕਨੀਕ ਦਾ ਜ਼ਮਾਨਾ ਹੈ। ਮਸ਼ੀਨਾਂ ਨੇ ਮਨੁੱਖ ਨੂੰ ਵਿਹਲਾ ਕਰਕੇ ਰੱਖ ਦਿੱਤਾ ਹੈ। ਦਿਨਾਂ ਦੇ ਕੰਮ ਘੰਟਿਆਂ ਵਿੱਚ ਅਤੇ ਘੰਟਿਆਂ ਦੇ ਕੰਮ ਮਿੰਟਾਂ ਵਿੱਚ ਹੋਣ ਲੱਗੇ ਹਨ। ਮਨੁੱਖ ਦੀ ਜ਼ਿੰਦਗੀ ਪਹਿਲਾਂ ਨਾਲੋਂ ਤੇਜ ਅਤੇ ਆਰਾਮਦਾਇਕ ਹੋ ਗਈ ਹੈ।

ਪ੍ਰੰਤੂ ਇੰਨਾ ਕੁਝ ਹੋਣ ਦੇ ਬਾਵਜੂਦ ਅੱਜ ਦਾ ਮਨੁੱਖ ਆਪਣੇ ਮਨ ਦਾ ਚੈਨ ਗੁਆ ਬੈਠਾ ਹੈ। ਸਮਾਜ ਦੀ ਮੌਜੂਦਾ ਸਥਿਤੀ ਵੱਲ ਨਜ਼ਰ ਮਾਰੀਏ ਤਾਂ ਇੰਝ ਲੱਗਦਾ ਹੈ ਕਿ ਅਜੋਕਾ ਮਨੁੱਖ ਜਿੱਥੇ ਆਪਣੀਆਂ ਜੜ੍ਹਾਂ ਨਾਲੋਂ ਟੁੱਟ ਗਿਆ ਹੈ, ਉੱਥੇ ਹੀ ਮਾਨਸਿਕ ਰੋਗਾਂ ਦਾ ਸ਼ਿਕਾਰ ਵੀ ਵੱਡੀ ਗਿਣਤੀ ਵਿੱਚ ਹੋ ਰਿਹਾ ਹੈ। ਇਸਦਾ ਮੂਲ ਕਾਰਨ ਹੈ, ਮਨੁੱਖ ਵਿੱਚੋਂ ਕੋਮਲ ਸੰਵੇਦਨਾਵਾਂ ਦਾ ਅਲੋਪ ਹੋ ਜਾਣਾ/ ਮਨੁੱਖ ਦਾ ‘ਮਸ਼ੀਨ’ ਬਣ ਜਾਣਾ। ਖ਼ੈਰ!
ਯਕੀਨਨ, ਸੋਸ਼ਲ ਮੀਡੀਆ ਦੀ ਆਮਦ ਨੇ ਲੋਕਾਂ ਦੇ ਬੌਧਿਕ ਪੱਧਰ ਨੂੰ ਪੂਰੀ ਦੁਨੀਆਂ ਸਾਹਮਣੇ ਲਿਆ ਕੇ ਰੱਖ ਦਿੱਤਾ ਹੈ। ਅੱਜ ਲੋਕ ਬੇਸ਼ੱਕ ਪੜ੍ਹ-ਲਿਖ ਗਏ ਹਨ, ਪਰ ਬਹੁਤੇ ਤਾਂ ਲਿਆਕਤ, ਸਮਝ ਅਤੇ ਵਿਹਾਰ ਪੱਖੋਂ ਬਿਲਕੁਲ ਫਾਡੀ ਹੀ ਕਹੇ ਜਾ ਸਕਦੇ ਹਨ। ਮਨੁੱਖ ਵਿੱਚੋਂ ਸਮਾਜਿਕਤਾ ਖ਼ਤਮ ਹੋ ਗਈ ਜਾਪਦੀ ਹੈ। ਨਿੱਜਤਾ ਦੇ ਨਾਂ `ਤੇ ਮਨੁੱਖ ਇਕਲਾਪੇ ਦਾ ਸ਼ਿਕਾਰ ਹੋ ਗਿਆ ਹੈ। ਸਾਂਝੇ ਪਰਿਵਾਰ ਬੀਤੇ ਵਕਤ ਦੀਆਂ ਬਾਤਾਂ ਹੋ ਗਈਆਂ ਹਨ।
ਲੋਕਾਂ, ਖ਼ਾਸ ਕਰਕੇ ਸਾਡੇ ਪੰਜਾਬੀਆਂ ਨੂੰ ਮੁਫ਼ਤ ਦੀ ਕੋਈ ਚੀਜ਼ ਹਜ਼ਮ ਨਹੀਂ ਹੁੰਦੀ ਜਾਂ ਇੰਝ ਕਹਿ ਲਓ ਕਿ ਵਰਤਣੀ ਨਹੀਂ ਆਉਂਦੀ। ਪਹਿਲੀ ਗੱਲ ਤਾਂ ਇਹ (ਪੰਜਾਬੀ ਲੋਕ) ਮੁਫ਼ਤ ਮਿਲੀ ਚੀਜ਼ ਨੂੰ ਮੂੰਹ ਹੀ ਨਹੀਂ ਲਾਉਂਦੇ ਜਾਂ ਫਿਰ ਇੰਨੀ ਵਰਤਦੇ ਹਨ ਕਿ ਦੁਰਵਰਤੋਂ ਹੀ ਸ਼ੁਰੂ ਕਰ ਦਿੰਦੇ ਹਨ। ਅੱਜ ਦੇ ਦੌਰ ਵਿੱਚ ਸੋਸ਼ਲ ਮੀਡੀਆ ਇਸਦੀ ਜਿਉਂਦੀ-ਜਾਗਦੀ ਮਿਸਾਲ ਕਹੀ ਜਾ ਸਕਦੀ ਹੈ।
ਆਮ ਹੀ ਕਹਾਵਤ ਹੈ, ਬਾਂਦਰ ਦੇ ਹੱਥ ਤੀਲੀ ਆ ਜਾਵੇ ਤਾਂ ਉਹ ਸ਼ਹਿਰ ਦੇ ਸ਼ਹਿਰ/ ਬਸਤੀਆਂ ਦੀਆਂ ਬਸਤੀਆਂ ਸਾੜ ਕੇ ਸੁਆਹ ਕਰ ਦੇਵੇਗਾ। ਬੱਸ ਇਹੋ ਹਾਲ ਸਾਡਾ ਲੋਕਾਂ ਦਾ ਹੋਇਆ ਪਿਆ ਹੈ। ਇਨ੍ਹਾਂ ਕੋਲ ਸੋਸ਼ਲ ਮੀਡੀਆ ਨਾਂ ਦੀ ਮਾਚਿਸ ਦੀ ਤੀਲੀ ਹੱਥ ਲੱਗੀ ਹੋਈ ਹੈ, ਇਨ੍ਹਾਂ ਨੇ ਸਮਾਜ ਨੂੰ ਸਾੜ ਕੇ ਸੁਆਹ ਕਰ ਦੇਣਾ ਹੈ। ਅੱਜ ਇੰਝ ਜਾਪਦਾ ਹੈ ਕਿ ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਹਰ ਕੋਈ ਕਲਾਕਾਰ/ਪੱਤਰਕਾਰ ਬਣ ਗਿਆ ਹੈ। ਹਰ ਰੋਜ਼ ਹਜ਼ਾਰਾਂ ਹੀ ਪੋਸਟਾਂ ਅਤੇ ਵੀਡੀਓਜ਼ ਇੰਟਰਨੈੱਟ `ਤੇ ਅਪਲੋਡ ਹੁੰਦੀਆਂ ਹਨ, ਜਿਨ੍ਹਾਂ ਦਾ ਕੋਈ ਸਿਰ-ਪੈਰ ਨਹੀਂ ਹੁੰਦਾ; ਜਿਨ੍ਹਾਂ ਵਿੱਚ ‘ਕਲਾ’ ਨਾਂ ਦੀ ਕੋਈ ਸ਼ੈਅ ਨਹੀਂ ਹੁੰਦੀ। ਇਨ੍ਹਾਂ ਪੋਸਟਾਂ ਅਤੇ ਵੀਡੀਓਜ਼ ਵਿੱਚ ਕਿਸੇ ਤਰ੍ਹਾਂ ਦਾ ਕੋਈ ਸਾਰਥਕ ਸੁਨੇਹਾ ਵੀ ਨਹੀਂ ਹੁੰਦਾ, ਪਰ ਪੰਜਾਬੀਆਂ ਨੇ ਇਸ ਵਾਧੂ ਕੰਮ ਨੂੰ ਆਪਣੀ ਜ਼ਿੰਦਗੀ ਦਾ ਅਹਿਮ ਹਿੱਸਾ ਬਣਾ ਲਿਆ ਹੈ। ਇਹ ਸੱਚਮੁੱਚ ਬਹੁਤ ਮੰਦਭਾਗੀ ਅਤੇ ਨਾਮੋਸ਼ੀ ਭਰੀ ਗੱਲ ਹੈ।
ਅੱਜ ਕੀ ਬੱਚਾ ਤੇ ਕੀ ਬੁੱਢਾ! ਘੰਟਿਆਂ-ਬੱਧੀ ਮੋਬਾਇਲ ਫੋਨਾਂ ’ਤੇ ਆਪਣਾ ਕੀਮਤੀ ਟਾਈਮ ਖ਼ਰਾਬ ਕਰਦੇ ਦੇਖੇ ਜਾ ਸਕਦੇ ਹਨ। ਹਾਂ; ਪੜ੍ਹਾਈ ਅਤੇ ਸਿੱਖਿਆ ਪੱਖੋਂ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਲਾਹੇਵੰਦ ਕਹੀ ਜਾ ਸਕਦੀ ਹੈ, ਪ੍ਰੰਤੂ ਫ਼ਿਜ਼ੂਲ ਦੇ ਕੰਮਾਂ ਕਰਕੇ ਆਪਣੇ ਜੀਵਨ ਦਾ ਕੀਮਤੀ ਵਕਤ ਖ਼ਰਾਬ ਕਰਨਾ ਕਿਸੇ ਪਾਸੇ ਤੋਂ ਵੀ ਸਿਆਣਪ ਨਹੀਂ ਹੈ। ਸੋਸ਼ਲ ਮੀਡੀਆ ਕਰਕੇ ਅਕਸਰ ਹੀ ਅਫ਼ਵਾਹਾਂ ਦਾ ਬਾਜ਼ਾਰ ਗਰਮ ਹੋ ਜਾਂਦਾ ਹੈ। ਲੋਕ ਬਿਨਾ ਜਾਂਚ-ਪੜਤਾਲ ਕੀਤਿਆਂ ਕੁਮੈਂਟ ਅਤੇ ਟਿੱਪਣੀਆਂ ਕਰਨ ਲੱਗਦੇ ਹਨ। ਇਸ ਨਾਲ ਕਈ ਵਾਰ ਸ਼ਹਿਰ, ਸੂਬੇ ਅਤੇ ਮੁਲਕ ਦਾ ਮਾਹੌਲ ਖ਼ਰਾਬ ਹੋ ਜਾਂਦਾ ਹੈ। ਇਸੇ ਲਈ ਦੰਗੇ ਜਾਂ ਫਿਰਕੂ ਹਿੰਸਾ ਦੇ ਮਾਮਲੇ ਵਿੱਚ ਸਰਕਾਰਾਂ ਸਭ ਤੋਂ ਪਹਿਲਾਂ ਇੰਟਰਨੈੱਟ ’ਤੇ ਹੀ ਪਾਬੰਦੀ ਲਾਉਂਦੀਆਂ ਹਨ ਤਾਂ ਕਿ ਅਫ਼ਵਾਹਾਂ ’ਤੇ ਕਾਬੂ ਪਾਇਆ ਜਾ ਸਕੇ ਅਤੇ ਸ਼ਰਾਰਤੀ ਅਨਸਰ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਨਾ ਹੋ ਸਕਣ।
ਅੱਜ ਸੋਸ਼ਲ ਮੀਡੀਆ ’ਤੇ ਝੱਲਿਆਂ, ਸ਼ਦਾਈਆਂ ਅਤੇ ਬੇਵਕੂਫਾਂ ਦੀਆਂ ਪੋਸਟਾਂ ਅਤੇ ਵੀਡੀਓਜ਼ ਨੂੰ ਸਭ ਤੋਂ ਵੱਧ ਵੇਖਿਆ ਜਾਂਦਾ ਹੈ, ਪ੍ਰਚਾਰਿਆ ਜਾਂਦਾ ਹੈ। ਹਾਸੇ-ਠੱਠੇ ਵਿੱਚ ਹੀ ਇਹ ‘ਕਮਲੇ’ ਸਾਡੇ ਬੱਚਿਆਂ ਦੇ ਰੋਲ ਮਾਡਲ ਬਣ ਗਏ ਹਨ। ਅੱਜ ਬੱਚਿਆਂ ਨੂੰ ਦਸ ਗੁਰੂ ਸਾਹਿਬਾਨ ਦੇ ਨਾਮ ਭਾਵੇਂ ਨਹੀਂ ਪਤਾ, ਪਰ ਫਿਲਮੀ ਐਕਟਰਾਂ ਦੀ ਪੂਰੀ ਜਾਣਕਾਰੀ ਹੈ। ਖ਼ੈਰ! ਇਹ ਤਾਂ ਆਮ ਲੋਕਾਂ ਦੀ ਗੱਲ ਹੋਈ, ਪਰ ਹੁਣ ਪੜ੍ਹੇ-ਲਿਖੇ ਅਤੇ ਸਿਆਣੇ ਲੋਕ ਵੀ ਪਿੱਛੇ ਨਹੀਂ ਰਹੇ।
ਕੁਝ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ। ਇੱਕ ਪਸ਼ੂ ਦੀ ਲੱਤ ਟੁੱਟੀ ਹੋਈ ਹੈ। ਉਹ ਸੜਕ ਦੇ ਕਿਨਾਰੇ ’ਤੇ ਬੈਠਾ ਹੈ। ਇੱਕ ‘ਸਿਆਣੇ’ ਨੇ ਲਿਖਿਆ, “ਕੁਮੈਂਟ ਵਿੱਚ (ਧਾਰਮਿਕ ਸ਼ਬਦ) ਲਿਖੋ ਤਾਂ ਕਿ ਇਸ ‘ਵਿਚਾਰੇ’ ਦਾ ਦਰਦ ਘੱਟ ਹੋ ਜਾਵੇ!!” ਹੁਣ ਉਸ ਭੱਦਰ-ਪੁਰਸ਼ ਨੂੰ ਚਾਹੀਦਾ ਸੀ ਕਿ ਜਖ਼ਮੀ ਪਸ਼ੂ ਦਾ ਇਲਾਜ ਕਰਵਾਉਂਦਾ। ਪਰ ਸੋਸ਼ਲ ਮੀਡੀਆ `ਤੇ ਵੀਡੀਓ ਪਾਉਣ ਨਾਲ ਉਸ ਜਾਨਵਰ ਦਾ ਦਰਦ ਕਿਵੇਂ ਘੱਟ ਹੋ ਸਕਦਾ ਹੈ?
ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਚੀਨ ਜਾਂ ਜਪਾਨ ਦੀ ਹੁੰਦੀ ਹੈ। ਨਵੀਂ ਤਕਨੀਕ ਦੀ ਗੱਲ ਹੋ ਰਹੀ ਹੁੰਦੀ ਹੈ, ਪਰ ਸਾਡੇ ਲੋਕ ਧਾਰਮਿਕ (ਗੀਤ) ਐਡਿਟ ਕਰ- ਕਰਕੇ ਪਰਮਾਤਮਾ ਤੋਂ ਬਲਿਹਾਰੇ ਜਾ ਰਹੇ ਹੁੰਦੇ ਹਨ। ਚੀਨ, ਜਪਾਨ ਵਾਲਿਆਂ ਨੂੰ ਭਾਵੇਂ ਚਿੱਤ-ਚੇਤਾ ਵੀ ਨਾ ਹੋਵੇ ਕਿ ਉਹ ਕਿਸੇ ‘ਰੱਬੀ ਨਿਆਮਤ’ ਦੀ ਵਰਤੋਂ ਕਰ ਰਹੇ ਹਨ।
ਪਿੱਛੇ ਜਿਹੇ ਇੱਕ ਮਸਜਦ, ਜਿਸਦਾ ਨਾਂ ਅੱਲ ਨਬਵੀ ਹੈ ਅਤੇ ਇਹ ਸਾਊਦੀ ਅਰਬ ਵਿੱਚ ਸਥਿਤ ਹੈ, ਦੀ ਵੀਡੀਓ ਵਾਇਰਲ ਹੋਈ। ਦਰਅਸਲ ਇਸ ਮਸਜਿਦ ਦੀ ਛੱਤ ਖੁੱਲ੍ਹ ਜਾਂਦੀ ਹੈ, ਇਹ ਕੋਈ ਕ੍ਰਿਸ਼ਮਾ, ਕਰਾਮਾਤ ਜਾਂ ਅਗੰਮੀ ਸ਼ਕਤੀ ਦਾ ਪ੍ਰਭਾਵ ਨਹੀਂ ਬਲਕਿ ਕਾਰੀਗਰਾਂ ਦੀ ਮਿਹਨਤ ਦਾ ਕਮਾਲ ਹੈ। ਇੰਗਲੈਂਡ ਵਿੱਚ ਇੱਕ ਪੁਲ਼ ਹੈ, ਜਿਸਨੂੰ ‘ਲੰਡਨ ਬ੍ਰਿਜ’ ਕਹਿੰਦੇ ਹਨ; ਉਹ ਵੀ ਖੁੱਲ੍ਹ ਜਾਂਦਾ ਹੈ। ਇਹ ਕੋਈ ਰੱਬੀ ਚਮਤਕਾਰ ਦਾ ਨਤੀਜਾ ਨਹੀਂ ਹੈ ਬਲਕਿ ਮਨੁੱਖੀ ਮਿਹਨਤ ਦਾ ਸਿੱਟਾ ਹੈ। ਪਰ ਸਾਡੇ ਲੋਕਾਂ ਨੇ ਧਾਰਮਿਕ ਗੀਤਾਂ ’ਤੇ ਵੀਡੀਓਜ਼ ਐਡਿਟ ਕਰ-ਕਰ ਕੇ ‘ਅਗੰਮੀ ਸ਼ਕਤੀਆਂ’ ਦਾ ਧੰਨਵਾਦ ਕਰਨ ਪੱਖੋਂ ਕੋਈ ਕਸਰ ਨਹੀਂ ਛੱਡੀ।
ਭਾਰਤ ਵਿੱਚ ਹਰ ਰੋਜ਼ ਐਸੇ ਸੈਂਕੜੇ ਪਾਖੰਡੀ ਬਾਬਿਆਂ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਹਨ, ਜਿਹੜੇ ਅਖੌਤੀ ਚਮਤਕਾਰ ਕਰਕੇ ਆਮ ਲੋਕਾਂ ਨੂੰ ਮੂਰਖ਼ ਬਣਾ ਰਹੇ ਹੁੰਦੇ ਹਨ। ਲੋਕ ਧੜਾਧੜ ਅਜਿਹੀਆਂ ਵੀਡੀਓਜ਼ ਨੂੰ ਸ਼ੇਅਰ ਵੀ ਕਰਦੇ ਹਨ। ਦੂਜੇ ਪਾਸੇ ਹੈਰਾਨੀ ਅਤੇ ਹੱਦ ਉਦੋਂ ਹੁੰਦੀ ਹੈ, ਜਦੋਂ ਵਿਦਵਾਨਾਂ ਦੇ ਲੇਖ, ਲੈਕਚਰ, ਵੀਡੀਓਜ਼ ਅਤੇ ਹੋਰ ਲਾਹੇਵੰਦ ਵਿਚਾਰਾਂ ਨੂੰ ਕੋਈ ਸੁਣਦਾ-ਦੇਖਦਾ ਨਹੀਂ। ਫੇਰ ਸਿਆਣਪ ਕਿੱਥੋਂ ਆਉਣੀ ਹੈ? ਫੇਰ ਤਾਂ ਬੇਵਕੂਫਾਂ ਨੇ ਹੀ ਸਾਡੇ ਮਨਾਂ ’ਤੇ ਪ੍ਰਭਾਵ ਪਾਉਣਾ ਹੈ ਅਤੇ ਅਸੀਂ ਮੂਰਖ਼ ਬਣਨਾ ਹੈ।
ਉੱਪਰ ਕੀਤੀ ਗਈ ਵਿਚਾਰ-ਚਰਚਾ ਦੇ ਆਧਾਰ ’ਤੇ ਇਹ ਨਹੀਂ ਕਿਹਾ ਜਾ ਸਕਦਾ ਕਿ ਸੋਸ਼ਲ ਮੀਡੀਆ ਅਸਲੋਂ ਹੀ ਮਾੜਾ ਹੈ, ਪ੍ਰੰਤੂ ਬਿਨਾ ਸੋਚੇ-ਸਮਝੇ, ਅੰਨ੍ਹੇਵਾਹ ਪੋਸਟਾਂ ਅਤੇ ਵੀਡੀਓਜ਼ ਨੂੰ ਫਾਰਵਡ ਕਰੀ ਜਾਣਾ; ਅਫ਼ਵਾਹਾਂ ਦੇ ਭਾਗੀਦਾਰ ਬਣੀ ਜਾਣਾ; ਨਿਰੀ ਮੂਰਖ਼ਤਾ ਹੈ, ਹੋਰ ਕੁਝ ਨਹੀਂ। ਸਭ ਤੋਂ ਪਹਿਲਾਂ ਪੋਸਟ ਜਾਂ ਵੀਡੀਓ ਦੀ ਪ੍ਰਮਾਣਿਕਤਾ ਜਾਂਚ ਲੈਣੀ ਚਾਹੀਦੀ ਹੈ, ਫੇਰ ਹੀ ਅੱਗੇ ਭੇਜਣੀ ਚਾਹੀਦੀ ਹੈ। ਦੂਜੀ ਗੱਲ, ਮਿਹਨਤੀ ਲੋਕਾਂ ਦੀਆਂ ਪੋਸਟਾਂ, ਲੇਖ, ਲੈਕਚਰ ਜਾਂ ਵੀਡੀਓਜ਼ ਹੀ ਦੇਖਣੀਆਂ ਚਾਹੀਦੀਆਂ ਹਨ, ਜਿਨ੍ਹਾਂ ਵਿੱਚ ਕੋਈ ਸੇਧ ਹੋਵੇ, ਸਿੱਖਿਆ ਹੋਵੇ। ਐਵੇਂ ਕਿਸੇ ‘ਲੱਲੂ’ ਨੂੰ ਆਪਣੇ ਅਤੇ ਆਪਣੇ ਬੱਚਿਆਂ ਦੇ ਮਨਾਂ ’ਤੇ ਪ੍ਰਭਾਵ ਨਾ ਪਾਉਣ ਦਿਓ। ਚੰਗੇ ਸਮਾਜ ਦੀ ਸਿਰਜਣਾ ਵਿੱਚ ਸੋਸ਼ਲ ਮੀਡੀਆ ਦੀ ਵਰਤੋਂ ਰਾਹੀਂ ਆਪਣਾ ਹਿੱਸਾ ਪਾਓ, ਪਰ ਇਹ ਹੁੰਦਾ ਕਦੋਂ ਹੈ? ਇਹ ਅਜੇ ਭਵਿੱਖ ਦੀ ਕੁੱਖ ਵਿੱਚ ਹੈ।

Leave a Reply

Your email address will not be published. Required fields are marked *