ਭੱਟੂ ਹਾਂਸ ਨੇ ਬੰਨਿ੍ਹਆ ਸੀ ਪਿੰਡ ਹਾਂਸ

ਆਮ-ਖਾਸ

ਪਿੰਡ ਵਸਿਆ-18
ਪਾਠਕਾਂ ਦੀ ਜਾਣਕਾਰੀ ਲਈ ਅਸੀਂ ਕਾਲਮ ‘ਪਿੰਡ ਵਸਿਆ’ ਸ਼ੁਰੂ ਕੀਤਾ ਹੈ, ਜਿਸ ਵਿੱਚ ਸਿਰਫ ਪਿੰਡ ਵੱਸਣ ਦੀ ਹੀ ਬਾਤ ਪਾਈ ਹੁੰਦੀ ਹੈ। ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ ਕਿ ਇਹ ਕਿਸੇ ਵੀ ਰੂਪ ‘ਚ ਲਿਖਤੀ ਨਹੀਂ ਮਿਲਦਾ। ਕਿਸੇ-ਕਿਸੇ ਪਿੰਡ ਦੇ ਵੱਸਣ-ਰਸਣ ਦੀ, ਉਹ ਵੀ ਨਾ-ਮਾਤਰ, ਗਜ਼ਟੀਅਰ’ਜ਼, ਮਾਲ ਰਿਕਾਰਡ ਜਾਂ ਕਿਸੇ ਦਸਤਾਵੇਜ਼ ਵਿੱਚ ਸਤਹੀ ਜਿਹਾ ਵਰਨਣ ਜਾਂ ਕਨਸੋਅ ਮਿਲਦੀ ਸੀ/ਹੈ, ਜਿਹੜਾ ਸਥਾਨਕ ਇਤਿਹਾਸ ਦੀ ਮਹੱਤਤਾ ਨਾ ਬੁੱਝਣ ਕਾਰਨ ਸਾਂਭਿਆ ਨਹੀਂ ਗਿਆ। ਪੇਸ਼ ਹੈ, ਭੱਟੂ ਹਾਂਸ ਦੇ ਵਸਾਏ ਪਿੰਡ ਹਾਂਸ ਦਾ ਸੰਖੇਪ ਵੇਰਵਾ…

ਵਿਜੈ ਬੰਬੇਲੀ
ਫੋਨ: +91-9463439075

1882 ਦੇ ਬੰਦੋਬਸਤ ਮੁਤਾਬਕ, ਢੇਰ ਸਮਾਂ ਪਹਿਲਾਂ ਇੱਕ ਘੁਮੱਕੜ ਕੁਨਬੇ ਨੇ ਜੰਮੂ ਖਿੱਤੇ ਵੱਲੋਂ ਆਪਣੀਆਂ ਲੋੜਾਂ-ਥੋੜ੍ਹਾਂ ਤਹਿਤ ਦਰਿਆ ਸਤਲੁਜ ਦੇ ਪਾਰਲੇ ਖੇਤਰ ਵੱਲ ਪ੍ਰਸਥਾਨ ਕੀਤਾ ਅਤੇ ਇੱਕ ਢੁਕਵਾਂ ਰਕਬਾ ਖਾਲੀ ਪਿਆ ਵੇਖ ਸਮੇਂ ਦੇ ਹਾਕਮ ਨੂੰ ਨਜ਼ਰਾਨਾ ਤਾਰ ਇੱਥੇ ਵੱਸਣ ਦੀ ਸਨਦ ਪ੍ਰਾਪਤ ਕਰ ਲਈ। ਇਸ ਜੁੱਟ ਦਾ ਆਗੂ ਭੱਟੂ ਹਾਂਸ ਸੀ, ਲਿਹਾਜ਼ਾ ਉਸਦੇ ਗੋਤ ‘ਤੇ ਇਸ ਖੈੜੇ ਦੀ ਅੱਲ ‘ਹਾਂਸ’ ਪੱਕ ਗਈ। ਹਾਂਸ ਗੋਤਰੀ ਜੱਟ ਸਨ, ਸਮੇਂ ਮੂਜ਼ਬ ਹੋਰ ਜਾਤਾਂ-ਕੁਨਬੇ ਇੱਥੇ ਵਸਦੇ-ਰਸਦੇ ਰਹੇ। ਹੁਣ ਇਹ ਤਹਿਸੀਲ ਜਗਰਾਓਂ, ਜ਼ਿਲਾ ਲੁਧਿਆਣਾ ਦਾ ਉੱਘਾ ਪਿੰਡ ਹੈ। ਬੰਦੋਬਸਤ ਤੋਂ ਪਹਿਲਾਂ ਇਹ ਪਿੰਡ ਪ੍ਰਬੰਧ (ਮਾਲਕੀ) ਵਜੋਂ ਠੁਲਿਆਂ ਵਿੱਚ ਤਕਸੀਮ ਸੀ। ‘ਠੁਲਾ’ ਦਾ ਸ਼ਬਦੀ ਅਰਥ ਹੈ: ਜ਼ਮੀਨੀ ਟੁਕੜਾ, ਭੋਇੰ ਤਰਫ (ਦਿਸ਼ਾ), ਜ਼ਮੀਨ ਦੀ ਵਿਸ਼ੇਸ਼ ਨਿਸ਼ਾਨਦੇਹੀ (ਮਾਲਕੀ)। ਕੁੱਲ ਅੱਠ ਠੁਲੇ ਸਨ: ਠੁਲਾ ਅਲਬੇਲਾ, ਠੁਲਾ ਕਬੀਰਾ, ਠੁਲਾ ਦੀਦਾਰਾ, ਠੁਲਾ ਨਿਹਾਲਾ, ਠੁਲਾ ਬੂਟਾ, ਠੁਲਾ ਭੋਲਾ, ਠੁਲਾ ਰੂਪਾ ਅਤੇ ਠੁਲਾ ਰੁਲਦੂ। ਸਮੇਂ-ਮੂਜ਼ਬ ਠੁਲਿਆ ਦੇ ਨਾਂ ਭੁੱਲ-ਵਿਸਰ ਗਏ। ਹੁਣ ਇਹ ਨਗਰ ਤਿੰਨ ਪੱਤੀਆਂ ਵਿੱਚ ਪ੍ਰਚਲਤ ਹੈ: ਪੱਤੀ ਪੱਕਾ ਪਾਸਾ, ਪੱਤੀ ਚਾਈਆਂ ਅਤੇ ਝਾੜੂ ਪੱਤੀ।
19ਵੀਂ ਸਦੀ ਦੇ ਸ਼ੁਰੂਆਤੀ ਵਰਿ੍ਹਆਂ ‘ਚ ਹੀ ਇਸ ਪਿੰਡ ਵਿੱਚ ਵਾਕਿਆ ਕਰੀਬ ਡੇਢ ਦਰਜਨ ਸਿੰਚਾਈ ਖੂਹਾਂ (ਚਾਹ) ਦੀ ਮੌਜੂਦਗੀ ਇਸ ਦੇ ਵਿਕਾਸ ਪੱਖੋਂ ਸੁਲੱਖਣਾ ਪਿੰਡ ਹੋਣ ਦੀ ਗਵਾਹੀ ਹੈ। ਜ਼ਮੀਨ ਦੀ ਅੱਧੀ ਮਾਲਕੀ ਪੱਕਾ ਪਾਸਾ ਪੱਤੀ ਕੋਲ ਹੈ ਅਤੇ ਬਾਕੀ ਅੱਧ ਦੇ ਮਾਲਕ ਪੱਤੀ ਚਾਈਆ ਤੇ ਝਾੜੂ ਪੱਤੀ ਬਰੋ-ਬਰਾਬਰ ਹਨ। ਤਿੰਨਾਂ ਪੱਤੀਆਂ ਦੇ ਆਪੋ-ਆਪਣੇ ਦਰਵਾਜ਼ੇ ਸਨ, ਜਿਨ੍ਹਾਂ ਦੀ ਜੂਹ ਅੰਦਰ ਉਹ ਵੱਸਦੇ ਸਨ ਅਤੇ ਸਾਰਾ ਪਿੰਡ ਇਨ੍ਹਾਂ ਤਿੰਨਾਂ ਦਰਵਾਜ਼ਿਆਂ ਦੀ ਘੇਰਾਬੰਦੀ ਕਰਦੇ ਇੱਕ ਵੱਡੇ ਪੈਹੇ ਅੰਦਰ ਜੁਗਲ-ਬੰਦ ਸੀ। ਹਾਂ; ਇਨ੍ਹਾਂ ਤਿੰਨ ਪੱਤੀਆਂ ਤੋਂ ਬਿਨਾ ਪਿੰਡ ਵਿੱਚ ਕਿਰਤੀਆਂ ਦੇ ਦੋ ਵਿਹੜੇ ਹਨ: ਵਿਹੜਾ ਮਜ਼ਬੀਆਂ ਅਤੇ ਵਿਹੜਾ ਰਮਦਾਸੀਆਂ ਸਿੱਖ।
ਆਜ਼ਾਦੀ-ਤਹਿਰੀਕ ਵਿੱਚ ਇਸ ਪਿੰਡ ਨੇ ਨਾਮਵਰ ਹਿੱਸਾ ਪਾਇਆ। ਸਿਰਲੱਥ ਦੇਸ਼ ਭਗਤ ਸਨ: 1. ਗ਼ਦਰ ਲਹਿਰ: ਉੱਤਮ, ਨਰੈਣ, ਇੰਦਰ ਅਤੇ ਕਿਸ਼ਨ ਦੀ ਚੌਕੜੀ; 2. ਗੁਰਦਵਾਰਾ ਸੁਧਾਰ ਲਹਿਰ: ਭਾਈ ਗੱਜਣ ਸਿੰਘ-ਬਖਤੌਰ ਸਿੰਘ-ਰਾਮ ਸਿੰਘ; 3. ਕੌਮੀ ਲਹਿਰਾਂ: ਗੁਰਦੇਵ ਸਿੰਘ-ਨਰੈਣ ਸਿੰਘ–ਬਿਸ਼ਨ ਸਿੰਘ ਅਤੇ ਆਜ਼ਾਦ ਹਿੰਦ ਫੌਜ: ਕਿਰਪਾਲ ਸਿੰਘ-ਜਗੀਰ ਸਿੰਘ-ਪੂਰਨ ਸਿੰਘ-ਭਗਤ ਸਿੰਘ-ਭਾਨ ਸਿੰਘ-ਮਹਿੰਦਰ ਸਿੰਘ-ਮੇਹਰ ਸਿੰਘ-ਰਾਮ ਸਿੰਘ-ਸ਼ੇਰ ਸਿੰਘ। ਵਿਲੱਖਣ ਦਿੱਖ ਇੱਥੋਂ ਦੇ ਗ਼ਦਰੀ ਸਨ:ਗ਼ਦਰੀ ਉੱਤਮ ਸਿੰਘ, ਨਰੈਣ ਸਿੰਘ, ਇੰਦਰ ਸਿੰਘ ਅਤੇ ਗ਼ਦਰੀ ਕਿਸ਼ਨ ਸਿੰਘ। ਪਰ ਸ਼ਹੀਦ ਉੱਤਮ ਸਿੰਘ, ਜਿਨ੍ਹਾਂ ਨੂੰ ਦੂਸਰੇ ਲਾਹੌਰ ਸਾਜ਼ਿਸ਼ ਕੇਸ (ਪਹਿਲਾਂ ਸਪਲੀਮੈਂਟਰੀ) ਵਿੱਚ ਚਾਰ ਹੋਰ ਗ਼ਦਰੀਆਂ ਸਮੇਤ ਫਾਹੇ ਟੰਗ ਦਿੱਤਾ ਗਿਆ ਸੀ, ਬੜਾ ਉੱਘਾ ਹੋਇਆ। ਕਿਸੇ ਕਾਰਨ ਗ਼ਦਰੀ ਇਤਿਹਾਸ ਵਿੱਚ ਉੱਤਮ ਸਿੰਘ ਤੋਂ ਬਿਨਾ ਇਸ ਨਗਰ ਦੇ ਤਿੰਨ ਹੋਰ ਗ਼ਦਰੀਆਂ ਦੇ ਨਾਵਾਂ ਦਾ ਢੁਕਵਾਂ ਉਲੇਖ ਨਹੀਂ ਹੋਇਆ। ਹਾਲਾਂ ਕਿ ਸੰਨ 1914 ਦੀ ਗੁਪਤ ਮਿਸਲ ਨੰਬਰ 829 ਅਤੇ 1915 ਦੀ ਮਿਸਲ 130 ਵਿੱਚ ਦਰਜ ਹੈ, “ਕਿਸ਼ਨ ਸਿੰਘ ਬਾਲਦੀਨ ਜਮੀਅਤ ਪਿੰਡ ਹਾਂਸ, ਥਾਣਾ ਜਗਰਾਓਂ, ਅਸਟਰੇਲੀਆ ਤੋਂ ਵਰਾਸਤਾ ਕਲੰਬੋ ਰਾਹੀਂ ਮੁੜਿਆ ਖ਼ਤਰਨਾਕ ਸ਼ਖਸ਼ ਹੈ, ਜਿਸਤੋਂ ‘ਖਾਲਸਾ ਅਖ਼ਬਾਰ’, ਜਿਸ ਵਿੱਚ ਗ਼ਦਰ ਰਿਪੋਰਟਾਂ ਹਨ, ਦੀ ਇੱਕ ਜਿਲਦ, ਹੋਰ ਇਤਰਾਜ਼ਯੋਗ ਸਾਹਿਤ ਅਤੇ ਕਾਮਾਗੱਟੀਆਂ ਦਾ ਕੁੱਝ ਸਮਾਨ ਬਰਾਮਦ ਹੋਇਆ।”
ਗ਼ਦਰੀ ਇੰਦਰ ਸਿੰਘ ਬਾਰੇ ਸੀ.ਆਈ.ਡੀ. ਦੀ ਰਿਪੋਰਟ ਕਹਿੰਦੀ ਹੈ, “ਇਸਨੇ ਫਿਰੋਜ਼ਪੁਰ ਛਾਉਣੀ ਦੇ ਅਸਫਲ ਹਮਲੇ ਵਿੱਚ ਹਿੱਸਾ ਲਿਆ। ਲਿਹਾਜ਼ਾ, ਇਸਨੂੰ ਪੂਰਕ ਲਾਹੌਰ ਸਾਜ਼ਿਸ਼ ਕੇਸ ਵਿੱਚ ਸ਼ੁਮਾਰ ਕੀਤਾ ਜਾਂਦਾ ਹੈ।” ਬ੍ਰਿਟਿਸ਼ ਸਾਮਰਾਜ ਦੀ ਇੱਕ ਹੋਰ ਗੁਪਤ ਚਿੱਠੀ ਵਿੱਚ ਭਾਵਂੇ ਗ਼ਦਰੀ ਨਰੈਣ ਸਿੰਘ ਅਤੇ ਭਾਈ ਉੱਤਮ ਸਿੰਘ ਦੀ ਨਕਸ਼ਬੰਦੀ ‘ਕੱਠੀ ਮਿਲਦੀ ਹੈ, ਪਰ ਇਸ ਵਿੱਚ ਨਰੈਣ ਪੁੱਤਰ ਰਾਘੋ ਭਰਾਤਾ ਉੱਤਮ ਸਾਕਨ ਹਾਂਸ ਬਾਰੇ ਕੁੱਝ ਵਧਵਾਂ ਲਿਖਿਆ ਗਿਆ ਹੈ, “ਇਹ ਖ਼ਤਰਨਾਕ ਮੁਜ਼ਰਮ ਹੈ, ਪਰ ਹਾਲਾਂ ਤੀਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਇਹ ਵਿਦੇਸ਼ੋਂ ਪਰਤਿਆ ਕ੍ਰਾਂਤੀਕਾਰੀ ਹੈ ਜਾਂ ਦੇਸ਼ੋਂ ਰਲਿਆ ਕ੍ਰਾਂਤੀਕਾਰੀ।” ਸੂਤਰ ਦੱਸਦੇ ਹਨ ਕਿ ਇਸਨੇ ਹੁਸ਼ਿਆਰਪੁਰ ਜ਼ਿਲੇ ਦੇ ਕੰਢੀ ਪਿੰਡ ਸਾਰੰਗਵਾਲ (ਮਾਹਿਲਪੁਰ) ਵਿੱਚ ਗ਼ਦਰੀ ਦਲੀਪ ਸਿੰਘ ਦੇ ਗੁਪਤ ਟਿਕਾਣੇ ‘ਤੇ ਕੀਤੀ ਉਸ ਮੀਟਿੰਗ ਵਿੱਚ ਵੀ ਹਿੱਸਾ ਲਿਆ ਸੀ, ਜਿਸ ਵਿੱਚ ਵੱਡੇ ਨੰਗਲ ਦੇ ਜ਼ੈਲਦਾਰ ਚੰਦਾ ਸਿੰਘ ਨੂੰ ਕਤਲ ਕਰਨ ਦੀ ਮੁਕੰਮਲ ਵਿਓਂਤਬੰਦੀ ਕੀਤੀ ਗਈ ਸੀ।
ਇਤਿਹਾਸਕਾਰ ਜਰਨੈਲ ਸਿੰਘ ਅੱਚਰਵਾਲ ਮੁਤਾਬਿਕ ਇਸ ਲੇਖ ਵਿੱਚ, ਸਦੀ ਨੂੰ ਢੁੱਕ ਚੁੱਕੇ, ਆਜ਼ਾਦ ਹਿੰਦੀਏ ਕਿਰਪਾਲ ਸਿੰਘ, ਜਿਹੜਾ ਮਗਰੋਂ ਬਹੁ-ਪਰਤੀ ਕਾਮਰੇਡ ਬਣਿਆ ਦੇ ਕੁੱਝ ਮਾਰਮਿਕ ਝੋਰਿਆਂ ਦੀ ਬਾਤ ਪਾਉਣੀ ਬੜੀ ਸਾਰਥਿਕ ਰਹੇਗੀ। ਕਾਮਰੇਡ ਕਿਰਪਾਲ ਸਿੰਘ, ਜਿਹੜਾ ਇਨਕਲਾਬੀ ਪੁੱਠ ਤਹਿਤ ਇੱਕ ਡੂੰਘਾ ਪਾਠਕ ਵੀ ਹੋ ਨਿਬੜਿਆ, ਅਕਸਰ ਚਿੰਤਕ ਹਲਕਿਆਂ ਵਿੱਚ ਆਪਣੀ ਤੇ ਪਿੰਡ ਦੀ ਸੰਘਰਸ਼ਮਈ ਗਾਥਾ ਅਤੇ ਕੁੱਝ ਯਥਾਰਥ ਫ਼ਿਕਰਮੰਦੀਆਂ ਜਾਹਰ ਕਰਦਾ ਹੈ। ਲੇਖ ਨਿਰਧਾਰਤ ਸੀਮਾ ਤੋਂ ਲੰਬਾਂ ਹੋ ਜਾਣ ਦੇ ਡਰੋਂ ਸਾਰਾ ਵਿਖਿਆਨ ਸੰਭਵ ਨਹੀਂ, ਪਰ ਤੁਸੀਂ ਮੈਨੂੰ ਦੋ ਹਰਫਾਂ ਵਿੱਚ ਉਸਦੀ ਇੱਕ ਕੌੜੀ ਸੱਚਾਈ ਪਾਠਕਾਂ ਨਾਲ ਸਾਂਝੀ ਕਰਨ ਦੀ ਆਗਿਆ ਦਿਓ, “…ਮੇਰੇ ਪਾਸ ਬੇਸ਼ਕੀਮਤੀ ਉਰਦੂ-ਅੰਗਰੇਜ਼ੀ-ਹਿੰਦੀ ਅਤੇ ਪੰਜਾਬੀ ਦਸਤਾਵੇਜ਼, ਫਾਇਲਾਂ ਅਤੇ ਪੁਸਤਕਾਂ ਹਨ। ਨਵੀਂ ਪੀੜ੍ਹੀ ਦਾ ਇਸ ਨਾਲ ਕੋਈ ਵਾਹ-ਵਾਸਤਾ ਨਹੀਂ।” ਉਹ ਹੋਕਾਂ ਭਰਦਾ, “ਜਗਆਸੂਓ! ਮੈਨੂੰ ਕੁੱਝ ਨਹੀਂ ਸੁੱਝ ਰਿਹਾ, ਮੇਰੇ ਮਗਰੋਂ ਇਨ੍ਹਾਂ ਅਮੁੱਲੇ ਅੱਖਰਾਂ ਦਾ ਕੀ ਬਣੇਗਾ?”

Leave a Reply

Your email address will not be published. Required fields are marked *