ਸ਼ਬਦੋ ਵਣਜਾਰਿਓ
ਪਰਮਜੀਤ ਢੀਂਗਰਾ
ਫੋਨ: +91-9417358120
ਪੁਰਾਤਨ ਨਸ਼ਿਆਂ ਤੋਂ ਅਫੀਮ ਪ੍ਰਮੁੱਖ ਨਸ਼ਾ ਰਿਹਾ ਹੈ। ਇਸਦਾ ਸੇਵਨ ਰਾਜੇ, ਮਹਾਰਾਜੇ, ਜਗੀਰਦਾਰ, ਧਨਾਢ ਲੋਕ ਕਰਦੇ ਰਹੇ ਹਨ। ਅੱਜ ਵੀ ਵਧੇਰੇ ਕਰਕੇ ਅਮੀਰ ਲੋਕ ਹੀ ਇਹਨੂੰ ਛਕਦੇ ਹਨ। ਪੰਜਾਬੀ ਵਿਚ ਬਹੁਤ ਸਾਰੇ ਗਾਣੇ ਅਫੀਮ ਤੇ ਪੋਸਤੀਆਂ ਨਾਲ ਸੰਬੰਧਤ ਹਨ। ਇਸਤੋਂ ਪਤਾ ਲੱਗਦਾ ਹੈ ਕਿ ਇਹ ਸਾਡੇ ਸਭਿਆਚਾਰ ਦਾ ਅੰਗ ਰਹੀ ਹੈ। ਅੱਜ ਕੱਲ੍ਹ ਇਹਦੇ ਫਿਰ ਚਰਚੇ ਹਨ। ਪੰਜਾਬ ਵਿਚ ਨਸ਼ਿਆਂ ਦੀ ਮਾਰ ਤੇ ਕਿਸਾਨੀ ਨੂੰ ਆਰਥਕ ਫਾਇਦੇ ਲਈ ਇਹਦੀ ਖੇਤੀ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ।
ਕਈ ਰਾਜਾਂ ਜਿਵੇਂ ਰਾਜਿਸਥਾਨ ਤੇ ਮੱਧ ਪ੍ਰਦੇਸ਼ ਵਿਚ ਇਹਦੀ ਖੇਤੀ ਹੁੰਦੀ ਹੈ ਤੇ ਇਸਦੀ ਵਰਤੋਂ ਨਸ਼ੇ ਦੇ ਨਾਲ ਨਾਲ ਦਵਾਈਆਂ ਬਣਾਉਣ ਵਿਚ ਕੀਤੀ ਜਾਂਦੀ ਹੈ। ਪਰ ਪੰਜਾਬ ਵਿਚ ਇਹਦੀ ਕਾਨੂੰਨੀ ਤੌਰ `ਤੇ ਮਨਾਹੀ ਹੈ। ਨਸ਼ਾ ਭਾਵੇਂ ਕੋਈ ਵੀ ਹੋਵੇ, ਉਹ ਬੰਦੇ ਦੀ ਮੱਤ ਮਾਰ ਦਿੰਦਾ ਹੈ। ਨਸ਼ੇ ਨਾਲ ਸਰੀਰ ਵਿਚ ਲਹੂ ਦੇ ਗੇੜੇ ਤੇਜ਼ ਹੋ ਜਾਂਦੇ ਹਨ ਤੇ ਅਕਲ ਮੱਧਮ ਪੈ ਜਾਂਦੀ ਹੈ। ਬੰਦਾ ਅਕਾਸ਼ ਵਿਚ ਉੱਡਣ ਲੱਗ ਪੈਂਦਾ ਹੈ।
ਜੇ ਇਸਦੇ ਅਰਥਾਂ ਦੀ ਗੱਲ ਕਰੀਏ ਤਾਂ ਨਿਰੁਕਤੀ ਕੋਸ਼ ਅਨੁਸਾਰ- ਅਫੀਮ ਇਕ ਮਾਦਕ ਪਦਾਰਥ ਹੈ, ਅਰਬੀ-ਫਾਰਸੀ-ਅਫਯੂਨ, ਅੰਗਰੇਜ਼ੀ ੌਪਿੁਮ, ਯੂਨਾਨੀ- ੌਪਿੋਨ। ਅਰਬੀ-ਫਾਰਸੀ ਕੋਸ਼ ਅਨੁਸਾਰ-ਅਫ਼ਯੂਨ, ਅਬਯੂਨ, ਅਪਯੂਨ=ਅਫ਼ੀਮ, ਇਕ ਅਮਲ, ਇਹ ਇਕ ਪ੍ਰਕਾਰ ਦਾ ਨਸ਼ੇਦਾਰ ਠੋਸ ਪਦਾਰਥ ਹੈ, ਜਿਹੜਾ ਪੋਸਤ ਦੇ ਬੂਟੇ ਦੇ ਦੁੱਧ ਤੋਂ ਬਣਾਇਆ ਜਾਂਦਾ ਹੈ। ਇਸਨੂੰ ਆਮ ਬੋਲ ਚਾਲ ਵਿਚ ਫੀਮ ਕਹਿੰਦੇ ਹਨ। ਅਫ਼ੀਮੀ- (ਅਫ਼ਯੂਨੀ ਭਾਵ ਅਫ਼ਯੂਨ ਨਾਲ ਸੰਬੰਧਤ) ਅਫੀਮ ਖਾਣ ਵਾਲਾ, ਅਫੀਮਚੀ। ਦਿਲਗੀਰ ਕੋਸ਼ ਅਨੁਸਾਰ-ਅਫ਼ੀਮ/ਅਫੇਨਮ (ਸੰਸਕ੍ਰਿਤ-ਅਫੇਨਮੑ), ਅਫ਼ਯੂਨ, ਅਫ਼ੀਮੀ-ਅਫ਼ੀਮ ਖਾਣ ਵਾਲਾ, ਅਫੀਮਚੀ (ਛੋਟਾ ਰੂਪ-ਫੀਮੀ)।
ਪੰਜਾਬੀ ਕੋਸ਼ਾਂ ਅਨੁਸਾਰ- ਅਫੀਮ-ਪੋਸਤ ਦੇ ਡੋਡੇ ਨੂੰ ਪੱਛ ਲਾ ਕੇ ਕੱਢਿਆ ਦੁੱਧ, ਹਫੀਮ, ਜ਼ਹਿਰ, ਇਸ ਨਾਲ ਜੁੜੇ ਕਈ ਮੁਹਾਵਰੇ ਵੀ ਮਿਲਦੇ ਹਨ- ਅਫ਼ੀਮ ਕਰਕੇ ਜਾਨਣਾ= ਜ਼ਹਿਰ ਦੀ ਨਿਆਈਂ ਸਮਝਣਾ, ਅਫੀਮ ਦੇਣਾ- ਕਿਸੇ ਨੂੰ ਮਾਰਨ ਦੀ ਨੀਅਤ ਨਾਲ ਅਫੀਮ ਦੇਣੀ, ਅਫੀਮ ਲੱਗ ਜਾਣੀ/ਲਾਉਣੀ-ਅਫੀਮ ਖਾਣ ਦਾ ਆਦੀ ਹੋਣਾ, ਅਫੀਮ ਖਾਧੇ ਬਿਨਾ ਰਹਿ ਨਾ ਸਕਣਾ, ਅਫੀਮੀ-ਅਫੀਮ ਖਾਣ ਵਾਲਾ, ਅਮਲੀ, ਆਲਸੀ, ਅਫੀਮਣ- ਅਫੀਮਚੀ ਦਾ ਇਸਤਰੀ ਲਿੰਗ। ਪੰਜਾਬੀ ਵਿਚ ਇਸ ਨੂੰ ਮਾਵਾ ਖਾਣਾ ਵੀ ਕਿਹਾ ਜਾਂਦਾ, ਜਿਸਨੂੰ ਖਾ ਕੇ ਪੀਨਕ ਲੱਗ ਜਾਂਦੀ ਹੈ। ਜੇ ਇਸਦੀ ਵਿਓਤਪਤੀ `ਤੇ ਨਜ਼ਰ ਮਾਰੀਏ ਤਾਂ ਬੜੀ ਵਿਵਾਦਾਂ ਵਿਚ ਘਿਰੀ ਨਜ਼ਰ ਆਉਂਦੀ ਹੈ। ਸਟਾਈਨਗਾਸ ਨੇ ਆਪਣੇ ਫ਼ਾਰਸੀ ਕੋਸ਼ ਵਿਚ ‘ਅਫਯੂਨ’ ਸ਼ਬਦ ਦਿਤਾ ਹੈ, ਪਰ ਤੁਲਨਾ ਲਈ ਸੰਸਕ੍ਰਿਤ ਸ਼ਬਦ ‘ਅਫੇਨ’ ਵੀ ਦਿੱਤਾ ਹੈ। ਟਰਨਰ ਇਹਦਾ ਮੂਲ ਫ਼ਾਰਸੀ ਹੀ ਮੰਨਦਾ ਹੈ। ਸਈਦੁਲ ਸੂਰੀ ਨੇ ਆਪਣੇ ਅਰਬੀ ਕੋਸ਼ ‘ਅਕਰਬੁਲ ਮਵਾਰਿਦ’ ਵਿਚ ‘ਅਫਯੂਨ’ ਨੂੰ ‘ਦਖੀਲ’ ਮੰਨਿਆ ਹੈ, ਜਿਸਦਾ ਭਾਵ ਹੈ ਕਿ ਅਫਯੂਨ ਸ਼ਬਦ ਕਿਸੇ ਹੋਰ ਭਾਸ਼ਾ ਤੋਂ ਤਤਸਮ ਰੂਪ ਵਿਚ ਅਰਬੀ ਵਿਚ ਲੈ ਲਿਆ ਗਿਆ ਹੈ। ਉਹਨੇ ਭਾਵੇਂ ਸਪਸ਼ਟ ਨਹੀਂ ਕੀਤਾ, ਪਰ ਉਹਦਾ ਇਸ਼ਾਰਾ ਫ਼ਾਰਸੀ ਵੱਲ ਜਾਪਦਾ ਹੈ।
ਦੂਸਰੇ ਪਾਸੇ ਰਿਚਰਡਸਨ ਤੇ ਕੁਝ ਭਾਰਤੀ ਕੋਸ਼ਕਾਰ ਅਫਯੂਨ ਨੂੰ ਅਰਬੀ ਦਾ ਸ਼ਬਦ ਮੰਨਦੇ ਹਨ। ਸ਼ਬਦ ਸਾਗਰ, ਬੇਲਸਰੇ ਦੇ ਗੁਜਰਾਤੀ ਕੋਸ਼ ਤੇ ਕੁਲਕਰਨੀ ਦੇ ਮਰਾਠੀ ਕੋਸ਼ ਵਿਚ ਅਰਬੀ ਅਬਯੂਨ ਜਾਂ ਅਫ਼ਯਨੑ ਦੇ ਨਾਲ ਨਾਲ ਯੂਨਾਨੀ ਸ਼ਬਦ ‘ਓਪੀਅਨ’ ਦਾ ਵਰਨਣ ਵੀ ਮਿਲਦਾ ਹੈ। ਤੀਸਰੇ ਪਾਸੇ ਸੰਸਕ੍ਰਿਤ ਦੇ ਕੋਸ਼ਕਾਰ ਇਸਦੀ ਵਿਓਤਪਤੀ ਅਫੇਨ ਸ਼ਬਦ ਤੋਂ ਮੰਨਦੇ ਹਨ। ਸੰਸਕ੍ਰਿਤ ਦੇ ਕੋਸ਼ਾਂ ਵਿਚ ਅਫੀਮ ਦੇ ਅਰਥ ਰੱਖਣ ਵਾਲੇ ਮਿਲਦੇ-ਜੁਲਦੇ ਸ਼ਬਦ ਅਫੇਨ ਜਾਂ ਅਹਿਫੇਨ ਵੀ ਮਿਲਦੇ ਹਨ। ਪੁਰਾਤਨ ਵਿਦਵਾਨ ਇਨ੍ਹਾਂ ਦੋਹਾਂ ਸ਼ਬਦਾਂ ਨੂੰ ਅਫ਼ੀਮ ਜਾਂ ਅਫਯੂਨ ਦਾ ਮੂਲ ਮੰਨਦੇ ਹਨ। ਉਨ੍ਹਾਂ ਅਨੁਸਾਰ ਅਫੇਨ ਦਾ ਅਰਥ ਹੈ- ਜਿਸਦਾ ਫੇਨ ਚੰਗਾ ਨਾ ਹੋਵੇ ਭਾਵ ਬੁਰਾ ਹੋਵੇ, ਏਸੇ ਕਰਕੇ ਅਫੇਨ ਨੂੰ ਅਫੀਮ ਦਾ ਵਾਚਕ ਮੰਨਿਆ ਗਿਆ ਹੈ। ਇਸੇ ਤਰ੍ਹਾਂ ਅਹਿਫੇਨ ਦਾ ਵਿਓਤਪਤੀ ਮੂਲਕ ਅਰਥ ਹੈ- ਸੱਪ ਦੇ ਫੇਨ ਵਰਗਾ ਜ਼ਹਿਰੀਲੇ ਫੇਨ ਵਾਲਾ ਭਾਵ ਅਫੀਮ। ਸ਼ਾਇਦ ਏਸੇ ਕਰਕੇ ਪੰਜਾਬੀ ਵਿਚ ਇਸਨੂੰ ‘ਕਾਲੀ ਨਾਗਣੀ’ ਵੀ ਕਹਿੰਦੇ ਹਨ।
ਮੈਕਡਾਨੇਲ ਤੇ ਵਿਲੀਅਮ ਮੋਨੀਅਰ ਵਰਗੇ ਕੋਸ਼ਕਾਰਾਂ ਨੇ ਅਫੇਨ ਤੇ ਅਹਿਫੇਨ ਦੋਵੇਂ ਸ਼ਬਦ ਦਿੱਤੇ ਹਨ ਤੇ ਇਨ੍ਹਾਂ ਦੇ ਅਰਥ ਅਫੀਮ ਕੀਤੇ ਹਨ। ਅਸਲ ਵਿਚ ਇਨ੍ਹਾਂ ਸਾਰੇ ਸ਼ਬਦਾਂ ਦਾ ਮੂਲ ਯੂਨਾਨੀ ਸ਼ਬਦ ਓਪੀਅਨ ਹੈ, ਜਿਸਦਾ ਅਰਥ ਹੈ- ਪੋਸਤ ਦਾ ਰਸ। ਇਹ ਯੂਨਾਨੀ ਸ਼ਬਦ ‘ਓਪਾਸ’ ਤੋਂ ਬਣਿਆ ਹੈ, ਜਿਸਦਾ ਮੂਲ ਅਰਥ ਕੁਝ ਵਿਦਵਾਨਾਂ ਅਨੁਸਾਰ ਪੋਸਤ ਦੇ ਡੋਡੇ ਦਾ ਰਸ ਹੈ। ਇਹ ਯੂਨਾਨੀ ਸ਼ਬਦ ਓਪੀਅਨ ਲੈਟਿਨ ਦੇ ਓਪੀਅਮ ਤੋਂ ਹੁੰਦਾ ਹੋਇਆ ਅੰਗਰੇਜ਼ੀ, ਫਰੈਂਚ ਤੇ ਜਰਮਨ ਆਦਿ ਭਾਸ਼ਾਵਾਂ ਵਿਚ ਏਸੇ ਰੂਪ ਵਿਚ ਗਿਆ ਹੈ। ਪੁਰਾਣੀ ਸਲਾਵਿਕ ਵਿਚ ਇਹਦੇ ਲਈ ਸੋਕੁ, ਇੰਡੋ-ਯੂਰਪੀਅਨ ਵਿਚ ਸੋਕੱੋਸ, ਲਥੂਨੀਅਨ ਵਿਚ ਸਵੲਕਅਸ, ਤੇ ਲੈਟਿਸ਼ ਵਿਚ ਸਵਅਕਅਸ ਮਿਲਦੇ ਹਨ ਜੋ ਸੱੋਕੱੋਸ ਤੋਂ ਨਿਰਮਤ ਮੰਨੇ ਜਾਂਦੇ ਹਨ, ਜਿਨ੍ਹਾਂ ਦਾ ਅਰਥ ਅਫੀਮ ਹੈ।
ਦੂਸਰੇ ਪਾਸੇ ਯੂਨਾਨੀਆਂ ਤੋਂ ਹੀ ਇਹ ਸ਼ਬਦ ਅਰਬ ਵਾਲਿਆਂ ਨੇ ਲਿਆ ਤੇ ਓਥੇ ਇਹਦਾ ਰੂਪ ਅਫਯੂਨ ਹੋ ਗਿਆ। ਅਰਬੀ ਵਿਚ ਇਹਦੇ ਹੋਰ ਰੂਪ ਆਫ਼ਿਨ ਤੇ ਅਫ਼ੇਨ ਵੀ ਮਿਲਦੇ ਹਨ। ਅਰਬੀ ਅਫ਼ਯੂਨ ਦੇ ਆਧਾਰ `ਤੇ ਸੰਸਕ੍ਰਿਤ ਦੇ ਪੰਡਿਤਾਂ ਨੇ ਇਹਨੂੰ ਅਫੇਨ ਜਾਂ ਅਹਿਫੇਨ ਦੀ ਪੋਸ਼ਾਕ ਪਾ ਦਿੱਤੀ। ਭਾਰਤੀ ਭਾਸ਼ਾਵਾਂ ਵਿਚ ਇਹ ਸ਼ਬਦ ਅਫੀਮ, ਫੀਮ, ਆਫੂ; ਮਰਾਠੀ ਵਿਚ ਅਫੀਮ, ਅਫੀਣ, ਅਫੂ; ਗੁਜਰਾਤੀ ਵਿਚ ਅਫੀਣ; ਨੇਪਾਲੀ ਵਿਚ ਆਫਿਮ ਆਦਿ ਰੂਪ ਮਿਲਦੇ ਹਨ। ਅਫੀਮ ਖਾਣ ਵਿਚ ਚੀਨ ਪਹਿਲੇ ਨੰਬਰ `ਤੇ ਰਿਹਾ ਹੈ। ਓਥੇ ਨੌਵੀਂ ਸਦੀ ਵਿਚ ਅਰਬ ਤੋਂ ਅਫੀਮ ਲਿਜਾਈ ਗਈ ਸੀ ਤੇ ਓਥੇ ਇਹਦਾ ਪੁਰਾਣਾ ਨਾਂ ਅਫਯੂਨ `ਤੇ ਅਧਾਰਤ ਅ-ਫੁ-ਯੁੰਗ ਮਿਲਦਾ ਹੈ। ਅ-ਫੁ-ਯੁੰਗ ਅਰਬੀ ਅਫਯੂਨ `ਤੇ ਆਧਾਰਤ ਹੈ।
ਸਾਡੇ ਲੋਕ ਸਾਹਿਤ ਤੇ ਸਾਹਿਤ ਵਿਚ ਵੀ ਅਫੀਮ ਦਾ ਭਰਵਾਂ ਵਰਨਣ ਮਿਲਦਾ ਹੈ। ਇਸਦੀ ਵਰਤੋਂ ਵਿਅਕਤੀ ਨੂੰ ਆਲਸੀ, ਦਲਿਦਰੀ ਤੇ ਨਿਕੰਮਾ ਬਣਾ ਦਿੰਦੀ ਹੈ। ਡਾ. ਚਰਨ ਸਿੰਘ ਨੇ ‘ਮਹਾਰਾਣੀ ਸ਼ਰਾਬ ਕੌਰ ਦੇ ਦਰਬਾਰੀ’ ਵਿਚ ਅਫੀਮਚੀ ਦੀ ਦਸ਼ਾ ਦਾ ਵਰਨਣ ਕਰਦਿਆਂ ਲਿਖਿਆ ਹੈ- “ਅੱਖਾਂ ਦੀਆਂ ਪੁਤਲੀਆਂ ਸੁੰਗੜੀਆਂ ਹੋਈਆਂ, ਚੇਹਰੇ ਦੀ ਕਾਂਤਿ ਨਾਸ਼, ਆਲਸ ਤੇ ਨੀਂਦਰ ਕਰਕੇ ਉਘਲਾਟ, ਸਰੀਰ ਦੇ ਨਿਰਬਲ ਤੇ ਸੁੱਕੇ ਹੋਏ, ਜਿਥੇ ਬੈਠੇ ਊਂਘ ਦੀ ਬੇਪਰਵਾਹੀ ਤੇ ਨੀਂਦਰ ਦੀ ਕੋਈ ਹੱਦ ਹਿਸਾਬ ਨਹੀਂ। ਕਦੀ ਤਾਂ ਚਾਰ ਪਹਿਰ ਦਿਨ ਤੇ ਚਾਰ ਪਹਿਰ ਰਾਤ ਸੁਤਿਆਂ ਲੰਘ ਗਏ। ਦੀਨ ਦੁਨੀਆ ਦੀ ਕੋਈ ਖਬਰ ਨਹੀਂ। ਕਦੇ ਜੇ ਨੀਂਦਰ ਉਖੜੇ ਤਾਂ ਸਾਰੀ ਰਾਤ ਉਸਲਵੱਟੇ ਭੰਨਦਿਆਂ, ਉਬਾਸੀਆਂ ਲੈਂਦਿਆਂ, ਲੱਤਾਂ ਬਾਹਾਂ ਮਾਰਦਿਆਂ, ਢਿੱਡ ਘੁਟਦਿਆਂ, ਉਠਦਿਆਂ, ਬੈਠਦਿਆਂ, ਪਿਟਦਿਆਂ, ਖੋਹਦਿਆਂ, ਅਫੀਮੀ ਦੀ ਰਾਤ ਜਾਂਦੀ ਹੈ, ਪਰ ਨੀਂਦ ਨਹੀਂ ਆਉਂਦੀ।”
ਕਿਹਾ ਜਾਂਦਾ ਹੈ ਕਿ ‘ਕਾਗਜ਼ ਭਿੱਜ ਜਾਏ ਤਾਂ ਸੁੱਕ ਕੇ ਕਾਗਜ਼ ਹੀ ਰਹਿੰਦਾ ਹੈ ਪਰ ਜੇ ਅਫੀਮਚੀ ਭਿੱਜ ਜਾਏ ਤਾਂ ਕੱਖ ਦਾ ਨਹੀਂ ਰਹਿੰਦਾ। ਅਫੀਮਚੀ ਨੇ ਪਾਣੀ ਡਿੱਠਾ ਤਾਂ ਕਾਂਬਾ ਛਿੜਿਆ।’ ਲੋਕ ਸਿਆਣਪਾਂ ਵਿਚ ਅਫੀਮੀਆਂ ਨੂੰ ਇਸਨੂੰ ਖਾਣ ਤੋਂ ਵਰਜਣ ਲਈ ਇਹ ਟੱਪਾ ਜੋੜਿਆ ਹੈ:
ਰੱਤੀ ਖਾਏ ਰੱਤ ਨੂੰ, ਮਾਸਾ ਖਾਏ ਮਾਸ।
ਤੋਲਾ ਖਾਏ ਹੱਡੀਆਂ, ਦਮ ਦਾ ਕੀ ਭਰਵਾਸ।
ਪਰ ਅਫੀਮਚੀਆਂ ਨੇ ਆਪਣੇ ਮਤਲਬ ਦਾ ਟੱਪਾ ਇਸਦੇ ਜੁਆਬ ਵਿਚ ਜੋੜ ਲਿਆ:
ਜਿੱਥੇ ਭੰਗ ਨਹੀਂ, ਓਥੇ ਰੰਗ ਨਹੀਂ।
ਜਿਥੇ `ਫੀਮ ਨਹੀਂ, ਓਥੇ ਤਾਜ਼ੀਮ ਨਹੀਂ।
ਅਫੀਮਚੀਆਂ ਬਾਰੇ ਕਈ ਹਸਾਉਣੀਆਂ ਤੇ ਚੁਟਕਲੇ ਵੀ ਪ੍ਰਸਿੱਧ ਹਨ।