14 ਭਾਸ਼ਾਵਾਂ ਵਿੱਚ ਗਾਉਣ ਵਾਲਾ ਅੰਮ੍ਰਿਤਪਾਲ ਸਿੰਘ ਨਕੋਦਰ

ਆਮ-ਖਾਸ

ਬਲਵਿੰਦਰ ਬਾਲਮ (ਗੁਰਦਾਸਪੁਰ)
ਵੱਟਸਐਪ: +91-9815625409
ਐਡਮਿੰਟਨ (ਕੈਨੇਡਾ) ਦੀ ਪ੍ਰਸਿੱਧ ਆਲੀਸ਼ਾਨ ਐਡਮਿੰਟਨ ਪਬਲਿਕ ਲਾਇਬ੍ਰੇਰੀ 17 ਸਟਰੀਟ ਵਿਖੇ ਗਾਇਕ ਅੰਮ੍ਰਿਤਪਾਲ ਸਿੰਘ ਨੂੰ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ। ਤਿੱਖੇ ਨੈਣ ਨਕਸ਼, ਹਸਮੁੱਖ ਚਿਹਰਾ, ਡੋਰੀ ਪਾ ਕੇ ਬੰਨੀ ਹੋਈ ਗੁੱਝਵੀਂ ਦਾੜ੍ਹੀ, ਤੀਰ-ਕਮਾਨੀ ਅੰਗੜਾਈ ਲੈਂਦੀਆਂ ਫੈਲਾਅ ਵਿੱਚ ਬੁਰਸ਼ਦਾਰ ਮੁੱਛਾਂ, ਭਵਾਂ ਚੜ੍ਹਾਅ ਕੇ ਬੰਨ੍ਹੀ ਹੋਈ ਸਲੀਕੇਦਾਰ ਲੜਾਂ ਵਾਲੀ ਪੋਚਵੀਂ ਪੱਗ, ਆਖਰੀ ਲੜ੍ਹ ਦੀ ਮਰੋੜੀ ਇਸ ਤਰ੍ਹਾਂ ਜਿਵੇਂ ਕਿਸੇ ਸੱਪਣੀ ਨੇ ਵਲੇਵਾਂ ਮਾਰਿਆ ਹੋਵੇ।

ਸਾਧਾਰਣ ਆਕਰਸ਼ਕ ਪਹਿਰਾਵਾ, ਦਰਮਿਆਨੇ ਤੋਂ ਉਪਰ ਕੱਦ, ਫਕੀਰਾਂ ਵਰਗੀ ਮੱਧਮ ਚਾਲ, ਬੋਲ ਚਾਲ ’ਚ ਹਲੀਮੀ, ਫਬੀਲੀ ਤੇ ਛਬੀਲੀ ਸ਼ਰਲ ਸਪਸ਼ਟ ਕੂਣੀ-ਬਾਣੀ, ਅੰਦਰੋਂ-ਬਾਹਰੀ ਪਾਰਦਰਸ਼ੀ, ਜੋ ਆਪਣਿਆਂ ਦਾ ਤਾਂ ਹੈ ਹੀ, ਬਿਗਾਨਿਆਂ ਦਾ ਵੀ, ਯਾਰੀ ਦੋਸਤੀ ਵਿੱਚ ਨਿਸ ਸਵਾਰਥ ਕਿਰਿਆਵਾਂ ਦਾ ਸਿਰਜਕ, ਜ਼ਰੂਰਤਮੰਦਾਂ ਦਾ ਮਦਦਗਾਰ, ਵਾਕਫ਼ੀਅਤ ਦਾ ਇਨਸਾਈਕਲੋਪੀਡੀਆ ਅਤੇ ਸੰਗੀਤ ਤੇ ਗਾਇਨ ਕਲਾ ਵਿੱਚ ਪਰਪੱਕ ਨਿਪੁੰਨ; ਕਈ ਸਾਜ ਵਜਾਉਣ ਵਿੱਚ ਮੁਹਾਰਤ ਰੱਖਣ ਵਾਲਾ।
ਜ਼ਿੰਦਗੀ ਦੇ ਲਗਭਗ 71 ਸਾਲ ਗੁਜਾਰ ਚੁੱਕੇ ਗਾਇਕ ਅੰਮ੍ਰਿਤਪਾਲ ਸਿੰਘ ਰੇਡੀਓ, ਟੀ.ਵੀ. ਤੋਂ ਮਾਨਤਾ ਪ੍ਰਾਪਤ ਕਲਾਕਾਰ ਹੈ। ਪ੍ਰਾਚੀਨ ਕਲਾ ਕੇਂਦਰ ਚੰਡੀਗੜ੍ਹ ਤੋਂ ਐਮ.ਏ. ਸੰਗੀਤ ਦੀ ਵਿਦਿਆ ਹਾਸਿਲ ਕੀਤੀ ਅਤੇ ਵੱਖ-ਵੱਖ ਸਕੂਲਾਂ-ਕਾਲਜਾਂ `ਚ ਪੜ੍ਹਾਉਣ ਤੋਂ ਬਾਅਦ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨਕੋਦਰ ਤੋਂ ਸੇਵਾ ਮੁਕਤ ਹੋਏ। ਮੁਢਲੀ ਸੰਗੀਤ ਦੀ ਸਿਖਿਆ ਉਨ੍ਹਾਂ ਨੇ ਆਪਣੇ ਤਾਇਆ ਜੀ ਕੀਰਤਨੀਏ ਗਿਆਨੀ ਦਲੀਪ ਸਿੰਘ ਤੋਂ ਹਾਸਿਲ ਕੀਤੀ। ਬਲਦੇਵ ਨਾਰੰਗ ਡੀ.ਏ.ਵੀ. ਕਾਲਿਜ ਜਾਲੰਧਰ ਅਤੇ ਪ੍ਰੋ. ਕ੍ਰਿਪਾਲ ਸਿੰਘ ਜੰਡੂ ਤੇ ਰਮੇਸ਼ ਪੁਸ਼ਕਰਨਾਂ (ਦੋਵੇਂ ਉਸਤਾਦ) ਤੋਂ ਸੰਗੀਤ ਅਤੇ ਗਾਇਨ ਦੀਆਂ ਬਾਰੀਕੀਆਂ ਸਿੱਖੀਆਂ।
ਅੰਮ੍ਰਿਤਪਾਲ ਨੇ ਭਾਰਤ ਦੀਆਂ 14 ਭਾਸ਼ਾਵਾਂ ਵਿੱਚ ਗਾਇਆ ਹੈ। ਨੌਵੀਂ ਜਮਾਤ ਵਿੱਚ ਪੜ੍ਹਦਿਆਂ ਹੀ ਰਾਸ਼ਟਰਪਤੀ ਐਵਾਰਡ ਲੈ ਲਿਆ ਸੀ। ਭੰਗੜੇ-ਗਿੱਧੇ ਵਿੱਚ ਨਿਪੁੰਨ ਪ੍ਰਸਿਖਿਅਕ। ਕਈ ਮਾਨ-ਸਨਮਾਨ ਹਾਸਿਲ ਕਰ ਚੁਕੇ ਹਨ। ਐਨ.ਸੀ.ਈ.ਆਰ.ਟੀ. ਵੱਲੋਂ ਸਮੂਹ ਗਾਇਨ ਵਿੱਚ ਭਾਗ ਲੈ ਕੇ ਲਾਲ ਕਿਲਾ ਭਾਰਤ ਵਿਖੇ 90 ਅਧਿਆਪਕਾਂ ਸਣੇ ਗਾਇਨ ਦੇ ਜੌਹਰ ਵਿਖਾਏ। ‘ਭਾਰਤ ਛੱਡੋ ਅੰਦੋਲਨ’ ਦੀ 42ਵੀਂ ਵਰ੍ਹੇਗੰਢ ਉਪਰ ਮੁੰਬਈ ਵਿੱਚ 3500 ਬੱਚਿਆਂ ਨੂੰ ਦੇਸ਼-ਭਗਤੀ ਦੇ ਗੀਤ ਤਿਆਰ ਕਰਵਾਏ। ਜਿਹੜੇ ਗੀਤ ਭਾਰਤ-ਪਾਕਿ ਵੰਡ ਤੋਂ ਪਹਿਲਾਂ ਅੰਡਰ ਗਰਾਊਂਡ ਰੇਡੀਓ ਸਟੇਸ਼ਨ ਤੋਂ ਵਜਦੇ ਸਨ, ਉਹ ਗੀਤ ਬੱਚਿਆਂ ਨੂੰ ਲਾਲ ਕਿਲੇ ਲਈ ਤਿਆਰ ਕਰਵਾਏ। ਇਸ ਦੀ ਕੁਮੈਂਟਰੀ ਪ੍ਰਸਿੱਧ ਅਭਿਨੇਤਾ ਨਸੀਰੂ-ਉਦ-ਦੀਨ ਸ਼ਾਹ ਨੇ ਕੀਤੀ ਅਤੇ ਡਾ. ਮੋਹਨ ਆਗਾਸੇ ਨੇ ਕੋਰੀਓਗ੍ਰਾਫੀ ਕੀਤੀ।
ਤਤਕਾਲੀ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਤੋਂ ਸਨਮਾਨਿਤ ਹੋਏ। ਉਨ੍ਹਾਂ ਦੇ ਅਨੇਕਾਂ ਹੀ ਵਿਦਿਆਰਥੀ ਪੀਐਚ.ਡੀ. ਕਰਕੇ ਉਚ ਪਦਵੀਆਂ `ਤੇ ਹਨ। ਚਿਲਡਰਨ ਕੌਂਸਲ ਵੱਲੋਂ ਕਰਵਾਏ ਗਏ ਸਟੇਟ ਪੱਧਰ ਦੇ ਮੁਕਾਬਲਿਆਂ ਵਿੱਚ ਰਾਜ ਪੱਧਰੀ ਪੁਰਸਕਾਰ ਪ੍ਰਾਪਤ ਕੀਤੇ। ਪੰਜਾਬ ਸਕੂਲ ਸਿਖਿਆ ਬੋਰਡ ਵੱਲੋਂ ਕਰਵਾਏ ਗਏ ਵਿਦਿਅਕ ਮੁਕਾਬਲਿਆਂ ਵਿੱਚ ਸਟੇਟ ਪੱਧਰ ਤੱਕ ਦੇ ਬੱਚਿਆਂ ਨੇ ਭਾਗ ਲਿਆ। ਸੈਨਿਕ ਭਲਾਈ ਬੋਰਡ ਵੱਲੋਂ ਵਿਸ਼ੇਸ ਤੌਰ ’ਤੇ ਸਨਮਾਨਿਤ ਹੋਏ। ਯੂਥ ਵੈਲਫ਼ੇਅਰ ਕਲੱਬ (ਰਜਿ.) ਨਕੋਦਰ ਤੇ ਕਨਵੀਨਰ, ਜੇਸੀਜ ਇੰਟਰਨੈਸ਼ਨਲ ਨਕੋਦਰ ਦੇ ਪ੍ਰਧਾਨ ਵਜੋਂ ਆਊਟ ਸਟੈਂਡਿੰਗ ਜੇਸੀਜ ਆਫ਼ ਪੰਜਾਬ ਦਾ ਐਵਾਰਡ ਪ੍ਰਾਪਤ ਕੀਤਾ।
ਸੰਗੀਤ ਗਾਇਨ ਪ੍ਰਾਪਤੀਆਂ ਤੋਂ ਇਲਾਵਾ ਲੋੜਵੰਦ ਪਰਿਵਾਰਾਂ ਲਈ ਮਹੀਨਾਵਾਰ ਰਾਸ਼ਨ ਦੇਣਾ ਸ਼ੁਰੂ ਕੀਤਾ ਹੋਇਆ ਹੈ, ਜੋ ਚਾਰ ਸਾਲਾਂ ਤੋਂ ਲਗਾਤਾਰ ਜਾਰੀ ਹੈ। ਅੱਖਾਂ ਦੇ ਕੈਂਪ, ਮੈਡੀਕਲ ਕੈਂਪ, ਖੂਨ ਦਾਨ ਕੈਂਪ, ਸਕੂਲ-ਕਾਲਜ ਦੀਆਂ ਜ਼ਰੂਰਤਮੰਦ ਲੜਕੀਆਂ ਦੀਆਂ ਫੀਸਾਂ, ਵਰਦੀਆਂ ਆਦਿ ਦੇਣਾ। ਸੀਨੀਅਰ ਸਿਟੀਜਨ ਵੈਲ਼ਫੇਅਰ ਕੌਂਸਲ ਨਕੋਦਰ ਦੇ ਮੁੱਖ ਅਹੁਦੇਦਾਰ, ਹਸਪਤਾਲ ਵੈਲਫ਼ੇਅਰ ਕਮੇਟੀ ਦੇ ਅਹੁਦੇਦਾਰ, ਸ਼ਮਸ਼ਾਨਘਾਟ ਸੁਧਾਰ ਸਭਾ ਕਮੇਟੀ ਦੇ ਸੈਕਟਰੀ ਰਹੇ। ਉਨ੍ਹਾਂ ਨੇ ਗੰਧਰਵ ਮਹਾਂ ਵਿਦਿਆਲੇ ਦੇ ਚੇਅਰਮੈਨ ਵਿਨੋਦ ਚੰਦਰ ਮੌਦਗਿਲ, ਸਾਧਨ ਇੰਡੀਆ ਫਿਲਮ ਇੰਡਸਟਰੀ ਦੇ ਸੰਗੀਤ ਡਾਇਰੈਕਟਰ ਐਮ.ਬੀ. ਸ੍ਰੀ ਨਿਵਾਸਨ, ਡਾ. ਪ੍ਰੇਮ ਭਾਟੀਆ ਆਲ ਇੰਡੀਆ ਰੇਡੀਓ ਤੋਂ ਸੰਗੀਤ ਕਲਾ ਦੇ ਗੁਣ ਅਤੇ ਬਾਰੀਕੀਆਂ ਸਿਖੀਆਂ।
ਅੰਮ੍ਰਿਤਪਾਲ ਐਨ.ਸੀ.ਈ.ਆਰ.ਟੀ. ਦੇ ਸਹਾਇਕ ਰਿਸੋਰਸ ਪਰਸਨ ਰਹੇ ਅਤੇ ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ ਸੰਗੀਤ ਸਿਖਲਾਈ ਕੈਂਪ ਵੀ ਲਗਾਏ। ਉਹ ਵਧੀਆ ਪ੍ਰਬੰਧ ਕਰਮੀ ਵੀ ਹਨ। ਉਹ ਸ਼ਬਦ ਕੀਰਤਨ ਕਰਨ ਵਿੱਚ ਰਸ ਭਿੰਨਾ ਕੀਰਤਨ ਕਰਨ ਵਿੱਚ ਮਾਹਿਰ ਹਨ। ਇੱਕ ਵਧੀਆ ਇਨਸਾਨ ਹੋਣ ਦੇ ਨਾਤੇ, ਸੱਚਾਈ ਈਮਾਨਦਾਰੀ ਅਤੇ ਆਪਣੀ ਹੋਂਦ ਦੀ ਸਾਮਾਜਿਕ ਤੇ ਸਭਿਆਚਾਰਕ ਵਾਸਤਵਿਕਤਾਵਾਂ ਨਾਲ ਜੁੜੇ ਹੋਏ ਹਨ। ਉਨ੍ਹਾਂ ਆਪਣੀ ਜ਼ਿੰਦਗੀ ਵਿੱਚ ਆਤਰਿਕ ਸੰਘਰਸ਼ ਕੀਤਾ ਅਤੇ ਆਪਣੀਆਂ ਜੜਾਂ ਨੂੰ ਪਰੰਪਰਾਵਾਂ ਨਾਲ ਜੋੜੀ ਰੱਖਿਆ। ਉਹ ਸੰਗੀਤ ਗਾਇਨ ਕਲਾ ਵਿੱਚ ਆਪਣੀ ਸ਼ੈਲੀ ਆਪ ਨਿਰਧਾਰਿਤ ਕਰਦੇ ਹਨ। ਗਾਇਨ ਪ੍ਰਸਤੂਤੀ ਵਿਲੱਖਣ ਅਤੇ ਪ੍ਰਭਾਵਸ਼ਾਲੀ ਹੈ। ਦਿਲਚਸਪ ਹੈ ਕਿ ਉਹ ਸੰਵੇਦਨਸ਼ੀਲ ਵਿਅਕਤੀਤਵ ਦੇ ਧਨੀ ਹਨ।
ਅੰਮ੍ਰਿਤਪਾਲ ਸਿੰਘ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਸੰਗੀਤ ਵਿੱਚ ਅਲਾਪ ਦੀ ਸਮਝ ਹੋਣੀ ਚਾਹੀਦੀ ਹੈ। ਧੁਨੀ ਵਿਵੇਕ, ਹੋਠਾਂ ਦੀ ਗਤੀ, ਸੰਗੀਤ ਵਿੱਚ ਅਤੇ ਗਾਇਨ ਵਿੱਚ ਮਹੱਤਵਪੂਰਨ ਹਨ। ਸੰਗੀਤ ਵਿੱਚ ਸਭ ਤੋਂ ਮਹੱਤਵਪੂਰਨ ਹੈ ਸੁਰ। ਸੁਰੀਲਾਪਨ ਦੇ ਸਿਵਾ ਸੰਗੀਤ ਕੁਝ ਵੀ ਨਹੀਂ। ਮਨੋਦਸ਼ਾ ਅਤੇ ਭਾਵਾਂ ਨੂੰ ਗੀਤ ਵਿੱਚ ਸੰਭਾਲਣਾ ਇੱਕ ਬਿਹਤਰੀਨ ਗੁਣ ਹੈ। ਦਿਲ ਤੇ ਦਿਮਾਗ਼ ਵਿੱਚ ਵੰਡਿਆ ਹੋਇਆ ਮਨੁੱਖ ਇੱਕ ਦੀ ਸਰਵਉਚਤਾ ਅਤੇ ਦੂਸਰੇ ਦੇ ਆਕਰਸ਼ਣ ਦੇ ਕਾਰਨ ਸਪਰਧਾ ਵਿੱਚ ਆਪਣੀ ਪਹਿਚਾਣ ਖੋਹ ਬਹਿੰਦਾ ਹੈ। ਮਨੁੱਖ ਨੂੰ ਨਾ ਕੇਵਲ ਆਪਣੇ ਨਾਲ ਬਲਕਿ ਆਪਣੇ ਸਮੇਂ ਨਾਲ ਵੀ ਸੰਘਰਸ਼ ਕਰਨਾ ਪੈਂਦਾ ਹੈ ਅਤੇ ਆਪਣੇ ਪਿੱਛੇ ਉਹ ਇੱਕ ਐਸੀ ਪਰੰਪਰਾ ਛੱਡ ਜਾਂਦਾ ਹੈ, ਜਿਸ ਨੂੰ ਦੂਸਰੇ ਸਮਝਣ ਤੇ ਉਸ ਉਪਰ ਵਿਚਾਰ ਚਿੰਤਨ ਕਰਨ। ਉਨ੍ਹਾਂ ਦਾ ਮੋਬਾਇਲ ਨੰਬਰ +91-9814225425 ਹੈ।

Leave a Reply

Your email address will not be published. Required fields are marked *