*ਇੱਕ ਗੋਲੀ ਚੱਲੀ, ਕੋਈ ਨਕਸਾਨ ਨਹੀਂ ਹੋਇਆ
ਬੀਤੀ 4 ਦਸੰਬਰ ਨੂੰ ਸਵੇਰੇ ਸੁਖਬੀਰ ਸਿੰਘ ਬਾਦਲ ‘ਤੇ ਇੱਕ ਵਿਅਕਤੀ ਵੱਲੋਂ ਪਸਤੌਲ ਨਾਲ ਹਮਲਾ ਕੀਤਾ ਗਿਆ, ਪਰ ਉਹ ਵਾਲ-ਵਾਲ ਬਚ ਗਏ। ਜਿਸ ਵਕਤ ਸੁਖਬੀਰ ਸਿੰਘ ਬਾਦਲ ‘ਤੇ ਹਮਲਾ ਕੀਤਾ ਗਿਆ, ਉਸ ਸਮੇਂ ਉਹ ਅਕਾਲ ਤਖਤ ਸਾਹਿਬ ਵੱਲੋਂ ਲਗਾਈ ਗਈ ਤਨਖਾਹ ਦੇ ਰੂਪ ਵਿੱਚ ਪਹਿਰੇਦਾਰੀ ਕਰਦੇ ਹੋਏ ਦਰਬਾਰ ਸਾਹਿਬ ਦੇ ਗੇਟ ਦੇ ਬਾਹਰ ਬੈਠੇ ਹੋਏ ਸਨ। ਹਮਲਾਵਰ ਦਾ ਨਾਂ ਨਰਾਇਣ ਸਿੰਘ ਚੌੜਾ ਦੱਸਿਆ ਗਿਆ ਹੈ। ਪੰਜਾਬ ਪੁਲਿਸ ਵੱਲੋਂ ਉਸ ਦਾ ਸੰਬੰਧ ਪਿਛਲੇ ਸਮੇਂ ਵਿੱਚ ਕੁਝ ਖਾਲਿਸਤਾਨੀ ਗਰੁਪਾਂ ਨਾਲ ਦੱਸਿਆ ਗਿਆ ਹੈ।
ਜਿਸ ਵਕਤ ਇਹ ਹਮਲਾ ਕੀਤਾ ਗਿਆ, ਉਸ ਸਮੇਂ ਸੁਖਬੀਰ ਸਿੰਘ ਬਾਦਲ ਸ੍ਰੀ ਦਰਬਾਰ ਸਾਹਿਬ ਦੇ ਘੰਟਾ ਘਰ ਵਾਲੇ ਪਾਸੇ ਮੁੱਖ ਦਰਵਾਜ਼ੇ ਦੇ ਸੱਜੇ ਪਾਸੇ ਕੁਰਸੀ ‘ਤੇ ਬੈਠੇ ਹੋਏ ਸਨ। ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਦੇ ਸੇਵਾਦਾਰ (ਪਹਿਰੇਦਾਰ) ਵਾਲਾ ਪਹਿਰਾਵਾ ਪਾਇਆ ਅਤੇ ਬਰਛਾ ਫੜਿਆ ਹੋiਆ ਸੀ। ਸ੍ਰੀ ਦਰਬਾਰ ਸਾਹਿਬ ਵਿੱਚ ਦਾਖਲ ਹੋਣ ਤੋਂ ਪਹਿਲਾਂ ਪੈਰ ਧੋਣ ਤੋਂ ਇੱਕ ਦਮ ਬਾਅਦ ਹਮਲਾਵਰ ਨੇ ਸੁਖਬੀਰ ਸਿੰਘ ਬਾਦਲ ‘ਤੇ ਹਮਲਾ ਕਰਨ ਦਾ ਯਤਨ ਕੀਤਾ। ਇੱਕ ਗੋਲੀ ਚੱਲੀ ਵੀ, ਪਰ ਕੋਈ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ। ਪੰਜਾਬ ਪੁਲਿਸ ਦੇ ਦੋ ਮੁਲਾਜ਼ਮਾਂ- ਪਰਮਿੰਦਰ ਸਿੰਘ ਅਤੇ ਜਸਵੀਰ ਸਿੰਘ ਵੱਲੋਂ ਫੁਰਤੀ ਨਾਲ ਹਮਲਾਵਰ ਨਰਾਇਣ ਸਿੰਘ ਚੌੜਾ ਨੂੰ ਕਾਬੂ ਕਰ ਲਿਆ ਗਿਆ। ਅੰਮ੍ਰਿਤਸਰ ਦੇ ਪੁਲਿਸ ਮੁਖੀ ਅਰਪਿਤ ਸ਼ੁਕਲਾ ਨੇ ਇੱਕ ਟੈਲੀਵਿਜ਼ਨ ਚੈਨਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਨਰਾਇਣ ਸਿੰਘ ਚੌੜਾ ਦਾ ਸਬੰਧ ਕਈ ਸਿੱਖ ਖਾੜਕੂ ਜਥੇਬੰਦੀਆਂ ਨਾਲ ਰਿਹਾ ਹੈ। ਉਹ ਚੰਡੀਗੜ੍ਹ ਜੇਲ੍ਹ ਬਰੇਕ ਕੇਸ ਵਿੱਚ ਵੀ ਸ਼ਾਮਲ ਸੀ ਅਤੇ ਬਾਅਦ ਵਿੱਚ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ। ਇਲੈਕਟਰੌਨਿਕ ਮੀਡੀਆ ‘ਤੇ ਆ ਰਹੀਆਂ ਰਿਪੋਰਟਾਂ ਅਨੁਸਾਰ ਨਰਾਇਣ ਸਿੰਘ ਚੌੜਾ ਨੂੰ 2013 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ 2018 ਵਿੱਚ ਉਹ ਜੇਲ੍ਹ ਤੋਂ ਬਾਹਰ ਆਇਆ ਸੀ।
ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਇਸ ਦੌਰਾਨ ਇੱਕ ਬਿਆਨ ਵਿੱਚ ਕਿਹਾ ਕਿ ਇਹ ਹਮਲਾ ਸੁਖਬੀਰ ਸਿੰਘ ਬਾਦਲ ‘ਤੇ ਨਹੀਂ ਹੈ, ਸਗੋਂ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਪਹਿਰੇਦਾਰੀ ਦੀ ਸੇਵਾ ਨਿਭਾਅ ਰਹੇ ਇੱਕ ਸੇਵਾਦਾਰ ‘ਤੇ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਘੋਰ ਨਿੰਦਾ ਕੀਤੀ ਜਾਣੀ ਚਾਹੀਦੀ ਹੈ। ਤਖਤ ਸ੍ਰੀ ਦਮਦਮਾ ਸਾਹਿਬ ਦੇ ਆਗੂ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਘਟਨਾ ਸੰਬੰਧੀ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਕੁਝ ਏਜੰਸੀਆਂ ਨੂੰ ਅਕਾਲ ਤਖਤ ਤੋਂ ਤਨਖਾਹ ਲਾਉਣ ਜਾਂ ਨਾ ਲਾਉਣ ਨਾਲ ਕੋਈ ਮਤਲਬ ਨਹੀਂ ਹੈ, ਉਨ੍ਹਾਂ ਨੂੰ ਸਾਡੇ ਮੀਰੀ-ਪੀਰੀ ਦੇ ਸਕੰਲਪ ਨਾਲ ਨਫਰਤ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਪੰਜਾਬ ਪੁਲਿਸ ਦੀ ਤੁਰੰਤ ਕਾਰਵਾਈ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਭੰਗ ਨਹੀਂ ਹੋਣ ਦਿੱਤਾ ਜਾਵੇਗਾ। ਕੇਂਦਰੀ ਮੰਤਰੀ ਅਤੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਰਵਨੀਤ ਸਿੰਘ ਬਿੱਟੂ ਨੇ ਇਸ ਘਟਨਾ ‘ਤੇ ਆਪਣਾ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਅਕਾਲੀ ਲੀਡਰਸ਼ਿੱਪ ਨੂੰ ਇਹ ਤੱਥ ਸਮਝ ਲੈਣਾ ਚਾਹੀਦਾ ਹੈ ਕਿ ਅਤਿਵਾਦੀ ਕਿਸੇ ਦੇ ਮਿੱਤ ਨਹੀਂ ਹੁੰਦੇ।
ਇਸ ਦੌਰਾਨ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਆਪਣਾ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਸੁਖਬੀਰ ਸਿੰਘ ਬਾਦਲ ‘ਤੇ ਹਮਲਾ ਬੇਹੱਦ ਨਿੰਦਣਯੋਗ ਹੈ। ਉਨ੍ਹਾਂ ਹੋਰ ਕਿਹਾ ਕਿ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਖਤਮ ਕਰਨ ਦੀ ਸਾਜ਼ਿਸ਼ ਰਚੀ ਗਈ ਹੈ। ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਘਟਨਾ ਦੇ ਮੱਦੇਨਜ਼ਰ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਹਾਲਤ ਤਰਸਯੋਗ ਹੈ ਅਤੇ ਸਰਕਾਰ ਨੂੰ ਸਾਰੇ ਰਾਜਨੀਤਿਕ ਆਗੂਆਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ। ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਹਾਲਤ ਬਿਲਕੁਲ ਸਥਿਰ ਹੈ ਅਤੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੇ ਸਤਰਕਤਾ ਨਾਲ ਹੀ ਸੁਖਬੀਰ ਸਿੰਘ ਬਾਦਲ ‘ਤੇ ਹੋਏ ਹਮਲੇ ਨੂੰ ਬਚਾਇਆ ਹੈ। ਯਾਦ ਰਹੇ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਸਰਕਾਰ ਵੇਲੇ ਕੈਬਨਿਟ ਸਾਥੀ ਰਹੇ ਅਕਾਲੀ ਆਗੂਆਂ ਨੂੰ 2 ਦਸੰਬਰ ਨੂੰ ਅਕਾਲ ਤਖਤ ਸਾਹਿਬ ਤੋਂ ਤਨਖਾਹ ਲਗਾਈ ਗਈ ਸੀ। ਉਨ੍ਹਾਂ ਦੇ ਸਾਥੀਆਂ ਨੂੰ ਟੋਇਲਟਾਂ ਤੇ ਬਾਥਰੂਮ ਸਾਫ ਕਰਨ ਅਤੇ ਸੁਖਬੀਰ ਬਾਦਲ ਤੇ ਸੁਖਦੇਵ ਸਿੰਘ ਢੀਂਡਸਾ ਨੂੰ ਪਹਿਰੇਦਾਰਾਂ ਵਾਲਾ ਪਹਿਰਾਵਾ ਪਾ ਕੇ ਸ੍ਰੀ ਦਰਬਾਰ ਸਾਹਿਬ ਦੇ ਘੰਟਾ ਘਰ ਵਾਲੇ ਗੇਟ ਦੇ ਬਾਹਰ ਸੇਵਾ ਨਿਭਾਉਣ ਦੀ ਤਨਖਾਹ ਨਿਸ਼ਚਤ ਕੀਤੀ ਗਈ ਸੀ। ਉਨ੍ਹਾਂ ਵੱਲੋਂ ਨਿਭਾਈ ਜਾ ਰਹੀ ਇਸ ਸੇਵਾ ਦਾ ਇਹ ਦੂਜਾ ਦਿਨ ਸੀ, ਜਦੋਂ ਉਨ੍ਹਾਂ ‘ਤੇ ਹਮਲਾ ਹੋ ਗਿਆ।
ਜ਼ਿਕਰਯੋਗ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਪਹਿਲਾਂ ਹੀ ਜੈਡ ਸਿਕਿਉਰਿਟੀ ਪੱਧਰ ਦੀ ਸੁਰੱਖਿਆ ਮਿਲੀ ਹੋਈ ਹੈ। ਇੱਥੇ ਇਹ ਜ਼ਿਕਰਯੋਗ ਹੈ ਕਿ ਬਿਕਰਮ ਸਿੰਘ ਮਜੀਠੀਆ, ਬੀਬੀ ਜਗੀਰ ਕੌਰ, ਮਹੇਸ਼ਇੰਦਰ ਸਿੰਘ ਗਰੇਵਾਲ, ਬਲਵਿੰਦਰ ਸਿੰਘ ਭੂੰਦੜ, ਜਮਨੇਜਾ ਸਿੰਘ ਸੇਖੋਂ, ਸੁਖਦੇਵ ਸਿੰਘ ਢੀਂਡਸਾ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਸਮੇਤ ਸੀਨੀਅਰ ਅਕਾਲੀ ਆਗੂ ਅਕਾਲ ਤਖਤ ਸਾਹਿਬ ਵੱਲੋਂ ਲਗਾਈ ਗਈ ਤਨਖਾਹ ਦੇ ਤਹਿਤ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਆਪਣੀ ਸੇਵਾ ਨਿਭਾਅ ਰਹੇ ਹਨ। ਅਗਲੇ ਦਿਨਾਂ ਵਿੱਚ ਉਨ੍ਹਾਂ ਵੱਲੋਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਮੁਕਤਸਰ, ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ, ਤਖਤ ਸ੍ਰੀ ਦਮਦਮਾ ਸਾਹਿਬ ਵਿਖੇ 2-2 ਦਿਨ ਆਪਣੀ ਤਨਖਾਹ ਅਨੁਸਾਰ ਸੇਵਾ ਕੀਤੀ ਜਾਣੀ ਹੈ।
ਇਸ ਦਰਮਿਆਨ ਗੁਰਪ੍ਰਤਾਪ ਸਿੰਘ ਵਡਾਲਾ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਵੱਲੋਂ ਆਪਣਾ ਵੱਖਰਾ ਅਕਾਲੀ ਗੁੱਟ ਭੰਗ ਕਰ ਦਿੱਤਾ ਗਿਆ ਹੈ ਅਤੇ ਉਹ ਸਾਰੇ ਮਿਲ ਕੇ ਅਕਾਲੀ ਦਲ ਦੀ ਪੁਨਰ ਉਸਾਰੀ ਕਰਨਗੇ। ਸ. ਵਡਾਲਾ ਨੇ ਇਹ ਵੀ ਕਿਹਾ ਕਿ ਅਕਾਲ ਤਖਤ ਸਾਹਿਬ ਵੱਲੋਂ ਸਜ਼ਾ ਲਗਾਏ ਜਾਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨਾਲ ਕੋਈ ਰੌਲਾ ਨਹੀਂ ਰਹਿ ਗਿਆ ਹੈ ਅਤੇ ਉਹ ਜਲਦੀ ਹੀ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਅਕਾਲੀ ਦਲ ਦੀ ਨਵੀਂ ਭਰਤੀ ਦਾ ਕਾਰਜ ਆਰੰਭ ਕਰਨਗੇ। ਉਨ੍ਹਾਂ ਹੋਰ ਕਿਹਾ ਕਿ ਆਪੋ ਆਪਣੀ ਤਨਖਾਹ ਭੁਗਤਣ ਤੋਂ ਬਾਅਦ ਅਕਾਲੀ ਲੀਡਰਸ਼ਿੱਪ ਪਹਿਲਾਂ ਨਾਲੋਂ ਵੀ ਮਜ਼ਬੂਤ ਹੋ ਕੇ ਨਿਕਲੇਗੀ।