ਵੰਡ ‘47 ਦੀ…
ਸੰਤਾਲੀ ਮੌਕੇ ਵੱਖਰਾ ਸਿੱਖ ਮੁਲਕ ਨਾ ਬਣ ਸਕਣ ਦੀ ਅਸਲੀਅਤ ਕੀ ਹੈ?
1947 ਦੇ ਮੁਲਕੀ ਵੰਡ-ਵੰਡਾਰੇ ਦੇ ਦੁਖਾਂਤ ਲਈ ਅਸਲ ਕਾਰਨ ਕੀ ਬਣੇ ਜਾਂ ਕਿਸ ਤਰ੍ਹਾਂ ਪ੍ਰਸਥਿਤੀਆਂ ਪੈਦਾ ਹੁੰਦੀਆਂ ਗਈਆਂ; ਜਾਂ ਇਸ ਸਭ ਲਈ ਅਸਲ ਦੋਸ਼ੀ ਕੌਣ ਸਨ? ਬਾਰੇ ਲਿਖਿਆ ਹਥਲਾ ਲੇਖ ਬਹੁਤ ਧਿਆਨ ਮੰਗਦਾ ਹੈ। ‘ਮੁਲਕ ਦੀ ਵੰਡ ਦੇ ਬੀਜ’ ਦੇ ਇਰਦ-ਗਿਰਦ ਜੁੜਦੀਆਂ ਗਈਆਂ ਜਾਂ ਪੈਦਾ ਕੀਤੀਆਂ ਗਈਆਂ ਘਟਨਾਵਾਂ ਦੇ ਪਰਿਪੇਖ ਵਿੱਚ ਵੱਖਰੇ ਕੋਣ ਤੋਂ ਨਜ਼ਰੀਆ ਜਾਹਰ ਕੀਤਾ ਗਿਆ ਹੈ।
ਲੇਖਕ ਦੇ ਵਿਚਾਰਾਂ ਨਾਲ ‘ਪੰਜਾਬੀ ਪਰਵਾਜ਼’ ਦਾ ਸਹਿਮਤ ਹੋਣਾ ਜਾਂ ਨਾ ਹੋਣਾ ਜ਼ਰੂਰੀ ਨਹੀਂ, ਪਰ ਇਸ ਮਾਮਲੇ ਬਾਰੇ ਅਸੀਂ ਇਹ ਲੇਖ ਪਾਠਕਾਂ ਦੀ ਕਚਹਿਰੀ ਵਿੱਚ ਪੇਸ਼ ਕਰ ਰਹੇ ਹਾਂ, ਜਿਸ ਵਿੱਚ ‘1947 ਦੀ ਵੰਡ ਮੌਕੇ ਵੱਖਰਾ ਸਿੱਖ ਮੁਲਕ ਨਾ ਬਣ ਸਕਣ ਦੀ ਅਸਲੀਅਤ ਕੀ ਹੈ?’ ਉਤੇ ਵੀ ਚਰਚਾ ਕੀਤੀ ਗਈ ਹੈ। ਪੇਸ਼ ਹੈ, `47 ਦੀ ਵੰਡ ਬਾਬਤ ਲੰਮੇ ਲੇਖ ਦੀ ਅੱਠਵੀਂ ਤੇ ਆਖਰੀ ਕਿਸ਼ਤ, ਜਿਸ ਵਿੱਚ ਸਿੱਖ ਲੀਡਰਾਂ ਵੱਲੋਂ ਹਿੰਦੁਸਤਾਨ ਨਾਲ ਰਹਿਣ ਦੇ ਲਈ ਸਟੈਂਡ ਪਿਛੇ ਸਿੱਖ ਆਵਾਮ ਦੀ ਸੋਚ ਦਾ ਸਿੱਧਾ ਹੱਥ, ਸਿੱਖ ਮਹਾਰਾਜਾ ਪਟਿਆਲਾ ਦੇ ਖਿਲਾਫ ਤੇ ਮਹਾਰਾਜਾ ਨਾਭਾ ਦੇ ਹੱਕ ਵਿੱਚ ਕਿਉਂ ਹੋਏ? ਆਦਿ ਸਮੇਤ ਹੋਰ ਵੇਰਵਾ ਸ਼ਾਮਲ ਹੈ…
ਗੁਰਪ੍ਰੀਤ ਸਿੰਘ ਮੰਡਿਆਣੀ
ਫੋਨ: +91-8872664000
ਪਿਛੀਆਂ ਕਿਸ਼ਤਾਂ ਵਿੱਚ ਦੱਸੇ ਕਾਰਨਾਂ ਤੋਂ ਸਪੱਸ਼ਟ ਹੈ ਕਿ ਸਿੱਖ ਆਗੂਆਂ ਨੇ ਵੱਖਰਾ ਸਿੱਖ ਰਾਜ ਲੈਣ ਲਈ ਕੋਈ ਕੋਸ਼ਿਸ਼ ਨਹੀਂ ਕੀਤੀ। ਸਿੱਖਾਂ ਨੂੰ ਵੱਖਰਾ ਰਾਜ ਮਿਲਦਾ ਸੀ ਜਾਂ ਨਹੀਂ, ਇਹਦਾ ਕੋਈ ਸਿੱਧਾ ਹਾਂ ਜਾਂ ਨਾਂਹ ਵਿੱਚ ਜਵਾਬ ਨਹੀਂ ਹੈ। ਇਹ ਗੱਲ ਵੀ ਠੀਕ ਨਹੀਂ ਕਿ ਰਾਜ ਮਿਲਦਾ ਸੀ ਤੇ ਨਾ ਹੀ ਇਹ ਗੱਲ ਸੱਚ ਹੈ ਕਿ ਰਾਜ ਨਹੀਂ ਸੀ ਮਿਲਦਾ; ਪਰ ਇੱਕ ਗੱਲ ਜ਼ਰੂਰ ਸੱਚ ਹੈ ਕਿ ਜੇ ਕੋਸ਼ਿਸ਼ ਕੀਤੀ ਜਾਂਦੀ ਤਾਂ ਵੱਖਰਾ ਸਿੱਖ ਰਾਜ ਜ਼ਰੂਰ ਮਿਲ ਸਕਦਾ ਸੀ। ਸਿੱਖ ਲੀਡਰਾਂ ਵੱਲੋਂ ਹਿੰਦੁਸਤਾਨ ਨਾਲ ਰਹਿਣ ਦੇ ਲਈ ਸਟੈਂਡ ਪਿਛੇ ਸਿੱਖ ਆਵਾਮ ਦੀ ਸੋਚ ਦਾ ਸਿੱਧਾ ਹੱਥ ਸੀ, ਨਹੀਂ ਤਾਂ ਇਹ ਕਦੇ ਨਹੀਂ ਹੋ ਸਕਦਾ ਕਿ ਜੇ ਕਿਸੇ ਕੌਮ ਦੀ ਲੀਡਰਸ਼ਿਪ ਉਸ ਕੌਮ ਦੀ ਸੋਚ ਮੁਤਾਬਕ ਕੰਮ ਨਾ ਕਰੇ ਤੇ ਕੌਮ ਆਪਦਾ ਹੋਰ ਲੀਡਰ ਨਾ ਚੁਣੇ। ਜਿਵੇਂ ਸਿੱਖਾਂ ਦੀ ਲੀਡਰਸ਼ਿਪ ਪਹਿਲਾਂ ਚੀਫ ਖਾਲਸਾ ਦੀਵਾਨ ਦੇ ਹੱਥ ‘ਚ ਸੀ; ਤੇ ਉਹ ਅੰਗਰੇਜ਼ਾਂ ਨਾਲ ਇਹ ਕਹਿ ਕੇ ਸੁਲਾਹ ਰੱਖਦੇ ਸਨ ਕਿ ਜੋ ਸਿੱਖਾਂ ਨੇ ਲੈਣਾ ਹੈ, ਉਹ ਅੰਗਰੇਜ਼ੀ ਸਰਕਾਰ ਨਾਲ ਸੁਲਾਹ ਵਿੱਚ ਹੀ ਲਿਆ ਜਾ ਸਕਦਾ ਹੈ। ਜਦੋਂ ਕਾਂਗਰਸ ਦਾ ਅਸਰ ਪੰਜਾਬ ਵਿੱਚ ਵਧਿਆ ਤਾਂ ਉਨ੍ਹਾਂ ਨੇ ਸਿੱਖਾਂ ਨੂੰ ਅੰਗਰੇਜ਼ਾਂ ਦੇ ਖਿਲਾਫ ਉਠਣ ਦਾ ਪ੍ਰਚਾਰ ਸ਼ੁਰੂ ਕਰ ਦਿੱਤਾ। ਸਿੱਖਾਂ ਦੇ ਮਨ ਨੂੰ ਅੰਗਰੇਜ਼ਾਂ ਦੇ ਬਰਖਿਲਾਫ ਚੱਲਣ ਦੀ ਗੱਲ ਭਾਅ ਗਈ।
ਇੱਥੇ ਨਵੀਂ ਸਿੱਖ ਲੀਡਰਸ਼ਿਪ ਪੈਦਾ ਹੋਈ, ਜਿਨ੍ਹਾਂ ਨੇ ਕਾਂਗਰਸ ਨਾਲ ਮਿਲਵਰਤਨ ਅਤੇ ਅੰਗਰੇਜ਼ਾਂ ਦੇ ਖਿਲਾਫ ਝੰਡਾ ਚੁੱਕਿਆ। ਸਿੱਖ ਆਵਾਮ ਨੇ ਚੀਫੀਆਂ ਦੇ ਉਲਟ ਨਵੀਂ ਸਿੱਖ ਲੀਡਰਸ਼ਿਪ ਨੂੰ ਆਪਣੀ ਹਮਾਇਤ ਦੇ ਦਿੱਤੀ, ਜੀਹਨੂੰ ਮਾਸਟਰ ਤਾਰਾ ਸਿੰਘ, ਬਾਬਾ ਖੜਕ ਸਿੰਘ, ਗਿਆਨੀ ਕਰਤਾਰ ਸਿੰਘ ਬਗੈਰਾ ਦੀ ਲੀਡਰਸ਼ਿਪ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਲੀਡਰਸ਼ਿਪ ਪਹਿਲਾਂ ਸਿੱਖ ਲੀਗ ਦੇ ਝੰਡੇ ਥੱਲੇ ਕੰਮ ਕਰਦੀ ਰਹੀ ਤੇ ਬਾਅਦ ‘ਚ ਅਕਾਲੀ ਦਲ ਦੇ ਝੰਡੇ ਥੱਲੇ। ਇਸ ਲੀਡਰਸ਼ਿਪ ਨੇ ਜਦੋਂ ਵੀ ਕਦੇ ਕਾਂਗਰਸ ਦੀ ਮਨਸ਼ਾ ਪੂਰੀ ਕਰਨ ਖਾਤਰ ਅੰਗਰੇਜ਼ਾਂ ਦੇ ਖਿਲਾਫ ਸਿੱਖਾਂ ਤੋਂ ਹਮਾਇਤ ਮੰਗੀ ਤਾਂ ਸਿੱਖ ਆਵਾਮ ਨੇ ਵਧ-ਚੜ੍ਹ ਕੇ ਇਸ ਲੀਡਰਸ਼ਿਪ ਨੂੰ ਆਪਣੀ ਹਮਾਇਤ ਦੇ ਕੇ ਕਾਮਯਾਬ ਕੀਤਾ। ਕਾਂਗਰਸ ਲੀਡਰਸ਼ਿਪ ਨੇ ਹਮੇਸ਼ਾ ਸਿੱਖਾਂ ਦੇ ਧਾਰਮਿਕ ਜਜ਼ਬਾਤ ਨੂੰ ਮਾਸਟਰ ਤਾਰਾ ਸਿੰਘ ਵਾਲੇ ਲੀਡਰਸ਼ਿਪ ਦੇ ਮਾਰਫਤ ਆਪਣੇ ਸਿਆਸੀ ਮਨਸੂਬਿਆਂ ਦੀ ਪੂਰਤੀ ਲਈ ਵਰਤਿਆ।
ਮਿਸਾਲ ਦੇ ਤੌਰ ‘ਤੇ 1920-21 ਵਿੱਚ ਜਦੋਂ ਮਹੰਤਾਂ ਨੂੰ ਗੁਰਦੁਆਰਿਆਂ ਵਿੱਚੋਂ ਕੱਢਣ ਲਈ ਕਰਤਾਰ ਸਿੰਘ ਝੱਬਰ ਦਾ ਜਥਾ ਕੰਮ ਕਰ ਰਿਹਾ ਸੀ ਤਾਂ ਸਮੁੱਚੀ ਕਾਂਗਰਸ ਲੀਡਰਸ਼ਿਪ ਇਹਦੇ ਖਿਲਾਫ ਸੀ। ਜਦੋਂ ਕਰਤਾਰ ਸਿੰਘ ਝੱਬਰ ਦਾ ਜਥਾ ਗੁਰਦੁਆਰਾ ਪੰਜਾ ਸਾਹਿਬ ‘ਤੇ ਕਬਜ਼ੇ ਲਈ ਜਾਣ ਵਾਸਤੇ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਠਹਿਰਿਆ ਹੋਇਆ ਸੀ ਤਾਂ ਉਥੇ ਅਮਰ ਸਿੰਘ ਝਬਾਲ ਰਾਹੀਂ ਗਾਂਧੀ ਨੇ ਝੱਬਰ ਨੂੰ ਸੁਨੇਹਾ ਘੱਲਿਆ ਕਿ ਤੁਸੀਂ ਗੁਰਦੁਆਰਿਆਂ ‘ਤੇ ਕਬਜ਼ੇ ਨਾ ਕਰੋ, ਤੁਸੀਂ ਕਾਂਗਰਸ ਦਾ ਕੰਮ ਕਰੋ, ਜਦੋਂ ਆਪਾਂ ਨੂੰ ਆਜ਼ਾਦੀ ਮਿਲ ਗਈ ਤਾਂ ਇਹ ਕੰਮ ਅਸੀਂ ਫਿਰ ਦੇਖਾਂਗੇ। ਉਨ੍ਹਾਂ ਦਿਨਾਂ ਵਿੱਚ ਗਾਂਧੀ ਨੇ ਸਿੱਖ ਲੀਗ ਦੇ ਬਰੈਡਲੇ ਹਾਲ ਲਾਹੌਰ ਵਿੱਚ ਹੋਏ ਇਜਲਾਸ ਦੌਰਾਨ ਤਕਰੀਰ ਵਿੱਚ ਕਿਹਾ ਕਿ “ਮਹੰਤੋਂ ਕੋ ਗੁਰਦੁਆਰੋਂ ਸੇ ਨਿਕਾਲਨਾ ਜ਼ੁਲਮ ਹੈ। ਯੇਹ ਕਾਮ ਬੰਦ ਹੋਨਾ ਚਾਹੀਏ।”
ਮਾਸਟਰ ਤਾਰਾ ਸਿੰਘ ਦੀ ਲੀਡਰਸ਼ਿਪ ਨੇ ਇੱਕ ਮਤਾ ਪਾਸ ਕਰਾ ਕੇ ਕਬਜ਼ੇ ਰੋਕਣ ਦਾ ਹੁਕਮ ਸੁਣਾਇਆ। ਝੱਬਰ ਦਾ ਜਥਾ ਮਹੰਤਾਂ ਤੋਂ ਕਬਜ਼ੇ ਖੋਹ ਰਿਹਾ ਸੀ ਤੇ ਪ੍ਰਸ਼ਾਸਨ ਮਹੰਤਾਂ ਦੀ ਕੋਈ ਗੱਲ ਨਹੀਂ ਸੀ ਸੁਣ ਰਿਹਾ, ਬਲਕਿ ਜਿੱਥੇ ਲੋੜ ਪੈਂਦੀ ਸੀ, ਉਥੇ ਪ੍ਰਸ਼ਾਸਨ ਝੱਬਰ ਦੇ ਜਥੇ ਦੀ ਮਦਦ ਕਰ ਰਿਹਾ ਸੀ। ਗੁਰਦੁਆਰਾ ਪੰਜਾ ਸਾਹਿਬ ਵਿੱਚ ਪੁਲਿਸ ਨੇ ਲਾਠੀਚਾਰਜ ਕਰਕੇ ਮਹੰਤ ਦੇ ਹੱਕ ਵਿੱਚ ਆਏ ਬੰਦਿਆਂ ਨੂੰ ਦਵੱਲਿਆ। ਮਹੰਤ ਵੱਲੋਂ ਲੱਖ ਦਾਦ-ਫਰਿਆਦ ਦੇ ਬਾਵਜੂਦ ਡੀ.ਸੀ. ਨੇ ਮਹੰਤ ਨੂੰ ਗੁਰਦੁਆਰਾ ਛੱਡਣ ਦਾ ਹੁਕਮ ਸੁਣਾਇਆ। ਨਨਕਾਣੇ ਦੇ ਮਹੰਤ ਨਰੈਣ ਦਾਸ ਵੱਲੋਂ ਹਾੜੇ ਕੱਢਣ ਦੇ ਬਾਵਜੂਦ ਸਰਕਾਰ ਨੇ ਉਹਦੀ ਕੋਈ ਮਦਦ ਨਹੀਂ ਕੀਤੀ। ਨਨਕਾਣਾ ਸਾਹਿਬ ਵਾਲਾ ਜਿਹੜਾ ਸਾਕਾ ਹੋਇਆ ਹੈ, ਉਹਦੇ ਲਈ ਪੂਰੀ ਸੂਰੀ ਅਕਾਲੀ ਲੀਡਰਸ਼ਿਪ ਜ਼ਿੰਮੇਵਾਰ ਹੈ। (ਇਹ ਸਾਬਤ ਕਰਨ ਲਈ ਲੇਖਕ ਨੇ ਇੱਕ ਵੱਖਰੀ ਲੇਖ ਲੜੀ ਵੀ ਲਿਖੀ ਹੈ)
ਨਨਕਾਣਾ ਸਾਹਿਬ ਸਾਕੇ ਤੋਂ ਬਾਅਦ ਉਥੇ ਜਿਹੜਾ ਸ਼ਹੀਦੀ ਸਮਾਗਮ ਹੋਇਆ, ਉਥੇ ਗਾਂਧੀ ਵੀ ਪਹੁੰਚਿਆ। ਉਹਨੇ ਇਸ ਕਤਲੇਆਮ ਖਾਤਰ ਨਰੈਣ ਦਾਸ ਨੂੰ ਕਸੂਰਵਾਰ ਕਹਿਣ ਦੀ ਬਜਾਏ ਅੰਗਰੇਜ਼ ਸਰਕਾਰ ਨੂੰ ਹੀ ਕਸੂਰਵਾਰ ਕਿਹਾ। ਮਹੰਤ ਦੇ ਖਿਲਾਫ ਇੱਕ ਵੀ ਲਫਜ਼ ਗਾਂਧੀ ਦੀ ਜ਼ੁਬਾਨ ਤੋਂ ਨਹੀਂ ਫੁੱਟਿਆ। ਕਾਂਗਰਸੀ ਤੇ ਉਘੇ ਆਰੀਆ ਸਮਾਜੀ ਆਗੂ ਲਾਲਾ ਲਾਜਪਤ ਰਾਏ ਵੀ ਉਥੇ ਪਹੁੰਚਿਆ ਤੇ ਸਾਕੇ ਲਈ ਅੰਗਰੇਜ਼ਾਂ ਨੂੰ ਕਸੂਰਵਾਰ ਦੱਸਿਆ। ਇਹੀ ਲਾਲਾ ਪਹਿਲਾਂ ਮਹੰਤ ਦੇ ਹੱਕ ਵਿੱਚ ਡੱਟ ਕੇ ਖੜ੍ਹਾ ਸੀ, ਆਪਦੇ ਰਸਾਲੇ ਵਿੱਚ ਮਹੰਤ ਦੇ ਹੱਕ ਵਿੱਚ ਲਿਖਦਾ ਸੀ ਤੇ ਮਹੰਤ ਨੂੰ ਕਬਜ਼ਾ ਬਰਕਰਾਰ ਰੱਖਣ ਖਾਤਰ ਕਾਨੂੰਨੀ ਜੁਗਤਾਂ ਦੱਸਦਾ ਸੀ। ਇਹੀ ਲਾਲਾ ਉਥੇ ਸਿੱਖਾਂ ਨੂੰ ਮੱਤਾਂ ਦੇ ਰਿਹਾ ਸੀ ਕਿ ਤੁਸੀਂ ਅੰਗਰੇਜ਼ਾਂ ਦੇ ਖਿਲਾਫ ਹੋਵੇ। ਗਾਂਧੀ ਨੇ ਨਨਕਾਣਾ ਸਾਹਿਬ ਕਤਲੇਆਮ ਨੂੰ ਜਲਿਆਂਵਾਲੇ ਬਾਗ ਦਾ ਦੂਜਾ ਐਡੀਸ਼ਨ ਦੱਸਦਿਆਂ ਸਿੱਖਾਂ ਨੂੰ ਅੰਗਰੇਜ਼ਾਂ ਦੇ ਖਿਲਾਫ ਹੋਣ ਦੀ ਅਪੀਲ ਕੀਤੀ। ਉਹਨੇ ਮਹੰਤ ਨੂੰ ਬਚਾਉਣ ਖਾਤਰ ਇਸ ਮੁਕੱਦਮੇ ਦਾ ਬਾਈਕਾਟ ਕਰਨ ਦਾ ਮਤਾ ਪਾਸ ਕਰਨ ਦੀ ਅਪੀਲ ਕੀਤੀ। ਕਰਤਾਰ ਸਿੰਘ ਝੱਬਰ ਦੀ ਲੀਡਰਸ਼ਿਪ ਮੁਕੱਦਮੇ ਦਾ ਬਾਈਕਾਟ ਨਹੀਂ ਸੀ ਚਾਹੁੰਦੀ, ਪਰ ਕਾਂਗਰਸ ਨਾਲ ਮਿਲ ਕੇ ਚੱਲਣ ਵਾਲੀ ਮਾਸਟਰ ਤਾਰਾ ਸਿੰਘ ਵਾਲੀ ਲੀਡਰਸ਼ਿਪ ਨੇ ਮੁਕੱਦਮੇ ਦੇ ਬਾਈਕਾਟ ਦੇ ਹੱਕ ਵਿੱਚ ਤਕਰੀਰ ਕੀਤੀ, ਜਿਸ ਨੂੰ ਸਿੱਖ ਆਵਾਮ ਨੇ ਕਬੂਲ ਕੀਤਾ।
ਇਸ ਤਰੀਕੇ ਨਾਲ ਝੱਬਰ ਵਾਲੀ ਲੀਡਰਸ਼ਿਪ ਨੂੰ ਸਿੱਖਾਂ ਨੇ ਪਰਾਂ ਧੱਕ ਦਿੱਤਾ। ਦੇਖੋ ਜਿਹੜੀ ਲੀਡਰਸ਼ਿਪ ਨੇ ਗੁਰਦੁਆਰੇ ਮਹੰਤਾਂ ਤੋਂ ਆਜ਼ਾਦ ਕਰਾਉਣ ਦਾ ਵਿੱਢ-ਵਿੱਢਿਆ ਅਤੇ ਕਾਮਯਾਬੀ ਹਾਸਲ ਕੀਤੀ, ਉਹਦੀ ਬਜਾਏ ਸਿੱਖਾਂ ਨੂੰ ਉਹ ਲੀਡਰਸ਼ਿਪ ਪਸੰਦ ਆਈ, ਜਿਹੜੀ ਮਹੰਤਾਂ ਦੇ ਸਿੱਧੇ ਤੇ ਅਸਿੱਧੇ ਤਰੀਕੇ ਨਾਲ ਹੱਕ ਵਿੱਚ ਸੀ ਅਤੇ ਅੰਗਰੇਜ਼ਾਂ ਦੇ ਵਿਰੋਧ ‘ਚ ਸੀ। ਉਥੇ ਹਾਜ਼ਰ ਸਿੱਖ ਸੰਗਤ ਨੇ ਗਾਂਧੀ ਤੇ ਲਾਲੇ ਵਰਗੇ ਉਨ੍ਹਾਂ ਬੰਦਿਆਂ ਨੂੰ ਤਾਂ ਕਬੂਲ ਕੀਤਾ, ਜਿਹੜੇ ਸ਼ੱਰ੍ਹੇਆਮ ਮਹੰਤਾਂ ਦੇ ਹੱਕ ਵਿੱਚ ਖੜ੍ਹੇ ਸਨ। ਜੇ ਸਿੱਖ ਸੰਗਤ ਇਹ ਕਬੂਲ ਨਾ ਕਰਦੀ ਤਾਂ ਸਿੱਖ ਲੀਡਰਸ਼ਿਪ ਦੀ ਕੀ ਮਜਾਲ ਸੀ ਕਿ ਉਹ ਉਨ੍ਹਾਂ ਨੂੰ ਇੱਥੇ ਸੱਦਦੀ ਤੇ ਉਨ੍ਹਾਂ ਵੱਲੋਂ ਦਿੱਤੀ ਗਈ ਬਾਈਕਾਟ ਦੀ ਸਲਾਹ ਨੂੰ ਖਿੜ੍ਹੇ ਮੱਥੇ ਕਬੂਲ ਕਰਦੀ। ਜਦੋਂ ਗੁਰਦੁਆਰਾ ਡੇਰਾ ਸਾਹਿਬ ਕਰਤਾਰ ਸਿੰਘ ਝੱਬਰ ਨੂੰ ਗਾਂਧੀ ਦਾ ਕਬਜ਼ਾ ਰੋਕਣ ਵਾਲਾ ਸੁਨੇਹਾ ਪੁੱਜਿਆ ਤਾਂ ਝੱਬਰ ਨੇ ਆਖਿਆ ਕਿ ਅਸੀਂ ਕਬਜ਼ੇ ਕਰ ਰਹੇ ਹਾਂ ਤੇ ਸਰਕਾਰ ਚੁੱਪ ਹੈ, ਜਦੋਂ ਮੁਲਕ ਆਜ਼ਾਦ ਹੋ ਗਿਆ ਤਾਂ ਗੁਰਦੁਆਰਿਆਂ ਦੀ ਆਜ਼ਾਦੀ ਹੋਰ ਵੀ ਖਤਰੇ ਵਿੱਚ ਪੈ ਜਾਵੇਗੀ। ਅੰਗਰੇਜ਼ ਤੀਜੀ ਧਿਰ ਹੈ, ਜੋ ਕਿ ਸਾਡੇ ਧਾਰਮਿਕ ਮਾਮਲਿਆਂ ਵਿੱਚ ਨਿਰਪੱਖ ਹੈ ਤੇ ਗਾਂਧੀ ਹੁਰੀਂ ਅੱਜ ਵੀ ਮਹੰਤਾਂ ਦੇ ਹੱਕ ਵਿੱਚ ਹੇ ਤੇ ਜਦੋਂ ਇਨ੍ਹਾਂ ਦੇ ਹੱਥ ਵਿੱਚ ਰਾਜ ਆਇਆ ਤਾਂ ਫਿਰ ਕਿਉਂ ਨਾ ਹੋਣਗੇ?
ਸਿੱਖੋ! ਕੁਝ ਆਪਦੇ ਖਾਤਰ ਮੰਗੋ
ਅੰਗਰੇਜ਼ਾਂ ਨੇ ਕਿਹਾ ਕਿ ਸਿੱਖੋ! ਕੁਝ ਆਪਦੇ ਖਾਤਰ ਮੰਗੋ, ਕਾਂਗਰਸ ਖਾਤਰ ਤੁਸੀਂ ਸਾਡੇ ਨਾਲ ਮੱਥਾ ਨਾ ਲਾਓ! ਇਹਤੋਂ ਬਾਅਦ ਜਦੋਂ ਕਾਂਗਰਸ ਨੇ ਨਾ-ਮਿਲਵਰਤਨ ਅੰਦੋਲਨ ਦਾ ਐਲਾਨ ਕੀਤਾ ਤਾਂ ਸਿੱਖਾਂ ਨੇ ਇਹਦੀ ਹਮਾਇਤ ਕੀਤੀ। ਅੰਗਰੇਜ਼ਾਂ ਨੇ ਸਿੱਖਾਂ ਨੂੰ ਬਾਕਾਇਦਾ ਤੌਰ ‘ਤੇ ਇਸ ਅੰਦੋਲਨ ਤੋਂ ਵੱਖ ਹੋ ਜਾਣ ਦੀ ਅਪੀਲ ਕੀਤੀ ਤੇ ਕਿਹਾ ਕਿ ਜੋ ਤੁਹਾਡੀਆਂ ਮੰਗਾਂ ਹਨ, ਸਾਨੂੰ ਦੱਸੋ ਅਸੀਂ ਸਾਰੀਆਂ ਮੰਨਣ ਨੂੰ ਤਿਆਰ ਹਾਂ, ਪਰ ਤੁਸੀਂ ਸਾਡੇ ਖਿਲਾਫ ਕਾਂਗਰਸ ਦੀ ਮੁਹਿੰਮ ਦਾ ਸਾਥ ਨਾ ਦਿਓ। ਇਹਤੋਂ ਬਾਅਦ ਅਕਾਲੀਆਂ ਨੇ ਜਿਹੜਾ ਗੁਰੂ ਕੇ ਬਾਗ ਮੋਰਚਾ ਲਾਇਆ, ਉਹ ਵੀ ਅੰਗਰੇਜ਼ਾਂ ਨਾਲ ਸਿਆਸੀ ਟਕਰਾਅ ਵਿੱਚੋਂ ਨਿਕਲਿਆ ਸੀ, ਨਾ ਕਿ ਧਾਰਮਿਕ ਟਕਰਾਅ ਵਿੱਚੋਂ। ਸਰਕਾਰ ਨੇ ਅਕਾਲੀਆਂ ‘ਤੇ ਉਦੋਂ ਸਖਤੀ ਸ਼ੁਰੂ ਕੀਤੀ, ਜਦੋਂ ਸਿੱਖਾਂ ਦੇ ਧਾਰਮਿਕ ਜਜ਼ਬਾਤ ਨੂੰ ਭੜਕਾਅ ਕੇ ਸਰਕਾਰ ਨਾਲ ਸਿਆਸੀ ਟਕਰਾਅ ਲੈ ਰਹੇ ਸੀ। ਜੈਤੋਂ ਦਾ ਮੋਰਚਾ ਵੀ ਸਿਆਸੀ ਟਕਰਾਅ ‘ਚੋਂ ਹੀ ਨਿਕਲਿਆ ਸੀ। ਨਾਭੇ ਵਾਲੇ ਰਾਜੇ ਨੂੰ ਗੱਦੀਓਂ ਲਾਹੁਣਾ ਅੰਗਰੇਜ਼ਾਂ ਦਾ ਇੱਕ ਸਿਆਸੀ ਕਦਮ ਸੀ, ਪਰ ਸਿੱਖਾਂ ਨੇ ਇਹਨੂੰ ਧਾਰਮਿਕ ਮੁੱਦਾ ਬਣਾ ਕੇ ਅੰਗਰੇਜ਼ਾਂ ਨਾਲ ਟੱਕਰ ਲਈ; ਹਾਲਾਂਕਿ ਸਿੱਖ ਹਿੱਤਾਂ ਦੇ ਲਿਹਾਜ਼ ਨਾਲ ਮਹਾਰਾਜਾ ਪਟਿਆਲਾ, ਮਹਾਰਾਜਾ ਨਾਭੇ ਨਾਲੋਂ ਕਈ ਕਦਮ ਅੱਗੇ ਸੀ। ਮਹਾਰਾਜਾ ਭੁਪਿੰਦਰ ਸਿੰਘ ਪਟਿਆਲਾ ਤੋਂ ਹਮਾਇਤ ਮੰਗਣ ਗਏ ਮਹੰਤ ਨਰੈਣ ਦਾਸ ਨੂੰ ਟਕੇ ਅਰਗਾ ਜਵਾਬ ਹੀ ਨਹੀਂ ਦਿੱਤਾ, ਬਲਕਿ ਬੰਦਿਆਂ ਵਾਂਗੂੰ ਕਬਜ਼ਾ ਪੰਥ ਦੇ ਸਪੁਰਦ ਕਰਨ ਦੀ ਤਾਕੀਦ ਕੀਤੀ।
ਨਨਕਾਣਾ ਸਾਹਿਬ ਸਾਕੇ ਤੋਂ ਬਾਅਦ ਜਦੋਂ ਸ਼ਹੀਦੀ ਪ੍ਰੋਗਰਾਮ ਚੱਲ ਰਿਹਾ ਸੀ ਤਾਂ ਉਥੇ ਮਹਾਰਾਜਾ ਭੁਪਿੰਦਰ ਸਿੰਘ ਦੀ ਇੱਕ ਤਾਰ ਪੁੱਜੀ ਤਾਂ ਅਕਾਲੀ ਅਮਰ ਸਿੰਘ ਝਬਾਲ ਵਰਗਿਆਂ ਨੇ ਇਹ ਕਹਿ ਕੇ ਤਾਰ ਪੜ੍ਹਨੋਂ ਇਨਕਾਰ ਕਰ ਦਿੱਤਾ ਕਿ ਸਾਨੂੰ ਰਾਜੇ-ਮਹਾਰਾਜਿਆਂ ਦੀ ਹਮਾਇਤ ਦੀ ਕੋਈ ਲੋੜ ਨਹੀਂ ਹੈ; ਪਰ ਕਰਤਾਰ ਸਿੰਘ ਝੱਬਰ ਦੇ ਕਹਿਣ ‘ਤੇ ਇਹ ਤਾਰ ਪੜ੍ਹੀ ਗਈ, ਜਿਸ ਵਿੱਚ ਮਹਾਰਾਜਾ ਭੁਪਿੰਦਰ ਸਿੰਘ ਨੇ ਸ਼ਹੀਦੀਆਂ ‘ਤੇ ਅਫਸੋਸ ਜ਼ਾਹਰ ਕਰਦਿਆਂ ਆਖਿਆ ਸੀ ਕਿ ਮੈਨੂੰ ਸ਼ਹੀਦ ਪਰਿਵਾਰਾਂ ਦੀ ਲਿਸਟ ਘੱਲ ਦਿੱਤੀ ਜਾਵੇ ਤਾਂ ਕਿ ਮੈਂ ਉਨ੍ਹਾਂ ਨੂੰ ਪੈਨਸ਼ਨ ਲਾ ਸਕਾਂ। ਉਹਤੋਂ ਬਾਅਦ ਵੀ ਜਦੋਂ ਸਿੱਖਾਂ ਹੱਥੋਂ ਨਰੈਣ ਦਾਸ ਦਾ ਸਾਲਾ ਬਿਸ਼ਨ ਦਾਸ ਕਤਲ ਹੋ ਗਿਆ ਤਾਂ ਮਹਾਰਾਜਾ ਭੁਪਿੰਦਰ ਸਿੰਘ ਨੇ ਸਿੱਖਾਂ ਨੂੰ ਬਰੀ ਕਰਾਉਣ ਵਿੱਚ ਅਹਿਮ ਰੋਲ ਅਦਾ ਕੀਤਾ; ਪਰ ਮਹਾਰਾਜਾ ਭੁਪਿੰਦਰ ਸਿੰਘ ਸਿੱਖਾਂ ਨੂੰ ਸਿਆਸੀ ਕਾਰਨਾਂ ਕਰਕੇ ਨਹੀਂ ਸੀ ਭਾਉਂਦਾ। ਕਾਰਨ ਇਹ ਸੀ ਕਿ ਉਹ ਅੰਗਰੇਜ਼ਾਂ ਦੇ ਹੱਕ ਵਿੱਚ ਸੀ, ਜੋ ਕਿ ਕਾਂਗਰਸ ਨੂੰ ਚੰਗਾ ਨਹੀਂ ਸੀ ਲੱਗਦਾ। ਕਿਉਂਕਿ ਅਕਾਲੀਆਂ ਨੂੰ ਕਾਂਗਰਸ ਚੰਗੀ ਲੱਗਦੀ ਸੀ, ਇਸ ਕਰਕੇ ਉਨ੍ਹਾਂ ਨੂੰ ਭੁਪਿੰਦਰ ਸਿੰਘ ਚੰਗਾ ਨਹੀਂ ਸੀ ਲੱਗਦਾ। ਜੇ ਅਕਾਲੀਆਂ ਦੀ ਨਾ-ਪਸੰਦੀ ਦਾ ਕਾਰਨ ਉਹਦਾ ਮਹਾਰਾਜਾ ਹੋਣਾ ਹੀ ਹੁੰਦਾ ਤਾਂ ਉਹ ਨਾਭੇ ਵਾਲੇ ਮਹਾਰਾਜੇ ਨਾਲ ਵੀ ਭੁਪਿੰਦਰ ਸਿੰਘ ਵਰਗਾ ਹੀ ਸਲੂਕ ਕਰਦੇ, ਪਰ ਨਾਭੇ ਵਾਲੇ ਦੀ ਗੱਦੀ ਖੁੱਸਣ ਦਾ ਅਕਾਲੀਆਂ ਨੂੰ ਐਨਾ ਦੁੱਖ ਹੋਇਆ ਕਿ ਉਹਦੇ ਪਿੱਛੇ ਹਜ਼ਾਰਾਂ ਗ੍ਰਿਫਤਾਰੀਆਂ ਤੇ ਸੈਂਕੜੇ ਸਿੱਖਾਂ ਦੀਆਂ ਸ਼ਹੀਦੀਆਂ ਤੋਂ ਇਲਾਵਾ ਜਾਇਦਾਦਾਂ ਜ਼ਬਤ ਕਰਾਈਆਂ ਅਤੇ ਨੌਕਰੀਆਂ ਛੁਡਵਾਈਆਂ।
ਮਹਾਰਾਜਾ ਪਟਿਆਲਾ ਦੇ ਖਿਲਾਫ ਤੇ ਮਹਾਰਾਜਾ ਨਾਭਾ ਦੇ ਹੱਕ ਵਿੱਚ ਕਿਉਂ ਹੋਏ ਸਿੱਖ?
ਇਹ ਗੱਲ ਨਹੀਂ ਸੀ ਕਿ ਇੱਕ ਸਿੱਖ ਰਾਜੇ ਨਾਲ ਧੱਕਾ ਹੋਣ ਕਰਕੇ ਹੀ ਅਕਾਲੀਆਂ ਨੇ ਉਹਦੇ ਹੱਕ ‘ਚ ਜੈਤੋਂ ਦਾ ਮੋਰਚਾ ਲਾਇਆ! ਅਸਲ ‘ਚ ਗੱਲ ਇਹ ਸੀ ਕਿ ਨਾਭੇ ਵਾਲਾ ਅੰਗਰੇਜ਼ਾਂ ਦੇ ਖਿਲਾਫ ਤੇ ਕਾਂਗਰਸ ਦੇ ਹੱਕ ਵਿੱਚ ਸੀ। ਅਕਾਲੀਆਂ ਦੀ ਸਾਰੀ ਨਕਲੋ ਹਰਕਤ ਇਸੇ ਫਾਰਮੂਲੇ ਦੇ ਤਹਿਤ ਹੁੰਦੀ ਸੀ ਕਿ ਕਾਂਗਰਸ ਦੇ ਨਾਲ ਰਲ ਕੇ ਪੂਰਾ ਟਿੱਲ ਲਾ ਕੇ ਅੰਗਰੇਜ਼ਾਂ ਦੇ ਖਿਲਾਫ ਲੜਾਈ ਲੜਨੀ ਹੈ। ਹੁਣ ਨਾਭੇ ਵਾਲੇ ਮਹਾਰਾਜੇ ਦੀ ਸਿੱਖੀ ਦੇਖੋ, ਵੀਹਵੀਂ ਸਦੀ ਦੇ ਸ਼ੁਰੂ ਵਿੱਚ ਸਿੰਘ ਸਭਾ ਲਹਿਰ ਵੇਲੇ ਜਦੋਂ ਹਿੰਦੂਆਂ ਦਾ ਅਤੇ ਸਿੱਖਾਂ ਦਾ ਸਿਧਾਂਤਕ ਟਕਰਾਅ ਹੋਇਆ ਤਾਂ ਨਾਭੇ ਵਾਲੇ ਨੇ ਸਿੱਖਾਂ ਦੇ ਖਿਲਾਫ ਅਤੇ ਹਿੰਦੂਆਂ ਦੇ ਹੱਕ ਵਿੱਚ ਠੋਕਵਾਂ ਸਟੈਂਡ ਲਿਆ। ਉਦੋਂ ਆਰੀਆ ਸਮਾਜੀਆਂ ਨੇ ‘ਸਿੱਖ ਬੰਦੇ’ ਦੇ ਨਾਂ ਥੱਲੇ ਇੱਕ ਕਿਤਾਬਚਾ ਛਪਾਇਆ, ਜਿਸ ਦਾ ਸਿਰਲੇਖ ਸੀ ‘ਹਮ ਹਿੰਦੂ ਹੈਂ’ ਭਾਵ ਸਿੱਖ ਕਹਿ ਰਹੇ ਸੀ ਕਿ ਅਸੀਂ ਹਿੰਦੂ ਹਾਂ। ਉਨ੍ਹੀਂ ਦਿਨੀਂ ਉਘੇ ਸਿੱਖ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ, ਨਾਭਾ ਰਿਆਸਤ ਵਿੱਚ ਅਹਿਲਕਾਰ ਦੇ ਤੌਰ `ਤੇ ਤਾਇਨਾਤ ਸਨ। ਉਨ੍ਹਾਂ ਦਾ ਜੀਅ ਕੀਤਾ ਕਿ ਇਸ ਕਿਤਾਬਚੇ ਦਾ ਜੁਆਬ ਦਿੱਤਾ ਜਾਵੇ, ਪਰ ਉਨ੍ਹਾਂ ਨੂੰ ਨਾਲੋ ਨਾਲ ਇਹ ਵੀ ਪਤਾ ਸੀ ਕਿ ਮਹਾਰਾਜਾ ਖੁਦ ਸਿੱਖਾਂ ਨੂੰ ਹਿੰਦੂ ਹੀ ਕਹਿੰਦਾ ਹੈ ਤੇ ਉਹ ਮੇਰੀ ਅਜਿਹੀ ਲਿਖਤ ਉਤੇ ਜ਼ਰੂਰ ਔਖਾ ਹੋਵੇਗਾ। ਭਾਈ ਕਾਨ੍ਹ ਸਿੰਘ ਨਾਭਾ ਨੇ ਆਰੀਆ ਸਮਾਜੀਆਂ ਦੇ ਕਿਤਾਬਚੇ ਦੇ ਜੁਆਬ ਵਿੱਚ ਇੱਕ ਕਿਤਾਬਚਾ ‘ਹਮ ਹਿੰਦੂ ਨਹੀਂ’ ਦੇ ਸਿਰਲੇਖ ਹੇਠ 1895 ਵਿੱਚ ਲਿਖਿਆ। ਪਰ ਨਾਭੇ ਵਾਲੇ ਰਾਜੇ ਤੋਂ ਡਰਦਿਆਂ ਉਨ੍ਹਾਂ ਨੇ ਇਹ ਕਿਤਾਬਚਾ ਰਿਆਸਤ ਤੋਂ ਦੂਰ ਜਾ ਕੇ ਲਾਹੌਰੋਂ ਛਪਵਾਇਆ ਅਤੇ ਲਿਖਾਰੀ ਦਾ ਨਾਮ ਵੀ ਕਾਨ੍ਹ ਸਿੰਘ ਨਾ ਲਿਖਦਿਆਂ ਆਪਣੇ ਉਪ ਨਾਮ ਹਰੀ ਬ੍ਰਿਜੇਸ਼ ਦੇ ਅੰਗਰੇਜ਼ੀ ਵਾਲੇ ਮੁਢਲੇ ਅੱਖਰ ਐੱਚ.ਬੀ. ਦੇ ਨਾਂ ਹੇਠ ਛਪਵਾਇਆ।
ਜਦੋਂ ਇਹ ਕਿਤਾਬਚਾ ਲੋਕਾਂ ਵਿੱਚ ਆਇਆ ਤਾਂ ਆਰੀਆ ਸਮਾਜੀ ਝੱਟ ਸਮਝ ਗਏ ਕਿ ਇਹਦਾ ਲਿਖਾਰੀ ਕਾਨ੍ਹ ਸਿੰਘ ਹੀ ਹੋ ਸਕਦਾ ਹੈ। ਆਰੀਆ ਸਮਾਜ ਦੀ ਅਗਵਾਈ ਹੇਠ ਹਿੰਦੂ ਮਹਾਰਾਜਾ ਨਾਭਾ ਨੂੰ ਮਿਲੇ ਤੇ ਕਿਹਾ ਆਹ ਦੇਖੋ ਆਪਦੇ ਕਾਨ੍ਹ ਸਿੰਘ ਦੀ ਕਰਤੂਤ, ਉਹਨੇ ਇਹ ਲਿਖ ਕੇ ਵੱਡਾ ਜ਼ੁਲਮ ਕੀਤਾ ਹੈ ਕਿ ਸਿੱਖ ਹਿੰਦੂ ਨਹੀਂ ਹਨ। ਇਸ ਘੋਰ ਪਾਪ ਦੇ ਤਹਿਤ ਕਾਨ੍ਹ ਸਿੰਘ ਨੂੰ ਫੌਰੀ ਦਰਬਾਰ ਵਿੱਚੋਂ ਕੱਢਿਆ ਜਾਵੇ। ਮਹਾਰਾਜਾ ਝੱਟ ਸਹਿਮਤ ਹੋ ਗਿਆ। ਸੋ ਇਹ ਸੀ ਮਹਾਰਾਜਾ ਨਾਭੇ ਦੀ ਸਿੱਖੀ, ਜੀਹਦੇ ਪਿਛੇ ਅਕਾਲੀਆਂ ਨੇ ਮੋਰਚਾ ਲਾਇਆ। ਇੱਥੇ ਹੀ ਬਸ ਨਹੀਂ, ਆਰੀਆ ਸਮਾਜੀਆਂ ਨੇ ਦੁਬਾਰਾ ਫਿਰ ਕਾਨ੍ਹ ਸਿੰਘ ਨੂੰ ਨਿਸ਼ਾਨਾ ਬਣਾਇਆ। ਗੱਲ ਇਉਂ ਹੋਈ ਕਿ ਜਦੋਂ ਕਾਨ੍ਹ ਸਿੰਘ ਨਾਭਾ ਦੀ ਫਿਰ ਰਾਜੇ ਨੂੰ ਲੋੜ ਮਹਿਸੂਸ ਹੋਈ ਤਾਂ ਉਹਨੇ ਕਾਨ੍ਹ ਸਿੰਘ ਨੂੰ ਅੰਗਰੇਜ਼ੀ ਰਿਆਸਤ ਦਾ ਪ੍ਰਬੰਧ ਦੇਖਣ ਵਾਲੇ ਅੰਗਰੇਜ਼ੀ ਏਜੰਟ ਦੇ ਦਫਤਰ ਵਿੱਚ ਆਪਦੇ ਨੁਮਾਇੰਦੇ ਦੇ ਤੌਰ ‘ਤੇ ਤਾਇਨਾਤ ਕਰ ਦਿੱਤਾ। ਜੀਹਦਾ ਪ੍ਰਭਾਵ ਇਹੋ ਦਿੱਤਾ ਗਿਆ ਕਿ ਭਾਵੇਂ ਕਾਨ੍ਹ ਸਿੰਘ ਨੂੰ ਮੁੜ ਨੌਕਰੀ ‘ਤੇ ਰੱਖ ਲਿਆ ਗਿਆ ਹੈ, ਪਰ ਉਹਦਾ ਰਾਜ ਦਰਬਾਰ ਵਿੱਚ ਕੋਈ ਦਖਲ ਨਹੀਂ। ਸਿੰਘ ਸਭਾ ਲਹਿਰ ਤੋਂ ਪਹਿਲਾਂ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਹਿੰਦੂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਰੱਖੀਆਂ ਹੋਈਆਂ ਸਨ ਤੇ ਇਨ੍ਹਾਂ ਨੂੰ ਲੋਕ ਮੱਥਾ ਟੇਕਦੇ ਸਨ। ਪਰਿਕਰਮਾ ਦੇ ਇੱਕ ਕਮਰੇ ਵਿੱਚ ਚਹੁ-ਭੁਜਾਂ ਵਾਲੀ ਦੇਵੀ ਦੀ ਮੂਰਤੀ ਰੱਖੀ ਹੋਈ ਸੀ, ਜੀਹਦੇ ਮੂਹਰੇ ਗੁਰੂ ਗੋਬਿੰਦ ਸਿੰਘ ਦੀ ਮੂਰਤੀ ਬਣਾ ਕੇ ਉਨ੍ਹਾਂ ਨੂੰ ਬੜੀ ਅਧੀਨਗੀ ਨਾਲ ਦੇਵੀ ਮੂਹਰੇ ਝੁਕੇ ਹੋਏ ਦਿਖਾਇਆ ਗਿਆ ਸੀ।
ਸਿੰਘ ਸਭਾ ਨੇ ਡੀ.ਸੀ. ਅੰਮ੍ਰਿਤਸਰ ਨੂੰ ਮੂਰਤੀਆਂ ਚੁਕਾਉਣ ਖਾਤਰ ਅਪੀਲ ਕੀਤੀ। ਡੀ.ਸੀ. ਨੇ ਦਰਬਾਰ ਸਾਹਿਬ ਵਿੱਚੋਂ ਮੂਰਤੀਆਂ ਚੁਕਵਾ ਦਿੱਤੀਆਂ। ਭਾਈ ਕਾਨ੍ਹ ਸਿੰਘ ਨਾਭਾ ਨੇ ਨਾਭਾ ਰਿਆਸਤ ਦੇ ਆਪਦੇ ਸਰਕਾਰੀ ਲੈਟਰਪੈੱਡ ਉਤੇ ਡੀ.ਸੀ. ਅੰਮ੍ਰਿਤਸਰ ਨੂੰ ਵਧਾਈਆਂ ਦੀ ਇੱਕ ਚਿੱਠੀ ਲਿਖ ਦਿੱਤੀ। ਦੂਜੇ ਪਾਸੇ ਮੂਰਤੀਆਂ ਚੱਕਣ ਦੇ ਖਿਲਾਫ ਹਿੰਦੂਆਂ ਨੇ ਜਲਸੇ ਮੁਜ਼ਾਹਰੇ ਸ਼ੁਰੂ ਕੀਤੇ ਹੋਏ ਸਨ। ਇਸ ਬਾਬਤ ਡੀ.ਸੀ. ਨੂੰ ਮਿਲਣ ਗਏ ਇੱਕ ਹਿੰਦੂ ਡੈਪੂਟੇਸ਼ਨ ਨੂੰ ਡੀ.ਸੀ. ਨੇ ਭਾਈ ਕਾਨ੍ਹ ਸਿੰਘ ਨਾਭਾ ਦੀ ਉਹ ਵਧਾਈ ਵਾਲੀ ਚਿੱਠੀ ਵਿਖਾ ਦਿੱਤੀ ਤੇ ਕਿਹਾ ਕਿ ਆਹ ਦੇਖੋ ਇੱਕ ਵੱਡਾ ਸਿੱਖ ਵਿਦਵਾਨ ਤਾਂ ਮੈਨੂੰ ਵਧਾਈ ਦੇ ਰਿਹਾ ਹੈ, ਤੁਸੀਂ ਕਿਵੇਂ ਕਹਿੰਦੇ ਹੋ ਕਿ ਮੂਰਤੀਆਂ ਚੁੱਕਣੀਆਂ ਗਲਤ ਨੇ? ਬੱਸ ਵਿਚਾਰਾ ਕਾਨ੍ਹ ਸਿੰਘ ਫੇਰ ਫਸ ਗਿਆ! ਹਿੰਦੂਆਂ ਨੇ ਉਹੀ ਗੱਲ ਮਹਾਰਾਜਾ ਨਾਭਾ ਨੂੰ ਜਾ ਦੱਸੀ। ਮਹਾਰਾਜੇ ਨੇ ਕਾਨ੍ਹ ਸਿੰਘ ਨੂੰ ਇਹ ਦੋਸ਼ ਲਾ ਕੇ ਫੇਰ ਨੌਕਰੀਓਂ ਕੱਢ ਦਿੱਤਾ ਕਿ ਤੇਰੇ ਵੱਲੋਂ ਸਰਕਾਰੀ ਲੈਟਰਹੈੱਡ ‘ਤੇ ਡੀ.ਸੀ. ਨੂੰ ਵਧਾਈ ਦੇਣ ਦਾ ਮਤਲਬ ਇਹ ਹੋਇਆ ਕਿ ਨਾਭਾ ਰਿਆਸਤ ਵੀ ਮੂਰਤੀਆਂ ਚੁੱਕਣ ਦੇ ਖਿਲਾਫ ਹੈ। ਹੁਣ ਤੁਸੀਂ ਮਹਾਰਾਜਾ ਪਟਿਆਲਾ ਤੇ ਮਹਾਰਾਜਾ ਨਾਭਾ ਦੀ ਸਿੱਖੀ ਦੀ ਤੁਲਨਾ ਖੁਦ ਕਰ ਲਓ।
ਇੱਥੇ ਇਹ ਜ਼ਿਕਰਯੋਗ ਹੈ ਕਿ ਸਿੱਖਾਂ ਨੇ ਮਹਾਰਾਜਾ ਨਾਭਾ ਦੇ ਹੱਕ ਵਿੱਚ ਇੱਕ ਸਿੱਖ ਰਾਜੇ ਨਾਲ ਹਮਦਰਦੀ ਦਾ ਬਹਾਨਾ ਲਾਉਂਦਿਆਂ ਮੋਰਚਾ ਲਾਇਆ; ਦੂਜੇ ਪਾਸੇ ਮਹਾਰਾਜਾ ਪਟਿਆਲਾ ਦੇ ਖਿਲਾਫ ਸਿੱਖ ਮਹਾਰਾਜਾ ਹੁੰਦਿਆਂ ਹੋਇਆਂ ਮੋਰਚਾ ਲਾਇਆ। ਮਹਾਰਾਜਾ ਪਟਿਆਲਾ ਦੇ ਖਿਲਾਫ ਲੱਗੇ ਮੋਰਚੇ ਦੌਰਾਨ ਜੇਲ੍ਹ ਵਿੱਚ ਪ੍ਰਾਣ ਤਿਆਗਣ ਵਾਲਾ ਸੇਵਾ ਸਿੰਘ ਠੀਕਰੀਵਾਲਾ ਅੱਜ ਵੀ ਸਿੱਖਾਂ ਦਾ ਹੀਰੋ ਹੈ ਤੇ ਮਹਾਰਾਜਾ ਨਾਭੇ ਦੇ ਹੱਕ ਵਿੱਚ ਮੋਰਚੇ ਲਾਉਣ ਵਾਲੇ ਵੀ ਸਿੱਖਾਂ ਦੇ ਹੀਰੋ ਨੇ। ਇੱਥੇ ਇਹ ਮਿਸਾਲ ਦੇਣ ਦਾ ਮਤਲਬ ਇਹ ਹੈ ਕਿ ਸਿੱਖ ਆਵਾਮ ਨੇ ਪਿਛਲੀ ਲੀਡਰਸ਼ਿਪ ਨੂੰ ਦਰਕਿਨਾਰ ਕਰਦਿਆਂ ਉਹ ਲੀਡਰਸ਼ਿਪ ਨੂੰ ਸ਼ਹੀਦੀਆਂ ਦੇ ਕੇ ਕਾਮਯਾਬ ਕੀਤਾ, ਜਿਹੜੀ ਸਿੱਖਾਂ ਦੇ ਹਿੱਤਾਂ ਦੀ ਤਾਂ ਕੋਈ ਗੱਲ ਨਹੀਂ ਸੀ ਕਰਦੀ, ਬਲਕਿ ਅੰਗਰੇਜ਼ਾਂ ਨੂੰ ਮੁਲਕ ‘ਚੋਂ ਕੱਢਣ ਵਾਲੇ ਇੱਕ ਨੁਕਾਤੀ ਕਾਂਗਰਸ ਦੇ ਪ੍ਰੋਗਰਾਮ ਦੀ ਹਮਾਇਤ ਕਰਦੀ ਸੀ। ਇਹਦਾ ਸਿੱਧਾ ਭਾਵ ਇਹ ਹੈ ਕਿ ਸਿੱਖ ਲੀਡਰਸ਼ਿਪ ਸਿੱਖਾਂ ਦਾ ਮੁਫਾਦ ਮੂਹਰੇ ਰੱਖਣ ਦੀ ਬਜਾਇ ਅੱਖਾਂ ਮੀਚ ਕੇ ਕਾਂਗਰਸ ਦੀ ਪੈੜ ‘ਚ ਪੈਰ ਧਰਦੀ ਸੀ। ਸੋਚਣ ਵਾਲੀ ਗੱਲ ਇਹ ਹੈ ਕਿ ਉਦੋਂ ਜੇ ਸਿੱਖ ਆਵਾਮ ਵੱਖਰਾ ਮੁਲਕ ਚਾਹੁੰਦੀ ਹੁੰਦੀ ਤਾਂ ਕਾਂਗਰਸ ਨਾਲ ਅਤੇ ਹਿੰਦੁਸਤਾਨ ਨਾਲ ਰਹਿਣ ਵਾਲੀ ਅਕਾਲੀ ਲੀਡਰਸ਼ਿਪ ਉਨ੍ਹਾਂ ਦੀ ਕਦੀ ਵੀ ਲੀਡਰ ਨਹੀਂ ਸੀ ਰਹਿ ਸਕਦੀ। ਜੇ ਅਕਾਲੀ ਲੀਡਰਸ਼ਿਪ ਕਾਂਗਰਸ ਨਾਲ ਬੱਝੀ ਵੀ ਰਹਿੰਦੀ ਤਾਂ ਇਹਦੀ ਥਾਂ ਵੱਖਰੇ ਮੁਲਕ ਦੀ ਹਮਾਇਤ ਕਰਨ ਵਾਲੀ ਲੀਡਰਸ਼ਿਪ ਨੇ ਲੈ ਲੈਣੀ ਸੀ। ਇਹ ਸਭ ਕਾਸੇ ਦਾ ਨਿਚੋੜ ਇਹ ਹੈ ਕਿ ਲੀਡਰਸ਼ਿਪ ਨੇ ਉਹੀ ਕੁਝ ਕੀਤਾ, ਜੋ ਕੌਮ ਚਾਹੁੰਦੀ ਸੀ। ਕੌਮ ਦਾ ਇੱਕ ਨੁਕਾਤੀ ਪ੍ਰੋਗਰਾਮ ਅੰਗਰੇਜ਼ਾਂ ਨੂੰ ਇੱਥੋਂ ਕੱਢਣਾ ਸੀ, ਸੋ ਉਹ ਨਿਕਲ ਗਏ। ਪੰਜਾਬ ਦੀ ਵੰਡ ਉਨ੍ਹਾਂ ਦੇ ਲੀਡਰਾਂ ਨੇ ਖੁਦ ਕਬੂਲ ਕੀਤੀ।
ਸਿੱਖ ਕੌਮ ਨੇ ਲੀਡਰਸ਼ਿਪ ਦੇ ਇਸ ਫੈਸਲੇ ‘ਤੇ ਉਦੋਂ ਕੋਈ ਇਤਰਾਜ਼ ਨਹੀਂ ਕੀਤਾ। ਪੰਜਾਬ ਦੀ ਵੰਡ ਹੋ ਗਈ। ਆਬਾਦੀ ਦੇ ਤਬਾਦਲੇ ਦਾ ਸਿੱਖ ਲੀਡਰਸ਼ਿਪ ਨੇ ਕੋਈ ਅੰਦਾਜ਼ਾ ਨਹੀਂ ਲਾਇਆ। ਅੰਗਰੇਜ਼ਾਂ ਵੱਲੋਂ ਆਬਾਦੀ ਦੇ ਤਬਾਦਲੇ ਬਾਰੇ ਪੁੱਛਣ ‘ਤੇ ਨਹਿਰੂ ਨੇ ਕਿਹਾ ਕਿ ਇਹਦੀ ਕੋਈ ਲੋੜ ਨਹੀਂ। ਜੇ ਆਬਾਦੀ ਦੇ ਤਬਾਦਲੇ ਦਾ ਅੰਦਾਜ਼ਾ ਲਾਇਆ ਜਾਂਦਾ ਤਾਂ ਇਹਦੇ ਅਮਨ-ਅਮਾਨ ਨਾਲ ਤਬਾਦਲੇ ਦਾ ਵੀ ਅੰਗਰੇਜ਼ ਇੰਤਜ਼ਾਮ ਆਪਦੇ ਹੁੰਦੇ ਹੁੰਦੇ ਕਰਦੇ; ਪਰ ਸਾਰੀ ਸਿੱਖ ਲੀਡਰਸ਼ਿਪ ਦਾ ਇੱਕੋ ਇੱਕ ਬਿਆਨ ਸੀ ਕਿ ਅੰਗਰੇਜ਼ੋ ਤੁਸੀਂ ਇੱਥੋਂ ਛੇਤੀ ਨਿਕਲੋ ਸਾਡਾ ਫਿਕਰ ਨਾ ਕਰੋ, ਸਾਨੂੰ ਜੋ ਲੋੜ ਹੋਈ ਉਹ ਸਾਰੀ ਨਹਿਰੂ ਹੁਰੀਂ ਪੂਰੀ ਕਰਨਗੇ। ਸੋ ਜਿਵੇਂ ਸਿੱਖਾਂ ਨੇ ਚਾਹਿਆ, ਉਵੇਂ ਹੋ ਗਿਆ; ਜੋ ਲੱਖਾਂ ਸਿੱਖਾਂ ਦੇ ਕਤਲ, ਬੇਪਤੀਆਂ ਤੇ ਅਰਬਾਂ ਦੀ ਜਾਇਦਾਦ ਦਾ ਜੋ ਨੁਕਸਾਨ ਹੋਇਆ, ਉਹਦੇ ਬਦਲੇ ਖੁਦ ਨੂੰ ਜ਼ਿੰਮੇਵਾਰ ਕਹਿਣ ਦੀ ਬਜਾਏ ਇਹਦੀ ਜ਼ਿੰਮੇਵਾਰੀ ਅੰਗਰੇਜ਼ਾਂ ‘ਤੇ ਸੁੱਟ ਕੇ ਲੀਡਰਸ਼ਿਪ ਨੇ ਕੰਮ ਸਾਰ ਲਿਆ। ਉਨ੍ਹਾਂ ਦੇ ਮਗਰ ਮਗਰ ਸਿੱਖ ਕੌਮ ਵੀ ਇਹਦੇ ਲਈ ਲੀਡਰਸ਼ਿਪ ਨੂੰ ਜ਼ਿੰਮੇਵਾਰ ਕਹਿਣ ਦੀ ਬਜਾਏ ਇਹੀ ਕਹਿੰਦੀ ਹੈ ਕਿ “ਚੰਦਰਾ ਗੋਰਾ ਸਾਨੂੰ ਤਬਾਹ ਕਰ ਗਿਆ।” ਹਾਲਾਂਕਿ ਗੋਰੇ ਵਾਇਸਰਾਏ ਲਾਰਡ ਮਾਊਂਟਬੈਟਨ ਨੇ ਸਿੱਖਾਂ ਦੀ ਇਸ ਤਬਾਹੀ ਦੀ ਪੇਸ਼ੀਨਗੋਈ 3 ਜੂਨ 1947 ਨੂੰ ਆਪਦੇ ਰੇਡੀਓ ਭਾਸ਼ਨ ਵਿੱਚ ਕਰ ਦਿੱਤੀ ਸੀ ਤੇ ਇਹ ਵੀ ਆਖ ਦਿੱਤਾ ਸੀ ਕਿ ਥੋਡੀ ਲੀਡਰਸ਼ਿਪ ਇਹੀ ਚਾਹੁੰਦੀ ਹੈ। ਗੱਲ ਦਾ ਤੱਤਸਾਰ ਇਹ ਹੈ ਕਿ ਇਕੱਲੀ ਸਿੱਖ ਲੀਡਰਸ਼ਿਪ ਨੂੰ ਦੋਸ਼ ਦੇਣਾ ਇੱਕ ਅਧੂਰਾ ਸੱਚ ਹੈ। ਸਾਰਾ ਸੱਚ ਇਹ ਹੈ ਕਿ ਸਿੱਖ ਆਵਾਮ ਜੋ ਕੁਝ ਚਾਹੁੰਦਾ ਸੀ, ਲੀਡਰਸ਼ਿਪ ਨੇ ਉਹੀ ਕੀਤਾ।
(ਸਮਾਪਤ)