ਪਿੰਡ ਵਸਿਆ-17
ਪਾਠਕਾਂ ਦੀ ਜਾਣਕਾਰੀ ਲਈ ਅਸੀਂ ਕਾਲਮ ‘ਪਿੰਡ ਵਸਿਆ’ ਸ਼ੁਰੂ ਕੀਤਾ ਹੈ, ਜਿਸ ਵਿੱਚ ਸਿਰਫ ਪਿੰਡ ਵੱਸਣ ਦੀ ਹੀ ਬਾਤ ਪਾਈ ਹੁੰਦੀ ਹੈ। ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ ਕਿ ਇਹ ਕਿਸੇ ਵੀ ਰੂਪ ‘ਚ ਲਿਖਤੀ ਨਹੀਂ ਮਿਲਦਾ। ਕਿਸੇ-ਕਿਸੇ ਪਿੰਡ ਦੇ ਵੱਸਣ-ਰਸਣ ਦੀ, ਉਹ ਵੀ ਨਾ-ਮਾਤਰ, ਗਜ਼ਟੀਅਰ’ਜ਼, ਮਾਲ ਰਿਕਾਰਡ ਜਾਂ ਕਿਸੇ ਦਸਤਾਵੇਜ਼ ਵਿੱਚ ਸਤਹੀ ਜਿਹਾ ਵਰਨਣ ਜਾਂ ਕਨਸੋਅ ਮਿਲਦੀ ਸੀ/ਹੈ, ਜਿਹੜਾ ਸਥਾਨਕ ਇਤਿਹਾਸ ਦੀ ਮਹੱਤਤਾ ਨਾ ਬੁੱਝਣ ਕਾਰਨ ਸਾਂਭਿਆ ਨਹੀਂ ਗਿਆ। ਪੇਸ਼ ਹੈ, ਪਿੰਡ ਵਜੀਦਕੇ ਦੀ ਮੌੜ੍ਹੀ ਗੱਡੇ ਜਾਣ ਦਾ ਸੰਖੇਪ ਵੇਰਵਾ…
-ਵਿਜੈ ਬੰਬੇਲੀ
ਫੋਨ: +91-9463439075
ਸਥਿਤੀਆਂ-ਪ੍ਰਸਥਿਤੀਆਂ ਵੱਸ, ਧੜਵੈਲ ਰਾਜਪੂਤ ਤੋਂ ਮੁਸਲਿਮ ਹੋਏ ਵਜੀਦ ਖਾਨ ਨੇ ‘ਆਪਣਿਆਂ’ ਤੋਂ ਤੋੜ-ਵਿਛੋੜਾ ਕਰ ਜੰਮਣ-ਭੋਇੰ ਹਠੂਰ ਨੂੰ ਛੱਡ ਸੰਗਰੂਰ ਦੇ ਪਰਗਨੇ ਬਰਨਾਲਾ ਵਿੱਚ ਨਵਾਂ ਪਿੰਡ ਬੰਨਿ੍ਹਆ, ਜਿਸਦਾ ਨਾਂ ਵੀ ਉਸੇ ਦੇ ਨਾਂ ‘ਤੇ ‘ਵਜੀਦਕੇ’ ਰੜ੍ਹ-ਪੱਕ ਗਿਆ। ਜ਼ਮੀਨ ਦੀ ਪੇਸ਼ਕਸ਼ ਦੇ ਬਾਵਜੂਦ ਵਜ਼ੀਦ ਖਾਨ ਨਾਲ ਉਸਦੇ ਕੁਨਬਾ-ਹਮਸਾਏ ਨਹੀਂ ਸੀ ਤੁਰੇ, ਪਰ ਅਲੀਪੁਰ (ਮਲੇਰਕੋਟਲਾ) ਤੋਂ ਇੱਕ ਵੱਡਾ ‘ਸਮਰਾ ਜੱਟ’ ਪਰਿਵਾਰ ਅਤੇ ਦੂਜਾ ਖੁੱਡੀ ਕਲਾਂ (ਸੰਗਰੂਰ) ਤੋਂ ‘ਸਰਾਂ ਗੋਤਰੀ’ ਟੱਬਰ ਉਸਦੀ ਅਰਜ਼ ‘ਤੇ ਇੱਥੇ ਆ ਟਿਕਿਆ। ਵਗਲੀ ਜ਼ਮੀਨ ਦੇ ਦੋ ਹਿੱਸੇ ਕੀਤੇ ਗਏ। ਅੱਧ ਦੇ ਮਾਲਕ ਮੁਸਲਮਾਨ ਰਾਜਪੂਤ ਟਿੱਕੇ ਗਏ ਅਤੇ ਬਾਕੀ ਦੇ ਤਿੰਨ ਹਿੱਸੇ ਕਰਕੇ ਦੋ ਹਿੱਸੇ ਸਮਰਿਆਂ ਨੂੰ ਅਤੇ ਇੱਕ ਹਿੱਸਾ ਸਰਾਂਵਿਆਂ ਦੇ ਸਪੁਰਦ ਕਰ ਦਿੱਤਾ ਗਿਆ। ਸਮਾਂ ਬੀਤਿਆ, ਅੰਗਰੇਜ਼ੀ ਰਾਜ ਦੇ ਸਤਾਏ ਸੰਦੋੜ ਪਿੰਡ ਦੇ ਜੁਮਨ ਖਾਂ-ਦਸੌਂਦੀ ਖਾਂ ਦੇ ਟੱਬਰਾਂ ਨੇ ਰਾਏਕੋਟ ਦੇ ਹਾਕਮਾਂ ਦੀ ਰਜ਼ਾਮੰਦੀ ਨਾਲ ਇੱਥੇ ਆ ਆਸਰਾ ਲਿਆ। ਠੰਡ-ਮੱਠ ਉਪਰੰਤ ਰਾਏਕਿਆਂ ਦੇ ਹੁਕਮ ਨਾਲ ਜ਼ਮੀਨ ਦੀ ਮੁੜ ਵੰਡ ਕੀਤੀ ਗਈ। ਕੁੱਲ ਭੋਇੰ ਨੂੰ 100 ਹਲਾਂ ਦੀ ਤਕਸੀਮ ਮੰਨਦਿਆਂ 40 ਹਲਾਂ ਦਾ ਰਕਬਾ ਆਪਣੇ ਚਹੇਤਿਆਂ- ਜੁਮਨ ਅਤੇ ਦਸੌਂਦੀ ਦੇ ਟੱਬਰਾਂ ਨੂੰ ਦਿੱਤਾ ਗਿਆ; 30 ਹਲ ਦੀ ਜ਼ਮੀਨ ਵਜੀਦ ਖਾਨ ਦੇ ਕੁਨਬੇ ਨੂੰ ਅਤੇ ਕ੍ਰਮਵਾਰ 20 ਅਤੇ 10 ਹਲ ਦੀ ਖੇਤੀ ਸਮਰਿਆਂ ਅਤੇ ਸਰਾਂ ਨੂੰ ਦਿੱਤੀ ਗਈ। ਢੇਰ ਸਮਾਂ ਉਪਰੰਤ ਈਸਵੀ ਸੰਨ 1825, ਸੰਮਤ 1882 ‘ਚ ਹਟਵੇਂ ਰਕਬੇ ‘ਚ ਜੈਮਲ ਸਮਰਾ ਤੇ ਵੀਰ ਸਿੰਘ ਦੇ ਉੱਦਮ ਨਾਲ ਵੱਖਰਾ ਪਿੰਡ ਵਜੀਦਕੇ ਖੁਰਦ ਆਬਾਦ ਕੀਤਾ ਗਿਆ ਅਤੇ ਹਿੱਸੇ ਮੂਜ਼ਬ 40 ਹਿੱਸੇ ਦੋਵੇਂ ਖੁਦ, 50 ਹਿੱਸੇ ਮੁਸਲਿਮ ਰਾਜਪੂਤ ਤੇ 10 ਹਿੱਸੇ ਸਰਾਂ ਨਿਯੁਕਤ ਹੋਏ।
ਹਾਂ, 1809 ਦੀ ਅੰਗਰੇਜ਼ਾਂ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਸੰਧੀ ਉਪਰੰਤ ਭਾਵੇਂ ਸਤਲੁਜ ਪਾਰ ਦੇ ਇਲਾਕੇ ‘ਗੋਰਾਸ਼ਾਹੀ ਅਧੀਨ’ ਮੁਤਾਬਿਕ ਇਹ ਖਿੱਤਾ ਅੰਗਰੇਜ਼ਾਂ ਦੇ ਅਧੀਨ ਹੋਇਆ। ਇਸਤੋਂ ਪਹਿਲਾਂ 1806 ‘ਚ, ਜਦ ਮਹਾਰਾਜਾ ਦੀਆਂ ਕੁਮਕਾਂ ਇੱਧਰ ਆਈਆਂ ਸਨ, ਤਦ ਇਹ ਖੇਤਰ ਰਾਏਕਿਆਂ ਤੋਂ ਖੋਹ ਕੇ ਸ. ਸ਼ਾਮ ਸਿੰਘ ਦੇ ਸਪੁਰਦ ਕਰ ਦਿੱਤਾ ਗਿਆ ਸੀ, ਜਿਸ ਨਾਲ ਸਿੱਖ ਕੁਨਬਿਆਂ ਦੀ ਮੁਸਲਮਾਨਾਂ ‘ਤੇ ਚੜ੍ਹਤ ਹੋ ਗਈ ਸੀ। ਸੰਮਤ 1911, ਈਸਵੀ 1854 ਵਿੱਚ ਇਸ ਇਲਾਕੇ ਦੀ ਮੁੜ ਸਫਬੰਦੀ ਉਪਰੰਤ ਇਹ ਖਿੱਤਾ ਰਿਆਸਤ ਪਟਿਆਲਾ ਨੇ ‘ਮੱਲ’ ਲਿਆ। ਭਾਵੇਂ ਮਾਰਚ 1956 ਦੇ ਪਰਵਾਨੇ ਅਨੁਸਾਰ ਇਹ ਪਿੰਡ ਵੀ ਸਾਲਮ ਤੌਰ ‘ਤੇ ਪਟਿਆਲੇ ਦਾ ਮੰਨਿਆ ਗਿਆ ਸੀ, ਪ੍ਰੰਤੂ ‘ਖਾਸ ਕਾਰਨਾਂ’ ਤਹਿਤ 1900 ਦੇ ਬੰਦੋਬਸਤ ਸਮੇਂ ਇਹ ਖਿੱਤਾ ਭਦੌੜੀਏ ਸਰਦਾਰਾਂ, ਜਿਹੜੇ ਅੰਗਰੇਜ਼ਾਂ ਨਾਲ ਸੁਰ ਰੱਖਦੇ ਸਨ, ਹੇਠ ਕਰ ਦਿੱਤਾ ਗਿਆ। ਇਸ ਤੋਂ ਕਿਤੇ ਪਹਿਲਾਂ ਸੰਨ 1818 ਨੂੰ ਮਹਾਰਾਜਾ ਰਣਜੀਤ ਸਿੰਘ ਦੀ ਇੱਛਾ ‘ਤੇ ਅੰਗਰੇਜ਼ਾਂ ਨੇ ਇਸ ਖੇਤਰ ਦੇ ਕੁੱਝ ਪਿੰਡ ਕਾਲਸਾਂ, ਧਨੇਰ, ਜਲਾਲਦੀਵਾਲ, ਮਹਿਲ ਕਲਾਂ ਸਮੇਤ ਦੋਵੇਂ ਵਜੀਦਕੇ ਭਦੌੜੀਏ ਸਰਦਾਰਾਂ ਤੋਂ ਲੈ ਕੇ ਮੁੜ ਕੁਨਬਾ ਸ਼ਾਮ ਸਿੰਘ ਦੇ ਸਪੁਰਦ ਕਰ ਦਿੱਤੇ ਗਏ ਸਨ। ਸਮਾਂ ਪਾ ਸ਼ਾਮ ਸਿੰਘ ਦੇ ਵਾਰਸ ਇਲਾਕੇ ਪ੍ਰਤੀ ਸੁਸਤ ਪੈ ਗਏ, ਜਿਹੜੇ ਘਰੇ ਬੈਠੇ ਹੀ ਜਿਣਸ-ਮਾਮਲਾ ਉਗਰਾਹ ‘ਲੁਤਫ’ ਮਾਨਣ ਲੱਗੇ। ਉਪਰੰਤ 1902 ਨੂੰ ਅੰਗਰੇਜ਼ ਅਹਿਲਕਾਰ ਮੁੜ ਕਾਬਜ਼ ਆ ਹੋਏ ਅਤੇ 1904 ਦੀ ਉਥਲ-ਪੁਥਲ ਸਮੇਂ ਰਿਆਸਤ ਪਟਿਆਲਾ ਦੀ ਸ਼ਹਿ ‘ਤੇ ਭਦੌੜੀਏ ਮੁੜ ਮਾਲਕ ਬਣ ਬੈਠੇ ਅਤੇ ਇਹ ਪਿੰਡ ਪਟਿਆਲੀਆਂ ਤੇ ਭਦੌੜੀਆਂ ਵਿੱਚ ‘ਨਿਸਫ ਅੱਧ’ ਹੋ ਗਏ।
ਜੰਗ-ਏ-ਆਜ਼ਾਦੀ ਦਰਮਿਆਨ 1914 ਤੋਂ 1947 ਤੱਕ ਇਸ ਖੈੜੇ ਨੇ ਬੜੀ ਕੁਰਬਾਨੀ ਕੀਤੀ। ਵੱਡੀ ਕੁਰਬਾਨੀ ਗ਼ਦਰ ਪਾਰਟੀ ਦੇ ਆਹਲਾ ਕਾਰਕੁੰਨ ਰਹਿਮਤ ਅਲੀ ਵਜੀਦਕੇ ਦੀ ਸੀ, ਜਿਸਨੂੰ ‘ਫੇਰੂ ਸ਼ਹਿਰ’ ਦੇ ਸਾਕੇ ਦਾ ਕਲਗੀ ਸ਼ਹੀਦ ਮੰਨਿਆ ਜਾਂਦਾ ਹੈ। ਉਸਦੀ ਸ਼ਹੀਦੀ ਉਪਰੰਤ ਇਹ ਪਿੰਡ ਡਰਿਆ ਨਹੀਂ, ਹੋਰ ਸਰਗਰਮ ਹੋ ਗਿਆ। ਵਜੀਦਕਿਆਂ ਅਤੇ ਠੀਕਰੀਵਾਲ ਦੀ ਹੱਦ ‘ਤੇ ਇੱਕ ਖੂਹੀ ਹੁੰਦੀ ਸੀ, ਜਿਸਦੀ ਤਿੰਨ ਕਿੱਲੇ ਦੀ ਮਾਲਕੀ ਸ. ਸੇਵਾ ਸਿੰਘ ਠੀਕਰੀਵਾਲ ‘ਪਰਜਾਮੰਡਲੀਏ’ ਦੀ ਹੁੰਦੀ ਸੀ, ਜਿਹੜੀ ਉਸ ‘ਨੇਕ ਮਕਸਦਾਂ’ ਤਹਿਤ ਇਸ ਖੂਹੇ ਨਾਂ ਲੁਆ ਦਿੱਤੀ। ਇਸ ਰਮਣੀਕ ਥਾਵੇਂ ਹਾਲ਼ੀ-ਪਾਲ਼ੀ, ਰਾਹੀਂ-ਮੁਸਾਫਰ ਆਰਾਮ ਫਰਮਾੳਂੁਦੇ, ਪਰ ਵੱਡਾ ਪੁੰਨ ਦੇਸ਼-ਭਗਤਾਂ ਵੱਲੋਂ ਇੱਥੇ ਲਈ ਜਾਂਦੀ ਠਾਹਰ ਅਤੇ ਗੁਫਤਗੂ ਦਾ ਸੀ। ਦੇਸ਼ ਭਗਤਾਂ ਵੱਲੋਂ ਇੱਥੇ ਕੀਤੀਆਂ ਜਾਂਦੀਆਂ ਰਹੀਆਂ ‘ਗੁਫਤਗੂਆਂ’ ਦਾ ਹਾਲ ਕਿਤੇ ਫੇਰ ਦੱਸਾਂਗੇ, ਪਰ ਬਕੌਲ ਇਤਿਹਾਸਕਾਰ ਜਰਨੈਲ ਸਿੰਘ ਅੱਚਰਵਾਲ, “ਅਫਸੋਸ! ਇਹ ਦੱਸਦਿਆਂ ਬੇਹੱਦ ਸ਼ਰਮ ਮਹਿਸੂਸ ਹੁੰਦੀ ਹੈ, ਕਿ ਇਸ ਦਾ ਸਿਰਲੇਖ ਜਿਸ ਗ਼ਦਰੀ ਸ਼ਹੀਦ ਦੇ ਨਾਂਅ ਰੱਖਿਆ ਗਿਆ ਹੈ, ਉਸਨੇ ਸਾਡਾ ਘਰ ਵਸਾਉਣ, ਅਰਥਾਤ ਮੁਲਕ ਆਜ਼ਾਦ ਕਰਵਾਉਣ ਹਿੱਤ ਸਾਡੀ ਖਾਤਿਰ ਜਾਮ-ਇ-ਸ਼ਹਾਦਤ ਪੀ ਲਿਆ। ਪਰ: ’47 ਦੀ ਤ੍ਰਾਸਦੀ ਵਕਤ ਉਸਦਾ ਬਾਪ ਮੌਲੇ ਸ਼ਾਹ ਫਕੀਰ ਨੂੰ ਆਪਣਾ ਜੱਦੀ-ਪੁਸ਼ਤੀ ਘਰ ਆਪਣੇ ਪੋਤਰੇ ਫਤਿਹ ਸ਼ਾਹ, ਜਿਹੜਾ ਗ਼ਦਰੀ ਸ਼ਹੀਦ ਰਹਿਮਤ ਅਲੀ ਦਾ ਇੱਕੋ-ਇੱਕ ਜੀਵਤ ਵਾਰਸ ਸੀ, ਨੂੰ ਕੰਧੇੜੀ ਚੁੱਕ ਪਰਾਈ ਧਰਤੀ ਪਾਕਿਸਤਾਨ ਨੂੰ ਜਲਾਵਤਨ ਹੋਣਾ ਪਿਆ। ਕਿਉਂਕਿ; ਫਿਰਕਾਪ੍ਰਸਤੀਆਂ ਦੀਆਂ ਨਜ਼ਰਾਂ ਵਿੱਚ ਉਹ ਵਤਨ ਲਈ ਮਾਰਮਿਕ ਸ਼ਹੀਦ ਹੋਣ ਵਾਲੇ ਗ਼ਦਰੀ ਰਹਿਮਤ ਅਲੀ ਵਜੀਦਕੇ ਦੇ ਬਾਪ ਅਤੇ ਪੁੱਤ ਨਹੀਂ ਸਨ, ਮੁਸਲਮਾਨ ਸਨ।”