ਮਾਲਵੇ ਤੋਂ ਬਾਅਦ ਹੁਣ ਮਾਝੇ ਦੇ ਪਾਣੀ ’ਚ ਮਿਲੇ ਆਰਸੈਨਿਕ ਤੇ ਯੂਰੇਨੀਅਮ ਵਰਗੇ ਜ਼ਹਿਰੀ ਤੱਤ
ਡਿੰਕਲ ਪੋਪਲੀ
“ਆਰਸੈਨਿਕ ਦੀ ਵੱਧ ਮਾਤਰਾ ਅੰਮ੍ਰਿਤਸਰ ਦੇ ਪਾਣੀ ਨੂੰ ਵੱਡੇ ਪੱਧਰ ‘ਤੇ ਜ਼ਹਿਰੀਲਾ ਬਣਾ ਚੁੱਕੀ ਹੈ। ਤਰਨ-ਤਾਰਨ ਦੇ ਪਾਣੀ ‘ਚ ਯੂਰੇਨੀਅਮ ਹੋਣ ਕਰਕੇ ਉੱਥੋਂ ਦੇ ਲੋਕਾਂ ‘ਚ ਕੈਂਸਰ ਦਾ ਖਦਸ਼ਾ ਬਹੁਤ ਵੱਧ ਗਿਆ ਹੈ।” ਇਹ ਨਤੀਜੇ, ਮਈ 2024 ‘ਚ ਮੁਕੰਮਲ ਹੋਏ ‘ਪੰਜਾਬ ਦੀ ਮਾਝਾ ਪੱਟੀ ਦੇ ਧਰਤੀ ਹੇਠਲੇ ਪਾਣੀ ਵਿੱਚ ਆਰਸੈਨਿਕ ਅਤੇ ਸੰਭਾਵੀ ਤੌਰ ‘ਤੇ ਜ਼ਹਿਰੀਲੇ ਤੱਤਾਂ ਦੇ ਪ੍ਰਦੂਸ਼ਣ ਅਤੇ ਸਿਹਤ ਦੇ ਜੋਖ਼ਮ ਮੁਲੰਕਣ’ ਦੇ ਹਨ। ਇਹ ਅਧਿਐਨ ਪੁੱਡੂਚੇਰੀ ਯੂਨੀਵਰਸਿਟੀ ਦੇ ਰਿਸਰਚ ਐਸੋਸੀਏਟ ਐੱਮ ਸ਼੍ਰੀਧਰਨ, ਪ੍ਰੋਫੈਸਰ ਸੇਂਥਿਲ ਨਾਥਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਪ੍ਰੋਫੈਸਰ ਹਰਦੇਵ ਸਿੰਘ ਵਿਰਕ ਵੱਲੋਂ ਕੀਤਾ ਗਿਆ ਹੈ।
ਬੇਸ਼ਕ ਬਦਲ ਰਹੀ ਜੀਵਨ ਸ਼ੈਲੀ, ਖਾਣ-ਪੀਣ ਦੀਆਂ ਆਦਤਾਂ, ਸਰੀਰਕ ਕਸਰਤ ਦੀ ਘਾਟ ਵੱਧਦੀ ਬਿਮਾਰੀਆਂ ਲਈ ਜ਼ਿੰਮੇਵਾਰ ਹੈ; ਪਰ ਇਨ੍ਹਾਂ ਮੌਜੂਦਾ ਕਾਰਨਾਂ ‘ਚ ਵਾਧਾ ਪਾ ਰਿਹਾ ਹੈ ਖਿੱਤੇ ‘ਚ ਤੇਜ਼ੀ ਨਾਲ ਵੱਧ ਰਿਹਾ ਪਾਣੀ ਦਾ ਪ੍ਰਦੂਸ਼ਣ। ਕੁਝ ਸਾਲ ਪਹਿਲਾਂ ਤੱਕ ਪ੍ਰਦੂਸ਼ਿਤ ਪਾਣੀ ਦੀ ਸਮੱਸਿਆ ਜੋ ਸਿਰਫ਼ ਪੰਜਾਬ ਦੇ ਮਾਲਵਾ ਖ਼ੇਤਰ ਤੱਕ ਹੀ ਸੀਮਤ ਸੀ, ਹੁਣ ਮਾਝੇ ‘ਚ ਵੀ ਉਨਾ ਹੀ ਗੰਭੀਰ ਰੂਪ ਧਾਰ ਚੁੱਕੀ ਹੈ।
ਪੰਜਾਬ ਦੇ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਇਲਾਕੇ ਨੂੰ ਮਾਝਾ ਕਿਹਾ ਜਾਂਦਾ ਹੈ, ਜਿਸ ਵਿੱਚ ਮੁੱਖ ਤੌਰ ਉੱਤੇ ਚਾਰ ਜ਼ਿਲ੍ਹੇ ਆਉਂਦੇ ਹਨ। ਮਾਝੇ ਦਾ ਸਭ ਤੋਂ ਵੱਡਾ ਸ਼ਹਿਰ ਅੰਮ੍ਰਿਤਸਰ ਹੈ, ਜਿਸਦਾ ਨਾਮ ਹੀ ਅੰਮ੍ਰਿਤ ਦੇ ਸਰੋਵਰ ਦੇ ਨਾਂ ਉੱਤੇ ਰੱਖਿਆ ਗਿਆ ਸੀ। ਦੂਜਾ ਜ਼ਿਲ੍ਹਾ ਹੈ ਗੁਰਦਾਸਪੁਰ, ਜਿੱਥੋਂ ਪੰਜਾਬ ਦੇ ਦੋ ਵੱਡੇ ਦਰਿਆ ਰਾਵੀ ਅਤੇ ਬਿਆਸ ਲੰਘਦੇ ਹਨ। ਤੀਜੇ ਜ਼ਿਲ੍ਹੇ ਤਰਨਤਾਰਨ ਵਿੱਚ ਹਰੀਕੇ ਪੱਤਣ ਉੱਤੇ ਸਤਲੁਜ ਤੇ ਬਿਆਸ ਦਾ ਸੰਗਮ ਹੁੰਦਾ ਹੈ ਅਤੇ ਚੌਥਾ ਪਠਾਨਕੋਟ ਰਾਵੀ ਕੰਢੇ ਵਸਿਆ ਇਲਾਕਾ ਹੈ, ਜੋ ਹਿਮਾਚਲ ਤੇ ਜੰਮੂ-ਕਸ਼ਮੀਰ ਨਾਲ ਵੀ ਸਰਹੱਦ ਸਾਂਝੀ ਕਰਦਾ ਹੈ।
ਤਾਜ਼ਾ ਅਧਿਐਨ ਦੱਸਦੇ ਹਨ ਕਿ ਮਾਝਾ ਹੁਣ ਦੂਸ਼ਿਤ ਪਾਣੀ ਤੋਂ ਪੈਦਾ ਹੋਣ ਵਾਲੇ ਸੰਭਾਵੀ ਸਿਹਤ ਸੰਕਟ ਵੱਲ ਵਧ ਰਿਹਾ ਹੈ। ਮਾਝੇ ਦੀ ਧਰਤੀ ਹੇਠਲੇ ਪਾਣੀ ਵਿੱਚ ਆਰਸੈਨਿਕ, ਯੂਰੇਨੀਅਮ, ਆਇਰਨ ਅਤੇ ਨਾਈਟ੍ਰੇਟ ਵਰਗੇ ਰਸਾਇਣਕ ਤੱਤ ਪਾਏ ਗਏ ਹਨ। ਇਨ੍ਹਾਂ ਤੱਤਾਂ ਦੀ ਮਾਝੇ ਦੇ ਪਾਣੀ ਵਿੱਚ ਮੌਜੂਦਗੀ ਦੀ ਮਾਤਰਾ ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਅਤੇ ਭਾਰਤੀ ਮਿਆਰ ਬਿਊਰੋ (ਬੀ.ਆਈ.ਐੱਸ.) ਵਲੋਂ ਨਿਧਾਰਤ ਮਾਪਦੰਡ ਨਾਲੋਂ ਕਈ ਗੁਣਾ ਵੱਧ ਪਾਈ ਗਈ ਹੈ।
ਮਿਸਾਲ ਵਜੋਂ ਡਬਲਿਊ.ਐੱਚ.ਓ. ਅਤੇ ਬੀ.ਆਈ.ਐੱਸ. ਮੁਤਾਬਕ ਪਾਣੀ ‘ਚ ਆਰਸੈਨਿਕ ਦੀ ਮਾਤਰਾ 0.05 ਮਿਲੀਗ੍ਰਾਮ ਪ੍ਰਤੀ ਲੀਟਰ ਤੋਂ ਵੱਧ ਨਹੀਂ ਹੋਣੀ ਚਾਹੀਦੀ; ਪਰ ਮਾਝੇ ਦੇ ਚਾਰਾਂ ਜ਼ਿਲਿ੍ਹਆਂ ਵਿੱਚ ਇਹ ਮਾਤਰਾ ਕੁਝ ਇਸ ਤਰ੍ਹਾਂ ਹੈ:
ਮਾਝੇ ਦੇ ਪਾਣੀ ਵਿੱਚ ਆਰਸੈਨਿਕ ਦੀ ਮਾਤਰਾ
ਅੰਮ੍ਰਿਤਸਰ- 0.187 ਮਿਲੀਗ੍ਰਾਮ/ਲੀਟਰ
ਗੁਰਦਾਸਪੁਰ- 0.168 ਮਿਲੀਗ੍ਰਾਮ/ਲੀਟਰ
ਤਰਨਤਾਰਨ- 0.100 ਮਿਲੀਗ੍ਰਾਮ/ਲੀਟਰ
ਪਠਾਨਕੋਟ– 0.102 ਮਿਲੀਗ੍ਰਾਮ/ਲੀਟਰ
ਡਬਲਿਊ.ਐੱਚ.ਓ. ਅਤੇ ਬੀ.ਆਈ.ਐੱਸ. ਮੁਤਾਬਕ ਪਾਣੀ ‘ਚ ਯੂਰੇਨੀਅਮ ਦੀ ਮਾਤਰਾ 0.03 ਮਿਲੀਗ੍ਰਾਮ ਪ੍ਰਤੀ ਲੀਟਰ ਤੋਂ ਵੱਧ ਨਹੀਂ ਹੋਣੀ ਚਾਹੀਦੀ।
ਮਾਝੇ ਦੇ ਪਾਣੀ ’ਚ ਯੂਰੇਨੀਅਮ
ਅੰਮ੍ਰਿਤਸਰ- 0.59 ਮਿਲੀਗ੍ਰਾਮ/ਲੀਟਰ
ਗੁਰਦਾਸਪੁਰ- 0.01 ਮਿਲੀਗ੍ਰਾਮ/ਲੀਟਰ
ਤਰਨਤਾਰਨ- 0.3 ਮਿਲੀਗ੍ਰਾਮ/ਲੀਟਰ
ਡਬਲਿਊ.ਐੱਚ.ਓ. ਮੁਤਾਬਕ ਪਾਣੀ ‘ਚ ਨਾਈਟ੍ਰੇਟ ਦੀ ਮਾਤਰਾ 50 ਮਿਲੀਗ੍ਰਾਮ ਪ੍ਰਤੀ ਲੀਟਰ ਤੋਂ ਵੱਧ ਨਹੀਂ ਹੋਣੀ ਚਾਹੀਦੀ।
ਮਾਝੇ ਦੇ ਪਾਣੀ ਚ ਨਾਈਟ੍ਰੇਟ ਦੀ ਮਾਤਰਾ
ਅੰਮ੍ਰਿਤਸਰ- 314 ਮਿਲੀਗ੍ਰਾਮ/ਲੀਟਰ
ਗੁਰਦਾਸਪੁਰ- 122 ਮਿਲੀਗ੍ਰਾਮ/ਲੀਟਰ
ਤਰਨਤਾਰਨ -182 ਮਿਲੀਗ੍ਰਾਮ/ਲੀਟਰ
ਪਠਾਨਕੋਟ- 78 ਮਿਲੀਗ੍ਰਾਮ/ਲੀਟਰ
ਰਿਸਰਚ ਐਸੋਸੀਏਟ ਸ਼੍ਰੀਧਰਨ ਦੱਸਦੇ ਹਨ ਕਿ ਇਹ ਅਧਿਐਨ ਪੰਜਾਬ ‘ਚ ਕੀਤਾ ਗਿਆ ਹੈ, ਕਿਉਂਕਿ ਇਹ ਭਾਰਤ ਦੇ ਉਨ੍ਹਾਂ ਰਾਜਾਂ ਵਿੱਚੋਂ ਇੱਕ ਹੈ, ਜਿੱਥੇ ਖੇਤੀਬਾੜੀ ਗਤੀਵਿਧੀਆਂ ਕਰਕੇ ਧਰਤੀ ਹੇਠਲੇ ਪਾਣੀ ਦੇ ਸਰੋਤਾਂ ਦਾ ਸਭ ਤੋਂ ਵੱਧ ਸ਼ੋਸ਼ਣ ਹੁੰਦਾ ਹੈ। ਉਹ ਦੱਸਦੇ ਹਨ, “ਸੈਂਟਰਲ ਗਰਾਊਂਡ ਵਾਟਰ ਬੋਰਡ, 2022 ਦੀ ਰਿਪੋਰਟ ਅਨੁਸਾਰ ਪੰਜਾਬ ਪ੍ਰਦੂਸ਼ਿਤ ਪਾਣੀ ਵਾਲੇ ਸੂਬਿਆਂ ਦੀ ਸੂਚੀ ਵਿੱਚ ਸਿਖ਼ਰ ‘ਤੇ ਸੀ। ਇਸ ਤੋਂ ਬਾਅਦ ਪੱਛਮੀ ਬੰਗਾਲ ਅਤੇ ਅਸਾਮ ਹਨ।”
ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦਾ ਪ੍ਰਦੂਸ਼ਣ ਲਗਾਤਾਰ ਪੰਪਿੰਗ, ਨਹਿਰੀ ਸਿੰਚਾਈ ਅਤੇ ਨਾਈਟ੍ਰੇਟ ਜਾਂ ਫਾਸਫੇਟ-ਆਧਾਰਤ ਖਾਦਾਂ ਦੀ ਵਰਤੋਂ ਨਾਲ ਸਭ ਤੋਂ ਵੱਧ ਹੁੰਦਾ ਹੈ। ਇਸ ਐਧਿਐਨ ਦਾ ਮਕਸਦ ਧਰਤੀ ਹੇਠਲੇ ਪਾਣੀ ਵਿੱਚ ਸੰਭਾਵੀ ਤੌਰ ‘ਤੇ ਰਸਾਇਣਕ ਤੱਤਾਂ ਜਿਵੇਂ ਕਿ ਆਰਸੈਨਿਕ, ਯੂਰੇਨੀਅਮ, ਆਇਰਨ ਤੇ ਨਾਈਟ੍ਰੇਟ ਦੀ ਮਾਤਰਾ ਅਤੇ ਮਨੁੱਖੀ ਸਿਹਤ ‘ਤੇ ਇਸ ਦੇ ਨੁਕਸਾਨਦੇਹ ਪ੍ਰਭਾਵਾਂ ਦਾ ਵਿਸ਼ਲੇਸ਼ਣ ਕਰਨਾ ਸੀ। ਪਾਣੀ ਦੇ ਨਮੂਨੇ ਮਾਝਾ ਪੱਟੀ ਤੋਂ ਲਏ ਗਏ ਸਨ।
ਜ਼ਿਕਰਯੋਗ ਹੈ ਕਿ ਜਦੋਂ ਸੁਰੱਖਿਅਤ ਮਾਤਰਾ ਤੋਂ ਵੱਧ ਅਜਿਹੇ ਰਸਾਇਣ ਸਾਡੇ ਸਰੀਰ ‘ਚ ਦਾਖਲ ਹੁੰਦੇ ਹਨ ਤਾਂ ਉਹ ਬਿਮਾਰੀਆਂ ਦਾ ਘਰ ਬਣਦੇ ਹਨ। ਅਜਿਹੇ ਤੱਤਾਂ ਦੀ ਲਗਾਤਾਰ ਖ਼ਪਤ ਨਾਲ ਗੁਰਦੇ, ਜਿਗਰ ਦੇ ਰੋਗ, ਬਾਂਝਪਣ, ਇੱਥੋਂ ਤੱਕ ਕਿ ਕੈਂਸਰ ਵਰਗੀਆਂ ਸਮੱਸਿਆਵਾਂ ਹੋਣ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ।
ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ ਦੇ ਪ੍ਰਿੰਸੀਪਲ ਡਾ. ਰਾਜੀਵ ਦੇਵਗਨ ਦੇ ਸ਼ਬਦਾਂ ਵਿੱਚ “ਇਹ ਤਾਂ ਸਾਫ਼ ਹੈ ਕਿ ਇਲਾਕੇ ਵਿੱਚ ਜਾਨਲੇਵਾ ਰੋਗਾਂ ਵਿੱਚ ਵਾਧਾ ਹੋ ਰਿਹਾ ਹੈ, ਪਰ ਇਸਦੇ ਪਿੱਛੇ ਬਹੁਤ ਸਾਰੇ ਵੱਖ ਵੱਖ ਕਾਰਨ ਹਨ। ਮੁੱਖ ਤੌਰ ‘ਤੇ ਖਾਣ-ਪੀਣ ਅਤੇ ਜੀਵਨਸ਼ੈਲੀ ‘ਚ ਆ ਰਹੇ ਬਦਲਾਵ ਦੇ ਨਾਲ ਜਦੋਂ ਮਨੁੱਖੀ ਸਰੀਰ ਵਧੇ ਪ੍ਰਦੂਸ਼ਣ ਦੀ ਮਾਰ ਝੱਲਦਾ ਹੈ ਤਾਂ ਇਨ੍ਹਾਂ ਬਿਮਾਰੀਆਂ ਦੀ ਸੰਭਾਵਨਾ ਵੀ ਵਧ ਜਾਂਦੀ ਹੈ। ਲੰਬੇ ਸਮੇਂ ਤੱਕ ਪ੍ਰਦੂਸ਼ਿਤ ਪਾਣੀ ਪੀਣ ਨਾਲ ਸਿਹਤ ‘ਤੇ ਮਾੜਾ ਅਸਰ ਪੈਣਾ ਲਾਜ਼ਮੀ ਹੈ।”
ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਜ਼) ਦਿੱਲੀ ਦੇ ਕਲੀਨਿਕਲ ਈਕੋਟੌਕਸਿਕਲੋਜੀ ਡਾਇਗਨੌਸਟਿਕ ਐਂਡ ਰਿਸਰਚ ਫਸੀਲਿਟੀ ਦੇ ਸੰਸਥਾਪਕ ਅਤੇ ਸਰੀਰ ਵਿਗਿਆਨ ਵਿਭਾਗ ਦੇ ਮੁਖੀ ਡਾ. ਏ. ਸ਼ਰੀਫ਼ ਇਸਦੇ ਪਿੱਛੇ ਮਨੁੱਖੀ ਅਤੇ ਕੁਦਰਤੀ ਕਾਰਨ ਮੰਨਦੇ ਹਨ। ਡਾ. ਸ਼ਰੀਫ਼ ਕਹਿੰਦੇ ਹਨ, “ਇਹ ਰਸਾਇਣ ਪਹਾੜੀ ਇਲਾਕਿਆਂ ਤੋਂ ਆ ਰਹੇ ਪਾਣੀ ਦੇ ਨਾਲ ਮੈਦਾਨੀ ਇਲਾਕਿਆਂ ‘ਚ ਵੱਡੀ ਮਾਤਰਾ ਨਾਲ ਜਮ੍ਹਾਂ ਹੋ ਜਾਂਦੇ ਹਨ। ਇਹ ਪ੍ਰਦੂਸ਼ਿਤ ਪਾਣੀ ਦਾ ਕੁਦਰਤੀ ਸਰੋਤ ਹੈ; ਪਰ ਪੰਜਾਬ ‘ਚ ਕਿਸਾਨਾਂ ਵਲੋਂ ਖੇਤੀਬਾੜੀ ਲਈ ਕੀਟਨਾਸ਼ਕ ਅਤੇ ਖ਼ਾਦ ਦੀ ਬਹੁਤ ਜ਼ਿਆਦਾ ਮਾਤਰਾ ‘ਚ ਵਰਤੋਂ ਕੀਤੀ ਜਾਂਦੀ ਹੈ। ਇਹ ਰਸਾਇਣ ਪਾਣੀ ‘ਚ ਘੁਲ ਕੇ ਉਸ ਨੂੰ ਪ੍ਰਦੂਸ਼ਿਤ ਬਣਾਉਂਦੇ ਹਨ।”
ਕਿਉਂਕਿ ਪੰਜਾਬ ‘ਚ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਬਹੁਤ ਡੂੰਘਾ ਹੋ ਗਿਆ ਹੈ, ਇਸ ਕਰਕੇ ਪਾਣੀ ਬਹੁਤ ਡੂੰਘਾਈ ‘ਚੋਂ ਕੱਢਿਆ ਜਾ ਰਿਹਾ ਹੈ। ਬਹੁਤ ਜ਼ਿਆਦਾ ਡੂੰਘਾਈ ‘ਚੋਂ ਨਿਕਲੇ ਪਾਣੀ ਵਿੱਚ ਆਮ ਤੌਰ ‘ਤੇ ਇਨ੍ਹਾਂ ਤੱਤਾਂ ਦੀ ਮਾਤਰਾ ਕਾਫੀ ਵੱਧ ਹੁੰਦੀ ਹੈ। ਅਜਿਹਾ ਪਾਣੀ ਪੀਣ ਨਾਲ ਸਰੀਰ ‘ਤੇ ਇੱਕੋ ਦਮ ਕੋਈ ਅਸਰ ਨਹੀਂ ਆਉਂਦਾ, ਪਰ ਕਿਉਂਕਿ ਇਸਦਾ ਸੇਵਨ ਰੋਜ਼ਾਨਾ ਕੀਤਾ ਜਾ ਰਿਹਾ ਹੈ, ਹੌਲੀ ਹੌਲੀ ਇਹ ਤੱਤ ਸਾਡੇ ਸਰੀਰ ‘ਚ ਜਮ੍ਹਾ ਹੁੰਦੇ ਜਾਂਦੇ ਹਨ ਅਤੇ ਰੋਗਾਂ ਦੇ ਖ਼ਦਸ਼ੇ ਨੂੰ ਵਧਾਉਂਦੇ ਹਨ।
ਮਾਝੇ ਖੇਤਰ ਵਿੱਚ ਵਧ ਰਹੇ ਪਾਣੀ ਦੇ ਪ੍ਰਦੂਸ਼ਣ ਦੀ ਜਵਾਬਦੇਹੀ ਲਈ ਜਲ ਸਰੋਤ ਵਿਭਾਗ ਨੇ ਜਲ ਸ਼ਕਤੀ ਮੰਤਰਾਲੇ ‘ਤੇ ਜ਼ਿੰਮੇਵਾਰੀ ਪਾਉਂਦਿਆਂ ਕਿਹਾ, “ਹਰ ਸਾਲ ਜਲ ਸ਼ਕਤੀ ਵਿਭਾਗ ਪੰਜਾਬ ਵਿੱਚ ਪਾਣੀ ਦੀ ਗੁਣਵੱਤਾ ਦਾ ਸਰਵੇਖਣ ਕਰਦਾ ਹੈ ਅਤੇ ਅਜਿਹੀਆਂ ਚਿੰਤਾਵਾਂ ਨੂੰ ਦੂਰ ਕਰਦਾ ਹੈ।” ਪੰਜਾਬ ਅਤੇ ਹਰਿਆਣਾ ‘ਚ ਜਲ ਸਰੋਤ ਵਿਭਾਗ ਦੇ ਜਲ ਸ਼ਕਤੀ ਮੰਤਰਾਲੇ ਦੇ ਕਾਰਜਾਂ ਦੀ ਮੁਖੀ ਵਿਦਿਆ ਨੰਦ ਨੇਗੀ ਮੁਤਾਬਕ, “ਬਿਲਕੁਲ ਅਸੀਂ ਪਾਣੀ ਦੀ ਗੁਣਵੱਤਾ ਜਾਂਚ ਸਰਵੇਖਣ ਕਰਦੇ ਹਾਂ, ਅਤੇ ਪੰਜਾਬ ਵਿੱਚ ਪਾਣੀ ਦੀ ਸਥਿਤੀ ਕਾਫ਼ੀ ਚਿੰਤਾਜਨਕ ਹੈ। ਸਰਕਾਰ ਕੋਲ ਇਹ ਚਿੰਤਾਜਨਕ ਰਿਪੋਰਟਾਂ ਹਨ ਅਤੇ ਹੁਣ ਇਸ ਮੁੱਦੇ ਨੂੰ ਹੱਲ ਕਰਨ ਲਈ ਕਾਰਵਾਈ ਕਰਨਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ।”