*ਲੋਕ ਸਭਾ ਚੋਣਾਂ ਵਿੱਚ ਲਈ ਲੀਡ ਵੀ ਗਵਾਈ
*ਝਾਰਖੰਡ `ਚ ਹੇਮੰਤ ਸੋਰਿਨ ਦਾ ਅਦਿਵਾਸੀ ਪੱਤਾ ਚੱਲਿਆ
ਪੰਜਾਬੀ ਪਰਵਾਜ਼ ਬਿਊਰੋ
ਪਿਛਲੀਆਂ ਲੋਕ ਸਭਾ ਚੋਣਾਂ ਵੇਲੇ ਪੈਰਾਂ ਸਿਰ ਹੁੰਦੀ ਜਾਪਦੀ ਕਾਂਗਰਸ ਪਾਰਟੀ ਨੂੰ ਮਹਾਰਾਸ਼ਟਰ, ਝਾਰਖੰਡ ਅਤੇ ਦੇਸ਼ ਦੇ ਕਈ ਰਾਜਾਂ ਵਿੱਚ ਹੋਈਆਂ ਜ਼ਿਮਨੀ ਚੋਣਾਂ ਵਿੱਚ ਐਨ.ਡੀ.ਏ. ਗੱਠਜੋੜ ਨੇ ਇੱਕ ਵਾਰ ਫੇਰ ਉਖਾੜ ਦਿੱਤਾ ਹੈ। ਸਭ ਤੋਂ ਮਹੱਤਵਪੂਰਨ ਮਹਾਰਾਸ਼ਟਰ ਦੀ ਚੋਣ ਰਹੀ। ਇਹ ਉੱਤਰ ਪ੍ਰਦੇਸ਼ ਤੋਂ ਬਾਅਦ ਦੇਸ਼ ਦਾ ਸਭ ਤੋਂ ਵੱਡਾ ਸੂਬਾ ਹੈ। ਕਾਂਗਰਸ ਪਾਰਟੀ ਅਤੇ ਉਸ ਦਾ ਗੱਠਜੋੜ ਇੰਡੀਆ ਮਈ ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਇੱਥੇ ਭਾਜਪਾ ਨੂੰ ਮਾਤ ਦੇਣ ਵਿੱਚ ਕਾਮਯਾਬ ਰਿਹਾ ਸੀ। ਇਸ ਦੇ ਬਾਵਜੂਦ ਵਿਧਾਨ ਸਭਾ ਚੋਣਾਂ ਵਿੱਚ ਇਹ ਗੱਠਜੋੜ ਬੁਰੀ ਤਰ੍ਹਾਂ ਹਾਰ ਗਿਆ ਹੈ।
ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਐਨ.ਡੀ.ਏ. ਨੇ ਮਹਾਰਾਸ਼ਟਰ ਵਿੱਚ 235 ਸੀਟਾਂ ਜਿੱਤੀਆਂ ਹਨ, ਜਿਨ੍ਹਾਂ ਵਿੱਚ ਭਾਜਪਾ ਨੇ ਇਕੱਲਿਆਂ 132 ਸੀਟਾਂ ‘ਤੇ ਜਿੱਤ ਪ੍ਰਾਪਤ ਕੀਤੀ ਹੈ। ਕਾਂਗਰਸ ਦੀ ਅਗਵਾਈ ਵਾਲਾ ਮਹਾਂ ਅਘਾੜੀ ਗੱਠਜੋੜ ਸਿਰਫ 50 ਸੀਟਾਂ ‘ਤੇ ਸਿਮਟ ਗਿਆ। ਐਨ.ਡੀ.ਏ. ਦੀ ਮਹਾਰਾਸ਼ਟਰ ਵਿੱਚ ਇਹ ਸਭ ਤੋਂ ਵੱਡੀ ਜਿੱਤ ਦੱਸੀ ਜਾ ਰਹੀ ਹੈ। ਭਾਜਪਾ ਦੀ ਭਾਈਵਾਲ ਸ਼ਿਵ ਸੈਨਾ (ਸ਼ਿੰਦੇ ਗੁੱਟ) ਨੇ 57 ਸੀਟਾਂ ‘ਤੇ ਜਿੱਤ ਪ੍ਰਾਪਤ ਕੀਤੀ, ਅਜੀਤ ਪਵਾਰ ਵਾਲੀ ਨੈਸ਼ਨਲ ਕਾਂਗਰਸ ਪਾਰਟੀ ਦੇ ਹੱਥ 41 ਸੀਟਾਂ ਲੱਗੀਆਂ ਅਤੇ ਹੋਰ 5 ਛੋਟੀਆਂ ਪਾਰਟੀਆਂ ਨੂੰ ਮਿਲੀਆਂ। ਦੂਜੇ ਪਾਸੇ ਕਾਂਗਰਸ ਵਾਲੇ ਗੱਠਜੋੜ ਵਿੱਚ ਸ਼ਿਵ ਸੈਨਾ ਊਧਵ ਠਾਕਰੇ ਨੇ 20 ਸੀਟਾਂ ‘ਤੇ ਜਿੱਤ ਪ੍ਰਾਪਤ ਕੀਤੀ। ਕਾਂਗਰਸ ਪਾਰਟੀ ਨੇ ਮਹਾਰਾਸ਼ਟਰ ਵਿੱਚ 101 ਸੀਟਾਂ ‘ਤੇ ਚੋਣ ਲੜੀ ਅਤੇ ਸਿਰਫ 16 ਸੀਟਾਂ ਉਸ ਦੇ ਹੱਥ ਲੱਗੀਆਂ। ਪਾਰਟੀ ਉਨ੍ਹਾਂ ਖੇਤਰਾਂ ਵਿੱਚ ਵੀ ਬੁਰੀ ਤਰ੍ਹਾਂ ਹਾਰੀ, ਜਿਨ੍ਹਾਂ ਵਿੱਚ ਲੋਕ ਸਭਾ ਚੋਣਾਂ ਵੇਲੇ ਜਿੱਤੀ ਸੀ। ਸ਼ਰਦ ਪਵਾਰ ਦੀ ਅਗਵਾਈ ਵਾਲੀ ਨੈਸ਼ਨਲ ਕਾਂਗਰਸ ਪਾਰਟੀ ਨੇ 10 ਸੀਟਾਂ ‘ਤੇ ਜਿੱਤ ਪ੍ਰਾਪਤ ਕੀਤੀ, ਜਦਕਿ ਇਸ ਗੱਠਜੋੜ ਨਾਲ ਜੁੜੀਆਂ ਹੋਰ ਛੋਟੀਆਂ ਪਾਰਟੀਆਂ ਨੇ 4 ਸੀਟਾਂ ‘ਤੇ ਜਿੱਤ ਹਾਸਲ ਕੀਤੀ ਹੈ। ਕੁੱਲ 288 ਸੀਟਾਂ ਵਾਲੀ ਮਹਾਰਾਸ਼ਟਰ ਅਸੈਂਬਲੀ ਵਿੱਚ ਇਨ੍ਹਾਂ ਦੋ ਧੜਿਆਂ ਤੋਂ ਬਾਹਰ ਦੀਆਂ ਪਾਰਟੀਆਂ ਨੂੰ 3 ਸੀਟਾਂ ਹਾਸਲ ਹੋਈਆਂ ਹਨ। ਦੋ ਆਜ਼ਾਦ ਉਮੀਦਵਾਰ ਜਿੱਤੇ, ਜਿਹੜੇ ਕਿਸੇ ਧੜੇ ਵਿੱਚ ਸ਼ਾਮਲ ਨਹੀਂ ਹਨ। ਓਵੇਸੀ ਦੀ ਅਗਵਾਈ ਵਾਲੀ ਏ.ਆਈ.ਐਮ.ਆਈ.ਐਮ. ਨੂੰ ਇੱਕ ਸੀਟ ਪ੍ਰਾਪਤ ਹੋਈ।
ਵੱਖ ਵੱਖ ਪਾਰਟੀਆਂ ਵੱਲੋਂ ਪ੍ਰਾਪਤ ਕੀਤੀ ਗਈ ਵੋਟ ਫੀਸਦੀ ਦੇ ਹਿਸਾਬ ਨਾਲ ਵੇਖਿਆ ਜਾਵੇ ਤਾਂ ਮਹਾਰਾਸ਼ਟਰ ਅਸੈਂਬਲੀ ਚੋਣਾਂ ਵਿੱਚ ਐਨ.ਡੀ.ਏ. ਨੂੰ 51.3 ਫੀਸਦੀ ਵੋਟਾਂ ਪਈਆਂ। ਕਾਂਗਰਸ ਦੀ ਅਗਵਾਈ ਵਾਲੇ ਐਮ.ਵੀ.ਏ. ਗੱਠਜੋੜ ਨੂੰ 35.4 ਫੀਸਦੀ ਵੋਟ ਪਏ। ਹੋਰ ਛੋਟੀਆਂ ਪਾਰਟੀਆਂ ਤੇ ਆਜ਼ਾਦ ਉਮੀਦਵਾਰ 13.3 ਫੀਸਦੀ ਵੋਟਾਂ ਖਿੱਚ ਗਏ। ਇਨ੍ਹਾਂ ਚੋਣਾਂ ਵਿੱਚ ਕਾਂਗਰਸ ਦੀ ਕਾਰਗੁਜ਼ਾਰੀ ਵਿੱਚ ਆਈ ਗਿਰਵਾਟ ਨੂੰ ਲੈ ਕੇ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ 30 ਨਵੰਬਰ ਨੂੰ ਦਿੱਲੀ ਵਿਖੇ ਮੁੱਖ ਪਾਰਟੀ ਦਫਤਰ ਵਿੱਚ ਹੋਈ। ਇਸ ਮੀਟਿੰਗ ਵਿੱਚ ਪਾਰਟੀ ਸੰਗਠਨ ਦੀਆਂ ਕਮਜ਼ੋਰੀਆਂ ਅਤੇ ਕਮੀਆਂ `ਤੇ ਚਿੰਤਨ ਮੰਥਨ ਕੀਤਾ ਗਿਆ। ਆਪਣੇ ਇਸ ਮੰਥਨ ਤੋਂ ਬਾਅਦ ਪਾਰਟੀ ਬੁਲਾਰਿਆਂ ਨੇ ਦੱਸਿਆ ਕਿ ਕਾਂਗਰਸ ਪਾਰਟੀ ਦੀ ਅੰਦਰਲੀ ਫੁੱਟ ਹੀ ਪਾਰਟੀ ਦੀ ਹਾਰ ਦਾ ਕਾਰਨ ਬਣੀ। ਪਾਰਟੀ ਨੇ ਇਹ ਵੀ ਦੋਸ਼ ਲਾਇਆ ਕਿ ਮਹਾਰਾਸ਼ਟਰ ਦੀਆਂ ਤਕਰੀਬਨ 80 ਸੀਟਾਂ ‘ਤੇ ਈ.ਵੀ.ਐਮ. ਮਸੀਨਾਂ ਰਾਹੀਂ ਵੋਟਾਂ ਦੀ ਗਿਣਤੀ ਦੇ ਮਾਮਲੇ ਵਿੱਚ ਗੜਬੜ ਕੀਤੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹਰਿਆਣਾ ਵਿੱਚ ਵੀ 22 ਵਿਧਾਨ ਸਭਾ ਸੀਟਾਂ ‘ਤੇ ਵੋਟ ਮਸ਼ੀਨਾਂ ਰਾਹੀਂ ਛੇੜ-ਛਾੜ ਕੀਤੀ ਗਈ। ਕਾਂਗਰਸ ਪਾਰਟੀ ਨੇ ਜ਼ੋਰਦਾਰ ਮੰਗ ਕੀਤੀ ਹੈ ਕਿ ਚੋਣਾਂ ਈ.ਵੀ.ਐਮ. ਦੀ ਥਾਂ ਬੈਲਟ ਪੇਪਰ ਉੱਪਰ ਕਰਵਾਈਆਂ ਜਾਣ। ਉਧਰ ਭਾਜਪਾ ਨੇ ਵਿਰੋਧੀ ਪਾਰਟੀਆਂ ਦੇ ਅਜਿਹੇ ਦੋਸ਼ਾਂ ਨੂੰ ਨਿਰ ਆਧਾਰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਕਾਂਗਰਸ ਅਤੇ ਉਸ ਦੇ ਭਾਈਵਾਲ ਜਿੱਤ ਜਾਂਦੇ ਹਨ, ਉਦੋਂ ਈ.ਵੀ.ਐਮ. ਮਸ਼ੀਨਾਂ ਦੀ ਖ਼ਰਾਬੀ ਕਿਉਂ ਨਹੀਂ ਚੇਤੇ ਆਉਂਦੀ! ਭਾਰਤੀ ਚੋਣ ਕਮਿਸ਼ਨ ਨੇ ਵੀ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਵੱਲੋਂ ਈ.ਵੀ.ਐਮ. ਉੱਪਰ ਸ਼ੰਕੇ ਪ੍ਰਗਟ ਕਰਨ ਨੂੰ ਮੰਦਭਾਗਾ ਦੱਸਿਆ। ਚੋਣ ਕਮਿਸ਼ਨ ਨੇ ਕਿਹਾ ਕਿ ਚੋਣਾਂ ਬਿਲਕੁਲ ਪਾਰਦਰਸ਼ੀ ਢੰਗ ਨਾਲ ਕਰਵਾਈਆਂ ਗਈਆਂ ਹਨ। ਚੋਣ ਕਮਿਸ਼ਨ ਨੇ ਆਪਣੇ ਅੰਤ੍ਰਿਮ ਜਵਾਬ ਵਿੱਚ ਕਾਂਗਰਸ ਪਾਰਟੀ ਨੂੰ ਸਾਰੇ ਮਾਮਲਿਆਂ ‘ਤੇ ਚਰਚਾ ਕਰਨ ਦਾ ਸੱਦਾ ਵੀ ਦਿੱਤਾ। ਯਾਦ ਰਹੇ, ਕਾਂਗਰਸ ਪਾਰਟੀ ਨੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਵੋਟਿੰਗ ਅਤੇ ਗਿਣਤੀ ਨਾਲ ਸੰਬੰਧਤ ਅੰਕੜਿਆਂ ਵਿੱਚ ਗੰਭੀਰ ਖਾਮੀਆਂ ਦਾ ਮੁੱਦਾ ਚੋਣ ਕਮਿਸ਼ਨ ਕੋਲ ਚੁੱਕਿਆ ਸੀ।
ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਸੰਬੰਧੀ ਨਿਰਪੱਖ ਵਿਸ਼ਲੇਸ਼ਕਾਂ ਦਾ ਆਖਣਾ ਹੈ ਕਿ ਚੋਣ ਮੁਹਿੰਮ ਦੇ ਮੁੱਢ ਵਿੱਚ ਦੋਵੇਂ ਗੱਠਜੋੜ ਲੱਗਪਗ ਬਰਾਬਰ ਸਨ। ਦੋਹਾਂ ਧਿਰਾਂ ਨੂੰ 40-40 ਬਾਗੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਹਾਲਤ ਦਰਮਿਆਨ ਜਿੱਥੇ ਭਾਜਪਾ ਦੀ ਅਗਵਾਈ ਵਾਲਾ ਐਨ.ਡੀ.ਏ. ਗੱਠਜੋੜ ਆਪਣੇ ਬਾਗੀਆਂ ਨੂੰ ਮੈਨੇਜ ਕਰਨ ਵਿੱਚ ਕਾਮਯਾਬ ਰਿਹਾ ਅਤੇ ਇੱਕ ਅਨੁਸ਼ਾਸਨ ਵਿੱਚ ਬੱਝੀ ਹੋਈ ਚੋਣ ਮੁਹਿੰਮ ਚਲਾਈ, ਉਥੇ ਕਾਂਗਰਸ ਪਾਰਟੀ ਦੀ ਅਗਵਾਈ ਵਾਲੇ ਗੱਠਜੋੜ ਦੇ ਲੀਡਰ ਖੁਲ੍ਹੇਆਮ ਇੱਕ ਦੂਜੇ ਨਾਲ ਖਹਿਬੜਦੇ ਵੇਖੇ ਗਏ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਦੀਆਂ ਚੋਣਾਂ ਹਰਿਆਣਾ ਦੇ ਨਾਲ ਹੋਣੀਆਂ ਸਨ, ਪਰ ਚੋਣ ਕਮਿਸ਼ਨ ਨੇ ਇਸ ਰਾਜ ਦੀਆਂ ਚੋਣਾਂ ਲੇਟ ਕਰ ਦਿੱਤੀਆਂ। ਇਸ ਦਰਮਿਆਨ ਭਾਜਪਾ-ਸ਼ਿਵ ਸੈਨਾ ਗੱਠਜੋੜ ਦੀ ਸਰਕਾਰ ਨੇ ਲਾਡਲੀ ਭੈਣ ਸਕੀਮ ਦੇ ਤਹਿਤ ਵੋਟਰਾਂ ਦੇ ਖਾਤਿਆਂ ਵਿੱਚ ਪੰਦਰਾਂ-ਪੰਦਰਾਂ ਸੌ ਰੁਪਏ ਭੇਜ ਦਿੱਤੇ। ਇਸ ਨਾਲ ਔਰਤਾਂ ਦੇ ਇੱਕ ਵੱਡੇ ਵੋਟ ਬੈਂਕ ਨੂੰ ਭਾਜਪਾ ਗੱਠਜੋੜ ਆਪਣੇ ਹੱਕ ਵਿੱਚ ਭੁਗਤਾਉਣ ਵਿੱਚ ਕਾਮਯਾਬ ਰਿਹਾ। ਇਵੇਂ ਮਰਾਠਿਆਂ ਦੀ ਭਾਜਪਾ ਨਾਲ ਨਾਰਾਜ਼ਗੀ ਨੂੰ ਵੀ ਪਾਰਟੀ ਆਗੂਆਂ ਨੇ ਸਮਾਂ ਰਹਿੰਦਿਆਂ ਮੈਨੇਜ ਕਰ ਲਿਆ; ਜਦਕਿ ਕਾਂਗਰਸ ਪਾਰਟੀ ਦੀ ਅਗਵਾਈ ਵਾਲੇ ਗੱਠਜੋੜ ਵਿੱਚ ਵੋਟਾਂ ਪੈਣ ਵਾਲੇ ਦਿਨ ਤੱਕ ਖਿੱਚੋਤਾਣ ਚਲਦੀ ਰਹੀ।
ਝਾਰਖੰਡ ਵਿੱਚ ਹੇਮੰਤ ਸੋਰੇਨ ਦੀ ਅਗਵਾਈ ਵਾਲੇ ਝਾਰਖੰਡ ਮੁਕਤੀ ਮੋਰਚਾ ਅਤੇ ਕਾਂਗਰਸ ਦੇ ਗੱਠਜੋੜ ਨੇ 56 ਸੀਟਾਂ ‘ਤੇ ਜਿੱਤ ਪ੍ਰਾਪਤ ਕਰਕੇ ਰਾਜ ਵਿੱਚ ਆਪਣੀ ਸਰਕਾਰ ਬਣਾ ਲਈ ਹੈ; ਜਦਕਿ ਭਾਜਪਾ ਵਾਲੇ ਗੱਠਜੋੜ ਦੇ ਹੱਥ 24 ਸੀਟਾਂ ਹੀ ਲੱਗੀਆਂ। ਇੱਕ ਸੀਟ ਆਜ਼ਾਦ ਉਮੀਦਵਾਰ ਜਿੱਤ ਗਿਆ ਹੈ। ਝਾਰਖੰਡ ਵਿਧਾਨ ਸਭਾ ਚੋਣਾਂ ਵਿੱਚ ਝਾਰਖੰਡ ਮੁਕਤੀ ਮੋਰਚਾ ਨੇ 44.3 ਫੀਸਦੀ ਵੋਟਾਂ ਪ੍ਰਾਪਤ ਕੀਤੀਆਂ, ਭਾਰਤੀ ਜਨਤਾ ਪਾਰਟੀ ਵਾਲੇ ਗੱਠਜੋੜ ਨੂੰ 38.1 ਫੀਸਦੀ ਵੋਟ ਮਿਲੇ। ਇੱਥੇ ਕਾਂਗਰਸ ਪਾਰਟੀ ਅਤੇ ਉਸ ਦੇ ਭਾਈਵਾਲਾਂ ਨੇ ਸੁਖ ਦਾ ਸਾਹ ਲਿਆ, ਪਰ ਇਸ ਜਿੱਤ ਵਿੱਚ ਵੱਡਾ ਹਿੱਸਾ ਝਾਰਖੰਡ ਮੁਕਤੀ ਮੋਰਚੇ ਦਾ ਹੈ। ਕਾਂਗਰਸ ਪਾਰਟੀ ਨੇ ਜਿੰਨੀਆਂ ਕੁ ਵੀ ਸੀਟਾਂ ਜਿੱਤੀਆਂ, ਝਾਰਖੰਡ ਮੁਕਤੀ ਮੋਰਚਾ ਦੀ ਭਾਈਵਾਲੀ ਦੇ ਆਸਰੇ ਹੀ ਜਿੱਤੀਆਂ ਹਨ।
ਇੱਧਰ ਪੰਜਾਬ ਅਸੈਂਬਲੀ ਲਈ ਹੋਈਆਂ ਜ਼ਿਮਨੀ ਚੋਣਾਂ 2027 ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਵੋਟਰਾਂ ਦੇ ਰੁਖ ਬਾਰੇ ਕੋਈ ਕਨਸੋਅ ਨਹੀਂ ਦਿੰਦੀਆਂ; ਪਰ ਫਿਰ ਵੀ ਗਿੱਦੜਬਾਹਾ ਵਿੱਚ ਹਰਦੀਪ ਸਿੰਘ ਡਿੰਪੀ ਦੇ ਜਿੱਤਣ ਨਾਲ ਭਗਵੰਤ ਮਾਨ ਦੀ ਪਾਰਟੀ ‘ਤੇ ਢਿੱਲ੍ਹੀ ਹੋ ਰਹੀ ਪਕੜ ਕੁਝ ਮਜਬੂਤ ਹੋ ਸਕਦੀ ਹੈ। ਯਾਦ ਰਹੇ, ਭਗਵੰਤ ਮਾਨ ਹੀ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਆਮ ਆਦਮੀ ਪਾਰਟੀ ਵਿੱਚ ਲੈ ਕੇ ਆਏ ਸਨ; ਜਦਕਿ ਗੁਰਮੀਤ ਸਿੰਘ ਮੀਤ ਹੇਅਰ ਦੀ ਨੇੜਤਾ ਵਾਲਾ ਉਮੀਦਵਾਰ ਬਰਨਾਲੇ ਵਿੱਚ ਜਿੱਤ ਨਾ ਸਕਿਆ। ਉੱਤਰ ਪ੍ਰਦੇਸ਼ ਵਿੱਚ ਹੋਈਆਂ 9 ਜ਼ਿਮਨੀ ਚੋਣਾਂ ਵਿੱਚ ਭਾਜਪਾ ਨੇ 7 ਸੀਟਾਂ ਜਿੱਤ ਲਈਆਂ ਹਨ ਅਤੇ ਸਮਾਜਵਾਦੀ ਪਾਰਟੀ ਦੇ ਹਿੱਸੇ 2 ਸੀਟਾਂ ਹੀ ਆਈਆਂ ਹਨ। ਇੱਥੇ ਵੀ ਸਮਾਜਵਾਦੀ ਪਾਰਟੀ ਨੇ ਈ.ਵੀ.ਐਮ. ਮਸ਼ੀਨਾਂ ਰਾਹੀਂ ਵੋਟਾਂ ਦੀ ਗਿਣਤੀ ਵਿੱਚ ਗੜਬੜ ਕਰਨ ਦੇ ਦੋਸ਼ ਲਾਏ।