ਆਲਮੀ ਹਾਕੀ ਚੈਂਪੀਅਨ ਕਪਤਾਨ ਅਜੀਤ ਪਾਲ ਸਿੰਘ

ਗੂੰਜਦਾ ਮੈਦਾਨ

ਖਿਡਾਰੀ ਪੰਜ-ਆਬ ਦੇ (31)
ਪੰਜਾਬ ਦੀ ਧਰਤੀ ਨੇ ਵੱਡੇ-ਵੱਡੇ ਖਿਡਾਰੀ ਪੈਦਾ ਕੀਤੇ ਹਨ- ਚਾਹੇ ਇਹ ਚੜ੍ਹਦਾ ਪੰਜਾਬ ਹੋਵੇ ਜਾਂ ਫਿਰ ਲਹਿੰਦਾ ਪੰਜਾਬ। ਨਾਮੀ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ਇਸ ਕਾਲਮ ਰਾਹੀਂ ਚੋਟੀ ਦੇ ਖਿਡਾਰੀਆਂ ਦੀ ਜੀਵਨੀ ਉਤੇ ਝਾਤ ਪਾਈ ਜਾ ਰਹੀ ਹੈ। ਹਥਲੇ ਲੇਖ ਵਿੱਚ ਹਾਕੀ ਦੇ ਆਲਮੀ ਚੈਂਪੀਅਨ ਕਪਤਾਨ ਅਜੀਤ ਪਾਲ ਸਿੰਘ ਬਾਰੇ ਸੰਖੇਪ ਵੇਰਵਾ ਹੈ। ਅਜੀਤ ਪਾਲ ਸਿੰਘ ਨੂੰ ਆਪਣੀ ਖੇਡ ਕਾਬਲੀਅਤ ਸਦਕਾ ਭਾਰਤੀ ਹਾਕੀ ਦਾ ਧੁਰਾ ਆਖਿਆ ਜਾਂਦਾ ਸੀ,

ਜਿਸ ਦੇ ਦੁਆਲੇ ਪੂਰੀ ਟੀਮ ਘੁੰਮਦੀ ਸੀ। ਅਜੀਤ ਪਾਲ ਸਿੰਘ ਨੂੰ ਖੇਡ ਪ੍ਰਾਪਤੀਆਂ ਬਦਲੇ ਭਾਰਤ ਸਰਕਾਰ ਨੇ 1970 ਵਿੱਚ ਅਰਜੁਨਾ ਐਵਾਰਡ ਅਤੇ 1992 ਵਿੱਚ ਪਦਮਸ਼੍ਰੀ ਪੁਰਸਕਾਰ ਨਾਲ ਸਨਮਾਨਿਆ। ਪੰਜਾਬ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਤ ਕੀਤਾ। ਉਸ ਨੂੰ 1976 ਦੀਆਂ ਮਾਂਟਰੀਅਲ ਓਲੰਪਿਕ ਖੇਡਾਂ ਵਿੱਚ ਭਾਰਤ ਦੀ ਕਪਤਾਨੀ ਕਰਨ ਦਾ ਵੀ ਮਾਣ ਮਿਲਿਆ।

ਨਵਦੀਪ ਸਿੰਘ ਗਿੱਲ
ਫੋਨ: +91-9780036216

ਭਾਰਤੀ ਹਾਕੀ ਵਿੱਚ ਓਲੰਪਿਕ ਖੇਡਾਂ ਦੀਆਂ ਪ੍ਰਾਪਤੀਆਂ ਦੇ ਮਾਮਲੇ ਵਿੱਚ ਜੋ ਮਾਣ ਧਿਆਨ ਚੰਦ, ਬਲਬੀਰ ਸਿੰਘ ਸੀਨੀਅਰ, ਊਧਮ ਸਿੰਘ, ਚਰਨਜੀਤ ਸਿੰਘ ਤੇ ਪ੍ਰਿਥੀਪਾਲ ਸਿੰਘ ਨੂੰ ਮਿਲਿਆ ਹੈ, ਵਿਸ਼ਵ ਕੱਪ ਮੁਕਾਬਲੇ ਵਿੱਚ ਇਹੋ ਮਾਣ ਅਜੀਤ ਪਾਲ ਸਿੰਘ ਨੂੰ ਮਿਲਿਆ ਹੈ। ਹਾਕੀ ਵਿੱਚ ਭਾਰਤ ਨੇ ਸਿਰਫ ਇੱਕੋ ਵਾਰ 1975 ਵਿੱਚ ਵਿਸ਼ਵ ਕੱਪ ਜਿੱਤਿਆ ਸੀ, ਜੋ ਕਿ ਅਜੀਤ ਪਾਲ ਸਿੰਘ ਦੀ ਕਪਤਾਨੀ ਹੇਠ ਕੁਆਲਾ ਲੰਪੁਰ ਵਿਖੇ ਜਿੱਤਿਆ ਸੀ। ਭਾਰਤ ਨੇ ਤਿੰਨ ਵਾਰ ਵਿਸ਼ਵ ਕੱਪ ਵਿੱਚ ਤਮਗ਼ੇ ਜਿੱਤੇ ਹਨ- 1975 ਵਿੱਚ ਸੋਨੇ ਦਾ, 1973 ਵਿੱਚ ਚਾਂਦੀ ਅਤੇ 1971 ਵਿੱਚ ਕਾਂਸੀ ਦਾ ਤਮਗ਼ਾ। ਅਜੀਤ ਪਾਲ ਸਿੰਘ ਉਨ੍ਹਾਂ ਚਾਰ ਖਿਡਾਰੀਆਂ ਵਿੱਚੋਂ ਇੱਕ ਹੈ, ਜਿਸ ਨੇ ਤਿੰਨੋਂ ਤਮਗ਼ੇ ਜਿੱਤੇ ਹਨ। ਪੰਜਾਬ ਦਾ ਹੀ ਬ੍ਰਿਗੇਡੀਅਰ ਹਰਚਰਨ ਸਿੰਘ ਵੀ ਉਨ੍ਹਾਂ ਵਿੱਚੋਂ ਇੱਕ ਹੈ।
ਅਜੀਤ ਪਾਲ ਸਿੰਘ ਨੂੰ 1976 ਦੀਆਂ ਮਾਂਟਰੀਅਲ ਓਲੰਪਿਕ ਖੇਡਾਂ ਵਿੱਚ ਭਾਰਤ ਦੀ ਕਪਤਾਨੀ ਕਰਨ ਦਾ ਵੀ ਮਾਣ ਮਿਲਿਆ, ਜਦੋਂ ਪਹਿਲੀ ਵਾਰ ਹਾਕੀ ਮੁਕਾਬਲੇ ਘਾਹ ਵਾਲੇ ਮੈਦਾਨ ਦੀ ਬਜਾਏ ਐਸਟੋਟਰਫ ਉਪਰ ਕਰਵਾਏ ਗਏ। ਅਜੀਤ ਪਾਲ ਸਿੰਘ ਨੇ ਤਿੰਨ ਓਲੰਪਿਕ ਖੇਡਾਂ ਵਿੱਚ ਹਿੱਸਾ ਲਿਆ, ਜਿਨ੍ਹਾਂ ਵਿੱਚੋਂ ਦੋ ਵਾਰ ਮੈਕਸੀਕੋ 1968 ਅਤੇ ਮਿਊਨਿਖ 1972 ਵਿੱਚ ਕਾਂਸੀ ਦੇ ਤਮਗ਼ੇ ਵੀ ਜਿੱਤੇ। ਅਜੀਤ ਪਾਲ ਸਿੰਘ ਭਾਰਤ ਦੇ ਉਨ੍ਹਾਂ ਗਿਣੇ-ਚੁਣੇ ਖਿਡਾਰੀਆਂ ਵਿੱਚੋਂ ਇੱਕ ਹੈ, ਜਿਸ ਨੂੰ ਏਸ਼ੀਅਨ ਆਲ ਸਟਾਰ ਟੀਮ ਦੀ ਕਪਤਾਨੀ ਕਰਨ ਦਾ ਵੀ ਮਾਣ ਹਾਸਲ ਹੋਇਆ। ਅਜੀਤ ਪਾਲ ਸਿੰਘ ਨੂੰ ਖੇਡ ਪ੍ਰਾਪਤੀਆਂ ਬਦਲੇ ਭਾਰਤ ਸਰਕਾਰ ਨੇ ਪਦਮਸ਼੍ਰੀ ਤੇ ਅਰਜੁਨਾ ਐਵਾਰਡ ਅਤੇ ਪੰਜਾਬ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਆ। 2012 ਦੀਆਂ ਲੰਡਨ ਓਲੰਪਿਕ ਖੇਡਾਂ ਵਿੱਚ ਅਜੀਤ ਪਾਲ ਸਿੰਘ ਭਾਰਤੀ ਖੇਡ ਦਲ ਦੇ ਮੁਖੀ ਸਨ।
ਧਿਆਨ ਚੰਦ ਤੇ ਬਲਬੀਰ ਸਿੰਘ ਸੀਨੀਅਰ ਦਾ ਨਾਮ ਦੁਨੀਆਂ ਦੇ ਚੋਟੀ ਦੇ ਸੈਂਟਰ ਫਾਰਵਰਡਾਂ ਅਤੇ ਪ੍ਰਿਥੀਪਾਲ ਸਿੰਘ ਤੇ ਸੁਰਜੀਤ ਸਿੰਘ ਦਾ ਨਾਮ ਚੋਟੀ ਦੇ ਡਿਫੈਂਡਰਾਂ ਵਿੱਚ ਆਉਂਦਾ ਹੈ। ਹਾਕੀ ਖੇਡ ਵਿੱਚ ਸਭ ਤੋਂ ਅਹਿਮ ਮੰਨੀ ਜਾਂਦੀ ਸਾਈਡ ਸੈਂਟਰ ਹਾਫ਼ ਦੀ ਪੁਜੀਸ਼ਨ ਉਤੇ ਅਜੀਤ ਪਾਲ ਸਿੰਘ ਦਾ ਨਾਮ ਨਾ ਸਿਰਫ ਭਾਰਤ ਬਲਕਿ ਦੁਨੀਆਂ ਦੇ ਸਿਖਰਲੇ ਖਿਡਾਰੀਆਂ ਵਿੱਚ ਆਉਂਦਾ ਹੈ। ਅਜੀਤ ਪਾਲ ਸਿੰਘ ਨੂੰ ਆਪਣੀ ਖੇਡ ਕਾਬਲੀਅਤ ਸਦਕਾ ਭਾਰਤੀ ਹਾਕੀ ਦਾ ਧੁਰਾ ਆਖਿਆ ਜਾਂਦਾ ਸੀ, ਜਿਸ ਦੇ ਦੁਆਲੇ ਪੂਰੀ ਟੀਮ ਘੁੰਮਦੀ ਸੀ। ਅਜੀਤ ਪਾਲ ਸਿੰਘ ਨੇ ਬੀ.ਐਸ.ਐਫ਼. ਵਿੱਚੋਂ ਬਤੌਰ ਅਸਿਸਟੈਂਟ ਕਮਾਂਡੈਂਟ ਰਿਟਾਇਰਮੈਂਟ ਲੈਣ ਤੋਂ ਬਾਅਦ ਨਵੀਂ ਦਿੱਲੀ ਵਿਖੇ ਆਪਣਾ ਪੈਟਰੋਲ ਪੰਪ ਖੋਲਿ੍ਹਆ, ਜਿਸ ਦਾ ਨਾਮ ਵੀ ਉਸ ਨੇ ‘ਸੈਂਟਰ ਹਾਫ਼’ ਰੱਖਿਆ।
ਅਜੀਤ ਪਾਲ ਸਿੰਘ ਦਾ ਜਨਮ ਜਲੰਧਰ ਛਾਉਣੀ ਦੀ ਬੁੱਕਲ ਵਿੱਚ ਵਸੇ ਹਾਕੀ ਦੇ ਮੱਕੇ ਪਿੰਡ ਸੰਸਾਰਪੁਰ ਵਿੱਚ ਪਹਿਲੀ ਅਪਰੈਲ 1947 ਨੂੰ ਹੋਇਆ। ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਉਹ ਸਾਢੇ ਚਾਰ ਮਹੀਨਿਆਂ ਦਾ ਸੀ। ਸੰਸਾਰਪੁਰ ਪਿੰਡ ਨੇ ਵਿਸ਼ਵ ਹਾਕੀ ਨੂੰ 14 ਓਲੰਪੀਅਨਾਂ ਸਮੇਤ ਸੈਂਕੜੇ ਖਿਡਾਰੀ ਦਿੱਤੇ ਹਨ। ਕੁਲਾਰ ਪਰਿਵਾਰ ਦੇ ਜੰਮਪਲ ਅਜੀਤ ਪਾਲ ਸਿੰਘ ਦੀ ਗਿਣਤੀ ਭਾਰਤੀ ਖੇਡ ਜਗਤ ਵਿੱਚ ਨਫੀਸ ਖਿਡਾਰੀਆਂ ਵਿੱਚ ਕੀਤੀ ਜਾਂਦੀ ਹੈ, ਜਿਸ ਨੇ ਆਪਣੀ ਖੇਡ ਦੇ ਨਾਲ ਆਪਣੇ ਸਾਊ ਤੇ ਸਲੀਕੇ ਵਾਲੇ ਸੁਭਾਅ ਨਾਲ ਵੀ ਖੇਡ ਪ੍ਰੇਮੀਆਂ ਦੇ ਦਿਲ ਜਿੱਤੇ ਹਨ। ਅਜੀਤ ਪਾਲ ਸਿੰਘ ਤੋਂ ਪਹਿਲਾਂ ਸੰਸਾਰਪੁਰੀਆ ਨੇ ਓਲੰਪਿਕ ਖੇਡਾਂ ਵਿੱਚ ਝੰਡੇ ਗੱਡੇ ਸਨ ਅਤੇ ਇਸ ਸੰਸਾਰਪੁਰੀਏ ਨੇ ਸੰਸਾਰ ਕੱਪ ਵਿੱਚ ਧੁੰਮਾਂ ਪਾਈਆਂ।
ਅਜੀਤ ਪਾਲ ਸਿੰਘ ਨੇ ਸੱਤ-ਅੱਠ ਵਰਿ੍ਹਆਂ ਦੀ ਬਾਲੜੀ ਉਮਰੇ ਆਪਣੇ ਚਾਚਾ ਨੂੰ ਦੇਖ ਕੇ ਹਾਕੀ ਖੇਡਣੀ ਸ਼ੁਰੂ ਕਰ ਦਿੱਤੀ ਸੀ। ਸੰਸਾਰਪੁਰ ਦੇ ਹਾਕੀ ਮੈਦਾਨ ਵਿੱਚ ਨਿੱਕੇ ਅਜੀਤ ਪਾਲ ਨੂੰ ਹਾਕੀ ਦੇ ਵੱਡੇ ਗੁਰ ਸਿੱਖਣ ਨੂੰ ਮਿਲੇ। ਕੈਂਟ ਬੋਰਡ ਸਕੂਲ ਵਿੱਚ ਪੜ੍ਹਦਿਆਂ ਅਜੀਤ ਪਾਲ ਸਿੰਘ ਨੂੰ ਹਾਕੀ ਵਿੱਚ ਹੋਰ ਵੀ ਮੁਹਾਰਤ ਹਾਸਲ ਹੋਈ। 1963 ਵਿੱਚ 16 ਵਰਿ੍ਹਆਂ ਦੇ ਅਜੀਤ ਪਾਲ ਸਿੰਘ ਨੇ ਕੌਮੀ ਸਕੂਲ ਖੇਡਾਂ ਵਿੱਚ ਪੰਜਾਬ ਸਕੂਲਾਂ ਦੀ ਟੀਮ ਵੱਲੋਂ ਹਿੱਸਾ ਲਿਆ। ਸ਼ੁਰੂਆਤੀ ਦਿਨਾਂ ਵਿੱਚ ਉਹ ਫੁੱਲਬੈਕ ਦੀ ਪੁਜੀਸ਼ਨ ਉਤੇ ਖੇਡਦਾ ਸੀ।
1964 ਵਿੱਚ ਖੇਡਾਂ ਦੇ ਮੱਕੇ ਵਜੋਂ ਜਾਣੇ ਜਾਂਦੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਖੇ ਦਾਖਲਾ ਲੈਂਦਿਆਂ ਅਜੀਤ ਪਾਲ ਸਿੰਘ ਨੂੰ ਉਸ ਦੇ ਕੋਚ ਨੇ ਸਲਾਹ ਦਿੱਤੀ ਕਿ ਜੇਕਰ ਉਹ ਭਾਰਤੀ ਟੀਮ ਲਈ ਜਲਦੀ ਖੇਡਣਾ ਚਾਹੁੰਦਾ ਹੈ ਤਾਂ ਡਿਫੈਂਡਰ ਦੀ ਬਜਾਏ ਸੈਂਟਰ ਹਾਫ਼ ਦੀ ਭੂਮਿਕਾ ਉਪਰ ਖੇਡਿਆ ਕਰੇ। ਕਿਉਂਕਿ ਉਸ ਵੇਲੇ ਭਾਰਤੀ ਹਾਕੀ ਵਿੱਚ ਪ੍ਰਿਥੀਪਾਲ ਸਿੰਘ ਸਣੇ ਕਈ ਵੱਡੇ ਡਿਫੈਂਡਰ ਸਨ ਅਤੇ ਸੈਂਟਰ ਹਾਫ਼ ਪੁਜੀਸ਼ਨ ਲਈ ਚੰਗੇ ਖਿਡਾਰੀ ਦੀ ਭਾਲ ਸੀ। ਅਜੀਤ ਪਾਲ ਸਿੰਘ ਨੇ ਆਪਣੀ ਕਪਤਾਨੀ ਹੇਠ ਲਾਇਲਪੁਰ ਖਾਲਸਾ ਕਾਲਜ ਨੂੰ ਤਿੰਨ ਵਾਰ ਪੰਜਾਬ ਯੂਨੀਵਰਸਿਟੀ ਦਾ ਚੈਂਪੀਅਨ ਬਣਾਇਆ। ਉਸ ਵੇਲੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨਹੀਂ ਬਣੀ ਸੀ ਅਤੇ ਸਾਂਝਾ ਪੰਜਾਬ ਹੋਣ ਕਰਕੇ ਪੰਜਾਬ ਯੂਨੀਵਰਸਿਟੀ ਦਾ ਦਾਇਰਾ ਬਹੁਤ ਵੱਡਾ ਸੀ।
1966 ਵਿੱਚ ਅਜੀਤ ਪਾਲ ਸਿੰਘ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਕਪਤਾਨੀ ਕੀਤੀ। ਅਜੀਤ ਪਾਲ ਸਿੰਘ 1966 ਵਿੱਚ ਜਪਾਨ ਦੌਰੇ ਉਤੇ ਗਈ ਭਾਰਤੀ ਹਾਕੀ ਟੀਮ ਵਿੱਚ ਚੁਣਿਆ ਗਿਆ ਅਤੇ 1967 ਵਿੱਚ ਲੰਡਨ ਵਿਖੇ ਹੋਈਆਂ ਪ੍ਰੀ ਓਲੰਪਿਕ ਖੇਡਾਂ ਲਈ ਭਾਰਤੀ ਟੀਮ ਵਿੱਚ ਚੁਣਿਆ ਗਿਆ। 1968 ਵਿੱਚ ਭਾਰਤ ਦੀਆਂ ਸਾਰੀਆਂ ਯੂਨੀਵਰਸਿਟੀਆਂ ਨੂੰ ਮਿਲਾ ਕੇ ਬਣਾਈ ਜਾਂਦੀ ਕੰਬਾਈਂਡ ਯੂਨੀਵਰਸਿਟੀ ਟੀਮ ਦਾ ਕਪਤਾਨ ਥਾਪਿਆ ਗਿਆ। ਉਸ ਵੇਲੇ ਕੰਬਾਈਂਡ ਯੂਨੀਵਰਸਿਟੀ ਟੀਮ ਵਿੱਚ ਚੁਣੇ ਜਾਣਾ ਭਾਰਤੀ ਹਾਕੀ ਟੀਮ ਵਿੱਚ ਚੁਣੇ ਜਾਣ ਦੇ ਬਰਾਬਰ ਸੀ। ਇਸੇ ਲਈ ਅਜੀਤ ਪਾਲ ਸਿੰਘ ਨੂੰ ਕੰਬਾਈਂਡ ਯੂਨੀਵਰਸਿਟੀ ਦੀ ਕਪਤਾਨੀ ਕਰਨ ਤੋਂ ਪਹਿਲਾਂ ਭਾਰਤੀ ਟੀਮ ਵਿੱਚ ਚੁਣਿਆ ਗਿਆ ਸੀ।
1968 ਵਿੱਚ 21 ਵਰਿ੍ਹਆਂ ਦੀ ਉਮਰੇ ਅਜੀਤ ਪਾਲ ਸਿੰਘ ਨੂੰ ਖੇਡਾਂ ਦੇ ਸਭ ਤੋਂ ਵੱਡੇ ਮੰਚ ਓਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਿਆ ਸੀ। ਮੈਕਸੀਕੋ ਵਿਖੇ ਹੋਈਆਂ ਓਲੰਪਿਕ ਖੇਡਾਂ ਵਿੱਚ ਸੱਤ ਸੰਸਾਰਪੁਰੀਆ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚੋਂ ਚਾਰ ਹਾਕੀ ਖਿਡਾਰੀਆਂ ਨੇ ਭਾਰਤ ਵੱਲੋਂ ਅਤੇ ਚਾਰ ਹਾਕੀ ਖਿਡਾਰੀਆਂ ਨੇ ਕੀਨੀਆ ਵੱਲੋਂ ਹਿੱਸਾ ਲਿਆ। ਸੱਤੇ ਹਾਕੀ ਖਿਡਾਰੀ ਸੰਸਾਰਪੁਰ ਦੀ ਇੱਕੋ ਗਲੀ ਦੇ ਕੁਲਾਰ ਪਰਿਵਾਰਾਂ ਵਿੱਚ ਜਨਮੇ ਸਨ। ਮੈਕਸੀਕੋ ਵਿਖੇ ਭਾਰਤ ਨੇ ਆਪਣੇ ਗਰੁੱਪ ਵਿੱਚ ਸੱਤ ਵਿੱਚੋਂ ਛੇ ਮੈਚ ਜਿੱਤ ਕੇ ਸਿਖਰਲਾ ਸਥਾਨ ਹਾਸਲ ਕੀਤਾ। ਸੈਮੀ ਫ਼ਾਈਨਲ ਵਿੱਚ ਆਸਟਰੇਲੀਆ ਹੱਥੋਂ ਵਾਧੂ ਸਮੇਂ ਵਿੱਚ 1-2 ਨਾਲ ਹਾਰਨ ਤੋਂ ਬਾਅਦ ਤੀਜੇ ਸਥਾਨ ਵਾਲੇ ਮੈਚ ਵਿੱਚ ਪੱਛਮੀ ਜਰਮਨੀ ਨੂੰ 2-1 ਨਾਲ ਹਰਾ ਕੇ ਕਾਂਸੀ ਦਾ ਤਮਗ਼ਾ ਜਿੱਤਿਆ। ਅਜੀਤ ਪਾਲ ਸਿੰਘ ਦੀ ਖੇਡ ਬਹੁਤ ਸਲਾਹੀ ਗਈ। ਸੰਸਾਰਪੁਰ ਦੇ ਚਾਰ ਖਿਡਾਰੀਆਂ- ਅਜੀਤ ਪਾਲ ਸਿੰਘ, ਬਲਬੀਰ ਸਿੰਘ ਫੌਜੀ, ਤਰਸੇਮ ਸਿੰਘ ਤੇ ਜਗਜੀਤ ਸਿੰਘ ਨੇ ਕਾਂਸੀ ਦੇ ਤਮਗ਼ੇ ਜਿੱਤੇ।
ਅਜੀਤ ਪਾਲ ਸਿੰਘ ਨੇ 1970 ਵਿੱਚ ਬੈਂਕਾਕ ਵਿਖੇ ਹੋਈਆਂ ਏਸ਼ਿਆਈ ਖੇਡਾਂ ਵਿੱਚ ਹਿੱਸਾ ਲਿਆ, ਜਿੱਥੇ ਭਾਰਤੀ ਟੀਮ ਨੇ ਚਾਂਦੀ ਦਾ ਤਮਗਾ ਜਿੱਤਿਆ। 1971 ਵਿੱਚ ਬਾਰਸੀਲੋਨਾ ਵਿਖੇ ਪਹਿਲੀ ਵਾਰ ਵਿਸ਼ਵ ਕੱਪ ਖੇਡਿਆ ਗਿਆ। ਭਾਰਤੀ ਟੀਮ ਪੂਲ ਵਿੱਚ ਸਿਖਰ ਉਤੇ ਰਹੀ, ਪਰ ਸੈਮੀ ਫ਼ਾਈਨਲ ਵਿੱਚ ਪਾਕਿਸਤਾਨ ਹੱਥੋਂ 1-2 ਨਾਲ ਹਾਰ ਕੇ ਫ਼ਾਈਨਲ ਦੀ ਦੌੜ ਵਿੱਚੋਂ ਬਾਹਰ ਹੋ ਗਈ। ਤੀਜੇ ਸਥਾਨ ਲਈ ਹੋਏ ਮੈਚ ਵਿੱਚ ਭਾਰਤ ਨੇ ਕੀਨੀਆ ਨੂੰ ਵਾਧੂ ਸਮੇਂ ਵਿੱਚ 2-1 ਨਾਲ ਹਰਾ ਕੇ ਕਾਂਸੀ ਦਾ ਤਮਗ਼ਾ ਜਿੱਤਿਆ। ਅਜੀਤ ਪਾਲ ਸਿੰਘ ਇਸ ਟੀਮ ਦਾ ਹਿੱਸਾ ਸੀ, ਜਿਸ ਨੇ ਕਾਂਸੀ ਦਾ ਤਮਗ਼ਾ ਜਿੱਤਿਆ।
1972 ਵਿੱਚ ਮਿਊਨਿਖ ਵਿਖੇ ਹਰਮੀਕ ਸਿੰਘ ਦੀ ਕਪਤਾਨੀ ਹੇਠ ਭਾਰਤ ਨੇ ਓਲੰਪਿਕ ਖੇਡਾਂ ਵਿੱਚ ਹਿੱਸਾ ਲਿਆ ਅਤੇ ਅਜੀਤ ਪਾਲ ਸਿੰਘ ਦੀ ਇਹ ਦੂਜੀ ਓਲੰਪਿਕਸ ਸੀ। ਮਿਊਨਿਖ ਵਿਖੇ ਗਰੁੱਪ ਬੀ ਵਿੱਚ ਭਾਰਤ ਟੀਮ ਚੋਟੀ ਉਤੇ ਰਹੀ। ਸੈਮੀ ਫ਼ਾਈਨਲ ਵਿੱਚ ਪਾਕਿਸਤਾਨ ਹੱਥੋਂ 0-2 ਦੀ ਹਾਰ ਤੋਂ ਬਾਅਦ ਭਾਰਤ ਨੇ ਹਾਲੈਂਡ ਨੂੰ 2-1 ਨਾਲ ਹਰਾ ਕੇ ਕਾਂਸੀ ਦਾ ਤਮਗ਼ਾ ਜਿੱਤਿਆ। ਅਜੀਤ ਪਾਲ ਸਿੰਘ ਦਾ ਇਹ ਦੂਜਾ ਓਲੰਪਿਕਸ ਤਮਗ਼ਾ ਸੀ।
1973 ਵਿੱਚ ਹਾਲੈਂਡ ਦੇ ਸ਼ਹਿਰ ਐਮਸਟਲਵੀਨ ਵਿਖੇ ਦੂਜਾ ਵਿਸ਼ਵ ਕੱਪ ਖੇਡਿਆ ਗਿਆ, ਜਿਸ ਵਿੱਚ ਅਜੀਤ ਪਾਲ ਸਿੰਘ ਦੂਜੀ ਵਾਰ ਵਿਸ਼ਵ ਕੱਪ ਖੇਡ ਰਿਹਾ ਸੀ। ਪਿਛਲੇ ਵਿਸ਼ਵ ਕੱਪ ਅਤੇ ਓਲੰਪਿਕ ਖੇਡਾਂ ਵਿੱਚ ਪਾਕਿਸਤਾਨ ਹੱਥੋਂ ਹਾਰਨ ਤੋਂ ਬਾਅਦ ਭਾਰਤੀ ਟੀਮ ਨੇ ਹਾਲੈਂਡ ਵਿਖੇ ਪਾਕਿਸਤਾਨ ਨੂੰ ਸੈਮੀ ਫ਼ਾਈਨਲ ਵਿੱਚ 1-0 ਨਾਲ ਹਰਾ ਕੇ ਪਹਿਲੀ ਵਾਰ ਵਿਸ਼ਵ ਕੱਪ ਦੇ ਫ਼ਾਈਨਲ ਵਿੱਚ ਦਾਖਲਾ ਪਾਇਆ। ਫ਼ਾਈਨਲ ਵਿੱਚ ਮੇਜ਼ਬਾਨ ਹਾਲੈਂਡ ਖਿਲਾਫ਼ ਭਾਰਤ ਨੇ ਇੱਕ ਵਾਰ ਸੁਰਜੀਤ ਸਿੰਘ ਦੇ ਦੋ ਗੋਲਾਂ ਬਦੌਲਤ 2-0 ਦੀ ਲੀਡ ਲੈ ਲਈ ਸੀ, ਪਰ ਫੇਰ ਡੱਚ ਟੀਮ ਨੇ ਦੋ ਗੋਲ ਕਰਕੇ ਬਰਾਬਰੀ ਕਰ ਲਈ ਅਤੇ ਅੰਤ ਪੈਨਲਟੀ ਸਟੋਰਕਾਂ ਵਿੱਚ ਭਾਰਤੀ ਟੀਮ ਨੂੰ 2-4 ਨਾਲ ਹਾਰ ਕੇ ਚਾਂਦੀ ਦੇ ਤਮਗ਼ੇ ਉਤੇ ਸਬਰ ਕਰਨਾ ਪਿਆ।
ਅਜੀਤ ਪਾਲ ਸਿੰਘ ਨੂੰ 1971 ਵਿੱਚ ਸਿੰਗਾਪੁਰ ਵਿਖੇ ਹੋਏ ਇੱਕ ਕੌਮਾਂਤਰੀ ਟੂਰਨਾਮੈਂਟ ਵਿੱਚ ਪਹਿਲੀ ਵਾਰ ਭਾਰਤੀ ਹਾਕੀ ਟੀਮ ਦੀ ਕਪਤਾਨੀ ਕਰਨ ਦਾ ਮੌਕਾ ਮਿਲਿਆ ਸੀ। ਫੇਰ ਬਤੌਰ ਖਿਡਾਰੀ ਉਸ ਨੇ ਹਰ ਟੂਰਨਾਮੈਂਟ ਚੰਗੀ ਖੇਡ ਦਿਖਾਈ, ਜਿਸ ਕਰਕੇ 1974 ਵਿੱਚ ਤਹਿਰਾਨ ਵਿਖੇ ਹੋਈਆਂ ਏਸ਼ਿਆਈ ਖੇਡਾਂ ਵਿੱਚ ਉਸ ਨੂੰ ਭਾਰਤੀ ਟੀਮ ਦੀ ਪੱਕੀ ਕਪਤਾਨੀ ਮਿਲੀ। ਲੀਗ ਮੈਚਾਂ ਵਿੱਚ ਪਾਕਿਸਤਾਨ ਨਾਲ 1-1 ਦੀ ਬਰਾਬਰੀ ਵਾਲੇ ਮੈਚ ਵਿੱਚ ਸੈਂਟਰ ਹਾਫ਼ ਦੀ ਪੁਜੀਸ਼ਨ ਉਤੇ ਖੇਡਦੇ ਕਪਤਾਨ ਅਜੀਤ ਪਾਲ ਸਿੰਘ ਨੇ ਅੱਗੇ ਵਧ ਕੇ ਇੱਕ ਅਹਿਮ ਗੋਲ ਵੀ ਕੀਤਾ। ਫੇਰ ਫ਼ਾਈਨਲ ਵਿੱਚ ਪਾਕਿਸਤਾਨ ਨਾਲ ਮੁਕਾਬਲਾ ਸੀ, ਜਿੱਥੇ ਮਨਜ਼ੂਰ ਸੀਨੀਅਰ ਤੇ ਮੁਨੱਵਰ ਦੇ ਗੋਲਾਂ ਕਾਰਨ ਭਾਰਤ ਨੂੰ 0-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਭਾਰਤ ਨੇ ਚਾਂਦੀ ਦਾ ਕੱਪ ਜਿੱਤਿਆ। ਏਸ਼ਿਆਈ ਖੇਡਾਂ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਖਿਡਾਰੀਆਂ ਨੂੰ ਮਿਲਾ ਕੇ ਏਸ਼ੀਅਨ ਆਲ ਸਟਾਰ ਟੀਮ ਬਣਾਈ, ਜਿਸ ਦੀ ਕਪਤਾਨੀ ਕਰਨ ਦਾ ਮਾਣ ਵੀ ਅਜੀਤ ਪਾਲ ਸਿੰਘ ਨੂੰ ਮਿਲਿਆ। ਇਸ ਟੀਮ ਨੇ ਪਹਿਲਾਂ ਬਰੱਸਲਜ਼ ਵਿਖੇ ਯੂਰਪੀਅਨ ਆਲ ਸਟਾਰ ਟੀਮ ਨਾਲ ਮੈਚ ਖੇਡਿਆ ਅਤੇ ਫੇਰ ਭਾਰਤ ਵਿੱਚ ਭਾਰਤੀ ਹਾਕੀ ਟੀਮ ਤੇ ਪਾਕਿਸਤਾਨ ਵਿੱਚ ਪਾਕਿਸਤਾਨੀ ਹਾਕੀ ਟੀਮ ਵਿਰੁੱਧ ਮੈਚ ਖੇਡਿਆ।
1975 ਵਿੱਚ ਮਲੇਸ਼ੀਆ ਦੀ ਰਾਜਧਾਨੀ ਵਿਖੇ ਖੇਡੇ ਗਏ ਹਾਕੀ ਵਿਸ਼ਵ ਕੱਪ ਵਿੱਚ ਭਾਰਤੀ ਟੀਮ ਅਜੀਤ ਪਾਲ ਸਿੰਘ ਦੀ ਕਪਤਾਨੀ ਹੇਠ ਖੇਡਣ ਪੁੱਜੀ। ਟੀਮ ਦੇ ਮੈਨੇਜਰ ਬਲਬੀਰ ਸਿੰਘ ਸੀਨੀਅਰ ਅਤੇ ਕੋਚ ਜੀ.ਐਸ. ਬੋਧੀ ਸਨ। ਟੀਮ ਦਾ ਕਪਤਾਨ ਪੰਜਾਬ ਸਰਕਾਰ ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਲਗਾਇਆ ਗਿਆ। ਅਜੀਤ ਪਾਲ ਸਿੰਘ ਦੀ ਕਪਤਾਨੀ ਹੇਠ ਭਾਰਤੀ ਹਾਕੀ ਟੀਮ ਕੁਆਲਾ ਲੰਪੁਰ ਵਿਖੇ ਪੂਰੇ ਜਲੌਅ ਵਿੱਚ ਹਾਕੀ ਫੀਲਡ ਵਿੱਚ ਉਤਰੀ। ਭਾਰਤ ਪੂਲ ਬੀ ਵਿੱਚ ਚੋਟੀ ਉਤੇ ਰਿਹਾ। ਸੈਮੀ ਫ਼ਾਈਨਲ ਮੁਕਾਬਲਾ ਮੇਜ਼ਬਾਨ ਮਲੇਸ਼ੀਆ ਨਾਲ ਸੀ। ਅਸਲਮ ਸ਼ੇਰ ਖਾਨ ਦੇ ਕਰਾਮਾਤੀ ਗੋਲ ਸਦਕਾ ਭਾਰਤ ਨੇ ਨਿਰਧਾਰਤ ਸਮੇਂ ਵਿੱਚ ਸਕੋਰ 2-2 ਨਾਲ ਬਰਾਬਰ ਕੀਤਾ ਅਤੇ ਫੇਰ ਹਰਚਰਨ ਸਿੰਘ ਦੇ ਗੋਲਡਨ ਗੋਲ ਨਾਲ 3-2 ਨਾਲ ਜਿੱਤ ਹਾਸਲ ਕਰਕੇ ਲਗਾਤਾਰ ਦੂਜੀ ਵਾਰ ਵਿਸ਼ਵ ਕੱਪ ਦੇ ਫ਼ਾਈਨਲ ਵਿੱਚ ਦਾਖਲਾ ਪਾਇਆ। ਫ਼ਾਈਨਲ ਮੁਕਾਬਲਾ ਰਵਾਇਤੀ ਵਿਰੋਧੀ ਪਾਕਿਸਤਾਨ ਨਾਲ ਸੀ। ਫ਼ਾਈਨਲ ਮੁਕਾਬਲੇ ਵਿੱਚ ਪਾਕਿਸਤਾਨ ਨੇ ਜ਼ਾਹਿਦ ਦੇ ਗੋਲ ਨਾਲ ਜਲਦੀ ਲੀਡ ਲੈ ਲਈ, ਜਿਸ ਨੂੰ ਦੂਜੇ ਅੱਧ ਵਿੱਚ ਸੁਰਜੀਤ ਸਿੰਘ ਦੇ ਗੋਲ ਨਾਲ ਬਰਾਬਰ ਕੀਤਾ ਅਤੇ ਫੇਰ ਅਸ਼ੋਕ ਕੁਮਾਰ ਨੇ ਗੋਲ ਕੀਤਾ, ਜੋ ਕਿ ਫੈਸਲਾਕੁੰਨ ਸਾਬਤ ਹੋਇਆ। ਅਜੀਤ ਪਾਲ ਸਿੰਘ ਤੇ ਉਸ ਦੇ ਸਾਥੀ ਪੂਰੇ ਮੁਲਕ ਵਿੱਚ ਛਾ ਗਏ। ਟੀਮ ਦਾ ਸ਼ਾਹਾਨਾ ਸਵਾਗਤ ਹੋਇਆ। ਅਜੀਤ ਪਾਲ ਸਿੰਘ ਤੇ ਉਸ ਦੇ ਸਾਥੀ ਖਿਡਾਰੀਆਂ ਨੂੰ ਜਗ੍ਹਾ ਜਗ੍ਹਾ ਕਾਰਾਂ ਉਪਰ ਬਿਠਾ ਕੇ ਜੇਤੂ ਮਾਰਚ ਕੱਢੇ ਗਏ। ਲੁਧਿਆਣੇ ਵਿਖੇ ਉਸ ਸਮੇਂ ਬਣੇ ਨਵੇਂ ਜਗਰਾਓਂ ਪੁਲ ਉਪਰੋਂ ਇਨ੍ਹਾਂ ਖਿਡਾਰੀਆਂ ਦੀ ਕਾਰ ਨੂੰ ਲੰਘਾ ਕੇ ਪੁਲ ਦਾ ਉਦਘਾਟਨ ਕੀਤਾ ਗਿਆ। ਭਾਰਤੀ ਹਾਕੀ ਟੀਮ ਵੱਲੋਂ ਜਿੱਤਿਆ ਇਹ ਹੁਣ ਤੱਕ ਦਾ ਇਕਲੌਤਾ ਅਤੇ ਪਲੇਠਾ ਵਿਸ਼ਵ ਕੱਪ ਖਿਤਾਬ ਹੈ। ਅਜੀਤ ਪਾਲ ਸਿੰਘ ਕਿਸੇ ਵੀ ਖੇਡ ਵਿੱਚ ਭਾਰਤ ਨੂੰ ਕਿਸੇ ਟੀਮ ਖੇਡ ਦਾ ਵਿਸ਼ਵ ਕੱਪ ਜਿਤਾਉਣ ਵਾਲਾ ਵੀ ਪਹਿਲਾ ਕਪਤਾਨ ਹੈ।
1976 ਵਿੱਚ ਮਾਂਟਰੀਅਲ ਓਲੰਪਿਕ ਖੇਡਾਂ ਵਿੱਚ ਅਜੀਤ ਪਾਲ ਸਿੰਘ ਦੀ ਕਪਤਾਨੀ ਹੇਠ ਭਾਰਤ ਨੇ ਹਿੱਸਾ ਲਿਆ। ਉਸ ਵੇਲੇ ਪਹਿਲੀ ਵਾਰ ਐਸਟੋਟਰਫ ਉਪਰ ਹਾਕੀ ਮੈਚ ਖੇਡੇ ਗਏ। ਟੀਮ ਦੀ ਤਿਆਰੀ ਵੀ ਉਸ ਪੱਧਰ ਦੀ ਨਹੀਂ ਸੀ। ਭਾਰਤੀ ਟੀਮ ਸੈਮੀ ਫ਼ਾਈਨਲ ਵਿੱਚ ਨਾ ਪੁੱਜ ਸਕੀ। ਇਸ ਤੋਂ ਬਾਅਦ ਅਜੀਤ ਪਾਲ ਸਿੰਘ ਕੌਮਾਂਤਰੀ ਹਾਕੀ ਕਰੀਅਰ ਤੋਂ ਸੰਨਿਆਸ ਲੈ ਲਿਆ। ਅਜੀਤ ਪਾਲ ਸਿੰਘ ਨੇ ਸੀਮਾ ਸੁਰੱਖਿਆ ਬਲ (ਬੀ.ਐਸ.ਐਫ਼.) ਜੁਆਇਨ ਕੀਤੀ ਹੋਣ ਕਰਕੇ ਉਹ ਘਰੇਲੂ ਹਾਕੀ ਵਿੱਚ ਬੀ.ਐਸ.ਐਫ਼. ਵੱਲੋਂ ਮੁਕਾਬਲਿਆਂ ਵਿੱਚ ਲੰਬਾ ਸਮਾਂ ਹਿੱਸਾ ਲੈਂਦਾ ਰਿਹਾ। ਬੀ.ਐਸ.ਐਫ਼. ਨੇ ਅਜੀਤ ਪਾਲ ਸਿੰਘ ਦੀ ਕਪਤਾਨੀ ਹੇਠ 1975 ਵਿੱਚ ਨਹਿਰੂ ਹਾਕੀ ਕੱਪ ਜਿੱਤ ਕੇ ਘਰੇਲੂ ਹਾਕੀ ਵਿੱਚ ਆਪਣਾ ਸਿੱਕਾ ਜਮਾਇਆ। ਇਹ ਉਹ ਦੌਰ ਸੀ, ਜਦੋਂ ਅਸ਼ਵਨੀ ਕੁਮਾਰ ਦੀ ਅਗਵਾਈ ਹੇਠ ਬੀ.ਐਸ.ਐਫ਼. ਖੇਡਾਂ ਵਿੱਚ ਬਹੁਤ ਚੰਗਾ ਕਰ ਰਹੀ ਸੀ। ਬੀ.ਐਸ.ਐਫ਼. ਨੇ ਭਾਰਤੀ ਖੇਡਾਂ ਨੂੰ ਅਜੀਤ ਪਾਲ ਸਿੰਘ, ਬਲਦੇਵ ਸਿੰਘ, ਪਰਵੀਨ ਕੁਮਾਰ, ਕੁਲਦੀਪ ਸਿੰਘ ਭੁੱਲਰ ਜਿਹੇ ਵੱਡੇ ਖਿਡਾਰੀ ਵੀ ਦਿੱਤੇ।
ਅਜੀਤ ਪਾਲ ਸਿੰਘ ਨੂੰ ਖੇਡ ਪ੍ਰਾਪਤੀਆਂ ਬਦਲੇ ਭਾਰਤ ਸਰਕਾਰ ਨੇ 1970 ਵਿੱਚ ਅਰਜੁਨਾ ਐਵਾਰਡ ਅਤੇ 1992 ਵਿੱਚ ਪਦਮਸ਼੍ਰੀ ਪੁਰਸਕਾਰ ਨਾਲ ਸਨਮਾਨਿਆ। ਪੰਜਾਬ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਤ ਕੀਤਾ। ‘ਸਪੋਰਟਸ ਵੀਕ’ ਵੱਲੋਂ 1975 ਵਿੱਚ ਅਜੀਤ ਪਾਲ ਸਿੰਘ ਨੂੰ ਪਲੇਅਰ ਆਫ਼ ਦਾ ਯੀਅਰ ਐਲਾਨਿਆ ਗਿਆ। ਅਜੀਤ ਪਾਲ ਸਿੰਘ ਨੇ ਸਰਗਰਮ ਹਾਕੀ ਖੇਡਣੀ ਛੱਡਣ ਤੋਂ ਬਾਅਦ ਹਾਕੀ ਲਈ ਆਪਣਾ ਯੋਗਦਾਨ ਜਾਰੀ ਰੱਖਿਆ। ਉਹ ਭਾਰਤੀ ਹਾਕੀ ਦੇ ਚੋਣਕਾਰ ਅਤੇ ਨਿਗਰਾਨ ਵਜੋਂ ਸੇਵਾਵਾਂ ਨਿਭਾਉਂਦੇ ਰਹੇ। ਉਹ ਗਾਹੇ-ਬਗਾਹੇ ਕਿਧਰੇ ਵੀ ਹੋਣ ਵਾਲੇ ਹਾਕੀ ਮੁਕਾਬਲਿਆਂ ਵਿੱਚ ਸ਼ਮੂਲੀਅਤ ਕਰਕੇ ਨਵੀਂ ਉਮਰ ਦੇ ਖਿਡਾਰੀਆਂ ਦਾ ਹੌਸਲਾ ਵਧਾਉਂਦੇ ਹਨ। ਨਰਮ ਸੁਭਾਅ ਅਤੇ ਹਲੀਮੀ ਨਾਲ ਗੱਲ ਕਰਨ ਵਾਲੇ ਅਜੀਤ ਪਾਲ ਸਿੰਘ ਦੀ ਸ਼ਖਸੀਅਤ ਬਹੁਤ ਪ੍ਰਭਾਵਸ਼ਾਲੀ ਹੈ, ਜਿਸ ਨੂੰ ਹਰ ਨਵੀਂ ਉਮਰ ਦਾ ਖਿਡਾਰੀ ਆਪਣਾ ਪ੍ਰੇਰਨਾ ਸ੍ਰੋਤ ਮੰਨਦਾ ਹੈ। ਉਨ੍ਹਾਂ ਦੀ ਪਤਨੀ ਕਿਰਨ ਗਰੇਵਾਲ, ਜਿਨ੍ਹਾਂ ਦਾ ਜੱਦੀ ਪਿੰਡ ਲੁਧਿਆਣੇ ਜ਼ਿਲੇ ਵਿੱਚ ਲਲਤੋਂ ਸੀ, ਬਾਸਕਟਬਾਲ ਦੇ ਕੌਮਾਂਤਰੀ ਖਿਡਾਰਨ ਰਹੇ ਹਨ।

Leave a Reply

Your email address will not be published. Required fields are marked *