ਫ਼ਾਈਨਾਂਸ ਦੇ ਧੰਦੇ ’ਚ ਮੋਹਰੀ ਹਨ ਫ਼ਿਲੀਪੀਨਜ਼ ਵਿੱਚ ਵੱਸਦੇ ਪੰਜਾਬੀ

ਗੂੰਜਦਾ ਮੈਦਾਨ

ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਆਪਣੀ ਮਿਹਨਤ ਅਤੇ ਲਿਆਕਤ ਸਦਕਾ ਉਚੇਰੇ ਮੁਕਾਮ ਹਾਸਿਲ ਕੀਤੇ ਹਨ ਅਤੇ ਨਿਵੇਕਲੀ ਪਛਾਣ ਕਾਇਮ ਰੱਖਣ ਹਿਤ ਜੱਦੋਜਹਿਦ ਵੀ ਕੀਤੀ। ਇਸ ਲੜੀ ਤਹਿਤ ਅਸੀਂ ਪਾਠਕਾਂ ਲਈ ਸੰਖੇਪ ਵੇਰਵੇ ਵਾਲੇ ਕਈ ਲੇਖ ਛਾਪ ਚੁਕੇ ਹਾਂ। ਹਥਲੇ ਲੇਖ ਵਿੱਚ ਜ਼ਿਕਰ ਹੈ ਕਿ ਫ਼ਿਲੀਪੀਨਜ਼ ਵਿੱਚ ਵੱਸਦੇ ਪੰਜਾਬੀਆਂ ਦਾ ਪ੍ਰਮੁੱਖ ਧੰਦਾ ‘ਫ਼ਾਈਨਾਂਸ’ ਜਾਂ ‘ਵਿੱਤੀ ਸੇਵਾਵਾਂ’ ਪ੍ਰਦਾਨ ਕਰਨਾ ਹੈ।

ਇੱਥੇ ਵੱਸਦੇ ਭਾਰਤੀਆਂ ਵਿੱਚ ਸਿੰਧੀਆਂ ਅਤੇ ਪੰਜਾਬੀਆਂ ਦੀ ਬਹੁਤਾਤ ਹੈ। ਪੰਜਾਬੀਆਂ ਦੀ ਇੱਥੇ ਵੱਡੇ ਪੱਧਰ ’ਤੇ ਆਮਦ ਸੰਨ 1920 ਦੇ ਆਸਪਾਸ ਸ਼ੁਰੂ ਹੋਈ ਸੀ। ਉਂਜ ਭਾਰਤ ਨਾਲ ਫ਼ਿਲੀਪੀਨਜ਼ ਦੇ ਸਬੰਧ ਤੇ ਵਿਸ਼ੇਸ਼ ਕਰਕੇ ਵਪਾਰਕ ਸਬੰਧ ਨੌਵੀਂ ਤੇ ਦਸਵੀਂ ਸਦੀ ਤੋਂ ਹੀ ਜੁੜ ਗਏ ਸਨ।

ਖ਼ਾਲਸਾ ਦੀਵਾਨ ਸਿੱਖ ਟੈਂਪਲ, ਮਨੀਲਾ

ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
ਫੋਨ:+91-9781646008

ਫ਼ਿਲੀਪੀਨਜ਼ ਅਸਲ ਵਿੱਚ ਦੱਖਣ-ਪੂਰਬੀ ਏਸ਼ੀਆ ਵਿੱਚ ਸਥਿਤ ਇੱਕ ਅਜਿਹਾ ਮੁਲਕ ਹੈ, ਜਿੱਥੇ ਦੱਖਣੀ ਕੋਰੀਆ ਤੋਂ ਇਲਾਵਾ ਈਸਾਈ ਧਰਮ ਦੇ ਸਭ ਤੋਂ ਵੱਧ ਪੈਰੋਕਾਰ ਵੱਸਦੇ ਹਨ। ਲਗਪਗ 7641 ਟਾਪੂਆਂ ਦਾ ਸਮੂਹ ਮੰਨੇ ਜਾਂਦੇ ਇਸ ਮੁਲਕ ਦਾ ਕੁੱਲ ਰਕਬਾ 3 ਲੱਖ ਵਰਗ ਕਿਲੋਮੀਟਰ ਹੈ। ਇਸਨੂੰ ਚੀਨ, ਜਪਾਨ, ਮਲੇਸ਼ੀਆ, ਤਾਈਵਾਨ, ਮਲੇਸ਼ੀਆ, ਵੀਅਤਨਾਮ ਅਤੇ ਇੰਡੋਨੇਸ਼ੀਆ ਦੀਆਂ ਸਮੁੰਦਰੀ ਹੱਦਾਂ ਚਾਰ-ਚੁਫ਼ੇਰੇ ਤੋਂ ਛੂੰਹਦੀਆਂ ਹਨ। ਸਾਲ 2024 ਵਿੱਚ ਇਸਦੀ ਆਬਾਦੀ 11,41,63,719 ਹੋ ਚੁੱਕੀ ਹੈ ਤੇ ਇਸਦੀ ਰਾਜਧਾਨੀ ਦਾ ਨਾਂ ਮਨੀਲਾ ਹੈ। ਇੱਥੇ ਪ੍ਰਚਲਿਤ ਕਰੰਸੀ ਦਾ ਨਾਂ ‘ਪੀਸੋ’ ਹੈ।
ਸਾਲ 2018 ਦੀ ਜਨਗਣਨਾ ਅਨੁਸਾਰ ਇੱਥੇ ਸਵਾ ਲੱਖ ਦੇ ਕਰੀਬ ਭਾਰਤੀ ਨਾਗਰਿਕ ਆ ਕੇ ਵੱਸ ਚੁੱਕੇ ਸਨ, ਜਿਨ੍ਹਾਂ ਵਿੱਚ 50 ਹਜ਼ਾਰ ਤੋਂ ਵੱਧ ਪੰਜਾਬੀ ਲੋਕ ਸ਼ਾਮਿਲ ਸਨ। ਬੜੀ ਹੀ ਦਿਲਚਸਪ ਗੱਲ ਹੈ ਕਿ ਭਾਰਤ ਨਾਲ ਫ਼ਿਲੀਪੀਨਜ਼ ਦੇ ਸਬੰਧ ਤੇ ਵਿਸ਼ੇਸ਼ ਕਰਕੇ ਵਪਾਰਕ ਸਬੰਧ ਨੌਵੀਂ ਤੇ ਦਸਵੀਂ ਸਦੀ ਤੋਂ ਹੀ ਜੁੜ ਗਏ ਸਨ। ਪੰਦਰ੍ਹਵੀਂ ਅਤੇ ਸੋਲ੍ਹਵੀਂ ਸਦੀ ਵਿੱਚ ਭਾਰਤ ਤੇ ਦੱਖਣ-ਪੂਰਬੀ ਏਸ਼ੀਆ ਤੋਂ ਬਹੁਤ ਸਾਰੇ ਵਪਾਰੀ ਅਕਸਰ ਫ਼ਿਲੀਪੀਨਜ਼ ਜਾਇਆ ਕਰਦੇ ਸਨ ਅਤੇ ਦੱਖਣ ਭਾਰਤ ਤੇ ਬੰਗਾਲ ਤੋਂ ਗੁਲਾਮਾਂ ਨੂੰ ਵੀ ਫ਼ਿਲੀਪੀਨਜ਼ ਵਿਖੇ ਲਿਜਾਇਆ ਜਾਂਦਾ ਸੀ। ਸੰਨ 1760 ਵਿੱਚ ਜਦੋਂ ਬਰਤਾਨਵੀ ਹਾਕਮਾਂ ਨੇ ਮਨੀਲਾ ’ਤੇ ਕਬਜ਼ੇ ਦੀ ਕੋਸ਼ਿਸ਼ ਕੀਤੀ ਸੀ ਤਾਂ ਉਥੇ ਪੁੱਜ ਚੁੱਕੇ ਭਾਰਤੀ ਸੈਨਿਕਾਂ ਨੇ ਵਿਦਰੋਹ ਕਰ ਦਿੱਤਾ ਸੀ। ਸੰਨ 1890 ਦੇ ਆਸਪਾਸ ਭਾਰਤੀਆਂ ਨੇ ਵਿਦਿਆਰਥੀ, ਮਜ਼ਦੂਰ ਜਾਂ ਵਪਾਰੀ ਵਜੋਂ ਫ਼ਿਲੀਪੀਨਜ਼ ਦੀ ਧਰਤੀ ’ਤੇ ਵੱਡੀ ਗਿਣਤੀ ਵਿੱਚ ਪੁੱਜਣਾ ਸ਼ੁਰੂ ਕਰ ਦਿੱਤਾ ਸੀ। ਫ਼ਿਲੀਪੀਨਜ਼ ਵਿੱਚ ਵੱਸੇ ਭਾਰਤੀ ਅਤੇ ਪੰਜਾਬੀ ਮੂਲ ਦੇ ਅਨੇਕਾਂ ਮਰਦ ਤੇ ਔਰਤਾਂ ਹੁਣ ਤੱਕ ਇੱਥੇ ਸੰਗੀਤ, ਸਾਹਿਤ, ਅਦਾਕਾਰੀ, ਰੇਡੀਓ ਅਤੇ ਟੀ.ਵੀ. ਜਗਤ ਵਿੱਚ ਸ਼ਲਾਘਾਯੋਗ ਕੰਮ ਕਰਕੇ ਕਈ ਮਾਣ-ਸਨਮਾਨ ਹਾਸਿਲ ਕਰ ਚੁੱਕੇ ਹਨ।
ਫ਼ਿਲੀਪੀਨਜ਼ ਵਿਖੇ ਵੱਸਣ ਵਾਲੇ ਭਾਰਤੀਆਂ ਵਿੱਚ ਸਿੰਧੀਆਂ ਅਤੇ ਪੰਜਾਬੀਆਂ ਦੀ ਬਹੁਤਾਤ ਹੈ। ਜ਼ਿਆਦਾਤਰ ਸਿੰਧੀਆਂ ਦਾ ਸਬੰਧ ਹਿੰਦੂ ਧਰਮ ਨਾਲ ਹੈ, ਜਦੋਂ ਕਿ ਵਧੇਰੇ ਪੰਜਾਬੀਆਂ ਦਾ ਸਬੰਧ ਸਿੱਖ ਧਰਮ ਨਾਲ ਹੈ। ਆਪਣੇ ਭਾਸ਼ਾਈ ਅਤੇ ਸੱਭਿਆਚਾਰਕ ਵਖਰੇਵਿਆਂ ਦੇ ਬਾਵਜੂਦ ਇਹ ਦੋਵੇਂ ਜਨਸਮੂਹ ਬੜੀ ਮੁਹੱਬਤ ਅਤੇ ਇਕਸੁਰਤਾ ਨਾਲ ਇੱਥੇ ਵੱਸਦੇ ਹਨ। ਇੱਕ ਬੜਾ ਹੀ ਦਿਲਚਸਪ ਤੱਥ ਇਹ ਵੀ ਹੈ ਕਿ ਫ਼ਿਲੀਪੀਨਜ਼ ਛੇਵਾਂ ਅਜਿਹਾ ਮੁਲਕ ਹੈ, ਜਿੱਥੇ ਪੰਜਾਬੀ ਲੋਕ ਵੱਡੀ ਸੰਖਿਆ ਵਿੱਚ ਵੱਸਦੇ ਹਨ।
ਫ਼ਿਲੀਪੀਨਜ਼ ਵਿੱਚ ਤੇ ਖ਼ਾਸ ਕਰਕੇ ਰਾਜਧਾਨੀ ਮਨੀਲਾ ਵਿੱਚ ਵੱਸਣ ਵਾਲੇ ਬਹੁਤੇ ਪੰਜਾਬੀਆਂ ਦੁਆਰਾ ਰੋਜ਼ੀ-ਰੋਟੀ ਕਮਾਉਣ ਲਈ ਅਪਣਾਏ ਗਏ ਧੰਦਿਆਂ ਵਿੱਚੋਂ ਸਭ ਤੋਂ ਪ੍ਰਮੁੱਖ ਧੰਦਾ ‘ਫ਼ਾਈਨਾਂਸ’ ਜਾਂ ‘ਵਿੱਤੀ ਸੇਵਾਵਾਂ’ ਪ੍ਰਦਾਨ ਕਰਨਾ ਹੈ। ਯੂਨੀਵਰਸਿਟੀ ਆੱਫ਼ ਫ਼ਿਲੀਪੀਨਜ਼ ਦੇ ਏਸ਼ੀਆ ਸੈਂਟਰ ਦੇ ਪ੍ਰੋਫ਼ੈਸਰ ਜੋਫ਼ੇ ਸੰਤਾਰਿਤਾ ਦਾ ਕਹਿਣਾ ਹੈ ਕਿ ਪੰਜਾਬੀਆਂ ਦੀ ਇੱਥੇ ਵੱਡੇ ਪੱਧਰ ’ਤੇ ਆਮਦ ਸੰਨ 1920 ਦੇ ਆਸਪਾਸ ਸ਼ੁਰੂ ਹੋਈ ਸੀ। ਸ਼ੁਰੂਆਤੀ ਦੌਰ ਵਿੱਚ ਇੱਥੇ ਆਣ ਪੁੱਜੇ ਮਿਹਨਤੀ ਪੰਜਾਬੀਆਂ ਨੇ ਪਹਿਲਾਂ ਖੇਤੀਬਾੜੀ ਅਤੇ ਛੋਟੇ ਪੱਧਰ ਦੇ ਵਪਾਰਕ ਧੰਦਿਆਂ ਵਿੱਚ ਹੱਥ ਅਜ਼ਮਾਇਆ ਸੀ ਤੇ ਬਾਅਦ ਵਿੱਚ ਉਨ੍ਹਾਂ ਨੂੰ ਇਹ ਸਮਝ ਲੱਗੀ ਸੀ ਕਿ ਇੱਥੋਂ ਦੇ ਸਥਾਨਕ ਨਿਵਾਸੀਆਂ ਨੂੰ ਪੈਸੇ ਦੀ ਬਹੁਤ ਲੋੜ ਸੀ ਤੇ ਸਰਕਾਰੀ ਬੈਂਕਿੰਗ ਸੇਵਾਵਾਂ ਵਿੱਚ ਵੱਧ ਵਿਆਜ ਅਤੇ ਵੱਧ ਕਾਗ਼ਜ਼ੀ ਕਾਰਵਾਈ ਕਰਕੇ ਲੋਕ ਬੈਂਕਾਂ ਵਿੱਚ ਖਾਤੇ ਨਹੀਂ ਖੁੱਲ੍ਹਵਾਉਂਦੇ ਸਨ। ਦੂਜੇ ਵਿਸ਼ਵ ਯੁੱਧ ਦੌਰਾਨ ਪੈਦਾ ਹੋਏ ਆਰਥਿਕ ਸੰਕਟ ਦੇ ਮੱਦੇਨਜ਼ਰ ਫ਼ਿਲੀਪੀਨਜ਼ ਵਿੱਚ ਵੱਸਦੇ ਪੰਜਾਬੀਆਂ ਨੂੰ ਇਹ ਸਮਝ ਲੱਗੀ ਕਿ ਜੇਕਰ ਉਹ ਵੱਧ ਵਿਆਜ ਲੈ ਕੇ ਅਤੇ ਘੱਟ ਕਾਗ਼ਜ਼ੀ ਕਾਰਵਾਈ ਕਰਕੇ ਆਮ ਲੋਕਾਂ ਨੂੰ ਵਿੱਤੀ ਸੇਵਾਵਾਂ ਪ੍ਰਦਾਨ ਕਰਦੇ ਹਨ ਤਾਂ ਉਹ ਮੋਟੇ ਵਿਆਜ ਦੇ ਰੂਪ ਵਿੱਚ ਚੋਖੀ ਕਮਾਈ ਕਰ ਸਕਦੇ ਹਨ; ਤੇ ਹੱਥ ਆਏ ਇਸ ਸੁਨਹਿਰੇ ਮੌਕੇ ਨੂੰ ਪੰਜਾਬੀਆਂ ਨੇ ਅਜਾਈਂ ਨਾ ਜਾਣ ਦਿੱਤਾ ਤੇ ਫ਼ਿਲੀਪੀਨਜ਼ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਫ਼ਾਈਨਾਂਸ ਦਾ ਕੰਮ ਸ਼ੁਰੂ ਕਰ ਦਿੱਤਾ, ਜੋ ਬੇਹੱਦ ਸਫ਼ਲ ਰਿਹਾ ਤੇ ਪੰਜਾਬੀ ਛੇਤੀ ਹੀ ਮਾਲਦਾਰ ਬਣਨੇ ਸ਼ੁਰੂ ਹੋ ਗਏ।
ਵਿੱਤੀ ਸੇਵਾਵਾਂ ਸਫ਼ਲਤਾਪੂਰਵਕ ਪ੍ਰਦਾਨ ਕਰਨ ਕਰਕੇ ਇੱਥੇ ਪੰਜਾਬੀਆਂ ਦੇ ਇਸ ਕਿੱਤੇ ਨਾਲ ਸਬੰਧਿਤ ਸਮੂਹਾਂ ਨੂੰ ‘5-6’ ਕਿਹਾ ਜਾਣ ਲੱਗ ਪਿਆ ਸੀ। ਅਜਿਹਾ ਕਹੇ ਜਾਣ ਪਿੱਛੇ ਭਾਵਅਰਥ ਇਹ ਸੀ ਕਿ “ਪੰਜਾਬੀ ਲੋਕ ਜੇਕਰ ਸਵੇਰੇ 5 ਪੀਸੋ ਦਾ ਉਧਾਰ ਦਿੰਦੇ ਹਨ ਤਾਂ ਉਸੇ ਦਿਨ ਸ਼ਾਮ ਹੋ ਜਾਣ ਤੱਕ ਉਹ ਉਕਤ ਰਕਮ ਨੂੰ ਵਿਆਜ ਲਗਾ ਕੇ 6 ਪੀਸੋ ਬਣਾ ਦਿੰਦੇ ਹਨ।” ਪੰਜਾਬੀਆਂ ਦੇ ਇੱਥੇ ਵਿੱਤੀ ਸੇਵਾਵਾਂ ਦੇ ਖੇਤਰ ਵਿੱਚ ਅਪਾਰ ਸਫ਼ਲਤਾ ਹਾਸਿਲ ਕਰਨ ਪਿੱਛੇ ਜੋ ਤਿੰਨ ਵੱਡੇ ਕਾਰਨ ਮੌਜੂਦ ਹਨ, ਉਨ੍ਹਾਂ ਵਿੱਚੋਂ ਪਹਿਲਾ ਕਾਰਨ ਇਹ ਹੈ ਕਿ ਸਾਲ 2021 ਤੱਕ ਵੀ 44 ਫ਼ੀਸਦੀ ਫ਼ਿਲੀਪੀਨਜ਼ ਵਾਸੀਆਂ ਦੇ ਅਜੇ ਤੱਕ ਬੈਂਕ ਖਾਤੇ ਹੀ ਨਹੀਂ ਖੁੱਲ੍ਹੇ ਸਨ। ਦੂਜੀ ਗੱਲ ਇਹ ਸੀ ਕਿ ਸਰਕਾਰੀ ਬੈਂਕਾਂ ਦੀ ਕਾਗ਼ਜ਼ੀ ਕਾਰਵਾਈ ਐਨੀ ਜ਼ਿਆਦਾ ਤੇ ਪੇਚੀਦਾ ਸੀ ਕਿ ਕਰਜ਼ਾ ਲੈਣ ਵਾਲਾ ਲੋੜਵੰਦ ਦਸਤਾਵੇਜ਼ ਬਣਵਾਉਂਦਿਆਂ ਤੇ ਪੇਸ਼ ਕਰਦਿਆਂ-ਕਰਦਿਆਂ ਹਤਾਸ਼ ਤੇ ਨਿਰਾਸ਼ ਹੋ ਜਾਂਦਾ ਸੀ। ਤੀਜਾ ਤੇ ਸਭ ਤੋਂ ਅਹਿਮ ਕਾਰਨ ਇਹ ਹੈ ਕਿ ਵਿੱਤੀ ਕਰਜ਼ੇ ਦੇਣ ਵਾਲੇ ਪੰਜਾਬੀ ਇੱਥੇ ਨਾ-ਮਾਤਰ ਕਾਗ਼ਜ਼ੀ ਕਾਰਵਾਈ ਕਰਦੇ ਹਨ ਤੇ ਜ਼ਿਆਦਾ ਕੰਮ ਭਰੋਸੇ `ਤੇ ਹੀ ਕਰਦੇ ਹਨ, ਜਿਸ ਕਰਕੇ ਸਥਾਨਕ ਨਿਵਾਸੀ ਤਾਂ ਪੰਜਾਬੀਆਂ ਕੋਲੋਂ ਕਰਜ਼ਾ ਲੈਣਾ ਹੀ ਪਸੰਦ ਕਰਦੇ ਹਨ।
ਮੋਟਰਸਾਈਕਲਾਂ ’ਤੇ ਪਿੰਡ-ਪਿੰਡ ਅਤੇ ਸ਼ਹਿਰ-ਸ਼ਹਿਰ ਘੁੰਮ ਕੇ ਲੋੜਵੰਦਾਂ ਨੂੰ ਵਿੱਤੀ ਸੇਵਾਵਾਂ ਪ੍ਰਦਾਨ ਕਰਨਾ ਅਤੇ ਮਨਚਾਹਿਆ ਵਿਆਜ ਹਾਸਿਲ ਕਰ ਲੈਣਾ ਪੰਜਾਬੀਆਂ ਦੀ ਵਿਸ਼ੇਸ਼ ਪਛਾਣ ਬਣ ਚੁੱਕਾ ਹੈ। ਵਿੱਤੀ ਸੇਵਾਵਾਂ ਪ੍ਰਦਾਨ ਕਰਨ ਦੇ ਖੇਤਰ ਨਾਲ ਜੁੜੇ ਜ਼ਿਆਦਾਤਰ ਪੰਜਾਬੀਆਂ ਕੋਲ੍ਹ ਕੋਈ ਸਰਕਾਰੀ ਆਗਿਆ ਜਾਂ ਪ੍ਰਵਾਨਗੀ ਮੌਜੂਦ ਨਹੀਂ ਹੈ। ਇਸ ਕਿੱਤੇ ਵਿੱਚ ਪੈਦਾ ਹੋ ਚੁੱਕੀਆਂ ਮੁੱਖ ਖ਼ਾਮੀਆਂ ਦਾ ਖ਼ਾਮਿਆਜ਼ਾ ਕਈ ਸਾਰੇ ਪੰਜਾਬੀ ਗੱਭਰੂਆਂ ਅਤੇ ਮੁਟਿਆਰਾਂ ਨੂੰ ਆਪਣੀਆਂ ਜਾਨਾਂ ਗੁਆ ਕੇ ਭੁਗਤਣਾ ਪਿਆ ਹੈ। ਦਰਅਸਲ ਕਰਜ਼ਾ ਲੈਣ ਵਾਲੇ ਕਈ ਗ੍ਰਾਹਕ ਕਰਜ਼ਾ ਅਦਾ ਕਰਨ ’ਚ ਜਦੋਂ ਅਸਮਰੱਥ ਰਹਿ ਜਾਂਦੇ ਹਨ ਤਾਂ ਉਹ ਆਪਣੇ ਵਿਹੜੇ ਵਿੱਚ ਵਾਰ-ਵਾਰ ਪੈਰ ਪਾਉਣ ਵਾਲੇ ਪੰਜਾਬੀ ਉਗਰਾਹੀਕਰਤਾ ’ਤੇ ਹਮਲਾ ਕਰਕੇ ਕਦੇ ਤਾਂ ਉਸਨੂੰ ਜ਼ਖ਼ਮੀ ਕਰ ਦਿੰਦੇ ਹਨ ਜਾਂ ਫਿਰ ਜਾਨੋਂ ਹੀ ਮਾਰ ਦਿੰਦੇ ਹਨ। ਇਸ ਉਕਤ ਕਾਰਨ ਕਰਕੇ ਜਾਂ ਇਸ ਕਿੱਤੇ ਨਾਲ ਜੁੜੇ ਕਾਰੋਬਾਰੀਆਂ ਦਰਮਿਆਨ ਆਪਸੀ ਮੁਕਾਬਲੇਬਾਜ਼ੀ ਤੋਂ ਉਪਜੀ ਖੁੰਦਕਬਾਜ਼ੀ ਜਾਂ ਦੁਸ਼ਮਣੀ ਦੇ ਫ਼ਲਸਰੂਪ ਕਈ ਪੰਜਾਬੀ ਨੌਜਵਾਨ ਜਾਨ ਗੁਆ ਬੈਠੇ ਹਨ। ਭਾਰਤੀ ਅਖ਼ਬਾਰਾਂ ਵਿੱਚ ਮਨੀਲਾ ਵਿਖੇ ਕਤਲ ਹੋ ਜਾਣ ਵਾਲੇ ਪੰਜਾਬੀ ਫ਼ਾਇਨਾਂਸਰਾਂ ਦੀਆਂ ਖ਼ਬਰਾਂ ਅਕਸਰ ਛਪਦੀਆਂ ਰਹਿੰਦੀਆਂ ਹਨ।
ਫ਼ਿਲੀਪੀਨਜ਼ ਵਿਖੇ ਵੱਸਣ ਵਾਲੇ ਪੰਜਾਬੀ ਹਰ ਤਿੰਨ ਸਾਲ ਬਾਅਦ ਜਾਂ ਤਾਂ ਆਪਣਾ ਵੀਜ਼ਾ ਨਵਿਆ ਲੈਂਦੇ ਹਨ ਜਾਂ ਫ਼ਿਰ ਸਥਾਨਕ ਮੂਲ ਦੀਆਂ ਮੁਟਿਆਰਾਂ ਨਾਲ ਵਿਆਹ ਕਰਵਾ ਕੇ ਇੱਥੋਂ ਦੇ ਪੱਕੇ ਨਿਵਾਸੀ ਬਣ ਜਾਂਦੇ ਹਨ। ਸੰਨ 1929 ਵਿੱਚ ਇੱਥੇ ਵੱਸਦੇ ਪੰਜਾਬੀਆਂ ਨੇ ਮਨੀਲਾ ਵਿਖੇ ‘ਖ਼ਾਲਸਾ ਦੀਵਾਨ ਗੁਰਦੁਆਰਾ’ ਦੀ ਸਥਾਪਨਾ ਕੀਤੀ ਸੀ ਤੇ ਇਸ ਗੁਰਦੁਆਰੇ ਨੇ ਪੰਜਾਬੀਆਂ ਤੇ ਖ਼ਾਸ ਕਰਕੇ ਸਿੱਖੀ ਦੀ ਫੁੱਲਵਾੜੀ ਦੇ ਪ੍ਰਫੁੱਲਿਤ ਹੋਣ ਵਿੱਚ ਵੱਡਾ ਯੋਗਦਾਨ ਪਾਇਆ ਹੈ। ਇੱਥੇ ਇਹ ਵਰਣਨਯੋਗ ਹੈ ਕਿ ਸਾਰਾ ਦਿਨ ਵਿੱਤੀ ਸੇਵਾਵਾਂ ਵਿੱਚ ਰੁੱਝੇ ਰਹਿਣ ਵਾਲੇ ਪੰਜਾਬੀ ਨੌਜਵਾਨ ਇੱਥੇ ਗੁਰਦੁਆਰਾ ਸਾਹਿਬ ਵਿਖੇ ਆ ਕੇ ਤਨ, ਮਨ, ਧਨ ਨਾਲ ਸੇਵਾ ਕਰਦੇ ਹਨ ਤੇ ਇੱਥੇ ਬੈਠ ਕੇ ਕਿਸੇ ਤਰ੍ਹਾਂ ਦੀ ਵੀ ਵਪਾਰਕ ਗੱਲਬਾਤ ਨਹੀਂ ਕਰਦੇ ਹਨ। ਇੱਥੇ ਆਉਣ ਵਾਲੇ ਹਰੇਕ ਧਰਮ ਅਤੇ ਮਜ਼ਹਬ ਦੇ ਮਾਈ-ਭਾਈ ਨੂੰ ਸੁਆਦੀ ਲੰਗਰ ਤਿਆਰ ਕਰਕੇ ਪ੍ਰਸ਼ਾਦਾ ਛਕਾਇਆ ਜਾਂਦਾ ਹੈ। ਇੱਥੇ ਪੰਗਤ ਵਿੱਚ ਬੈਠ ਕੇ ਪਰਸ਼ਾਦਾ ਛਕਣ ਵਾਲਾ ਹਰੇਕ ਵਿਅਕਤੀ ਇਸ ਗੱਲ ਦਾ ਖ਼ਿਆਲ ਰੱਖਦਾ ਹੈ ਕਿ ਪਵਿੱਤਰ ਲੰਗਰ ਦਾ ਇੱਕ ਵੀ ਕਿਣਕਾ ਵਿਅਰਥ ਨਾ ਡੁੱਲ੍ਹੇ। ਪੰਜਾਬੀਆਂ ਦਾ ਇਹ ‘ਸਰਬੱਤ ਦੇ ਭਲੇ’ ਦੀ ਸੋਚ ਵਾਲਾ ਵਰਤਾਰਾ ਸਥਾਨਕ ਨਾਗਰਿਕਾਂ ਦੇ ਦਿਲਾਂ ’ਤੇ ਸਚਮੁੱਚ ਹੀ ਗੂੜ੍ਹੀ ਛਾਪ ਛੱਡਦਾ ਹੈ।

Leave a Reply

Your email address will not be published. Required fields are marked *