ਪਿੰਡ ਵਸਿਆ-16
ਪਾਠਕਾਂ ਦੀ ਜਾਣਕਾਰੀ ਲਈ ਅਸੀਂ ਕਾਲਮ ‘ਪਿੰਡ ਵਸਿਆ’ ਸ਼ੁਰੂ ਕੀਤਾ ਹੈ, ਜਿਸ ਵਿੱਚ ਸਿਰਫ ਪਿੰਡ ਵੱਸਣ ਦੀ ਹੀ ਬਾਤ ਪਾਈ ਹੁੰਦੀ ਹੈ। ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ ਕਿ ਇਹ ਕਿਸੇ ਵੀ ਰੂਪ ‘ਚ ਲਿਖਤੀ ਨਹੀਂ ਮਿਲਦਾ। ਕਿਸੇ-ਕਿਸੇ ਪਿੰਡ ਦੇ ਵੱਸਣ-ਰਸਣ ਦੀ, ਉਹ ਵੀ ਨਾ-ਮਾਤਰ, ਗਜ਼ਟੀਅਰ’ਜ਼, ਮਾਲ ਰਿਕਾਰਡ ਜਾਂ ਕਿਸੇ ਦਸਤਾਵੇਜ਼ ਵਿੱਚ ਸਤਹੀ ਜਿਹਾ ਵਰਨਣ ਜਾਂ ਕਨਸੋਅ ਮਿਲਦੀ ਸੀ/ਹੈ, ਜਿਹੜਾ ਸਥਾਨਕ ਇਤਿਹਾਸ ਦੀ ਮਹੱਤਤਾ ਨਾ ਬੁੱਝਣ ਕਾਰਨ ਸਾਂਭਿਆ ਨਹੀਂ ਗਿਆ। ਪੇਸ਼ ਹੈ, ਜੰਡੋਲੀ ਪਿੰਡ ਦੇ ਪਿੜ ਬੱਝਣ ਦਾ ਸੰਖੇਪ ਵੇਰਵਾ…
ਵਿਜੈ ਬੰਬੇਲੀ
ਫੋਨ: +91-94634 39075
ਪੈਰਿਸ ਵਿੱਚ ਪਹਿਲੇ ਵਿਸ਼ਵ ਯੁੱਧ ਦੇ ਜੰਗੀ ਯੋਧਿਆਂ ਦੀਆਂ ਕਬਰਾਂ ਵਿੱਚ ਇੱਕ ਮੜ੍ਹੀ ਉੱਤੇ ਮਾਰਮਿਕ ਸ਼ਬਦਾਂ ਵਾਲੀ ਇੱਕ ਸਿੱਲ ਲੱਗੀ ਹੋਈ ਹੈ, ਮੂਕ-ਸੂਰਮਤਾਈ ਦੇ ਸੰਦਰਭ ਵਿੱਚ ਹੋਰ ਗੱਲਾਂ ਤੋਂ ਬਿਨਾ ਲਿਖਿਆ ਹੋਇਆ ਹੈ, “ਭਾਰਤ ਦੇ ਪੰਜਾਬ ਪ੍ਰਾਂਤ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪੈਨਲ ਨੰਬਰ-23 ਦੇ ਪਿੰਡ ਜੰਡੋਲੀ ਦਾ ਇਹ ਸੂਰਮਾ ਮਿ. ਬਤਨ ਸਿੰਘ ਪੁੱਤਰ ਸ੍ਰੀ ਬੇਲਾ ਇੱਥੇ ਦਫ਼ਨ ਹੈ। ਕੌਮਾਂ ਇਸਨੂੰ ਸਿਜਦਾ ਕਰਦੀਆਂ ਰਹਿਣਗੀਆਂ।”
ਫਰੰਟੀਅਰ ਫੋਰਸ ਦੀ 57ਵੀਂ ਰਾਈਫਲ’ਜ਼ ਬ੍ਰਿਗੇਡ ਦਾ ਇਹ ਜਾਂਬਾਜ਼ ਗਭਰੂਟ, ਸਿਪਾਹੀ ਨੰਬਰ 2939 ਜਿਹੜਾ ਅਣ-ਸਾਵੀਂ ਲੜਾਈ ‘ਚ 24 ਨਵੰਬਰ 1914 ਨੂੰ ਲਾ-ਮਿਸਾਲ ਜੰਗੀ ਜੌਹਰ ਵਿਖਾਉਂਦਿਆ ਬਰਤਾਨਵੀਂ ਸਾਮਰਾਜ ਦੇ ਲੇਖੇ ਲੱਗਾ, ਕਿਹੜੇ ਟੱਬਰ ਦਾ ਜਾਇਆ ਸੀ, ਜੰਡੋਲੀ ਦੇ ਬੁੱਢ-ਵਰੇਸੀਏ ਵੀ ਨਹੀਂ ਦੱਸ ਸਕੇ। ਅਫਸੋਸ! ਜੰਡੋਲੀ ਦੀ ਨਵੀਂ ਪੌਂਦ ਤਾਂ ਇਹ ਵੀ ਨਹੀਂ ਜਾਣਦੀ ਕਿ ਉਨ੍ਹਾਂ ਦਾ ਗਰਾਂ ਦੋ ਦਰਜਨ ਤੋਂ ਵੱਧ ਦੇਸ਼ ਭਗਤਾਂ ਦਾ ਜਾਇਆ ਹੈ, ਜਿਨ੍ਹਾਂ ਦਾ ਸਬੰਧ ਜੰਗ-ਏ-ਆਜ਼ਾਦੀ ਦੀਆਂ ਤਾਅ ਲਹਿਰਾਂ ਅਤੇ ਤਨਜ਼ੀਮਾਂ ਨਾਲ ਰਿਹਾ ਹੈ; ਸਿਰਫ ਉਨ੍ਹਾਂ ਦਾ ਹੀ ਨਹੀਂ, ਕਰੀਬ ਸਾਰੇ ਜੰਡੋਲੀ ਖੈੜੇ ਦਾ।
ਇੱਕ ਸੀ ਆਪੋ-ਆਪਣੇ ਪਿੰਡਾਂ ‘ਚ ਜੂਹ ਬੰਦ ਕੀਤੇ ਵਿਅਕਤੀਆਂ ‘ਚੋਂ, ਕਾਮਾਗਾਟਾ ਮਾਰੂ ਰਾਹੀਂ ਜ਼ਬਰੀ ਪਰਤਾ ਦਿੱਤੇ ਗਏ ਭਾਰਤੀਆਂ ਦੇ ਕਲਕੱਤਿਓਂ ਪੰਜਾਬ ਵੱਲ ਤੋਰੇ ਪਹਿਲੇ ਪੂਰ ਦੇ 59 ਮੁਸਾਫਰਾਂ ਵਿੱਚੋਂ, ਇਸੇ ਜੰਡੋਲੀ (ਮਾਹਿਲਪੁਰ) ਦਾ ਪੰਡਿਤ ਰਾਮ ਚੰਦ ਬਾਲਦ ਫਤਿਹ ਚੰਦ। ਪ੍ਰੰਤੂ ‘ਘਰ ਬੰਦ’ ਹੋ ਕੇ ਵੀ ਇਹ ਚੁੱਪ ਨਾ ਬੈਠਾ, ਆਨੀਂ-ਬਹਾਨੀ ਸਰਗਰਮ ਰਿਹਾ। ਮਗਰੋਂ ਦਾਅ ਲੱਗਦਿਆਂ ਅਜਿਹਾ ਰੂਹਪੋਸ਼ ਹੋਇਆ ਕਿ ਹਾਕਮ ਇਸਦਾ ਖੁਰਾ-ਖੋਜ਼ ਨਾ ਨੱਪ ਸਕੇ। ਗੋਰਿਆਂ ਦੇ ਕਾਗਦਾਂ ਵਿੱਚ ਇਹ ਅਜੇ ਵੀ ਅਲੋਪੀ ਹੈ। ਇਹੀ ਨਹੀਂ, ਇਸੇ ਜੰਡੋਲੀ ਦਾ ਈਸ਼ਰ ਸਿੰਘ ਉਰਫ ਹਜ਼ਾਰਾ ਸਿੰਘ ਉਰਫ ਭਗਵਾਨ ਸਿੰਘ ਕਲੌਆ ਕੌਮਾਂਤਰੀ ਗਦਾਰ ਬੇਲਾ ਸਿੰਘ ਜਿਆਣ ਨੂੰ ਰਹੱਸਮਈ ਹਾਲਤਾਂ ‘ਚ ਕਤਲ ਕਰਨ ਵਾਲੇ ਪੰਜ ਗ਼ਦਰੀ/ਬੱਬਰ ਅਕਾਲੀ ਸੂਰਮਿਆਂ ਵਿੱਚ ਸ਼ੁਮਾਰ ਸੀ। ਅੰਗਰੇਜ਼ ਇਸ ਅੰਨੇ ਕਤਲ ਦੀਆਂ ਤੰਦਾਂ ਜੋੜਨ ਲਈ ਤਾ-ਆਜ਼ਾਦੀ ਤੱਕ ਅਹੁਲਦੇ ਰਹੇ, ਪਰ ਨਾਕਾਮ। ਜੰਡੋਲੀ ਦੇ ਉੱਘੇ ਦੇਸ਼ ਭਗਤ ਫਕੀਰ ਚੰਦ ਰਹਲਨ ਦਾ ਇਤਿਹਾਸਕਾਰ ਸਪੂਤ ਓ.ਪੀ. ਰਹਲਨ ਆਪਣੀ ਦਸਤਾਵੇਜ਼ੀ ਪੁਸਤਕ ‘ਫਲੇਮ ਆਫ਼ ਫਰੀਡਮ ਮੂਵਮੈਂਟ ਐਂਡ ਹੁਸ਼ਿਆਰਪੁਰ ਡਿਸਟ੍ਰਿਕਟ’ ਵਿੱਚ ਜੰਡੋਲੀ ਦੇ ਅੱਖੀਂ ਡਿੱਠੇ ਦੋ ਦਰਜਨ ਤੋਂ ਵੱਧ ਜਿਨ੍ਹਾਂ ਦੇਸ਼ ਭਗਤ ਸੂਰਮਿਆਂ ਦੀ ਬਾਤ ਪਾਉਂਦਾ ਹੈ, ਉਸ ਵਿੱਚ ਉਹ ਯੁੱਗ-ਪਲਟਾਈਏ ਹਜ਼ਾਰਾ ਸਿੰਘ ਪੁੱਤਰ ਮੀਹਾਂ ਸਿੰਘ ਦਾ ਜ਼ਿਕਰ ਇਸੇ ਰਾਮ ਚੰਦ ਤੋਂ ਪ੍ਰਭਾਵਿਤ ਸ਼ਖਸ ਵਜੋਂ ਕਰਦਾ ਹੈ। ਦਰ-ਹਕੀਕਤ, ਇਹ ਉਹੀ ਹਜ਼ਾਰਾ ਸਿੰਘ ਉਰਫ ਭਾਈ ਈਸ਼ਰ ਸਿੰਘ ਜੰਡੋਲੀ ਸੀ, ਜਿਸ ਨੇ ਬੇਲਾ ਸੁੰਹ ਦੇ ਅੰਨੇ ਕਤਲ ਵਿੱਚ ਕੁੰਜੀਵਤ ਰੋਲ ਅਦਾ ਕੀਤਾ ਸੀ।
ਜੰਡੋਲੀ ਦਾ ਆਰਜ਼ੀ ਮੁੱਢ 1750 ਦੇ ਕਰੀਬ ‘ਜਸਵਾਲ ਰਾਜਪੂਤਾਂ’ ਨੇ ਬੰਨਿਆ ਸੀ। ਕਿਤੇ ਮਗਰੋਂ ਮੋੜ੍ਹੀ ਗੱਡਣ ਉਪਰੰਤ ਉਹ ਕੰਢੀ ਦਾ ਇਹ ਖਿੱਤਾ ਉਪਜਾਉਣ ਖਾਤਿਰ ਆਪਣੇ ਹਮ-ਮਸਵਰਾਨ ‘ਕਲੋਏ ਜੱਟਾਂ’ ਨੂੰ ਨਸਰਾਲੇ ਵੱਲੋਂ ਇੱਥੇ ਲੈ ਆਏ, ਜਿਹੜੇ ਆਪਣੇ ਇੱਕ ਧੜਵੈਲ ਪੁਰਖੇ ‘ਜੰਡੋਲੇ’ ਦੀ ਛਤਰ-ਛਾਇਆ ਹੇਠ ਇੱਥੇ ਰਮ ਗਏ। ਸਮਾਂ ਪਾ, ਉਸੇ ‘ਜੰਡੋਲੇ ਦੀ ਅੱਲ’ ਵਜੋਂ ਵਿਗੜਦਾ-ਸੰਵਰਦਾ ਇਸ ਨਗਰ ਦਾ ਨਾਂ ਜੰਡੋਲੀ ਪੈ ਗਿਆ। ਰਾਜਪੂਤਾਂ ਦੇ ਗੋਤ ਕਟੋਚ, ਜਿਸ ਦੇ ਪੁਰਾਤਨ ਰਾਜ ਦੀ ਮੂਲ ਰਾਜਧਾਨੀ ਕਦੇ ਜਲੰਧਰ ਸੀ, ਨੂੰ ਸਥਿਤੀਆਂ-ਪ੍ਰਸਥਿਤੀਆਂ ਤਹਿਤ ਕਾਂਗੜਾ ਖੇਤਰ ਨਾਲ ਸੰਬੋਧਿਤ ਕੀਤਾ ਜਾਣ ਲੱਗਾ। ਇਸ ਵੰਸ਼ ਦੀਆਂ ਅਗਾਂਹ ਚਾਰ ਸ਼ਾਖਾਵਾਂ ਬਣੀਆਂ, ਜਿਸ ਵਿੱਚ ਪਹਿਲ-ਪਲੱਕੜੇ ਹੁਸ਼ਿਆਰਪੁਰ ਜ਼ਿਲ੍ਹੇ ਦੀ ਜਸਵਾਨ ਦੂਨ, 13ਵੀਂ ਸਦੀ ਵਿੱਚ ਜਸਵਾਂ ਰਾਜ ਸਥਾਪਿਤ ਕਰਨ ਵਾਲੀ ਜਸਵਾਨ (ਜਸਵਾਲ) ਸ਼ਾਖ ਵੀ ਸੀ। ਇਸ ਰਾਜ ਘਰਾਣੇ ਨੇ ਅੰਬ (ਰਾਜਪੁਰਾ), ਹੁਣ ਜ਼ਿਲ੍ਹਾ ਊਨਾ ਨੂੰ ਆਪਣਾ ਸਦਰ-ਮੁਕਾਮ ਬਣਾ ਕੇ ਨਾਲ ਲੱਗਵੇਂ ਅਖਰੋਟ (ਅੰਬ), ਸਲੋਹ-ਭਦਸਾਲੀ, ਪੰਡੋਗਾਂ, ਹੁਣ ਸਾਰੇ ਜ਼ਿਲ੍ਹਾ ਊਨਾ (ਹਿਮਾਚਲ) ਵਿੱਚ, ਸਮੇਤ ਮੈਲੀ-ਜੰਡੋਲੀ, ਜਿਹੜੇ ਉਨ੍ਹਾਂ ਦੇ ਨਾਲ ਪਰ ਹੇਠਲੇ ਖਿੱਤੇ ਵਿੱਚ ਪੈਂਦੇ ਸਨ, ਦਾ ਖੇਤਰ ਵਗਲ ਲਿਆ।
ਇਹ ਰਿਆਸਤ ਕਈ ਕਾਰਨਾਂ ਕਰਕੇ ਜਿਹੜੀ ਮੁਗਲਾਂ ਨੂੰ ਨਜ਼ਰਾਨਾ ਦਿੰਦੀ ਰਹੀ, ਮਗਰੋਂ ਮਾ. ਰਣਜੀਤ ਸਿੰਘ ਦੀਆਂ ਸ਼ਰਤਾਂ ਹੇਠ ਆ ਗਈ। ਰਣਜੀਤ ਸਿੰਘ ਨੇ ਇਸਨੂੰ ਸਿਰਫ 21 ਪਿੰਡਾਂ ਦੀ ਜਗੀਰ ਦਿੱਤੀ, ਜਿਸ ਵਿੱਚ ਮੈਲੀ-ਜੰਡੋਲੀ ਵੀ ਸ਼ਾਮਿਲ ਸੀ। ਸਿਰਫ ਜਗੀਰਦਾਰ ਜਿਹੇ ਬਣ ਕੇ ਰਹਿ ਜਾਣ ਕਰਕੇ ਇਹ ਲੁਕਵੇਂ ਤੌਰ ‘ਤੇ ਅੰਗਰੇਜ਼ਾਂ ਵੱਲ ਅਹੁਲਣ ਲੱਗੇ, ਪਰ 1849 ਦੀ ‘ਐਂਗਲੋ-ਸਿੱਖ ਵਾਰ’ ਸਮੇਂ ਇਨ੍ਹਾਂ ਮੁਕਾਮੀ ਰਾਣਿਆਂ ਅਤੇ ਸਿੱਖਾਂ ਨਾਲ ਸਾਂਝਾ ਫਰੰਟ ਉਸਾਰ ਕੇ ਅੰਗਰੇਜ਼ਾਂ ਵਿਰੁੱਧ ਮੋਰਚਾ ਖੋਲਿ੍ਹਆ, ਪਰ ਕਈ ਕਾਰਨਾਂ ਕਰਕੇ ਸਫਲ ਨਾ ਹੋ ਸਕੇ। ਗੋਰਿਆ ਨੇ ਇਨ੍ਹਾਂ ਦੀਆਂ ਸਾਰੀਆਂ ਸ਼ਕਤੀਆਂ ਖੋਹ ਕੇ ਸਿਰਫ 12,000 ਰੁਪਏ ਸਾਲਾਨਾ ਵਜ਼ੀਫਾ ਮੁਕੱਰਰ ਕੀਤਾ। ਸ਼ਕਤੀਹੀਣ ਅਤੇ ਉਪਰਾਮ ਹੋਣ ਕਾਰਨ ਇਨ੍ਹਾਂ ਦੇ ਹੇਠਲੇ ਖਿੱਤੇ ਬਾਗੀ ਸੁਰ ਅਤੇ ਆਪੋ-ਆਪਣੀ ਮਾਲਕੀ ਜਮਾਉਣ ਲੱਗੇ; ਪਰ ਜੰਡੋਲੀ ਦੇ ਘੁੱਗ-ਵਸਣ ਦੀ ਕਥਾ ਹੋਰ ਹੈ। ਹੋਇਆ ਇਓਂ ਕਿ ਰਣਜੀਤ ਸਿੰਘ ਦੇ ਰਾਜ ਤੋਂ ਥੋੜ੍ਹਾ ਪਹਿਲਾਂ ਇੱਕ ਫਕੀਰ ਸੁਭਾਅ ਭਾਈ-ਬੰਧ ਲੋਕ-ਪੱਖੀ ਧਾੜਵੀਂ ਬਣ ਗਿਆ। ਮਗਰੋਂ ਰਾਜਾ ਵੀਰਮ ਦੇਵ ਦੇ ਨਾਂ ਨਾਲ ਮਸ਼ਹੂਰ ਹੋਏ ਇਸ ਸ਼ਖਸ ਨੂੰ ਜਸਵਾਨ ਰਿਆਸਤ ਨੇ, ਹਾਲਾਤਾਂ ਵੱਸ ਸਲੋਹ-ਭਦਸਾਲੀ ਸਮੇਤ ਮੈਲੀ-ਜੰਡੋਲੀ ਦਾ ਖਿੱਤਾ ਸੌਂਪ ਦਿੱਤਾ, ਇੱਥੋਂ ਹੀ ਸ਼ੁਰੂ ਹੋਈ ਸੀ ਜੰਡੋਲੀ ਦੇ ਉਗਮਣ ਦੀ ਗਾਥਾ। ਕਿਵੇਂ? ਲੰਬੀ ਕਥਾ ਹੈ, ਇਹ। ਕਿਤੇ ਫੇਰ ਸਹੀ!