ਚੁਰਾਸੀ ਲੱਖ ਯਾਦਾਂ: ਇਤਿਹਾਸ ਦੇ ਅੰਦਰੂਨੀ ਸਰੋਤਾਂ ਨੂੰ ਕਾਂਬਾ ਛੇੜਦਾ ਨਾਵਲ

ਵਿਚਾਰ-ਵਟਾਂਦਰਾ

ਜਸਵੀਰ ਸਿੰਘ ਸ਼ੀਰੀ
ਜਸਬੀਰ ਮੰਡ ਦਾ ਨਾਵਲ ‘ਚੁਰਾਸੀ ਲੱਖ ਯਾਦਾਂ’ ਇੱਕ ਲੇਖੇ ਇਤਿਹਾਸਕ ਨਾਵਲ ਹੈ; ਪਰ ਚੁਰਾਸੀ ਵਾਲੇ ਸਾਕੇ ਦੀ ਗੂੰਜ ਸਾਡੇ ਸਮਕਾਲੀ ਰਾਜਨੀਤਿਕ ਪਸਾਰਾਂ ਤੱਕ ਫੈਲੀ ਹੋਈ ਹੈ। ਇਸੇ ਕਰਕੇ ਇਸ ਨਾਵਲ ਦੀ ਚਰਚਾ ਗੈਰ-ਸਾਹਿਤਕ ਖੇਤਰਾਂ ਵਿੱਚ ਵੀ ਹੋਣੀ ਚਾਹੀਦੀ ਹੈ। ਜੇ ਅਸੀਂ ਆਪਣੇ ਕਿਸੇ ਤੰਦਰੁਸਤ ਸਮਾਜਕ/ਸਭਿਆਚਾਰਕ/ਕੌਮੀ ਭਵਿੱਖ ਪ੍ਰਤੀ ਸੰਜੀਦਾ ਹਾਂ ਤਾਂ ਇਹ ਚਰਚਾ ਹੁੰਦੀ ਰਹਿਣੀ ਚਾਹੀਦੀ ਹੈ! ਇਹ ਨਾਵਲ ਅਸਲ ਵਿੱਚ ਪੰਜਾਬ ਦੀ ਦੁਖ਼ਦੀ ਰਗ ਦੀ ਪਛਾਣ ਕਰਦਾ ਹੈ।

ਇਸ ਦੁੱਖ ਪਿਛੇ ਖੜ੍ਹੇ ਦੁੱਖ ਦੀ ਵੀ…। ਜੇ ਸਾਧਾਰਨ ਲਫਜ਼ਾਂ ਵਿੱਚ ਸਮਝੀਏ ਤਾਂ ਇਹ ਰੋਪੜ ਦੇ ਨਾਲ ਲਗਦੇ ਨੀਮ ਪਹਾੜੀ ਇਲਾਕੇ (ਘਾੜ) ਦੇ ਸਿੱਖ ਖਾੜਕੂ ਨੌਜਵਾਨਾਂ ਦੇ ਅਮਲਾਂ ਦੀ ਦਾਸਤਾਨ ਹੈ, ਪਰ ਜਿਸ ਸ਼ਿੱਦਤ ਅਤੇ ਸੰਵੇਦਨਾ ਨਾਲ ਜਸਬੀਰ ਨੇ ਇਸ ਨੂੰ ਲਿਖਿਆ ਹੈ, ਇਹ ਇੱਕ ਅਸਾਧਾਰਣ ਕਹਾਣੀ ਬਣ ਗਈ ਹੈ, ਜਿਸ ਵਿੱਚ ਬਰਸਾਤੀ ਨਦੀਆਂ ਅਤੇ ਬਨਸਪਤੀ ਦੇ ਗਹਿਣਿਆਂ ਨਾਲ ਸਜਿਆ ਇਹ ਨੀਮ ਪਹਾੜੀ ਇਲਾਕਾ ਪੂਰੇ ਜਲਵੇ ਨਾਲ ਜੀਅ ਉਠਿਆ ਹੈ।
ਜਸਬੀਰ ਮੰਡ ਸੰਘਣੀ, ਸੰਕੇਤਾਤਮਕ, ਕਾਵਿਕ ਅਤੇ ਕਿਸੇ ਹੱਦ ਤੱਕ ਐਬਸਰਡ ਸ਼ੈਲੀ ਵਿੱਚ ਨਾਵਲ ਲਿਖਦਾ ਰਿਹਾ ਹੈ। ਉਸ ਦੇ ਪਹਿਲੇ ਨਾਵਲ ‘ਔੜ ਦੇ ਬੀਜ’, ‘ਬੋਲ ਮਰਦਾਨਿਆ’, ‘ਖਾਜ’, ਅਤੇ ‘ਆਖਰੀ ਬਾਬੇ’ ਵੀ ਇਸੇ ਕਿਸਮ ਦੀ ਭਾਸ਼ਾ ਵਿੱਚ ਹੀ ਲਿਖੇ ਗਏ ਹਨ। ‘ਬੋਲ ਮਰਦਾਨਿਆ’ ਵਿੱਚ ਇਹ ਸੰਕੇਤਕ ਭਾਸ਼ਾ ਹੱਦੋਂ ਵੱਧ ਕਾਵਿਕ ਹੋ ਗਈ ਸੀ। ਇਸ ਨਾਵਲ ਨੂੰ ਇੱਕ ਤਰ੍ਹਾਂ ਨਾਲ ਅਸੀਂ ਮਹਾਂਕਾਵਿ ਵੀ ਕਹਿ ਸਕਦੇ ਹਾਂ। ਨਵੇਂ ਨਾਵਲ ਦੇ ਪਾਤਰ ਚੁਰਾਸੀਵਿਆਂ ਦੇ ਸਿੱਖ ਇਤਿਹਾਸ ਦੇ ਭਾਵੇਂ ਕੋਈ ਉਘੜਵੇਂ ਪਾਤਰ ਨਹੀਂ ਹਨ, ਪਰ ਆਪਣੇ ਪਿਛਲੇ ਦੌਰ ਵਿੱਚ ਇਸ ਲਹਿਰ ਵਿੱਚ ਜਿਸ ਕਿਸਮ ਦੇ ਨੌਜਵਾਨ ਪ੍ਰਵੇਸ਼ ਕਰ ਗਏ ਸਨ ਅਤੇ ਲੋਕਾਂ ਦੇ ਤਨ-ਮਨ ‘ਤੇ ਜਿਹੋ ਜਿਹੇ ਚਿਰ ਸਥਾਈ ਪ੍ਰਭਾਵ ਛੱਡ ਰਹੇ ਸਨ, ਇਹ ਇਸ ਦੇ ਤੱਥਾਂ/ਮਿੱਥਾਂ ਦੀਆਂ ਪਰਤਾਂ ਖੋਲ੍ਹਦਾ ਹੈ। ਇਸ ਨਾਵਲ ਨੂੰ ਪੜ੍ਹਨ ਤੋਂ ਬਾਅਦ ਮੈਨੂੰ ਪਹਿਲੀ ਵਾਰ ਲੱਗਾ ਕਿ ਕੋਈ ਨਾਵਲ ਥਾਂ-ਥਾਂ ਤੋਂ ਪੱਛੀ ਹੋਈ ਮਾਨਸਿਕਤਾ ਨੂੰ ਇੰਨੇ ਆਰਾਮ ਨਾਲ ਵੀ ਸਹਿਜ ਕਰ ਸਕਦਾ ਹੈ। ਇਹ ਇਉਂ ਹੈ, ਜਿਵੇਂ ਇਤਿਹਾਸਕ ਭਿਆਨਕਤਾ ਦੇ ਜ਼ਖਮਾਂ ਦੇ ਸਿਵੇ ਦੀ ਰਾਖ ਵਿੱਚੋਂ ਕੋਈ ਕ੍ਰਿਸ਼ਮਾਈ ਫੁੱਲ ਖਿੜ ਆਵੇ।
ਹੁਣ ਤੱਕ ਪੰਜਾਬੀ ਵਿੱਚ ਇਸ ਕਾਲ ਖੰਡ ਬਾਰੇ ਜਿਨੀਆਂ ਕੁ ਕਹਾਣੀਆਂ ਜਾਂ ਨਾਵਲ ਲਿਖੇ ਗਏ ਹਨ, ਉਨ੍ਹਾਂ ਨੂੰ ਪੜ੍ਹ ਕੇ ਡਰ, ਗੁੱਸੇ, ਨਫਰਤ ਜਿਹੀਆਂ ਨਕਾਰਾਤਮਕ ਭਾਵਨਾਵਾਂ ਪਾਠਕ ਨੂੰ ਬੇਚੈਨ ਕਰ ਦਿੰਦੀਆਂ ਹਨ। ਜਿਵੇਂ ਕੋਈ ਤੁਹਾਨੂੰ ਨੰਗੇ ਪਿੰਡੇ ਅੰਗਿਆਰਾਂ ਉਤੋਂ ਦੀ ਘੜੀਸ ਲਿਆਇਆ ਹੋਵੇ। ਮਿਸਾਲ ਦੇ ਤੌਰ ‘ਤੇ ਮਨਿੰਦਰ ਕਾਂਗ ਦੀ ਕਹਾਣੀ ‘ਭਾਰ’ ਇਸ ਦੌਰ ਬਾਰੇ ਆਪਣੇ ਆਪ ਵਿੱਚ ਇੱਕ ਬੇਮਿਸਾਲ ਸਾਹਿਤਕ ਰਚਨਾ ਹੈ; ਪਰ ਕਹਾਣੀ ਪੜ੍ਹਨ ਤੋਂ ਪਿੱਛੋਂ ਲਗਦਾ ਹੈ, ਜਿਵੇਂ ਹਿੰਸਕ ਵਰਤਾਰੇ/ਵਤੀਰੇ ਦੀ ਕਚਿਆਣ ਤੁਹਾਡੀ ਰੂਹ ਦੀ ਆਖਰੀ ਨੁੱਕਰ ਤੱਕ ਧਸ ਗਈ ਹੈ। ਜਿਵੇਂ ਮਸਨੂਈ ਦਵਾਈਆਂ ਨਾਲ ਦੱਬੀ ਮਨਸਿਕ-ਸਰੀਰਕ (ਸਾਇਕੋ-ਸੋਮੈਟਕ) ਦਰਦ ਇੱਕ ਵਾਰ ਫਿਰ ਤੜਪ ਉੱਠੀ ਹੋਵੇ। ਪਰ ਮੰਡ ਦੇ ਇਸ ਨਾਵਲ ਨੂੰ ਪੜ੍ਹਨ ਤੋਂ ਬਾਅਦ ਲਗਦਾ ਹੈ ਕਿ ਜਿਵੇਂ ਕਿਸੇ ਬੇਪਨਾਹ ਦਰਦ ਨੂੰ ਰੂਹਾਨੀ ਧੁੱਪ ਦੇ ਨਿੱਘ ਨਾਲ ਨੀਂਦ ਆ ਰਹੀ ਹੋਵੇ। ਜ਼ਖਮਾਂ ‘ਤੇ ਮਲ੍ਹਮ ਲਾਉਣ ਦੀ ਅਰਜ਼ੋਈ ਅਸੀਂ ਪੰਜਾਬ ਦੇ ਸਿਆਸਤਦਾਨਾਂ ਤੋਂ ਕਰਦੇ ਰਹੇ ਹਾਂ, ਪਰ ਹਰ ਵਾਰ ਲਾਰਿਆਂ ਨਾਲ ਝੋਲੀ ਭਰ ਜਾਂਦੀ ਰਹੀ। ‘ਚੁਰਾਸੀ ਲੱਖ ਯਾਦਾਂ’ ਜ਼ਖਮਾਂ ‘ਤੇ ਮੱਲ੍ਹਮ ਲਾਉਣ ਦੀ ਸਭਿਆਚਾਰਕ ਭੂਮਿਕਾ ਨਿਭਾਉਂਦਾ ਹੈ। ਇਸ ਤੋਂ ਵੀ ਅੱਗੇ ਇਹ ਨਾਸੂਰ ਬਣ ਚੁੱਕੀਆਂ ਚੋਭਾਂ ਨੂੰ ਤੰਦਰੁਸਤੀ ਦਾ ਰਾਹ ਵੀ ਵਿਖਾ ਦਿੰਦਾ ਹੈ। ਤਾਕਤਵਰ ਸਾਹਿਤ ਦੀ ਸਭਿਆਚਾਰਕ/ਮਾਨਸਿਕ ਭੂਮਿਕਾ ਨੂੰ ਇਸ ਤਰ੍ਹਾਂ ਵੇਖਿਆ ਜਾ ਸਕਦਾ ਹੈ ਕਿ ਨਹੀਂ? ਇਸ ਨੂੰ ਮੈਂ ਸਵਾਲ ਹੀ ਰਹਿਣ ਦਿੰਦਾ ਹਾਂ, ਕਿਉਂਕਿ ਹਾਲੇ ਇਸ ਰਾਹ ‘ਤੇ ਅਸੀਂ ਤੁਰਨਾ ਹੈ। ਅਸੀਂ ਤੇ ਉਨ੍ਹਾਂ ਲੋਕ ਵਿੱਚੋਂ ਹਾਂ, ਜੋ ਡਾਂਗ ਮਾਰਨ ਤੋਂ ਬਾਅਦ ਪੁੱਛਦੇ ਹਨ ਕਿ ਤੇਰਾ ‘ਕਸੂਰ ਕੀ ਹੈ?’
ਨਾਵਲ ਨੂੰ ਪੜ੍ਹਨ ਤੋਂ ਪਹਿਲਾਂ ਮੈਂ ਇਸ ਦੀ ਭੂਮਿਕਾ ਪੜ੍ਹੀ। ਇਹ ਭੂਮਿਕਾ ਡਾ. ਪੀ ਲਾਲ (ਜਪਾਨ) ਨੇ ਲਿਖੀ ਹੈ। ਮੈਂ ਉਨ੍ਹਾਂ ਦਾ ਵਾਕਿਫ ਨਹੀਂ। ਨਾਵਲ ਪੜ੍ਹਨ ਤੋਂ ਬਾਅਦ ਇਹ ਭੂਮਿਕਾ ਇੱਕ ਵਾਰ ਫਿਰ ਪੜ੍ਹੀ। ਪੜ੍ਹ ਕੇ ਲੱਗਾ ਇਸ ਤੋਂ ਵਧੀਆ ਇਸ ਨਾਵਲ ਬਾਰੇ ਮੈਂ ਹੋਰ ਕੀ ਲਿਖਾਂਗਾ? ਉਹ ਆਪਣੀ ਇਸ ਭੂਮਿਕਾ ਵਿੱਚ ਕਹਿੰਦੇ ਹਨ, “ਸਿਰਜਣਾ ਸਮੇਂ ਵੱਡੇ ਦੁਖਾਂਤ ਨੂੰ ਸੰਭਲਣਾ ਬਹੁਤ ਔਖਾ ਹੁੰਦਾ ਹੈ। ਖਾਸ ਕਰਕੇ ਉਦੋਂ ਜਦੋਂ ਇਹ ਇਤਿਹਾਸ ਬਣ ਚੁਕਿਆ ਹੋਵੇ। ਉਦੋਂ ਤੱਕ ਚੰਗਾ-ਬੁਰਾ ਤੈਅ ਹੋ ਚੁੱਕਾ ਹੁੰਦਾ ਹੈ ਅਤੇ ਇਤਿਹਾਸ ਦੇ ਵੱਡੇ ਸਦਮੇ ਉਦਾਸ ਤੇ ਨਿਰਾਸ਼ ਲੋਕਾਂ ਦੇ ਹੱਥ ਲੱਗ ਚੁੱਕੇ ਹੁੰਦੇ ਹਨ। ਫਿਰ ਉਹ ਸਦੀਆਂ ਤੱਕ ਆਪਣੇ ਗੁਸੈਲੇ ਸੁਭਾਅ ਦੇ ਸਾਰੇ ਬਹਾਨੇ ਉਸੇ ਇਤਿਹਾਸਕ ਦੁਖਾਂਤ ਦੇ ਸਿਰ ਮੜ੍ਹਦੇ ਰਹਿੰਦੇ ਹਨ; ਵੱਡੇ ਲੇਖਕ ਪਹਿਲਾਂ ਇਸੇ ਮਿੱਥ ਨੂੰ ਤੋੜਦੇ ਨੇ, ਮੰਡ ਦੇ ਨਾਵਲ ਨੂੰ ਪੜ੍ਹਦਿਆਂ ਇਹ ਅਹਿਸਾਸ ਵੀ ਹੁੰਦਾ ਹੈ। ਕਿਸੇ ਜ਼ਹੀਨ ਲੇਖਕ ਲਈ ਇਹ ਖਾਲਸ ਬੌਧਕ ਚੁਣੌਤੀ ਹੁੰਦੀ ਹੈ। ਮੰਡ ਨੇ ਇਸ ਦੁਖਾਂਤ ਨੂੰ ਵਿਸ਼ਾਲ ਨਜ਼ਰ ਨਾਲ ਸਮਝਿਆ ਹੈ। ਉਸ ਨੇ ਪੰਜਾਬੀ ਨਾਵਲ ਨੂੰ ਇੱਕ ਨਿਰਪੱਖ ਤੇ ਬੌਧਿਕ ਵੰਗਾਰ ਵਿੱਚੋਂ ਲੰਘਾਇਆ ਹੈ। ਕਮਜ਼ੋਰ ਲੇਖਕ ਬੁਰੇ ਨੂੰ ਹੋਰ ਬੁਰਾ ਬਣਾ ਕੇ ਆਪਣੀ ਮਾਨਸਿਕ ਤ੍ਰਿਪਤੀ ਵਿੱਚ ਉਲਝਦਾ ਹੈ। ਵੱਡਾ ਲੇਖਕ ਉਸ ਧਰਾਤਲ ਨੂੰ ਫੜਦਾ ਹੈ, ਜਿਸ ਵਿੱਚੋਂ ਬੁਰਾ ਹੋਣ ਦੀ ਸ਼ੁਰੂਆਤ ਹੋਈ ਸੀ। ਮੰਡ ਹਮੇਸ਼ਾ ਇਸ ਰਮਜ਼ ਨੂੰ ਪਕੜਦਾ ਹੈ। ਉਹਦੀ ਪੰਜਾਬ ਦੀ ਸਮਝ ਪੜ੍ਹਦਿਆਂ ਆਪਣਾ ਆਪ ਧੋਇਆ ਜਾਂਦਾ ਹੈ।”
ਜੇ ਨਾਵਲ ਲਿਖਣ ਦੀ ਵਿਧਾ ਦੀ ਦ੍ਰਿਸ਼ਟੀ ਤੋਂ ਵੇਖੀਏ ਤਾਂ ਇਹ ਉਤਮ ਪੁਰਖ (ਫਰਸਟ ਪਰਸਨ) ਦੇ ਸਵੈਕਥਨ ਦੀ ਕਥਾ ਹੈ। ਨਾਵਲ ਦਾ ਕੇਂਦਰੀ ਪਾਤਰ ਆਪਣੇ ਅਤੇ ਆਪਣੇ ਸਾਥੀਆਂ ਦੇ ਅਮਲਾਂ ਵਿੱਚੋਂ ਦੀ ਲੰਘਾਉਂਦਾ ਤੁਰਿਆ ਜਾਂਦਾ ਹੈ। ਘਟਨਾਵਾਂ ਬੇਹੱਦ ਤੇਜ਼ ਗਤੀ ਨਾਲ ਵਾਪਰਦੀਆਂ ਹਨ, ਪਰ ਚੋਆਂ/ਨਦੀਆਂ ਦੀ ਰੇਤ ‘ਤੇ ਪਨਪੇ ਇਸ ਖੇਤਰ ਦੀ ਗਤੀ ਬਹੁਤ ਧੀਮੀ ਹੈ। ਕਿਰਸਾਨੀ ਜੀਵਨ ਦੀ ਸਾਦੀ ਅਤੇ ਕੁਰਖ਼ਤ ਖੂਬਸੂਰਤੀ ਅਤੇ ਕੁਦਰਤ ਦੀ ਸ਼ਾਂਤ ਅਨੰਤ ਗਤੀ ਦੀ ਬੇਆਵਾਜ਼ ਨਿਮਰਤਾ/ਸਹਿਜਤਾ ਨੂੰ ਲੇਖਕ ਨੇ ਅਸਹਿਜ ਹੋ ਰਹੇ ਆਪਣੇ ਆਲੇ-ਦੁਆਲੇ ਦੇ ਸਨਮੁੱਖ ਖੜ੍ਹਾ ਕਰ ਦਿੱਤਾ ਹੈ। ਪਹਾੜੀਆਂ ਨੂੰ ਪੱਧਰੀਆਂ ਕਰਕੇ ਅਤੇ ਨਦੀਆਂ ਵਿੱਚ ਭਰਤੀ ਪਾ ਕੇ ਕੀਤੇ ਜਾ ਰਹੇ ਵਿਨਾਸ਼ (ਵਿਕਾਸ) `ਤੇ ਬਲਦਾਂ ਦੀ ਜੋੜੀ ਨਾਲ ਜ਼ਮੀਨ ਵਾਹ ਰਿਹਾ ਕਿਸਾਨ ਦਿਲਚਸਪ ਤਬਸਰੇ ਕਰਦਾ ਹੈ। ਤਕਨੀਕੀ ਤੌਰ ‘ਤੇ ਨਾਵਲ ਦੀ ਕਹਾਣੀ ਇੱਕ ਲਕੀਰੀ ਹੈ, ਪਰ ਇਸ ਦਾ ਸੰਵਾਦ ਅਤੇ ਦ੍ਰਿਸ਼ ਚਿਤਰਣ ਸਾਈਕਲਿਕ (ਦੁਹਰਾਓ ਪੂਰਨ) ਹੈ। ਇਸ ਨਾਵਲ ਵਿੱਚ ਪੇਸ਼ ਹੋਈਆਂ ਔਰਤਾਂ ਦੇ ਕਿਰਦਾਰ ਬੇਹੱਦ ਸ਼ਕਤੀਸ਼ਾਲੀ ਹਨ। ਉਹ ਮਰਦਾਂ ਦੀ ਸ਼ੋਰੀਲੀ/ਹੰਗਾਮਾਖੇਜ/ਹਿੰਸਕ ਪ੍ਰਵਿਰਤੀ ਨੂੰ ਆਪਣੀ ਮਮਤਾ ਦੇ ਸਪਰਸ਼ ਨਾਲ ਹੀ ਸ਼ਰਮਸਾਰ ਕਰ ਦਿੰਦੀਆਂ ਹਨ। ਇੱਕ ਕਤਲ ਹੋਏ ਪਰਿਵਾਰ ਦੀ ਧੀਅ ਨੂੰ ਖਾੜਕੂ ਮੁੰਡੇ ਆਪਣੇ ਨਾਲ ਤੋਰ ਲੈਂਦੇ ਹਨ। ਉਸ ਦੀ ਖਾਮੋਸ਼ੀ ਆਪਣੇ ਦੁਆਲੇ ਵਿਚਰਦੇ ਪਾਤਰਾਂ ਨੂੰ ਬੇਚੈਨ ਕਰੀ ਰੱਖਦੀ ਹੈ। ਲਹਿਰ ਦੇ ਅੰਦਰ ਵਿਚਰਦੇ ਹਥਿਆਰਬੰਦ ਮੁੰਡਿਆਂ ਵਿੱਚ ਵੱਖੋ ਵੱਖ ਕਿਸਮ ਦੇ ਵਿਚਾਰ/ਵਿਹਾਰ ਉਭਰਦੇ ਹਨ, ਪਰ ਸਾਰੇ ਇੱਕ ਦੂਜੇ ਨੂੰ ਬਰਦਾਸ਼ ਕਰਦੇ ਤੁਰੇ ਜਾਂਦੇ ਹਨ। ਰੂਪੋਸ਼ ਲਹਿਰ ਦੇ ਸੋਗੀ, ਸ਼ੱਕੀ ਸੀਰੀਅਸ (ਗੰਭੀਰ) ਮਾਹੌਲ ਨੂੰ ਉਨ੍ਹਾਂ ਦੇ ਨਾਲ ਤੁਰੀਆਂ ਔਰਤਾਂ ਦੇ ਹਾਸੇ ਦੀ ਛਣਕ ਅਕਸਰ ਭੰਗ ਕਰ ਦਿੰਦੀ ਹੈ। ਬੰਦੂਕਾਂ ਦੇ ਸਾਏ ਹੇਠ ਵਿਚਰਦੀਆਂ ਉਹ ਸਿਆਲ ਦੀ ਅਲਸਾਈ ਧੁੱਪ ਨੂੰ ਮਾਣ ਸਕਦੀਆਂ ਹਨ। ਜਦਕਿ ਮਰਦ ਕਿਰਦਾਰ ਇਸ ਸੁਭਾਗ ਤੋਂ ਮਹਿਰੂਮ ਹੀ ਰਹਿੰਦੇ ਹਨ। ਸਿਰਫ ਇੱਕ ਨੁਕਸ ਇਸ ਨਾਵਲ ਨੂੰ ਪੜ੍ਹਦਿਆਂ ਮਹਿਸੂਸ ਹੋਇਆ ਕਿ ਕੁਝ ਵਾਕ/ਚਿਹਨ ਇੱਕ ਤੋਂ ਵੱਧ ਵਾਰ ਦੁਹਰਾਏ ਗਏ ਹਨ। ਉਹ ਇਸ ਦੀ ਲਿਖਣ ਵਿਧਾ (ਸਾਈਕਲਿਕ ਸੰਵਾਦ) ਕਰਕੇ ਵੀ ਹੋ ਸਕਦਾ ਹੈ। ਮਿਸਾਲ ਵਜੋਂ ਪੱਥਰ ਕੋਲੋਂ ਤੁਰੀ ਜਾਂਦੀ ਕੀੜੀ/ਕੀੜੇ ਵਾਲਾ ਦ੍ਰਿਸ਼ ਵਾਰ-ਵਾਰ ਚਿਤਰਿਆ ਜਾਂਦਾ ਹੈ। ਕਈ ਕੁਝ ਹੋਰ ਵੀ ਦੁਹਰਾਇਆ ਗਿਆ ਹੈ। ਫਿਰ ਵੀ ਇੱਕ ਸੁਸਤ ਪਰ ਖੂਬਸੂਰਤ ਦਿਲਚਸਪੀ ਨੀਰਸਤਾ ਨੂੰ ਭਾਰੂ ਨਹੀਂ ਹੋਣ ਦਿੰਦੀ। ਇਸ ਲਿਖਤ ਦਾ ਅੰਤ ਮੈਂ ਇਸ ਨਾਵਲ ਦੀ ਭੂਮਿਕਾ ਲਿਖਣ ਵਾਲੇ ਵਿਦਵਾਨ ਪੀ. ਲਾਲ ਦੀ ਇਸ ਨਸੀਹਤ ਨਾਲ ਹੀ ਕਰਨਾ ਚਾਹਾਂਗਾ, ਜਿਸ ‘ਤੇ ਸਾਡੀ ਕੇਂਦਰੀਕ੍ਰਿਤ ਸਿਆਸਤ ਨੂੰ ਵੀ ਧਿਆਨ ਦੇਣ ਦੀ ਲੋੜ ਹੈ; “ਇਹ ਨਾਵਲ ਵਾਰ-ਵਾਰ ਇਸ ਗਹਿਰਾਈ ਨੂੰ ਵੀ ਸਾਂਭਦਾ ਹੈ ਕਿ ਪੰਜਾਬ ਦੀ ਦਿਸ਼ਾਹੀਣਤਾ ਨੂੰ ‘ਸ਼ਬਦ ਗੁਰੂ’ ਹੀ ਸਾਂਭ ਸਕਦਾ ਹੈ। ਜਿਸ ਤਰ੍ਹਾਂ ਦਾ ਜੁਝਾਰੂ ਤੇ ਜਜ਼ਬਾਤੀ ਸਾਡਾ ਸੁਭਾਅ ਹੈ, ਇਸ ਦੀ ਵਾਗਡੋਰ ਗੁਰੂਆਂ ਕੋਲ਼ ਹੀ ਰਹਿਣੀ ਚਾਹੀਦੀ ਹੈ।…ਇਹ ਨਾਵਲ ਇਸ ਭੁਲੇਖੇ ਨੂੰ ਵੀ ਦੂਰ ਕਰਦਾ ਹੈ ਕਿ ਹਿੰਸਕ ਲਹਿਰ ਵਿੱਚ ਸਿਰਫ ਹਿੰਸਕ ਲੋਕ ਹੀ ਨਹੀਂ ਹੁੰਦੇ, ਇਸ ਵਿੱਚ ਜਿਉਂਦੀਆਂ ਜਾਗਦੀਆਂ ਰੂਹਾਂ ਵੀ ਤੁਰੀਆਂ ਫਿਰਦੀਆਂ ਹੁੰਦੀਆਂ ਹਨ।”

Leave a Reply

Your email address will not be published. Required fields are marked *