ਵੰਡ `47 ਦੀ…
ਸੰਤਾਲੀ ਮੌਕੇ ਵੱਖਰਾ ਸਿੱਖ ਮੁਲਕ ਨਾ ਬਣ ਸਕਣ ਦੀ ਅਸਲੀਅਤ ਕੀ ਹੈ?
1947 ਦੇ ਮੁਲਕੀ ਵੰਡ-ਵੰਡਾਰੇ ਦੇ ਦੁਖਾਂਤ ਲਈ ਅਸਲ ਕਾਰਨ ਕੀ ਬਣੇ ਜਾਂ ਕਿਸ ਤਰ੍ਹਾਂ ਪ੍ਰਸਥਿਤੀਆਂ ਪੈਦਾ ਹੁੰਦੀਆਂ ਗਈਆਂ; ਜਾਂ ਇਸ ਸਭ ਲਈ ਅਸਲ ਦੋਸ਼ੀ ਕੌਣ ਸਨ? ਬਾਰੇ ਲਿਖਿਆ ਹਥਲਾ ਲੇਖ ਬਹੁਤ ਧਿਆਨ ਮੰਗਦਾ ਹੈ। ‘ਮੁਲਕ ਦੀ ਵੰਡ ਦੇ ਬੀਜ’ ਦੇ ਇਰਦ-ਗਿਰਦ ਜੁੜਦੀਆਂ ਗਈਆਂ ਜਾਂ ਪੈਦਾ ਕੀਤੀਆਂ ਗਈਆਂ ਘਟਨਾਵਾਂ ਦੇ ਪਰਿਪੇਖ ਵਿੱਚ ਵੱਖਰੇ ਕੋਣ ਤੋਂ ਨਜ਼ਰੀਆ ਜਾਹਰ ਕੀਤਾ ਗਿਆ ਹੈ।
ਲੇਖਕ ਦੇ ਵਿਚਾਰਾਂ ਨਾਲ ‘ਪੰਜਾਬੀ ਪਰਵਾਜ਼’ ਦਾ ਸਹਿਮਤ ਹੋਣਾ ਜਾਂ ਨਾ ਹੋਣਾ ਜ਼ਰੂਰੀ ਨਹੀਂ, ਪਰ ਇਸ ਮਾਮਲੇ ਬਾਰੇ ਅਸੀਂ ਇਹ ਲੇਖ ਪਾਠਕਾਂ ਦੀ ਕਚਹਿਰੀ ਵਿੱਚ ਪੇਸ਼ ਕਰ ਰਹੇ ਹਾਂ, ਜਿਸ ਵਿੱਚ ‘1947 ਦੀ ਵੰਡ ਮੌਕੇ ਵੱਖਰਾ ਸਿੱਖ ਮੁਲਕ ਨਾ ਬਣ ਸਕਣ ਦੀ ਅਸਲੀਅਤ ਕੀ ਹੈ?’ ਉਤੇ ਵੀ ਚਰਚਾ ਕੀਤੀ ਗਈ ਹੈ। ਪੇਸ਼ ਹੈ, `47 ਦੀ ਵੰਡ ਬਾਬਤ ਲੰਮੇ ਲੇਖ ਦੀ ਛੇਵੀਂ ਕਿਸ਼ਤ, ਜਿਸ ਵਿੱਚ ‘ਕਮਿਊਨਲ ਐਵਾਰਡ’ ਸਮੇਤ ਜ਼ਿਕਰ ਕੀਤਾ ਗਿਆ ਹੈ ਕਿ 1947 ਮੌਕੇ ਸਿੱਖ ਕੌਮ ਦਾ ਇੱਕ ਫੀਸਦੀ ਹਿੱਸਾ ਵੀ ਵੱਖਰੇ ਮੁਲਕ ਦਾ ਹਾਮੀ ਨਹੀਂ ਸੀ। ਸੋ, ਇਕੱਲੀ ਲੀਡਰਸ਼ਿਪ ਨੂੰ ਦੋਸ਼ ਦੇਣਾ ਵਾਜਿਬ ਨਹੀਂ ਹੈ!
ਗੁਰਪ੍ਰੀਤ ਸਿੰਘ ਮੰਡਿਆਣੀ
ਫੋਨ: +91-8872664000
ਆਮ ਤੌਰ `ਤੇ ਅੱਜ-ਕੱਲ੍ਹ ਦੇ ਸਿੱਖ ਉਦੋਂ ਦੇ ਸਿੱਖ ਲੀਡਰਾਂ ਵਿੱਚ ਹੀ ਕਸੂਰ ਕੱਢਦੇ ਨੇ ਅਤੇ ਉਨ੍ਹਾਂ ਨੇ ਇਹ ਪੜਚੋਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਸਿੱਖ ਲੀਡਰਾਂ ਦੀਆਂ ਇਨ੍ਹਾਂ ਹਰਕਤਾਂ ਨੂੰ ਸਿੱਖ ਕੌਮ ਨੇ ਕਿੰਨੀ ਕੁ ਮਾਨਤਾ ਦਿੱਤੀ। ਆਪਣੇ ਅਵਾਮ ਦੀ ਹਮਾਇਤ ਤੋਂ ਬਿਨਾ ਕਿਸੇ ਲੀਡਰ ਦੀ ਲੀਡਰੀ ਇੱਕ ਦਿਹਾੜੀ ਵੀ ਟਿੱਕ ਨਹੀਂ ਸਕਦੀ। ਮੋਦੀ ਤੋਂ ਪਹਿਲਾਂ ਲਾਲ ਕ੍ਰਿਸ਼ਨ ਅਡਵਾਨੀ ਭਾਰਤੀ ਜਨਤਾ ਪਾਰਟੀ ਭਾਵ ਹਿੰਦੂਆਂ ਦਾ ਬਹੁਤ ਹੀ ਹਰਮਨ ਪਿਆਰਾ ਲੀਡਰ ਰਿਹਾ ਹੈ। ਭਾਜਪਾ ਦਾ ਕੌਮੀ ਪ੍ਰਧਾਨ ਹੁੰਦਿਆਂ ਉਹ ਪਾਕਿਸਤਾਨ ਵਿੱਚ ਮੁਹੰਮਦ ਅਲੀ ਜਨਾਹ ਦੀ ਕਬਰ `ਤੇ ਫੁੱਲਾਂ ਦਾ ਹਾਰ ਚੜ੍ਹਾ ਕੇ ਆਇਆ, ਇਹ ਗੱਲ 4 ਜੂਨ 2005 ਦੀ ਹੈ। ਉਹਦੀ ਇਹ ਹਰਕਤ ਹਿੰਦੂਆਂ ਨੂੰ ਚੰਗੀ ਨਾ ਲੱਗੀ। ਜਿਹੜੇ ਲੋਕ ਅਡਵਾਨੀ ਨੂੰ ਹੱਥੀਂ ਛਾਵਾਂ ਕਰਦੇ ਸੀ, ਉਹੀ ਅਡਵਾਨੀ ਦੇ ਪੁਤਲੇ ਫੂਕਣ ਲੱਗੇ। ਅਖੀਰ ਅਡਵਾਨੀ ਨੂੰ ਪ੍ਰਧਾਨਗੀ ਤੋਂ ਅਸਤੀਫਾ ਦੇ ਕੇ ਜਾਨ ਛੁਡਾਉਣੀ ਪਈ। ਕੋਈ ਵੀ ਲੀਡਰ ਕਿਸੇ ਕੌਮ ਦਾ ਉਦੋਂ ਤੱਕ ਹੀ ਲੀਡਰ ਰਹਿ ਸਕਦਾ ਹੈ, ਜਦੋਂ ਤੱਕ ਉਹ ਕੌਮੀ ਜਜ਼ਬਾਤ ਦੇ ਨਾਲ ਚੱਲਦਾ ਹੈ। ਨਹੀਂ ਤਾਂ ਅਡਵਾਨੀ ਵਾਗੂੰ ਕੀਤੀ ਕਿਸੇ ਇੱਕ ਕੁਤਾਹੀ ਵਾਂਗ ਹੀ ਅਰਸ਼ ਤੋਂ ਫਰਸ਼ `ਤੇ ਆ ਜਾਂਦਾ ਹੈ; ਪਰ ਇਹ ਦੇਖਣ ਵਿੱਚ ਨਹੀਂ ਆਇਆ ਕਿ ਸਿੱਖ ਆਗੂਆਂ ਦੀਆਂ ਇਨ੍ਹਾਂ ਹਰਕਤਾਂ ਨੂੰ ਸਿੱਖ ਕੌਮ ਨੇ ਕਦੇ ਗਲਤ ਕਿਹਾ ਹੋਵੇ; ਬਲਕਿ ਅਜਿਹੇ ਆਗੂਆਂ ਨੂੰ ਗਲਤ ਕਹਿਣ ਵਾਲੇ ਲੋਕਾਂ ਨੂੰ ਸਿੱਖ ਕੌਮ ਨੇ ਗਲਤ ਕਿਹਾ।
ਇਹ ਗੱਲ ਨਹੀਂ ਸੀ ਕਿ ਉਸ ਵੇਲੇ ਸਿੱਖਾਂ ਦੀ ਸਿਰਫ ਇਹੀ ਲੀਡਰਸ਼ਿਪ ਸੀ ਜਿਹੜੀ ਅੰਗਰੇਜ਼ਾਂ, ਮੁਸਲਮਾਨਾਂ ਦੇ ਬਰਖਿਲਾਫ ਅਤੇ ਕਾਂਗਰਸ ਦੇ ਹੱਕ ਵਿੱਚ ਤੁਰਨ ਦੀ ਨੀਤੀ `ਤੇ ਚੱਲ ਰਹੀ ਸੀ; ਬਲਕਿ ਦੂਜੇ ਪਾਸੇ ਚੀਫ ਖਾਲਸਾ ਦੀਵਾਨ ਵਾਲੀ ਲੀਡਰਸ਼ਿਪ ਵੀ ਸਿੱਖਾਂ ਵਿੱਚ ਸੀਗੀ, ਜਿਹੜੀ ਇਸ ਲਾਈਨ ਦੀ ਹਾਮੀ ਸੀ ਕਿ ਸਿੱਖਾਂ ਨੂੰ ਜੋ ਕੁਝ ਮਿਲਣਾ ਹੈ, ਅੰਗਰੇਜ਼ਾਂ ਹੱਥੋਂ ਹੀ ਮਿਲਣਾ ਹੈ; ਪਰ ਸਿੱਖ ਅਵਾਮ ਨੇ ਇਨ੍ਹਾਂ ਨੂੰ ਅੰਗਰੇਜ਼ਾਂ ਦੇ ਪਿੱਠੂ ਹੋਣ ਦਾ ਬੱਦੂ ਨਾਮ ਦਿੱਤਾ। ਇਸ ਤੋਂ ਇਲਾਵਾ ਉਨ੍ਹਾਂ ਨੂੰ ਵੋਟਾਂ ਵਿੱਚ ਹਰਾਉਂਦੇ ਵੀ ਰਹੇ। ਸੁੰਦਰ ਸਿੰਘ ਮਜੀਠੀਆ ਦੀ ਅਗਵਾਈ ਵਾਲੇ ਚੀਫ ਖਾਲਸਾ ਦੀਵਾਨ ਨੂੰ 1937 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਦੇ ਮੁਕਾਬਲੇ ਹਾਰ ਹੋਈ। 1942 ਵਿੱਚ ਦੀਵਾਨ ਦੀਆਂ ਸੀਟਾਂ ਹੋਰ ਘੱਟ ਗਈਆਂ ਤੇ ਅਕਾਲੀ ਦਲ ਦੀਆਂ ਵਧੀਆਂ। 1946 ਦੀਆਂ ਚੋਣਾਂ ਵਿੱਚ ਚੀਫ ਖਾਲਸਾ ਦੀਵਾਨ ਦਾ ਮੁਕੰਮਲ ਸਫਾਇਆ ਹੋ ਗਿਆ ਤੇ ਅਕਾਲੀ ਦਲ ਸਿੱਖਾਂ ਦੀ ਇੱਕੋ ਇੱਕ ਨੁਮਾਇੰਦਾ ਜਮਾਤ ਬਣ ਕੇ ਉੱਭਰੀ।
ਇੱਥੇ ਜ਼ਿਕਰਯੋਗ ਹੈ ਕਿ ਇਹ ਤਿੰਨੇ ਚੋਣਾਂ ਧਾਰਮਿਕ ਰਿਜ਼ਰਵੇਸ਼ਨ ਮੁਤਾਬਿਕ ਹੋਈਆਂ ਸਨ, ਭਾਵ ਸਿੱਖਾਂ ਲਈ ਰਿਜ਼ਰਵ ਹਲਕੇ ਵਿੱਚ ਸਿੱਖ ਹੀ ਚੋਣ ਲੜ ਸਕਦਾ ਸੀ ਤੇ ਉਹਦੇ ਲਈ ਵੋਟਾਂ ਵੀ ਸਿੱਖਾਂ ਦੀਆਂ ਪੈਂਦੀਆਂ ਸਨ। ਦੂਜੇ ਲਫ਼ਜਾਂ ਵਿੱਚ ਸਿੱਖ ਨੂੰ ਸਿੱਖ ਹੀ ਚੁਣਦੇ ਸੀ ਤੇ ਮੁਸਲਮਾਨਾਂ ਨੂੰ ਮੁਸਲਮਾਨ। ਇਹਦੇ ਨਾਲ ਨਾਲ 1926 ਤੋਂ ਲੈ ਕੇ 1944 ਤੱਕ ਸੱਤ ਵਾਰ ਹੋਈਆਂ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਵੀ ਹੌਲੀ ਹੌਲੀ ਅਕਾਲੀ ਦਲ ਹੀ ਭਾਰੂ ਹੁੰਦਾ ਗਿਆ। ਉਦੋਂ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਤਿੰਨ ਸਾਲ ਬਾਅਦ ਹੁੰਦੀਆਂ ਸਨ, ਸ਼੍ਰੋਮਣੀ ਕਮੇਟੀ ਵਿੱਚ ਸਿੱਖ ਹੀ ਵੋਟਰ ਹੁੰਦੇ ਸਨ ਤੇ ਸਿੱਖ ਹੀ ਉਮੀਦਵਾਰ ਸਹਿਜਧਾਰੀ ਵੋਟਰਾਂ ਦਾ ਕੋਈ ਵਜੂਦ ਨਹੀਂ ਸੀ। ਕਹਿਣ ਦਾ ਭਾਵ ਕਿ ਉਸ ਸਮੇਂ ਦੀ ਸਿੱਖ ਲੀਡਰਸ਼ਿਪ ਸਿੱਖ ਅਵਾਮ ਨੂੰ ਚੰਗੀ ਲੱਗਦੀ ਸੀ। ਸੋ, ਉਸ ਲੀਡਰਸ਼ਿਪ ਨੇ ਉਹੀ ਕੀਤਾ, ਜੋ ਸਿੱਖ ਕੌਮ ਨੂੰ ਚੰਗਾ ਲੱਗਦਾ ਸੀ। ਦੂਜੇ ਲਫ਼ਜ਼ਾਂ ਵਿੱਚ ਮਤਲਬ ਇਹ ਹੋਇਆ ਕਿ ਜੋ ਉਦੋਂ ਸਿੱਖ ਲੀਡਰਸ਼ਿਪ ਨੇ ਕੀਤਾ, ਜੇ ਉਹਦੇ ਲਈ ਲੀਡਰਸ਼ਿਪ ਦੋਸ਼ੀ ਹੈ ਤਾਂ ਨਾਲ ਦੀ ਨਾਲ ਸਿੱਖ ਕੌਮ ਵੀ ਇਸ ਦੋਸ਼ ਵਿੱਚ ਬਰਾਬਰ ਦੀ ਹਿੱਸੇਦਾਰ ਹੈ।
1955 ਵਿੱਚ ਲੱਗੇ ਪੰਜਾਬੀ ਸੂਬੇ ਮੋਰਚੇ ਦੌਰਾਨ ਸਿੱਖਾਂ ਦੀਆਂ ਮੰਗਾਂ ਨੂੰ ਦਬਾਉਣ ਖਾਤਰ ਉਸ ਮੌਕੇ ਜੋ ਸਰਕਾਰ ਨੇ ਤਸ਼ੱਦਦ ਕੀਤਾ ਤਾਂ ਜਾ ਕੇ ਇਹ ਗੱਲ ਬਹੁਤ ਪਤਲੀ ਸ਼ਕਲ ਵਿੱਚ ਤੁਰਨੀ ਸ਼ੁਰੂ ਹੋਈ ਕਿ ਸਿੱਖ ਲੀਡਰਸ਼ਿਪ ਨੇ 1947 ਵਿੱਚ ਸਿੱਖਾਂ ਲਈ ਵੱਖਰਾਂ ਮੁਲਕ ਨਾ ਲੈ ਕੇ ਗਲਤੀ ਕੀਤੀ ਹੈ। 1982 ਵਿੱਚ ਧਰਮ ਯੁੱਧ ਮੋਰਚੇ ਦੌਰਾਨ ਅਤੇ 1984 ਦੇ ਘੱਲੂਘਾਰੇ ਤੋਂ ਬਾਅਦ ਇਹ ਚਰਚਾ ਹੋਰ ਉੱਭਰਵੀਂ ਸ਼ਕਲ ਵਿੱਚ ਜਾਹਰ ਹੋਈ; ਪਰ ਅੱਜ ਵੀ ਸਿੱਖਾਂ ਦੀ ਆਟੇ ‘ਚ ਲੂਣ ਜਿੰਨੀ ਮਿਕਦਾਰ ਹੀ ਇਹ ਕਹਿੰਦੀ ਹੈ ਕਿ ਸਿੱਖ ਲੀਡਰਸ਼ਿਪ ਨੇ ਉਦੋਂ ਗਲਤੀ ਕੀਤੀ। ਅੱਜ ਦੇ ਹਿਸਾਬ ਨਾਲ 1947 ਮੌਕੇ ਦੀ ਸਿੱਖ ਕੌਮ ਦੀ ਸੋਚ ਦਾ ਜੇ ਅੰਦਾਜ਼ਾ ਲਾਈਏ ਤਾਂ ਇਹ ਕਹਿ ਸਕਦੇ ਹਾਂ ਕਿ ਉਦੋਂ ਸਿੱਖ ਕੌਮ ਦਾ ਇੱਕ ਫੀਸਦੀ ਹਿੱਸਾ ਵੀ ਵੱਖਰੇ ਮੁਲਕ ਦਾ ਹਾਮੀ ਨਹੀਂ ਹੋਣਾ। ਸੋ, ਇਕੱਲੀ ਲੀਡਰਸ਼ਿਪ ਨੂੰ ਦੋਸ਼ ਦੇਣਾ ਵਾਜਿਬ ਨਹੀਂ ਹੈ।
ਸਿੱਖਾਂ ਨੇ ਬੇਕਿਰਕੀ ਨਾਲ ਆਪਦੇ ਪੈਰੀਂ ਆਪ ਕੁਹਾੜੇ ਮਾਰੇ
ਬਰਤਾਨਵੀ ਰਾਜ ਦੌਰਾਨ ਜਦੋਂ ਹਿੰਦੂ ਕਾਂਗਰਸ ਦੀ ਅਗਵਾਈ ਵਿੱਚ ਅੰਗਰੇਜ਼ਾਂ ਨੂੰ ਹਿੰਦੁਸਤਾਨ ‘ਚੋਂ ਕੱਢਣ ਦੇ ਇੱਕ ਨੁਕਾਤੀ ਏਜੰਡੇ `ਤੇ ਕੰਮ ਕਰ ਰਹੇ ਸਨ ਤਾਂ ਉਨ੍ਹਾਂ ਦੇ ਸਾਰੇ ਮੁਫਾਦ ਇਸੇ ਨੁਕਤੇ ਵਿੱਚ ਸਮਾਅ ਜਾਂਦੇ ਸਨ। ਉਨ੍ਹਾਂ ਨੂੰ ਆਪਣੇ ਖਾਤਰ ਕੋਈ ਵੀ ਹੋਰ ਮੰਗ ਅੰਗਰੇਜ਼ਾਂ ਤੋਂ ਮੰਨਵਾਉਣ ਦੀ ਲੋੜ ਨਹੀਂ ਸੀ; ਕਿਉਂਕਿ ਜੇ ਅੰਗਰੇਜ਼ ਨਿਕਲਦੇ ਸੀ ਤਾਂ ਬਹੁਗਿਣਤੀ ਹੋਣ ਕਰਕੇ ਸਾਰਾ ਰਾਜ ਹੀ ਉਨ੍ਹਾਂ ਦੇ ਹੱਥ ਆ ਜਾਣਾ ਸੀ, ਸੋ ਉਨ੍ਹਾਂ ਨੂੰ ਇੱਕ ਨੁਕਾਤੀ ਮੰਗ ਤੋਂ ਬਿਨਾ ਹੋਰ ਕੁਝ ਵੀ ਫਿਕਰ ਕਰਨ ਦੀ ਲੋੜ ਨਹੀਂ ਸੀ। ਜਦੋਂ ਅੰਗਰੇਜ਼ ਕਿਸੇ ਵੀ ਅਜਿਹੇ ਮੁੱਦੇ `ਤੇ ਚਰਚਾ ਛੇੜਦੇ ਸਨ, ਜਿਸ ਵਿੱਚ ਇਹ ਦੇਖਿਆ ਜਾਣਾ ਹੁੰਦਾ ਸੀ ਕਿ ਜੀਹਨੂੰ ਅਸੀਂ ਰਾਜ ਭਾਗ ਸੌਂਪ ਕੇ ਜਾਣਾ ਹੈ, ਉਹ ਢਾਂਚਾ ਕਿਹੋ ਜਿਹਾ ਹੋਵੇ ਤਾਂ ਹਿੰਦੂ ਪੱਬ ਚੱਕ ਕੇ ਅੰਗਰੇਜ਼ਾਂ ਦੇ ਇਹ ਕਹਿ ਕੇ ਗਲ ਪੈਂਦੇ ਸਨ ਕਿ ਥੋਨੂੰ ਬਾਅਦ ਥਾਈਂ ਕੀ? ਤੁਸੀਂ ਇੱਕ ਵਾਰ ਇੱਥੋਂ ਤੁਰਦੇ ਬਣੋ, ਬਾਅਦ ਦੀ ਅਸੀਂ ਆਪੇ ਨਿਬੇੜਾਂਗੇ! ਜਦ ਕਿ ਮੁਸਲਮਾਨ ਇਸੇ ਗੱਲ ਤੋਂ ਤ੍ਰਬਕਦੇ ਸੀ। ਉਨ੍ਹਾਂ ਦਾ ਤੌਖਲਾ ਸੀ ਕਿ ਬਾਅਦ ਵਿੱਚ ਸਾਰਾ ਕੰਮ ਹਿੰਦੂ ਬਹੁਗਿਣਤੀ ਦੇ ਹੱਥ ਵਿੱਚ ਹੋਊਗਾ, ਅਸੀਂ ਮਾਰੇ ਜਾਵੇਗਾ। ਸੋ, ਮੁਸਲਮਾਨਾਂ ਦੀ ਅੰਗਰੇਜ਼ਾਂ ਤੋਂ ਵੱਡੀ ਮੰਗ ਇਹ ਸੀ ਕਿ ਆਪਦੇ ਹੁੰਦਿਆਂ ਹੁੰਦਿਆਂ ਸਾਰੇ ਫੈਸਲੇ ਕਰਾ ਕੇ ਜਾਵੋ ਤੇ ਜਾਂ ਸਾਨੂੰ ਅੱਡ ਕਰਕੇ ਜਾਵੋ। ਜਿੰਨਾ ਚਿਰ ਅੰਗਰੇਜ਼ੀ ਰਾਜ ਰਿਹਾ, ਉਨਾ ਚਿਰ ਮੁਸਲਮਾਨ ਅੰਗਰੇਜ਼ਾਂ ਤੋਂ ਆਪਣੇ ਮੁਫਾਦ ਦੀ ਰੱਖਿਆ ਖਾਤਰ ਰਾਜਭਾਗ ਵਿੱਚ ਆਪਣੀ ਮੁਨਾਸਿਬ ਹਿੱਸੇਦਾਰ `ਤੇ ਜ਼ੋਰ ਪਾਉਂਦੇ ਰਹੇ।
ਇਸ ਤੋਂ ਉਲਟ ਸਿੱਖ ਰਾਜ-ਭਾਗ ਆਪ ਦੀ ਮੁਨਾਸਿਬ ਹਿੱਸੇਦਾਰੀ ਮੰਗਣ ਦੀ ਬਜਾਏ ਮੁਸਲਮਾਨਾਂ ਦੀ ਹਿੱਸੇਦਾਰੀ ਨੂੰ ਰੋਕਣ `ਤੇ ਆਪਦਾ ਸਾਰਾ ਜ਼ੋਰ ਲਾਉਂਦੇ ਰਹੇ, ਨਾ ਉਨ੍ਹਾਂ ਨੂੰ ਇਸ ਗੱਲ ਦਾ ਫਿਕਰ ਸੀ ਕਿ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਸਾਡਾ ਕੀ ਬਣੂੰਗਾ! ਬਲਕਿ ਉਹ ਕਾਂਗਰਸ ਦੇ ਅੰਗਰੇਜ਼ਾਂ ਨੂੰ ਭਜਾਉਣ ਵਾਲੇ ਇੱਕੋ ਇੱਕ ਏਜੰਡੇ `ਤੇ ਜ਼ੋਰ ਲਾਉਂਦੇ ਰਹੇ। ਜਦੋਂ ਅੰਗਰੇਜ਼ਾਂ ਨੇ ਸਿੱਖਾਂ ਨੂੰ ਰਾਜ ਭਾਗ ਵਿੱਚ ਹਿੱਸੇਦਾਰ ਬਣਾਉਣ ਖਾਤਰ ਉਨ੍ਹਾਂ ਨੂੰ ਬਿਨ ਮੰਗਿਆਂ ਚੋਣ ਖੇਤਰਾਂ ਵਿੱਚ ਰਿਜ਼ਰਵੇਸ਼ਨ ਦਿੱਤੀ ਤਾਂ ਸਿੱਖ ਇਹਦੇ ਖਿਲਾਫ ਇਸ ਕਦਰ ਅੰਗਰੇਜ਼ਾਂ ਦੇ ਗਲ ਪਏ, ਜੀਹਦੀ ਮਿਸਾਲ ਪੰਥਕ ਇਤਿਹਾਸ ਵਿੱਚ ਅੱਜ ਥਾਈਂ ਨਹੀਂ ਮਿਲਦੀ। ਸਿੱਖਾਂ ਨੂੰ ਇਹ ਰਿਜ਼ਰਵੇਸ਼ਨ ਕਮਿਊਨਲ ਐਵਾਰਡ ਤਹਿਤ ਮਿਲੀ ਸੀ। ਜਿਹੜੀ ਰਿਆਇਤ ਮੁਸਲਮਾਨਾਂ ਨੇ ਆਪਣੇ ਖਾਤਰ ਲੜ ਕੇ ਲਈ ਸੀ, ਉਹ ਸਿੱਖਾਂ ਨੂੰ ਮੁਫਤੋਂ-ਮੁਫਤ ਮਿਲ ਰਹੀ ਸੀ, ਪਰ ਸਿੱਖਾਂ ਨੇ ਇਸ ਰਿਆਇਤ ਨੂੰ ਇਹ ਕਹਿ ਕੇ ਠੁੱਡੇ ਮਾਰੇ ਕਿ ਹਾਂ-ਹਾਂ ਇਹੋ ਜਿਹੀ ਰਿਆਇਤ ਮੁਸਲਮਾਨਾਂ ਨੂੰ ਕਾਹਤੋਂ ਮਿਲੀ ਹੈ!
ਕੀ ਸੀ ਕਮਿਊਨਲ ਐਵਾਰਡ?
ਅੰਗਰੇਜ਼ੀ ਰਾਜ ਵਿੱਚ ਵਿਧਾਨ ਸਭਾ ਅਤੇ ਲੋਕ ਸਭਾਵਾਂ ਖਾਤਰ 1909 ਤੋਂ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਸਨ, ਪਰ ਉਦੋਂ ਵੋਟ ਦਾ ਅਖਤਿਆਰ ਹਰੇਕ ਜਣੇ-ਖਣੇ ਨੂੰ ਨਹੀਂ ਸੀ ਹੁੰਦਾ। ਘੱਟੋਂ ਘੱਟ ਮੈਟ੍ਰਿਕ ਪਾਸ, ਕੁਝ ਖਾਸ ਹੱਦ ਤੋਂ ਵੱਧ ਜਮੀਨੀ ਮਾਮਲਾ ਦੇਣ ਵਾਲਾ ਜਾਂ ਇਨਕਮ ਟੈਕਸ ਦੇਣ ਵਾਲਾ ਹੀ ਵੋਟਰ ਬਣ ਸਕਦਾ ਸੀ। ਮੁਸਲਮਾਨ ਜਨਤਾ ਵਧੇਰੇ ਅਨਪੜ੍ਹ ਅਤੇ ਗਰੀਬ ਸੀ, ਜਿਸ ਕਰਕੇ ਉਨ੍ਹਾਂ ਦੀ ਵੋਟ ਫੀਸਦੀ ਆਪਦੀ ਆਬਾਦੀ ਨਾਲੋਂ ਘੱਟ ਬਣਦੀ ਸੀ। ਅੱਜ ਵਾਗੂੰ ਸਾਂਝੇ ਚੋਣ ਹਲਕੇ ਹੋਣ ਕਰਕੇ ਉਨ੍ਹਾਂ ਦੇ ਨੁਮਾਇੰਦੇ ਕਾਫੀ ਘੱਟ-ਗਿਣਤੀ ਵਿੱਚ ਜਿੱਤਦੇ ਸੀ। ਇਸੇ ਤਰ੍ਹਾਂ ਸਿੱਖਾਂ ਦਾ ਵੀ ਇਹੀ ਹਾਲ ਸੀ। 1909 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸਿੱਖਾਂ ਨੂੰ ਕੋਈ ਸੀਟ ਨਾ ਮਿਲੀ, 1912 ਵਿੱਚ ਸਿਰਫ ਇੱਕ ਸਿੱਖ ਉਮੀਦਵਾਰ ਜਿੱਤਿਆ ਅਤੇ ਫਿਰ 1916 ਦੀਆਂ ਚੋਣਾਂ ਵਿੱਚ ਸਿੱਖਾਂ ਨੂੰ ਕੋਈ ਸੀਟ ਨਾ ਮਿਲੀ। ਇਸੇ ਤਰ੍ਹਾਂ ਛੋਟੀਆਂ ਚੋਣਾਂ ਵਿੱਚ ਸਿੱਖਾਂ ਦਾ ਹਾਲ ਮਾੜਾ ਸੀ। 1884 ਦੇ ਅੰਕੜਿਆਂ ਮੁਤਾਬਿਕ ਪੰਜਾਬ ਦੀਆਂ ਕੁੱਲ 96 ਮਿਊਂਸੀਪਲ ਕਮੇਟੀਆਂ ਸੀਗੀਆਂ, ਜਿਨ੍ਹਾਂ ਵਿੱਚੋਂ 72 ਵਿੱਚ ਹਿੰਦੂਆਂ ਦੀ ਬਹੁਸੰਮਤੀ ਸੀ। 12 `ਤੇ ਮੁਸਲਮਾਨ ਕਾਬਜ ਸੀਗੇ, ਜਦਕਿ ਸਿਰਫ ਇੱਕੋ ਇੱਕ ਤਰਨਤਾਰਨ ਮਿਊਂਸੀਪਲ ਕਮੇਟੀ `ਤੇ ਸਿੱਖਾਂ ਦਾ ਕਬਜਾ ਸੀ।
1921 ਦੀ ਮਰਦਮਸ਼ੁਮਾਰੀ ਮੁਤਾਬਿਕ ਪੰਜਾਬ ਵਿੱਚ ਮੁਸਲਮਾਨ ਵਸੋਂ 50 ਫੀਸਦੀ, ਹਿੰਦੂ 35 ਫੀਸਦੀ ਅਤੇ ਸਿੱਖ 12 ਫੀਸਦੀ ਸਨ; ਪਰ ਵੋਟ ਸ਼ਕਤੀ ਦੇ ਲਿਹਾਜ ਨਾਲ ਮੁਸਲਮਾਨ ਵੋਟਰ 40 ਫੀਸਦੀ, ਸਿੱਖ 24 ਫੀਸਦੀ ਬਣਦੇ ਸੀ। 24 ਫੀਸਦੀ ਵੋਟਰਾਂ ਦੇ ਹੁੰਦਿਆਂ ਵੀ ਸਿੱਖ ਕੋਈ ਸੀਟ ਨਹੀਂ ਸੀ ਜਿੱਤ ਰਹੇ। ਇਸ ਘਾਟੇ ਨੂੰ ਦੂਰ ਕਰਾਉਣ ਖਾਤਰ 1916 ਵਿੱਚ ‘ਲਖਨਊ ਪੈਕਟ’ ਨਾਂ ਦਾ ਇੱਕ ਸਮਝੌਤਾ ਹੋਇਆ, ਜਿਸ ਵਿੱਚ ਕਾਂਗਰਸ ਨੇ ਮੁਸਲਮਾਨਾਂ ਖਾਤਰ ਵੱਖਰੇ ਚੋਣ ਖੇਤਰਾਂ ਦੀ ਮੰਗ ਮੰਨ ਲਈ, ਪਰ ਸਿੱਖਾਂ ਨੂੰ ਕੁਝ ਨਾ ਦਿੱਤਾ। ਨਾ ਦੇਣਾ ਇੱਕ ਪਾਸੇ ਰਿਹਾ, ਇਸ ਸਮਝੌਤੇ ਖਾਤਰ ਚੱਲੀ ਲੰਬੀ ਗੱਲਬਾਤ ਵਿੱਚ ਨਾ ਤਾਂ ਕਿਸੇ ਸਿੱਖ ਨੁਮਾਇੰਦੇ ਨੂੰ ਸੱਦਿਆ ਗਿਆ, ਇੱਥੋਂ ਤੱਕ ਸਿੱਖਾਂ ਦਾ ਜ਼ਿਕਰ ਤੱਕ ਨਾ ਹੋਇਆ। ਚੀਫ ਖਾਲਸਾ ਦੀਵਾਨ ਅਤੇ ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਨੇ ਸੈਕਟਰੀ ਆਫ ਸਟੇਟ ਫਾਰ ਇੰਡੀਆ ਕੋਲ ਸਿੱਖਾਂ ਨੂੰ ਅਜਿਹਾ ਹੱਕ ਦਿਵਾਉਣ ਲਈ ਪੈਰਵਾਈ ਕੀਤੀ, ਜਦੋਂ ਉਹ 1917 ਵਿੱਚ ਇਸ ਮਾਮਲੇ ਨੂੰ ਹੋਰ ਘੋਖਣ ਖਾਤਰ ਪੰਜਾਬ ਆਇਆ; ਪਰ ਸਿੱਖਾਂ ਦੀ ਭਾਰੂ ਧਿਰ ਨੇ ਕਾਂਗਰਸ ਦੀ ਪੈੜ ਵਿੱਚ ਪੈਰ ਧਰਦਿਆਂ ਉਹੀ ਰੱਟ ਲਾਈ ਰੱਖੀ ਕਿ ਸਾਨੂੰ ਕੁਝ ਨਹੀਂ ਚਾਹੀਦਾ, ਬਸ ਇੱਥੋਂ ਅੰਗਰੇਜ਼ ਚਲੇ ਜਾਣ।
ਪਰ ਬਰਤਾਨਵੀ ਸਰਕਾਰ ਸਿੱਖਾਂ ਦੀ ਭਾਰੂ ਧਿਰ ਨੂੰ ਦਰਕਿਨਾਰ ਕਰਦਿਆਂ ਸਿੱਖਾਂ ਨੂੰ ਮੁਸਲਮਾਨਾਂ ਅਤੇ ਹਿੰਦੂਆਂ ਦੇ ਬਰਾਬਰ ਤੀਜੀ ਧਿਰ ਵਾਲੇ ਦਰਜੇ ਮੁਤਾਬਿਕ ਸਤਿਕਾਰ ਦੇ ਰਹੀ ਸੀ। ਉਨ੍ਹਾਂ ਨੇ ਇਕੱਲਾ ਸਤਿਕਾਰ ਨਹੀਂ ਦਿੱਤਾ, ਬਲਕਿ ਸਰਕਾਰੀ ਤੌਰ `ਤੇ ਸਿੱਖਾਂ ਨੂੰ ਤੀਜੀ ਧਿਰ ਵਜੋਂ ਮਾਨਤਾ ਵੀ ਦਿੱਤੀ। ਭਾਰਤ ਦੇ ਸੰਵਿਧਾਨਕ ਸੁਧਾਰਾਂ ਬਾਰੇ ਮੌਂਟੇਗ-ਚੈਮਸਫ਼ੋਰਡ ਦੀ 1918 ਵਿੱਚ ਨਸ਼ਰ ਹੋਈ ਰਿਪੋਰਟ ਵਿੱਚ ਇਹ ਸ਼ਪੱਸਟ ਕਿਹਾ ਗਿਆ ਕਿ ਪੰਜਾਬ ਅੰਦਰ ਸਿੱਖ ਇੱਕ ਵੱਖਰੀ ਅਤੇ ਅਹਿਮ ਕੌਮ ਹੈ, ਉਹ ਭਾਰਤੀ ਫੌਜ ਨੂੰ ਬਹਾਦਰ ਸਿਪਾਹੀ ਮੁਹੱਈਆ ਕਰਦੇ ਨੇ; ਪਰ ਹਰ ਥਾਂ ਘੱਟ-ਗਿਣਤੀ ਹੋਣ ਕਰਕੇ ਉਹ ਵੋਟਾਂ ਵਿੱਚ ਜਿੱਤ ਨਹੀਂ ਸਕਦੇ। ਇਸ ਕਰਕੇ ਮੁਸਲਮਾਨਾਂ ਨੂੰ ਚੋਣ ਖੇਤਰਾਂ ਵਿੱਚ ਦਿੱਤੀ ਰਿਜ਼ਰਵੇਸ਼ਨ ਦੀ ਤਰਜ਼ `ਤੇ ਸਿੱਖਾਂ ਲਈ ਵੀ ਚੋਣ ਖੇਤਰ ਰਿਜ਼ਰਵ ਕੀਤੇ ਜਾਣ।
ਮੌਂਟੇਗ-ਚੈਮਸਫ਼ੋਰਡ ਦੀ ਰਿਪੋਰਟ `ਤੇ ਹੋਈ ਬਹਿਸ ਦੌਰਾਨ ਜਦੋਂ ਪੰਜਾਬ ਅਸੈਂਬਲੀ ਵਿੱਚ ਇੱਕ ਨਾਮਜ਼ਦ ਸਿੱਖ ਮੈਂਬਰ ਸ. ਗੱਜਣ ਸਿੰਘ ਨੇ ਸਿੱਖਾਂ ਲਈ ਰਿਜ਼ਰਵੇਸ਼ਨ ਦੀ ਮੰਗ ਕੀਤੀ ਤਾਂ ਹਿੰਦੂ ਤੇ ਮੁਸਲਮਾਨ ਮੈਂਬਰਾਂ ਨੇ ਅੱਗ ਦੀ ਲਾਟ ਕੱਢਣ ਵਾਂਗ ਇਸ ਗੱਲ ਦਾ ਵਿਰੋਧ ਕੀਤਾ। ਹਿੰਦੂਆਂ ਵੱਲੋਂ ਸਿੱਖਾਂ ਦਾ ਵਿਰੋਧ ਤਾਂ ਸਮਝ ਵਿੱਚ ਪੈਂਦਾ ਹੈ, ਪਰ ਸਿੱਖਾਂ ਦੀ ਭਾਰੂ ਲੀਡਰਸ਼ਿਪ ਨੇ ਵੀ ਸਿੱਖਾਂ ਨੂੰ ਮਿਲ ਰਹੀ ਇਸ ਰਿਆਇਤ ਦੇ ਖਿਲਾਫ ਹਿੰਦੂ-ਮੁਸਲਮਾਨਾਂ ਨਾਲੋਂ ਵੀ ਉੱਚੀ ਲਾਟ ਮਾਰੀ। ਮੁਸਲਮਾਨਾਂ ਦਾ ਪੱਖ ਇਹ ਸੀ ਸਿੱਖ ਤਾਂ ਹਿੰਦੂਆਂ ਦਾ ਹਿੱਸਾ ਹਨ, ਤਾਂ ਇਨ੍ਹਾਂ ਨੂੰ ਵੱਖਰੀ ਰਿਜ਼ਰਵੇਸ਼ਨ ਕਾਹਦੀ? ਹਿੰਦੂ ਕਹਿੰਦੇ ਸੀ, ਸਿੱਖ ਤਾਂ ਸਾਡੇ ‘ਚੋਂ ਹੀ ਨੇ, ਸਰਕਾਰ ਇਨ੍ਹਾਂ ਨੂੰ ਰਿਜ਼ਰਵੇਸ਼ਨ ਦੇ ਕੇ ਹਿੰਦੂਆਂ ਨਾਲੋਂ ਪਾੜ ਰਹੀ ਹੈ। ਲਾਲਾ ਲਾਜਪਾਤ ਰਾਏ ਵੱਲੋਂ ਕੱਢੇ ਜਾਂਦੇ ਇੱਕ ਆਰੀਆ ਸਮਾਜੀ ਪਰਚੇ ‘ਪੰਜਾਬੀ’ ਨੇ ਇਸ ਤਜਵੀਜ਼ ਦੀ ਪੁੱਜ ਕੇ ਮੁਖਾਲਫਤ ਕੀਤੀ ਤੇ ਕਿਹਾ ਕਿ ਇਹ ਸਿੱਖਾਂ ਨੂੰ ਹਿੰਦੂਆਂ ਨਾਲੋਂ ਪਾੜਨ ਵਾਲੀ ਸ਼ਰਾਰਤ ਹੈ। ਅਜਿਹੀ ਕਾਰਵਾਈ ਨਾਲ ਹਿੰਦੂਆਂ ਨੇ ਤਾਂ ਅੰਗਰੇਜ਼ਾਂ `ਤੇ ‘ਪਾੜੋ ਤੇ ਰਾਜ ਕਰੋ’ ਦਾ ਇਲਜ਼ਾਮ ਲਾਉਣਾ ਹੀ ਸੀ, ਪਰ ਬਹੁ-ਗਿਣਤੀ ਵਿੱਚ ਸਿੱਖ ਵੀ ਅੰਗਰੇਜ਼ਾਂ ਨੂੰ ਪਾੜੋ ਤੇ ਰਾਜ ਕਰੋ ਵਾਲਾ ਬਦੂ ਨਾਮ ਦੇਣ ਲੱਗੇ। ਸਿੱਖਾਂ, ਮੁਸਲਮਾਨਾਂ ਲਈ ਚੋਣ ਖੇਤਰਾਂ ਵਿੱਚ ਦਿੱਤੀ ਜਾਣ ਵਾਲੀ ਇਸ ਰਿਜ਼ਰਵੇਸ਼ਨ ਨੂੰ ਕਮਿਊਨਲ ਐਵਾਰਡ ਆਖਿਆ ਗਿਆ।
ਕਮਿਊਨਲ ਐਵਾਰਡ ਲਾਗੂ ਹੋ ਗਿਆ
ਸਿੱਖਾਂ ਨੂੰ ਰਿਜ਼ਰਵੇਸ਼ਨ ਦੇਣ ਦੇ ਖਿਲਾਫ ਸਿੱਖਾਂ ਸਣੇ ਹਿੰਦੂ-ਮੁਸਲਮਾਨਾਂ ਵੱਲੋਂ ਲੱਖ ਬੂ ਦੁਹਾਈ ਪਾਉਣ ਦੇ ਬਾਵਜੂਦ ਬਰਤਾਨਵੀ ਸਰਕਾਰ ਨੇ ਸਿੱਖਾਂ ਨੂੰ ਰਿਜ਼ਰਵੇਸ਼ਨ ਦੇਣ ਦਾ ਐਲਾਨ ਕਰ ਦਿੱਤਾ। ਸਿੱਖਾਂ ਦੀ ਪੰਜਾਬ ਵਿੱਚ ਆਬਾਦੀ 12 ਫੀਸਦੀ ਤੋਂ ਵੀ ਘੱਟ ਸੀ, ਪਰ ਉਨ੍ਹਾਂ ਵਾਸਤੇ ਪੰਜਾਬ ਵਿਧਾਨ ਸਭਾ ਵਿੱਚ 18 ਫੀਸਦੀ ਸੀਟਾਂ ਰਿਜ਼ਰਵ ਕਰ ਦਿੱਤੀਆਂ ਗਈਆਂ। ਮੁਸਲਮਾਨਾਂ ਦੀ ਆਬਾਦੀ ਮੁਤਾਬਿਕ ਉਨ੍ਹਾਂ ਨੂੰ 51 ਫੀਸਦੀ ਰਿਜ਼ਰਵੇਸ਼ਨ ਮਿਲੀ। ਇਹ ਐਲਾਨ ਬਰਤਾਨਵੀ ਪ੍ਰਧਾਨ ਮੰਤਰੀ ਰਾਮਸੇ ਮੈਕਡਾਨਲਡ ਨੇ ਕਮਿਊਨਲ ਐਵਾਰਡ ਦੇ ਨਾਂ ਥੱਲੇ ਅਕਤੂਬਰ 1932 ਨੂੰ ਕੀਤਾ।
ਸਿੱਖਾਂ ਨੇ ਕਮਿਊਨਲ ਐਵਾਰਡ ਦੇ ਖਿਲਾਫ ਇਸ ਕਦਰ ਸਿੰਗਾਂ `ਤੇ ਮਿੱਟੀ ਚੁੱਕੀ, ਜਿਸ ਨਾਲ ਸਿੱਖ ਇਤਿਹਾਸ ਵੀ ਸ਼ਰਮਾਅ ਗਿਆ। ਉਨ੍ਹੀਂ ਦਿਨੀਂ ਸਰਕਾਰ ਨੇ ਮਾਸਟਰ ਤਾਰਾ ਸਿੰਘ ਦੇ ਲਾਹੌਰ ਦਾਖਲੇ `ਤੇ ਪਾਬੰਦੀ ਲਾਈ ਹੋਈ ਸੀ ਤੇ ਉਹ ਲਾਹੌਰ ਨਾਲ ਵਹਿੰਦੇ ਦਰਿਆ ਰਾਵੀ ਦੇ ਪਰਲੇ ਕੰਢੇ ਕਸਬੇ ਸ਼ਾਹਦਰਾ ਵਿੱਚ ਬੈਠਾ ਸੀ। ਉੱਥੋਂ ਬੈਠਾ ਹੀ ਉਹ ਲਾਹੌਰ ਵਿੱਚ ਬੈਠੇ ਅਕਾਲੀਆਂ ਨੂੰ ਹਦਾਇਤਾਂ ਦੇ ਰਿਹਾ ਸੀ। ਉਹਦੀਆਂ ਹਦਾਇਤਾਂ `ਤੇ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ `ਤੇ ਅਕਾਲੀਆਂ ਦੀ ਕਮਿਊਨਲ ਐਵਾਰਡ ਦੇ ਖਿਲਾਫ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਮਾਸਟਰ ਤਾਰਾ ਸਿੰਘ ਨੇ ਗਿਆਨੀ ਕਰਤਾਰ ਸਿੰਘ ਦੇ ਹੱਥ ਇੱਕ ਲਿਖਤੀ ਮਤਾ ਪਾਸ ਕਰਨ ਲਈ ਘੱਲਿਆ। ਮਤਾ ਇਹ ਸੀ, “ਅਸੀ ਬੋਟੀ ਬੋਟੀ ਕਟਵਾ ਕੇ ਤਾਂ ਮਰ ਜਾਵਾਂਗੇ, ਪਰ ਆਪਦੇ ਜਿਊਂਦੇ ਜੀ ਕਮਿਊਨਲ ਐਵਾਰਡ ਲਾਗੂ ਨਹੀਂ ਹੋਣ ਦਿਆਂਗੇ। ਹੇ ਗੁਰੂ ਗੋਬਿੰਦ ਸਿੰਘ ਤੂੰ ਪੰਥ ਦਾ ਵਾਲੀ ਕਹਾਉਦਾ ਹੈਂ! ਜੇ ਅਸੀਂ ਕਮਿਊਨਲ ਐਵਾਰਡ ਨੂੰ ਰੋਕਣ ਖਾਤਰ ਵੱਡੀ ਤੋਂ ਵੱਡੀ ਕੁਰਬਾਨੀ ਕਰਨੋਂ ਝਿਜਕੀਏ ਤਾਂ ਅਸੀਂ ਤੇਰੇ ਸਿੱਖ ਨਹੀਂ। ਪਰ ਜੇ ਤੂੰ ਸਾਡੀਆਂ ਕੁਰਬਾਨੀਆਂ ਨੂੰ ਸਫਲਤਾ ਨਾ ਬਖਸ਼ੇਂ ਤਾਂ ਤੂੰ ਪੰਥ ਦਾ ਵਾਲੀ ਨਹੀਂ।”
ਪੰਥਕ ਇਤਿਹਾਸ ਵਿੱਚ ਇਹ ਪਹਿਲੀ ਦਫਾ ਹੋਇਆ ਕਿ ਕਿਸੇ ਸਿੱਖ ਨੇ ਆਪਣੇ ਗੁਰੂ ਨੂੰ ਇਹ ਕਹਿ ਕੇ ਵੰਗਾਰ ਪਾਈ ਹੋਵੇ ਕਿ ਜੇ ਤੂੰ ਸਾਡਾ ਫਲਾਣਾ ਕੰਮ ਨਾ ਕੀਤਾ ਤਾਂ ਤੂੰ ਸਾਡਾ ਗੁਰੂ ਨਹੀਂ। ਕਮਿਊਨਲ ਐਵਾਰਡ ਦੇ ਖਿਲਾਫ ਬੋਟੀ ਬੋਟੀ ਕੱਟ ਮਰਨ ਦੀ ਸਹੁੰ ਖਾਣੀ ਤੇ ਗੁਰੂ ਨੂੰ ਕਮਿਊਨਲ ਐਵਾਰਡ ਰੋਕਣ ਖਾਤਰ ਵੰਗਾਰ ਪਾਉਣ ਨਾਲ ਪਾਠਕ ਸਮਝ ਗਏ ਹੋਣਗੇ ਕਿ ਸਿੱਖ ਲੀਡਰਸ਼ਿਪ ਇਸ ਤੋਂ ਵੱਡੀ ਹੋਰ ਕੀ ਲਾਟ ਮਾਰ ਸਕਦੇ ਸੀ! ਜਿੱਥੇ ਇੱਕ ਵੀ ਸਿੱਖ ਐਮ.ਐਲ.ਏ. ਦੀ ਚੋਣ ਨਹੀਂ ਸੀ ਜਿੱਤਦਾ, ਉੱਥੇ ਹੁਣ ਸੌ ਮਗਰ 18 ਜਿੱਤਣੇ ਸੀ; ਪਰ ਸਿੱਖਾਂ ਨੂੰ 18 ਦੀ ਖੁਸ਼ੀ ਨਹੀਂ ਸੀ, 51 ਮੁਸਲਮਾਨਾਂ ਦੀ ਤਕਲੀਫ ਸੀ। ਇਹ ਮੰਗ ਨਹੀਂ ਸੀ ਕਿ ਸਾਨੂੰ ਰਿਜ਼ਰਵੇਸ਼ਨ ਘੱਟ ਮਿਲੀ ਹੈ, ਮੰਗ ਇਹ ਸੀ ਕਿ ਸਾਨੂੰ ਚਾਹੇ ਕੱਖ ਨਾ ਮਿਲੇ, ਪਰ ਮੁਸਲਮਾਨਾਂ ਨੂੰ ਕੁਝ ਨਹੀਂ ਮਿਲਣਾ ਚਾਹੀਦਾ।
ਜਦੋਂ ਇਹ ਖ਼ਬਰਾਂ ਲੰਡਨ ਪਹੁੰਚੀਆਂ ਕਿ ਸਿੱਖ ਤਾਂ ਕਮਿਊਨਲ ਐਵਾਰਡ ਦੇ ਖਿਲਾਫ ਮਰਨ-ਮਾਰਨ `ਤੇ ਉੱਤਰੇ ਖੜ੍ਹੇ ਨੇ ਤਾਂ ਬਰਤਾਨਵੀ ਸਰਕਾਰ ਬੜੀ ਫਿਕਰਮੰਦ ਹੋਈ। ਉਨ੍ਹਾਂ ਦਾ ਇਹ ਤਜਰਬਾ ਸੀ ਕਿ ਜੇ ਸਿੱਖ ਆਈ `ਤੇ ਆ ਜਾਣ ਤਾਂ ਮਰਨੋਂ ਨਹੀਂ ਡਰਦੇ। ਕਮਿਊਨਲ ਐਵਾਰਡ ਦੀ ਮੁਖਾਲਫਤ ਤੋਂ ਪੈਦਾ ਹੋਣ ਵਾਲੀ ਮਾਰ-ਕਾਟ ਤੋਂ ਡਰਦਿਆਂ ਬਰਤਾਨਵੀ ਸਰਕਾਰ ਨੇ ਗਵਰਨਰ ਪੰਜਾਬ ਨੂੰ ਇੱਕ ਗੁਪਤ ਹਦਾਇਤ ਘੱਲੀ ਕਿ ਕਮਿਊਨਲ ਐਵਾਰਡ ਦੇ ਖਿਲਾਫ ਪੈਦਾ ਹੋਣ ਵਾਲੀ ਹਿੰਸਾ ਵਿੱਚ ਜੇ ਮੌਤਾਂ 20 ਤੋਂ ਵੱਧ ਜਾਣ ਤਾਂ ਕਮਿਊਨਲ ਐਵਾਰਡ ਨੂੰ ਰੱਦ ਕਰਨ ਦਾ ਐਲਾਨ ਕਰ ਦਿੱਤਾ ਜਾਵੇ। ਉਧਰ ਮੁਸਲਮਾਨ ਵੀ ਡਰ ਗਏ ਕਿ ਸਿੱਖਾਂ ਦੇ ਦਬਾਅ ਥੱਲੇ ਆ ਕੇ ਸਰਕਾਰ ਇਸ ਐਵਾਰਡ ਨੂੰ ਰੱਦ ਕਰ ਸਕਦੀ ਹੈ। ਬਣੀ-ਬਣਾਈ ਖੇਡ ਨੂੰ ਵਿਗੜਨ ਤੋਂ ਰੋਕਣ ਲਈ ਮੁਸਲਮਾਨ ਆਗੂਆਂ ਨੇ ਸਿੱਖ ਆਗੂਆਂ ਨੂੰ ਪਰਚਾਉਣ ਖਾਤਰ ਗੱਲਬਾਤ ਤੋਰੀ। ਮੁਸਲਮਾਨਾਂ ਨੇ ਸਿੱਖਾਂ ਨੂੰ ਇਹ ਤਜਵੀਜ਼ ਦਿੱਤੀ ਕਿ ਜੇ ਥੋਨੂੰ ਰਿਜ਼ਰਵੇਸ਼ਨ 18 ਦੀ ਥਾਂ 30 ਫੀਸਦੀ ਮਿਲ ਜਾਵੇ ਤਾਂ ਕੀ ਥੋਡੀ ਤਸੱਲੀ ਹੋ`ਜੂ? ਸਿੱਖ ਕਹਿੰਦੇ, ਹਾਂ 30 ਨਾਲ ਸਾਡੀ ਤਸੱਲੀ ਹੋ`ਜੂ। ਮੁਸਲਮਾਨ ਕਹਿੰਦੇ, ਫਿਰ ਲਿਖੋ ਸਮਝੌਤਾ। ਤਾਂ ਸਿੱਖਾਂ ਦਾ ਐਡਾ ਹਾਸੋ ਹੀਣਾ ਜਵਾਬ ਇਹ ਸੀ ਕਹਿੰਦੇ, ਨਹੀਂ! ਨਾਲੋ ਨਾਲ ਹਿੰਦੂਆਂ ਨੂੰ ਵੀ 30 ਫੀਸਦੀ ਦੇਵੋ। ਭਾਵ ਇਹ ਸੀ ਕਿ ਹਿੰਦੂ-ਸਿੱਖ ਰਲ ਕੇ 60 ਫੀਸਦੀ ਹੋ ਜਾਣ ਤੇ ਮੁਸਲਮਾਨ ਕਿਸੇ ਵੀ ਸੂਰਤ ਬਹੁਸੰਮਤੀ ਵਿੱਚ ਨਾ ਆ ਸਕਣ। ਸੋ, ਮੁਸਲਮਾਨਾਂ ਨਾਲ ਵੀ ਗੱਲਬਾਤ ਟੁੱਟ ਗਈ, ਪਰ ਕਮਿਊਨਲ ਐਵਾਰਡ ਦੇ ਖਿਲਾਫ ਨਾ ਕੋਈ ਸਿੱਖ ਕਟਿਆ ਅਤੇ ਨਾ ਹੀ ਕੋਈ ਮਰਿਆ।
ਕਮਿਊਨਲ ਐਵਾਰਡ ਚੁੱਪਚਾਪ ਲਾਗੂ ਹੋ ਗਿਆ। ਮੁਸਲਮਾਨਾਂ ਵੱਲੋਂ ਤਜਵੀਜ਼ਸ਼ੁਦਾ 30 ਫੀਸਦੀ ਨੂੰ ਠੋਕਰ ਮਾਰ ਕੇ ਸਿੱਖ 18 ਫੀਸਦੀ `ਤੇ ਸਬਰ ਸ਼ੁਦਾ ਹੋ ਗਏ। ਇਹ ਸਮਾਂ ਸਿੱਖਾਂ ਖਾਤਰ ਉਹ ਸੀ, ਜਦੋਂ ਵੱਖਰੇ ਸਿੱਖ ਮੁਲਕ ਦੀਆਂ ਵਿਊਂਤਬੰਦੀਆਂ ਕੀਤੀਆਂ ਜਾਣੀਆਂ ਸਨ; ਪਰ ਸਿੱਖ ਆਪਣੀ ਖਾਤਰ ਕੁਝ ਵੀ ਨਾ ਸੋਚਦੇ ਹੋਏ ਆਪਦੀ ਸਾਰੀ ਤਾਕਤ ਮੁਸਲਮਾਨਾਂ ਦੇ ਖਿਲਾਫ ਜ਼ਾਇਆ ਕਰ ਰਹੇ ਸਨ ਤੇ ਨਾਲ ਦੀ ਨਾਲ ਹਿੰਦੂਆਂ ਵੱਲੋਂ ਮੁਸਲਮਾਨਾਂ ਖਿਲਾਫ ਬਣਦੀ ਲੜਾਈ ਨੂੰ ਆਪਣੀ ਸਮਝ ਕੇ ਲੜ ਰਹੇ ਸਨ। ਉਪਰਲੀਆਂ ਸਾਰੀਆਂ ਗੱਲਾਂ ਤੋਂ ਸਮਝ ਆ ਜਾਣੀ ਚਾਹੀਦੀ ਹੈ ਕਿ ਸਿੱਖ ਹਿੰਦੂਆਂ ਨਾਲ ਅਸੀਂ-ਤੁਸੀਂ ਦਾ ਭੇਦ ਮਿਟਾ ਕੇ ਚੱਲ ਰਹੇ ਸਨ, ਕਿਤੇ ਵੀ ਉਨ੍ਹਾਂ ਨਾਲ ਵਖਰੇਵਾਂ ਨਹੀਂ ਸੀ। ਸੋ, ਅਜਿਹੇ ਮਾਹੌਲ ਵਿੱਚ ਵੱਖਰੇ ਮੁਲਕ ਦਾ ਸੁਫਨਾ ਕਿੱਥੋਂ ਆਉਣਾ ਸੀ!
(ਜਾਰੀ)