ਡਾ. ਨਿਸ਼ਾਨ ਸਿੰਘ ਰਾਠੌਰ
ਫੋਨ: +91-9041498009
ਰਾਹਾਂ ਦਾ ਕੰਮ ਮਨੁੱਖ ਨੂੰ ਆਪਣੀ ਮੰਜ਼ਿਲ ’ਤੇ ਪਹੁੰਚਾਉਣਾ ਹੁੰਦਾ ਹੈ। ਇਸ ਲਈ ਆਸਾਨ ਰਾਹਾਂ ਨੇ ਸਦਾ ਹੀ ਮਨੁੱਖ ਨੂੰ ਆਪਣੇ ਵੱਲ ਖਿੱਚਿਆ ਹੈ/ ਆਕ੍ਰਸ਼ਿਤ ਕੀਤਾ ਹੈ। ਮਨੁੱਖ ਅਤੇ ਰਾਹ ਨੂੰ ਵੱਖ ਨਹੀਂ ਕੀਤਾ ਜਾ ਸਕਦਾ। ਖ਼ੇਤਰ ਕੋਈ ਵੀ ਹੋਵੇ; ਰਾਹ ਅਤੇ ਰਾਹ-ਦਸੇਰੇ ਦੀ ਜ਼ਰੂਰਤ ਹਮੇਸ਼ਾ ਹੁੰਦੀ ਹੈ। ਇਸੇ ਲਈ ਰਾਹਾਂ ਦੀ ਮਹੱਤਤਾ ਨੂੰ ਅੱਖੋਂ-ਪਰੋਖ਼ੇ ਨਹੀਂ ਕੀਤਾ ਜਾ ਸਕਦਾ।
ਸਿਆਣਿਆਂ ਦਾ ਕਥਨ ਹੈ ਕਿ ਨਵੀਂਆਂ ਰਾਹਾਂ ਦੇ ਮੁਸਾਫ਼ਰ ਲੋਕ ਆਪਣੀ ਜ਼ਿੰਦਗੀ ਵਿੱਚ ਕਦੇ ਹਾਰ ਨਹੀਂ ਮੰਨਦੇ। ਅਜਿਹੇ ਲੋਕ ਤਾ-ਉਮਰ ਨਵੀਂਆਂ ਚੀਜ਼ਾਂ ਨੂੰ ਗ੍ਰਹਿਣ ਕਰਦੇ ਰਹਿੰਦੇ ਹਨ/ਸਿੱਖਦੇ ਰਹਿੰਦੇ ਹਨ। ਇਨ੍ਹਾਂ ਲੋਕਾਂ ਵਿੱਚ ਨਵ-ਊਰਜਾ ਦਾ ਸੰਚਾਰ ਹੁੰਦਾ ਹੈ ਅਤੇ ਅਜਿਹੇ ਰਾਹਾਂ ਦੇ ਮੁਸਾਫ਼ਰ ਲੋਕ ਹੀ ਸਮਾਜ ਵਿੱਚ ਰਹਿੰਦੇ ਆਮ ਲੋਕਾਂ ਲਈ ਰਾਹ-ਦਸੇਰੇ ਬਣਦੇ ਹਨ/ਲੋਕਾਂ ਲਈ ਉਮੀਦ ਦੀ ਕਿਰਨ ਹੁੰਦੇ ਹਨ।
ਅੱਜ ਦੇ ਮਨੁੱਖ ਕੋਲ ਜਿੱਥੇ ਪੈਸਾ, ਸ਼ੋਹਰਤ ਅਤੇ ਸਹੂਲਤਾਂ ਹਨ, ਉੱਥੇ ਹੀ ਮਾਨਸਿਕ ਸਕੂਨ ਦੀ ਘਾਟ ਹੈ। ਮਨੁੱਖ ਅਤੇ ਮਸ਼ੀਨ ਵਿੱਚ ਬਹੁਤਾ ਫ਼ਰਕ ਨਹੀਂ ਰਿਹਾ। ਇੱਕੋ ਥਾਵੇਂ ਸਾਲਾਂਬੱਧੀ ਕੰਮ ਕਰਨ ਕਰਕੇ ਮਨੁੱਖ ਆਪਣੇ ਜੀਵਨ ਵਿੱਚ ਖੜੌਤ ਦਾ ਸ਼ਿਕਾਰ ਹੋ ਗਿਆ ਹੈ। ਅੱਜ ਹਾਲਾਤ ਅਜਿਹੇ ਹਨ ਕਿ ਸਮਾਜ ਵਿੱਚ ਰਹਿੰਦੇ 90 ਫੀਸਦੀ ਲੋਕ ਆਪਣੇ ਨਿੱਤ ਦੇ ਕਾਰ-ਵਿਹਾਰ ਨੂੰ ਬਦਲਣਾ ਚਾਹੁੰਦੇ ਹਨ। ਹਰ ਵਕਤ ਇੱਕੋ ਕੰਮ, ਇੱਕੋ ਰਾਹ ਅਤੇ ਇੱਕੋ ਜਿਹਾ ਕਾਰ-ਵਿਹਾਰ। ਜੀਵਨ ਰੁੱਖਾ ਹੋ ਗਿਆ ਜਾਪਦਾ ਹੈ। ਖ਼ਬਰੇ! ਇਸੇ ਕਰਕੇ ਅੱਜ ਦਾ ਮਨੁੱਖ ਮਾਨਸਿਕ ਪ੍ਰੇਸ਼ਾਨੀਆਂ ਦਾ ਸ਼ਿਕਾਰ ਵੱਧ ਹੋ ਰਿਹਾ ਹੈ।
ਗੁਰਮਤਿ ਵਿਚਾਰਧਾਰਾ ਦਾ ਅਧਿਐਨ ਕਰਦਿਆਂ ਇਹ ਤੱਥ ਦ੍ਰਿਸ਼ਟੀਗੋਚਰ ਹੁੰਦਾ ਹੈ ਕਿ ਗੁਰੂ ਸਾਹਿਬ ਵੀ ਮਨੁੱਖ ਨੂੰ ਵਕਤ ਦੇ ਨਾਲ ਤੁਰਨ ਦੀ ਤਾਕੀਦ ਕਰਦੇ ਹਨ। ਉਹ ਮਨੁੱਖ ਜਿਸਨੇ ਸਮੇਂ ਦੇ ਅਨੁਸਾਰ ਤੁਰਨਾ ਸਿੱਖ ਲਿਆ, ਆਪਣੀ ਜ਼ਿੰਦਗੀ ਵਿੱਚ ਕਦੇ ਮਾਰ ਨਹੀਂ ਖਾ ਸਕਦਾ। ਗੁਰਬਾਣੀ ਕਹਿੰਦੀ ਹੈ,
‘ਵਖਤੁ ਵੀਚਾਰੇ ਸੁ ਬੰਦਾ ਹੋਇ॥’ (ਗੁਰੂ ਗ੍ਰੰਥ ਸਾਹਿਬ, ਪੰਨਾ 83)
ਜਿਹੜੇ ਮਨੁੱਖ ਆਪਣੇ ਜੀਵਨ ਵਿੱਚ ਖ਼ੜੌਤ ਦਾ ਸ਼ਿਕਾਰ ਹੋ ਜਾਂਦੇ ਹਨ, ਉਹ ਆਪਣੇ ਜੀਵਨ ਵਿੱਚ ਕਦੇ ਅੱਗੇ ਨਹੀਂ ਵੱਧਦੇ। ਜ਼ਿੰਦਗੀ ਵਿੱਚ ਅੱਗੇ ਵੱਧਣ ਜਾਂ ਫਿਰ ਤਰੱਕੀ ਕਰਨ ਲਈ ਤੁਰਨਾ ਪੈਂਦਾ ਹੈ/ਅੱਗੇ ਵੱਧਣਾ ਪੈਂਦਾ ਹੈ/ਫੈਸਲੇ ਲੈਣੇ ਪੈਂਦੇ ਹਨ ਅਤੇ ਜਿਹੜਾ ਮਨੁੱਖ ਇਨ੍ਹਾਂ ਸੁਗਾਤਾਂ ਤੋਂ ਵਾਂਝਾ ਹੈ, ਉਹ ਖੜੌਤ ਦਾ ਸ਼ਿਕਾਰ ਹੋ ਜਾਂਦਾ ਹੈ। ਮਾਨਸਿਕ ਵਿਕਾਰਾਂ ਦੇ ਘੇਰੇ ਵਿੱਚ ਆਪਣੇ ਜੀਵਨ ਨੂੰ ਬਰਬਾਦ ਕਰ ਬੈਠਦਾ ਹੈ।
ਭਗਵਾਨ ਕ੍ਰਿਸ਼ਨ ਜੀ ਨੇ ਸ੍ਰੀ ਭਗਵਤ ਗੀਤਾ ਵਿੱਚ ਵੀ ਕਿਹਾ ਗਿਆ ਹੈ, ‘ਪਰਿਵਰਤਨ ਹੀ ਸੰਸਾਰ ਦਾ ਨਿਯਮ ਹੈ।’ ਭਾਵ ਬਦਲਾਓ ਵਿੱਚ ਹੀ ਸੰਸਾਰ ਚੱਲਦਾ ਹੈ। ਜੋ ਕੁਝ ਅੱਜ ਸਾਡੇ ਕੋਲ ਹੈ, ਉਹ ਬੀਤੇ ਕੱਲ ਕਿਸੇ ਹੋਰ ਕੋਲ ਸੀ ਅਤੇ ਆਉਂਦੇ ਕੱਲ ਕਿਸੇ ਹੋਰ ਕੋਲ ਹੋਵੇਗਾ। ਇਹੀ ਸੰਸਾਰ ਦਾ ਨਿਯਮ ਹੈ/ਕੁਦਰਤ ਦਾ ਨਿਯਮ ਹੈ ਅਤੇ ਜਿਸ ਮਨੁੱਖ ਨੇ ਇਸ ਨਿਯਮ ਨੂੰ ਸਮਝ ਲਿਆ/ਆਪਣੇ ਜੀਵਨ ਵਿੱਚ ਢਾਲ ਲਿਆ, ਉਹ ਕਾਮਯਾਬੀ ਦੀਆਂ ਮੰਜ਼ਿਲਾਂ ਨੂੰ ਪ੍ਰਾਪਤ ਕਰ ਲੈਂਦਾ ਹੈ। ਇੱਕੋ ਥਾਵੇਂ ਖੜ੍ਹੇ ਮਨੁੱਖ ਖ਼ਤਮ ਹੋ ਜਾਂਦੇ ਹਨ/ਬਰਬਾਦ ਹੋ ਜਾਂਦੇ ਹਨ।
ਪੰਜਾਬੀ ਸਾਹਿਤ ਦਾ ਅਧਿਐਨ ਕਰਦਿਆਂ ਇੱਕ ਸ਼ੇਅਰ ਇਸ ਗੱਲ ਦੀ ਪ੍ਰੋੜ੍ਹਤਾ ਕਰਦਾ ਮਹਿਸੂਸ ਹੁੰਦਾ ਹੈ,
ਤੁਰਦਿਆਂ ਦੇ ਨਾਲ ਤੁਰਦੇ ਤਾਂ ਕਿਤੇ ਤਾਂ ਪਹੁੰਚਦੇ
ਬਿਨ ਤੁਰੇ ਜੋ ਪਹੁੰਚਣਾ ਚਾਹੁੰਦੇ ਸੀ ਸੜਕਾਂ ਹੋ ਗਏ। (ਰਬਿੰਦਰ ਮਸਰੂਰ)
ਇਸ ਸ਼ੇਅਰ ਵਿੱਚ ਅੱਜ ਦੇ ਮਨੁੱਖ ਦੇ ਜੀਵਨ ਦੇ ਅਸਲ ਸੱਚ ਨੂੰ ਬਹੁਤ ਸਹਿਜ ਸ਼ਬਦਾਂ ਵਿੱਚ ਬਿਆਨ ਕੀਤਾ ਗਿਆ ਹੈ। ਸ਼ਾਇਰ ਕਹਿੰਦਾ ਹੈ ਕਿ ਜੇਕਰ ਉਹ ਸੰਸਾਰ ਦੇ ਲੋਕਾਂ ਦੇ ਨਾਲ ਤੁਰਦਾ ਭਾਵ ਆਪਣੇ ਜੀਵਨ ਵਿੱਚ ਤਬਦੀਲੀ ਲਿਆਉਂਦਾ/ਉੱਦਮ ਕਰਦਾ ਤਾਂ ਖ਼ਬਰੇ! ਉਹ ਆਪਣੇ ਟੀਚੇ/ਮੰਜ਼ਿਲ ਨੂੰ ਪ੍ਰਾਪਤ ਕਰ ਲੈਂਦਾ। ਪਰ! ਦੂਜੇ ਪਾਸੇ ਜਿਹੜੇ ਲੋਕ ਬਿਨਾ ਕਿਸੇ ਉੱਦਮ ਤੋਂ ਆਪਣੇ ਜੀਵਨ ਵਿੱਚ ਕਾਮਯਾਬੀ ਚਾਹੁੰਦੇ ਸਨ, ਉਹ ਸੜਕਾਂ ਵਾਂਗ ਇੱਕੋ ਥਾਂ ’ਤੇ ਖੜ੍ਹੇ ਰਹੇ ਭਾਵ ਉਹ ਲੋਕ ਕਿਤੇ ਨਹੀਂ ਪਹੁੰਚ ਸਕੇ। ਇਹ ਨਾਕਾਮਯਾਬੀ ਦਾ ਪ੍ਰਤੀਕ ਹੈ।
ਇੱਥੇ ਖ਼ਾਸ ਗੱਲ ਇਹ ਹੈ ਕਿ ਆਪ-ਮੂਹਾਰੇ ਹੋਇਆ ਬਦਲਾਓ ਹਮੇਸ਼ਾ ਦੁੱਖ ਦਾ ਕਾਰਨ ਬਣਦਾ ਹੈ ਅਤੇ ਉੱਦਮ ਸਦਕਾ ਹੋਇਆ ਬਦਲਾਓ ਅਕਸਰ ਸੁੱਖ ਦਾ ਕਾਰਨ ਬਣਦਾ ਹੈ। ਭਾਵ ਜਿਹੜੇ ਮਨੁੱਖ ਖ਼ੁਦ ਫੈਸਲਾ ਕਰਕੇ ਬਦਲਾਓ ਨੂੰ ਅਪਨਾਉਂਦੇ ਹਨ, ਉਹ ਕਾਮਯਾਬ ਹੋ ਜਾਂਦੇ ਹਨ ਕਿਉਂਕਿ ਉਨ੍ਹਾਂ ਆਪਣੀ ‘ਵਿਉਂਤ’ ਸਦਕਾ ਬਦਲਾਓ ਸਵੀਕਾਰ ਕੀਤਾ ਹੁੰਦਾ ਹੈ, ਪਰ ਦੂਜੇ ਪਾਸੇ ਆਪ ਮੂਹਾਰੇ ਕਿਸੇ ਬਦਲਾਓ ਦੇ ਗੇੜ ਵਿੱਚ ਆਏ ਮਨੁੱਖ ਨੇ ਕੋਈ ਤਿਆਰੀ/ਵਿਉਂਤਬੰਦੀ ਨਹੀਂ ਕੀਤੀ ਹੁੰਦੀ; ਇਸ ਲਈ ਇਹ ਬਦਲਾਓ ਉਸ ਲਈ ਦੁੱਖਾਂ ਦਾ ਕਾਰਨ ਬਣ ਜਾਂਦਾ ਹੈ।
ਸੋ, ਨਵੇਂ ਰਾਹਾਂ ਦੇ ਮੁਸਾਫ਼ਰ ਲੋਕ ਕਦੇ ਹਾਰ ਨਹੀਂ ਮੰਨਦੇ/ਢੇਰੀ ਨਹੀਂ ਢਾਹੁੰਦੇ ਬਲਕਿ ਆਪਣੇ ਉੱਦਮ ਸਕਦਾ ਆਮ ਲੋਕਾਂ ਲਈ ਪ੍ਰੇਰਣਾਸਰੋਤ ਬਣਦੇ ਹਨ। ਆਮ ਲੋਕਾਂ ਨੂੰ ਨਵੇਂ ਰਾਹਾਂ ਦੇ ਮੁਸਾਫ਼ਰ ਬਣਨ ਲਈ ਪ੍ਰੇਰਿਤ ਕਰਦੇ ਹਨ, ਕਿਉਂਕਿ ਮਨੁੱਖ ਨੂੰ ਆਪਣੇ ਜੀਵਨ ਵਿੱਚ ਹਮੇਸ਼ਾ ਅੱਗੇ ਵੱਧਦਾ ਰਹਿਣਾ ਚਾਹੀਦਾ ਹੈ ਅਤੇ ਸਾਰਥਕ ਬਦਲਾਓ ਲਈ ਯਤਨ ਕਰਦੇ ਰਹਿਣਾ ਚਾਹੀਦਾ ਹੈ ਤਾਂ ਕਿ ਖਲਾਅ/ਖੜੋਤ ਤੋਂ ਰਹਿਤ ਜੀਵਨ ਬਤੀਤ ਕੀਤਾ ਜਾ ਸਕੇ, ਪਰ ਇਹ ਹੁੰਦਾ ਕਦੋਂ ਹੈ? ਇਹ ਅਜੇ ਭਵਿੱਖ ਦੀ ਕੁੱਖ ਵਿੱਚ ਹੈ।