*ਹਵਾ ਪ੍ਰਦੂਸ਼ਣ ਦੇ ਵਧਣ ਨਾਲ ਏਅਰ ਟਰੈਫਿਕ ਹੋਈ ਪ੍ਰਭਾਵਤ
*ਪੰਜਾਬ `ਚ ਝੋਨੇ ਨੂੰ ਅੱਗ ਲਾਉਣ ਦੀਆਂ ਘਟਨਾਵਾਂ ‘ਚ ਆਈ ਕਮੀ
ਪੰਜਾਬੀ ਪਰਵਾਜ਼ ਬਿਊਰੋ
ਜਿਵੇਂ ਕਿ ਇਨ੍ਹਾਂ ਦਿਨਾਂ ਵਿੱਚ ਹਰ ਸਾਲ ਵਾਪਰਦਾ ਹੈ, ਪੰਜਾਬ ਵਿੱਚ ਪ੍ਰਦੂਸ਼ਣ ਦਾ ਪੱਧਰ ਇਸ ਵਾਰ ਵੀ ਕਾਫੀ ਵਧ ਗਿਆ ਹੈ। ਪਿਛਲੇ ਕੁਝ ਦਿਨਾਂ ਵਿੱਚ ਖਾਸ ਕਰਕੇ ਦੀਵਾਲੀ ਤੋਂ ਅਗਲੇ ਦਿਨ, ਹਵਾ ਵਿੱਚ ਧੂੰਏਂ ਅਤੇ ਧੁੰਦ ਦੀ ਮਿਲੀ-ਜ਼ੁਲੀ ਗਹਿਰ (ਸਮੋਗ) ਕਾਫੀ ਜ਼ਿਆਦਾ ਵੇਖਣ ਨੂੰ ਮਿਲੀ ਹੈ। ਰਾਜ ਦੇ ਕੁਝ ਇਲਾਕਿਆਂ ਵਿੱਚ ਤਾਂ ਕਈ ਮੌਕਿਆਂ ‘ਤੇ ਸਾਹ ਲੈਣ ਵਿੱਚ ਤਕਲੀਫ ਵੀ ਨੋਟ ਕੀਤੀ ਗਈ। ਇਸ ਵਾਰ ਪੰਜਾਬ ਦਾ ਹਵਾ ਪ੍ਰਦੂਸ਼ਣ ਇਸ ਕਾਰਨ ਵੀ ਵਧਿਆ ਹੈ ਕਿ ਕੁਝ ਧਾਰਮਿਕ-ਸਮਾਜਕ ਕਾਰਨਾਂ ਕਰਕੇ ਦੀਵਾਲੀ ਦੋ ਦਿਨ ਚਲਦੀ ਰਹੀ। ਕੁਝ ਲੋਕਾਂ ਨੇ ਦੀਵਾਲੀ 31 ਅਕਤੂਬਰ ਨੂੰ ਮਨਾਈ ਅਤੇ ਹੋਰਾਂ ਨੇ ਪਹਿਲੀ ਨਵੰਬਰ ਨੂੰ।
31 ਅਕਤੂਬਰ ਅਤੇ ਇੱਕ ਨਵੰਬਰ, ਇੰਦਰਾ ਗਾਂਧੀ ਦੇ ਕਤਲ, ਨਵੰਬਰ 1984 ਦੇ ਦਿੱਲੀ ਅਤੇ ਭਾਰਤ ਦੇ ਹੋਰ ਬਹੁਤ ਸਾਰੇ ਸ਼ਹਿਰਾਂ ਵਿੱਚ ਹੋਏ ਸਿੱਖ ਵਿਰੋਧੀ ਦੰਗਿਆਂ ਲਈ ਵੀ ਜਾਣੇ ਜਾਂਦੇ ਹਨ। ਇਸ ਲਈ ਸਿੱਖ ਭਾਈਚਾਰੇ ਦੇ ਧਾਰਮਿਕ-ਸਿਆਸੀ ਆਗੂਆਂ ਅਤੇ ਆਮ ਲੋਕਾਂ ਵਿੱਚ ਵੀ ਇਸ ਵਾਰ ਦੀਵਾਲੀ ਦਾ ਤਿਉਹਾਰ ਮਨਾਉਣ ਸੰਬੰਧੀ ਭੰਬਲਭੂਸਾ ਵੇਖਣ ਨੂੰ ਮਿਲਿਆ। ਫਿਰ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਇਸ ਭੰਬਲਭੂਸੇ ਨੂੰ ਸਪਸ਼ਟ ਦਿਸ਼ਾ ਨਿਰਦੇਸ਼ਾਂ ਨਾਲ ਮੱਧਮ ਕਰਨ ਦਾ ਯਤਨ ਕੀਤਾ। ਉਨ੍ਹਾਂ ਸਿੱਖਾਂ ਨੂੰ ਦੀਵਾਲੀ ਦਾ ਤਿਉਹਾਰ ਇੱਕ ਨਵੰਬਰ ਨੂੰ ਮਨਾਉਣ ਦਾ ਸੱਦਾ ਦਿੱਤਾ ਅਤੇ ਇਸ ਦਿਨ ਬਿਜਲਈ ਰੌਸ਼ਨੀਆਂ ਨਾਲ ਸਜਾਵਟ ਦੀ ਥਾਂ ਘਿਉ ਦੇ ਦੀਵੇ ਬਾਲਣ ਦਾ ਸੱਦਾ ਦਿੱਤਾ ਗਿਆ।
ਹਿੰਦੂ ਭਾਈਚਾਰੇ ਵੱਲੋਂ ਦੀਵਾਲੀ ਦਾ ਤਿਉਹਾਰ ਮੁੱਖ ਤੌਰ ‘ਤੇ 31 ਅਕਤੂਬਰ ਵਾਲੇ ਦਿਨ ਮਨਾਇਆ ਗਿਆ; ਪਰ ਜਨਤਕ ਪੱਧਰ ‘ਤੇ ਦੀਵਾਲੀ ਦੀ ਅਸਲ ਤਾਰੀਖ ਬਾਰੇ ਰਹੀ ਸ਼ਸ਼ੋਪੰਜ ਕਾਰਨ ਬਹੁਤੇ ਲੋਕਾਂ ਵੱਲੋਂ ਇਹ ਦੋਨੋ ਦਿਨ ਮਨਾਈ ਜਾਂਦੀ ਰਹੀ। ਖਾਸ ਕਰਕੇ ਬੱਚਿਆਂ ਨੇ ਇਸ ਨੂੰ ਇੱਕ ਦਿਨ ਦੀ ਥਾਂ ਦੋ ਦਿਨ ਦੇ ਤਿਉਹਾਰ ਵਿੱਚ ਤਬਦੀਲ ਕਰ ਲਿਆ। ਇਸ ਦਾ ਸਿੱਟਾ ਇਹ ਨਿਕਲਿਆ ਕਿ ਲੋਕਾਂ ਵੱਲੋਂ ਦੋਨੋ ਦਿਨ ਰੱਜ ਕੇ ਪਟਾਕੇਬਾਜ਼ੀ ਕੀਤੀ ਗਈ, ਜਿਸ ਕਾਰਨ ਪਿਛਲੇ ਵਰ੍ਹੇ ਨਾਲੋਂ ਇਸ ਸਾਲ ਦੀਵਾਲੀ ਨੂੰ ਦੁਗਣਾ ਹਵਾ ਪ੍ਰਦੂਸ਼ਣ ਅਗਲੇ ਦਿਨਾਂ ਵਿੱਚ ਵੇਖਣ ਨੂੰ ਮਿਲਿਆ। ਦੀਵਾਲੀ ਤੋਂ ਇੱਕ ਦਿਨ ਬਾਅਦ 2 ਨਵੰਬਰ ਨੂੰ ਅੰਮ੍ਰਿਤਸਰ ਦਾ ਏਅਰ ਕੁਆਲਟੀ ਇੰਡੈਕਸ 401 ਪਾਇਆ ਗਿਆ। ਬਠਿੰਡਾ ਦਾ ਏਅਰ ਕੁਆਲਟੀ ਇਨਡੈਕਸ 368, ਲੁਧਿਆਣਾ ਦਾ 339, ਪਟਿਆਲਾ ਦਾ 264, ਮੰਡੀ ਗੋਬਿੰਦਗੜ੍ਹ ਦਾ 203, ਖੰਨਾ ਦਾ 198 ਅਤੇ ਜਲੰਧਰ 164 ਨੋਟ ਕੀਤਾ ਗਿਆ।
ਇਸ ਤੱਥ ਦੇ ਬਾਵਜੂਦ ਕਿ ਪਿਛਲੇ ਵਰ੍ਹੇ ਦੇ ਮੁਕਾਬਲੇ ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦਾ ਵਰਤਾਰਾ ਤਕਰੀਬਨ ਅੱਧਾ ਰਹਿ ਗਿਆ ਹੈ, ਤਾਂ ਵੀ ਹਵਾ ਪ੍ਰਦੂਸ਼ਣ ਦਾ ਪੱਧਰ ਪਿਛਲੇ ਸਾਲਾਂ ਜਿੰਨਾ ਹੀ ਵੇਖਣ ਨੂੰ ਮਿਲਿਆ। ਇਸ ਦਰਮਿਆਨ ਹਰਿਆਣਾ ਅਤੇ ਦਿੱਲੀ ਵਿੱਚ ਵੀ ਹਵਾ ਪ੍ਰਦੂਸ਼ਣ ਦੇ ਵਧਣ ਦੀਆਂ ਖ਼ਬਰਾਂ ਮਿਲੀਆਂ ਹਨ। ਪਰਾਲੀ ਨੂੰ ਲੱਗਣ ਵਾਲੀ ਅੱਗ ਦੇ ਘਟਣ ਨਾਲ ਇਹ ਵੀ ਸਾਫ ਹੋ ਗਿਆ ਹੈ ਕਿ ਦਿੱਲੀ ਐਨ.ਸੀ.ਆਰ. ਵਿੱਚ ਅਕਤੂਬਰ-ਨਵੰਬਰ ਦੇ ਮਹੀਨੇ ਵਿੱਚ ਵਧਣ ਵਾਲੇ ਪ੍ਰਦੂਸ਼ਣ ਦਾ ਸੰਬੰਧ ਨਿਰਾ ਪੰਜਾਬ-ਹਰਿਆਣਾ ਵਿੱਚ ਪਰਾਲੀ ਨੂੰ ਲਗਾਈ ਜਾਣ ਵਾਲੀ ਅੱਗ ਨਾਲ ਹੀ ਸੰਬੰਧਤ ਨਹੀਂ ਹੈ, ਇਸ ਦੇ ਹੋਰ ਵੀ ਕਾਰਨ ਹਨ। ਪਟਾਕੇਬਾਜ਼ੀ, ਸਨਅਤੀ ਸੈਕਟਰ ਅਤੇ ਵਾਹਨਾਂ ਦੁਆਰਾ ਕੀਤਾ ਜਾਣਾ ਵਾਲਾ ਪ੍ਰਦੂਸ਼ਣ ਵੀ ਦਿੱਲੀ ਦੀ ਹਵਾ ਨੂੰ ਬਦਤਰ ਬਣਾਉਂਦਾ ਹੈ।
ਸਰਕਾਰੀ ਅਤੇ ਪ੍ਰਾਈਵੇਟ ਸੋਮਿਆਂ ਤੋਂ ਇਕੱਤਰ ਕੀਤੇ ਗਏ ਅੰਕੜੇ ਦਰਸਾਉਂਦੇ ਹਨ ਕਿ 2 ਨਵੰਬਰ ਤੱਕ ਪੰਜਾਬ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਬਹੁਤ ਘੱਟ ਖੇਤਾਂ ਨੂੰ ਅੱਗ ਲੱਗੀ ਹੈ। ਨਾਸਾ ਦੇ ਵੀ.ਆਈ.ਆਈ.ਆਰ.ਐਸ. ਸੈਟੇਲਾਈਟ ਸਿਸਟਮ ਦੁਆਰਾ ਇਕੱਤਰ ਕੀਤੇ ਗਏ ਅੰਕੜਿਆਂ ਮੁਤਾਬਕ, ਪਿਛਲੇ ਵਰ੍ਹੇ 15 ਸਤੰਬਰ ਤੋਂ 2 ਨਵੰਬਰ ਤੱਕ ਪਰਾਲੀ ਨੂੰ ਅੱਗ ਲਗਾਉਣ ਦੀਆਂ ਕੁੱਲ 11262 ਘਟਨਾਵਾਂ ਵਾਪਰੀਆਂ ਸਨ, ਜਦੋਂਕਿ ਇਸ ਵਾਰ 3916 ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ। ਇੱਕ ਅਕਤੂਬਰ ਤੋਂ 2 ਨਵੰਬਰ ਤੱਕ ਪਿਛਲੇ ਵਰ੍ਹੇ ਪੰਜਾਬ ਵਿੱਚ 8586 ਘਟਨਾਵਾਂ ਵਾਪਰੀਆਂ ਸਨ, ਜਦੋਂਕਿ ਇਸ ਵਾਰ ਸਿਰਫ 3570 ਘਟਨਾਵਾਂ ਅੱਗ ਲਾਉਣ ਦੀਆਂ ਵਾਪਰੀਆਂ ਹਨ। ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਚਿਊਟਸ ਬੁਲਿਟਨ ਵੱਲੋਂ ਛਾਇਆ ਕੀਤੇ ਗਏ ਅੰਕੜਿਆਂ ਅਨੁਸਾਰ ਇਸ ਸਾਲ ਉਪਰੋਕਤ ਨਾਲੋਂ ਵੀ ਘੱਟ ਥਾਵਾਂ ‘ਤੇ ਅੱਗ ਲੱਗਣ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ ਹਨ। ਇਸ ਸੰਸਥਾ ਅਨੁਸਾਰ ਪਿਛਲੇ ਵਰ੍ਹੇ 15 ਸਤੰਬਰ ਤੋਂ ਇੱਕ ਨਵੰਬਰ ਤੱਕ ਪੰਜਾਬ ਦੇ ਖੇਤਾਂ ਵਿੱਚ 9594 ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਸਨ, ਜਦੋਂ ਕਿ ਇਸੇ ਸਮੇਂ ਦੌਰਾਨ ਇਸ ਵਰ੍ਹੇ ਇਹ ਅੰਕੜਾ 3537 ਹੈ।
ਉਂਝ ਇਸ ਸੰਦਰਭ ਵਿੱਚ ਇਹ ਵੀ ਨੋਟ ਕੀਤਾ ਜਾ ਰਿਹਾ ਹੈ ਕਿ ਮੰਡੀਆਂ ਵਿੱਚ ਫਸਲ ਦੀ ਵਿਕਰੀ ਅਤੇ ਚੁਕਾਈ ਲੇਟ ਹੋਣ ਕਾਰਨ ਅਗਲੇ ਦਿਨਾਂ ਵਿੱਚ ਪੰਜਾਬ ਵਿੱਚ ਅੱਗ ਲਗਾਉਣ ਦੀਆਂ ਘਟਨਾਵਾਂ ਵਧ ਸਕਦੀਆਂ ਹਨ। ਯਾਦ ਰਹੇ, ਹੁਣ ਤੱਕ ਕੁੱਲ 3.2 ਮਿਲੀਅਨ ਹੈਕਟਰ ਝੋਨੇ ਦਾ ਸਿਰਫ ਹਾਲੇ 52 ਫੀਸਦੀ ਕੱਟਿਆ ਗਿਆ ਹੈ। ਜਾਣਕਾਰਾਂ ਅਨੁਸਾਰ ਪਿਛਲੇ ਸਾਲ ਵੀ ਫਸਲ ਦੀ ਕਟਾਈ ਦੇ ਆਖਰੀ ਗੇੜ ਵਿੱਚ ਆਣ ਕੇ ਹੀ ਖੇਤਾਂ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਵਧੀਆਂ ਸਨ। 14-16 ਨਵੰਬਰ ਦਰਮਿਆਨ ਪੰਜਾਬ ਵਿੱਚ ਪਿਛਲੇ ਸਾਲ ਰੋਜ਼ਾਨਾ 1700 ਖੇਤਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਸਨ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਆਦਰਸ਼ ਪਾਲ ਵਿੱਜ ਅਨੁਸਾਰ ਪੰਜਾਬ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਦੇ ਘਟਣ ਦਾ ਕਾਰਨ ਇਸ ਵਾਰ ਪੰਜਾਬ ਸਰਕਾਰ ਦੇ ਸਿਵਲ ਅਤੇ ਪੁਲਿਸ ਅਧਿਕਾਰੀਆਂ ਵੱਲੋਂ ਮਿਲ ਕੇ ਵਿਆਪਕ ਪੱਧਰ ‘ਤੇ ਕੀਤੀ ਗਈ ਮੈਨੇਜਮੈਂਟ ਦਾ ਸਿੱਟਾ ਹੈ। ਕਿਸਾਨਾਂ ਨੇ ਵੀ ਇਸ ਵਿੱਚ ਵੱਡੀ ਪੱਧਰ ‘ਤੇ ਸਹਿਯੋਗ ਕੀਤਾ ਹੈ।
ਇਸ ਸੰਬੰਧ ਵਿੱਚ ਆਪਣੇ ਇੱਕ ਪ੍ਰਤੀਕਰਮ ਵਿੱਚ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜਨਰਲ ਸਕੱਤਰ ਜਗਮੋਹਨ ਸਿੰਘ ਨੇ ਦੱਸਿਆ ਕਿ ਬਿਨਾ ਸ਼ੱਕ ਪਰਾਲੀ ਨੂੰ ਮੈਨੇਜ ਕਰਨ ਲਈ ਸਰਕਾਰ ਅਤੇ ਖੇਤੀਬਾੜੀ ਵਿਭਾਗ ਵੱਲੋਂ ਹੋਰ ਜ਼ਿਆਦਾ ਯਤਨ ਕੀਤੇ ਜਾਣ ਦੀ ਲੋੜ ਹੈ, ਫਿਰ ਵੀ ਕਿਸਾਨਾਂ ਨੇ ਅੱਗ ਲਾਉਣ ਤੋਂ ਗੁਰੇਜ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਦੀ ਕੋਈ ਮਦਦ ਨਹੀਂ ਕਰ ਰਹੀ, ਸਗੋਂ ਉਨ੍ਹਾਂ ਨੂੰ ਸਜ਼ਾ ਦੇ ਭਾਗੀ ਬਣਾਇਆ ਜਾ ਰਿਹਾ ਹੈ ਅਤੇ ਕਿਸਾਨਾਂ ਖਿਲਾਫ ਕੇਸ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਦੇ ਜ਼ਮੀਨੀ ਰਿਕਾਰਡ ਵਿੱਚ ਰੈਡ ਐਂਟਰੀਆਂ ਪਾਈਆਂ ਜਾ ਰਹੀਆਂ ਹਨ। ਯਾਦ ਰਹੇ, ਰਾਜ ਸਰਕਾਰ ਵੱਲੋਂ ਪਰਾਲੀ ਨੂੰ ਅੱਗ ਲੱਗਣ ਤੋਂ ਰੋਕਣ ਲਈ ਇਸ ਸਾਲ 9492 ਫੀਲਡ ਵਰਕਰ ਨਿਯੁਕਤ ਕੀਤੇ ਸਨ। ਇਸ ਤੋਂ ਇਲਾਵਾ 1389 ਕਲਸਟਰ ਅਫਸਰ, 4965 ਨੋਡਲ ਅਫਸਰ ਨਿਯੁਕਤ ਕੀਤੇ ਗਏ ਸਨ। ਇਨ੍ਹਾਂ ਵੱਲੋਂ 31 ਅਕਤੂਬਰ ਤੱਕ 1267 ਅੱਗ ਲੱਗਣ ਦੇ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ, ਜਿਨ੍ਹਾਂ ਨੂੰ 33.20 ਲੱਖ ਦਾ ਜ਼ੁਰਮਾਨਾ ਕੀਤਾ ਗਿਆ ਹੈ। ਉਂਝ ਇਹ ਤੱਥ ਵੀ ਸਾਹਮਣੇ ਆ ਰਹੇ ਹਨ ਕਿ ਮਾਝੇ ਅਤੇ ਦੁਆਬੇ ਵਿੱਚ ਫਸਲ ਲਗਪਗ ਕਿਉਂਟੀ ਜਾਣ ਦੇ ਕਰੀਬ ਹੈ, ਜਦਕਿ ਮਾਲਵੇ ਵਿੱਚ ਫਸਲ ਕੱਟੇ ਜਾਣ ਦਾ ਅਮਲ ਹਾਲੇ ਵੀ ਸੁਸਤ ਹੈ।
ਵਧ ਰਹੇ ਹਵਾ ਪ੍ਰਦੂਸ਼ਣ ਕਾਰਨ ਪੰਜਾਬ ਵਿੱਚ ਹਵਾਈ ਆਵਾਜਾਈ ਵੀ ਪ੍ਰਭਾਵਤ ਹੋਈ ਹੈ। 2 ਨਵੰਬਰ ਨੂੰ ਸਵੇਰ ਵੇਲੇ ਗਾੜ੍ਹੀ ਧੁੰਦ (ਸਮੋਗ) ਕਾਰਨ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰਨ ਵਾਲੀਆਂ ਤਿੰਨ ਉਡਾਣਾਂ ਨੂੰ ਚੰਡੀਗੜ੍ਹ ਹਵਾਈ ਅੱਡੇ ਵੱਲ ਮੋੜਨਾ ਪਿਆ। ਯਾਤਰੀਆਂ ਨੂੰ ਇਸ ਦੀ ਜਾਣਕਾਰੀ ਚੰਡੀਗੜ੍ਹ ਪਹੁੰਚ ਕੇ ਮਿਲੀ। ਇਸ ਦਿਨ ਹਵਾਈ ਅੱਡੇ ਨੇੜੇ ਏਅਰ ਕੁਅਲਟੀ ਇਨਡੈਕਸ 400 ਨੂੰ ਪਾਰ ਕਰ ਗਿਆ ਸੀ।