ਸੰਸਾਰ ਨੂੰ ਭਾਰਤ ਦੀ ਅਨਮੋਲ ਦੇਣ ਹੈ ‘ਆਯੁਰਵੇਦ’

ਆਮ-ਖਾਸ

‘ਕੌਮੀ ਆਯੁਰਵੇਦ ਦਿਵਸ’ ’ਤੇ
ਪੀ.ਐਸ. ਬਟਾਲਾ
ਬਹੁਧਰਮੀ ਤੇ ਬਹੁਭਾਸ਼ੀ ਦੇਸ਼ ਹੋਣ ਦੇ ਨਾਲ-ਨਾਲ ਪ੍ਰਾਚੀਨ ਅਤੇ ਅਮੀਰ ਵਿਰਾਸਤ ਤੇ ਸੁਘੜ ਸੱਭਿਆਚਾਰ ਦਾ ਧਾਰਨੀ ਹੋਣ ਕਰਕੇ ਭਾਰਤ, ਇਸ ਸੰਸਾਰ ਦਾ ਇੱਕ ਅਤਿਅੰਤ ਮਹੱਤਵਪੂਰਨ ਮੁਲਕ ਹੈ। ਇਸ ਮੁਲਕ ਨੇ ਸੰਸਾਰ ਨੂੰ ਸਾਹਿਤ, ਸੰਗੀਤ, ਨ੍ਰਿਤ, ਵਿਗਿਆਨ, ਗਣਿਤ, ਅਰਥ ਸ਼ਾਸ਼ਤਰ, ਭੂ-ਵਿਗਿਆਨ ਅਤੇ ਜੀਵ ਵਿਗਿਆਨ ਸਣੇ ਅਨੇਕਾਂ ਹੋਰ ਖੇਤਰਾਂ ਵਿੱਚ ਨਵੀਆਂ ਅਤੇ ਮੁੱਲਵਾਨ ਖੋਜਾਂ ਭੇਟ ਕਰਨ ਦੇ ਨਾਲ-ਨਾਲ ਅਜਿਹੇ ਗ੍ਰੰਥ ਵੀ ਪ੍ਰਦਾਨ ਕੀਤੇ ਹਨ, ਜੋ ਅਮੁੱਲ ਅਤੇ ਅਮੁੱਕ ਗਿਆਨ ਦੇ ਭੰਡਾਰ ਹਨ। ਪਰਮਾਰਥ ਅਤੇ ਸਿਹਤ ਵਿਗਿਆਨ ਦੇ ਪੱਖ ਤੋਂ ਭਾਰਤ ਦੇ ਸਭ ਤੋਂ ਪ੍ਰਾਚੀਨ ਮੰਨੇ ਜਾਂਦੇ ਚਾਰ ਵੇਦ: ‘ਰਿਗਵੇਦ’, ‘ਸਾਮਵੇਦ’, ‘ਯਜੁਰਵੇਦ’ ਅਤੇ ‘ਅਥਰਵ-ਵੇਦ’ ਤਾਂ ਸਮੁੱਚੇ ਸੰਸਾਰ ਲਈ ਬੇਸ਼ਕੀਮਤੀ ਗਿਆਨ ਦੇ ਸੋਮੇ ਹਨ।

ਇਨ੍ਹਾਂ ਵੇਦਾਂ ਵਿੱਚ ਵਿਸ਼ੇਸ਼ ਮਹੱਤਵ ਰੱਖਣ ਵਾਲੇ ‘ਅਥਰਵ-ਵੇਦ’ ਦਾ ਇੱਕ ਅਤਿ ਮਹੱਤਵਪੂਰਨ ਉਪ ਭਾਗ ਜਾਂ ਉਪਵੇਦ ਹੈ, ‘ਆਯੁਰਵੇਦ’ ਜੋ ਸਿਰਫ ਭਾਰਤ ਦੇ 140 ਕਰੋੜ ਵਾਸੀਆਂ ਲਈ ਹੀ ਨਹੀਂ, ਸਗੋਂ ਸਮੂਹ ਸੰਸਾਰ ਵਾਸੀਆਂ ਨੂੰ ਨਿਰੋਗ ਅਤੇ ਅਰੋਗ ਰੱਖਣ ਲਈ ਵੱਖ-ਵੱਖ ਤਰ੍ਹਾਂ ਦੇ ਵਿਧੀ-ਵਿਧਾਨ ਅਤੇ ਕੁਦਰਤ ਵੱਲੋਂ ਉਗਾਈਆਂ ਗਈਆਂ ਜੜ੍ਹੀਆਂ-ਬੂਟੀਆਂ ਦੀ ਵਰਤੋਂ ਕਰਨ ਦਾ ਗਿਆਨ ਪ੍ਰਦਾਨ ਕਰਦਾ ਹੈ। ਇਸ ਗ੍ਰੰਥ ਦੀ ਰਚਨਾ ਅਚਾਰੀਆ ਅਗਨੀਵੇਸ਼, ਅਚਾਰੀਆ ਚਰਕ ਅਤੇ ਅਚਾਰੀਆ ਦ੍ਰਿੜਬਲ ਦੁਆਰਾ ਵੱਖ-ਵੱਖ ਕਾਲਖੰਡਾਂ ਦੌਰਾਨ ਕੀਤੀ ਗਈ ਮੰਨੀ ਜਾਂਦੀ ਹੈ। ਸੰਸਕ੍ਰਿਤ ਭਾਸ਼ਾ ਵਿੱਚ ਰਚੇ ਗਏ ਇਸ ਮਹਾਨ ਗ੍ਰੰਥ ਦੀ ਰਚਨਾ ਅੱਜ ਤੋਂ ਪੰਜ ਹਜ਼ਾਰ ਸਾਲ ਪਹਿਲਾਂ ਹੋਈ ਮੰਨੀ ਜਾਂਦੀ ਹੈ।
29 ਅਕਤੂਬਰ ਨੂੰ ਭਾਰਤ ਹੀ ਨਹੀਂ ਸਗੋਂ ਵਿਸ਼ਵ ਵਿੱਚ ਭਾਰਤ ਦਾ ‘ਕੌਮੀ ਆਯੁਰਵੇਦ ਦਿਵਸ’ ਮਨਾਇਆ ਜਾਂਦਾ ਹੈ। ਇਸ ਵਾਰ ਇਹ ਦਿਵਸ ਦੁਨੀਆਂ ਦੇ ਸੌ ਤੋਂ ਵੱਧ ਮੁਲਕਾਂ ਵਿੱਚ ਮਨਾਇਆ ਜਾਣਾ ਹੈ। ਇਸ ਦਿਵਸ ਨੂੰ ਮਨਾਏ ਜਾਣ ਦਾ ਅਰੰਭ ਭਾਰਤ ਸਰਕਾਰ ਦੇ ਆਯੁਸ਼ ਮੰਤਰਾਲੇ ਨੇ ਭਾਰਤੀ ਵਿਚਾਰਧਾਰਾ ਵਿੱਚ ਔਸ਼ਧੀਆਂ ਭਾਵ ਦਵਾਈਆਂ ਦੇ ਦੇਵਤਾ ਮੰਨੇ ਜਾਂਦੇ ‘ਭਗਵਾਨ ਸ੍ਰੀ ਧਨਵੰਤਰੀ’ ਦੇ ਜਨਮ ਦਿਨ ਭਾਵ ‘ਧਨਵੰਤਰੀ ਜਯੰਤੀ’ ਦੇ ਮੌਕੇ ਕੀਤੀ ਸੀ। ਹਿੰਦੂ ਧਰਮ ਦੇ ਜਾਣਕਾਰਾਂ ਅਨੁਸਾਰ ਬ੍ਰਹਿਮੰਡ ਪੁਰਾਣ ਅਤੇ ਭਾਗਵਤ ਪੁਰਾਣ ਵਿੱਚ ਸ੍ਰੀ ਧਨਵੰਤਰੀ ਦਾ ਜ਼ਿਕਰ ਸਪੱਸ਼ਟ ਤੌਰ ’ਤੇ ਕੀਤਾ ਗਿਆ ਹੈ। ਇਹ ਕਿਹਾ ਗਿਆ ਹੈ ਕਿ ਦੁਆਪਰ ਯੁਗ ਵਿੱਚ ਧਨਵੰਤਰੀ ਇੱਕ ਮਹਾਨ ਰਾਜਾ ਸੀ, ਜਿਸਨੂੰ ਰਿਸ਼ੀ ਭਾਰਦਵਾਜ ਨੇ ਆਯੁਰਵੇਦ ਦਾ ਗਿਆਨ ਪ੍ਰਦਾਨ ਕੀਤਾ ਸੀ ਅਤੇ ਕੁਦਰਤ ਵਿੱਚੋਂ ਔਸ਼ਧੀਆਂ ਭਾਵ ਦਵਾਈਆਂ ਖੋਜਣ ਲਈ ਪ੍ਰੇਰਿਤ ਕੀਤਾ ਸੀ। ਗੁਰੂ ਦੀ ਪ੍ਰੇਰਨਾ ਸਦਕਾ ਧਨਵੰਤਰੀ ਨੇ ਬੜੀ ਹੀ ਲਗਨ ਅਤੇ ਨਿਸ਼ਠਾ ਨਾਲ ਦਵਾਈਆਂ ਦੇ ਖੇਤਰ ਵਿੱਚ ਅਧਿਐਨ ਅਤੇ ਖੋਜ ਦਾ ਕਾਰਜ ਕੀਤਾ ਸੀ ਤੇ ਮੁਹਾਰਤ ਹਾਸਿਲ ਕੀਤੀ ਸੀ। ਉਹ ਰਾਜਾ ਵੀ ਬਣਿਆ ਸੀ ਤੇ ਉਸਦੀ ਪਰਜਾ ਉਸਨੂੰ ‘ਸਭ ਰੋਗਾਂ ਨੂੰ ਦੂਰ ਕਰਨ ਵਾਲਾ ਦੇਵਤਾ’ ਵੀ ਮੰਨਦੀ ਸੀ।
ਭਾਰਤੀ ਆਯੁਸ਼ ਮੰਤਰਾਲੇ ਵੱਲੋਂ ਸਾਲ 2016 ਵਿੱਚ ‘ਸ੍ਰੀ ਧਨਵੰਤਰੀ ਜੈਅੰਤੀ’ ਮੌਕੇ ਅਰੰਭ ਕੀਤੇ ਗਏ ਇਸ ਦਿਵਸ ਨੂੰ ਮਨਾਉਣ ਦਾ ਮੁੱਖ ਮਕਸਦ ਭਾਰਤ ਦੀ ਆਯੁਰਵੈਦਿਕ ਪ੍ਰਣਾਲੀ ਨੂੰ ਭਾਰਤ ਅੰਦਰ ਅਤੇ ਸੰਸਾਰ ਪੱਧਰ ’ਤੇ ਪ੍ਰਚਾਰਿਤ ਅਤੇ ਪ੍ਰਸਾਰਿਤ ਕਰਨਾ ਹੈ। ਇਹ ਮੰਨਿਆ ਜਾਂਦਾ ਹੈ ਕਿ ਵੱਖ-ਵੱਖ ਰੋਗਾਂ ਦੇ ਇਲਾਜ ਲਈ ਵਰਤੀਆਂ ਜਾਂਦੀਆਂ ਐਲੋਪੈਥਿਕ, ਹੋਮਿਓਪੈਥਿਕ, ਇਲੈਕਟ੍ਰੋਪੈਥਿਕ, ਐਕੂਪ੍ਰੈਸ਼ਰ ਅਤੇ ਹੋਰ ਇਲਾਜ ਪ੍ਰਣਾਲੀਆਂ ਦੇ ਮੁਕਾਬਲੇ ਆਯੁਰਵੈਦਿਕ ਪ੍ਰਣਾਲੀ ਅਸਲ ਵਿੱਚ ਕੁਦਰਤੀ ਇਲਾਜ ਦੇ ਵਧੇਰੇ ਨੇੜੇ ਹੈ ਤੇ ਅਧਿਕ ਕਾਰਗਰ ਹੈ। ਹੈਰਾਨੀਜਨਕ ਤੱਥ ਇਹ ਹੈ ਕਿ ਅੱਜ ਤੋਂ ਪੰਜ ਹਜ਼ਾਰ ਸਾਲ ਪਹਿਲਾਂ ਰਚੇ ਗਏ ਗ੍ਰੰਥ ‘ਆਯੁਰਵੇਦ’ ਵਿੱਚ ਸਾਡੇ ਸਿਰ ਦੇ ਵਾਲਾਂ ਤੋਂ ਲੈ ਕੇ ਪੈਰਾਂ ਦੇ ਨਹੁੰਆਂ ਤੱਕ ਨਾਲ ਸਬੰਧਿਤ ਵੱਖ-ਵੱਖ ਰੋਗਾਂ ਅਤੇ ਅਜੋਕੇ ਦੌਰ ਅੰਦਰ ਅਤਿ ਗੰਭੀਰ ਮੰਨੇ ਜਾਂਦੇ ਡਾਇਬਟੀਜ਼ ਭਾਵ ਸ਼ੂਗਰ ਜਾਂ ਸ਼ੱਕਰ ਰੋਗ, ਬਲੱਡ ਪ੍ਰੈਸ਼ਰ, ਗੰਠੀਆ/ਗਠੀਆ, ਕੈਂਸਰ, ਜਿਗਰ, ਗੁਰਦੇ ਅਤੇ ਦਿਲ ਦੇ ਰੋਗਾਂ ਦੇ ਇਲਾਜ ਦੇ ਤਰੀਕੇ ਵੀ ਸੁਝਾਏ ਗਏ ਹਨ। ਅਜੋਕੇ ਦੌਰ ਦਾ ਇਹ ਵੀ ਇੱਕ ਸੱਚ ਹੈ ਕਿ ਰੋਗਾਂ ਦੇ ਇਲਾਜ ਲਈ ਮੌਜੂਦ ਬਾਕੀ ਸਾਰੀਆਂ ਇਲਾਜ ਪ੍ਰਣਾਲੀਆਂ ਤੋਂ ਨਿਰਾਸ਼ ਹੋ ਚੁੱਕੇ ਮਰੀਜ਼ ਵੀ ਅਖ਼ੀਰ ਆਯੁਰਵੇਦ ਦਾ ਸਹਾਰਾ ਲੈਣ ਵੱਲ ਦਿਲਚਸਪੀ ਵਿਖਾ ਰਹੇ ਹਨ ਤੇ ਆਯੁਰਵੇਦ ਅਤੇ ਭਾਰਤੀ ਯੋਗਾ ਪ੍ਰਣਾਲੀ ਦੁਆਰਾ ਦਿੱਤੇ ਗਏ ਮੁੱਲਵਾਨ ਸੁਝਾਵਾਂ ਅਨੁਸਾਰ ਆਪਣੀ ਜੀਵਨ ਸ਼ੈਲੀ ਨੂੰ ਢਾਲਣ ਲਈ ਯਤਨਸ਼ੀਲ ਹਨ। ਭਾਰਤ ਸਰਕਾਰ ਦੇ ਆਯੁਸ਼ ਮੰਤਰਾਲੇ ਨੇ ਤਾਂ ‘ਹਰੇਕ ਲਈ ਅਤੇ ਹਰ ਰੋਜ਼ ਆਯੁਰਵੇਦ’ ਦਾ ਨਾਅਰਾ ਵੀ ਦਿੱਤਾ ਹੈ। ਸਾਲ 2024 ਲਈ ਮਨਾਏ ਜਾ ਰਹੇ ਇਸ ਦਿਵਸ ਦਾ ਥੀਮ ‘ਵਿਸ਼ਵਵਿਆਪੀ ਸਿਹਤ ਲਈ ਆਯੁਰਵੈਦਿਕ ਖੋਜਾਂ’ ਨਿਰਧਾਰਤ ਕੀਤਾ ਗਿਆ ਹੈ, ਜੋ ਆਯੁਰਵੇਦ ਦੇ ਮਹੱਤਵ ਨੂੰ ਭਾਰਤ ਜਾਂ ਏਸ਼ੀਆ ਦੇ ਖਿੱਤੇ ’ਚੋਂ ਬਾਹਰ ਲਿਜਾ ਕੇ ਵਿਸ਼ਵ ਮੰਚ ’ਤੇ ਸਥਾਪਿਤ ਕਰਨ ਦੀ ਗੱਲ ਕਰਦਾ ਹੈ।
ਦਰਅਸਲ ਆਯੁਰਵੇਦ ਦੀ ਵਿਸ਼ੇਸ਼ਤਾ ਇਸ ਤੱਥ ਵਿੱਚ ਹੈ ਕਿ ਇਹ ਰੋਗਾਂ ਦੇ ਇਲਾਜ ਨਾਲੋਂ ਵੱਧ ਰੋਗਾਂ ਤੋਂ ਬਚਣ ’ਤੇ ਵੱਧ ਜ਼ੋਰ ਦਿੰਦਾ ਹੈ। ਇਹ ਅਜਿਹੀ ਜੀਵਨ ਸ਼ੈਲੀ, ਭੋਜਨ, ਪਾਣੀ ਅਤੇ ਸਰੀਰਕ ਕਿਰਿਆਵਾਂ ਨੂੰ ਵੱਧ ਮਹੱਤਤਾ ਦਿੰਦਾ ਹੈ, ਜੋ ਸਾਨੂੰ ਅਰੋਗ ਰਹਿਣ ਵਿੱਚ ਮਦਦ ਕਰਦੇ ਹਨ। ਇਸਦੀ ਮੁੱਖ ਵਿਸ਼ੇਸ਼ਤਾ ਇਹ ਵੀ ਹੈ ਕਿ ਇਹ ਸਰੀਰ, ਮਨ ਅਤੇ ਆਤਮਾ ਨੂੰ ਇੱਕ ਲੜੀ ਵਿੱਚ ਪਰੋਏ ਹੋਏ ਮੰਨਦਾ ਹੈ ਤੇ ਇਹ ਵਿਸ਼ਵਾਸ ਕਰਦਾ ਹੈ ਕਿ ਜੇ ਕਿਸੇ ਮਨੁੱਖ ਅੰਦਰ ਇਨ੍ਹਾਂ ਤਿੰਨਾਂ ਦਰਮਿਆਨ ਸੰਤੁਲਨ ਕਾਇਮ ਹੈ ਤਾਂ ਉਹ ਮਨੁੱਖ ਸਚਮੁੱਚ ਹੀ ਇੱਕ ‘ਸਿਹਤਮੰਦ’ ਮਨੁੱਖ ਹੈ; ਵਰਨਾ ਬਾਕੀ ਸਭ ‘ਰੋਗੀ’ ਹਨ ਭਾਵ ‘ਬਿਮਾਰ’ ਹਨ।
ਆਯੁਰਵੇਦ ਮੰਨਦਾ ਹੈ ਕਿ ਮਨੁੱਖੀ ਦੇਹ ਅਸਲ ਵਿੱਚ ਤਿੰਨ ਮਹੱਤਵਪੂਰਨ ਤੱਤਾਂ ‘ਧਾਤੂ’, ‘ਮਲ’ ਅਤੇ ‘ਦੋਸ਼’ ਦਾ ਸੰਗਮ ਹੈ। ਸਾਡੇ ਸਰੀਰ ਅੰਦਰ ਲਹੂ, ਹੱਡੀ, ਮਾਸ ਅਤੇ ਸ਼ੁਕਰਾਣੂ ਸਮੇਤ ਸੱਤ ਧਾਤੂਆਂ ਦਾ ਵਾਸ ਮੰਨਣ ਵਾਲਾ ਆਯੁਰਵੇਦ ਵੱਖ-ਵੱਖ ਰੋਗਾਂ ਦੀ ਜਾਂਚ ਲਈ ਅੱਠ ਚੀਜ਼ਾਂ ਨੂੰ ਪਰਖਣ ਦੀ ਗੱਲ ਕਰਦਾ ਹੈ, ਜਿਨ੍ਹਾਂ ਵਿੱਚ ‘ਨਾੜੀ’, ‘ਜ਼ੁਬਾਨ’, ‘ਨਜ਼ਰ’, ‘ਸਪਰਸ਼’ ਭਾਵ ਛੂਹਣਾ, ‘ਮੂਤਰ’, ‘ਮਲ’ ਅਤੇ ‘ਜ਼ੁਬਾਨ’ ਦੀ ਜਾਂਚ ਕਰਨਾ ਸ਼ਾਮਿਲ ਹੈ ਤੇ ਰੋਗਾਂ ਦੀ ਜਾਂਚ ਦੇ ਲਗਪਗ ਇਹੋ ਤਰੀਕੇ ਆਧੁਨਿਕ ਸਿਹਤ ਸੰਸਥਾਵਾਂ ਵੀ ਕਰ ਰਹੀਆਂ ਹਨ, ਜਦੋਂ ਕਿ ਆਯੁਰਵੇਦ ਦੀਆਂ ਇਹ ਗੱਲਾਂ ਪੰਜ ਹਜ਼ਾਰ ਸਾਲ ਪਹਿਲਾਂ ਦੀਆਂ ਰਚੀਆਂ ਹੋਈਆਂ ਹਨ।
ਵੱਖ-ਵੱਖ ਸਾਧ ਅਤੇ ਅਸਾਧ ਰੋਗਾਂ ਲਈ ਆਯੁਰਵੈਦਿਕ ਦਵਾਈਆਂ ਦੀ ਵਰਤੋਂ ਦਾ ਰੁਝਾਨ ਸੰਸਾਰ ਪੱਧਰ ’ਤੇ ਹੋ ਰਿਹਾ ਹੈ। ਆਯੁਰਵੈਦਿਕ ਉਤਪਾਦਾਂ ਦੇ ਕਾਰੋਬਾਰ ਨਾਲ ਜੁੜੀਆਂ ਸਮੂਹ ਭਾਰਤੀ ਕੰਪਨੀਆਂ ਦੇ ਯਤਨਾਂ ਸਦਕਾ ਸਾਲ 2014 ਤੋਂ ਲੈ ਕੇ ਹੁਣ ਤੱਕ ਆਯੁਰਵੈਦਿਕ ਉਤਪਾਦਾਂ ਦਾ ਕਾਰੋਬਾਰ ਹਰ ਸਾਲ ਲਗਪਗ 17 ਫ਼ੀਸਦੀ ਵਾਧਾ ਦਰ ਨਾਲ ਅੱਗੇ ਵਧ ਰਿਹਾ ਹੈ। ਆਯੁਰਵੈਦਿਕ ਕੰਪਨੀਆਂ ਦੁਆਰਾ ਵੇਚੇ ਜਾ ਰਹੇ ਉਤਪਾਦਾਂ ਦਾ ਮਾਰਕੀਟ ਸਾਈਜ਼ ਭਾਵ ਸਾਲਾਨਾ ਕਾਰੋਬਾਰ ਸਾਲ 2020 ਵਿੱਚ 1,50,000 ਕਰੋੜ ਰੁਪਏ ਸੀ, ਜਿਸਨੂੰ ਸਾਲ 2022 ਤੱਕ 1,90,000 ਕਰੋੜ ਰੁਪਏ ਤੱਕ ਲੈ ਕੇ ਜਾਣ ਦਾ ਟੀਚਾ ਮਿੱਥਿਆ ਗਿਆ ਸੀ, ਜਿਸ ਵਿੱਚ ਪੰਜ ਬਿਲੀਅਨ ਡਾਲਰ ਦਾ ਆਯੁਰਵੈਦਿਕ ਉਤਪਾਦਾਂ ਦਾ ਨਿਰਯਾਤ ਵੀ ਸ਼ਾਮਿਲ ਸੀ। ਹੁਣ ਸਾਲ 2024 ਤੋਂ 2032 ਤੱਕ ਇਸ ਕਾਰੋਬਾਰ ਨੂੰ ਸਲਾਨਾ 15.10 ਫ਼ੀਸਦੀ ਸਾਲਾਨਾ ਵਾਧਾ ਦਰ ਨਾਲ ਅੱਗੇ ਵਧਾਉਣ ਦੀ ਯੋਜਨਾਬੰਦੀ ਕੀਤੀ ਗਈ ਹੈ।
ਇੱਥੇ ਜ਼ਿਕਰਯੋਗ ਹੈ ਕਿ ਆਯੁਰਵੈਦਿਕ ਉਤਪਾਦਾਂ ਵਿੱਚ ਆਯੁਰਵੈਦਿਕ ਦਵਾਈਆਂ ਦੇ ਨਾਲ-ਨਾਲ ਸਰੀਰਕ ਸੁੰਦਰਤਾ, ਸੁਡੌਲਤਾ ਅਤੇ ਸ਼ਕਤੀਵਰਧਕ ਉਤਪਾਦਾਂ ਦਾ ਨਿਰਮਾਣ ਵੀ ਸ਼ਾਮਿਲ ਹੈ ਤੇ ਇਨ੍ਹਾਂ ਉਤਪਾਦਾਂ ਦਾ ਕੌਮੀ ਅਤੇ ਕੌਮਾਂਤਰੀ ਬਾਜ਼ਾਰ ਵਿੱਚ ਪ੍ਰਚਾਰ ਤੇ ਪ੍ਰਸਾਰ ਨਿਰੰਤਰ ਛਾਲਾਂ ਮਾਰ-ਮਾਰ ਕੇ ਅੱਗੇ ਵਧ ਰਿਹਾ ਹੈ। ਇਸਦੇ ਨਾਲ ਹੀ ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਸਾਲ 2016-17 ਦਾ ‘ਕੌਮੀ ਆਯੁਰਵੈਦਿਕ ਦਿਵਸ’ ਮਨਾਉਂਦਿਆਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਆਲ ਇੰਡੀਆ ਇੰਸਟੀਚਿਊਟ ਆੱਫ਼ ਆਯੁਰਵੇਦ’ ਦਾ ਉਦਘਾਟਨ ਵੀ ਕੀਤਾ ਸੀ ਤੇ ਆਮ ਲੋਕਾਂ ਅੰਦਰ ਆਯੁਰਵੇਦ ਪ੍ਰਤੀ ਚੇਤਨਤਾ ਪੈਦਾ ਕਰਨ ਖ਼ਾਤਿਰ ਭਾਰਤੀ ਆਯੁਸ਼ ਮੰਤਰਾਲੇ ਨੇ ਸਾਲ 2022 ਵਿੱਚ ‘ਹਰ ਦਿਨ, ਹਰ ਘਰ ਆਯੁਰਵੇਦ’ ਸਿਰਲੇਖ ਹੇਠ ਇੱਕ ਰੌਚਿਕ ਪ੍ਰਸ਼ਨੋਤਰੀ ਵੀ ਸ਼ੁਰੂ ਕੀਤੀ ਸੀ।

Leave a Reply

Your email address will not be published. Required fields are marked *