*ਤਿੰਨ ਪਾਰਟੀਆਂ ਨੇ ਉਮੀਦਵਾਰ ਐਲਾਨੇ; ਅਕਾਲੀ ਦਲ ਸ਼ਸ਼ੋਪੰਜ ਵਿੱਚ
ਜਸਵੀਰ ਸਿੰਘ ਮਾਂਗਟ
ਪੰਜਾਬ ਵਿੱਚ ਜ਼ਿਮਨੀ ਚੋਣਾਂ ਦਾ ਅਖਾੜਾ ਮਘਣ ਲੱਗਾ ਹੈ। ਗਿੱਦੜਬਾਹਾ, ਬਰਨਾਲਾ, ਚੱਬੇਵਾਲ ਅਤੇ ਡੇਹਰਾ ਬਾਬਾ ਨਾਨਕ ਤੋਂ ਕਾਂਗਰਸ, ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਨੇ ਤਕਰੀਬਨ-ਤਕਰੀਬਨ ਆਪਣੇ ਸਾਰੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ, ਜਦਕਿ ਅਕਾਲੀ ਦਲ ਹਾਲੇ ਵੀ ਸ਼ਸ਼ੋਪੰਜ ਵਿੱਚ ਹੈ।
ਆਪਣੇ ਰਾਜ-ਭਾਗ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇ-ਹੁਰਮਤੀ ਅਤੇ ਫਿਰ ਇਸ ਖਿਲਾਫ ਰੋਸ ਪ੍ਰਗਟ ਕਰਦੇ ਲੋਕਾਂ ਦਾ ਗੋਲੀ ਨਾਲ ਮਾਰੇ ਜਾਣਾ ਅਤੇ ਕਈ ਹੋਰ ਕਾਰਵਾਈਆਂ, ਜਿਨ੍ਹਾਂ ਨੇ ਪੰਥਕ ਹਿੱਤਾਂ ਨੂੰ ਨੁਕਸਾਨ ਪਹੁੰਚਾਇਆ, ਕਾਰਨ ਸੁਖਬੀਰ ਸਿੰਘ ਬਾਦਲ ਨੂੰ ਅਕਾਲ ਤਖਤ ਸਾਹਿਬ ਵੱਲੋਂ ਤਨਖਾਹੀਆ ਕਰਾਰ ਦਿੱਤਾ ਗਿਆ ਹੈ।
ਇਸ ਕਾਰਨ ਉਹ ਆਮ ਸਿੱਖ ਸੰਗਤ ਵਿੱਚ ਵਿਚਰ ਨਹੀਂ ਸਕਦੇ। ਇਸ ਦੇ ਬਾਵਜੂਦ ਗਿੱਦੜਬਾਹਾ ਇਲਾਕੇ ਦੀ ਜ਼ਿਮਨੀ ਚੋਣ ਨੂੰ ਲੈ ਕੇ ਬੀਤੇ ਕਈ ਦਿਨਾਂ ਤੋਂ ਉਹ ਪਾਰਟੀ ਵਰਕਰਾਂ ਨੂੰ ਮਿਲ ਵੀ ਰਹੇ ਸਨ ਅਤੇ ਮੀਟਿੰਗਾਂ ਵਿੱਚ ਹਿੱਸਾ ਵੀ ਲੈ ਰਹੇ ਸਨ। ਇਹਦੇ ਬਾਰੇ ਜਦੋਂ ਆਸੇ-ਪਾਸਿਉਂ ਅਤੇ ਵਿਰੋਧੀ ਧੜੇ ਵੱਲੋਂ ਸੁਆਲ ਉਠਣ ਲੱਗੇ ਤਾਂ ਉਨ੍ਹਾਂ ਨੂੰ ਇੱਕ ਵਾਰ ਫਿਰ ਚੁੱਪ ਕਰਕੇ ਬੈਠਣਾ ਪਿਆ।
ਸੁਖਬੀਰ ਸਿੰਘ ਬਾਦਲ ਨੂੰ ਜ਼ਿਮਨੀ ਚੋਣ ਲਈ ਅੰਤ੍ਰਿਮ ਰਾਹਤ ਦਿਵਾਉਣ ਦੇ ਮਕਸਦ ਨਾਲ ਦੋ ਦਿਨ ਪਹਿਲਾਂ ਅਕਾਲੀ ਆਗੂਆਂ ਦਾ ਇੱਕ ਵਫਦ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਵੀ ਮਿਲਿਆ, ਪਰ ਉਨ੍ਹਾਂ ਕੀ ਜਵਾਬ ਦਿੱਤਾ, ਇਸ ਬਾਰੇ ਬਹੁਤਾ ਕੁਝ ਪਤਾ ਨਹੀਂ ਲੱਗਾ। ਇਸ ਮਾਮਲੇ ਨੂੰ ਲੈ ਕੇ ਪੰਥਕ ਹਲਕਿਆਂ ਵਿੱਚ ਛਾਈ ਚੁੱਪ-ਚਾਂ ਤੋਂ ਲਗਦਾ ਹੈ ਕਿ ਅੰਤ੍ਰਿਮ ਰਾਹਤ ਜਿਹਾ ਕੋਈ ਕਦਮ ਚੁੱਕ ਕੇ ਜਥੇਦਾਰ ਸਾਹਿਬ ਕਿਸੇ ਵਿਵਾਦ ਵਿੱਚ ਪੈਣ ਦੀ ਜਹਿਮਤ ਨਹੀਂ ਉਠਾਉਣ ਲੱਗੇ। ਪਾਰਲੀਮਾਨੀ ਮਾਮਲਿਆਂ ਬਾਰੇ ਆਪਣੇ ਬੋਰਡ ਵਿੱਚ ਅਕਾਲੀ ਦਲ ਕਿਸ ਕਿਸਮ ਦਾ ਸਟੈਂਡ ਲੈਂਦਾ ਹੈ, ਇਸ ਦਾ ਪਤਾ ਇੱਕ ਅੱਧ ਦਿਨ ਵਿੱਚ ਲੱਗ ਹੀ ਜਾਣਾ ਹੈ। ਜ਼ਿਮਨੀ ਚੋਣਾਂ ਤੋਂ ਅਕਾਲੀ ਦਲ ਕਿਨਾਰਾ ਕਰਨ ਦੇ ਮੂਡ ਵਿੱਚ ਤਾਂ ਨਹੀਂ ਹੈ। ਅਜਿਹਾ ਕੋਈ ਵੀ ਕਦਮ ਅਕਾਲੀ ਦਲ ਦੀ ਸਥਿਤੀ ਨੂੰ ਹੋਰ ਜ਼ਿਆਦਾ ਕਮਜ਼ੋਰ ਕਰ ਸਕਦਾ ਹੈ। ਖਾਸ ਕਰਕੇ ਉਸ ਹਾਲਤ ਵਿੱਚ, ਜਦੋਂ ਸ਼੍ਰੋਮਣੀ ਕਮੇਟੀ ਦੀ ਸਾਲਾਨਾ ਚੋਣ ਵਿੱਚ ਬੀਬੀ ਜਗੀਰ ਕੌਰ ਸੁਖਬੀਰ ਧੜੇ ਨੂੰ ਤਕੜੀ ਚਣੌਤੀ ਦੇ ਰਹੀ ਹੈ।
ਜਿੱਥੋਂ ਤੱਕ ਜ਼ਿਮਨੀ ਚੋਣਾਂ ਲਈ ਵੱਖ-ਵੱਖ ਪਾਰਟੀਆਂ ਵੱਲੋਂ ਐਲਾਨੇ ਗਏ ਉਮੀਦਵਾਰਾਂ ਦਾ ਸਵਾਲ ਹੈ, ਇਸ ਤਹਿਤ ਗਿੱਦੜਬਾਹਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਨੇ ਮਨਪ੍ਰੀਤ ਸਿੰਘ ਬਾਦਲ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਮਨਪ੍ਰੀਤ ਸਿੰਘ ਬਾਦਲ ਨੇ 1996 ਵਿੱਚ ਬੇਅੰਤ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਦੀ ਸਰਕਾਰ ਦੇ ਖਿਲਾਫ ਅਕਾਲੀ ਦਲ ਵੱਲੋਂ ਚੋਣ ਲੜੀ ਸੀ। ਉਦੋਂ ਉਹ ਹਜ਼ਾਰ ਦੋ ਹਜ਼ਾਰ ਵੋਟਾਂ ਦੇ ਫਰਕ ਨਾਲ ਕਾਂਗਰਸ ਪਾਰਟੀ ਦੇ ਉਮੀਦਵਾਰ ਤੋਂ ਜਿੱਤੇ ਸਨ ਅਤੇ ਇਸ ਤੋਂ ਬਾਅਦ ਅਕਾਲੀ ਦਲ (ਬਾਦਲ) ਦਾ ਪੁਨਰ ਉਥਾਨ ਸ਼ੁਰੂ ਹੋ ਗਿਆ ਸੀ; ਪਰ ਇਸ ਵਾਰ ਸਥਿਤੀ ਵੱਖਰੀ ਹੈ। ਕਾਂਗਰਸ ਪਾਰਟੀ ਨੇ ਇਸ ਹਲਕੇ ਤੋਂ ਰਾਜਾ ਵੜਿੰਗ ਦੀ ਪਤਨੀ ਅਮ੍ਰਿਤਾ ਵੜਿੰਗ ਨੂੰ ਖੜ੍ਹਾ ਕੀਤਾ ਹੈ, ਜਦਕਿ ਆਮ ਆਦਮੀ ਪਾਰਟੀ ਨੇ ਸਾਬਕਾ ਅਕਾਲੀ ਆਗੂ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਟਿਕਟ ਦਿੱਤੀ ਹੈ। ਬਰਨਾਲਾ ਹਲਕੇ ਤੋਂ ‘ਆਪ’ ਨੇ ਹਰਿੰਦਰ ਸਿੰਘ ਧਾਲੀਵਾਲ, ਭਾਜਪਾ ਨੇ ਕੇਵਲ ਸਿੰਘ ਢਿੱਲੋਂ ਅਤੇ ਕਾਂਗਰਸ ਪਾਰਟੀ ਨੇ ਕੁਲਦੀਪ ਸਿੰਘ ਨੂੰ ਟਿਕਟ ਦਿੱਤੀ ਹੈ। ਬਰਨਾਲਾ ਹਲਕੇ ਤੋਂ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂ ਸਿਮਰਨਜੀਤ ਸਿੰਘ ਮਾਨ ਨੇ ਆਪਣੇ ਦੋਹਤੇ ਗੋਬਿੰਦ ਸਿੰਘ ਸੰਧੂ ਨੂੰ ਵੀ ਉਮੀਦਵਾਰ ਐਲਾਨਿਆ ਹੈ।
ਪੰਜਾਬ ਦੇ ਹੁਸ਼ਿਆਰਪੁਰ ਜ਼ਿਲੇ੍ਹ ਵਿੱਚ ਪੈਂਦੇ ਚੱਬੇਵਾਲ ਹਲਕੇ ਤੋਂ ਭਾਜਪਾ ਨੇ ਆਪਣਾ ਉਮੀਦਵਾਰ ਹਾਲੇ ਨਹੀਂ ਐਲਾਨਿਆ, ਜਦਕਿ ਕਾਂਗਰਸ ਪਾਰਟੀ ਵੱਲੋਂ ਨਵੇਂ ਚਿਹਰੇ ਰਣਜੀਤ ਕੁਮਾਰ ਨੂੰ ਟਿਕਟ ਦਿੱਤੀ ਗਈ ਹੈ। ਆਮ ਆਦਮੀ ਪਾਰਟੀ ਨੇ ਇਸ਼ਾਂਕ ਚੱਬੇਵਾਲ ਨੂੰ ਟਿਕਟ ਦਿੱਤੀ ਹੈ। ਉਹ ਡਾ. ਰਾਜ ਕੁਮਾਰ ਚੱਬੇਵਾਲ ਦੇ ਬੇਟੇ ਹਨ। ਡੇਰਾ ਬਾਬਾ ਨਾਨਕ ਹਲਕੇ ਤੋਂ ਭਾਜਪਾ ਨੇ ਰਵੀਕਰਨ ਸਿੰਘ ਕਾਹਲੋਂ ਅਤੇ ਕਾਂਗਰਸ ਨੇ ਜਤਿੰਦਰ ਕੌਰ ਰੰਧਾਵਾ ਨੂੰ ਮੈਦਾਨ ਵਿੱਚ ਉਤਾਰਿਆ ਹੈ। ਰਵੀਕਰਨ ਸਿੰਘ ਕਾਹਲੋਂ ਪੰਜਾਬ ਦੇ ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਦੇ ਪੁੱਤਰ ਹਨ, ਜਦਕਿ ਜਤਿੰਦਰ ਕੌਰ ਕਾਂਗਰਸ ਦੇ ਸਿਟਿੰਗ ਐਮ.ਪੀ. ਸੁਖਜਿੰਦਰ ਸਿੰਘ ਰੰਧਾਵਾ ਦੀ ਪਤਨੀ ਹੈ। ਆਮ ਆਦਮੀ ਪਾਰਟੀ ਵੱਲੋਂ ਇਸ ਹਲਕੇ ਤੋਂ ਗੁਰਦੀਪ ਸਿੰਘ ਰੰਧਾਵਾ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਚਾਰ ਹਲਕਿਆਂ ਵਿੱਚ ਹੋ ਰਹੀਆਂ ਚੋਣਾਂ ਵਿੱਚ ਆਪਣੇ ਸਾਰੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਭਾਜਪਾ ਵੱਲੋਂ ਇੱਕ ਉਮੀਦਵਾਰ (ਚੱਬੇਵਾਲ) ਦੇ ਨਾਮ ਦਾ ਐਲਾਨ ਹਾਲੇ ਕੀਤਾ ਜਾਣਾ ਹੈ। ਅਕਾਲੀ ਦਲ ਵੱਲੋਂ ਚਾਰੋਂ ਉਮੀਦਵਾਰ ਐਲਾਨੇ ਜਾਣੇ ਬਾਕੀ ਹਨ। ਕਈ ਸੂਤਰਾਂ ਤੋਂ ਇਸ ਕਿਸਮ ਦੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇਸ ਸੀਟ ਤੋਂ ਭਾਰਤੀ ਜਨਤਾ ਪਾਰਟੀ ਅਨੀਤਾ ਸੋਮ ਪ੍ਰਕਾਸ਼ ਨੂੰ ਚੋਣ ਮੈਦਾਨ ਵਿੱਚ ਉਤਾਰ ਸਕਦੀ ਹੈ। ਉਨ੍ਹਾਂ ਨੇ ਹਾਲ ਹੀ ਵਿੱਚ ਹੋਈ ਲੋਕ ਸਭਾ ਚੋਣ ਵੀ ਲੜੀ ਸੀ ਅਤੇ ‘ਆਪ’ ਦੇ ਡਾ. ਰਾਜ ਕੁਮਾਰ ਚੱਬੇਵਾਲ ਕੋਲੋਂ ਹਾਰ ਗਏ ਸਨ।
ਇਨ੍ਹਾਂ ਜ਼ਿਮਨੀ ਚੋਣਾਂ ਨੇ ਪਰਿਵਾਰਵਾਦ ਨੂੰ ਤਕੜਾ ਉਗਾਸਾ ਦਿੱਤਾ ਹੈ। ਹਰ ਪਰਟੀ ਵੱਲੋਂ ਕਿਸੇ ਨਾ ਕਿਸੇ ਪੁਰਾਣੇ ਸਿਆਸੀ ਪਰਿਵਾਰ ਦੇ ਵਿਅਕਤੀ ਨੂੰ ਉਮੀਦਵਾਰ ਬਣਾਇਆ ਗਿਆ। ਇਨ੍ਹਾਂ ਚਾਰ ਜ਼ਿਮਨੀ ਚੋਣਾਂ ਨੂੰ ਜਿੱਤਣ-ਹਾਰਨ ਦੀ ਦ੍ਰਿਸ਼ਟੀ ਤੋਂ ਭਾਵੇਂ ਆਮ ਆਦਮ ਪਾਰਟੀ ਲਈ ਕੋਈ ਬਹੁਤਾ ਮਹੱਤਵ ਨਹੀਂ ਹੈ, ਪਰ ਪੁਨਰਉਥਾਨ ਦੀ ਦ੍ਰਿਸ਼ਟੀ ਤੋਂ ਅਕਾਲੀ ਦਲ ਲਈ ਇਨ੍ਹਾਂ ਚੋਣਾਂ ਦਾ ਤਕੜਾ ਮਹੱਤਵ ਹੈ। ਖਾਸ ਕਰਕੇ ਗਿੱਦੜਬਾਹਾ ਅਤੇ ਡੇਰਾ ਬਾਬਾ ਨਾਨਕ ਦੀਆਂ ਸੀਟਾਂ ਜਿੱਤ ਕੇ ਅਕਾਲੀ ਦਲ ਮੌਜੂਦਾ ਵਿਧਾਨ ਸਭਾ ਵਿੱਚ ਆਪਣੀ ਹਾਜ਼ਰੀ ਵਧਾ ਸਕਦਾ ਹੈ। ਇਸ ਦੇ ਨਾਲ ਉਹ ਪੰਜਾਬ ਦੇ ਸਿਆਸੀ ਦ੍ਰਿਸ਼ ‘ਤੇ ਮੁੜ ਸੰਭਲਣ ਵੱਲ ਵੀ ਤੁਰ ਸਕਦਾ ਹੈ। ਗਿੱਦੜਬਾਹਾ ਦੀ ਚੋਣ ਹਮੇਸ਼ਾਂ ਵਾਂਗ ਇਸ ਵਾਰ ਵੀ ਬਹੁਤ ਜ਼ਿਆਦਾ ਮਹੱਤਵਪੂਰਨ ਹੋ ਗਈ ਹੈ। ਇਸ ਸੀਟ ‘ਤੇ ਇੱਕ ਪਾਸੇ ਤਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਅਮਰਿੰਦਰ ਸਿੰਘ ਵੜਿੰਗ ਦੀ ਪਤਨੀ ਮੈਦਾਨ ਵਿੱਚ ਹੈ, ਦੂਜੇ ਪਾਸੇ ਬਾਦਲ ਟੱਬਰ ਦੇ ਹੰਢੇ ਹੋਏ ਫਰਜੰਦ ਮਨਪ੍ਰੀਤ ਸਿੰਘ ਬਾਦਲ ਚੋਣ ਲੜ ਰਹੇ ਹਨ; ਤੀਜੇ ਇਸ ਖਿੱਤੇ ਵਿੱਚ ਵਿਆਪਕ ਸਿਆਸੀ ਆਧਾਰ ਰੱਖਣ ਵਾਲੇ ਡਿੰਪੀ ਢਿੱਲੋਂ ਚੋਣ ਲੜ ਰਹੇ ਹਨ। ਅਕਾਲੀ ਦਲ ਜੇ ਕਿਸੇ ਤਕੜੇ ਉਮੀਦਵਾਰ ਨੂੰ ਟਿਕਟ ਦਿੰਦਾ ਹੈ ਤਾਂ ਨਿਸ਼ਚੇ ਹੀ ਇਹ ਮੁਕਾਬਲਾ ਵੱਕਾਰੀ ਬਣ ਜਾਵੇਗਾ। ਇਸ ਤੋਂ ਇਲਾਵਾ ਡੇਰਾ ਬਾਬਾ ਨਾਨਕ ਤੋਂ ਵੀ ਅਕਾਲੀ ਦਲ ਨੂੰ ਕੋਈ ਚੱਜ ਦਾ ਉਮੀਦਵਾਰ ਉਤਾਰਨ ਪਵੇਗਾ। ਇਹ ਸੀਟ ਵੀ ਅਕਾਲੀ ਦਲ ਜਿੱਤ ਸਕਦਾ ਹੈ।
ਇਸ ਦਰਮਿਆਨ ਮਾਲਵੇ ਵਿੱਚ ਬਰਨਾਲਾ ਦੀ ਜ਼ਿਮਨੀ ਚੋਣ ਨੂੰ ਲੈ ਕੇ ਸੱਤਾਧਾਰੀ ਆਮ ਆਦਮੀ ਪਾਰਟੀ ਵਿੱਚ ਰੱਫੜ ਖੜ੍ਹਾ ਹੋ ਗਿਆ ਹੈ। ਪਾਰਟੀ ਵੱਲੋਂ ਐਲਾਨੇ ਗਏ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਦਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਦੀਪ ਸਿੰਘ ਬਾਠ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਲੰਘੀ 20 ਅਕਤੂਬਰ ਨੂੰ ਉਨ੍ਹਾਂ ਇੱਕ ਪ੍ਰੈਸ ਕਾਨਫਰੰਸ ਰਾਹੀਂ ਹਰਿੰਦਰ ਸਿੰਘ ਨੂੰ ਟਿਕਟ ਦੇਣ ਬਾਰੇ ਸੋਚਣ ਲਈ ਪਾਰਟੀ ਨੂੰ 24 ਘੰਟੇ ਦਾ ਸਮਾਂ ਦਿੱਤਾ, ਪਰ ਬਾਅਦ ਵਿੱਚ ਉਨ੍ਹਾਂ ਦੀ ਕੋਈ ਵਿਸ਼ੇਸ਼ ਸਰਗਰਮੀ ਸਾਹਮਣੇ ਨਹੀਂ ਆਈ। ਹਰਿੰਦਰ ਸਿੰਘ ਪਾਰਲੀਮੈਂਟ ਮੈਂਬਰ ਗੁਰਮੀਤ ਸਿੰਘ ਮੀਤ ਦੇ ਨਜ਼ਦੀਕੀ ਮੰਨੇ ਜਾਂਦੇ ਹਨ। ਉਨ੍ਹਾਂ ਦਾ ਆਖਣਾ ਹੈ ਕਿ ਹਰਿੰਦਰ ਸਿੰਘ ਅੰਨਾ ਹਜ਼ਾਰੇ ਵਾਲੇ ਅੰਦੋਲਨ ਵੇਲੇ ਤੋਂ ਹੀ ਪਾਰਟੀ ਨਾਲ ਜੁੜੇ ਹੋਏ ਹਨ। ਦੂਜੇ ਪਾਸੇ ਗੁਰਦੀਪ ਸਿੰਘ ਬਾਠ ਨੇ ਕਿਹਾ ਕਿ ਉਹ ਪਿਛਲੇ 8 ਸਾਲਾਂ ਤੋਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਨ। ਉਨ੍ਹਾਂ ਕਿਹਾ ਕਿ 2014 ਵਿੱਚ ਪੰਜਾਬ ਵਿੱਚ ਪਾਰਟੀ ਦੇ ਗਠਨ ਤੋਂ ਬਾਅਦ ਉਨ੍ਹਾਂ ਨੇ ਦੂਜੇ ਰਾਜਾਂ ਵਿੱਚ ਜਾ ਕੇ ਹਰ ਜ਼ਿੰਮੇਵਾਰੀ ਨਿਭਾਈ ਹੈ। ਉਨ੍ਹਾਂ ਨੂੰ ਪਾਰਟੀ ਨੇ ਉਮੀਦਵਾਰ ਐਲਾਨਣ ਦਾ ਭਰੋਸਾ ਦਿਵਾਇਆ ਸੀ।