ਪਾਕਿਸਤਾਨ ਹਾਕੀ ਦਾ ‘ਉੱਡਣਾ ਘੋੜਾ’ ਸਮੀਉੱਲਾ ਖਾਨ

ਗੂੰਜਦਾ ਮੈਦਾਨ

ਖਿਡਾਰੀ ਪੰਜ-ਆਬ ਦੇ (27)
ਪੰਜਾਬ ਦੀ ਧਰਤੀ ਨੇ ਵੱਡੇ-ਵੱਡੇ ਖਿਡਾਰੀ ਪੈਦਾ ਕੀਤੇ ਹਨ- ਚਾਹੇ ਇਹ ਚੜ੍ਹਦਾ ਪੰਜਾਬ ਹੋਵੇ ਜਾਂ ਫਿਰ ਲਹਿੰਦਾ ਪੰਜਾਬ। ਨਾਮੀ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ਇਸ ਕਾਲਮ ਰਾਹੀਂ ਚੋਟੀ ਦੇ ਖਿਡਾਰੀਆਂ ਦੀ ਜੀਵਨੀ ਉਤੇ ਝਾਤ ਪਾਈ ਜਾ ਰਹੀ ਹੈ। ਹਥਲੇ ਲੇਖ ਵਿੱਚ ਪਾਕਿਸਤਾਨ ਹਾਕੀ ਦੇ ਲਿਵਿੰਗ ਲੀਜੈਂਡ ਸਮੀਉੱਲਾ ਦੇ ਖੇਡ ਕਰੀਅਰ ਬਾਰੇ ਸੰਖੇਪ ਜਾਣਕਾਰੀ ਦਿੱਤੀ ਗਈ ਹੈ। ਪਾਕਿਸਤਾਨ ਹਾਕੀ ਦੇ ਸਿਤਾਰਿਆਂ ਵਿੱਚੋਂ ਉਸ ਦਾ ਸਿਖਰਲਾ ਨਾਂ ਹੈ, ਜਿਸ ਨੇ ਇੱਕ ਦਹਾਕਾ ਵਿਸ਼ਵ ਹਾਕੀ ਵਿੱਚ ਆਪਣੀ ਧਾਕ ਜਮਾਈ ਰੱਖੀ। ਉਸ ਨੇ ਪਾਕਿਸਤਾਨ ਲਈ 155 ਕੌਮਾਂਤਰੀ ਮੈਚ ਖੇਡੇ।

ਪਾਕਿਸਤਾਨ ਸਰਕਾਰ ਨੇ ਸਮੀ ਨੂੰ ‘ਪ੍ਰਾਈਡ ਆਫ਼ ਪਰਫ਼ਾਰਮੈਂਸ’ ਅਤੇ ‘ਸਿਤਾਰ-ਆਈ-ਇਮਤਿਆਜ਼’ ਦੇ ਵੱਕਾਰੀ ਪੁਰਸਕਾਰਾਂ ਨਾਲ ਵੀ ਸਨਮਾਨਿਆ। ਪੰਜਾਬੀ ਖਿਡਾਰੀਆਂ ਨਾਲ ਉਸ ਦੀ ਬਹੁਤ ਬਣਦੀ ਸੀ; ਪਰ ਆਪਣੇ ਅਸੂਲਾਂ ਕਰਕੇ ਪਾਕਿਸਤਾਨ ਹਾਕੀ ਫੈਡਰੇਸ਼ਨ ਨਾਲ ਉਸ ਦਾ ਟਕਰਾਅ ਵੀ ਹੁੰਦਾ ਰਿਹਾ, ਜਿਸ ਕਾਰਨ ਉਸ ਦੇ ਫੈਡਰੇਸ਼ਨ ਨਾਲ ਸਬੰਧ ਸੁਖਾਵੇਂ ਨਾ ਰਹੇ।

ਨਵਦੀਪ ਸਿੰਘ ਗਿੱਲ
ਫੋਨ: +91-9780036216

ਵਿਸ਼ਵ ਹਾਕੀ ਵਿੱਚ ਭਾਰਤ ਤੇ ਪਾਕਿਸਤਾਨ ਨੇ ਲੰਬਾ ਸਮਾਂ ਰਾਜ ਕੀਤਾ ਹੈ। ਦੋਹਾਂ ਮੁਲਕਾਂ ਦੀ ਚੜ੍ਹਾਈ ਵਿੱਚ ਦੋਵੇਂ ਪੰਜਾਬਾਂ ਦਾ ਵੱਡਾ ਯੋਗਦਾਨ ਰਿਹਾ ਹੈ। ਚੜ੍ਹਦੇ ਪੰਜਾਬ ਦੀ ਬਦਲੌਤ ਭਾਰਤ ਅਤੇ ਲਹਿੰਦੇ ਪੰਜਾਬ ਦੇ ਸਿਰ ਉਤੇ ਪਾਕਿਸਤਾਨ ਨੇ ਆਲਮੀ ਹਾਕੀ ਉਤੇ ਸਰਦਾਰੀ ਕਾਇਮ ਕੀਤੀ। ਦੋਹਾਂ ਪੰਜਾਬਾਂ ਨੇ ਅਜਿਹੇ ਖਿਡਾਰੀ ਵੀ ਪੈਦਾ ਕੀਤੇ, ਜਿਹੜੇ ਵਿਸ਼ਵ ਦੇ ਅੱਵਲਤਰੀਨ ਖਿਡਾਰੀਆਂ ਦੀ ਸੂਚੀ ਵਿੱਚ ਸ਼ੁਮਾਰ ਹਨ। ਅਜਿਹਾ ਹੀ ਇੱਕ ਪਾਕਿਸਤਾਨ ਦੇ ਲਹਿੰਦੇ ਪੰਜਾਬ ਦਾ ਸਮੀਉੱਲਾ ਖ਼ਾਨ ਹੋਇਆ ਹੈ, ਜਿਸ ਨੂੰ ਦੁਨੀਆਂ ‘ਫਲਾਇੰਗ ਹੌਰਸ’ (ਉੱਡਣਾ ਘੋੜਾ) ਦੇ ਨਾਂ ਨਾਲ ਜਾਣਦੀ ਹੈ। ਪਾਕਿਸਤਾਨ ਹਾਕੀ ਦੇ ਸਿਤਾਰਿਆਂ ਵਿੱਚੋਂ ਸਮੀਉੱਲਾ ਸਿਖਰਲਾ ਨਾਂ ਹੈ, ਜਿਸ ਨੇ ਇੱਕ ਦਹਾਕਾ ਵਿਸ਼ਵ ਹਾਕੀ ਵਿੱਚ ਆਪਣੀ ਧਾਕ ਜਮਾਈ ਰੱਖੀ। ਸੀਮਉੱਲਾ ਨੇ ਆਪਣੇ ਸ਼ਾਨਾਂਮੱਤੇ ਖੇਡ ਕਰੀਅਰ ਵਿੱਚ ਪਾਕਿਸਤਾਨ ਲਈ ਦੋ ਵਾਰ ਵਿਸ਼ਵ ਕੱਪ, ਤਿੰਨ ਵਾਰ ਏਸ਼ਿਆਈ ਖੇਡਾਂ ਤੇ ਇੱਕ ਵਾਰ ਚੈਂਪੀਅਨਜ਼ ਟਰਾਫੀ ਵਿੱਚ ਸੋਨ ਤਮਗ਼ਾ ਅਤੇ ਓਲੰਪਿਕ ਖੇਡਾਂ ਵਿੱਚ ਇੱਕ ਕਾਂਸੀ ਦਾ ਤਮਗ਼ਾ ਤੇ ਵਿਸ਼ਵ ਕੱਪ ਵਿੱਚ ਇੱਕ ਚਾਂਦੀ ਦਾ ਤਮਗ਼ਾ ਜਿੱਤਿਆ। ਪਾਕਿਸਤਾਨ ਹਾਕੀ ਦਾ ਇਹ ਕਪਤਾਨ ਗੇਂਦ ਨੂੰ ਲੈ ਕੇ ਤੇਜ਼ ਦੌੜਨ, ਜ਼ਬਰਦਸਤ ਡਰਿਬਲਿੰਗ ਸਕਿੱਲ ਅਤੇ ਸ਼ਾਨਦਾਰ ਪਾਸ ਦੇਣ ਲਈ ਜਾਣਿਆ ਜਾਂਦਾ ਸੀ। ਸਮੀਉੱਲਾ ਨੇ ਪਾਕਿਸਤਾਨ ਲਈ 155 ਕੌਮਾਂਤਰੀ ਮੈਚ ਖੇਡੇ ਅਤੇ 68 ਗੋਲ ਵੀ ਕੀਤੇ। ਪਾਕਿਸਤਾਨ ਸਰਕਾਰ ਨੇ ਆਪਣੇ ਇਸ ਮਾਣਮੱਤੇ ਖਿਡਾਰੀ ਨੂੰ ‘ਪ੍ਰਾਈਡ ਆਫ਼ ਪਰਫ਼ਾਰਮੈਂਸ’ ਅਤੇ ‘ਸਿਤਾਰ-ਆਈ-ਇਮਤਿਆਜ਼’ ਦੇ ਵੱਕਾਰੀ ਪੁਰਸਕਾਰਾਂ ਨਾਲ ਵੀ ਸਨਮਾਨਿਆ।
ਸਮੀਉੱਲਾ ਖਾਨ ਦਾ ਜਨਮ 6 ਸਤੰਬਰ 1951 ਨੂੰ ਪਾਕਿਸਤਾਨ ਵਿਚਲੇ ਪੰਜਾਬ ਸੂਬੇ ਦੇ ਬਹਾਵਲਪੁਰ ਸ਼ਹਿਰ ਵਿੱਚ ਹੋਇਆ। ਸਮੀਉੱਲਾ ਦੇ ਪਿਤਾ ਸਰਕਾਰੀ ਨੌਕਰੀ ਕਰਦੇ ਸਨ, ਜਦੋਂ ਕਿ ਉਸ ਦੇ ਚਾਚਾ ਮੋਤੀਉੱਲਾ ਖਾਨ ਪਾਕਿਸਤਾਨ ਹਾਕੀ ਦੇ ਵੱਡੇ ਖਿਡਾਰੀ ਸਨ, ਜਿਨ੍ਹਾਂ ਨੇ ਲਗਾਤਾਰ ਤਿੰਨ ਓਲੰਪਿਕ ਖੇਡਾਂ ਵਿੱਚ ਹਿੱਸਾ ਲਿਆ ਅਤੇ 1960 ਵਿੱਚ ਰੋਮ ਵਿਖੇ ਸੋਨ ਤਮਗ਼ਾ ਤੇ 1956 ਵਿੱਚ ਮੈਲਬਰਨ ਅਤੇ 1964 ਵਿੱਚ ਟੋਕੀਓ ਵਿਖੇ ਚਾਂਦੀ ਦਾ ਤਮਗ਼ਾ ਜਿੱਤਿਆ। 1962 ਦੀਆਂ ਜਕਾਰਤਾ ਏਸ਼ਿਆਈ ਖੇਡਾਂ ਵਿੱਚ ਵੀ ਸੋਨ ਤਮਗ਼ਾ ਜਿੱਤਿਆ। ਸਮੀਉੱਲਾ ਹੁਰੀਂ ਸੱਤ ਭੈਣ-ਭਰਾ ਸਨ, ਜਿਨ੍ਹਾਂ ਵਿੱਚੋਂ ਇੱਕ ਭਰਾ ਦੀ ਬਚਪਨ ਵਿੱਚ ਮੌਤ ਹੋ ਗਈ ਸੀ। ਪਰਿਵਾਰ ਦੀ ਖੇਡ ਵਿਰਾਸਤ ਨੂੰ ਅੱਗੇ ਤੋਰਦਿਆਂ ਸਮੀਉੱਲਾ ਹੁਰੀਂ ਚਾਰ ਭਰਾਵਾਂ ਵਿੱਚੋਂ ਤਿੰਨ ਭਰਾ ਪਾਕਿਸਤਾਨ ਹਾਕੀ ਲਈ ਖੇਡੇ। ਸਮੀਉੱਲਾ ਤੋਂ ਛੋਟਾ ਕਲੀਮਉੱਲਾ ਖਾਨ ਵੀ ਪਾਕਿਸਤਾਨ ਹਾਕੀ ਦਾ ਵੱਡਾ ਖਿਡਾਰੀ ਹੋਇਆ, ਜਿਸ ਨੇ 1984 ਵਿੱਚ ਲਾਸ ਏਂਜਲਸ ਓਲੰਪਿਕ ਖੇਡਾਂ ਵਿੱਚ ਸੋਨ ਤਮਗ਼ਾ, 1982 ਵਿੱਚ ਵਿਸ਼ਵ ਕੱਪ ਅਤੇ ਏਸ਼ਿਆਈ ਖੇਡਾਂ ਵਿੱਚ ਸੋਨ ਤਮਗ਼ਾ ਜਿੱਤਿਆ ਹੈ।
ਸਮੀ ਛੋਟੇ ਨਾਂ ਨਾਲ ਪੁਕਾਰੇ ਜਾਂਦੇ ਸਮੀਉੱਲਾ ਨੇ ਆਪਣੇ ਚਾਚੇ ਮੋਤੀਉੱਲਾ ਨੂੰ ਹਾਕੀ ਖੇਡਦਿਆਂ ਦੇਖ ਕੇ ਹਾਕੀ ਸਟਿੱਕ ਫੜ ਲਈ। ਉਹ ਪੜ੍ਹਾਈ ਅਤੇ ਖੇਡਾਂ- ਦੋਹਾਂ ਵਿੱਚ ਹੀ ਹੁਸ਼ਿਆਰ ਸੀ। ਸਰਕਾਰੀ ਸਾਦਿਕ ਈਗਰਟੈਨ ਕਾਲਜ ਬਹਾਵਲਪੁਰ ਤੇ ਸਰਕਾਰੀ ਇਸਲਾਮੀਆ ਕਾਲਜ ਲਾਹੌਰ ਤੋਂ ਉੱਚ ਸਿੱਖਿਆ ਹਾਸਲ ਕੀਤੀ। ਬੀ.ਐਸਸੀ. ਪਾਸ ਸਮੀਉੱਲਾ ਵੀਰ ਵਰਿ੍ਹਆਂ ਦੀ ਉਮਰੇ 1971 ਵਿੱਚ ਪਾਕਿਸਤਾਨ ਹਾਕੀ ਟੀਮ ਵਿੱਚ ਬਤੌਰ ਅਬਜ਼ਰਵਰ ਚੁਣਿਆ ਗਿਆ, ਪਰ ਹਾਲੇ ਉਹ ਕੌਮੀ ਟੀਮ ਦਾ ਪੱਕਾ ਖਿਡਾਰੀ ਨਹੀਂ ਬਣਿਆ ਸੀ। 1972 ਵਿੱਚ ਉਹ ਟੀਮ ਦੇ ਅੰਦਰ-ਬਾਹਰ ਹੁੰਦਾ ਰਿਹਾ। 1972 ਵਿੱਚ ਮਿਊਨਿਖ ਓਲੰਪਿਕ ਖੇਡਾਂ ਦੇ ਫ਼ਾਈਨਲ ਵਿੱਚ ਅਜਿਹੀ ਘਟਨਾ ਵਾਪਰੀ ਕਿ ਪਾਕਿਸਤਾਨ ਹਾਕੀ ਟੀਮ ਪੂਰੀ ਹੀ ਬਦਲਣੀ ਪਈ, ਜਿਸ ਨਾਲ ਸਮੀਉੱਲਾ ਖਾਨ ਟੀਮ ਦਾ ਪੱਕਾ ਖਿਡਾਰੀ ਬਣ ਗਿਆ। ਮਿਊਨਿਖ ਓਲੰਪਿਕਸ ਦੇ ਫ਼ਾਈਨਲ ਵਿੱਚ ਪਾਕਿਸਤਾਨ ਨੂੰ ਪੱਛਮੀ ਜਰਮਨੀ ਹੱਥੋਂ ਹਾਰ ਮਿਲੀ, ਜਿਸ ਕਾਰਨ 1920 ਤੋਂ ਬਾਅਦ ਪਹਿਲੀ ਵਾਰ ਪਾਕਿਸਤਾਨ ਜਾਂ ਭਾਰਤ ਨੂੰ ਛੱਡ ਕੇ ਕੋਈ ਨਵਾਂ ਮੁਲਕ ਓਲੰਪਿਕ ਚੈਂਪੀਅਨ ਬਣਿਆ। ਉਸ ਵੇਲੇ ਪਾਕਿਸਤਾਨ 1968 ਮੈਕਸੀਕੋ ਓਲੰਪਿਕ ਖੇਡਾਂ ਤੇ 1971 ਵਿੱਚ ਹੋਏ ਪਹਿਲੇ ਵਿਸ਼ਵ ਕੱਪ ਦਾ ਜੇਤੂ ਸੀ ਅਤੇ ਪਾਕਿਸਤਾਨੀ ਖਿਡਾਰੀਆਂ ਨੇ ਮੇਜ਼ਬਾਨ ਜਰਮਨੀ ਟੀਮ ਦੇ ਹੱਕ ਵਿੱਚ ਕੀਤੀ ਅੰਪਾਇਰਿੰਗ ਦੇ ਵਿਰੋਧ ਵਿੱਚ ਤਮਗ਼ਾ ਸੈਰੇਮਨੀ ਦੌਰਾਨ ਗਲਿਆਂ ਵਿੱਚ ਤਮਗ਼ੇ ਨਹੀਂ ਪਾਏ, ਸਗੋਂ ਕੁਝ ਖਿਡਾਰੀਆਂ ਨੇ ਪੈਰਾਂ ਵਿੱਚ ਤਮਗ਼ਾ ਪਾ ਕੇ ਸਖਤ ਵਿਰੋਧ ਦਰਜ ਕਰਵਾਇਆ। ਕੌਮਾਂਤਰੀ ਹਾਕੀ ਫੈਡਰੇਸ਼ਨ ਵੱਲੋਂ ਇਸ ਵਿਹਾਰ ਕਾਰਨ 13 ਪਾਕਿਸਤਾਨੀ ਖਿਡਾਰੀਆਂ ਅਤੇ ਮੈਨੇਜਰ ਉਤੇ ਇੱਕ ਸਾਲ ਲਈ ਪਾਬੰਦੀ ਲਗਾ ਦਿੱਤੀ ਸੀ, ਜਿਸ ਕਾਰਨ 1972 ਵਿੱਚ ਪੂਰੀ ਪਾਕਿਸਤਾਨ ਟੀਮ ਬਦਲਣੀ ਪਈ।
1972 ਵਿੱਚ ਸਮੀਉੱਲਾ ਪਾਕਿਸਤਾਨ ਹਾਕੀ ਦਾ ਪੱਕਾ ਖਿਡਾਰੀ ਬਣ ਗਿਆ। ਉਹ ਫਾਰਵਰਡ ਲਾਈਨ ਵਿੱਚ ਲੈਫ਼ਟ ਇਨ ਖੇਡਦਾ ਸੀ, ਪਰ ਉਸ ਦੀ ਸਪੀਡ, ਬਿਹਤਰ ਪਾਸ ਦੇਣ ਦੀ ਕਲਾ ਅਤੇ ਬਾਲ ਕੰਟਰੋਲ ਨੂੰ ਦੇਖਦਿਆਂ ਉਸ ਨੂੰ ਸ਼ਾਹਨਾਜ਼ ਸ਼ੇਖ ਦੀ ਥਾਂ ਲੈਫਟ ਆਊਟ ਦੀ ਪੁਜੀਸ਼ਨ ਉਤੇ ਖਿਡਾਉਣਾ ਸ਼ੁਰੂ ਕੀਤਾ। 1973 ਵਿਸ਼ਵ ਕੱਪ ਵਿੱਚ ਪਾਕਿਸਤਾਨ ਟੀਮ ਨਵੇਂ ਖਿਡਾਰੀਆਂ ਨਾਲ ਉਤਰੀ ਅਤੇ ਫੇਰ ਵੀ ਚੰਗਾ ਪ੍ਰਦਰਸ਼ਨ ਕਰਦਿਆਂ ਸੈਮੀ ਫ਼ਾਈਨਲ ਤੱਕ ਪੁੱਜੀ। ਟੀਮ ਵਿੱਚ ਸਿਰਫ ਤਜ਼ਰਬੇਕਾਰ ਖਿਡਾਰੀ ਤਨਵੀਰ ਦਾਰ ਹੀ ਸੀ, ਜੋ ਕਿ 1972 ਮਿਊਨਿਖ ਓਲੰਪਿਕਸ ਦੌਰਾਨ ਸੱਟ ਲੱਗਣ ਕਾਰਨ ਫ਼ਾਈਨਲ ਨਹੀਂ ਖੇਡਿਆ ਸੀ ਅਤੇ ਪਾਬੰਦੀ ਤੋਂ ਬਚ ਗਿਆ ਸੀ। ਪਾਕਿਸਤਾਨੀ ਟੀਮ ਸੈਮੀ ਫ਼ਾਈਨਲ ਵਿੱਚ ਭਾਰਤ ਅਤੇ ਕਾਂਸੀ ਦੇ ਤਮਗ਼ੇ ਦੇ ਮੈਚ ਵਿੱਚ ਪੱਛਮੀ ਜਰਮਨੀ ਹੱਥੋਂ ਇੱਕ ਗੋਲ ਨਾਲ ਹਾਰਨ ਕਰਕੇ ਚੌਥੇ ਸਥਾਨ ਉਤੇ ਰਹਿ ਗਿਆ। ਨਵੇਂ ਖਿਡਾਰੀਆਂ ਨਾਲ ਉਤਰੀ ਪਾਕਿਸਤਾਨ ਟੀਮ ਦੀ ਇਹ ਵੱਡੀ ਪ੍ਰਾਪਤੀ ਸੀ, ਜਿਸ ਨੇ ਭਵਿੱਖ ਦੀਆਂ ਵੱਡੀਆਂ ਜਿੱਤਾਂ ਦਾ ਮੁੱਢ ਬੱਝਿਆ। ਉਧਰ ਸਮੀਉੱਲਾ ਵੀ ਟੀਮ ਦਾ ਅਹਿਮ ਖਿਡਾਰੀ ਬਣ ਗਿਆ, ਜਿਹੜਾ ਲੈਫਟ ਆਊਟ ਦੀ ਪੁਜੀਸ਼ਨ ਉਤੇ ਅਜਿਹਾ ਜੰਮਿਆ ਕਿ ਫੇਰ ਉਸ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਇੱਕ ਦਹਾਕਾ ਉਹ ਪਾਕਿਸਤਾਨ ਟੀਮ ਦੀ ਰੂਹ-ਏ-ਰਵਾਂ ਰਿਹਾ। ਇਹ ਇੱਕ ਦਹਾਕਾ ਪਾਕਿਸਤਾਨ ਹਾਕੀ ਦਾ ਸੁਨਹਿਰੀ ਸਮਾਂ ਸੀ, ਜਦੋਂ ਉਸ ਨੇ ਹਾਕੀ ਦਾ ਹਰ ਵੱਡਾ ਮੁਕਾਬਲਾ ਜਿੱਤਿਆ।
1974 ਵਿੱਚ ਤਹਿਰਾਨ ਵਿਖੇ ਹੋਈਆਂ ਏਸ਼ਿਆਈ ਖੇਡਾਂ ਵਿੱਚ ਪਾਕਿਸਤਾਨ ਨੇ ਸੋਨ ਤਮਗ਼ਾ ਜਿੱਤਿਆ। ਪਾਕਿਸਤਾਨ ਨੇ ਫ਼ਾਈਨਲ ਵਿੱਚ ਭਾਰਤ ਨੂੰ 2-0 ਨਾਲ ਹਰਾਇਆ। 1975 ਵਿੱਚ ਕੁਆਲਾ ਲੰਪੁਰ ਵਿਖੇ ਤੀਜਾ ਵਿਸ਼ਵ ਕੱਪ ਖੇਡਿਆ ਗਿਆ। ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਇੱਕ ਦਹਾਕੇ ਬਾਅਦ ਵਿਸ਼ਵ ਦੇ ਵੱਡੇ ਮੁਕਾਬਲੇ ਦੇ ਫ਼ਾਈਨਲ ਵਿੱਚ ਪੁੱਜੀਆਂ। ਇਸ ਤੋਂ ਪਹਿਲਾਂ ਦੋਹਾਂ ਮੁਲਕਾਂ ਵਿਚਕਾਰ 1964 ਦੀਆਂ ਟੋਕੀਓ ਓਲੰਪਿਕ ਖੇਡਾਂ ਦਾ ਫ਼ਾਈਨਲ ਖੇਡਿਆ ਗਿਆ ਸੀ। ਫ਼ਸਵੇਂ ਫ਼ਾਈਨਲ ਮੁਕਾਬਲੇ ਵਿੱਚ ਅਜੀਤ ਪਾਲ ਸਿੰਘ ਕਪਤਾਨੀ ਹੇਠ ਭਾਰਤ ਨੇ 2-1 ਨਾਲ ਜਿੱਤ ਹਾਸਲ ਕਰਕੇ ਪਲੇਠਾ ਵਿਸ਼ਵ ਕੱਪ ਜਿੱਤਿਆ। ਪਾਕਿਸਤਾਨ ਨੇ ਚਾਂਦੀ ਦਾ ਕੱਪ ਜਿੱਤਿਆ। ਫ਼ਾਈਨਲ ਮੈਚ ਵਿੱਚ ਸਮੀਉੱਲਾ ਦੇ 15ਵੇਂ ਮਿੰਟ ਵਿੱਚ ਮੋਢੇ ਉਤੇ ਸੱਟ ਲੱਗਣ ਕਾਰਨ ਬਾਹਰ ਬੈਠਣਾ ਪਿਆ। ਸਮੀਉੱਲਾ ਦੱਸਦਾ ਹੈ ਕਿ ਭਾਰਤੀ ਮਿਡਫੀਲਡਰ ਵਰਿੰਦਰ ਸਿੰਘ ਵੱਲੋਂ ਬੌਡੀ ਡੌਜ਼ ਦਿੱਤੇ ਜਾਣ ਕਾਰਨ ਉਸ ਦੇ ਸੱਟ ਲੱਗੀ ਸੀ, ਪਰ ਇਸ ਸੱਟ ਲਈ ਵਰਿੰਦਰ ਦਾ ਕੋਈ ਕਸੂਰ ਨਹੀਂ, ਕਿਉਂਕਿ ਉਸ ਨੇ ਜਾਣ-ਬੁੱਝ ਕੇ ਸੱਟ ਨਹੀਂ ਮਾਰੀ ਸੀ। ਫ਼ਾਈਨਲ ਤੋਂ ਪਹਿਲਾਂ ਵਿਸ਼ਵ ਕੱਪ ਵਿੱਚ ਸਮੀਉੱਲਾ ਦੀ ਖੇਡ ਬਹੁਤ ਸਲਾਹੀ ਗਈ ਸੀ, ਖਾਸ ਕਰਕੇ ਸੈਮੀ ਫ਼ਾਈਨਲ ਮੈਚ ਵਿੱਚ। ਸਮੀਉੱਲਾ ਨੂੰ ਇਸੇ ਵਿਸ਼ਵ ਕੱਪ ਵਿੱਚ ‘ਫਲਾਇੰਗ ਹੌਰਸ’ ਦਾ ਖਿਤਾਬ ਮਿਲਿਆ। ਵਿਸ਼ਵ ਕੱਪ ਦੇ ਸੈਮੀ ਫ਼ਾਈਨਲ ਮੁਕਾਬਲੇ ਵਿੱਚ ਪਾਕਿਸਤਾਨ ਨੇ ਪੱਛਮੀ ਜਰਮਨੀ ਨੂੰ 5-1 ਨਾਲ ਦਰੜ ਕੇ 1972 ਮਿਊਨਿਖ ਓਲੰਪਿਕ ਦੀ ਫ਼ਾਈਨਲ ਦੇ ਅੱਲ੍ਹੇ ਜ਼ਖ਼ਮਾਂ ਉਤੇ ਮੱਲ੍ਹਮ ਲਾਈ। ਸਮੀਉੱਲਾ ਨੇ ਜਿੱਥੇ ਇੱਕ ਗੋਲ ਕੀਤਾ, ਉਥੇ ਬਾਕੀ ਗੋਲਾਂ ਵਿੱਚ ਸਾਥੀ ਖਿਡਾਰੀਆਂ ਦੀ ਮੱਦਦ ਕੀਤੀ। ਸਮੀਉੱਲਾ ਪੂਰੇ ਮੈਚ ਵਿੱਚ ਛਾਇਆ ਰਿਹਾ। ਮੈਚ ਉਪਰੰਤ ਜਰਮਨੀ ਕੋਚ ਨੇ ਆਖਿਆ ਕਿ ਸਮੀਉੱਲਾ ਉੱਡਣਾ ਘੋੜਾ ਸੀ, ਜਿਸ ਨੇ ਉਨ੍ਹਾਂ ਦੀ ਟੀਮ ਤਬਾਹ ਕਰ ਦਿੱਤੀ। ਅਗਲੀ ਸਵੇਰ ਅਖਬਾਰਾਂ ਵਿੱਚ ‘ਫਲਾਇੰਗ ਹੌਰਸ’ ਦੇ ਸਿਰਲੇਖ ਹੇਠ ਸਮੀਉੱਲਾ ਦੀਆਂ ਖਬਰਾਂ ਲੱਗੀਆਂ ਅਤੇ ਅਖ਼ਤਰ ਰਸੂਲ ਸਮੀਉੱਲਾ ਕੋਲ ਅਖਬਾਰ ਦੀ ਕਾਪੀ ਲੈ ਕੇ ਗਿਆ। ਇਸ ਤੋਂ ਬਾਅਦ ਸਮੀਉੱਲਾ ਦੇ ਨਾਂ ਨਾਲ ‘ਫਲਾਇੰਗ ਹੌਰਸ’ ਪੱਕਾ ਜੁੜ ਗਿਆ।
ਵਿਸ਼ਵ ਕੱਪ ਤੋਂ ਬਾਅਦ ਅਗਲੇ ਸਾਲ 1976 ਵਿੱਚ ਮਾਂਟਰੀਅਲ ਵਿਖੇ ਓਲੰਪਿਕ ਖੇਡਾਂ ਦੌਰਾਨ ਪਹਿਲੀ ਵਾਰ ਹਾਕੀ ਮੁਕਾਬਲੇ ਘਾਹ ਦੇ ਰਵਾਇਤੀ ਮੈਦਾਨ ਦੀ ਬਜਾਏ ਐਸਟੋਟਰਫ (ਮਸਨੂਈ ਘਾਹ) ਉਪਰ ਖੇਡੇ ਗਏ। 1928 ਤੋਂ 1972 ਤੱਕ ਲਗਾਤਾਰ 10 ਓਲੰਪਿਕ ਖੇਡਾਂ ਵਿੱਚ ਤਮਗ਼ਾ ਜਿੱਤਣ ਵਾਲੀ ਭਾਰਤੀ ਟੀਮ ਮਾੜੀ ਗੋਲ ਔਸਤ ਕਾਰਨ ਲੀਗ ਸਟੇਜ ਵਿੱਚੋਂ ਹੀ ਬਾਹਰ ਹੋ ਗਈ। ਦੂਜੇ ਗਰੁੱਪ ਵਿੱਚੋਂ ਪਾਕਿਸਤਾਨ ਨੇ ਸਿਖਰਲਾ ਸਥਾਨ ਮੱਲਦਿਆਂ ਸੈਮੀ ਫ਼ਾਈਨਲ ਵਿੱਚ ਦਾਖਲਾ ਪਾਇਆ। ਸੈਮੀ ਫ਼ਾਈਨਲ ਮੁਕਾਬਲੇ ਵਿੱਚ ਪਾਕਿਸਤਾਨ ਟੀਮ ਪਹਿਲੇ ਮਿੰਟ ਵਿੱਚ ਅਖ਼ਤਰ ਰਸੂਲ ਦੇ ਗੋਲ ਨਾਲ ਹਾਸਲ ਕੀਤੀ ਲੀਡ ਤੋਂ ਬਾਅਦ 1-2 ਨਾਲ ਹਾਰ ਗਈ। ਪਾਕਿਸਤਾਨ ਟੀਮ ਲਈ ਇਹ ਵੱਡਾ ਝਟਕਾ ਹੈ। ਉਸ ਵੇਲੇ ਪਾਕਿਸਤਾਨ ਸਰਕਾਰ ਨੇ ਟੀਮ ਦਾ ਮਨੋਬਲ ਵਧਾਉਣ ਲਈ ਟੀਮ ਪ੍ਰਬੰਧਕਾਂ ਨੂੰ ਆਖਿਆ ਕਿ ਪਾਕਿਸਤਾਨ ਟੀਮ ਨੂੰ ਰਾਤ ਦੇ ਖਾਣੇ ਉਤੇ ਕਿਸੇ ਹੋਟਲ ਲਿਜਾਇਆ ਜਾਵੇ। ਪ੍ਰਤੀ ਖਿਡਾਰੀ 40-40 ਡਾਲਰ ਦਿੱਤੇ ਗਏ। ਪਾਕਿਸਤਾਨ ਹਕੂਮਤ ਕਿਸੇ ਵੀ ਕੀਮਤ ਉਤੇ ਕਾਂਸੀ ਦਾ ਤਮਗ਼ਾ ਨਹੀਂ ਗਵਾਉਣਾ ਚਾਹੁੰਦੀ ਸੀ, ਜਿਸ ਕਾਰਨ ਉਹ ਖਿਡਾਰੀਆਂ ਦੇ ਹੌਸਲੇ ਬੁਲੰਦ ਰੱਖਣ ਦੀ ਕੋਸ਼ਿਸ਼ ਕਰ ਰਹੀ ਸੀ। ਪਾਕਿਸਤਾਨ ਟੀਮ ਨੇ ਇਸ ਹਾਰ ਤੋਂ ਉਭਰਦਿਆਂ ਕਾਂਸੀ ਦੇ ਤਮਗ਼ੇ ਵਾਲੇ ਮੈਚ ਵਿੱਚ ਹਾਲੈਂਡ ਨੂੰ 3-2 ਨਾਲ ਹਰਾ ਕੇ ਏਸ਼ੀਅਨ ਟੀਮਾਂ ਦੀ ਲਾਜ ਰੱਖੀ। ਮਾਂਟਰੀਅਲ ਵਿਖੇ ਸੋਨ ਤਮਗ਼ਾ ਜਿੱਤਣ ਵਾਲੀ ਨਿਊਜ਼ੀਲੈਂਡ ਟੀਮ ਨੂੰ ਪਾਕਿਸਤਾਨ ਨੇ ਲੀਗ ਸਟੇਜ ਵਿੱਚ 5-2 ਨਾਲ ਹਰਾਇਆ ਸੀ। ਸਮੀਉੱਲਾ ਦਾ ਇਹ ਪਹਿਲਾ ਓਲੰਪਿਕਸ ਤਮਗ਼ਾ ਸੀ।
1978 ਵਿੱਚ ਬਿਊਨਸ ਆਇਰਸ ਵਿਖੇ ਖੇਡੇ ਗਏ ਵਿਸ਼ਵ ਕੱਪ ਵਿੱਚ ਪਾਕਿਸਤਾਨ ਟੀਮ ਪੂਰੇ ਸ਼ਬਾਬ ਉਤੇ ਸੀ। ਸਮੀਉੱਲਾ, ਅਖ਼ਤਰ ਰਸੂਲ, ਮਨਜ਼ੂਰ ਹੁਸੈਨ (ਜੂਨੀਅਰ), ਸਈਅਦ ਅਨਵਰ, ਇਸਲਾਹੂਦੀਨ, ਸ਼ਾਹਨਾਜ਼ ਸ਼ੇਖ, ਹਨੀਫ਼ ਖ਼ਾਨ ਜਿਹੇ ਖਿਡਾਰੀਆਂ ਨਾਲ ਸਜੀ ਪਾਕਿਸਤਾਨ ਟੀਮ ਅੱਗੇ ਕੋਈ ਟੀਮ ਨਹੀਂ ਟਿਕੀ। ਗਰੁੱਪ ਸਟੇਜ ਵਿੱਚ ਪਾਕਿਸਤਾਨ ਨੇ ਖੇਡੇ ਸਾਰੇ ਛੇ ਲੀਗ ਮੈਚ ਜਿੱਤੇ। ਸੈਮੀ ਫ਼ਾਈਨਲ ਵਿੱਚ ਪੱਛਮੀ ਜਰਮਨੀ ਨੂੰ ਵਾਧੂ ਸਮੇਂ ਵਿੱਚ ਗਏ ਮੈਚ ਵਿੱਚ 1-0 ਨਾਲ ਪਛਾੜਿਆ। ਮਿਊਨਿਖ ਓਲੰਪਿਕਸ ਤੋਂ ਬਾਅਦ ਜਰਮਨੀ ਦੀ ਟੀਮ ਨਾਲ ਮੈਚ ਵੀ ਪਾਕਿਸਤਾਨ ਦੀ ਟੀਮ ਭਾਰਤ ਵਾਲੇ ਮੈਚਾਂ ਵਾਂਗ ਖੇਡਦੀ ਸੀ। ਫ਼ਾਈਨਲ ਵਿੱਚ ਪਾਕਿਸਤਾਨ ਨੇ ਹਾਲੈਂਡ ਨੂੰ 3-2 ਨਾਲ ਹਰਾ ਕੇ ਸੱਤ ਵਰਿ੍ਹਆਂ ਬਾਅਦ ਵਿਸ਼ਵ ਕੱਪ ਜਿੱਤ ਲਿਆ। ਆਲਮੀ ਹਾਕੀ ਵਿੱਚ ਪਾਕਿਸਤਾਨ ਉਸ ਵੇਲੇ ਸਭ ਤੋਂ ਤਾਕਤਵਰ ਟੀਮ ਵਜੋਂ ਜਾਣੀ ਜਾਂਦੀ ਸੀ। ਡੱਚ ਟੀਮ ਵਿੱਚ ਪਾਲ ਲਿਟਜ਼ਨ ਤੇ ਟਾਈਸ ਕਰੂਜ਼ ਜਿਹੇ ਖਿਡਾਰੀ ਮੌਜੂਦ ਸਨ। ਇਸੇ ਸਾਲ ਬੈਂਕਾਕ ਵਿਖੇ ਹੋਈਆਂ ਏਸ਼ਿਆਈ ਖੇਡਾਂ ਵਿੱਚ ਪਾਕਿਸਤਾਨ ਟੀਮ ਦਾਅਵੇਦਾਰ ਵਜੋਂ ਉਤਰੀ ਅਤੇ ਲੀਗ ਸਟੇਜ ਵਿੱਚ ਅਜੇਤੂ ਰਹਿਣ ਤੋਂ ਬਾਅਦ ਸੈਮੀ ਫ਼ਾਈਨਲ ਵਿੱਚ ਮਲੇਸ਼ੀਆ ਨੂੰ 5-2 ਅਤੇ ਫ਼ਾਈਨਲ ਵਿੱਚ ਭਾਰਤ ਨੂੰ 1-0 ਨਾਲ ਹਰਾ ਕੇ ਸੋਨ ਤਮਗ਼ਾ ਝੋਲੀ ਪਾਇਆ।
1979 ਵਿੱਚ ਪਰਥ ਵਿਖੇ ਖੇਡੇ ਅਸਾਂਡਾ ਕੱਪ ਵਿੱਚ ਪਾਕਿਸਤਾਨ ਜੇਤੂ ਰਹੇ। ਇਸ ਟੂਰਨਾਮੈਂਟ ਵਿੱਚ ਸਮੀਉੱਲਾ ਤੇ ਕਲੀਮਉੱਲਾ ਭਰਾਵਾਂ ਨੇ ਬਹੁਤ ਸ਼ਾਨਦਾਰ ਖੇਡ ਦਿਖਾਈ। 1980 ਵਿੱਚ ਕਰਾਚੀ ਵਿਖੇ ਚੈਂਪੀਅਨਜ਼ ਟਰਾਫੀ ਖੇਡੀ ਗਈ। ਵਿਸ਼ਵ ਕੱਪ ਤੇ ਓਲੰਪਿਕ ਖੇਡਾਂ ਤੋਂ ਬਾਅਦ ਇਹ ਟੂਰਨਾਮੈਂਟ ਵਿਸ਼ਵ ਹਾਕੀ ਦਾ ਸਭ ਤੋਂ ਅਹਿਮ ਤੇ ਵੱਕਾਰੀ ਮੁਕਾਬਲਾ ਸੀ। ਹਾਕੀ ਵਿਸ਼ਵ ਕੱਪ ਵਾਂਗ ਚੈਂਪੀਅਨਜ਼ ਟਰਾਫ਼ੀ ਵੀ ਪਾਕਿਸਤਾਨ ਹਾਕੀ ਦੇ ਵੱਡੇ ਪ੍ਰਬੰਧਕ ਏਅਰ ਮਾਰਸ਼ਲ ਮਲਿਕ ਨੂਰ ਖਾਨ ਅਵਾਨ ਦੀਆਂ ਕੋਸ਼ਿਸ਼ਾਂ ਨਾਲ ਸ਼ੁਰੂ ਹੋਈ ਸੀ। 1978 ਵਿੱਚ ਪਹਿਲੀ ਚੈਂਪੀਅਨਜ਼ ਟਰਾਫ਼ੀ ਲਾਹੌਰ ਵਿਖੇ ਖੇਡੀ ਗਈ, ਜੋ ਪਾਕਿਸਤਾਨ ਨੇ ਜਿੱਤੀ। ਕਰਾਚੀ ਵਿਖੇ ਦੂਜੇ ਮੁਕਾਬਲੇ ਵਿੱਚ ਪਾਕਿਸਤਾਨ ਟੀਮ ਨੇ ਲੀਗ ਆਧਾਰਤ ਇਸ ਟੂਰਨਾਮੈਂਟ ਦੇ ਸਾਰੇ ਛੇ ਮੈਚ ਜਿੱਤ ਕੇ ਦੂਜੀ ਵਾਰ ਸੋਨ ਤਮਗ਼ਾ ਜਿੱਤਿਆ। ਸਪੇਨ ਖਿਲਾਫ 5-1 ਦੀ ਜਿੱਤ ਵਿੱਚ ਸਮੀਉੱਲਾ ਨੇ ਦੋ ਗੋਲ ਕੀਤੇ, ਜਦੋਂ ਕਿ ਆਸਟਰੇਲੀਆ ਖਿਲਾਫ 7-1 ਦੀ ਇਤਿਹਾਸਕ ਜਿੱਤ ਵਿੱਚ ਸਮੀਉੱਲਾ ਨੇ ਹੈਟ੍ਰਿਕ ਜੜਦਿਆਂ ਤਿੰਨ ਸ਼ਾਨਦਾਰ ਗੋਲਾਂ ਦਾ ਯੋਗਦਾਨ ਪਾਇਆ।
1981 ਤੇ 1982 ਵਿੱਚ ਪਾਕਿਸਤਾਨ ਹਾਕੀ ਲਈ ਦੋ ਅਹਿਮ ਮੁਕਾਬਲੇ ਸਨ, ਜੋ ਕਿ ਦੋਵੇਂ ਭਾਰਤ ਵਿੱਚ ਖੇਡੇ ਜਾਣ ਵਾਲੇ ਸਨ। 1981-82 ਵਿੱਚ ਬੰਬਈ ਵਿਖੇ ਖੇਡੇ ਗਏ ਪੰਜਵੇਂ ਵਿਸ਼ਵ ਕੱਪ ਵਿੱਚ ਪਾਕਿਸਤਾਨ ਟੀਮ ਖਿਤਾਬ ਬਚਾਉਣ ਲਈ ਉਤਰ ਰਹੀ ਸੀ। ਭਾਰਤੀ ਟੀਮ ਆਪਣੇ ਪੂਲ ਵਿੱਚ ਇੱਕ ਅੰਕ ਨਾਲ ਤੀਜੇ ਸਥਾਨ ਉਤੇ ਰਹਿੰਦੀ ਖਿਤਾਬ ਦੀ ਦੌੜ ਵਿੱਚੋਂ ਬਾਹਰ ਹੋ ਗਈ। ਪਾਕਿਸਤਾਨ ਨੇ ਆਪਣੇ ਗਰੁੱਪ ਵਿੱਚ ਖੇਡੇ ਪੰਜੇ ਮੈਚ ਜਿੱਤੇ। ਪਾਕਿਸਤਾਨ ਨੇ ਸੈਮੀ ਫ਼ਾਈਨਲ ਵਿੱਚ ਪੱਛਮੀ ਜਰਮਨੀ ਨੂੰ 3-1 ਅਤੇ ਫ਼ਾਈਨਲ ਵਿੱਚ ਹਾਲੈਂਡ ਨੂੰ 4-2 ਨਾਲ ਹਰਾ ਕੇ ਆਪਣਾ ਤੀਜਾ ਵਿਸ਼ਵ ਕੱਪ ਖਿਤਾਬ ਜਿੱਤਿਆ। ਸਮੀਉੱਲਾ ਦਾ ਇਹ ਦੂਜਾ ਵਿਸ਼ਵ ਕੱਪ ਖਿਤਾਬ ਸੀ। 1982 ਵਿੱਚ ਨਵੀਂ ਦਿੱਲੀ ਵਿਖੇ ਹੋਈਆਂ ਏਸ਼ਿਆਈ ਖੇਡਾਂ ਵਿੱਚ ਸਮੀਉੱਲਾ ਨੂੰ ਪਾਕਿਸਤਾਨ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ। ਪਾਕਿਸਤਾਨ ਨੇ ਮਲੇਸ਼ੀਆ ਨੂੰ 5-2 ਤੇ ਦੱਖਣੀ ਕੋਰੀਆ ਨੂੰ 6-1 ਨਾਲ ਹਰਾ ਕੇ ਆਪਣੇ ਇਰਾਦੇ ਸਪੱਸ਼ਟ ਕਰ ਦਿੱਤੇ। ਫ਼ਾਈਨਲ ਮੁਕਾਬਲਾ ਭਾਰਤ ਤੇ ਪਾਕਿਸਤਾਨ ਵਿਚਾਲੇ ਸੀ, ਜਿਸ ਨੂੰ ਵੇਖਣ ਲਈ ਸ਼ਿਵਾਜੀ ਸਟੇਡੀਅਮ ਸਮਰੱਥਾ ਤੋਂ ਵੱਧ ਭਰਿਆ ਹੋਇਆ ਸੀ। ਭਾਰਤ ਦੀ ਤੱਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ, ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਸਣੇ ਵੱਡੀਆ ਸ਼ਖਸੀਅਤਾਂ ਸਟੇਡੀਅਮ ਵਿੱਚ ਮੌਜੂਦ ਸਨ। ਇਸ ਫ਼ਾਈਨਲ ਮੁਕਾਬਲੇ ਨੂੰ ਸਮੀਉੱਲਾ ਆਪਣੇ ਖੇਡ ਕਰੀਅਰ ਦਾ ਸਭ ਤੋਂ ਅਹਿਮ ਅਤੇ ਯਾਦਗਾਰੀ ਮੈਚ ਦੱਸਦਾ ਹੈ। ਪਾਕਿਸਤਾਨ ਹਾਕੀ ਦੇ ਸਕੱਤਰ ਰਹੇ ਸਾਬਕਾ ਓਲੰਪਿਕ ਤੇ ਏਸ਼ਿਆਈ ਖੇਡਾਂ ਦੇ ਸੋਨ ਤਮਗ਼ਾ ਜੇਤੂ ਬ੍ਰਿਗੇਡੀਅਰ ਮਨਜ਼ੂਰ ਹੁਸੈਨ ਆਤਿਫ਼ ਮੈਚ ਦੌਰਾਨ ਗਰਾਊਂਡ ਦੇ ਨਾਲ ਲੈਫਟ ਆਊਟ ਦੀ ਪੁਜੀਸ਼ਨ ਕੋਲ ਹੀ ਤਣਾਅ ਦੇ ਪਲਾਂ ਵਿੱਚ ਬੈਠੇ ਸਮੀਉੱਲਾ ਤੋਂ ਮੈਚ ਦੇ ਸੰਭਾਵੀ ਨਤੀਜੇ ਬਾਰੇ ਫਿਕਰਮੰਦੀ ਵਿੱਚ ਸਵਾਲ ਪੁੱਛ ਰਹੇ ਸਨ ਕਿ ਚੰਗਾ ਖੇਡ ਲਵੋਗੇ? ਸ਼ੁਰੂਆਤੀ ਪਲਾਂ ਵਿੱਚ ਭਾਰਤ ਵੱਲੋਂ ਗੋਲ ਕੀਤੇ ਜਾਣ ਤੋਂ ਬਾਅਦ ਬ੍ਰਿਗੇਡੀਅਰ ਆਤਿਫ਼ ਨੇ ਤਿਲਮਿਲਾਉਂਦਿਆਂ ਫੇਰ ਸਮੀਉੱਲਾ ਨੂੰ ਪੁੱਛਿਆ ਕਿ ਟੀਮ ਨੂੰ ਕੀ ਹੋ ਗਿਆ? ਸਮੀਉੱਲਾ ਅਨੁਸਾਰ ਉਹ ਟੂਰਨਾਮੈਂਟ ਤੋਂ ਪਹਿਲਾਂ ਹੀ ਬਹੁਤ ਆਤਮ-ਵਿਸ਼ਵਾਸ ਵਿੱਚ ਸਨ ਅਤੇ ਅਖ਼ਤਰ ਰਸੂਲ ਨੂੰ ਛੱਡ ਕੇ ਬਾਕੀ ਸਾਰੀ ਟੀਮ ਦੇ ਖਿਡਾਰੀ ਉਹੀ ਖੇਡ ਰਹੇ ਸਨ, ਜਿਨ੍ਹਾਂ ਪਿਛਲੇ ਕਈ ਸਾਲਾਂ ਤੋਂ ਵੱਡੀਆਂ ਜਿੱਤਾਂ ਵਿੱਚ ਯੋਗਦਾਨ ਪਾਇਆ ਸੀ। ਸਮੀਉੱਲਾ ਨੇ ਬ੍ਰਿਗੇਡੀਅਰ ਆਤਿਫ਼ ਨੂੰ ਸ਼ਾਂਤ ਕੀਤਾ ਅਤੇ ਉਧਰ ਪਾਕਿਸਤਾਨੀ ਟੀਮ ਨੇ ਵਾਪਸੀ ਕਰਦਿਆਂ ਉਤੋਥਲੀ ਗੋਲ ਕਰਨੇ ਸ਼ੁਰੂ ਕਰ ਦਿੱਤੇ। ਹਰ ਗੋਲ ਬਾਅਦ ਸਮੀਉੱਲਾ ਬ੍ਰਿਗੇਡੀਅਰ ਆਤਿਫ਼ ਨੂੰ ਆਖਦੇ ਕਿ ਹੁਣ ਠੀਕ ਹੋ! ਅੱਧੇ ਸਮੇਂ ਤੱਕ ਪਾਕਿਸਤਾਨ ਨੇ 5-1 ਦੀ ਲੀਡ ਬਣਾ ਲਈ। ਦੇਖਦਿਆਂ ਹੀ ਸਟੇਡੀਅਮ ਵਿੱਚ ਸੰਨਾਟਾ ਛਾ ਗਿਆ ਅਤੇ ਅੰਤ ਪਾਕਿਸਤਾਨ ਨੇ 7-1 ਦੀ ਵੱਡੀ ਜਿੱਤ ਨਾਲ ਸੋਨ ਤਮਗ਼ਾ ਜਿੱਤ ਲਿਆ। ਸਮੀਉੱਲਾ ਦਾ ਇਹ ਆਖਰੀ ਵੱਡਾ ਕੌਮਾਂਤਰੀ ਮੁਕਾਬਲਾ ਸੀ, ਜਿਸ ਵਿੱਚ ਪਾਕਿਸਤਾਨ ਨੇ ਉਸ ਦੀ ਕਪਤਾਨੀ ਵਿੱਚ ਵੱਡੀ ਜਿੱਤ ਹਾਸਲ ਕੀਤੀ। ਇਸ ਦੇ ਨਾਲ ਹੀ ਸਮੀਉੱਲਾ ਦੀ ਏਸ਼ਿਆਈ ਖੇਡਾਂ ਵਿੱਚ ਗੋਲਡਨ ਹੈਟ੍ਰਿਕ ਪੂਰੀ ਹੋਈ।
1983 ਵਿੱਚ ਸਮੀਉੱਲਾ 32 ਵਰਿ੍ਹਆਂ ਦਾ ਸੀ ਅਤੇ ਪੂਰੀ ਤਰ੍ਹਾਂ ਫਿੱਟ ਸੀ। ਆਪਣੇ ਅਸੂਲਾਂ ਕਰਕੇ ਪਾਕਿਸਤਾਨ ਹਾਕੀ ਫੈਡਰੇਸ਼ਨ ਨਾਲ ਉਸ ਦਾ ਟਕਰਾਅ ਵੀ ਹੁੰਦਾ ਰਿਹਾ, ਜਿਸ ਕਾਰਨ ਉਸ ਦੇ ਫੈਡਰੇਸ਼ਨ ਨਾਲ ਸਬੰਧ ਸੁਖਾਵੇਂ ਨਾ ਰਹੇ। ਇਸ ਦੌਰਾਨ ਉਸ ਨੇ ਭਲਾਈ ਫੰਡ ਇਕੱਠਾ ਕਰਨ ਲਈ ਮੈਚ ਵੀ ਕਰਵਾਇਆ। ਪਾਕਿਸਤਾਨ ਹਾਕੀ ਫੈਡੇਰਸ਼ਨ ਨੇ ਸਮੀਉੱਲਾ ਨੂੰ 1983 ਵਿੱਚ ਚੈਂਪੀਅਨਜ਼ ਟਰਾਫੀ ਖੇਡਣ ਬਦਲੇ ਮੈਚ ਦੇ ਪੈਸੇ ਫੈਡਰੇਸ਼ਨ ਕੋਲ ਜਮ੍ਹਾਂ ਕਰਵਾਉਣ ਦੀ ਸ਼ਰਤ ਰੱਖੀ, ਜਿਸ ਨੂੰ ਉਸ ਨੇ ਇਨਕਾਰ ਕਰ ਦਿੱਤਾ। ਇਸ ਤਰ੍ਹਾਂ ਸਮੀਉੱਲਾ ਨੇ ਸ਼ਾਨਦਾਰ ਖੇਡ ਕਰੀਅਰ ਤੋਂ ਬਾਅਦ ਅਲਵਿਦਾ ਆਖ ਦਿੱਤੀ। 1980 ਵਿੱਚ ਮਾਸਕੋ ਵਿਖੇ ਹੋਈਆਂ ਓਲੰਪਿਕ ਖੇਡਾਂ ਵਿੱਚ ਅਮਰੀਕਾ ਪੱਖੀ ਮੁਲਕਾਂ ਦੇ ਬਾਈਕਾਟ ਦੇ ਚੱਲਦਿਆਂ ਪਾਕਿਸਤਾਨ ਵੱਲੋਂ ਨਾ ਹਿੱਸਾ ਲੈਣ ਤੋਂ ਬਾਅਦ ਪਾਕਿਸਤਾਨ ਨੇ 1984 ਵਿੱਚ ਲਾਸ ਏਂਜਲਸ ਓਲੰਪਿਕ ਖੇਡਾਂ ਵਿੱਚ ਹਿੱਸਾ ਲਿਆ ਅਤੇ ਸੋਨੇ ਦਾ ਤਮਗ਼ਾ ਜਿੱਤਿਆ। ਹਾਲਾਂਕਿ ਸਮੀਉੱਲਾ ਓਲੰਪਿਕਸ ਲਈ ਫਿੱਟ ਸੀ, ਪਰ ਉਹ ਟੀਮ ਦਾ ਹਿੱਸਾ ਨਹੀਂ ਬਣ ਸਕਿਆ। ਸਮੀਉੱਲਾ ਦੇ ਖੇਡ ਕਰੀਅਰ ਵਿੱਚ ਸਿਰਫ ਓਲੰਪਿਕ ਖੇਡਾਂ ਦੇ ਸੋਨ ਤਮਗ਼ੇ ਦੀ ਕਮੀ ਹੈ।
ਸਮੀਉੱਲਾ ਨੇ ਬਤੌਰ ਖਿਡਾਰੀ ਤੇ ਕਪਤਾਨ ਵਿੱਚੋਂ ਸੰਨਿਆਸ ਲੈਣ ਤੋਂ ਬਾਅਦ ਪਾਕਿਸਤਾਨ ਹਾਕੀ ਦੀ ਕਰੀਬ ਦੋ ਦਹਾਕੇ ਟੀਮ ਮੈਨੇਜਰ ਵਜੋਂ ਸੇਵਾ ਕੀਤੀ। ਇਸ ਦੌਰਾਨ ਉਹ ਪਾਕਿਸਤਾਨ ਦੀਆਂ ਜੂਨੀਅਰ ਤੇ ਸੀਨੀਅਰ ਟੀਮਾਂ ਨਾਲ ਜੁੜੇ ਰਹੇ। ਆਪਣੀ ਖੇਡ ਦੌਰਾਨ ਵੱਡੇ ਟੂਰਨਾਮੈਂਟ ਜਿੱਤਣ ਉਤੇ ਸਮੀਉੱਲਾ ਨੂੰ ਮੌਕੇ ਦੀਆਂ ਸਰਕਾਰਾਂ ਤੋਂ ਪਲਾਟ ਇਨਾਮ ਵਿੱਚ ਮਿਲੇ। ਕਸਟਮ ਵਿਭਾਗ ਵਿੱਚ ਸਮੇਂ ਤੋਂ ਪਹਿਲਾਂ ਆਊਟ ਆਫ਼ ਟਰਨ ਪ੍ਰਮੋਸ਼ਨਾਂ ਮਿਲੀਆਂ। ਸਮੀਉੱਲਾ ਦੀ ਹਾਕੀ ਖੇਡ ਨੂੰ ਦੇਣ ਬਦਲੇ ਪਾਕਿਸਤਾਨ ਸਰਕਾਰ ਨੇ 1983 ਵਿੱਚ ਉਸ ਨੂੰ ਤੀਜੇ ਸਰਵਉੱਚ ਲਿਟਰੇਰੀ ਸਨਮਾਨ ‘ਪ੍ਰਾਈਡ ਆਫ਼ ਪ੍ਰਫਾਰਮੈਂਸ’ ਅਤੇ 2014 ਵਿੱਚ ਤੀਜੇ ਸਰਵਉੱਚ ਨਾਗਰਿਕ ਸਨਮਾਨ ‘ਸਿਤਾਰ-ਏ-ਇਮਤਿਆਜ਼’ ਨਾਲ ਸਨਮਾਨਤ ਕੀਤਾ। ਬਹਾਵਲਪੁਰ ਵਿੱਚ ਛਾਉਣੀ ਖੇਤਰ ਵਿੱਚ ਸਮੀਉੱਲਾ ਦਾ ਵੱਡਾ ਬੁੱਤ ਸਥਾਪਤ ਕੀਤਾ। ਕੁਝ ਸ਼ਰਾਰਤੀ ਅਨਸਰਾਂ ਵੱਲੋਂ ਇੱਕ ਵਾਰ ਬੁੱਤ ਤੋਂ ਹਾਕੀ ਅਤੇ ਗੇਂਦ ਚੁਰਾ ਲਈ ਗਈ ਸੀ ਅਤੇ ਪੁਲਿਸ ਵੱਲੋਂ ਸ਼ਰਾਰਤੀ ਅਨਸਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਸਮੀਉੱਲਾ ਇਸ ਘਟਨਾ ਤੋਂ ਬਹੁਤ ਆਹਤ ਹੋਏ ਸਨ। ਬਹਾਵਲਪੁਰ ਵਿਖੇ ਉਸ ਦੇ ਚਾਚਾ ਓਲੰਪੀਅਨ ਮੋਤੀਉੱਲਾ ਦੀ ਯਾਦ ਵਿੱਚ ਸਟੇਡੀਅਮ ਬਣਿਆ ਹੋਇਆ ਹੈ।
ਸਮੀਉੱਲਾ ਦੁਨੀਆਂ ਦੇ ਸਿਖਰਲੇ ਲੈਫਟ ਵਿੰਗਰਾਂ ਵਿੱਚੋਂ ਇੱਕ ਹੈ, ਜਿਸ ਦੀ ਗੋਲੀ ਦੀ ਰਫ਼ਤਾਰ ਵਰਗੀ ਸਪੀਡ, ਡਰਿਬਲਿੰਗ, ਵਿਰੋਧੀ ਡਿਫੈਂਡਰਾਂ ਨੂੰ ਝਕਾਨੀ ਦੇਣ ਲਈ ਬੌਡੀ ਡਾਜ਼ ਦੀ ਕਲਾ, ਲੰਬੀਆਂ ਪੁਲਾਂਘਾਂ ਭਰਦਿਆਂ ਬਾਲ ਕੰਟਰੋਲ ਨਾਲ ਅੱਗੇ ਵਧਣ ਦੀ ਸ਼ਕਤੀ, ਤੇਜ਼ ਤਰਾਰ ਤੇ ਸਟੀਕ ਹਿੱਟ ਅਤੇ ਡੀ ਅੰਦਰ ਖਿਡਾਰੀ ਨੂੰ ਨਾਪ-ਤੋਲ ਕੇ ਮਿਣਵਾਂ ਪਾਸ ਦੇਣ ਦੀ ਕਲਾ ਬਾਕੀ ਖਿਡਾਰੀਆਂ ਨੂੰ ਵੱਖਰਾ ਬਣਾਉਂਦੀ ਹੈ। ਅਖ਼ਤਰ ਰਸੂਲ ਉਸ ਦੀ ਖੇਡ ਦਾ ਬਹੁਤ ਵੱਡਾ ਮੁਰੀਦ ਸੀ। ਇੱਕ ਵਾਰ ਸਮੀਉੱਲਾ ਦੀ ਕਿਸੇ ਫੇਸਬੁੱਕ ਪੋਸਟ ਉਤੇ ਅਖ਼ਤਰ ਰਸੂਲ ਨੇ ਕੁਮੈਂਟ ਕਰਦਿਆਂ ਲਿਖਿਆ, “ਸਮੀਉੱਲਾ ਨੇ ਹਾਕੀ ਮੈਚ ਦੌਰਾਨ 10 ਲੱਖ ਪਾਸ ਦਿੱਤੇ ਹੋਣ, ਕਦੇ ਵੀ ਪਾਸ ਬੇਕਾਰ ਨਹੀਂ ਗਿਆ। (ਬਾਲ ਸਿੱਧਾ ਸਾਥੀ ਖਿਡਾਰੀ ਕੋਲ ਜਾਂਦੀ ਸੀ)”
ਹਾਕੀ ਖੇਡ ਵਿੱਚ ਸਮੀਉੱਲਾ ਲੈਫਟ ਵਿੰਗ ਅਤੇ ਉਸ ਦਾ ਛੋਟਾ ਭਰਾ ਕਲੀਮਉੱਲਾ ਰਾਈਟ ਵਿੰਗ ਤੋਂ ਪਾਕਿਸਤਾਨੀ ਹਮਲਿਆਂ ਦੀ ਅਗਵਾਈ ਕਰਦੇ। ਬਹੁਤੇ ਮੈਚਾਂ ਵਿੱਚ ਦੋਵੇਂ ਖਿਡਾਰੀਆਂ ਦੀ ਜੁਗਲਬੰਦੀ ਇੰਨੀ ਕਮਾਲ ਦੀ ਹੁੰਦੀ ਕਿ ਕੁਮੈਂਟੇਟਰ ਦੇ ਮੂੰਹੋ ਨਿਰੰਤਰ ਦੋਹਾਂ ਭਰਾਵਾਂ ਦੇ ਗੁਣਗਾਨ ਹੀ ਸੁਣਨ ਨੂੰ ਮਿਲਦੇ। ਦੋਹਾਂ ਭਰਾਵਾਂ ਵਿਚਾਲੇ ਜਦੋਂ ਬਾਲ ਇੱਧਰੋਂ-ਉਧਰ ਪਾਸ ਦਿੱਤੀ ਜਾਂਦੀ ਤਾਂ ਸੁਣਨ ਵਾਲੇ ਨੂੰ ਲੱਗਦਾ ਜਿਵੇਂ ਇਹ ਬਹਾਵਲਪੁਰੀਏ ਭਰਾਵਾਂ ਦਾ ਕੋਈ ਘਰੇਲੂ ਮੈਚ ਚੱਲ ਰਿਹਾ ਹੋਵੇ।
1974 ਦੀਆਂ ਤਹਿਰਾਨ ਏਸ਼ਿਆਈ ਖੇਡਾਂ ਤੋਂ ਪਹਿਲਾਂ ਜਦੋਂ ਹਸਨ ਅਬਦਾਲ ਵਿਖੇ ਪਾਕਿਸਤਾਨ ਹਾਕੀ ਟੀਮ ਸਣੇ ਸਮੁੱਚੇ ਪਾਕਿਸਤਾਨੀ ਖੇਡ ਦਲ ਦਾ ਕੈਂਪ ਲੱਗਿਆ ਹੋਇਆ ਸੀ ਤਾਂ ਉਸ ਵੇਲੇ ਦੇ ਖੇਡ ਮੰਤਰੀ ਨੇ ਉਸ ਸਮੇਂ ਦੇ ਵਜ਼ੀਰ-ਏ-ਆਜ਼ਮ (ਪ੍ਰਧਾਨ ਮੰਤਰੀ) ਜ਼ੁਲਫੀਕਾਰ ਅਲੀ ਭੁੱਟੋ ਨੂੰ ਸ਼ਿਕਾਇਤ ਲਗਾਈ ਕਿ ਸਮੀਉੱਲਾ ਆਪਣੇ ਭਰਾ ਕਲੀਮਉੱਲਾ ਨੂੰ ਸਿਫਾਰਸ਼ ਨਾਲ ਟੀਮ ਵਿੱਚ ਰੱਖ ਰਿਹਾ ਹੈ, ਜਿਸ ਕਾਰਨ ਸਫਦਾਰ ਅੱਬਾਸ ਖਿਡਾਰੀ ਦਾ ਹੱਕ ਮਾਰਿਆ ਜਾ ਰਿਹਾ ਹੈ। ਜ਼ੁਲਫੀਕਾਰ ਭੁੱਟੋ ਨੇ ਮੌਕੇ ਉਤੇ ਹੀ ਕੈਂਪ ਦਾ ਨਿਰੀਖਣ ਕਰਨ ਦਾ ਫੈਸਲਾ ਕਰ ਲਿਆ। ਭੁੱਟੋ ਕੈਂਪ ਵਿੱਚ ਪਹੁੰਚ ਗਏ ਅਤੇ ਉਨ੍ਹਾਂ ਜਾਂਦਿਆਂ ਹੀ ਪੁੱਛਿਆ ਕਿ ਬਹਾਵਲਪੁਰੀਏ ਭਰਾ ਕੌਣ ਹਨ? ਸਮੀਉੱਲਾ ਤੇ ਕਲੀਮਉੱਲਾ ਨੂੰ ਮਿਲਣ ਤੋਂ ਬਾਅਦ ਜਦੋਂ ਭੁੱਟੋ ਨੇ ਦੋਹਾਂ ਨੂੰ ਕੈਂਪ ਦੌਰਾਨ ਖੇਡਦਿਆਂ ਦੇਖਿਆ ਤਾਂ ਉਹ ਦੋਹਾਂ ਭਰਾਵਾਂ ਦੀ ਖੇਡ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਮੌਕੇ ’ਤੇ ਹੀ ਖੇਡ ਮੰਤਰੀ ਦੀ ਖਿਚਾਈ ਕਰ ਦਿੱਤੀ। ਸਮੀਉੱਲਾ ਹੁਰਾਂ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਕੀ ਹੋ ਰਿਹਾ ਹੈ? ਭੁੱਟੋ ਦੇ ਜਾਣ ਤੋਂ ਬਾਅਦ ਟੀਮ ਦੇ ਸਾਂਝੇ ਭਾਰਤ ਵੱਲੋਂ ਓਲੰਪਿਕ ਚੈਂਪੀਅਨ ਰਹੇ ਅਲੀ ਇਕਤਦਾਰ ਸ਼ਾਹ (ਏ.ਆਈ.ਐਸ.) ਦਾਰਾ ਜੋ ਟੀਮ ਦੇ ਮੈਨੇਜਰ ਸਨ, ਨੇ ਸਮੀਉੱਲਾ ਤੇ ਕਲੀਮਉੱਲਾ ਨੂੰ ਘੁੱਟ ਕੇ ਜੱਫੀ ਪਾ ਲਈ। ਫੇਰ ਦੋਹਾਂ ਭਰਾਵਾਂ ਨੂੰ ਸਾਰੀ ਗੱਲ ਸਮਝ ਆਈ।
ਭਾਰਤੀ ਟੀਮ ਨਾਲ ਮੈਚ ਦੌਰਾਨ ਖੁੰਦਕ ਵਿੱਚ ਖੇਡਣ ਵਾਲਾ ਸਮੀਉੱਲਾ ਮੈਦਾਨ ਤੋਂ ਬਾਹਰ ਭਾਰਤੀ ਖਿਡਾਰੀਆਂ ਦਾ ਗੂੜ੍ਹਾ ਮਿੱਤਰ ਸੀ। ਪੰਜਾਬੀ ਖਿਡਾਰੀਆਂ ਨਾਲ ਉਸ ਦੀ ਬਹੁਤ ਬਣਦੀ ਸੀ। ਵਰਿੰਦਰ ਉਸ ਦਾ ਚੰਗਾ ਦੋਸਤ ਸੀ। ਵਰਿੰਦਰ ਰਾਈਟ ਹਾਫ਼ ਹੋਣ ਕਰਕੇ ਦੋਹਾਂ ਦੀ ਸਾਈਡ ਇੱਕੋ ਹੋਣ ਕਰਕੇ ਦੋਵੇਂ ਗਰਾਊਂਡ ਵਿੱਚ ਧੁਰ ਵਿਰੋਧੀ ਹੁੰਦੇ ਸਨ। ਅਜੀਤ ਪਾਲ ਸਿੰਘ, ਸੁਰਜੀਤ ਸਿੰਘ, ਹਰਚਰਨ ਸਿੰਘ ਤੇ ਅਸ਼ੋਕ ਕੁਮਾਰ ਨਾਲ ਬਹੁਤ ਬਣਦੀ ਸੀ। ਹਰਚਰਨ ਸਿੰਘ ਵੀ ਲੈਫ਼ਟ ਵਿੰਗਰ ਸੀ ਅਤੇ ਉਸ ਨੂੰ ਭਾਰਤੀ ਹਾਕੀ ਦਾ ਫਲਾਇੰਗ ਹੌਰਸ ਕਿਹਾ ਜਾਂਦਾ ਸੀ। ਦੋਵੇਂ ਗੂੜ੍ਹੇ ਮਿੱਤਰ ਸਨ। 2004 ਵਿੱਚ ਜਦੋਂ ਪਾਕਿਸਤਾਨ ਹਾਕੀ ਟੀਮ ਅੰਮ੍ਰਿਤਸਰ ਵਿਖੇ ਭਾਰਤ ਵਿਰੁੱਧ ਟੈਸਟ ਲੜੀ ਦਾ ਮੈਚ ਖੇਡਣ ਆਈ ਤਾਂ ਸਮੀਉੱਲਾ ਤੇ ਹਰਚਰਨ ਸਿੰਘ ਤਪਾਕ ਨਾਲ ਮਿਲੇ।
ਸਮੀਉੱਲਾ 1996 ਐਟਲਾਂਟਾ ਓਲੰਪਿਕਸ ਵਿੱਚ ਜਦੋਂ ਪਾਕਿਸਤਾਨ ਹਾਕੀ ਦਾ ਮੈਨੇਜਰ ਸੀ ਤਾਂ ਉਹ ਟੀਮ ਦੇ ਖਿਡਾਰੀਆਂ ਦੇ ਆਲਸੀ ਰਵੱਈਏ ਤੋਂ ਬਹੁਤ ਨਾਰਾਜ਼ ਹੋਇਆ। ਉਸ ਵੇਲੇ ਫਾਰਮ ਤੋਂ ਬਾਹਰ ਚੱਲ ਰਹੇ ਅਤੇ ਉਮਰਦਰਾਜ਼ ਹੋਏ ਸ਼ਾਹਬਾਜ਼ ਅਹਿਮਦ (ਸੀਨੀਅਰ) ਵੱਲੋਂ ਸਿੱਧਾ ਟੀਮ ਵਿੱਚ ਚੁਣੇ ਜਾਣ ਉਤੇ ਵੀ ਸਮੀਉੱਲਾ ਵੱਲੋਂ ਨਾਰਾਜ਼ਗੀ ਜਤਾਈ ਗਈ। ਉਸ ਨੇ ਸ਼ਾਹਬਾਜ਼ ਨੂੰ ਇਹ ਵੀ ਪੁੱਛਿਆ, ਕੀ ਉਹ ਪ੍ਰੈਕਟਿਸ ਕਰਦਾ ਹੈ? ਸ਼ਾਹਬਾਜ਼ ਦੀ ਓਲੰਪਿਕਸ ਦੌਰਾਨ ਨੀਰਸ ਖੇਡ ਨੇ ਸਮੀਉੱਲਾ ਦਾ ਤੌਖਲਾ ਸਹੀ ਸਿੱਧ ਕੀਤਾ। ਉਸ ਵੇਲੇ ਉਹ ਪਾਕਿਸਤਾਨ ਹਾਕੀ ਫੈਡਰੇਸ਼ਨ ਦੇ ਸਕੱਤਰ ਕਰਨਲ ਮੁਦੱਸਰ ਦੇ ਟੀਮ ਦੇ ਮੈਨੇਜਰ ਬਣਨ ਉਤੇ ਵੀ ਨਾਰਾਜ਼ ਹੋਇਆ ਸੀ। ਉਸ ਦਾ ਮੰਨਣਾ ਸੀ ਕਿ ਸਕੱਤਰ ਨੂੰ ਮੈਨੇਜਰ ਨਹੀਂ ਬਣਨਾ ਚਾਹੀਦਾ। ਸਮੀਉੱਲਾ ਪਾਕਿਸਤਾਨ ਹਾਕੀ ਨਾਲ ਬਤੌਰ ਮੈਨੇਜਰ 2005 ਤੱਕ ਜੁੜਿਆ ਰਿਹਾ। ਉਹ ਪਾਕਿਸਤਾਨ ਹਾਕੀ ਫੈਡਰੇਸ਼ਨ ਦੇ ਸਲਾਹਕਾਰ ਪੈਨਲ ਦਾ ਮੈਂਬਰ ਵੀ ਰਿਹਾ। ਟੀਮ ਦੇ ਮੈਨੇਜਰ ਵਜੋਂ ਅਸਤੀਫਾ ਦਿੰਦਿਆਂ ਉਸ ਨੇ ਲਿਖਿਆ ਸੀ ਕਿ ਟੀਮ ਦੇ ਕੋਚ ਦੀ ਚੋਣ ਸਮੇਂ ਉਸ ਦੀ ਸਲਾਹ ਨਹੀਂ ਲਈ ਜਾਂਦੀ, ਜਦੋਂ ਕਿ ਇਸ ਤੋਂ ਪਹਿਲਾਂ ਇਹ ਰਵਾਇਤ ਰਹੀ ਹੈ ਕਿ ਮੈਨੇਜਰ ਨਾਲ ਸਲਾਹ-ਮਸ਼ਵਰਾ ਕਰਕੇ ਕੋਚ ਚੁਣਿਆ ਜਾਂਦਾ ਰਿਹਾ ਹੈ। ਸਮੀਉੱਲਾ ਆਪਣੀ ਗੱਲ ਜੁਰੱਅਤ ਅਤੇ ਸਾਫ਼ਗੋਈ ਨਾਲ ਰੱਖਣ ਵਿੱਚ ਵਿਸ਼ਵਾਸ ਕਰਦਾ ਸੀ।
ਪਾਕਿਸਤਾਨ ਕਸਟਮ ਵਿੱਚ ਨੌਕਰੀ ਦੌਰਾਨ ਸਮੀਉੱਲਾ ਨੇ ਆਪਣਾ ਟਿਕਾਣਾ ਕਰਾਚੀ ਰੱਖਿਆ ਅਤੇ ਉਸ ਨੂੰ ਕਰਾਚੀ ਸ਼ਹਿਰ ਬਹੁਤ ਪਸੰਦ ਸੀ। ਕਸਟਮ ਵਿੱਚ ਰਿਟਾਇਰਮੈਂਟ ਤੋਂ ਬਾਅਦ ਉਹ ਬਹਾਵਲਪੁਰ ਪੱਕੇ ਤੌਰ ਉਤੇ ਰਹਿੰਦਾ ਹੈ, ਜਿੱਥੇ ਉਹ ਟਰੱਸਟ ਬਣਾ ਕੇ ਚੈਰੀਟੇਬਲ ਅੱਖਾਂ ਦਾ ਹਸਪਤਾਲ ਚਲਾ ਰਿਹਾ ਹੈ। ਹਸਪਤਾਲ ਹੁਣ ਤੱਕ ਲੱਖਾਂ ਮਰੀਜ਼ਾਂ ਨੂੰ ਦੇਖ ਚੁੱਕਾ ਹੈ ਅਤੇ ਹਜ਼ਾਰਾਂ ਮਰੀਜ਼ਾਂ ਦੀਆਂ ਅੱਖਾਂ ਦੇ ਆਪੇ੍ਰਸ਼ਨ ਤੇ ਐਨਕਾਂ ਦਾ ਪ੍ਰਬੰਧ ਕਰ ਚੁੱਕਾ ਹੈ। ਸਮੀਉੱਲਾ ਆਲੇ-ਦੁਆਲੇ ਦੀ ਸਾਂਭ ਸੰਭਾਲ, ਪਾਰਕਾਂ ਦਾ ਰੱਖ-ਰਖਾਓ ਸਮੇਤ ਹੋਰ ਸਮਾਜਿਕ ਕੰਮਾਂ ਵਿੱਚ ਆਪਣੇ-ਆਪ ਨੂੰ ਵਿਅਸਥ ਰੱਖਦਾ ਹੈ। ਅਜੋਕੇ ਸਮੇਂ ਪਾਕਿਸਤਾਨ ਹਾਕੀ ਦੇ ਮਾੜੇ ਹਾਲ ਤੋਂ ਚਿੰਤਤ ਸਮੀਉੱਲਾ ਦਾ ਕਹਿਣਾ ਹੈ ਕਿ ਪਾਕਿਸਤਾਨ ਹਾਕੀ ਨੇ ਯੂਰਪੀਅਨ ਟੀਮਾਂ ਵਾਂਗ ਆਪਣੇ-ਆਪ ਨੂੰ ਸਮੇਂ ਅਨੁਸਾਰ ਨਹੀਂ ਬਦਲਿਆ। ਸਮੀਉੱਲਾ ਪਾਕਿਸਤਾਨ ਹਾਕੀ ਦਾ ਲਿਵਿੰਗ ਲੀਜੈਂਡ ਹੈ, ਜਿਸ ਦਾ ਨਾਂ ਹਮੇਸ਼ਾ ਹੀ ਪਾਕਿਸਤਾਨ ਹਾਕੀ ਦੇ ਅੰਬਰ ਉਤੇ ਧਰੂ ਤਾਰੇ ਵਾਂਗ ਚਮਕਦਾ ਰਹੇਗਾ।

Leave a Reply

Your email address will not be published. Required fields are marked *