ਸ਼ਿਕਾਗੋ (ਪੰਜਾਬੀ ਪਰਵਾਜ਼ ਬਿਊਰੋ): ਗੁਰਦੁਆਰਾ ਪੈਲਾਟਾਈਨ ਵੱਲੋਂ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜਾਏ ਗਏ ਨਗਰ ਕੀਰਤਨ ਵਿੱਚ ਸੰਗਤਾਂ ਹੁੰਮ ਹੁਮਾ ਕੇ ਸ਼ਾਮਲ ਹੋਈਆਂ। ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਅਰੰਭ ਹੋਇਆ। ਗੁਰੂ ਘਰ ਵੱਲੋਂ ਨਗਰ ਕੀਰਤਨ ਦਾ ਕੀਤਾ ਗਿਆ ਇਹ ਤੀਜਾ ਉਪਰਾਲਾ ਸੀ। ਇਸ ਤੋਂ ਪਹਿਲਾਂ ਸਰਬ-ਧਰਮ ਸੰਮੇਲਨ ਦੌਰਾਨ ਵੀ ਸ਼ਿਕਾਗੋ ਡਾਊਨਟਾਊਨ ਵਿੱਚ ਨਗਰ ਕੀਰਤਨ ਸਜਾਇਆ ਗਿਆ ਸੀ।
ਨਗਰ ਕੀਰਤਨ ਤੁਰਨ ਤੋਂ ਪਹਿਲਾਂ ਸੰਗਤ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋਈ ਅਤੇ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਨੂੰ ਪਾਲਕੀ ਵਿੱਚ ਸ਼ੁਸ਼ੋਭਿਤ ਕਰਨ ਸਮੇਂ ਸੰਗਤ ਨੇ ਫੁੱਲ ਅਰਪਣ ਕੀਤੇ। ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੈਰਾਮ ਸਿੰਘ ਕਾਹਲੋਂ ਨੇ ਗੁਰੂ ਮਹਾਰਾਜ ਦੀ ਸਵਾਰੀ ਨੂੰ ਪਾਲਕੀ ਵਿੱਚ ਸੁਭਾਇਮਾਨ ਕੀਤਾ, ਜਦਕਿ ਹੋਰ ਕਮੇਟੀ ਮੈਂਬਰ ਆਪੋ-ਆਪਣੀਆਂ ਡਿਊਟੀਆਂ ਨਿਭਾਅ ਰਹੇ ਸਨ। ਗੁਰੂ ਮਹਾਰਾਜ ਦੀ ਪਾਲਕੀ ਵੀ ਫੁੱਲਾਂ ਨਾਲ ਸਜਾਈ ਗਈ ਸੀ। ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਵਾਲੇ ਫਲੋਟ `ਤੇ ਸਾਂਝੀਵਾਲਤਾ ਦੇ ਸੁਨੇਹੇ ਸਮੇਤ ਗੁਰਬਾਣੀ ਦੀਆਂ ਪੰਕਤੀਆਂ ਲਿਖੀਆਂ ਹੋਈਆਂ ਸਨ। ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੇ ਭਾਈ ਲਖਵਿੰਦਰ ਸਿੰਘ ਚੌਰ ਝੁਲਾਉਣ ਦੀ ਸੇਵਾ ਕਰ ਰਹੇ ਸਨ ਅਤੇ ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਸੰਦੀਪ ਸਿੰਘ ਤੇ ਭਾਈ ਅਨਮੋਲ ਸਿੰਘ ਦੇ ਜਥਿਆਂ ਨੇ ਨਗਰ ਕੀਰਤਨ ਦੇ ਪੈਂਡੇ ਦੌਰਾਨ ਇਲਾਹੀ ਬਾਣੀ ਦਾ ਗਾਇਨ ਕੀਤਾ। ਸੰਗਤ ਨੇ ਸ਼ਬਦ ਗੁਰੂ ਦਾ ਸਤਿਕਾਰ ਬਰਕਰਾਰ ਰੱਖਦਿਆਂ ਮੁੱਖ ਫਲੋਟ ਤੋਂ ਚੱਲ ਰਹੇ ਗੁਰਬਾਣੀ ਦੇ ਪਰਵਾਹ ਦੇ ਨਾਲ ਨਾਲ ਗਾਇਨ ਕੀਤਾ। ਰਸਤੇ ਵਿੱਚ ਸੰਗਤਾਂ ਸਤਿਨਾਮ ਵਾਹਿਗੁਰੂ ਦਾ ਜਾਪ ਵੀ ਕਰਦੀਆਂ ਰਹੀਆਂ। ਨਗਰ ਕੀਰਤਨ ਦੌਰਾਨ ਕੁਝ ਲੋਕ ਆਪੋ-ਆਪਣੀਆਂ ਗੱਲਾਂ ਵਿੱਚ ਵੀ ਰੁੱਝੇ ਹੋਏ ਸਨ। ਉਂਜ ਗੱਡੀ ਉਤੇ ਵੱਜਦੇ ਨਗਾਰੇ ਦਾ ਆਪਣਾ ਹੀ ਜਲੌਅ ਸੀ।
ਪ੍ਰਬੰਧਕਾਂ ਅਨੁਸਾਰ ਨਗਰ ਕੀਰਤਨ ਦੌਰਾਨ ਵੱਡੀ ਗਿਣਤੀ ਵਾਲੰਟੀਅਰ ਆਪੋ-ਆਪਣੀਆਂ ਸੇਵਾਵਾਂ ਨਿਭਾਅ ਰਹੇ ਸਨ। ਪਾਲਕੀ ਵਾਲੇ ਫਲੋਟ ਦੇ ਮੂਹਰੇ ਸੇਵਾਦਾਰ ਪਾਣੀ ਤ੍ਰੌਂਕ ਰਹੇ ਸਨ ਅਤੇ ਝਾੜੂਬਰਦਾਰ ਝਾੜੂ ਨਾਲ ਸੜਕ ਸਾਫ ਕਰਦੇ ਜਾ ਰਹੇ ਸਨ। ਇੱਕ ਜਥਾ ਬੈਨਰ ਫੜੀ ਜਾ ਰਿਹਾ ਸੀ ਅਤੇ ਨਾਲ ਨਾਲ ਨਿਸ਼ਾਨਚੀ ਸਿੱਖੀ ਦੇ ਨਿਸ਼ਾਨ ਝੰਡੇ ਲੈ ਕੇ ਚੱਲ ਰਹੇ ਸਨ। ਸੰਗਤ ਦੀ ਵਹੀਰ ਨੂੰ ਰਾਹਬੱਧ ਰੱਖਣ ਲਈ ਕੁਝ ਵਾਲੰਟੀਅਰ ਸੜਕ ਦੇ ਦੁਆਲੇ ਰੱਸੇ ਫੜ ਕੇ ਚੱਲ ਰਹੇ ਸਨ ਤਾਂ ਜੋ ਸੰਗਤ ਨਗਰ ਕੀਰਤਨ ਦੇ ਰਸਤੇ ਵਿੱਚ ਪੈਂਦੇ ਘਰਾਂ ਦੇ ਘਾਹ ਵਗੈਰਾ ਉਤੋਂ ਦੀ ਨਾ ਲੰਘੇ ਅਤੇ ਕਿਸੇ ਦੀ ਨਿੱਜੀ ਪ੍ਰਾਪਰਟੀ ਵਿੱਚੋਂ ਲੰਘਣ ਕਾਰਨ ਕਿਸੇ ਕਿਸਮ ਦੀ ਸ਼ਿਕਾਇਤ ਦਾ ਸਬੱਬ ਨਾ ਬਣੇ। ਸਿਕਿਉਰਿਟੀ ਦੇ ਮੱਦੇਨਜ਼ਰ ਪੁਲਿਸ ਵਿੱਚ ਸੇਵਾ ਨਿਭਾਅ ਰਹੇ ਭਾਈਚਾਰੇ ਦੇ ਪਰਦੀਪ ਸਿੰਘ (ਪੀਟ) ਦਿਓਲ ਅਤੇ ਪੈਲਾਟਾਈਨ ਪੁਲਿਸ ਦੇ ਮੁਲਾਜ਼ਮ ਤਾਇਨਾਤ ਸਨ। ਪੁਲਿਸ ਕਰਮਚਾਰੀਆਂ ਅਤੇ ਵਾਲੰਟੀਅਰਾਂ ਨੇ ਨਗਰ ਕੀਰਤਨ ਦੇ ਮਿਥੇ ਰੂਟ ਵਾਲੇ ਰਸਤੇ ਨਾਲ ਜੁੜਦੀਆਂ ਸੜਕਾਂ ਦੀ ਟਰੈਫਿਕ ਨੂੰ ਕੰਟਰੋਲ ਕਰਨ ਵਿੱਚ ਵੀ ਸਹਿਯੋਗ ਦਿੱਤਾ।
ਰਸਤੇ ਵਿੱਚ ਅਮਰੀਕਨ ਮੂਲ ਦਾ ਗੁਆਂਢੀ ਭਾਈਚਾਰਾ ਘਰਾਂ ਵਿੱਚੋਂ ਨਿਕਲ ਕੇ ਨਗਰ ਕੀਰਤਨ ਦਾ ਜਲੌਅ ਵੇਖ ਰਿਹਾ ਸੀ ਅਤੇ ਕੁਝ ਗੋਰੇ ਤਾਂ ਨਗਰ ਕੀਰਤਨ ਦੀਆਂ ਤਸਵੀਰਾਂ ਖਿੱਚ ਰਹੇ ਸਨ ਤੇ ਵੀਡੀਓ ਵਗੈਰਾ ਬਣਾ ਰਹੇ ਸਨ। ਨਾਲ ਨਾਲ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਤੇ ਵਾਲੰਟੀਅਰ ਦੂਜੇ ਭਾਈਚਾਰਿਆਂ ਦੇ ਲੋਕਾਂ ਨੂੰ ਨਗਰ ਕੀਰਤਨ ਬਾਰੇ ਦੱਸ ਰਹੇ ਸਨ ਅਤੇ ਸਿੱਖ ਧਰਮ ਬਾਰੇ ਸੰਖੇਪ ਜਾਣਕਾਰੀ ਵਾਲੇ ਛਪਵਾਏ ਗਏ ਪੈਂਫਲਟ ਵੀ ਵੰਡ ਰਹੇ ਸਨ। ਨਗਰ ਕੀਰਤਨ ਦੌਰਾਨ ਕੁਝ ਸੰਗਤ ਮੈਂਬਰਾਂ ਦਾ ਸੁਝਾਅ ਸੀ ਕਿ ਨਗਰ ਕੀਰਤਨ ਵਿੱਚ ਹੋਰ ਭਾਈਚਾਰਕ ਸ਼ਮੂਲੀਅਤ ਯਕੀਨੀ ਬਣਾਉਣ ਲਈ ਸਾਨੂੰ ਨੇੜੇ-ਤੇੜੇ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ।
ਕਾਰਸੇਵਕ ਕੁਲਬੀਰ ਸਿੰਘ ਦਿਓਲ ਦੇ ਰਸਤੇ ਵਿੱਚ ਪੈਂਦੇ ਘਰ ਮੂਹਰੇ ਨਗਰ ਕੀਰਤਨ ਦਾ ਠਹਿਰਾਅ ਕੀਤਾ ਗਿਆ, ਜਿਸ ਦੌਰਾਨ ਸੰਗਤ ਦੀ ਪਾਣੀ, ਜੂਸ, ਫਲਾਂ, ਚਾਕਲੇਟ, ਚਿਪਸ, ਸਨੈਕਸ ਵਗੈਰਾ ਨਾਲ ਸੇਵਾ ਕੀਤੀ ਗਈ। ਨਾਲੋ ਨਾਲ ਸਫਾਈ ਦਾ ਧਿਆਨ ਰੱਖਦਿਆਂ ਵਾਲੰਟੀਅਰ ਕੂੜਾ ਜਾਂ ਪਾਣੀ-ਜੂਸ ਦੀਆਂ ਖਾਲੀ ਬੋਤਲਾਂ ਗਾਰਬੇਜ ਬੈਗਾਂ ਵਿੱਚ ਸਮੇਟ ਰਹੇ ਸਨ।
ਇਸ ਵਾਰ ਵਿਸ਼ੇਸ਼ ਉਦਮ ਇਹ ਕੀਤਾ ਗਿਆ ਸੀ ਕਿ ਬਜ਼ੁਰਗਾਂ ਦੀ ਸਹੂਲਤ ਦਾ ਧਿਆਨ ਰੱਖਦਿਆਂ ਇੱਕ ਵੱਖਰਾ ਟਰਾਲਾ ਜੋੜਿਆ ਗਿਆ ਸੀ, ਜਿਸ ਉਤੇ ਉਹ ਸੰਗਤ ਮੈਂਬਰ ਬੈਠੇ ਸਨ, ਜਿਨ੍ਹਾਂ ਨੂੰ ਵਧੇਰੇ ਤੁਰਨ ਫਿਰਨ ਨਾਲ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਉਂਜ ਇਸ ਟਰਾਲੇ `ਤੇ ਕੁਝ ਬੱਚੇ ਵੀ ਬੈਠੇ ਹੋਏ ਸਨ। ਇਸ ਸਹੂਲਤ ਲਈ ਬਜ਼ੁਰਗ ਸੰਗਤ ਮੈਂਬਰਾਂ ਨੇ ਪ੍ਰਬੰਧਕਾਂ ਦਾ ਉਚੇਚਾ ਧੰਨਵਾਦ ਕੀਤਾ। ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਲਈ ਸੇਵਾਦਾਰਾਂ ਨੇ ਤਿੰਨ-ਚਾਰ ਦਿਨ ਪਹਿਲਾਂ ਹੀ ਫਲੋਟ ਦੀ ਸਜਾਵਟ ਵਗੈਰਾ ਦੀ ਤਿਆਰੀ ਅਰੰਭ ਕਰ ਦਿੱਤੀ ਸੀ।
ਨਗਰ ਕੀਰਤਨ ਦੇ ਫਲੋਟਾਂ ਵਿੱਚ ਕਾਰਸੇਵਾ ਨਾਲ ਜੁੜੇ ਸੱਜਣਾਂ ਵੱਲੋਂ ਉਚੇਚਾ ਤਿਆਰ ਕੀਤਾ ਗਿਆ ‘ਕਰਤਾਰ ਗੱਡਾ’ ਵੀ ਸ਼ਾਮਲ ਕੀਤਾ ਗਿਆ ਸੀ। ਇਸ ਫਲੋਟ ਉਤੇ ਖੇਤੀ ਨਾਲ ਜੁੜੇ ਸੰਦ- ਹਲ, ਜੰਦਰਾ, ਕਹੀ, ਦਾਤੀ, ਖੁਰਪਾ ਵਗੈਰਾ ਰੱਖੇ ਹੋਏ ਸਨ ਅਤੇ ਬਾਬੇ ਨਾਨਕ ਦਾ ‘ਕਿਰਤ ਕਰੋ’ ਦਾ ਸੁਨੇਹਾ ਸੰਗਤਾਂ ਨੂੰ ਦਿੱਤਾ ਜਾ ਰਿਹਾ ਸੀ। ਰਸਤੇ ਵਿੱਚ ਸਿੰਘਾਂ ਨੇ ਗਤਕੇ ਦੇ ਜੌਹਰ ਵੀ ਦਿਖਾਏ। ਨਗਰ ਕੀਰਤਨ ਦੀ ਸਮਾਪਤੀ ਉਪਰੰਤ ਵੀ ਗਤਕਾ ਦਲ ਨੇ ਗਤਕਾ ਖੇਡਿਆ।
ਨਗਰ ਕੀਰਤਨ ਦੌਰਾਨ ਸੰਗਤ ਲਈ ਲੰਗਰ ਦਾ ਵਿਸ਼ੇਸ਼ ਪ੍ਰਬੰਧ ਸੀ, ਜੋ ਕਿ ਬਾਹਰ ਗੁਰੂ ਘਰ ਦੇ ਅਹਾਤੇ ਵਿੱਚ ਟੈਂਟ ਲਗਾ ਕੇ ਵਰਤਾਇਆ ਜਾ ਰਿਹਾ ਸੀ। ਵੱਖ ਵੱਖ ਖਾਣ-ਪਦਾਰਥ ਸੰਗਤਾਂ ਦੀ ਸੇਵਾ ਵਿੱਚ ਹਾਜ਼ਰ ਸਨ। ਇਸ ਤੋਂ ਇਲਾਵਾ ਗੁਰੂ ਘਰ ਦੇ ਲੰਗਰ ਹਾਲ ਵਿੱਚ ਵੀ ਵੱਖਰੇ ਤੌਰ ‘ਤੇ ਲੰਗਰ ਦੀ ਸੇਵਾ ਚੱਲਦੀ ਰਹੀ। ਮੈਡੀਕਲ ਸਬੰਧੀ ਕਿਸੇ ਤਰ੍ਹਾਂ ਦੀ ਸਹਾਇਤਾ ਲਈ ਡਾ. ਜਸਵਿੰਦਰ ਸਿੰਘ ਚਾਵਲਾ ਅਤੇ ਹੋਰ ਡਾਕਟਰ ਸਾਹਿਬਾਨ ਵੀ ਹਾਜ਼ਰ ਸਨ।
ਪ੍ਰਬੰਧਕਾਂ ਅਨੁਸਾਰ ਇਹ ਨਗਰ ਕੀਰਤਨ ਸਮੂਹ ਸੰਗਤਾਂ ਅਤੇ ਸੇਵਾਦਾਰਾਂ ਦੇ ਸਹਿਯੋਗ ਨਾਲ ਸਜਾਇਆ ਗਿਆ। ਜ਼ਿਕਰਯੋਗ ਹੈ ਕਿ ਪ੍ਰਬੰਧਕਾਂ ਵੱਲੋਂ ਨਗਰ ਕੀਰਤਨ ਦੇ ਪਰਵਾਹ ਨੂੰ ਤਰਤੀਬਬੱਧ ਤੇ ਅਨੁਸ਼ਾਸਨਬੱਧ ਚਲਾਉਣ ਲਈ ਕੁਝ ਸੂਚਨਾਵਾਂ ਤੇ ਬੇਨਤੀਆਂ ਕੀਤੀਆਂ ਗਈਆਂ ਸਨ। ਇਸੇ ਮੱਦੇਨਜ਼ਰ ਕੁਝ ਵਾਲੰਟੀਅਰਾਂ ਦੀ ਉਚੇਚੀ ਸੇਵਾ ਵੀ ਲਗਾਈ ਗਈ ਸੀ। ਸੰਗਤ ਨੂੰ ਬਸੰਤੀ ਜਾਂ ਨੀਲੀਆਂ ਦਸਤਾਰਾਂ ਤੇ ਚੁੰਨੀਆਂ ਸਜਾ ਕੇ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਦੀ ਬੇਨਤੀ ਕੀਤੀ ਗਈ ਸੀ, ਜਿਸ ਨੂੰ ਧਿਆਨ ਵਿੱਚ ਰੱਖਦਿਆਂ ਸੰਗਤ ਨੇ ਪਹਿਰਾਵਾ ਪਾਇਆ। ਇਸ ਨਾਲ ਸੰਗਤੀ ਦ੍ਰਿਸ਼ ਬੜਾ ਅਲੌਕਿਕ ਬਣ ਗਿਆ ਸੀ। ਸੰਗਤ ਨੂੰ ਜਾਬਤੇ ਵਿੱਚ ਚੱਲਣ ਦੀ ਹਦਾਇਤ ਵੀ ਕੀਤੀ ਗਈ ਸੀ, ਪਰ ਕੁਝ ਕੁ ਲੋਕਾਂ ਨੂੰ ਛੱਡ ਕੇ ਬਾਕੀ ਸੰਗਤ ਵਹੀਰ ਨਾਲ ਹੀ ਚੱਲਦੀ ਰਹੀ।
ਉਂਜ ਨਗਰ ਕੀਰਤਨ ਦੌਰਾਨ ਉਸ ਸਮੇਂ ਕੁਝ ਚਰਚਾ ਵਾਲਾ ਮਾਹੌਲ ਬਣ ਗਿਆ ਸੀ, ਜਦੋਂ ਇੱਕ ਖਾਲਿਸਤਾਨ ਪੱਖੀ ਨੇ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਾ ਦਿੱਤੇ। ਖਾਲਿਸਤਾਨ ਦਾ ਝੰਡਾ ਲਾਏ ਜਾਣ ਨੂੰ ਲੈ ਕੇ ਵੀ ਕੁਝ ਲੋਕਾਂ ਵਿੱਚ ਚਰਚਾ ਛਿੜੀ, ਪਰ ਬਾਅਦ ਵਿੱਚ ਖਾਲਿਸਤਾਨ ਪੱਖੀ ਝੰਡਾ ਲਾਹ ਦਿੱਤਾ ਗਿਆ। ਇੱਥੇ ਜ਼ਿਕਰਯੋਗ ਹੈ ਕਿ ਗੁਰਦੁਆਰਾ ਪੈਲਾਟਾਈਨ ਨਾਲ ਜੁੜੀ ਸੰਗਤ ਦੀ ਇੱਕ ਧਿਰ ਹੀ ਖਾਲਿਸਤਾਨ ਪੱਖੀ ਹੈ, ਜਦਕਿ ਬਾਕੀ ਸੰਗਤ ‘ਕਥਿਤ ਖਾਲਿਸਤਾਨ’ ਪ੍ਰਤੀ ਉੱਕਾ ਹੀ ਉਲਾਰ ਨਹੀਂ ਹੈ। ਸੰਗਤ ਦੇ ਇੱਕ ਹਿੱਸੇ ਵਿੱਚ ਚਰਚਾ ਸੀ ਕਿ ਨਗਰ ਕੀਰਤਨ ਸਾਂਝੀਵਾਲਤਾ ਦੇ ਸੁਨੇਹੇ ਤਹਿਤ ਧਾਰਮਿਕ ਤੌਰ `ਤੇ ਸਜਾਇਆ ਗਿਆ ਸੀ, ਜਦਕਿ ਮੌਜੂਦਾ ਪ੍ਰਸਥਿਤੀਆਂ ਵਿੱਚ ਖਾਲਿਸਤਾਨ ਦੀ ਮੰਗ ਕਥਿਤ ਤੌਰ `ਤੇ ਸਿਆਸੀ ਲੋੜਾਂ ਨਾਲ ਜੁੜ ਗਈ ਹੈ।