ਪਿੰਡ ਵਸਿਆ-14
ਪਾਠਕਾਂ ਦੀ ਜਾਣਕਾਰੀ ਲਈ ਅਸੀਂ ਕਾਲਮ ‘ਪਿੰਡ ਵਸਿਆ’ ਸ਼ੁਰੂ ਕੀਤਾ ਹੈ, ਜਿਸ ਵਿੱਚ ਸਿਰਫ ਪਿੰਡ ਵੱਸਣ ਦੀ ਹੀ ਬਾਤ ਪਾਈ ਹੁੰਦੀ ਹੈ। ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ ਕਿ ਇਹ ਕਿਸੇ ਵੀ ਰੂਪ ‘ਚ ਲਿਖਤੀ ਨਹੀਂ ਮਿਲਦਾ। ਕਿਸੇ-ਕਿਸੇ ਪਿੰਡ ਦੇ ਵੱਸਣ-ਰਸਣ ਦੀ, ਉਹ ਵੀ ਨਾ-ਮਾਤਰ, ਗਜ਼ਟੀਅਰ’ਜ਼, ਮਾਲ ਰਿਕਾਰਡ ਜਾਂ ਕਿਸੇ ਦਸਤਾਵੇਜ਼ ਵਿੱਚ ਸਤਹੀ ਜਿਹਾ ਵਰਨਣ ਜਾਂ ਕਨਸੋਅ ਮਿਲਦੀ ਸੀ/ਹੈ, ਜਿਹੜਾ ਸਥਾਨਕ ਇਤਿਹਾਸ ਦੀ ਮਹੱਤਤਾ ਨਾ ਬੁੱਝਣ ਕਾਰਨ ਸਾਂਭਿਆ ਨਹੀਂ ਗਿਆ। ਪੇਸ਼ ਹੈ, ਗ਼ਦਰੀ ਸ਼ਹੀਦ ਪੰਡਿਤ ਰਾਮ ਰੱਖਾ ਦੇ ਪਿੰਡ ਸਸੋਲੀ ਦਾ ਸੰਖੇਪ ਵੇਰਵਾ…
ਵਿਜੈ ਬੰਬੇਲੀ
ਫੋਨ: +91-9463439075
ਹੁਸ਼ਿਆਰਪੁਰ-ਚੰਡੀਗੜ੍ਹ ਸ਼ਾਹਰਾਹ ਉੱਤੇ ਹੁਸ਼ਿਆਰਪੁਰ ਤੋਂ ਪੰਜ ਮੀਲ ਦੀ ਵਿੱਥ ‘ਤੇ ਸਥਿਤ ਚੱਬੇਵਾਲ ਦੀ ਲਹਿੰਦੀ ਬਾਹੀ ਕਰੀਬ ਐਨੀ ਕੁ ਹੋਰ ਦੂਰ ਵਸਦਾ ਗ਼ਦਰੀ ਰਾਮ ਰੱਖਾ ਬਾਲੀ ਸ਼ਹੀਦ ਦਾ ਪਿੰਡ ਸਸੋਲੀ ਇਲਾਕੇ ਦਾ ਬੜਾ ਉੱਘਾ ਪਿੰਡ ਹੈ। ਕਦੇ ਇਸਦੀ ਮਸ਼ਹੂਰੀ ਦਾ ਕਾਰਨ ਇੱਥੋਂ ਦੇ ਦਾਨਿਸ਼ਵਰ ਅਤੇ ਦਾਨੇ ਮੁਸਲਮਾਨ ਸਨ, ਜਿਹੜੇ ’47 ਦੀ ਤ੍ਰਸਾਦੀ ਵੇਲੇ ਆਪਣੇ, ਹੋਰ ‘ਧਰਮੀ’ ਸ਼ਾਗਿਰਦਾਂ ਹੱਥੋਂ ਮਾਰੇ ਗਏ। ਪਹਿਲ-ਪਲੱਕੜਿਆਂ ਵਿੱਚ ਇਸ ਖਿੰਡਰੇ-ਪੱਸਰੇ ਪਿੰਡ ਦੀਆਂ ਦੋ ਆਬਾਦੀਆਂ ਸਨ- ਖੈੜਾ ਅਤੇ ਸਸੋਲੀ। ਖੈੜਾ, ਇਸਦੀ ਪਹਿਲਕੀ ਆਬਾਦੀ ਸੀ, ਜਿਹੜਾ ਕਦੇ ਲਾਗਲੇ ਪਿੰਡ ਬਿਹਾਲੇ ਦੇ ਬਸੀਮੇ ‘ਤੇ ਪ੍ਰਾਚੀਨ ਮੰਦਰ ਨੇੜਲੀ ਥਾਂ ਵਸਦਾ ਸੀ। ਖੈੜੇ, ਉੱਜੜੀ ਵਸੇਬ ਦਾ ਅਸਲ ਨਾਂ ਸਸੋਲੀ ਨਹੀਂ ਸੀ। ਸਸੋਲੀ ਨਾਂ ਇਸਨੂੰ ਵਾਸੂਦੇਵ ਬ੍ਰਾਹਮਣਾਂ ਨੇ ਦਿੱਤਾ ਸੀ, ਜਿਨ੍ਹਾਂ ਨੂੰ ਇਸ ਖੈੜੇ ਦਾ ਰਕਬਾ ਆਪਣੇ ਨਾਨਕੀ ਪਿੰਡ ਬਜਵਾੜਾ (ਹੁਸ਼ਿਆਰਪੁਰ) ਆਏ ਬਾਦਸ਼ਾਹ ਅਕਬਰ ਦੇ ਆਹਲਾ ਵਜ਼ੀਰ ਟੋਡਰ ਮੱਲ ਨੇ ਦਿੱਤਾ ਸੀ। ਵਾਸੂਦੇਵ ਬ੍ਰਾਹਮਣ ਬਜਵਾੜੇ ਦੇ ਧਨਾਢ ਮਹਾਜਨਾਂ ਦੇ ਪੋ੍ਰਹਿਤ ਸਨ, ਜਿਹੜੇ ਪਰਗਨਾ ਬਨਾਰਸ ਦੇ ਇੱਕ ਚਰਚਿਤ ਗਰਾਂ ‘ਸਸੋਲੀ’ ਦੇ ਵਸਨੀਕ ਸਨ। ਇਨ੍ਹਾਂ ਖੱਤਰੀਆਂ-ਮਹਾਜਨਾਂ ਦਾ ਹੀ ਰਾਜਾ ਟੋਡਰ ਮੱਲ ਦੋਹਤਰਾ ਸੀ। ਇਨ੍ਹਾਂ ਬ੍ਰਾਹਮਣਾਂ ਦੀ ਵਸ਼ਿਸਟ ਗੋਤਰੀ ਵਿਦਵਾਨ ਧਿਰ, ਸਥਿਤੀਆਂ-ਪ੍ਰਸਥਿਤੀਆ ਵੱਸ ਜਮੁਨਾ ਨਗਰ ਖਿੱਤੇ ਵਿੱਚ ਆ ਬੈਠੀ, ਉੱਥੇ ਜਿਸ ਪਿੰਡ ਦੀ ਮੋੜ੍ਹੀ ਉਨ੍ਹਾਂ ਗੱਡੀ, ਉਹ ਅੱਜ ਹਰਿਆਣੇ ਦਾ ਉੱਘਾ ਕਸਬਾ ‘ਸਸੋਲੀ’ ਹੈ। ਇਨ੍ਹਾਂ ਬ੍ਰਾਹਮਣਾਂ ਦਾ ਵਾਸੂਦੇਵ ਵਸ਼ਿਸਟ, ਬਜਵਾੜੀਏ ‘ਬੂਲੇ ਬਾਹਮਣ’ ਦਾ ਪੁਰਖਾ, ਆਪਣੇ ਖੱਤਰੀ ਜਜਮਾਨਾਂ ਦੀ ਅਰਜ਼ ‘ਤੇ, ਬਜਵਾੜੇ ਆ ਵਸਿਆ।
‘ਬੂਲਾ’ ਬੜਾ ਵਿਦਵਾਨ ਅਤੇ ਦਾਨਾਈ ਸੀ, ਜਿਹੜਾ ਲਿਆਕਤ ਦਾ ਤਾਂ ਧਨੀ ਸੀ ਹੀ, ਪਰ ਉਹ ਇੱਕ ਦਾਨੇ ਪੁਰਸ਼ ਵਜੋਂ ਵੀ ਸੁਪ੍ਰਸਿੱਧ ਹੋਇਆ। ਲੋਕ-ਹਿੱਤ ਵਜੋਂ ਉਸ ਦੀਆਂ ਬਜਵਾੜੇ ਦੀ ਜੂਹ ਵਿੱਚ ਉਗਾਈਆਂ ਤ੍ਰਿਵੇਣੀਆਂ ਨੇ ਅਜਿਹੀ ਭੱਲ ਖੱਟੀ ਕਿ ਬਜਵਾੜੇ ਦੇ ਇੱਕ ਖਿੱਤੇ ਦਾ ਨਾਂ ਹੀ ‘ਬੂਲਾ-ਵਾੜੀ’ ਪੈ ਗਿਆ, ਜਿਹੜਾ ਅੱਜ ਹੁਸ਼ਿਆਰਪੁਰ ਸ਼ਹਿਰ ਦਾ ਸਭ ਤੋਂ ਵੱਧ ਸਬਜ਼ ਅਤੇ ਰਮਣੀਕ ਖੇਤਰ ਹੈ। ਇਸੇ ਬੂਲੇ ਨੂੰ ਹੀ ਮਿਲੀ ਸੀ ‘ਸਸੋਲੀ’ (ਚੱਬੇਵਾਲ) ਦੀ ਜਗੀਰ। ‘ਬੂਲਾ’ ਆਪ ਤਾਂ ਇਥੇ ਨਾ ਆਇਆ, ਪਰ ਉਸਦਾ ਇੱਕ ਪੁੱਤ ‘ਵੱਜੂ ਵਾਸੂਦੇਵ’ ਇਥੇ ਆ ਟਿੱਕਿਆ, ਜਿਸ ਨੇ ਇਸ ਬੇਆਬਾਦ ਖੈੜੇ ਨੂੰ ਮੁੜ-ਆਬਾਦ ਕਰ ਇੱਥੇ ਇੱਕ ਦੇਵੀ ਮੰਦਿਰ ਵੀ ਉਸਾਰਿਆ ਅਤੇ ਨਵੀਂ ਵਸੇਬ ਦਾ ਨਾਂ ਵੀ ‘ਆਪਣੇ ਪੁਰਖਾ-ਦਰ-ਪੁਰਖਾ ਪਿੰਡਾਂ ਵਾਲਾ ਨਾਂ ਸਸੋਲੀ’ ਹੀ ਰੱਖਿਆ। ਸਦੀ ਪਾਰ ਕਰ ਚੁੱਕੇ ਪੰਡਤ ਦੁਰਗਾ ਦਾਸ ਦੀ ਬੰਸਾਵਲੀ: ਬੂਲਾ-ਵੱਜੂ-ਗੁਰ ਉਰਫ ਗੁੱਜਰ-ਸੀਤਲ/ਧਿਆਨਾ-ਰਾਮਜੱਸ-ਬਿਹਾਰੀ ਰਾਮ-ਬਰਕਤਰਾਮ-ਦੁਰਗਾਦਾਸ (ਉਕਤ) ਅਨੁਸਾਰ ਸਸੋਲੀ ਖੈੜੇ ਦੇ ਮੁੜ ਵੱਸਣ ਦਾ ਸਮਾਂ ਤਿੰਨ-ਚਾਰ ਸਦੀਆਂ ਪਹਿਲਾਂ ਦਾ ਅੱਧ ਵਿਚਾਲਾ ਬਣਦਾ ਹੈ।
1884 ਦੇ ਬੰਦੋਬਸਤ ਤੱਕ ਬ੍ਰਾਹਮਣ ਜੋ ਖੇਤੀ ਦੀ ਬਜਾਏ ਧਰਮ-ਕਰਮ ਜਾਂ ਤਾਲੀਮ ਵੱਲ ਜ਼ਿਆਦਾ ਰੁਚਿਤ ਸਨ, ਤੋਂ ਨਵੇਂ ਕਾਨੂੰਨਾਂ ਅਨੁਸਾਰ ਨਾ ਤਾਂ ਸਾਰੇ ਰਕਬੇ ਦਾ ਚਕੋਤਾ ਸਰਕਾਰ ਅੰਗਰੇਜ਼ੀ ਨੂੰ ਦਿੱਤਾ ਗਿਆ, ਨਾ ਹੀ ਨਵੇਂ ਨਿਯਮਾਂ ਅਨੁਸਾਰ ਉਹ ਖੇਤੀ ਕਰ ਸਕੇ। ਰਕਬਾ ਸਰਕਾਰ ਇੰਗਲਿਸ਼ੀਆਂ ਨੂੰ ਜਾਂਦਾ ਵੇਖ, ਉਨ੍ਹਾਂ ਦੇ ਮਿੱਤਰ ਨੇੜਲੇ ਪਿੰਡ ਜਲੋਵਾਲ-ਖਨੂਰ ਦੇ ਧੜਵੈਲ ਰਾਜਪੂਤ ਮੁਸਲਿਮਾਂ ਨੇ ਮਾਮਲਾ ਤਾਰ ਅਤੇ ਖੇਤੀ ਤੋਰ ਕੇ ਜ਼ਮੀਨ ਬਚਾ ਲਈ ਤੇ ਪੰਡਿਤਾਂ ਦੀ ਸਹਿਮਤੀ ਨਾਲ ਅੱਧੋ-ਅੱਧੀ ਦੇ ਬਾਸ਼ਿੰਦੇ ਹੋ ਗਏ। ਸਮਾਂ ਪਾ, ਤਲੀਮ ਯੁਕਤ ਬ੍ਰਾਹਮਣਾਂ ਦੀ ਸੰਗਤ ਨਾਲ ਇਨ੍ਹਾਂ ਮੁਸਲਮਾਨਾਂ ਦੀ ਔਲਾਦ, ਪੁਸ਼ਤ-ਦਰ-ਪੁਸ਼ਤ, ਬੇਹੱਦ ਮਕਬੂਲ ਧਰਮ-ਅਰਥੀ ਹਕੀਮ ਅਤੇ ਦਾਨਿਸ਼ਵਰ ਵਿਦਿਅਕ ਦਾਨੀ ਯਾਨਿ ਦਾਨੇ ਮਾਸਟਰ ਬਣੀ। ਪਿੰਡ ਦਾ ਪਹਿਲ-ਪਲੱਕੜੀ ਸੰਸਥਾਗਤ ਤਾਲੀਮੀ ਆਦਾਰਾ ਵੀ ਇਨ੍ਹਾਂ ਵੱਲੋਂ ਹੀ ਸ਼ੁਰੂ ਕੀਤਾ ਗਿਆ, ਜਿਥੇ ਆਲੇ-ਦੁਆਲੇ ਦੇ ਮੁੰਡੇ-ਕੁੜੀਆਂ ਪੜ੍ਹਨ ਆਉਣ ਲੱਗੇ। ਪੰਡਿਤਾਂ ਅਤੇ ਇਲਾਕੇ ਨਾਲ ਇਨ੍ਹਾਂ ਦੀ ਬੜੀ ਸਹਿਹੋਂਦ ਸੀ।
ਸਸੋਲੀ ਵਿੱਚ ਇੱਕ ਨਾਮਵਰ-ਮਸੀਤ ਵੀ ਸੀ, ਖੰਡਰਾਤ ਰੂਪ ‘ਚ ਅੱਜ ਵੀ ਹੈ। ਸਿਫਤਜ਼ਰੀਫੀ ਵੇਖੋ; ਸੰਨ ’47 ਤੱਕ ਜ਼ਮੀਨ ਦੇ ਅੱਧੋ-ਅੱਧ ਵਾਂਗ ਇਸ ਮਸੀਤ ਦੀ ਸਰਪ੍ਰਸਤੀ ਵੀ ਬ੍ਰਾਹਮਣਾਂ ਅਤੇ ਮੁਸਲਿਮਾਂ ਪਾਸ ਅੱਧੋ-ਅੱਧ ਸੀ, ਯਾਨਿ ਬਰੋ-ਬਰਾਬਰ ਮਾਨਤਾ ਰਹੀ। ਸਸੋਲੀ ਦੇਸ਼ ਭਗਤਾਂ ਦਾ ਪਿੰਡ ਹੈ। ਤੋੜ ਅਜ਼ਾਦੀ ਤੱਕ ਸਸੋਲੀ ਦਾ ਇੱਕ ਮੁਸਲਿਮ ਦੇਸ਼ ਭਗਤ ‘ਮੌਲਵੀ ਸਿਰਾਜੂਦੀਨ ਨਾ-ਮਿਲਵਰਤਨੀਆ’, ਜਿਹੜਾ 1920-22 ‘ਚ ਕੈਦ-ਤਨਹਾਈ ਵੀ ਰਿਹਾ, ਆਪਣੇ ਪਿੰਡ ਦੇ ਗ਼ਦਰੀ ਸ਼ਹੀਦ ਪੰਡਤ ਰਾਮ ਰੱਖਾ ਬਾਲੀ ਦਾ ਸ਼ਹੀਦੀ ਦਿਨ, ਉਸਨੂੰ ਸਿਜਦਾ ਕਰਨ ਹਿੱਤ, ‘ਜੰਗ-ਏ-ਆਜ਼ਾਦੀ ਦਿਵਸ’ ਵਜੋਂ ਮਨਾਉਂਦਾ ਰਿਹਾ, ਜਿਸ ਨਾਲ ਤਾਅ ਹਿੰਦੂ-ਸਿੱਖ ਅਤੇ ਮੁਸਲਮਾਨ ਯਕਜਹਿਤੀ ਪ੍ਰਗਟਾੳਂਦੇ। ਮਗਰੋਂ ਭਾਵੇਂ ਪਿੰਡ ਵਿੱਚ ‘ਗ਼ਦਰੀ ਰਾਮ ਰੱਖਾ ਬਾਲੀ ਮੈਮੋਰੀਅਲ’ ਵੀ ਪਿੰਡ ਵਿੱਚ ਬਣਿਆ, ਪਰ ਉਹ ਹੁੱਬ ਕੇ ਮੌਲਵੀ ਸਿਰਾਜੂਦੀਨ ਦਾ ਨਾਂ ਦੱਸਣੋਂ ਨਹੀਂ ਭੁੱਲਦੇ।
ਅਫਸੋਸ! ਵੱਡੇ ਰੌਲਿਆਂ ਵੇਲੇ ਇਸ ਪਿੰਡ ਦੇ ਬਹੁਤੇ ਦਾਨਿਸ਼ਵਰ ਮੁਸਲਮਾਨ ਆਪਣੇ ‘ਸ਼ਾਗਿਰਦ’ ਪਿੰਡਾਂ ਦੇ ਕੁੱਝ ਬੁਰਸ਼ਾਗਰਦਾਂ ਹੱਥੋਂ ਮਾਰੇ ਗਏ ਸਨ। ਉਨ੍ਹਾਂ ਨੂੰ ਬਚਾਉਣ ਲਈ ਪਿੰਡ ਵਾਲੇ, ਭਰੇ ਮਨ ਨਾਲ ਉਨ੍ਹਾਂ ਨੂੰ ਹਿਫਾਜਤੀ ਸੁਰੱਖਿਆ ਹੇਠ ਹਿਜ਼ਰਤੀ ਕੈਂਪਾਂ ਨੂੰ ਤੋਰਨਾ ਚਾਹੁੰਦੇ ਸਨ, ਪ੍ਰੰਤੂ ਉਹ ਨਾ ਮੰਨੇ, ਕਹਿੰਦੇ, “ਆਪਣੀ ਜੰਮਣ ਭੌਇੰ ‘ਚ ਕਾਹਦਾ ਡਰ? ਭਲਾ! ਮਾਸਟਰਾਂ ਨੂੰ ਵੀ ਕੋਈ ਮਾਰਦਾ?”