5 ਨਵੰਬਰ ਨੂੰ ਹੋਣ ਵਾਲੀਆਂ ਅਮਰੀਕੀ ਚੋਣਾਂ ਤੋਂ ਪਹਿਲਾਂ ਅਰਬਪਤੀ ਐਲੋਨ ਮਸਕ ਨੇ ਐਲਾਨ ਕੀਤਾ ਹੈ ਕਿ ਜੋ ਵੋਟਰ ਉਸ ਦੀ ਪਟੀਸ਼ਨ ’ਤੇ ਦਸਤਖ਼ਤ ਕਰੇਗਾ ਉਸ ਨੂੰ 1 ਮਿਲੀਅਨ ਅਮਰੀਕੀ ਡਾਲਰ ਇਨਾਮ ਵਜੋਂ ਦਿੱਤੇ ਜਾਣਗੇ। ਐਲੋਨ ਮਸਕ ਦੇ ਸਵਿੰਗ-ਸਟੇਟ ਵੋਟਰਾਂ ਨੂੰ ਦਿੱਤੇ ਜਾਣ ਵਾਲੇ ਇਸ ਨਕਦ ਪ੍ਰੋਤਸਾਹਨ ਦੇ ਕਾਨੂੰਨੀ ਹੋਣ ਬਾਰੇ ਸਵਾਲ ਚੁੱਕੇ ਜਾ ਰਹੇ ਹਨ। ਦਰਅਸਲ ਅਮਰੀਕੀ ਅਰਬਪਤੀ ਕਾਰੋਬਾਰੀ ਐਲੋਨ ਮਸਕ ਨੇ ਐਲਾਨ ਕੀਤਾ ਹੈ ਕਿ 5 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਤੱਕ ਹਰ ਰੋਜ਼ ਉਹ ਸੱਤ ਸਵਿੰਗ ਰਾਜਾਂ ਦੇ ਕਿਸੇ ਇੱਕ ਰਜਿਸਟਰਡ ਵੋਟਰ ਨੂੰ 10 ਲੱਖ ਅਮਰੀਕੀ ਡਾਲਰ ਯਾਨਿ ਲਗਭਗ 8.5 ਕਰੋੜ ਰੁਪਏ ਇਨਾਮ ਵਜੋਂ ਦੇਣਗੇ।
ਇਹ ਪਟੀਸ਼ਨ ਮਸਕ ਦੇ ਚੋਣ ਮੁਹਿੰਮ ਗਰੁੱਪ ਅਮਰੀਕਾ ਪੀ.ਏ.ਸੀ. ਦੁਆਰਾ ਬਣਾਈ ਗਈ ਹੈ। ਅਮਰੀਕਾ ਪੀ.ਏ.ਸੀ. ਗਰੁੱਪ ਰਾਸ਼ਟਰਪਤੀ ਚੋਣਾਂ ਵਿੱਚ ਡੋਨਾਲਡ ਟਰੰਪ ਦਾ ਸਮਰਥਨ ਕਰਨ ਲਈ ਸਥਾਪਤ ਕੀਤਾ ਗਿਆ ਹੈ। ਪੈਨਸਿਲਵੇਨੀਆ ਦੇ ਵੋਟਰਾਂ ਨੂੰ ਪਟੀਸ਼ਨ ’ਤੇ ਦਸਤਖਤ ਕਰਨ ਲਈ ਨਕਦ ਰਕਮ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਇੱਕ ਦਿਨ ਵਿੱਚ ਬਿਨਾ ਕਿਸੇ ਤਰਤੀਬ ਦੇ ਸਵਿੰਗ-ਸਟੇਟ ਦਸਤਖਤ ਕਰਨ ਵਾਲੇ ਇੱਕ ਵੋਟਰ ਨੂੰ ਚੁਣ ਕੇ 1 ਮਿਲੀਅਨ ਡਾਲਰ ਦਾ ਇਨਾਮ ਦਿੱਤਾ ਜਾਵੇਗਾ; ਪਰ ਕਾਨੂੰਨੀ ਮਾਹਰਾਂ ਨੇ ਸੁਝਾਅ ਦਿੱਤਾ ਹੈ ਕਿ ਕਿਸੇ ਵੀ ਅਜਿਹੇ ਕੰਮ ਲਈ ਪੈਸੇ ਦੀ ਪੇਸ਼ਕਸ਼ ਕਰਨਾ ਅਮਰੀਕੀ ਕਾਨੂੰਨ ਦੀ ਉਲੰਘਣਾ ਹੋ ਸਕਦਾ ਹੈ।
ਅਮਰੀਕੀ ਮੀਡੀਆ ਮੁਤਾਬਕ ‘ਅਮਰੀਕਾ ਪੀ.ਏ.ਸੀ. ਗਰੁੱਪ’ ਦੁਆਰਾ ਬਣਾਈ ਗਈ ਪਟੀਸ਼ਨ ਛੇ ਸਵਿੰਗ ਰਾਜਾਂ- ਜਾਰਜੀਆ, ਨੇਵਾਡਾ, ਐਰੀਜ਼ੋਨਾ, ਮਿਸ਼ੀਗਨ, ਵਿਸਕਾਨਸਿਨ ਅਤੇ ਉਤਰੀ ਕੈਰੋਲੀਨਾ ਵਿੱਚ ਵੋਟਰਾਂ ਨੂੰ ‘ਬੋਲਣ ਦੀ ਆਜ਼ਾਦੀ ਅਤੇ ਹਥਿਆਰ ਰੱਖਣ ਦੇ ਅਧਿਕਾਰ’ ਦੇ ਹੱਕ ਵਿੱਚ ਦਸਤਖਤ ਕਰਨ ਲਈ ਉਤਸ਼ਾਹਿਤ ਕਰਦੀ ਹੈ। ਦਸਤਖਤ ਕਰਨ ਜਾਂ ਹਵਾਲਾ ਦੇਣ ਲਈ 100 ਅਮਰੀਕੀ ਡਾਲਰ ਦੀ ਰਕਮ ਪੈਨਸਿਲਵੇਨੀਆ ਵਿੱਚ ਪੇਸ਼ ਕੀਤੀ ਗਈ ਹੈ। ਇਹ ਸੂਬਾ ਚੋਣਾਂ ਦਾ ਅਸਲ ਅਖਾੜਾ ਹੈ। ਟਰੰਪ ਅਤੇ ਹੈਰਿਸ ਦੀਆਂ ਕੈਂਪੇਨ ਟੀਮਾਂ ਦਾ ਮੰਨਣਾ ਹੈ ਕਿ ਸੰਭਾਵੀ ਤੌਰ ’ਤੇ ਇਹ ਰਾਜ ਅਖੀਰ ਵਿੱਚ ਜਿੱਤ ਦਾ ਫ਼ੈਸਲਾ ਕਰ ਸਕਦਾ ਹੈ।
ਅਮਰੀਕਾ ਪੀ.ਏ.ਸੀ. ਦਾ ਕਹਿਣਾ ਹੈ ਕਿ ਪਟੀਸ਼ਨ ’ਤੇ ਦਸਤਖਤ ਕਰਨ ਵਾਲੇ ਅਮਰੀਕੀ ਸੰਵਿਧਾਨ ਦੀਆਂ ਪਹਿਲੀ ਅਤੇ ਦੂਜੀ ਸੋਧਾਂ ਨੂੰ ਸਮਰਥਨ ਦੇਣ ਦਾ ਸੰਕੇਤ ਦੇ ਰਹੇ ਹਨ। ਪੋਲਿੰਗ ਵਾਲੇ ਦਿਨ 5 ਨਵੰਬਰ ਤੱਕ ਹਰ ਦਿਨ ਸਵਿੰਗ ਰਾਜਾਂ ਵਿੱਚੋਂ ਹਸਤਾਖਰ ਕਰਨ ਵਾਲੇ ਕਿਸੇ ਇੱਕ ਨੂੰ ਚੁਣ ਕੇ 10 ਲੱਖ ਅਮਰੀਕੀ ਡਾਲਰ ਇਨਾਮ ਦਿੱਤਾ ਜਾਵੇਗਾ। ਪੈਨਸਿਲਵੇਨੀਆ ਵਿੱਚ 19 ਅਕਤੂਬਰ ਨੂੰ ਇੱਕ ਟਾਊਨ ਹਾਲ ਇਵੈਂਟ ਵਿੱਚ ਹਾਜ਼ਰ ਹੋਈ ਇੱਕ ਅਮਰੀਕੀ ਔਰਤ ਨੂੰ ਤੋਹਫ਼ੇ ਵਜੋਂ ਪਹਿਲਾ ਲਾਟਰੀ-ਸਟਾਈਲ ਜੰਬੋ ਚੈੱਕ ਸੌਂਪਿਆ ਗਿਆ ਸੀ।
ਪਾਲ ਸ਼ਿਫ ਬਰਮਨ, ਜੌਰਜ ਵਾਸ਼ਿੰਗਟਨ ਯੂਨੀਵਰਸਿਟੀ ਵਿੱਚ ਕਾਨੂੰਨ ਦੇ ਪ੍ਰੋਫੈਸਰ ਵਾਲਟਰ ਐਸ. ਕਾਕਸ ਕਹਿੰਦੇ ਹਨ, “ਮੇਰਾ ਮੰਨਣਾ ਹੈ ਕਿ ਐਲੋਨ ਮਸਕ ਦੀ ਪੇਸ਼ਕਸ਼ ਸੰਭਾਵਿਤ ਤੌਰ ’ਤੇ ਗੈਰ-ਕਾਨੂੰਨੀ ਹੈ।” ਉਨ੍ਹਾਂ ਨੇ ਚੋਣ ਕਾਨੂੰਨ ਦੇ ਯੂ.ਐੱਸ. ਕੋਡ ਦਾ ਹਵਾਲਾ ਦਿੱਤਾ, ਜਿਸ ਵਿਚ ਕਿਹਾ ਗਿਆ ਹੈ ਕਿ ਕੋਈ ਵੀ ਵਿਅਕਤੀ ਜੋ ‘ਵੋਟ ਲਈ ਰਜਿਸਟ੍ਰੇਸ਼ਨ ਕਰਨ ਜਾਂ ਵੋਟ ਪਾਉਣ ਲਈ ਪੈਸੇ ਦਾ ਭੁਗਤਾਨ ਕਰਦਾ ਹੈ ਜਾਂ ਭੁਗਤਾਨ ਕਰਨ ਦੀ ਪੇਸ਼ਕਸ਼ ਕਰਦਾ ਹੈ ਜਾਂ ਭੁਗਤਾਨ ਸਵੀਕਾਰ ਕਰਦਾ ਹੈ’, ਉਸ ਨੂੰ ਸੰਭਾਵੀ 10,000 ਅਮਰੀਕੀ ਡਾਲਰ ਜੁਰਮਾਨਾ ਜਾਂ ਪੰਜ ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ। ਫੈਡਰਲ ਚੋਣ ਕਮਿਸ਼ਨ (ਐਫ.ਈ.ਸੀ.) ਦੇ ਇੱਕ ਸਾਬਕਾ ਚੇਅਰਮੈਨ ਬ੍ਰੈਡ ਸਮਿਥ ਦੀ ਟਿੱਪਣੀ ਹੈ ਕਿ ਮਸਕ ਇਸ ਰਣਨੀਤੀ ਨਾਲ ਕਾਨੂੰਨੀ ਤੌਰ ’ਤੇ ਬਚ ਨਿਕਲਣਗੇ, ਕਿਉਂਕਿ ਇਸ ਵਿੱਚ ਕਿਸੇ ਨੂੰ ਵੀ ਵੋਟ ਰਜਿਸਟਰ ਕਰਨ ਜਾਂ ਵੋਟ ਪਾਉਣ ਲਈ ਸਿੱਧੇ ਤੌਰ `ਤੇ ਭੁਗਤਾਨ ਨਹੀਂ ਕੀਤਾ ਜਾ ਰਿਹਾ ਹੈ।
ਨਾਰਥਵੈਸਟਰਨ ਯੂਨੀਵਰਸਿਟੀ ਦੇ ਚੋਣ ਕਾਨੂੰਨ ਦੇ ਪ੍ਰੋਫੈਸਰ ਮਾਈਕਲ ਕੰਗ ਅਨੁਸਾਰ “ਇਹ ਸੰਦਰਭ ਮਹੱਤਵਪੂਰਨ ਹੈ। ਮੈਂ ਇਨ੍ਹਾਂ ਵਿਚਾਰਾਂ ਨੂੰ ਸਮਝਦਾ ਹਾਂ ਕਿ ਇਹ ਗੈਰ-ਕਾਨੂੰਨੀ ਨਹੀਂ ਹੈ, ਪਰ ਮੈਨੂੰ ਲੱਗਦਾ ਹੈ ਕਿ ਇੱਥੇ ਇਹ ਸਪੱਸ਼ਟ ਤੌਰ ’ਤੇ ਲੋਕਾਂ ਨੂੰ ਵੋਟ ਪਾਉਣ ਲਈ ਰਜਿਸਟਰ ਕਰਨ ਲਈ ਉਤਸ਼ਾਹਿਤ ਕਰਨ ਲਈ ਤਿਆਰ ਕੀਤਾ ਗਿਆ ਹੈ, ਜੋ ਕਾਨੂੰਨੀ ਤੌਰ ’ਤੇ ਸਮੱਸਿਆ ਵਾਲਾ ਹੈ।” ਨਾਨ ਪਾਰਟੀਸਨ ਕੈਂਪੇਨ ਲੀਗਲ ਸੈਂਟਰ ਦੇ ਅਦਵ ਨੋਟੀ ਅਨੁਸਾਰ, ਮਸਕ ਦੀ ਸਕੀਮ ਸੰਘੀ ਕਾਨੂੰਨ ਦੀ ਉਲੰਘਣਾ ਕਰਦੀ ਹੈ ਅਤੇ ਨਿਆਂ ਵਿਭਾਗ ਦੁਆਰਾ ਸਿਵਲ ਜਾਂ ਅਪਰਾਧਿਕ ਪਰਿਵਰਤਨ ਦੇ ਅਧੀਨ ਹੈ। ਇਸ ਸ਼ਰਤ ’ਤੇ ਪੈਸੇ ਦੇਣਾ ਗੈਰ-ਕਾਨੂੰਨੀ ਹੈ ਕਿ ਪੈਸੇ ਲੈਣ ਵਾਲੇ ਨੂੰ ਵੋਟਰ ਵਜੋਂ ਰਜਿਸਟਰ ਹੋਣਾ ਪਵੇਗਾ।
ਨਾਰਥਈਸਟਰਨ ਯੂਨੀਵਰਸਿਟੀ ਸਕੂਲ ਆਫ਼ ਲਾਅ ਵਿੱਚ ਸੰਵਿਧਾਨਕ ਕਾਨੂੰਨ ਦੇ ਪ੍ਰੋਫੈਸਰ ਜੇਰੇਮੀ ਪੌਲ ਮੁਤਾਬਕ ਮਸਕ ਇੱਕ ਕਾਨੂੰਨੀ ਖਾਮੀ ਦਾ ਫਾਇਦਾ ਉਠਾ ਰਹੇ ਹਨ। ਇਹ ਦਲੀਲ ਦਿੱਤੀ ਜਾ ਸਕਦੀ ਹੈ ਕਿ ਇਹ ਪੇਸ਼ਕਸ਼ ਗੈਰ-ਕਾਨੂੰਨੀ ਹੋ ਸਕਦੀ ਹੈ, ਪਰ ਇਹ ਮਿੱਥ ਕੇ ਬਣਾਈ ਗਈ ਹੈ ਕਿ ਇਹ ਕਾਨੂੰਨ ਦੇ ਦਾਇਰੇ ਵਿੱਚ ਹੀ ਰਹੇ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਬਾਰੇ ਅਦਾਲਤ ਵਿੱਚ ਕੇਸ ਸਾਬਤ ਕਰਨਾ ਵੀ ਮੁਸ਼ਕਲ ਹੋਵੇਗਾ। ਇਸੇ ਦੌਰਾਨ ਪੈਨਸਿਲਵੇਨੀਆ ਦੇ ਗਵਰਨਰ ਜੋਸ਼ ਸ਼ਾਪੀਰੋ ਨੇ ਇਸ ਕਦਮ ਨੂੰ ‘ਬਹੁਤ ਚਿੰਤਾਜਨਕ’ ਦੱਸਿਆ ਹੈ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਜਾਂਚ ਕਰਨ ਲਈ ਵੀ ਕਿਹਾ ਹੈ। ਇਸ ਦੇ ਉਲਟ ਮਸਕ ਨੇ ਜਵਾਬ ਵਿੱਚ ਕਿਹਾ, ‘ਇਹ ਚਿੰਤਾਜਨਕ ਹੈ ਕਿ ਉਨ੍ਹਾਂ (ਗਵਰਨਰ ਜੋਸ਼ ਸ਼ਾਪੀਰੋ) ਨੇ ਅਜਿਹਾ ਕਿਹਾ ਹੈ।’
ਪਿਛਲੇ ਲੰਬੇ ਸਮੇਂ ਤੋਂ ਕਮਲਾ ਹੈਰਿਸ ਲਈ ਮੁਹਿੰਮ ਚਲਾਉਣ ਵਾਲੇ ਅਰਬਪਤੀ ਨਿਵੇਸ਼ਕ ਮਾਰਕ ਕਿਊਬਨ ਨੇ ਕਿਹਾ ਕਿ ਪੇਸ਼ਕਸ਼ ਵੱਖਰੀ ਤੇ ਮਾਯੂਸ ਕਰਨ ਵਾਲੀ ਹੈ। ਸੀ.ਐਨ.ਬੀ.ਸੀ. ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ, “ਤੁਸੀਂ ਅਜਿਹਾ ਸਿਰਫ਼ ਇਸ ਲਈ ਕਰਦੇ ਹੋ, ਕਿਉਂਕਿ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅਜਿਹਾ ਕਰ ਲਵੋਗੇ, ਪਰ ਅਜਿਹਾ ਜੂਆ ਖੇਡਣਾ ਬੁਰਾ ਵਿਚਾਰ ਨਹੀਂ ਹੈ। ਇਹ ਕੰਮ ਕਰੇਗਾ ਜਾਂ ਨਹੀਂ, ਇਹ ਵੱਖਰੀ ਗੱਲ ਹੈ। ਇਹ ਆਸਾਨੀ ਨਾਲ ਉਲਟਾ ਵੀ ਪੈ ਸਕਦਾ ਹੈ।”
ਉਧਰ, ਐਲੋਨ ਮਸਕ ਨੇ ਆਪਣੀ ਆਲੋਚਨਾ ਦੇ ਜਵਾਬ ਵਿੱਚ ਤਰਕ ਦਿੱਤਾ ਕਿ ਡੈਮੋਕਰੇਟ ਅਤੇ ਉਨ੍ਹਾਂ ਦੇ ਦਾਨੀਆਂ ਨੇ ਅਤੀਤ ਵਿੱਚ ਅਜਿਹੀਆਂ ਪਹਿਲਕਦਮੀਆਂ ਨੂੰ ਫ਼ੰਡ ਦਿੱਤਾ ਹੈ। ਐਕਸ ਉਤੇ ਉਨ੍ਹਾਂ ਨੇ ਇੱਕ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਮੇਟਾ ਦੇ ਬੌਸ ਮਾਰਕ ਜ਼ਕਰਬਰਗ ਨੇ 2020 ਵਿੱਚ ਵੀ ਅਜਿਹਾ ਕੀਤਾ ਸੀ। ਜ਼ਕਰਬਰਗ ਨੇ 2020 ਦੀਆਂ ਚੋਣਾਂ ਵਿੱਚ $400 ਮਿਲੀਅਨ ਦਾ ਦਾਨ ਕੀਤਾ ਸੀ, ਪਰ ਇਹ ਪੋਸਟਲ ਬੈਲਟ ਦੇ ਆਲੇ-ਦੁਆਲੇ ਲੌਜਿਸਟਿਕਸ ਵਿੱਚ ਮਦਦ ਕਰਨ ਲਈ ਦੋ ਗੈਰ-ਪੱਖਪਾਤੀ ਸੰਸਥਾਵਾਂ ਨੂੰ ਦਿੱਤਾ ਗਿਆ ਸੀ।
ਡੈਮੋਕਰੇਟਿਕ ਪਾਰਟੀ ਨੇ ਸਮਰਥਕਾਂ ਨੂੰ ਲਾਮਬੰਦ ਕਰਨ ਲਈ ਪਿਛਲੀਆਂ ਚੋਣਾਂ ਸਮੇਂ ਪਹਿਲਕਦਮੀਆਂ ਵਿੱਚ ਨਿਵੇਸ਼ ਕੀਤਾ ਹੈ। ਉਨ੍ਹਾਂ ਨੇ 2022 ਦੀਆਂ ਅਮਰੀਕੀ ਮੱਧਕਾਲੀ ਚੋਣਾਂ ਵਿੱਚ $25 ਮਿਲੀਅਨ ਦੀ ਵੋਟਰ ਰਜਿਸਟ੍ਰੇਸ਼ਨ ਮੁਹਿੰਮ ਕੀਤੀ। ਹਾਲਾਂਕਿ ਇਹ ਪੈਸਾ ਵੀ ਸਿੱਧੇ ਤੌਰ `ਤੇ ਵੋਟਰਾਂ ਨੂੰ ਨਹੀਂ ਦਿੱਤਾ ਗਿਆ। ਫੰਡਿੰਗ ਉਨ੍ਹਾਂ ਪਹਿਲਕਦਮੀਆਂ ਵੱਲ ਗਈ, ਜੋ ਵੋਟਰਾਂ ਨੂੰ ਰਜਿਸਟਰ ਕਰਨ ਲਈ ਉਤਸ਼ਾਹਿਤ ਕਰਦੇ ਹਨ, ਜਿਵੇਂ ਕਿ ਲੋਕਾਂ ਨੂੰ ਦਰਵਾਜ਼ੇ ਖੜਕਾਉਣ ਅਤੇ ਟੈਲੀਵਿਜ਼ਨ ਤੇ ਡਿਜੀਟਲ ਇਸ਼ਤਿਹਾਰਬਾਜ਼ੀ ਕਰਨ ਲਈ ਨਿਯੁਕਤ ਕਰਨਾ।
ਜਦੋਂ ਟਰੰਪ ਰਾਸ਼ਟਰਪਤੀ ਸਨ ਤਾਂ ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀ ਐਲੋਨ ਮਸਕ ਦੇ ਰਿਸ਼ਤੇ ਉਨ੍ਹਾਂ ਨਾਲ ਕੋਈ ਬਹੁਤ ਚੰਗੇ ਨਹੀਂ ਸਨ, ਪਰ ਥੋੜ੍ਹੇ ਸਾਲਾਂ ਵਿੱਚ ਮਸਕ ਨੇ ਡੇਮੋਕ੍ਰੇਟਸ ਪ੍ਰਤੀ ਆਪਣੀ ਨਾਰਾਜ਼ਗੀ ਨੂੰ ਖੁੱਲ੍ਹ ਕੇ ਜ਼ਾਹਰ ਕੀਤਾ। 2022 ਦੀਆਂ ਮੱਧਕਾਲੀ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੇ ਐਲਾਨ ਕੀਤਾ ਕਿ ਉਨ੍ਹਾਂ ਨੇ ਪਾਰਟੀ ਛੱਡ ਦਿੱਤੀ ਹੈ ਅਤੇ ਆਪਣੇ ਸਮਰਥਕਾਂ ਨੂੰ ਰਿਪਬਲਿਕਨ ਨੂੰ ਵੋਟ ਦੇਣ ਲਈ ਉਤਸ਼ਾਹਿਤ ਕੀਤਾ ਸੀ। ਇਸ ਸਾਲ ਮਸਕ ਨੇ ਆਪਣੇ ਆਪ ਨੂੰ ਅਮਰੀਕੀ ਰਾਜਨੀਤੀ ਵਿੱਚ ਸ਼ਾਮਲ ਕਰ ਲਿਆ ਹੈ। ਇਸ ਤੋਂ ਪਹਿਲਾਂ ਉਹ ਕਦੇ ਇਸ ਵਿੱਚ ਨਹੀਂ ਸਨ। ਇਸਦੇ ਲਈ ਕਈ ਰਿਪਬਲਿਕਨਾਂ ਵੱਲੋਂ ਦਾਨ ਅਤੇ ਸੋਸ਼ਲ ਮੀਡੀਆ ਪੋਸਟਾਂ ਪਾ ਕੇ ਸਮਰਥਨ ਵੀ ਕੀਤਾ ਗਿਆ ਹੈ।
ਪਿਛਲੇ ਦਿਨਾਂ ਦੀਆਂ ਟਿੱਪਣੀਆਂ ਵਿੱਚ ਮਸਕ ਨੇ ਅਮਰੀਕਾ-ਮੈਕਸੀਕੋ ਸਰਹੱਦ ਦੇ ਬਹੁਤ ਸਾਰੇ ਹਿੱਸੇ ਨੂੰ ਫਿਲਮ ‘ਵਰਲਡ ਵਾਰ ਜ਼ੈੱਡ’ ਦੇ ਬਰਾਬਰ ਦੱਸਿਆ। ਮਸਕ ਨੇ ਰਾਸ਼ਟਰਪਤੀ ਅਹੁਦੇ ਲਈ ਟਰੰਪ ਦੀ 2024 ਦੀ ਮੁਹਿੰਮ ਦਾ ਸਮਰਥਨ ਕਰਨ ਦੇ ਉਦੇਸ਼ ਨਾਲ ਜੁਲਾਈ ਵਿੱਚ ਅਮਰੀਕਾ ਪੀ.ਏ.ਸੀ. ਦੀ ਸ਼ੁਰੂਆਤ ਕੀਤੀ ਸੀ। ਉਹ ਹੁਣ ਤੱਕ ਇਸ ਸਮੂਹ ਨੂੰ ਘੱਟੋ-ਘੱਟ 75 ਮਿਲੀਅਨ ਡਾਲਰ ਦਾਨ ਕਰ ਚੁੱਕੇ ਹਨ। ਅਮਰੀਕਾ ਪੀ.ਏ.ਸੀ. ਦੀ ਵੈੱਬਸਾਈਟ ਮੁਤਾਬਕ ਉਹ ‘ਸੁਰੱਖਿਅਤ ਸਰਹੱਦਾਂ, ਸੁਰੱਖਿਅਤ ਸ਼ਹਿਰ, ਬੋਲਣ ਦੀ ਆਜ਼ਾਦੀ, ਸਮਝਦਾਰੀ ਨਾਲ ਖਰਚ, ਨਿਰਪੱਖ ਨਿਆਂ ਪ੍ਰਣਾਲੀ ਅਤੇ ਸਵੈ-ਸੁਰੱਖਿਆ ਚਾਹੁੰਦੇ ਹਨ।’ ਹਾਲ ਹੀ ਦੇ ਕੁਝ ਹਫ਼ਤਿਆਂ ਵਿੱਚ, ਮਸਕ ਪਹਿਲੀ ਵਾਰ ਚੋਣ ਮੁਹਿੰਮ ਵਿੱਚ ਦਿਖਾਈ ਦਿੱਤੇ ਹਨ।