ਸ਼ਿਕਾਗੋ (ਪੰਜਾਬੀ ਪਰਵਾਜ਼ ਬਿਊਰੋ): ਹਾਫਮੈਨ ਅਸਟੇਟ ਦੇ ਮੇਅਰ ਬਿਲ ਮੈਕਲੌਡ ਦੀ ਮੁੜ ਚੋਣ ਲਈ ਲੰਘੇ ਦਿਨੀਂ ਇੱਥੋਂ ਦੇ ਹੋਟਲ ਮੈਰੀਅਟ ਵਿੱਚ ਫੰਡਰੇਜ਼ਿੰਗ ਸਮਾਗਮ ਕੀਤਾ ਗਿਆ, ਜਿਸ ਦਾ ਪ੍ਰਬੰਧ ਬਿਜਨਸਮੈਨ ਘੁਮਾਣ ਭਰਾਵਾਂ- ਹਰਸ਼ਰਨ ਸਿੰਘ (ਹੈਰੀ) ਘੁਮਾਣ ਤੇ ਅਮਰਬੀਰ ਸਿੰਘ ਘੁਮਾਣ ਅਤੇ ਹੋਰ ਕਾਰੋਬਾਰੀਆਂ ਤੇ ਭਾਈਚਾਰਕ ਸ਼ਖਸੀਅਤਾਂ ਦੇ ਸਾਂਝੇ ਉਦਮ ਨਾਲ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਮੇਅਰ ਬਿਲ ਮੈਕਲੌਡ ਨੇ ਕਿਹਾ ਕਿ ਸਾਡਾ ਟੀਚਾ ਹਾਫਮੈਨ ਅਸਟੇਟ ਵਿੱਚ ਕਾਰੋਬਾਰ ਦੇ ਹੋਰ ਵੀ ਮੌਕੇ ਪ੍ਰਦਾਨ ਕਰਨਾ ਹੈ। ਉਨ੍ਹਾਂ ਕਾਰੋਬਾਰੀ ਖੇਤਰ ਸਬੰਧੀ ਭਵਿੱਖ ਦੇ ਕੁਝ ਪ੍ਰਾਜੈਕਟਾਂ ਬਾਰੇ ਵੀ ਦੱਸਿਆ ਅਤੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਸ਼ਹਿਰ ਕਾਫੀ ਵਧਿਆ-ਫੁਲਿਆ ਹੈ ਤੇ ਲੋਕਾਂ ਦਾ ਪ੍ਰਸ਼ਾਸਨ ਪ੍ਰਤੀ ਵਿਸ਼ਵਾਸ ਦ੍ਰਿੜ ਹੋਇਆ ਹੈ। ਇਸ ਤੋਂ ਇਲਾਵਾ ਵਿਲੇਜ ਸਕੂਲਾਂ ਨੂੰ ਹੋਰ ਬਿਹਤਰ ਬਣਾਉਣ ਲਈ ਵੱਧ ਤੋਂ ਵੱਧ ਚਾਰਾਜੋਈ ਕੀਤੀ ਹੈ। ਉਨ੍ਹਾਂ ਤਸੱਲੀ ਪ੍ਰਗਟਾਈ ਕਿ ਭੂਤਕਾਲ ਵਿੱਚ ਪ੍ਰਸ਼ਾਸਨਿਕ ਪੱਧਰ `ਤੇ ਸ਼ਹਿਰ ਦੇ ਕਈ ਵਿਕਾਸ ਕਾਰਜ ਹੋਏ ਹਨ ਅਤੇ ਸਾਡੀ ਟੀਮ ਦਾ ਮਨਸ਼ਾ ਸਥਾਨਕ, ਖੇਤਰੀ ਤੇ ਰਾਜ ਕਮੇਟੀਆਂ `ਤੇ ਸਰਗਰਮੀ ਵਧਾ ਕੇ ਸ਼ਹਿਰ ਨਿਵਾਸੀਆਂ ਅਤੇ ਕਾਰੋਬਾਰੀ ਮਾਲਕਾਂ ਨੂੰ ਵਧੀਆ ਪ੍ਰਤੀਨਿਧਤਾ ਦੇਣਾ ਹੈ। ਬਿਲ ਮੈਕਲੌਡ ਨੇ ਕਿਹਾ ਕਿ ਪ੍ਰਸ਼ਾਸਨਿਕ ਤੌਰ `ਤੇ ਸਾਡੀ ਇਹੋ ਕੋਸ਼ਿਸ਼ ਰਹਿੰਦੀ ਹੈ ਕਿ ਇੱਥੋਂ ਦੇ ਬਾਸ਼ਿੰਦਿਆਂ ਨੂੰ ਜੀਵਨ ਬਸਰ ਸਬੰਧੀ ਸਹੂਲਤਾਂ ਦੇ ਮੱਦੇਨਜ਼ਰ ਪ੍ਰਾਜੈਕਟਾਂ `ਤੇ ਕੰਮ ਕਰੀਏ, ਤਾਂ ਜੋ ਲੋਕਾਂ ਦਾ ਰਹਿਣ-ਸਹਿਣ ਮਿਆਰੀ ਤੌਰ `ਤੇ ਉਚਾ ਹੋਵੇ। ਆਪਣੀ ਚੋਣ ਮੁਹਿੰਮ ਵਿੱਚ ਸਾਥ ਦੇਣ ਅਤੇ ਪਿਛਲੇ ਲੰਮੇ ਸਮੇਂ ਤੋਂ ਭਾਰਤੀ ਭਾਈਚਾਰੇ ਵੱਲੋਂ ਦਿੱਤੇ ਸਹਿਯੋਗ ਲਈ ਉਨ੍ਹਾਂ ਨੇ ਉਚੇਚਾ ਧੰਨਵਾਦ ਕੀਤਾ।
ਇਸ ਮੌਕੇ ਘੁਮਾਣ ਭਰਾਵਾਂ ਤੇ ਐਫ.ਆਈ.ਏ. ਦੇ ਨੁਮਾਇੰਦਿਆਂ ਸੁਨੀਲ ਸ਼ਾਹ, ਨੀਲ ਖੋਟ ਤੇ ਮੁਕੇਸ਼ ਗਾਂਧੀ ਵੱਲੋਂ ਬਿਲ ਮੈਕਲੌਡ ਦਾ ਸ਼ਾਲ ਦੇ ਕੇ ਸਨਮਾਨ ਕੀਤਾ ਗਿਆ। ਹੋਰ ਪ੍ਰਸ਼ਾਸਨਿਕ ਨੁਮਾਇੰਦਗੀ ਲਈ ਚੋਣ ਲੜ ਰਹੇ ਮੌਕੇ `ਤੇ ਹਾਜ਼ਰ ਬਾਕੀ ਉਮੀਦਵਾਰਾਂ ਨੂੰ ਵੀ ਮਾਣ ਵਜੋਂ ਸ਼ਾਲ ਭੇਟ ਕੀਤੇ ਗਏ। ਇਸ ਮੌਕੇ ਬੋਲਦਿਆਂ ਵੱਖ-ਵੱਖ ਬੁਲਾਰਿਆਂ ਨੇ ਮੇਅਰ ਦੀ ਜਿੱਤ ਯਕੀਨੀ ਬਣਾਉਣ ਲਈ ਆਪਣੀ ਤਰਫੋਂ ਬਣਦਾ ਵਿੱਤੀ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਤੋਂ ਇਲਾਵਾ ਆਪਣੇ ਪੱਧਰ `ਤੇ ਬਿਲ ਮੈਕਲੌਡ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਦੀ ਗੱਲ ਵੀ ਕਹੀ। ਇਸ ਮੌਕੇ ਐਫ.ਆਈ.ਏ. ਸਮੇਤ ਕੁਝ ਹੋਰਨਾਂ ਜਥੇਬੰਦੀਆਂ ਦੇ ਨੁਮਾਇੰਦੇ ਵੀ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਬਿਲ ਮੈਕਲੌਡ ਕਰੀਬ 44 ਸਾਲ ਪਹਿਲਾਂ 1980 ਵਿੱਚ ਹਾਫਮੈਨ ਅਸਟੇਸ ਵਿਲੇਜ ਵਿੱਚ ਬੋਰਡ ਆਫ ਟਰੱਸਟੀ ਨਿਯੁਕਤ ਹੋਏ ਸਨ। ਸਤੰਬਰ 2000 ਤੋਂ ਐਕਟਿੰਗ ਮੇਅਰ ਵਜੋਂ ਸੇਵਾ ਕਰਨ ਤੋਂ ਬਾਅਦ ਉਹ ਅਪ੍ਰੈਲ 2001 ਵਿੱਚ ਮੇਅਰ ਦੇ ਅਹੁਦੇ ਲਈ ਚੁਣੇ ਗਏ ਸਨ। ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਆਰਥਿਕ ਵਿਕਾਸ ਦੇ ਖੇਤਰਾਂ ਵਿੱਚ ਹਾਫਮੈਨ ਅਸਟੇਟ ਦੇ ਵਿਕਾਸ ਅਤੇ ਸਥਿਰਤਾ ਲਈ ਆਪਣੇ ਆਪ ਨੂੰ ਸਮਰਪਿਤ ਕੀਤਾ ਹੈ। ਵਿਲੇਜ ਦੇ ਕਾਰੋਬਾਰੀ ਖੇਤਰ, ਰਿਹਾਇਸ਼, ਬੁਨਿਆਦੀ ਢਾਂਚਾ ਅਤੇ ਆਵਾਜਾਈ ਸਮੇਤ ਉਨ੍ਹਾਂ ਨੇ ਅੰਤਰ-ਸਰਕਾਰੀ ਸਬੰਧਾਂ ਨੂੰ ਵੀ ਤਰਜੀਹ ਦਿੱਤੀ।
ਯਾਦ ਰਹੇ, ਮੇਅਰ ਬਿਲ ਮੈਕਲੌਡ ਨੇ ਸਫਲਤਾਪੂਰਵਕ ਇੱਕ ਆਰਥਿਕ ਵਿਕਾਸ ਕਮੇਟੀ ਬਣਾਉਣ ਦੀ ਵਕਾਲਤ ਕੀਤੀ ਅਤੇ ਹਾਫਮੈਨ ਅਸਟੇਟ ਇਤਿਹਾਸਕ ਅਜਾਇਬ ਘਰ ਦੀ ਸਿਰਜਣਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਨੇ ਬੈਰਿੰਗਟਨ ਇੰਟਰਚੇਂਜ ਦੇ ਵਿਕਾਸ ਵਿੱਚ ਅਗਵਾਈ ਅਤੇ ਮਾਰਗਦਰਸ਼ਨ ਵਿੱਚ ਮਦਦ ਕੀਤੀ। 2018 ਅਤੇ 2019 ਵਿੱਚ ਮੇਅਰ ਨੇ ਏ.ਟੀ.ਐਂਡ ਟੀ. ਕੈਂਪਸ ਨੂੰ ਨਿਊ ਜਰਸੀ ਦੇ ਬੈੱਲ ਵਰਕਸ ਦੀ ਪਸੰਦ ਦੇ ‘ਮੈਟਰੋਬਰਬ’ ਵਿੱਚ ਬਦਲਣ ਲਈ ਸਮਰਸੈੱਟ ਵਿਕਾਸ ਨਾਲ ਬਹੁ-ਮਿਲੀਅਨ ਡਾਲਰ ਦਾ ਸੌਦਾ ਕਰਨ ਲਈ ਬੋਰਡ ਅਤੇ ਵਿਲੇਜ ਸਟਾਫ ਨਾਲ ਕੰਮ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਦੀ ਖੇਤਰ-ਵਿਆਪੀ ਸੇਵਾ ਵਿੱਚ ਸ਼ਾਮਬਰਗ ਰੀਜਨਲ ਏਅਰ ਪਾਰਕ ਦੇ ਬੋਰਡ ਮੈਂਬਰ ਵਜੋਂ ਸੇਵਾ ਕਰਨਾ ਅਤੇ ਨਾਰਥਵੈਸਟ ਮਿਉਂਸਪਲ ਕਾਨਫਰੰਸ ਵਿੱਚ ਵਿਲੇਜ ਦੀ ਨੁਮਾਇੰਦਗੀ ਕਰਨਾ ਸ਼ਾਮਲ ਹੈ, ਜਿੱਥੇ ਉਨ੍ਹਾਂ ਨੇ ਪਹਿਲਾਂ ਪ੍ਰਧਾਨ ਅਤੇ ਇਸਦੀ ਆਰਥਿਕ ਵਿਕਾਸ ਕਮੇਟੀ ਦੇ ਚੇਅਰਮੈਨ ਤੇ ਵਿਧਾਨਕ ਕਮੇਟੀ ਦੇ ਸਹਿ-ਚੇਅਰ ਵਜੋਂ ਸੇਵਾ ਕੀਤੀ ਸੀ।
ਮੇਅਰ ਮੈਕਲੌਡ ਵਿਲੇਜ ਦੀ ਸਥਿਰਤਾ ਲਈ ਕੰਮ ਕਰ ਰਹੇ ਹਨ ਅਤੇ ਪਿੰਡ ਵਿੱਚ ਪੌਣ ਤੇ ਸੂਰਜੀ ਪ੍ਰੋਜੈਕਟਾਂ ਨੂੰ ਉਤਸ਼ਾਹਿਤ ਕਰ ਰਹੇ ਹਨ। ਉਹ ਜੁਆਇੰਟ ਐਕਸ਼ਨ ਵਾਟਰ ਏਜੰਸੀ ਦੇ ਡਾਇਰੈਕਟਰ ਹਨ ਅਤੇ ਗ੍ਰੇਟਰ ਵੁੱਡਫੀਲਡ ਕਨਵੈਨਸ਼ਨ ਤੇ ਵਿਜ਼ਿਟਰਜ਼ ਬਿਊਰੋ ਦੇ ਸਾਬਕਾ ਡਾਇਰੈਕਟਰ ਹਨ। ਉਹ ਚਿਲਡਰਨ ਐਡਵੋਕੇਸੀ ਸੈਂਟਰ ਆਫ ਨਾਰਥ ਐਂਡ ਨਾਰਥਵੈਸਟ ਕੁੱਕ ਕਾਉਂਟੀ ਦੇ 2014 ਤੋਂ ਹੁਣ ਤੱਕ ਲੀਡਰਸ਼ਿਪ ਬੋਰਡ ਮੈਂਬਰ ਵੀ ਹਨ। ਇਸ ਤੋਂ ਇਲਾਵਾ ਉਨ੍ਹਾਂ ਹੋਰ ਵੀ ਵੱਖ ਵੱਖ ਅਹੁਦਿਆਂ ਉਤੇ ਸੇਵਾਵਾਂ ਨਿਭਾਈਆਂ ਹਨ।