ਤਰਲੋਚਨ ਸਿੰਘ ਭੱਟੀ
ਸਾਬਕਾ ਪੀ.ਸੀ.ਐੱਸ. ਅਧਿਕਾਰੀ ਹੈ
ਫੋਨ: +91-9876502607
‘ਮਰਦਮਸ਼ੁਮਾਰੀ’ ਤੋਂ ਭਾਵ ਹੈ ਕਿਸੇ ਖਾਸ ਖੇਤਰ ਜਾਂ ਦੇਸ਼ ਵਿੱਚ ਕਿਸੇ ਖਾਸ ਸਮੇਂ ਵਿੱਚ ਘਰਾਂ, ਫਰਮਾਂ ਜਾਂ ਹੋਰ ਮਹੱਤਵਪੂਰਨ ਚੀਜ਼ਾਂ ਦੀ ਗਿਣਤੀ ਕਰਨਾ। ਆਮ ਤੌਰ `ਤੇ ਮਰਦਮਸ਼ੁਮਾਰੀ ਸ਼ਬਦ ਆਬਾਦੀ ਦੀ ਜਨਗਣਨਾ ਸਿਰਫ 17ਵੀਂ ਸਦੀ ਵਿੱਚ ਵਿਕਸਿਤ ਹੋਣੀ ਸ਼ੁਰੂ ਹੋਈ ਸੀ। 17ਵੀਂ ਅਤੇ 18ਵੀਂ ਸਦੀ ਵਿੱਚ ਖਾਸ ਵਿਅਕਤੀਆਂ ਦੀ ਪਛਾਣ ਕਰਨ ਅਤੇ ਨਿਯੰਤਰਨ ਕਰਨ ਦੀ ਬਜਾਏ ਸਮਾਜ ਦੇ ਬੁਨਿਆਦੀ ਢਾਂਚੇ ਅਤੇ ਰੁਝਾਵਾਂ ਨੂੰ ਸਮਝਣ ਦੇ ਉਦੇਸ਼ਾਂ ਲਈ ਸਾਰੇ ਲੋਕਾਂ ਅਤੇ ਉਨ੍ਹਾਂ ਦੀਆਂ ਮਹੱਤਵਪੂਰਨ ਵਿਸ਼ੇਸ਼ਤਾਵਾਂ ਦੀ ਸੰਪੂਰਨ ਗਿਣਤੀ ਦੇ ਰੂਪ ਵਿੱਚ ਆਬਾਦੀ ਦੀ ਜਨਗਣਨਾ ਦਾ ਆਧੁਨਿਕ ਵਿਚਾਰ ਹੌਲੀ ਹੌਲੀ ਪੈਦਾ ਹੋਇਆ। ਆਧੁਨਿਕ ਜਨਗਣਨਾ ਇੱਕ ਸਟੀਕ ਤੌਰ `ਤੇ ਸੀਮਤ ਖੇਤਰ ਅਤੇ ਉਸ ਖੇਤਰ ਦਾ ਹਵਾਲਾ ਦਿੰਦੀਆਂ ਹਨ ਤੇ ਵਿਸਤ੍ਰਿਤ ਨਕਸ਼ਿਆਂ ਦੀ ਮਦਦ ਨਾਲ ਯੋਜਨਾ ਬੱਧੀ ਕੀਤੀ ਜਾਂਦੀ ਹੈ।
ਜ਼ਿਕਰਯੋਗ ਹੈ ਕਿ ਵੱਖ-ਵੱਖ ਦੇਸ਼ਾਂ, ਰਾਜਾਂ ਅਤੇ ਖੇਤਰਾਂ ਵਿੱਚ ਮਨੁੱਖੀ ਜਨਗਣਨਾ ਤੋਂ ਇਲਾਵਾ ਜਾਨਵਰਾਂ, ਆਵਾਜਾਈ ਸੰਦਾਂ, ਖੇਤੀਬਾੜੀ, ਸਨਅਤੀ ਸੰਦਾਂ ਆਦਿ ਦੀ ਜਨਗਣਨਾ ਕਰਵਾਈ ਜਾਂਦੀ ਹੈ। ਮਾਨਵ ਜਨਗਣਨਾ ਵਾਂਗ ਹੀ ਭਾਰਤ ਵਿੱਚ ਪਾਲਤੂ ਪਸ਼ੂਆਂ ਦੀ ਜਨਗਣਨਾ ਭਾਰਤ ਸਰਕਾਰ ਵੱਲੋਂ ਸਮੇਂ ਸਮੇਂ ਕਰਵਾਈ ਜਾਂਦੀ ਹੈ। ਤਾਜ਼ਾ ਪਸ਼ੂ ਜਨਗਣਨਾ ਸਾਲ 2019 ਵਿੱਚ ਕਰਵਾਈ ਗਈ, ਜਿਸ ਅਨੁਸਾਰ ਭਾਰਤ ਵਿੱਚ 536.76 ਮਿਲੀਅਨ ਪਸ਼ੂ ਧਨ ਹੈ, ਜੋ 16 ਕਿਸਮਾਂ ਪੇਂਡੂ ਖੇਤਰ ਵਿੱਚ 95.78% ਅਤੇ ਸ਼ਹਿਰੀ ਖੇਤਰ ਵਿੱਚ 4.22% ਹੈ। ਅੰਕੜਿਆਂ ਅਨੁਸਾਰ ਭਾਰਤ ਵਿੱਚ 50 ਲੱਖ ਅਵਾਰਾ ਪਸ਼ੂ ਅਤੇ 153 ਲੱਖ ਅਵਾਰਾ ਕੁੱਤੇ ਹਨ। ਜ਼ਿਕਰਯੋਗ ਹੈ ਕਿ ਦੁਨੀਆ ਦੇ ਤੀਜੇ ਸਭ ਤੋਂ ਵੱਡੇ ਸੜਕੀ ਨੈਟਵਰਕ ਵਾਲੇ ਭਾਰਤ ਵਿੱਚ ਆਵਾਜਾਈ ਸਾਧਨਾਂ ਦੀ ਜਨਗਣਨਾ ਦੇ ਅੰਕੜਿਆਂ ਅਨੁਸਾਰ ਸਾਲ 2020 ਵਿੱਚ ਆਵਾਜਾਈ ਵਿੱਚ ਵਰਤੀਆਂ ਜਾਂਦੀਆਂ ਮੋਟਰ ਗੱਡੀਆਂ/ਕਾਰਾਂ ਦੀ ਗਿਣਤੀ 326.3 ਮਿਲਿਅਨ ਸੀ, ਜਿਨ੍ਹਾਂ ਵਿੱਚੋਂ 60% ਮੋਟਰ ਕਾਰਾਂ ਨਿੱਜੀ ਜਾਂ ਸਾਂਝੀ ਵਰਤੋ ਵਾਲੀਆਂ ਸਨ।
ਭਾਰਤ ਵਿੱਚ ਮਰਦਮਸ਼ੁਮਾਰੀ ਜਾਂ ਜਨਗਣਨਾ ਦਾ ਆਪਣਾ ਇਤਿਹਾਸ ਹੈ। ਭਾਰਤ ਦੇ ਮਹਾਰ ਜਿਨਾਹਾਰ ਅਤੇ ਜਨਗਣਨਾ ਕਮਿਸ਼ਨ (ਮਰਦਮਸ਼ੁਮਾਰੀ ਡਵੀਜ਼ਨ) ਗ੍ਰਹਿ ਮੰਤਰਾਲਾ, ਭਾਰਤ ਸਰਕਾਰ ਵੱਲੋਂ ਆਪਣੇ ਨੋਟੀਫਿਕੇਸ਼ਨ ਪੱਤਰ ਐਫ ਨੰ. 9-7-2019 ਸੀ ਡੀ (ਜਨਰਲ) ਮਿਤੀ 08 ਅਕਤੂਬਰ 2024 ਰਾਹੀਂ ਰਾਜ ਸਰਕਾਰਾਂ ਨੂੰ 31 ਦਸੰਬਰ 2024 ਤੱਕ ਆਪਣੇ ਰਾਜਾਂ ਦੇ ਮਾਲ ਡਵੀਜ਼ਨਾਂ, ਜ਼ਿਲਿ੍ਹਆਂ, ਸਬ-ਡਵੀਜ਼ਨਾਂ, ਤਹਿਸੀਲਾਂ ਅਤੇ ਪਿੰਡਾਂ ਦੀਆਂ ਹੱਦਾਂ ਬਦਲਣ ਦੀ ਇਜਾਜ਼ਤ ਦਿੰਦੇ ਹੋਏ ਇੱਕ ਹੁਕਮ ਜਾਰੀ ਕੀਤਾ ਹੈ। ਪਹਿਲਾਂ ਇਹ ਸਮਾਂ ਸਿਰਫ 30 ਜੂਨ 2024 ਤੱਕ ਸੀ। ਮਰਦਮਸ਼ੁਮਾਰੀ ਸ਼ੁਰੂ ਕਰਨ ਲਈ ਸਰਕਾਰੀ ਸਰਹੱਦਾਂ ਨੂੰ ਸੀਲ ਕਰਨਾ ਪਹਿਲੀ ਸ਼ਰਤ ਹੈ। ਸੂਚਨਾ ਮੁਤਾਬਕ ਹੁਣ ਮਰਦਮਸ਼ੁਮਾਰੀ ਅਗਲੇ ਸਾਲ 2025 ਵਿੱਚ ਸ਼ੁਰੂ ਹੋ ਸਕਦੀ ਹੈ, ਜੋ ਦੋ ਪੜ੍ਹਾਵਾਂ ਵਿੱਚ ਹੋਵੇਗੀ: ਇੱਕ ਘਰ ਸੂਚੀਕਰਨ ਪੜਾਅ ਅਤੇ ਇੱਕ ਆਬਾਦੀ ਗਣਨਾ ਪੜਾਅ। ਪਹਿਲੇ ਪੜਾਅ ਅਨੁਸੂਚੀ ਵਿੱਚ 31 ਸਵਾਲ ਸ਼ਾਮਲ ਹਨ। ਘਰਾਂ ਦੀ ਗਿਣਤੀ ਤੋਂ ਬਾਅਦ ਆਬਾਦੀ ਦੀ ਗਿਣਤੀ ਵਿੱਚ ਵਿਅਕਤੀਗਤ ਵੇਰਵੇ ਜਿਵੇਂ ਉਮਰ, ਵਿਆਹੁਤਾ ਸਥਿਤੀ, ਧਰਮ ਅਨੁਸੂਚਿਤ ਜਾਤੀ, ਅਨੂਸੂਚਿਤ ਕਬੀਲਾ, ਮਾਤ-ਭਾਸ਼ਾ, ਸਿੱਖਿਆ ਦਾ ਪੱਧਰ, ਅਪਾਹਜਤਾ, ਆਰਥਿਕ ਗਤੀਵਿਧੀ, ਪਰਵਾਸ, ਉਪਜਾਊ ਸ਼ਕਤੀ (ਔਰਤਾਂ ਲਈ) ਇਕੱਠੇ ਕੀਤੇ ਜਾਣਗੇ। ਲਗਭਗ 30 ਲੱਖ ਗਿਣਤੀਕਾਰਾਂ ਨੂੰ ਸੂਚੀਬੱਧ ਕੀਤਾ ਜਾਵੇਗਾ ਅਤੇ ਸਮਾਰਟ ਫੋਨ ਦੀ ਵਰਤੋਂ ਨੂੰ ਉਤਸ਼ਾਹਤ ਕੀਤਾ ਜਾਵੇਗਾ ਤੇ ਮੋਬਾਇਲ ਐਪ ਦੀ ਵਰਤੋਂ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਵਾਇਸਰਾਏ ਲਾਰਡ ਮੇਓ ਦੇ ਸਮੇਂ ਭਾਰਤ ਵਿੱਚ ਪਹਿਲੀ ਮਰਦਮਸ਼ੁਮਾਰੀ 1872 ਵਿੱਚ ਸ਼ੁਰੂ ਕੀਤੀ ਗਈ ਅਤੇ 1881 ਵਿੱਚ ਮੁਕੰਮਲ ਹੋਈ। ਬ੍ਰਿਟਿਸ਼ ਭਾਰਤ ਵਿੱਚ ਮਰਦਮਸ਼ੁਮਾਰੀ ਆਜ਼ਾਦੀ ਤੋਂ ਪਹਿਲਾਂ ਭਾਰਤ ਦੀ ਮਰਦਮਸ਼ੁਮਾਰੀ ਨੂੰ ਦਰਸਾਉਂਦੀ ਹੈ, ਜੋ 1865 ਤੋਂ 1941 ਤੱਕ ਸਮੇਂ ਸਮੇਂ ਕੀਤੀ ਗਈ ਸੀ। ਇਨ੍ਹਾਂ ਮਰਦਮਸ਼ੁਮਾਰੀਆਂ, ਜੋ ਹਰੇਕ ਦਸ ਸਾਲਾਂ ਬਾਅਦ ਹੋਈਆਂ, ਦਾ ਮਕਸਦ ਬ੍ਰਿਟਿਸ਼ ਭਾਰਤ ਦੇ ਲੋਕਾਂ ਲਈ ਸਮਾਜਿਕ ਹਕੀਕਤ ਨਾਲੋਂ ਬ੍ਰਿਟਿਸ਼ ਸਰਕਾਰ ਦੀਆਂ ਪ੍ਰਬੰਧਕੀ ਲੋੜਾਂ ਨੂੰ ਪੂਰਾ ਕਰਨਾ ਸੀ। ਮਰਦਮਸ਼ੁਮਾਰੀ ਦੇ ਅੰਕੜਿਆਂ ਨੂੰ ਜਾਤ, ਧਰਮ, ਪੇਸ਼ੇ ਅਤੇ ਉਮਰ ਵਿੱਚ ਦਰਸਾਉਣ ਦਾ ਜਤਨ ਕੀਤਾ ਗਿਆ। ਬ੍ਰਿਟਿਸ਼ ਬਸਤੀਵਾਦ ਪ੍ਰਸ਼ਾਸਨ ਦੁਆਰਾ 1881 ਵਿੱਚ ਸ਼ੁਰੂ ਕੀਤੀ ਗਈ ਅਤੇ ਉਦੋਂ ਤੋਂ ਹਰੇਕ 10 ਸਾਲ ਬਾਅਦ ਹੁੰਦੀ ਰਹੀ, ਸਿਵਾਏ ਇੱਕ ਮਰਦਮਸ਼ੁਮਾਰੀ ਦੇ, ਜੋ 2011 ਤੋਂ ਬਾਅਦ 2021 ਵਿੱਚ ਕਰਵਾਈ ਜਾਣੀ ਸੀ। ਕੋਵਿਡ ਮਹਾਮਾਰੀ ਦਾ ਬਹਾਨਾ ਬਣਾ ਕੇ ਨਹੀ ਕਰਵਾਈ ਗਈ। ਸਾਲ 1951 ਤੋਂ ਬਾਅਦ ਹੁਣ ਤੱਕ ਜਿੰਨੀਆਂ ਵੀ ਮਰਦਮਸ਼ੁਮਾਰੀਆਂ ਕਰਵਾਈਆਂ ਗਈਆਂ, ਉਹ ਮਰਦਮਸ਼ੁਮਾਰੀ ਐਕਟ 1948 ਅਧੀਨ ਕਰਵਾਈਆਂ ਗਈਆਂ। 26 ਜਨਵਰੀ 1950 ਨੂੰ ਭਾਰਤ ਦਾ ਸੰਵਿਧਾਨ ਲਾਗੂ ਹੋਣ ਤੋਂ ਬਾਅਦ ਮਰਦਮਸ਼ੁਮਾਰੀ ਐਕਟ 1948 ਅਧੀਨ ਆਜ਼ਾਦ ਭਾਰਤ ਵਿੱਚ ਕਰਵਾਈ ਜਾਣ ਵਾਲੀ ਪਹਿਲੀ ਮਰਦਮਸ਼ੁਮਾਰੀ ਸੀ, ਜੋ 10 ਫਰਵਰੀ 1951 ਨੂੰ ਸ਼ੁਰੂ ਹੋਈ। ਮਰਦਮਸ਼ੁਮਾਰੀ ਐਕਟ 1948 ਅਤੇ ਜਨਗਣਨਾ ਨਿਯਮਾਂ 1990 ਨੂੰ 1994 ਵਿੱਚ ਸੋਧਿਆ ਗਿਆ।
ਸਾਲ 1951 ਦੀ ਮਰਦਮਸ਼ੁਮਾਰੀ ਦੇ ਅੰਕੜਿਆਂ ਮੁਤਾਬਕ ਭਾਰਤ ਦੀ ਆਬਾਦੀ 36,10,88,099 ਸੀ, ਜਦ ਕਿ 1941 ਮਰਦਮਸ਼ੁਮਾਰੀ ਦੇ ਅੰਕੜਿਆਂ ਅਨੁਸਾਰ ਭਾਰਤ ਦੀ ਆਬਾਦੀ 31,86,60,580 ਸੀ। 1951 ਵਿੱਚ ਜੰਮੂ ਅਤੇ ਕਸ਼ਮੀਰ ਵਿੱਚ ਕੋਈ ਜਨਗਣਨਾ ਨਹੀਂ ਕੀਤੀ ਗਈ। 1951 ਦੀ ਮਰਦਮਸ਼ੁਮਾਰੀ ਦੇ ਅੰਕੜਿਆਂ ਅਨੁਸਾਰ 72,26,000 ਮੁਸਲਮਾਨ ਭਾਰਤ ਤੋਂ ਪੂਰਬੀ ਤੇ ਪੱਛਮੀ ਪਾਕਿਸਤਾਨ ਚਲੇ ਗਏ, ਜਦਕਿ 72,49,000 ਹਿੰਦੂ ਅਤੇ ਸਿੱਖ ਪੂਰਬੀ ਤੇ ਪੱਛਮੀ ਪਾਕਿਸਤਾਨ ਤੋਂ ਭਾਰਤ ਆਏ। 1951 ਵਿੱਚ ਭਾਰਤ ਵਿੱਚ ਹਿੰਦੀ, ਉਰਦੂ ਅਤੇ ਪੰਜਾਬੀ ਬੋਲਣ ਵਾਲੀ 42% ਆਬਾਦੀ ਅਤੇ 7% ਆਬਾਦੀ ਬੰਗਾਲੀ ਬੋਲਣ ਵਾਲੀ ਸੀ। 84% ਹਿੰਦੂ, 9.8% ਮੁਸਲਿਮ, 23% ਇਸਾਈ, 1.89% ਸਿੱਖ ਧਰਮ, 0.74% ਵੱਧ/ਹੋਰ ਧਰਮ, 0.43% ਜੈਨ ਧਰਮ ਨਾਲ ਸਬੰਧਤ ਸਨ। ਬ੍ਰਿਟਿਸ਼ ਭਾਰਤ ਵਿੱਚ ਲਗਭਗ 73% ਹਿੰਦੂ ਸਨ, ਜਦਕਿ ਆਜ਼ਾਦੀ ਤੋਂ ਬਾਅਦ ਅਤੇ ਭਾਰਤ ਦੀ ਵੰਡ ਤੋਂ ਬਾਅਦ 1951 ਦੀ ਮਰਦਮਸ਼ੁਮਾਰੀ ਦੇ ਅੰਕੜਿਆਂ ਅਨੁਸਾਰ ਹਿੰਦੂਆਂ ਦਾ ਅਨੁਪਾਤ ਲਗਭਗ 85% ਹੋ ਗਿਆ।
ਦੱਸਣਯੋਗ ਹੋਵੇਗਾ ਕਿ ਯੁਨਾਈਟਿਡ ਕਿੰਗਡਮ ਵਿੱਚ ਪਹਿਲੀ ਮਰਦਮਸ਼ੁਮਾਰੀ 1801 ਵਿੱਚ ਹੋਈ। ਉਸ ਤੋਂ ਬਾਅਦ ਹਰ ਦਸ ਸਾਲ ਵਿੱਚ ਦੁਹਰਾਈ ਜਾਂਦੀ ਸੀ। ਅੰਗਰੇਜ਼ੀ ਰਾਜ ਦੀ ਇਹੀ ਮਰਦਮਸ਼ੁਮਾਰੀ ਪ੍ਰਬੰਧਨ ਨੂੰ ਭਾਰਤ ਵਿੱਚ ਵੀ ਲਾਗੂ ਕੀਤਾ ਗਿਆ। ਭਾਰਤ ਉਪ ਮਹਾਦੀਪ ਦੇ ਕੁੱਝ ਹਿੱਸਿਆਂ ਵਿੱਚ ਆਬਾਦੀ ਦੀ ਗਿਣਤੀ ਕਰਨ ਦੇ ਨਾਲ ਨਾਲ ਮਾਲੀਆ ਇਕੱਠਾ ਕਰਨ ਦੇ ਉਦੇਸ਼ਾਂ ਲਈ ਜਮੀਨੀ ਜਾਇਦਾਦ ਦਾ ਮੁਲੰਕਣ ਕਰਨ ਦੀਆਂ ਇਤਿਹਾਸਕ ਕੋਸ਼ਿਸ਼ਾਂ ਵੀ ਹੋਈਆ। ਉਤਰੀ ਪੂਰਬੀ ਸੂਬਿਆਂ ਦੀ 1865 ਦੀ ਮਰਦਮਸ਼ੁਮਾਰੀ ਨੂੰ ਕਈ ਵਾਰ ਭਾਰਤ ਦੀ ਪਹਿਲੀ ਮਰਦਮਸ਼ੁਮਾਰੀ ਕਿਹਾ ਜਾਂਦਾ ਹੈ। ਜਾਤੀ ਜਨਗਣਨਾ ਨੂੰ 2025 ਨੂੰ ਹੋਣ ਵਾਲੀ ਮਰਦਮਸ਼ੁਮਾਰੀ ਵਿੱਚ ਸ਼ਾਮਲ ਕਰਨ ਦਾ ਵਿਚਾਰ 1931 ਨੂੰ ਹੋਈ ਮਰਦਮਸ਼ੁਮਾਰੀ ਦੇ ਅੰਕੜਿਆਂ ਉਤੇ ਆਧਾਰਿਤ ਹੈ, ਜਿਸ ਵਿੱਚ ਪੱਛੜੀਆਂ ਸ਼੍ਰੇਣੀਆਂ ਦੀ ਜਨਗਣਨਾ ਨੂੰ ਸ਼ਾਮਲ ਕੀਤਾ ਗਿਆ। ਓ.ਬੀ.ਸੀ. ਦੀ ਆਬਾਦੀ ਉਸ ਸਮੇਂ ਭਾਰਤ ਦੀ ਕੁੱਲ ਆਬਾਦੀ ਦਾ ਲਗਭਗ 52% ਸੀ।
ਖੋਜਕਾਰਾਂ ਦਾ ਮੰਨਣਾ ਹੈ ਕਿ ਮਰਦਮਸ਼ੁਮਾਰੀ ਆਬਾਦੀ ਦੇ ਵਾਧੇ ਜਾਂ ਆਰਥਿਕਤਾ ਦੇ ਵਾਧੇ ਵੇਰਵੇ ਅਤੇ ਪ੍ਰਮਾਣਿਕ ਜਾਣਕਾਰੀ ਇਕੱਠੀ ਕਰਨ ਦੀ ਪ੍ਰਕ੍ਰਿਆ ਹੈ। ਇਹ ਮੌਤ ਦਰ, ਜਨਮ ਦਰ ਅਤੇ ਭਾਸ਼ਾਵਾਂ ਬਾਰੇ ਵੀ ਜਾਣਕਾਰੀ ਪ੍ਰਦਾਨ ਕਰਦੀ ਹੈ। ਇਹ ਦਸ ਸਾਲਾਂ ਦੇ ਅੰਤਕਾਲ ਤੋਂ ਬਾਅਦ ਜਨਸੰਖਿਆ, ਸਮਾਜਿਕ, ਸਭਿਆਚਾਰਕ ਅਤੇ ਆਰਥਿਕ ਅੰਕੜਿਆਂ `ਤੇ ਆਧਾਰਤ ਜਾਣਕਾਰੀ ਨੂੰ ਵੰਡਣ ਦਾ ਇੱਕ ਤਰੀਕਾ ਹੈ। ਭਾਰਤ ਦੀ ਜਨਸੰਖਿਆ ਦੀ ਗਿਣਤੀ ਮਰਦਮਸ਼ੁਮਾਰੀ ਸਾਲ 1830 ਤੋਂ ਸ਼ੁਰੂ ਹੋਈ ਮੰਨੀ ਜਾਂਦੀ ਹੈ। ਢਾਕਾ (ਬੰਗਾਲ) ਵਿੱਚ ਹੈਨਰੀ ਵਾਰਟਰ ਵੱਲੋਂ ਕਰਵਾਈ ਗਈ ਅਤੇ ਤਾਜ਼ਾ ਮਰਦਮਸ਼ੁਮਾਰੀ 2011 ਵਿੱਚ ਹੋਈ ਹੈ। ਪਹਿਲੀ ਨਿਰੰਤਰ ਜਾਂ ਸਮਕਾਲੀ ਮਰਦਮਸ਼ੁਮਾਰੀ ਸਾਲ 1881 ਵਿੱਚ ਡਬਲਿਯੂ.ਸੀ. ਪਲੋਡੇਨ ਦੀ ਅਗਵਾਈ ਹੇਠ ਹੋਈ ਸੀ, ਜੋ ਭਾਰਤ ਦੇ ਜਨਗਣਨਾ ਕਮਿਸ਼ਨਰ ਸਨ। ਮਰਦਮਸ਼ੁਮਾਰੀ ਐਕਟ 1948 ਦੇ ਸੈਕਸ਼ਨ 15 ਅਨੁਸਾਰ ਮਰਦਮਸ਼ੁਮਾਰੀ ਦੇ ਰਿਕਾਰਡ ਨਾ ਤਾਂ ਨਿਰੀਖਣ ਲਈ ਖੁੱਲ੍ਹੇ ਹਨ ਅਤੇ ਨਾ ਹੀ ਸਬੂਤਾਂ ਵਿੱਚ ਮੰਨਣਯੋਗ ਹਨ। ਲਿਹਾਜਾ ਸਮੇਂ ਦੀਆਂ ਸਰਕਾਰਾਂ ਜਨਗਣਨਾ ਅੰਕੜਿਆਂ ਨੂੰ ਆਪਣੀ ਮਰਜੀ ਨਾਲ ਪ੍ਰਕਾਸ਼ਿਤ ਕਰਦੀਆਂ ਹਨ।
ਸੰਯੁਕਤ ਰਾਸ਼ਟਰ ਦਾ ਅਨੁਮਾਨ ਸੀ ਕਿ ਭਾਰਤ ਅਪ੍ਰੈਲ 2023 ਦੇ ਅੰਤ ਤੱਕ 142,57,75,850 ਦੀ ਆਬਾਦੀ ਦੇ ਨਾਲ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਜਾਵੇਗਾ। ਨਿਊਜ਼ ਏਜੰਸੀ ਬਲੂਮਬਰਗ ਦੀ ਰਿਪੋਰਟ ਅਨੁਸਾਰ ਭਾਰਤ ਦੀ ਆਬਾਦੀ 2050 ਤੱਕ 1.7 ਬਿਲੀਅਨ ਤੱਕ ਪਹੁੰਚ ਸਕਦੀ ਹੈ। ਨਵੰਬਰ 2022 ਵਿੱਚ ਵਿਸ਼ਵ ਦੀ ਮਨੁੱਖੀ ਆਬਾਦੀ 8 ਬਿਲੀਅਨ ਸੀ, ਜੋ 2080 ਤੱਕ 10.4 ਬਿਲੀਅਨ ਤੱਕ ਪਹੁੰਚ ਸਕਦੀ ਹੈ। ਅੰਕੜੇ ਦਸਦੇ ਹਨ ਕਿ ਮਨੁੱਖੀ ਮੌਤ ਔਸਤਨ ਘੱਟ ਰਹੀ ਹੈ, ਪਰ ਨਾਲ ਹੀ ਆਬਾਦੀ ਦੀ ਦਰ ਦਾ ਘਟਣ ਦਾ ਕਾਰਨ ਉਪਜਾਊ ਸ਼ਕਤੀ ਦਾ ਘਟਣਾ ਹੈ।
ਜਨਗਣਨਾ 2025 ਦੇਸ਼ ਦੀ 16ਵੀਂ ਅਤੇ ਆਜ਼ਾਦੀ ਤੋਂ ਬਾਅਦ 8ਵੀਂ ਮਰਦਮਸ਼ੁਮਾਰੀ ਹੋਵੇਗੀ, ਜਿਸ ਵਿੱਚ ਪਿੰਡ, ਕਸਬੇ ਅਤੇ ਵਾਰਡ ਪੱਧਰ `ਤੇ ਪ੍ਰਾਇਮਰੀ ਡਾਟਾ ਮਰਦਮਸ਼ੁਮਾਰੀ ਦਾ ਮੁੱਖ ਸਰੋਤ ਹੈ। ਇਹ ਡਾਟਾ ਬੈਂਕ ਵਿੱਚ ਨਾਗਰਿਕਾਂ ਦੀਆਂ ਸਹੂਲਤਾਂ, ਸੰਪਤੀਆਂ, ਜਨਸੰਖਿਆ, ਧਰਮ, ਜਾਤ, ਭਾਸ਼ਾ, ਸਾਖਰਤਾ, ਸਿੱਖਿਆ, ਪਰਵਾਸ ਅਤੇ ਉਪਜਾਊ ਸ਼ਕਤੀ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਮਰਦਮਸ਼ੁਮਾਰੀ ਪ੍ਰਚਲਨ 2025 ਵਿੱਚ ਸਵੈ-ਗਿਣਤੀ ਦਾ ਪ੍ਰਬੰਧ ਵੀ ਕੀਤਾ ਗਿਆ। ਤਕਨਾਲੋਜੀ ਨਵੇਂ ਭਾਰਤ ਨੂੰ ਆਕਾਰ ਦੇਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਵੇਗੀ। ਡਾਟਾ ਇੱਕਠਾ ਕਰਨ ਲਈ ਮੋਬਾਇਲ ਐਪ ਦੀ ਵਰਤੋਂ ਕੀਤੀ ਜਾਵੇਗੀ ਅਤੇ 16 ਭਾਰਤੀ ਭਾਸ਼ਾਵਾਂ ਵਿੱਚ ਜਨਗਣਨਾ ਅੰਕੜੇ ਪ੍ਰਭਾਵਿਤ ਹੋਣਗੇ। ਮਰਦਮਸ਼ੁਮਾਰੀ ਉਤੇ ਆਉਣ ਵਾਲੇ ਖਰਚਿਆਂ ਲਈ 3768 ਕਰੋੜ ਦੀ ਰਾਸ਼ੀ ਕੇਂਦਰ ਸਰਕਾਰ ਵੱਲੋਂ ਰਾਖਵੀਂ ਕਰ ਦਿੱਤੀ ਗਈ ਹੈ। ਦੇਖਣਾ ਹੋਵੇਗਾ ਕਿ ਮਰਦਮਸ਼ੁਮਾਰੀ ਦੇ ਅੰਕੜੇ ਕਦੋਂ ਅਤੇ ਕਿਵੇਂ ਪਬਲਿਕ ਡੋਮੇਨ ਵਿੱਚ ਰੱਖੇ ਜਾਂਦੇ ਹਨ।