ਪਿੰਡ ਵਸਿਆ-13
ਪਾਠਕਾਂ ਦੀ ਜਾਣਕਾਰੀ ਲਈ ਅਸੀਂ ਕਾਲਮ ‘ਪਿੰਡ ਵਸਿਆ’ ਸ਼ੁਰੂ ਕੀਤਾ ਹੈ, ਜਿਸ ਵਿੱਚ ਸਿਰਫ ਪਿੰਡ ਵੱਸਣ ਦੀ ਹੀ ਬਾਤ ਪਾਈ ਹੁੰਦੀ ਹੈ। ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ ਕਿ ਇਹ ਕਿਸੇ ਵੀ ਰੂਪ ‘ਚ ਲਿਖਤੀ ਨਹੀਂ ਮਿਲਦਾ। ਕਿਸੇ-ਕਿਸੇ ਪਿੰਡ ਦੇ ਵੱਸਣ-ਰਸਣ ਦੀ, ਉਹ ਵੀ ਨਾ-ਮਾਤਰ, ਗਜ਼ਟੀਅਰ’ਜ਼, ਮਾਲ ਰਿਕਾਰਡ ਜਾਂ ਕਿਸੇ ਦਸਤਾਵੇਜ਼ ਵਿੱਚ ਸਤਹੀ ਜਿਹਾ ਵਰਨਣ ਜਾਂ ਕਨਸੋਅ ਮਿਲਦੀ ਸੀ/ਹੈ, ਜਿਹੜਾ ਸਥਾਨਕ ਇਤਿਹਾਸ ਦੀ ਮਹੱਤਤਾ ਨਾ ਬੁੱਝਣ ਕਾਰਨ ਸਾਂਭਿਆ ਨਹੀਂ ਗਿਆ। ਪੇਸ਼ ਹੈ, ਪਿੰਡ ਕੋਟਫਤੂਹੀ ਨਾਲ ਜੁੜਿਆ ਸੰਖੇਪ ਵੇਰਵਾ…
ਵਿਜੈ ਬੰਬੇਲੀ
ਫੋਨ: +91-9463439075
‘ਦੂਜਾ ਬੱਬਰ ਅਕਾਲੀ ਸਾਜਿਸ਼ ਕੇਸ’, ਟਰਾਇਲ ਨੰ.-2, ਮੁਕੱਦਮਾ 1925, ਜਿਹੜਾ ਲਾਹੌਰ ਦੀ ਜੇ.ਕੇ.ਐਮ. ਟੱਪ ਸਪੈਸ਼ਲ ਜੱਜ ਬਾਬਤ ਬਗਾਵਤ ਵਿਰੁੱਧ ਕਿੰਗ ਐਮਪ੍ਰਰ ਬਨਾਮ ਬੱਬਰ ਕਿਸ਼ਨ ਸਿੰਘ ਗੜਗੱਜ ਆਦਿ, ਜਿਸ ਵਿੱਚ 91 ਬੱਬਰ ਸ਼ੁਮਾਰ ਸਨ, ਦੇ ਲੜੀ ਨੰ.-32 ‘ਤੇ ਸੁੰਦਰ ਬਾਹਮਣ ਪੁਤਰ ਨੰਦ ਲਾਲ ਉਰਫ ਨੰਦੂ ਸਾਕਨ ‘ਕੋਟਫਤੂਹੀ’ (ਮਾਹਿਲਪੁਰ, ਹੁਸ਼ਿਆਰਪੁਰ) ਦਾ ਨਾਂ, ਲਾਲ ਅੱਖਰਾਂ ਵਿੱਚ ਦਰਜ ਹੈ। ਤਾਅ-ਗਵਾਹੀਆਂ/ਬਿਆਨਤ ਸੁਨਣ-ਘੋਖਣ ਉਪਰੰਤ ਫਾਜ਼ਲ ਜੱਜ ਟਿੱਪਣੀ ਕਰਦਾ ਹੈ, “ਬੇਸ਼ਕ ਦੋਸ਼ੀ ਦੀ ਕਤਲਾਂ ਵਿੱਚ ਜ਼ਾਹਰਾ ਸ਼ਮੂਲੀਅਤ ਨਹੀਂ ਦਿਸਦੀ, ਪਰ ਅਦਾਲਤ ਇਸਨੂੰ ‘ਟੇਰਰ ਟੂ ਅਦਰਜ਼’ ਮੰਨਦੀ ਹੈ। ਸੋ, ਇਹ ਸਖ਼ਤ ਸਜ਼ਾ ਦਾ ਭਾਗੀ ਹੈ।”
ਕੋਟਫਤੂਹੀ ਨੂੰ ਵਸਾਉਣ ਵਾਲੇ ਦੋ ਭਰਾ ਸਨ- ਗਦਾਹੀ ਅਤੇ ਫੱਤਾ। ਸਮਾਂ ਉਹ ਸੀ, ਜਦ ਹਿੰਮਤੀ ਲੋਕ ਵਿਹਲੀਆਂ ਪਈਆਂ ਜ਼ਮੀਨਾਂ ਨੂੰ ਆਪਣੇ ਬਸਰ ਲਈ ਆ ਨੱਪਦੇ। ਗਦਾਹੀ ਛੜਾ-ਛਾਂਟ ਸੀ, ਫੱਤਾ ਬਾਲ-ਬੱਚੇਦਾਰ। ਉਹ ਜਾਤ ਦੇ ਜੱਟ ਅਤੇ ਗੋਤ ਵਜੋਂ ਬੈਂਸ ਸਨ। ਬੈਂਸ ਜੱਟ, ਜਿਨ੍ਹਾਂ ਨੂੰ ਸਿਥੀਅਨ ਨਸਲ ਦੇ ਆਰੀਅਨ ਕਿਹਾ ਜਾਂਦਾ ਸੀ, ਭਾਰਤੀ ਖਿੱਤੇ ਵਿੱਚ ਮੱਧ ਏਸ਼ੀਆ ਤੋਂ ਆਏ ਸਨ, ਜਿਹੜੇ ਪੜਾਅ-ਦਰ-ਪੜਾਅ ਸਿੰਧ ਤੋਂ ਵਾਇਆ ਰਾਜਸਥਾਨ-ਮਾਲਵਾ ਅਤੇ ਫਿਰ ਦੁਆਬਾ ਆ ਢੁੱਕੇ। ਨਵੀਆਂ ਚਰਾਂਦਾ ਅਤੇ ਜਲ-ਸੋਮਿਆ ਦੀ ਭਾਲ ਹਿੱਤ ਜੱਟ ਕਬੀਲੇ ਪੂਰੇ ਘੁਮੱਕੜ ਸਨ। ਇਧਰ ਆਉਣ ਵਾਲਾ ਵੱਡਾ ਸਰਦਾਰ ਗੁਰਦਾਸ ਬੈਂਸ ਸੀ, ਜਿਸਦੇ ਕਬੀਲੇ ਦੇ ਦੋ ਧੜਵੈਲਾਂ- ਗਦਾਹੀ ਅਤੇ ਫੱਤੇ ਨੇ ਪਹਿਲਾ ਮੰਨਣਹਾਨੇ ਲਾਗੇ, ਹੁਣ ਵਾਲੀ ਮਸ਼ਹੂਰ ਜਗ੍ਹਾ ‘ਹਰੀ ਧਾਮ’ ਕੋਲ, ਮੌਜੂਦਾ ਬਿਸਤ ਦੁਆਬ ਨਹਿਰ ਲਾਗੇ, 19ਵੀਂ ਸਦੀ ਦੇ ਬਿਲਕੁਲ ਸ਼ੁਰੂ ਵਿੱਚ ਆਪਣੀ ਮੋਹੜੀ ਗੱਡੀ, ਜਿਸਨੂੰ ਹੁਣ ਖੈੜਾ ਕਿਹਾ ਜਾਂਦਾ ਹੈ; ਪਰ ਬਰਸਾਤੀ ਮਾਰ ਕਾਰਨ ਇਨ੍ਹਾਂ ਨੂੰ ਹੁਣ ਵਾਲੀ ਕੋਟਫਤੂਹੀ ਦੇ ਮੱਧ ਵਿਚਲੀ ਉੱਚੀ ਥੇਹ ‘ਤੇ ਟਿਕਾਣਾ ਕਰਨਾ ਪਿਆ। ਸਵੈ-ਰੱਖਿਆ ਲਈ ਉਨ੍ਹੀਂ ਇੱਕ ਛੋਟੇ ਜਿਹਾ ਜੰਗੀ-ਦੁਰਗ, ਕੋਟ (ਕਿਲਾ) ਵੀ ਉਸਾਰਿਆ, ਜਿਹੜਾ ਸਮਾਂ ਪਾ ਕੇ ‘ਫੱਤੇ ਦਾ ਕੋਟ’ ਵੱਜਿਆ।
ਇੱਕ ਹੋਰ ਮੌਖਿਕ ਇਤਿਹਾਸ ਅਨੁਸਾਰ ਸੰਨ 1825 ‘ਚ ਜਦ ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲ ਮੋਹਕਮ ਚੰਦ ਨੇ ਕਾਂਗੜੇ ਦੇ ਰਾਜਾ ਸੰਸਾਰ ਚੰਦ ਤੋਂ ਬਜਵਾੜਾ-ਜੇਜੋਂ ਦਾ ਇਲਾਕਾ ਅਤੇ ਕਿਲੇ ਖੋਹ ਲਏ ਤਾਂ ਯੁੱਧਨੀਤਿਕ ਪੱਖੋਂ ਇੱਥੇ ਫੱਤੇ ਦੇ ਰੈਣ-ਬਸੇਰੇ ‘ਤੇ, ਮੁਕਾਬਲਤਨ ਉੱਚੀ ਥਾਵੇਂ ਇੱਕ ਕੋਟ ਦੀ ਤਾਮੀਰ ਕਰਵਾ ਫੱਤੇ ਨੂੰ ਉਸਦਾ ਅਹਿਲਕਾਰ ਥਾਪਿਆ। ਦਰ-ਹਕੀਕਤ, ਸਿੱਖਾਂ ਨਾਲ ਸਬੰਧਿਤ ਟਾਵੇਂ-ਟਾਵੇਂ ਪਿੰਡ ਭਾਵੇਂ ਬੰਦਾ ਬਹਾਦੁਰ ਜੀ ਵੇਲੇ, ਕੁੱਝ ਵੱਧ ਸਿੱਖ ਮਿਸਲਾਂ ਵੇਲੇ ਹੋਂਦ ਵਿੱਚ ਆਏ, ਪਰ ਪੰਜਾਬ ਦੇ ਪਿੰਡਾਂ ਦੇ ਪੈਰ ਸਹੀ ਮਾਇਨਿਆ ਵਿੱਚ ਮਹਾਰਾਜਾ ਰਣਜੀਤ ਸਿੰਘ ਵੇਲੇ ਹੀ ਲੱਗੇ। ਕੋਟਫਤੂਹੀ ਨਾਲ ਵੀ ਇਵੇਂ ਹੀ ਹੋਇਆ। ਉਸ ਤੋਂ ਪਹਿਲਾਂ ਬਹੁਤੀਆਂ ਜ਼ਮੀਨਾਂ ਦੇ ਮਾਲਕ ਹਿੰਦੂ ਚੌਧਰੀ ਜਾਂ ਮੁਸਲਿਮ ਜਗੀਰਦਾਰ ਸਨ, ਜਿਨ੍ਹਾਂ ਦੀ ਰਿਆਇਆ ਵਿੱਚ ਜਨ-ਸਾਧਾਰਨ ਨੂੰ ਰਹਿਣਾ ਪੈਂਦਾ ਸੀ। ਪਿੰਡ ਦੇ ਰੂਪ ਵਿੱਚ ਕੋਟਫਤੂਹੀ 19ਵੀਂ ਸਦੀ ਦੇ ਸ਼ੁਰੂ ਵਿੱਚ ਉਗਮਦਾ ਹੈ। 1849 ਤੱਕ ਅੰਗਰੇਜ਼ਾਂ ਦੇ ਪੰਜਾਬ ‘ਤੇ ਮੁਕੰਮਲ ਕਾਬਜ਼ ਹੋ ਜਾਣ ਉਪਰੰਤ ਜ਼ਮੀਨੀ ਬੰਦੋਬਸਤ 1857-1884 ਅਨੁਸਾਰ 1801 ਵਿੱਚ ਹੀ ਇੱਥੇ ਸੰਯੁਕਤ ਆਬਾਦੀ ਹੋਣੀ ਸ਼ੁਰੂ ਹੋ ਗਈ ਸੀ। ਅੰਗਰੇਜ਼ਾਂ ਵਲੋਂ ਧਿਆਨ ਦੇਣ ਦਾ ਕਾਰਨ ਭਾਵੇਂ ‘ਫੱਤੇ ਦਾ ਕੋਟ ਸੀ’, ਪਰ ਵੱਡਾ ਕਾਰਨ ਇਸ ਪਿੰਡ ਦੀਆਂ ਦੇਸ਼-ਭਗਤਕ ਗ਼ਦਰੀ, ਖਾਸ ਕਰ ਬੱਬਰ ਗਤੀਵਿਧੀਆਂ ਸਨ।
ਜੰਗ-ਏ-ਆਜ਼ਾਦੀ ਵਿੱਚ ‘ਬੱਬਰ ਅਕਾਲੀ’ਜ਼’ ਤਵਾਰੀਖ ਦਾ ਨਾਂ ਬੜਾ ਗੂੜ੍ਹਾ ਹੈ। ਬਹੁਤੇ ਇਸਨੂੰ ਸਿਰਫ ਸਿੱਖਾਂ ਦੀ ਹੀ ਜਦੋਜਹਿਦ ਮੰਨਦੇ ਹਨ। ਦਰ-ਹਕੀਕਤ ਅਜਿਹਾ ਨਹੀਂ ਹੈ, ਇਸ ਵਿੱਚ ਤਾਅ ਜਾਤਾਂ-ਧਰਮਾਂ ਨੇ ਸਵੱਲਾ ਹਿੱਸਾ ਪਾਇਆ। ਕਿਸੇ ਨੇ ਥੋੜ੍ਹਾ, ਕਿਸੇ ਨੇ ਬਹੁਤਾ। ਮੇਰੇ ਇਸ ਕਥਨ ਦੀ ਪੁਸ਼ਟੀ ਨੂੰ ਰੁਲੀਆ ਅਰਾਂਈ ਦੀ ਮੂਕ-ਕੁਰਬਾਨੀ ਨੇ ਬੜਾ ਬਲ ਬਖਸ਼ਿਆ। ਸੰਖੇਪ ਵਿੱਚ ਸੁਨਾਉਣ ਦੀ ਆਗਿਆ ਦਿਓ:
ਰੁਲੀਆ ਅਰਾਂਈ, ਜਿਹੜਾ ਮਗਰੋਂ ‘ਰੁਲੀਆ ਭਾਈ ਜਾਨ’ ਵਜੋਂ ਸਤਕਾਰਿਆ ਜਾਣ ਲੱਗਾ ਸੀ, ਵੀ ਇਸੇ ਕੋਟਫਤੂਹੀ ਦਾ ਜਾਇਆ ਸੀ। ਬੱਬਰਾਂ ਅਤੇ ਹੋਰ ਦੇਸ਼ ਭਗਤਾਂ ਨਾਲ ਯਕਜਹਿਤੀ ਪ੍ਰਗਟਾਉਣ ਹਿੱਤ ਕੋਟਫਤੂਹੀ ਵਿੱਚ ਕੀਤੀ ਗਈ 1922 ਵਾਲੀ ‘ਪੁਲੀਟੀਕਲ ਕਾਨਫਰੰਸ’ ਤਾਰੀਖ ਵਿੱਚ ਬਹੁ-ਪਰਤੀ ਮਾਇਨੇ ਰੱਖਦੀ ਹੈ, ਜਿਸ ਵਿੱਚ ਬੱਬਰ ਅਕਾਲੀਆਂ ਦੇ ‘ਥਿੰਕ ਟੈਂਕ’ ਮਾਸਟਰ ਮੋਤਾ ਸਿੰਘ, ਜੋ ਉਦੋਂ ਮਫਰੂਰ ਸੀ, ਵੀ ਬੋਲਿਆ। ਉਸਨੂੰ ਬੋਲਣੋਂ ਰੋਕਣ ਅਤੇ ਫੜਨ ਹਿੱਤ ਅੰਗਰੇਜ਼ਾਂ ਬੜੇ ਰੱਸੇ-ਪੈੜੇ ਵੱਟੇ, ਪਰ ਸਭ ਵਿਅਰਥ। ਉਹ ਯੁਕਤੀ ਢੰਗ ਨਾਲ ਆਇਆ, ਸੂਹਾ ਬੋਲਿਆ ਅਤੇ ਬੜੇ ਹੈਰਤਅੰਗੇਜ਼, ਪਰ ਭੇਦ-ਪੂਰਨ ਢੰਗ ਨਾਲ ਗਾਇਬ ਹੋ ਗਿਆ। ਉਸ ਆ ਨਹੀਂ ਸੀ ਸਕਣਾ। ਆਇਆ ਫੜ੍ਹਿਆ ਜਾਣਾ ਸੀ, ਜੇ ਉਸਨੂੰ ਲਿਆਉਣ-ਭਜਾਉਣ ਵਿੱਚ ਰੁਲੀਆ ਅਰਾਂਈ ਯੁਕਤੀ, ਦਲੇਰਆਨਾ ਪਰ ਮੂਕ ਰੋਲ ਨਾ ਅਦਾ ਕਰਦਾ। ਕਿਵੇਂ, ਇਹ ਇੱਕ ਲੰਬੀ ਗਾਥਾ ਹੈ ਜਿਹੜੀ ਮੇਰੀ ਪੁਸਤਕ ‘ਬੱਬਰ ਅਕਾਲੀ ਲਹਿਰ ਨੂੰ ਮੁੜ ਫਰੋਲਦਿਆਂ’ ਵਿੱਚ ਦਰਜ ਹੈ। ਅਫਸੋਸ! ਵੱਡੇ ਰੋਲਿਆਂ, ’47 ਦੀ ਤ੍ਰਾਸਦੀ ਵੇਲੇ ਨਾ ਚਾਹੁੰਦਿਆਂ ਵੀ ਗੁਰਬਤ ਮਾਰੇ ਇਸ ਕਰਮਯੋਗੀ ਨੂੰ ਮਣਾ-ਮੂੰਹੀਂ ਬੋਝਲ ਮਨ ਨਾਲ ਪਰਾਈ ਧਰਤੀ, ਪਾਕਿਸਤਾਨ ਨੂੰ ਤੁਰਨਾ ਪਿਆ। ਕਹਿੰਦੇ, ਪਿੰਡੋਂ ਅੱਠ ਕੋਹ ਦੂਰ ਬਹਿਰਾਮ (ਬੰਗਾ) ਦੇ ਆਰਜ਼ੀ ਪਨਾਹਗਾਹ ਕੈਂਪ ਪੁੱਜਦਿਆ ਇਸ ਭਲੇ ਬੰਦੇ ਨੇ ਦੋਵੇਂ ਹੱਥ ਅਸਮਾਨ ਕੰਨੀ ਚੁੱਕ, ਕੋਟਫਤੂਹੀ ਵੱਲ ਮੂੰਹ ਕਰ ਦਿਲ ਚੀਰਵੀਂ ਲੇਰ ਮਾਰੀ। ਕਿਹਾ, “ਆਹਲਾ ਵਤਨ! ਜੰਗ-ਏ-ਆਜ਼ਾਦੀ, ਅਸੀਂ ਰਲ-ਮਿਲ, ਆਹ ਦਿਨ ਵੇਖਣ ਨੂੰ ਤਾਂ ਨਹੀਂ ਸੀ ਲੜੀ।”