ਪੰਜਾਬ ਦੇ ਅਵੱਲੇ ਸੁਭਾਅ ਨਾਲ ਖੇਡ ਰਹੀ ਹੈ ਆਮ ਆਦਮੀ ਪਾਰਟੀ

ਸਿਆਸੀ ਹਲਚਲ ਖਬਰਾਂ

ਪੰਜਾਬ ਦਾ ਪ੍ਰਸ਼ਾਸਨਿਕ ਸੰਕਟ
ਪੰਜਾਬੀ ਪਰਵਾਜ਼ ਬਿਊਰੋ
ਭਾਰਤੀ ਪੰਜਾਬ ਇੱਕ ਪ੍ਰਸ਼ਾਸਨਿਕ ਯੂਨਿਟ ਵਜੋਂ ਅਤੇ ਇੱਕ ਸਮਾਜਕ-ਸਭਿਆਚਾਰਕ ਹੋਂਦ ਦੇ ਤੌਰ ‘ਤੇ ਬਹੁਤ ਸਾਰੇ ਸੰਕਟਾਂ ਵਿੱਚੋਂ ਲੰਘ ਰਿਹਾ ਹੈ। ਪੰਜਾਬ ਨਾਲ 1947 ਤੋਂ ਬਾਅਦ ਹੀ ਇੱਕ ਰਾਜ ਵਜੋਂ ਵਿਤਕਰੇ ਦੀ ਕਹਾਣੀ ਸ਼ੁਰੂ ਹੋ ਗਈ ਸੀ। ਇਹ ਵਿਤਕਰੇ ਸਹੀ ਮਾਅਨਿਆਂ ਵਿੱਚ ਪੰਜਾਬ ਅੰਦਰ ਇੱਕ ਧਾਰਮਿਕ ਘੱਟਗਿਣਤੀ ਦੀ ਬਹੁਲਤਾ ਵਿੱਚ ਹੋਣ ਕਾਰਨ ਹੀ ਪੈਦਾ ਹੋਏ ਹਨ। ਪੰਜਾਬ ਵਿੱਚ ਸਿੱਖ ਭਾਈਚਾਰੇ ਨੂੰ ਬਾਹਰ ਕਰ ਦੇਈਏ ਤਾਂ ਬਾਕੀ ਸਾਰੇ ਤਬਕੇ ਵੱਡੀ ਭਾਰਤੀ ਸਮਾਜਿਕ-ਸਭਿਆਚਾਰਕ ਹੋਂਦ ਦਾ ਹਿੱਸਾ ਹੀ ਹਨ। ਫਿਰ ਨਾ ਬੋਲੀ ਦਾ ਰੱਟਾ ਰਹੇਗਾ, ਨਾ ਰਾਜਧਾਨੀ ਦਾ ਅਤੇ ਨਾ ਹੀ ਬਿਜਲੀ ਪਾਣੀ ਦਾ।

ਸਿੱਖ ਧਰਮ ਕਿਉਂਕਿ ਆਪਣੀ ਵੱਖਰੀ ਜੀਵਨ ਜਾਚ ਅਪਣਾਉਂਦਾ ਹੈ ਅਤੇ ਇਹ ਜੀਵਨ ਜਾਚ ਪੰਜਾਬ ਦੇ ਹੋਰ ਤਬਕਿਆਂ ਨੂੰ ਵੀ ਪ੍ਰਭਾਵਤ ਕਰਦੀ ਹੈ, ਇਸੇ ਪ੍ਰਭਾਵ ਨੂੰ ਡੱਕਣ ਲਈ ਅਤੇ ਸਿੱਖ ਜੀਵਨ ਜਾਚ ਨੂੰ ਵਡੇਰੀ ਹਿੰਦੂ ਜੀਵਨ ਜਾਚ ਹਿੱਸਾ ਬਣਾਉਣ ਦੇ ਮਕਸਦ ਨਾਲ ਹੀ ਇਸ ਨੂੰ ਆਪਣੀ ਰਾਜਧਾਨੀ ਤੋਂ ਮਹਿਰੂਮ ਰੱਖਿਆ ਗਿਆ ਹੈ। ਚੰਡੀਗੜ੍ਹ ਲਈ ਪਿੰਡ ਉਜਾੜੇ ਪੰਜਾਬ ਦੇ। ਬਣਗੀ ਯੂ.ਟੀ.? ਇਸੇ ਕਰਕੇ ਪੰਜਾਬੀ ਭਾਸ਼ਾ ਨੂੰ ਪੰਜਾਬ ਦੇ ਸਮੁੱਚੇ ਪ੍ਰਾਈਵੇਟ ਸਕੂਲਾਂ ਤੋਂ ਬਾਹਰ ਕੱਢਣ ਲਈ ਅੱਡੀ ਚੋਟੀ ਦਾ ਜ਼ੋਰ ਲੱਗ ਰਿਹਾ ਹੈ। ਇਸੇ ਕਰਕੇ ਪੰਜਾਬ ਦੇ ਲੋਕਾਂ ਨੂੰ ਆਪਣੇ ਡੈਮਾਂ ਦੇ (ਬੀ.ਬੀ.ਐਮ.ਬੀ.) ਮੈਨੇਜਮੈਂਟ ਤੋਂ ਪਾਸੇ ਕੀਤਾ ਗਿਆ ਹੈ। ਇੱਕ ਰਾਜਧਾਨੀ ਤੋਂ ਬਿਨਾ ਕੋਈ ਰਾਜ, ਜਿਸ ਦੀ ਆਪਣੀ ਨਵੇਕਲੀ ਸਭਿਆਚਾਰਕ ਹਸਤੀ ਹੋਵੇ, ਆਪਣੇ ਸਿਰ ਤੋਂ ਬਗੈਰ ਧੜ ਵਾਂਗ ਹੁੰਦਾ ਹੈ। ਇਹ ਸਾਡੀ ਅੱਜ ਅਸਲ ਹਾਲਤ ਹੈ।
ਪੰਜਾਬ ਵਿੱਚ ਜਿੰਨੇ ਸੰਕਟ ਉਪਜਦੇ ਹਨ, ਉਹ ਇਸ ਧੜ ਵਿਹੂਣੇ ਸਰੀਰ ਵਿੱਚੋਂ ਹੀ ਉਪਜਦੇ ਹਨ। ਇਹ ਰਾਜਧਾਨੀ ਨੁਮਾ ਸ਼ਹਿਰ ਹੀ ਹੁੰਦੇ ਹਨ, ਜਿਥੇ ਤੁਹਾਡੇ ਸਭਿਆਚਾਰ ਅਤੇ ਸਮਾਜ ਦੀ ਚੋਟੀ ਦੀ ਬੌਧਿਕ ਸਰਗਰਮੀ ਚਲਦੀ ਹੈ। ਕਦੇ ਸਾਡੇ ਕੋਲ ਲਾਹੌਰ ਹੁੰਦਾ ਸੀ। ਇਹੋ ਜਿਹੇ ਸ਼ਹਿਰਾਂ ਵਿੱਚ ਬੈਠ ਕੇ ਹੀ ਕਿਸੇ ਕੌਮ ਜਾਂ ਕੌਮੀਅਤ ਦਾ ਜ਼ਹੀਨ ਤਬਕਾ ਆਪਣੀ ਬੌਧਿਕ, ਸਭਿਆਚਾਰਕ ਅਤੇ ਸਮਾਜਕ ਹਸਤੀ ਨੂੰ ਵਿਗਸਦੇ ਸੰਸਾਰ ਨਾਲ ਇੱਕ ਸੁਰ ਕਰਦਾ ਹੈ। ਪੰਜਾਬ ਦੇ ਪੁਰਾਣੇ ਮੁੱਦੇ ਹਾਲੇ ਹੱਲ ਨਹੀਂ ਹੋਏ, ਪਰ ਬਹੁਤ ਸਾਰੇ ਨਵੇਂ ਖੜ੍ਹੇ ਹੋ ਗਏ ਹਨ। ਇਨ੍ਹਾਂ ਵਿੱਚ ਪੰਜਾਬ ਦੇ ਜ਼ਮੀਨਦੋਜ਼ ਪਾਣੀ ਦਾ ਸੰਕਟ, ਸਨਅਤੀ ਅਤੇ ਸ਼ਹਿਰੀ ਮਵਾਦ ਨਾਲ ਦਰਿਆਵਾਂ ਦੇ ਪਲੀਤ ਹੋ ਜਾਣ ਦਾ ਸੰਕਟ, ਪੰਜਾਬ ਦੇ ਨੌਜਵਾਨਾਂ ਦੀ ਸਿਹਤ ਅਤੇ ਨਸ਼ਿਆਂ ਆਦਿ ਦਾ ਸੰਕਟ ਵੀ ਸਾਹਮਣੇ ਆ ਗਏ ਹਨ। ਇਸ ਸਾਰੇ ਕੁਝ ਤੋਂ ਇਲਾਵਾ ਜਿਹੜਾ ਨਵਾਂ ਸੰਕਟ ਪੰਜਾਬ ਖੜ੍ਹਾ ਹੋ ਰਿਹਾ ਹੈ, ਉਹ ਪ੍ਰਸ਼ਾਸਨਿਕ ਸੰਕਟ ਹੈ।
ਇਹ ਠੀਕ ਹੈ ਕਿ ਪੰਜਾਬ ਵਿੱਚ ਰਹੀਆਂ ਪਹਿਲੀਆਂ ਸਰਕਾਰਾਂ ਵਿੱਚ ਵੀ ਹਾਈਕਮਾਂਡ/ਕੇਂਦਰ ਦੀ ਦਖਲਅੰਦਾਜ਼ੀ ਰਹੀ ਹੈ, ਪਰ ਹੁਣ ਇਸ ਨੇ ਜਿਹੜਾ ਰੂਪ-ਸਰੂਪ ਅਖਤਿਆਰ ਕਰ ਲਿਆ ਹੈ, ਇਹ ਸਾਲਮ ਗੁਲਾਮੀ ਵੱਲ ਜਾਂਦਾ ਹੈ। ਆਮ ਆਦਮੀ ਪਾਰਟੀ ਦਿੱਲੀ ਵਿੱਚ ਦੂਜੀ ਵਾਰ ਸੱਤਾ ਵਿੱਚ ਹੈ ਅਤੇ ਦਿੱਲੀ ਲਈ ਪੂਰਨ ਰਾਜ ਦਾ ਦਰਜਾ ਵੀ ਮੰਗਦੀ ਰਹੀ ਹੈ। ਇਨ੍ਹਾਂ ਤੋਂ ਪਹਿਲਾਂ ਰਹੇ ਮੁੱਖ ਮੰਤਰੀ ਵੀ ਦਿੱਲੀ ਲਈ ਪੂਰਨ (ਅਟੋਨੌਮਸ) ਰਾਜ ਦਾ ਦਰਜਾ ਮੰਗਦੇ ਰਹੇ ਹਨ; ਪਰ ਜਦੋਂ ਇੱਕ ਆਰਡੀਨੈਂਸ ਰਾਹੀਂ ਕੇਂਦਰ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਮੁੱਖ ਸ਼ਕਤੀਆਂ ਐਲ.ਜੀ. ਦੇ ਹਵਾਲੇ ਕੀਤੀਆਂ ਤਾਂ ਇਸ ਦੇ ਖਿਲਾਫ ‘ਆਪ’ ਦੇ ਲੀਡਰਾਂ ਨੇ ਚੂੰ ਤੱਕ ਨਹੀਂ ਕੀਤੀ। ਜੇ ਤੁਹਾਡੇ ਵਿੱਚ ਰਾਜਨੀਤੀਵਾਨਾਂ ਵਾਲਾ ਕੋਈ ਕਣ ਹੈ, ਤੁਸੀਂ ਕੇਂਦਰ ਸਰਕਾਰ ਨਾਲ ਦਿੱਲੀ ਨੂੰ ਖੁਦਮੁਖਤਾਰ ਰਾਜ ਐਲਾਨਣ ਲਈ ਲੜੇ ਕਿਉਂ ਨਹੀਂ? ਇਸ ਸੰਘਰਸ਼ ਨੇ ਤੁਹਾਨੂੰ ਕਮਜ਼ੋਰ ਨਹੀਂ ਸੀ ਕਰਨਾ, ਸਗੋਂ ਤੁਹਾਨੂੰ ਇਖਲਾਕੀ ਅਤੇ ਰਾਜਨੀਤਿਕ ਤੌਰ ‘ਤੇ ਮਜਬੂਤ ਕਰਨਾ ਸੀ। ਇਸ ਨਾਲ ਆਮ ਆਦਮੀ ਪਾਰਟੀ ਨੂੰ ਸਾਰੇ ਦੇਸ਼ ਵਿੱਚ ਫੈਡਰਲਿਜ਼ਮ ਦੀ ਮੰਗ ਕਰ ਰਹੀਆਂ ਪਾਰਟੀਆਂ ਦੀ ਹਮਾਇਤ ਵੀ ਮਿਲਣੀ ਸੀ। ਦੁਨੀਆਂ ਦੇ ਘਾਗ ਬੁੱਧੀਮਾਨ ਇਹ ਮੰਨਦੇ ਹਨ ਕਿ ਇਸ ਸੰਸਾਰ ਦਾ ਵਿਕਾਸ ਵੱਡੇ-ਵੱਡੇ ਰਾਜਾਂ ਤੋਂ ਛੋਟੇ ਰਾਜਾਂ ਵੱਲ ਅਤੇ ਉਸ ਤੋਂ ਅੱਗੇ ਵੱਡੇ ਸ਼ਹਿਰਾਂ (ਮੈਟਰੋਪੋਲਿਟਿਨ), ਕਸਬਿਆਂ, ਪਿੰਡਾਂ ਅਤੇ ਫਿਰ ਵਿਅਕਤੀਗਤ ਆਜ਼ਾਦੀ ਵੱਲ ਸੇਧਤ ਹੈ। ਪੂਰੀ ਮਨੁੱਖਤਾ ਦਾ ਵਿਕਾਸ/ਵਿਗਸ ਇਸੇ ਪਾਸੇ ਵੱਲ ਵਧ ਰਿਹਾ ਹੈ। ਇੰਟਰਨੈਟ ਦੇ ਸਾਰੀ ਦੁਨੀਆਂ ਵਿੱਚ ਫੈਲ ਜਾਣ ਦੇ ਬਾਵਜੂਦ ਨਵੇਂ-ਨਵੇਂ ਮਨੁੱਖੀ ਭਾਈਚਾਰੇ, ਕੌਮਾਂ, ਕਬੀਲੇ ਅਤੇ ਮਨੁੱਖੀ ਨਸਲਾਂ ਸਾਹਮਣੇ ਆ ਰਹੀਆਂ ਹਨ। ਇਸੇ ਤਰ੍ਹਾਂ ਵਿਚਾਰਾਂ/ਵਿਚਾਰਧਾਰਾਵਾਂ ਦੀ ਵੰਨ-ਸੁਵੰਨਤਾ ਵੀ ਵਧ ਰਹੀ ਹੈ; ਪਰ ਸਾਡੀ ਗੰਗਾ ਉਲਟੀ ਵਹਿ ਰਹੀ ਹੈ। ਅਸੀਂ ਇੱਕ ਜਮਹੂਰੀਅਤ ਤੋਂ ਇੱਕ ਪੁਰਖੀ (ਕਲਟਿਸ਼) ਰਾਜ ਵੱਲ ਵਧ ਰਹੇ ਹਾਂ। ਭਾਜਪਾ ਵਿੱਚ ਤਾਂ ਨਰਿੰਦਰ ਮੋਦੀ ਦੇ ਭਾਰੂ ਹੋਣ ਨਾਲ ਇਹ ਵਰਤਾਰਾ ਚੱਲਿਆ ਹੈ, ਆਮ ਆਦਮੀ ਪਾਰਟੀ ਅੱਲ੍ਹੜ ਉਮਰ ਵਿੱਚ ਹਿਟਲਰਸ਼ਾਹੀ ਵਾਲੇ ਰਾਹ ਤੁਰਦੀ ਵਿਖਾਈ ਦੇ ਰਹੀ ਹੈ।
ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਸਭ ਤੋਂ ਪਹਿਲਾਂ ਚਾਰ ਮੈਂਬਰ ਪਾਰਲੀਮੈਂਟ ਦਿੱਤੇ। ਪਿਛਲੀਆਂ ਅਸੈਂਬਲੀ ਚੋਣਾਂ ਵਿੱਚ 92 ਮੈਂਬਰ ਜਿਤਾ ਦਿੱਤੇ। ਇਹੋ ਜਿਹੇ ਰਾਜ ਦੇ ਲੋਕਾਂ ‘ਤੇ ਤਾਂ ਤੁਹਾਡੀ ਨਜ਼ਰ ਵੈਸੇ ਹੀ ਸਵੱਲੀ ਰਹਿਣੀ ਚਾਹੀਦੀ ਹੈ, ਜਿਨ੍ਹਾਂ ਨੇ ਤੁਹਾਨੂੰ ਇੱਡੀ ਵੱਡੀ ਬਹੁਸੰਮਤੀ ਦਿੱਤੀ। ਪਾਰਟੀ ਦੀ ਜੜ੍ਹ ਲਾਈ। ਲੋਕਾਂ ਦੇ ਨਾਲ-ਨਾਲ ‘ਆਪ’ ਦੀ ਕੇਂਦਰੀ ਲੀਡਰਸ਼ਿਪ ਨੂੰ ਪੰਜਾਬ ਦੇ ਲੀਡਰਾਂ ਨੂੰ ਵੀ ਆਜ਼ਾਦੀ ਨਾਲ ਕੰਮ ਕਰਨ ਦੇਣਾ ਚਾਹੀਦਾ ਹੈ; ਪਰ ਉਲਟੇ ਬਾਂਸ ਬਰੇਲੀ ਨੂੰ ਤੁਰ ਪਏ ਹਨ। ਹਰਿਆਣਾ ਅਰਵਿੰਦ ਕੇਜਰੀਵਾਲ ਦੀ ਜਨਮ ਭੂਮੀ ਹੈ, ਧਰਤੀ ਪੁੱਤਰ ਨੂੰ ਇੱਕ ਵੀ ਸੀਟ ਨਹੀਂ ਲੱਭੀ। ਬਹੁਤਿਆਂ ਦੀਆਂ ਜ਼ਮਾਨਤਾਂ ਜਬਤ ਹੋ ਗਈਆਂ। ਜਦੋਂ ਹੋਰ ਕਿਧਰੇ ਢੋਈ ਨਹੀਂ ਮਿਲਦੀ ਤਾਂ ਪੰਜਾਬ `ਤੇ ਚੜ੍ਹਾਈ ਕਰ ਲਈ? ਤੁਸੀਂ ਸ਼ੁਕਰ ਕਰੋ ਕਿ ਕਿਸਾਨ ਸੰਘਰਸ਼ ਦੀ ਉਠਾਣ ਦਾ ਹੁਲਾਸ ਤੁਹਾਡੇ ਲਈ ਵੋਟਾਂ ਵਿੱਚ ਬਦਲ ਗਿਆ। ਉਹ ਵੀ ਇਸ ਕਰਕੇ ਕਿ ਭਗਵੰਤ ਮਾਨ ਦੇ ਮੂੰਹ ‘ਤੇ ਦਾਹੜੀ ਸੀ ਅਤੇ ਸਿਰ ‘ਤੇ ਪੱਗ, ਤੇ ਲੋਕ ਸਾਰੇ ਰਾਜਨੀਤਿਕ ਕੋੜਮੇ ਤੋਂ ਅੱਕੇ ਪਏ ਸਨ। ਪੰਜਾਬ ਦੇ ਮੁੱਖ ਮੰਤਰੀ ਦਾ ਵੀ ਮੁਖੀ ਲਾ ਦਿੱਤਾ? ਪਿਆਰੇ ਸੰਵਿਧਾਨ ਤੋਂ ਬਿਨਾ ਪੁੱਛੇ ਹੀ? ਪੰਜਾਬ ਦੇ ਮੰਤਰੀਆਂ ਦੀਆਂ ਮੀਟਿੰਗਾਂ, ਪਰ ਮੁੱਖ ਮੰਤਰੀ ਤੋਂ ਬਿਨਾ। ਹੁਕਮ ਸਿੱਧੇ ਦਿੱਲੀ ਤੋਂ ਹੋਣ ਲੱਗੇ ਤੇ ਭਗਵੰਤ ਭਰਾ ਡੰਮੀ ਮੁੱਖ ਮੰਤਰੀ? ਕੀਹਦਾ ਹੁਕਮ ਮੰਨੇ ਅਫਸਰਸ਼ਾਹੀ? ਪਾਰਟੀ ਪ੍ਰਧਾਨ ਕਿ ਪੰਜਾਬ ਦੇ ਮੁੱਖ ਮੰਤਰੀ ਦਾ? ਦਿੱਲੀਉਂ ਵਿਹਲੇ ਹੋਏ ‘ਆਪ’ ਦੇ ਕਥਿਤ ਲੀਡਰਾਂ ਦੇ ਵੱਗ ਪੰਜਾਬ ਵੱਲ ਚੜ੍ਹ ਆਏ ਹਨ।
ਤੁਸੀਂ ਵੇਖਿਆ ਤਾਂ ਹੋਣਾ, ਸਾਰੇ ਦੇਸ਼ ਦਾ ਮੂੰਹ ਇੱਕ ਪਾਸੇ ਨੂੰ ਹੁੰਦਾ, ਪੰਜਾਬ ਦਾ ਦੂਜੇ ਪਾਸੇ ਨੂੰ। ਇਹ ਬੇਹੱਦ ਅਵੱਲੇ ਲੋਕ ਨੇ। ਚਾਣਕਿਆ ਨੂੰ ਜਦੋਂ ਨੰਦ ਵੰਸ਼ ਨੇ ਛਿੱਤਰ ਮਾਰ ਕੇ ਕੱਢਿਆ ਤਾਂ ਉਸ ਨੇ ਪੰਜਾਬ ਵਿੱਚ ਆਣ ਕੇ ਸ਼ਰਨ ਲਈ। ਚੰਦਰ ਗੁਪਤ ਮੋਰੀਆ ਨੂੰ ਲੈ ਕੇ ਮੋਰੀਆ ਰਾਜ ਦਾ ਪੜੁੱਲ ਬੰਨਿ੍ਹਆ, ਪਰ ਜਦੋਂ ਮੋਰੀਆ ਰਾਜ ਆਟੋਕਰੇਟ ਹੋਣ ਲੱਗਾ ਤਾਂ ਪੰਜਾਬ ਵਿੱਚ ਹੀ ਸਭ ਤੋਂ ਪਹਿਲੀ ਬਗਾਵਤ ਹੋਈ। ਰਾਜਕੁਮਾਰ ਅਸ਼ੋਕ ਨੂੰ ਉਹਦੇ ਪਿਉ ਨੇ ਇਸ ਬਗਾਵਤ ਨੂੰ ਦਬਾਉਣ ਲਈ ਪੰਜਾਬ ਭੇਜਿਆ ਸੀ। ਇਤਿਹਾਸ ਦੁਬਾਰਾ ਪੜ੍ਹਿਓ। ਮੌਜੂਦਾ ਹਿੰਦੋਸਤਾਨ ਦੀ ‘ਪੂਰਨ ਆਜ਼ਾਦੀ’ ਦੀ ਨੀਂਹ ਵੀ ਪੰਜਾਬ ਵਿੱਚ ਰਾਵੀ ਦਰਿਆ ਦੇ ਕੰਢੇ ਰੱਖੀ ਗਈ ਸੀ। ਸਭ ਤੋਂ ਪਹਿਲਾ ਰੱਟਾ ਵੀ ਇਨ੍ਹਾਂ ਨਾਲ ਹੀ ਖੜ੍ਹਾ ਹੋਇਆ। ਜਿਸ ਦੀ ਸਿਖਰ 1984 ਸੀ। ਇਸ ਕਰਕੇ ਦਿੱਲੀ ਵਾਲਿਓ ਸੰਭਲ ਕੇ, ਕਿਧਰੇ ਦਹੀਂ ਦੇ ਭੁਲੇਖੇ ਕਪਾਹ ਨੂੰ ਬੁਰਕ ਨਾ ਮਾਰ ਲਿਓ।

Leave a Reply

Your email address will not be published. Required fields are marked *