*ਤਿੰਨੇ ਕੌਮੀ ਪਾਰਟੀਆਂ ਪੰਜਾਬ ਦੇ ਅਸਲ ਮੁੱਦਿਆਂ ਤੋਂ ਬੇਮੁੱਖ
*ਸ਼੍ਰੋਮਣੀ ਅਕਾਲੀ ਦਲ ਦਾ ਖਿਲਾਰਾ ਜਾਰੀ
ਜਸਵੀਰ ਸਿੰਘ ਮਾਂਗਟ
ਪੰਜਾਬ ਵਿੱਚ ਰਾਜਨੀਤਿਕ ਲੀਡਰਸਿੱLਪ ਦਾ ਸੰਕਟ ਬੇਹੱਦ ਗਹਿਰਾ ਹੋ ਗਿਆ ਹੈ। ਇਸ ਖਿੱਤੇ ਵਿੱਚ ਵਿਚਰ ਰਹੀਆਂ ਤਿੰਨੋ ਕੇਂਦਰੀ ਕਰੂਰੇ ਵਾਲੀਆਂ ਪਾਰਟੀਆਂ ਵੀ ਆਪਣੀ ਇਸ ਕਿਸਮ ਦੀ ਲੀਡਰਸ਼ਿੱਪ ਉਭਾਰਨ ਤੋਂ ਅਸਮਰੱਥ ਹਨ, ਜਿਹੜੀ ਰਾਜ ਦੇ ਭਖਦੇ ਅਤੇ ਅਸਲ ਰਾਜਨੀਤਿਕ-ਆਰਥਕ ਮਸਲਿਆਂ ਨੂੰ ਸੰਬੋਧਿਤ ਹੋ ਸਕੇ। ਦੂਜੇ ਸ਼ਬਦਾਂ ਵਿੱਚ ਕੌਮੀ ਤਰਜ਼ ਦੀਆਂ ਤਿੰਨੋ ਪਾਰਟੀਆਂ- ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ, ਆਪਣੀ ਪੰਜਾਬ ਦੀ ਲੀਡਰਸ਼ਿੱਪ ਦਾ ਸਥਾਨੀਕਰਨ ਕਰਨ ਵਿੱਚ ਅਸਫਲ ਰਹਿ ਰਹੀਆਂ ਹਨ। ਹਾਈਕਮਾਂਡ ਕਲਚਰ ਤਿੰਨਾਂ ਵਿੱਚ ਜਿਉਂ ਦਾ ਤਿਉਂ ਹੈ।
ਜੇ ਤਿੰਨਾਂ ਦਾ ਇੱਕ ਦੂਜੇ ਨਾਲ ਮੁਕਾਬਲਾ ਕਰੀਏ ਤਾਂ ਕਾਂਗਰਸ ਪਾਰਟੀ ਦੀ ਮੌਜੂਦਾ ਲੀਡਰਸ਼ਿਪ ਦੇਸ਼ ਦੀਆਂ ਬੇਓੜਕ ਵਿਲੱਖਣਤਾਵਾਂ ਪ੍ਰਤੀ ਬਾਕੀਆਂ ਨਾਲੋਂ ਮੁਕਾਬਲਤਨ ਵਧੇਰੇ ਸੰਵੇਦਨਸ਼ੀਲ ਨਜ਼ਰ ਆਉਂਦੀ ਹੈ; ਪਰ ਇਹ ਵੇਖਣ ਵਾਲੀ ਗੱਲ ਹੋਏਗੀ ਕਿ ਕਾਂਗਰਸ ਪਾਰਟੀ ਆਪਣੀਆਂ ਇਨ੍ਹਾਂ ਬਦਲੀਆਂ ਨੀਤੀਆਂ ਨੂੰ ਸੱਤਾ ਵਿੱਚ ਆਉਣ ‘ਤੇ ਲਾਗੂ ਵੀ ਕਰ ਪਾਉਂਦੀ ਹੈ ਜਾਂ ਨਹੀਂ! ਆਰਥਕ ਸਮਾਜਕ ਬਰਾਬਰੀ ਨੂੰ ਉਲੰਘਦੀ ਅਸਲ ਜਮਹੂਰੀ ਅਤੇ ਫੈਡਰਲ ਪਹੁੰਚ ਹੀ ਹਿੰਦੁਸਤਾਨ ਨੂੰ ਵਿਕਸਤ ਆਰਥਕ ਰਾਜਨੀਤਿਕ ਦਿਸ਼ਾ ਵੱਲ ਤੋਰ ਸਕਦੀ ਹੈ। ਇਸ ਦੇ ਉਲਟ ਤੁਰਿਆਂ ਵਿਵਾਦ ਅਤੇ ਬਖੇੜੇ ਵਧਣ ਦੀ ਹੀ ਸੰਭਾਵਨਾ ਬਣੇਗੀ।
ਵਿਲੱਖਣਤਾਵਾਂ ਦੀ ਮਾਨਤਾ ਅਤੇ ਇਨ੍ਹਾਂ ਦੀ ਸੁਰੱਖਿਆ ਦੀ ਗਾਰੰਟੀ ਹੀ ਹੈ, ਜੋ ਪਰਸਪਰ ਇਕਸੁਰਤਾ (ਹਾਰਮਨੀ) ਅਤੇ ਸਰਬਸੰਮਤ ਏਕਤਾ (ਕੌਨਸੈਂਸਸ) ਦੀ ਜਾਮਨ ਬਣ ਸਕਦੀ ਹੈ। ਇਸ ਦੇ ਉਲਟ ਕੇਂਦਰੀ ਪਾਰਟੀਆਂ ਦੇਸ਼ ਦੇ ਸਭਿਆਚਾਰਕ, ਧਾਰਮਿਕ ਅਤੇ ਨਸਲੀ ਵਖਰੇਵਿਆਂ ਦਾ ਜਬਰੀ ਕੌਮੀਕਰਨ (ਏਕੀਕਰਨ) ਕਰਨ ਦੇ ਰਾਹ ਪਈਆਂ ਹੋਈਆਂ ਹਨ। ਦੂਜੇ ਪਾਸੇ ਪੰਜਾਬ/ਸਿੱਖ ਇਤਿਹਾਸਕ ਅਮਲ ਵਿੱਚੋਂ ਉਪਜੀ ਰਾਜਨੀਤਿਕ ਲੀਡਰਸ਼ਿੱਪ ਵਿੱਚ ਹਾਲ ਦੀ ਘੜੀ ਵੱਡਾ ਖਿਲਾਰਾ ਪਿਆ ਹੋਇਆ ਹੈ। ਮਨਪ੍ਰੀਤ ਬਾਦਲ ਵੱਲੋਂ ਪੰਜਾਬ ਨੂੰ ਸੰਬੋਧਿਤ ਇੱਕ ਸੈਕੂਲਰ ਖੇਤਰੀ ਪਾਰਟੀ ਬਣਾਉਣ ਦਾ ਅਮਲ ਵੀ ਦਮ ਤੋੜ ਗਿਆ ਸੀ। ਇਸ ਉਪਰਾਲੇ ਵਿੱਚੋਂ ਨਿਕਲਿਆ ਸਿਆਸੀ ਲੀਡਰ, ਭਗਵੰਤ ਮਾਨ ਅੱਜ ਪੰਜਾਬ ਦਾ ਮੁੱਖ ਮੰਤਰੀ ਹੈ, ਜਿਸ ਦੀ ਆਪਣੀ ਹਾਈਕਮਾਂਡ ਨਾਲ ਤਾਕਤ ਹਥਿਆਉਣ ਦੀ ਖਿੱਚੋਤਾਣ ਦਾ ਤਮਾਸ਼ਾ ਅੱਜ ਕੱਲ੍ਹ ਅਸੀਂ ਪ੍ਰਤੱਖ ਵੇਖ ਰਹੇ ਹਾਂ। ਦਿਲਚਸਪ ਤੱਥ ਇਹ ਹੈ ਕਿ ਬੀਤੇ ਦਿਨੀਂ ਜਦੋਂ ਭਗਵੰਤ ਮਾਨ ਬਿਮਾਰ ਹੋਣ ਕਾਰਨ ਚੰਡੀਗੜ੍ਹ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਸਨ, ਬਹੁਤ ਸਾਰੇ ਹੋਰ ਸੀਨੀਅਰ ‘ਆਪ’ ਆਗੂ ਉਨ੍ਹਾਂ ਦੀ ਖਬLਰ ਲੈਣ ਦੀ ਬਜਾਏ ਮੁੱਖ ਮੰਤਰੀ ਦੀ ਕੁਰਸੀ ਵਾਸਤੇ ਮੁੱਛਾਂ ਨੂੰ ਤਾਅ ਦਈ ਫਿਰਦੇ ਸਨ। ਅਰਵਿੰਦ ਕੇਜਰੀਵਾਲ ਵੀ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਭਗਵੰਤ ਮਾਨ ਨਾਲ ਘੁੱਟੇ-ਵੱਟੇ ਵਿਖਾਈ ਦਿੱਤੇ। ਮੁੱਖ ਮੰਤਰੀ ਦੇ ਓ.ਐਸ.ਡੀ. ਦੀ ਛੁੱਟੀ ਕੀਤੀ ਗਈ। ਇੱਕ ਕੇਜਰੀਵਾਲ ਦੇ ਨੇੜਲੇ ਵਿਅਕਤੀ ਨੂੰ ਮੁੱਖ ਮੰਤਰੀ ਦਾ ਸਲਾਹਕਾਰ ਨਿਯੁਕਤ ਕਰ ਦਿੱਤਾ ਗਿਆ। ਹਾਈਕਮਾਂਡ ਦੇ ਇਨ੍ਹਾਂ ਕਦਮਾਂ ਕਾਰਨ ਪੰਜਾਬ ਵਿੱਚ ਬੀਤੇ ਦਿਨਾਂ ਵਿੱਚ ਬਹੁਤ ਸਾਰੀਆਂ ਅਫਵਾਹਾਂ ਦਾ ਬਾਜ਼ਾਰ ਗਰਮ ਰਿਹਾ।
ਖੇਤਰੀ ਦ੍ਰਿਸ਼ਟੀ ਤੋਂ, ਬਾਦਲ ਵਿਰੋਧੀ ਪੰਥਕ ਧੜਿਆਂ ਵੱਲੋਂ ਰਾਜਨੀਤਿਕ ਬਦਲ ਉਸਾਰਨ ਦਾ ਕੋਈ ਯਤਨ ਵੀ ਸਫਲ ਨਹੀਂ ਹੋ ਸਕਿਆ। ਅਕਾਲੀ ਦਲ (ਬਾਦਲ) ਦੇ ਆਗੂ ਸੁਖਬੀਰ ਸਿੰਘ ਬਾਦਲ ਨੂੰ ਅਕਾਲ ਤਖਤ ਸਾਹਿਬ ਵੱਲੋਂ ਤਨਖਾਹੀਆ ਕਰਾਰ ਦਿੱਤਾ ਹੋਇਆ ਹੈ, ਇਸ ਲਈ ਉਹ ਸਿੱਖ ਹਲਕਿਆਂ ਵਿੱਚ ਖੁੱਲ੍ਹ ਕੇ ਨਹੀਂ ਵਿਚਰ ਸਕਦੇ। ਉਨ੍ਹਾਂ ਨੇ ਭਾਵੇਂ ਆਪਣੇ ਅਹੁਦੇ ਤੋਂ ਅਸਤੀਫਾ ਤਾਂ ਨਹੀਂ ਦਿੱਤਾ, ਪਰ ਆਪਣੇ ਥਾਂ ‘ਤੇ ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ ਨੂੰ ਕਾਰਜਕਾਰੀ ਪ੍ਰਧਾਨ ਬਣਾ ਦਿੱਤਾ ਹੈ। ਉਹ ਅਕਾਲੀ ਸਫਾਂ ਵਿੱਚ ਕੁਝ ਨਾ ਕੁਝ ਸਰਗਰਮ ਤਾਂ ਦਿਸਦੇ ਹਨ, ਪਰ ਗਹਿਗੱਚ ਸਮਾਜਕ ਰਾਜਨੀਤਿਕ ਚਲਣ ਤੋਂ ਕਿਨਾਰੇ ‘ਤੇ ਖੜੇ੍ਹ ਵਿਖਾਈ ਦਿੰਦੇ ਹਨ। ਸ. ਭੂੰਦੜ ਨੇ ਇਸ ਰੌਲੇ-ਗੌਲੇ ਵਾਲੀ ਸਥਿਤੀ ਵਿੱਚ, ਕੁਝ ਨਿੱਜੀ/ਇਖਲਾਕੀ ਕਾਰਨਾਂ ਕਰਕੇ ਪਾਰਟੀ ਵਿੱਚੋਂ ਛੇਕੇ ਗਏ ਸੁੱਚਾ ਸਿੰਘ ਲੰਗਾਹ ਨੂੰ ਪਾਰਟੀ ਵਿੱਚ ਮੁੜ ਸ਼ਾਮਲ ਕਰ ਲਿਆ ਹੈ। ਇਸ ਦਾ ਪਾਰਟੀ ਦੀ ਛਵੀ ਉਪਰ ਕੀ ਅਸਰ ਪਏਗਾ, ਇਸਦੀ ਉਡੀਕ ਕਰਨੀ ਹੋਏਗੀ। ਅਕਾਲੀ ਦਲ ਦੀ ਲੀਡਰਸ਼ਿੱਪ ਨਾਲ ਨੇੜਤਾ ਰੱਖਣ ਵਾਲੇ ਕੁਝ ਸੂਤਰਾਂ ਦਾ ਆਖਣਾ ਹੈ ਕਿ ਇਹ ਕਦਮ ਸੁਖਬੀਰ ਸਿੰਘ ਬਾਦਲ ਦੀ ਸਲਾਹ ਨਾਲ ਹੀ ਚੁੱਕਿਆ ਗਿਆ ਹੈ। ਲੀਡਰਸ਼ਿੱਪ ਵਿੱਚ ਆਈ ਸੁਸਤੀ ਕਾਰਨ ਅਕਾਲੀ ਸਫਾਂ ਅਤੇ ਵਰਕਰ ਵੀ ਢਿੱਲੇ-ਮੱਠੇ ਹੋ ਗਏ ਹਨ। ਪੰਚਾਇਤੀ ਚੋਣਾਂ ਵਿੱਚ ਅਕਾਲੀ ਦਲ ਦੀ ਮਾਮੂਲੀ ਸ਼ਮੂਲੀਅਤ ਇਹੋ ਜਿਹੇ ਹਾਲਾਤ ਦੀ ਹੀ ਦੱਸ ਪਾਉਂਦੀ ਹੈ।
ਅਕਾਲੀ ਦਲ ਦੀ ਲੰਮਾ ਸਮਾਂ ਜੋਟੀਦਾਰ ਰਹੀ ਅਤੇ ਕੇਂਦਰ ਵਿੱਚ ਸੱਤਾ ਦੀ ਮਾਲਕ ਭਾਰਤੀ ਜਨਤਾ ਪਾਰਟੀ, ਪੰਜਾਬ ਵਿੱਚ ਸੱਤਾਸ਼ੀਲ ‘ਆਪ’ ਅਤੇ ਕਾਂਗਰਸ ਪਾਰਟੀ ਦੇ ਵਰਕਰ ਤੇ ਸਥਾਨਕ ਆਗੂ ਪੰਚਾਇਤੀ ਚੋਣਾਂ ਵਿੱਚ ਵੱਡੀ ਪੱਧਰ ‘ਤੇ ਹਰਕਤ ਵਿੱਚ ਹਨ। ਉਹ ਅਕਾਲੀ ਦਲ ਨੂੰ ਪੰਜਾਬ ਦੇ ਸਿਆਸੀ ਪਿੜ ਵਿੱਚੋਂ ਸਮੇਟਣ ਦੇ ਯਤਨ ਵਿੱਚ ਜਾਪਦੇ ਹਨ; ਪਰ ਇਸ ਦਰਮਿਆਨ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਸਾਰੇ ਰਾਜਨੀਤਿਕ ਅਮਲ ਵਿੱਚੋਂ ਗੈਰ-ਹਾਜ਼ਰ ਵਿਖਾਈ ਦੇ ਰਹੇ ਹਨ। ਉਨ੍ਹਾਂ ਨੇ ਪੰਜਾਬ ਵਿੱਚ ਪੰਚਾਇਤ ਅਤੇ ਚਾਰ ਜ਼ਿਮਨੀ ਚੋਣਾਂ ਲਈ ਹੋਈਆਂ ਮੀਟਿੰਗਾਂ ਵਿੱਚ ਵੀ ਹਿੱਸਾ ਨਹੀਂ ਲਿਆ। ਗਿੱਦੜਬਾਹਾ, ਡੇਰਾ ਬਾਬਾ ਨਾਨਕ, ਚੱਬੇਵਾਲ ਅਤੇ ਬਰਨਾਲਾ ਦੀਆਂ ਵਿਧਾਨ ਸਭਾ ਸੀਟਾਂ ਲਈ ਹੋਣ ਵਾਲੀ ਜ਼ਿਮਨੀ ਚੋਣ ਲਈ ਭਾਜਪਾ ਲੀਡਰਸ਼ਿੱਪ ਨੇ ਅਵਿਨਾਸ਼ ਰਾਏ ਖੰਨਾ ਨੂੰ ਗਿੱਦੜਬਾਹਾ, ਸਾਬਕਾ ਮੰਤਰੀ ਅਤੇ ਪੂਰਬ ਐਮ.ਐਲ.ਏ. ਮਨੋਰੰਜਨ ਕਾਲੀਆ ਨੂੰ ਬਰਨਾਲਾ, ਪੰਜਾਬ ਦੇ ਸਾਬਕਾ ਭਾਜਪਾ ਮੁਖੀ ਸ਼ਵੇਤ ਮਲਿਕ ਨੂੰ ਚੱਬੇਵਾਲ ਰਿਜ਼ਰਵ ਅਤੇ ਡੇਰਾ ਬਾਬਾ ਨਾਨਕ ਅਸੈਂਬਲੀ ਹਲਕੇ ਲਈ ਪੰਜਾਬ ਭਾਜਪਾ ਦੇ ਸਾਬਕਾ ਮੁਖੀ ਅਸ਼ਵਨੀ ਸ਼ਰਮਾ ਨੂੰ ਡੇਰਾ ਬਾਬਾ ਨਾਨਕ ਹਲਕੇ ਦਾ ਚੋਣ ਇੰਚਾਰਜ ਥਾਪਿਆ ਹੈ। ਇਨ੍ਹਾਂ ਦੇ ਸਹਾਇਕ ਇੰਚਾਰਜ ਵੀ ਲਗਾਏ ਗਏ ਹਨ। ਇਸੇ ਤਰ੍ਹਾਂ ਬਲਾਕ ਪੱਧਰ ‘ਤੇ ਵੀ ਚੋਣ ਇੰਚਾਰਜ ਅਤੇ ਸਹਾਇਕ ਇੰਚਾਰਜ ਲਗਾਏ ਗਏ ਹਨ। ਇਨ੍ਹਾਂ ਦੀਆਂ ਨਿਯੁਕਤੀਆਂ ਸੰਬੰਧੀ ਹੋਈਆਂ ਮੀਟਿੰਗਾਂ ਤੋਂ ਸੁਨੀਲ ਜਾਖੜ ਪਾਸੇ ਰਹੇ ਹਨ।
ਇਸ ਦਰਮਿਆਨ ਸੁਨੀਲ ਜਾਖੜ ਭਾਜਪਾ ਕੌਮੀ ਪ੍ਰਧਾਨ ਜੇ.ਪੀ. ਨੱਢਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਆਪਣਾ ਪੱਖ ਸਪਸ਼ਟ ਕਰ ਆਏ ਹਨ। ਜਾਖੜ ਦੇ ਨੇੜਲੇ ਸੂਤਰਾਂ ਅਨੁਸਾਰ ਉਨ੍ਹਾਂ ਨੂੰ ਮੁੱਖ ਇਤਰਾਜ਼ ਇਹ ਹੈ ਕਿ ਰਾਜ ਵਿੱਚ ਕਿਸੇ ਵੀ ਸਿਆਸੀ ਰੱਦੋ-ਬਦਲ ਜਾਂ ਨੀਤੀ ਸਰਗਰਮੀ ਲਈ ਰਾਜ ਦੇ ਆਗੂਆਂ ਨੂੰ ਵਿਸ਼ਵਾਸ ਵਿੱਚ ਲਿਆ ਜਾਣਾ ਚਾਹੀਦਾ ਹੈ। ਯਾਦ ਰਹੇ, ਸੀਨੀਅਰ ਭਾਜਪਾ ਨੇਤਾ ਰੇਖਾ ਸ਼ਰਮਾ ਅਤੇ ਵਿਜੇ ਰੁਪਾਨੀ ਦੀ ਅਗਵਾਈ ਵਿੱਚ ਜ਼ਿਮਨੀ ਚੋਣਾਂ ਵਾਸਤੇ ਬੀਤੇ ਦਿਨਾਂ ਵਿੱਚ ਵੱਖ-ਵੱਖ ਆਗੂਆਂ ਨੂੰ ਜ਼ਿੰਮੇਵਾਰੀਆਂ ਸੌਂਪਣ ‘ਤੇ ਵਿਚਾਰ ਚਰਚਾ ਕੀਤੀ ਗਈ ਸੀ। ਸੱਦਾ ਦੇਣ ਦੇ ਬਾਵਜੂਦ ਸੁਨੀਲ ਜਾਖੜ ਇਨ੍ਹਾਂ ਮੀਟਿੰਗਾਂ ਵਿੱਚ ਨਹੀਂ ਗਏ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਮਿਲ ਕੇ ਇਹ ਵੀ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਦੇ ਲੋਕਾਂ ਅਤੇ ਕਿਸਾਨਾਂ ਪ੍ਰਤੀ ਆਪਣੀ ਨੀਤੀ ਵਿੱਚ ਤਬਦੀਲੀ ਲਿਆਉਣ ਦੀ ਲੋੜ ਹੈ, ਨਹੀਂ ਤਾਂ ਹੇਠਲੇ ਪੱਧਰ ‘ਤੇ, ਖਾਸ ਕਰਕੇ ਪੇਂਡੂ ਹਲਕਿਆਂ ਵਿੱਚ ਪਾਰਟੀ ਦੇ ਪੈਰ ਨਹੀਂ ਲੱਗਣਗੇ।
ਯਾਦ ਰਹੇ, ਸੁਨੀਲ ਜਾਖੜ ਤਿੰਨ ਵਾਰ ਦੇ ਵਿਧਾਇਕ ਅਤੇ ਇੱਕ ਵਾਰ ਪਠਾਨਕੋਟ ਤੋਂ ਮੈਂਬਰ ਪਾਰਲੀਮੈਂਟ ਰਹਿ ਚੁਕੇ ਹਨ। ਉਹ ਪੰਜਾਬੀ ਸਮਾਜ ਪ੍ਰਤੀ ਸੰਵੇਦਨ, ਸੌਬਰ ਅਤੇ ਸਿਰੇ ਦੇ ਸੈਕੂਲਰ ਨੇਤਾ ਵਜੋਂ ਜਾਣੇ ਜਾਂਦੇ ਰਹੇ ਹਨ। ਕਾਂਗਰਸ ਪਾਰਟੀ ਦੀ ਸਥਾਨਕ ਲੀਡਰਸ਼ਿਪ ਲਈ ਚੱਲੇ ਇੱਕ ਵਿਵਾਦ ਤੋਂ ਬਾਅਦ ਉਹ ਕਾਂਗਰਸ ਪਾਰਟੀ ਤੋਂ ਵੱਖ ਹੋ ਗਏ ਸਨ ਅਤੇ ਬਾਅਦ ਵਿੱਚ ਭਾਰਤੀ ਜਨਤਾ ਪਾਰਟੀ ਨੇ ਉਨ੍ਹਾਂ ਨੂੰ ਆਪਣੇ ਪੰਜਾਬ ਯੂਨਿਟ ਦਾ ਪ੍ਰਧਾਨ ਬਣਾ ਦਿੱਤਾ ਸੀ। ਉਨ੍ਹਾਂ ਦੀ ਅਗਵਾਈ ਵਿੱਚ ਪੰਜਾਬ ਭਾਜਪਾ ਨੇ ਬੀਤੀਆਂ ਵਿਧਾਨ ਸਭਾ ਚੋਣਾਂ ਲੜੀਆਂ ਅਤੇ ਅਕਾਲੀ ਦਲ ਨਾਲੋਂ ਵੱਧ (18 ਫੀਸਦ) ਵੋਟ ਸ਼ੇਅਰ ਪ੍ਰਾਪਤ ਕੀਤਾ। ਭਾਜਪਾ ਦੇ ਪੰਜਾਬ ਪ੍ਰਧਾਨ ਵਜੋਂ ਨਿਯੁਕਤੀ ਵੀ ਭਾਜਪਾ ਦੇ ਪੁਰਾਣੇ ਆਗੂਆਂ ਅਤੇ ਵਰਕਰਾਂ ਨਾਲ ਕੋਈ ਸੰਜੀਦਾ ਤਾਲਮੇਲ ਨਹੀਂ ਬਿਠਾ ਸਕੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨਾਲ ਭਾਜਪਾ ਵੱਲੋਂ ਰਾਜ ਸਭਾ ਸੀਟ ਦੇਣ ਦਾ ਵਾਅਦਾ ਕੀਤਾ ਗਿਆ ਸੀ, ਪਰ ਉਨ੍ਹਾਂ ਦੀ ਥਾਂ ਰਵਨੀਤ ਸਿੰਘ ਬਿੱਟੂ ਰਾਜ ਸਭਾ ਮੈਂਬਰ ਬਣ ਗਏ ਤੇ ਕੇਂਦਰੀ ਰਾਜ ਮੰਤਰੀ ਦਾ ਅਹੁਦਾ ਵੀ ਹਥਿਆ ਗਏ। ਉਂਝ ਉਹ ਜਿਸ ਮਿਜਾਜ਼ ਦੇ ਰਾਜਨੀਤੀਵਾਨ ਹਨ, ਉਸ ਦਾ ਭਾਜਪਾ ਦੀ ਵਿਚਾਰਧਾਰਾ ਨਾਲ ਤਾਲਮੇਲ ਬਿਠਾਉਣਾ ਸੌਖਾ ਨਹੀਂ ਹੈ।
ਪੰਚਾਇਤੀ ਚੋਣਾਂ ਦੇ ਬਣ ਰਹੇ ਮਾਹੌਲ ਤੋਂ ਇੰਝ ਲਗਦਾ ਹੈ ਕਿ ਇਨ੍ਹਾਂ ਚੋਣਾਂ ਵਿੱਚ ਪੰਜਾਬ ਦੇ ਲੋਕ ਵਿਧਾਨ ਸਭਾ ਅਤੇ ਲੋਕ ਸਭਾ ਦੀਆਂ ਚੋਣਾਂ ਨਾਲੋਂ ਵੀ ਵਧੇਰੇ ਸਰਗਰਮੀ ਵਿਖਾ ਰਹੇ ਹਨ। ਪਿੰਡਾਂ ਦੀਆਂ ਪੰਚਾਇਤ ਚੋਣਾਂ ਵਿੱਚ ਰਾਜਨੀਤਿਕ ਪਾਰਟੀਆਂ ਦੀ ਵਧਵੀਂ ਦਖਲਅੰਦਾਜ਼ੀ ਪਿੰਡਾਂ ਦੇ ਲੋਕਾਂ ਨੂੰ ਪੱਕੇ-ਠੱਕੇ ਧੜਿਆਂ ਵਿੱਚ ਵੰਡਣ, ਆਪੋ ਆਪਣੇ ਰੰਗ ਵਿੱਚ ਰੰਗਣ ਦਾ ਵੀ ਯਤਨ ਕਰਦੀ ਹੈ। ਇਸ ਨਾਲ ਬਹੁਤੀ ਵਾਰ ਪੇਂਡੂ ਲੋਕਾਂ ਦੇ ਧੜਿਆਂ ਵਿੱਚ ਹਿੰਸਕ ਟਕਰਾਅ ਵੀ ਹੁੰਦੇ ਹਨ ਤੇ ਇਸ ਵਾਰ ਵੀ ਹੋ ਰਹੇ ਹਨ।
ਰਾਜਨੀਤਿਕ ਲੀਡਰਸਿੱLਪ ਦੀ ਦ੍ਰਿਸ਼ਟੀ ਤੋਂ ਪੰਜਾਬ ਗਹਿਰੇ ਸੰਕਟ ਵਿੱਚ ਹੈ। ਕਿਸੇ ਵੀ ਰਾਜਨੀਤਿਕ ਪਾਰਟੀ ਕੋਲ ਇਹੋ ਜਿਹੀ ਲੀਡਰਸਿੱLਪ ਮੌਜੂਦ ਨਹੀਂ, ਜਿਹੜੀ ਇਸ ਖਿੱਤੇ ਦੇ ਲੋਕਾਂ ਦੀਆਂ ਸੁੱਤੀਆਂ ਕਲਾਵਾਂ ਜਗਾ ਸਕੇ। ਇਹ ਉਹ ਸਮਾਂ ਹੈ, ਜਦੋਂ ਪੰਜਾਬ ਦੇ ਲੋਕ ਇਸ ਕਿਸਮ ਦੀ ਲੀਡਰਸ਼ਿੱਪ ਦੀ ਤਾਲਾਸ਼ ਵਿੱਚ ਹਨ, ਜਿਹੜੀ ਨਾ ਸਿਰਫ ਰਾਜਨੀਤਿਕ ਦਿਬਦ੍ਰਿਸ਼ਟੀ ਦੀ ਮਾਲਕ ਹੋਵੇ ਸਗੋਂ ਇਹ ਵੀ ਕਿ ਉਸ ਕੋਲ ਇਸ ਸਭਿਆਚਾਰਕ ਕੌਮੀਅਤ ਦੀਆਂ ਦਿਮਾਗੀ/ਸਰੀਰਕ, ਰੂਹਾਨੀ ਅਤੇ ਜਜ਼ਬਾਤੀ ਤਰਬਾਂ ਨੂੰ ਛੇੜਨ ਦੀ ਜਾਚ ਹੋਵੇ। ਇਸ ਕਿਸਮ ਦੀ ਬਹੁਪੱਖੀ ਅਗਵਾਈ ਤੋਂ ਬਿਨਾ ਕੋਈ ਵੀ ਸਿਆਸੀ ਲੀਡਰਸ਼ਿੱਪ ਪੰਜਾਬ ਦੀ ਬੇੜੀ ਨੂੰ ਪਾਰ ਨਹੀਂ ਲਾ ਸਕੇਗੀ। ਸਿੱਖ ਧਰਮ ਦੀ, ਵਿਸ਼ੇਸ਼ ਕਰਕੇ ਬੀਤੀਆਂ ਤਿੰਨ-ਚਾਰ ਸਦੀਆਂ ਵਿੱਚ ਪੰਜਾਬੀ ਸਮਾਜ, ਸਭਿਆਚਾਰ ਅਤੇ ਜੀਵਨ ਜਾਚ ਨੂੰ ਵਿਉਂਤਣ ਵਿੱਚ ਕੇਂਦਰੀ ਭੂਮਿਕਾ ਰਹੀ ਹੈ; ਪਰ ਇਸ ਦੇ ਨਾਲ-ਨਾਲ ਪੰਜਾਬ ਦੇ ਸੰਗੀਤਕ ਖੇਤਰ ਵਿੱਚ ਸੂਫੀਵਾਦ ਦੇ ਵਿਆਪਕ ਪ੍ਰਭਾਵ ਨੂੰ ਵੀ ਖਾਰਜ ਨਹੀਂ ਕੀਤਾ ਜਾ ਸਕਦਾ। ਗੁਰੂ ਗ੍ਰੰਥ ਸਾਹਿਬ ਦੀ ਸਰੰਚਨਾ, ਸੰਪਾਦਨਾ ਅਤੇ ਗੁਰੂ ਸਦਾਹਿਬਾਨ ਦਾ ਆਪਣਾ ਧਾਰਮਿਕ ਸਮਾਜੀ ਅਮਲ ਵੀ ਸਾਨੂੰ ਸਮਾਨੰਤਰ ਵਿਚਾਰਾਂ, ਸਭਿਆਚਾਰਕ ਧਾਰਾਵਾਂ ਨੂੰ ਥਾਂ ਦੇਣ ਦਾ ਹੀ ਸੁਨੇਹਾ ਦਿੰਦਾ ਹੈ। ਮੌਜੂਦਾ ਹਿੰਦੂਤਵੀ ਵਿਚਾਰਧਾਰਾ, ਇਸਲਾਮਿਕ ਇਕਸਾਰਤਾ ਅਤੇ ਅਜੋਕੇ ਧਰਮ ਦੇ ਚੋਗੇ ਵਿੱਚ ਲਪੇਟੇ ਵਿੱਤੀ ਫਾਸਿਜ਼ਮ ਦਾ ਮੁਕਾਬਲਾ ਕਰਨ ਲਈ, ਇਹੋ ਸਾਡੇ ਕੋਲ ਸਭ ਤੋਂ ਨਿਵੇਕਲਾ ਜੀਵਨ ਦ੍ਰਿਸ਼ਟੀਕੋਣ ਹੈ।