ਡਾਕ ਸੇਵਾ ਦਾ ਪਿਛੋਕੜ…
ਪੀ. ਐਸ. ਬਟਾਲਾ
ਖ਼ਤ ਸੱਜਣਾਂ ਦਾ ਆਇਆ ਅੱਜ ਬੜੇ ਦਿਨਾਂ ਪਿੱਛੋਂ
ਲੱਗੇ ਚੰਨ ਚੜ੍ਹ ਆਇਆ ਅੱਜ ਬੜੇ ਦਿਨਾਂ ਪਿੱਛੋਂ।
ਸੱਚਮੁੱਚ ਹੀ ਇੱਕ ਵੇਲਾ ਅਜਿਹਾ ਵੀ ਸੀ, ਜਦੋਂ ਖ਼ਤਾਂ ਦੀ ਉਡੀਕ ਬੜੀ ਬੇਸਬਰੀ ਨਾਲ ਕੀਤੀ ਜਾਂਦੀ ਸੀ ਤੇ ਖ਼ਤਾਂ ਰਾਹੀਂ ਜਜ਼ਬਾਤ ਨੂੰ ਲਫ਼ਜ਼ਾਂ ਦੀ ਇਬਾਰਤ ’ਚ ਗੁੰਨ ਕੇ ਇੰਨੇ ਪਿਆਰ ਨਾਲ ਪਰੋਸਿਆ ਜਾਂਦਾ ਸੀ ਕਿ ਪੜ੍ਹਨ ਵਾਲੇ ਦੀ ਸਾਰੀ ਤਲਬ ਖ਼ਤਮ ਹੋ ਜਾਂਦੀ ਸੀ ਅਤੇ ਉਹ ਅਨੰਦ ਦੇ ਅਹਿਸਾਸ ਨਾਲ ਭਰ ਜਾਂਦਾ ਸੀ। ਇਹ ਖ਼ਤ ਕਿਸੇ ਪ੍ਰੇਮੀ ਦੇ, ਮਾਂ, ਪਤਨੀ, ਭੈਣ ਦੇ ਅਤੇ ਕਿਸੇ ਦੋਸਤ ਦੇ ਸੁੱਖ-ਸੁਨੇਹੜੇ ਲਿਆਉਂਦੇ ਸਨ ਤੇ ਸਹੁਰੇ ਘਰ ਬੈਠੀਆਂ ਧੀਆਂ ਖ਼ਤਾਂ ਰਾਹੀਂ ਆਪਣੇ ਮਾਪਿਆਂ ਤੇ ਹੋਰ ਸਨੇਹੀਆਂ ਦੀ ਰਾਜ਼ੀ-ਬਾਜ਼ੀ ਜਾਣ ਕੇ ਸੁਖੀ ਹੋ ਜਾਂਦੀਆਂ ਸਨ। ਇੰਟਰਨੈੱਟ ਦੇ ਯੁਗ ਨੇ ਖ਼ਤਾਂ ਨੂੰ ਬੇਸ਼ੱਕ ਖ਼ਤਮ ਤਾਂ ਨਹੀਂ ਕੀਤਾ ਹੈ, ਪਰ ਇਨ੍ਹਾਂ ਵਿਚਲੇ ਨਿੱਘ ਤੇ ਖ਼ੁਸ਼ਬੂ ਹੁਣ ਸੋਸ਼ਲ ਮੀਡੀਆ ਪਲੇਟਫ਼ਾਰਮਾਂ ਰਾਹੀਂ ਭੇਜੇ ਜਾਣ ਵਾਲੇ ਬਿਜਲਈ ਸੁਨੇਹੜਿਆਂ ਵਿੱਚ ਭੋਰਾ ਵੀ ਮਹਿਸੂਸ ਨਹੀਂ ਹੁੰਦੇ ਹਨ। ਅੱਜ ਵੀ ਜਦ ਅਲਮਾਰੀਆਂ ’ਚ ਜਾਂ ਕਿਤਾਬਾਂ ਦੇ ਸਫ਼ਿਆਂ ’ਚ ਰੱਖੇ ਵਰਿ੍ਹਆਂ ਪੁਰਾਣੇ ਖ਼ਤਾਂ ‘ਚੋਂ ਕੋਈ ਖ਼ਤ ਸਾਡੇ ਸਾਹਮਣੇ ਆ ਜਾਂਦਾ ਹੈ ਤਾਂ ਇੰਜ ਮਹਿਸੂਸ ਹੁੰਦਾ ਹੈ:
ਖ਼ੁਸ਼ਬੂ ਜੈਸੇ ਲੋਗ ਮਿਲੇ ਅਫ਼ਸਾਨੇ ਮੇਂ
ਏਕ ਪੁਰਾਨਾ ਖ਼ਤ ਖੋਲ੍ਹਾ ਅਨਜਾਨੇ ਮੇਂ।
ਸੰਨ 1874 ਵਿੱਚ ਸਵਿਟਜ਼ਰਲੈਂਡ ਦੀ ਰਾਜਧਾਨੀ ‘ਬਰਨ’ ਵਿਖੇ ‘ਯੂਨੀਵਰਸਲ ਪੋਸਟਲ ਯੂਨੀਅਨ’ ਦਾ ਗਠਨ ਹੋਇਆ ਸੀ ਅਤੇ ਇਸ ਦਿਨ ਨੂੰ ਇਤਿਹਾਸਕ ਤੇ ਯਾਦਗਾਰੀ ਦਿਨ ਵਜੋਂ ਹਮੇਸ਼ਾ ਵਾਸਤੇ ਯਾਦ ਰੱਖਣ ਲਈ ਸੰਨ 1969 ਵਿੱਚ ਟੋਕੀਓ, ਜਾਪਾਨ ਵਿਖੇ ਯੂਨੀਵਰਸਲ ਪੋਸਟਲ ਯੂਨੀਅਨ ਦਾ ਇੱਕ ਵਿਸ਼ੇਸ਼ ਸਮਾਗਮ ਹੋਇਆ ਸੀ ਤੇ ਉਸ ਸਮਾਗਮ ਵਿੱਚ ਸ਼ਾਮਿਲ ਭਾਰਤੀ ਪ੍ਰਤੀਨਿਧੀ ਮੰਡਲ ਦੇ ਮੈਂਬਰ ਅਨੰਦ ਮੋਹਨ ਨਰੂਲਾ ਨੇ ‘ਵਿਸ਼ਵ ਡਾਕ ਦਿਵਸ’ ਮਨਾਉਣ ਦਾ ਸੁਝਾਅ ਦਿੱਤਾ ਸੀ, ਜੋ ਪੂਰਨ ਸਹਿਮਤੀ ਨਾਲ ਕਬੂਲ ਕਰ ਲਿਆ ਗਿਆ। ਉਸ ਪਿੱਛੋਂ ਇਹ ਹਰ ਸਾਲ ਹੀ ਪੂਰੀ ਦੁਨੀਆਂ ਅੰਦਰ 9 ਅਕਤੂਬਰ ਦੇ ਦਿਨ ਪੂਰੇ ਹੁਲਾਸ ਨਾਲ ਮਨਾਇਆ ਜਾਂਦਾ ਹੈ।
ਬੜਾ ਦਿਲਚਸਪ ਤੱਥ ਹੈ ਕਿ ਆਧੁਨਿਕ ਯੁਗ ਵਿੱਚ ਡਾਕ ਸੇਵਾ ਅੰਦਰ ਚਿੱਠੀ-ਪੱਤਰ ਤੋਂ ਇਲਾਵਾ ਪਾਰਸਲ, ਵਿੱਤੀ ਸੇਵਾਵਾਂ ਅਤੇ ਬੀਮਾ ਸੇਵਾਵਾਂ ਵੀ ਸ਼ਾਮਿਲ ਕਰ ਲਈਆਂ ਗਈਆਂ ਹਨ। ਪੂਰੀ ਦੁਨੀਆਂ ਅੰਦਰ ਪੈਸੇ ਦਾ ਲੈਣ-ਦੇਣ ਅਤੇ ਬਚਤ ਆਦਿ 1.5 ਬਿਲੀਅਨ ਲੋਕ ਡਾਕ ਵਿਭਾਗ ਰਾਹੀਂ ਕਰਦੇ ਹਨ ਅਤੇ ਇਸ ਵਿਭਾਗ ਰਾਹੀ ਪਾਰਸਲਾਂ ਦਾ ਆਦਾਨ-ਪ੍ਰਦਾਨ ਸੰਨ 2018 ਵਿੱਚ 450 ਬਿਲੀਅਨ ਡਾਲਰ ਦਾ ਸੀ, ਜੋ ਕਿ ਸੰਨ 2022 ਵਿੱਚ ਵਧ ਕੇ 493 ਬਿਲੀਅਨ ਡਾਲਰ ਤੱਕ ਜਾ ਪੁੱਜਾ ਸੀ। ਡਾਕ ਸੇਵਾ, ਅੱਜ ਵੀ ਇੱਕ ਸਸਤਾ ਅਤੇ ਵਿਸ਼ਾਲ ਨੈੱਟਵਰਕ ਵਾਲਾ ਮਾਧਿਅਮ ਹੈ ਤੇ ਲੋਕ ਇਸ ਉੱਤੇ ਭਰੋਸਾ ਕਰਦੇ ਹਨ। ਦੁਨੀਆਂ ਭਰ ਵਿੱਚ ਡਾਕ ਸੇਵਾ ਦੇ 6,50,000 ਦੇ ਕਰੀਬ ਵੱਡੇ ਦਫ਼ਤਰ ਹਨ ਅਤੇ 5.3 ਮਿਲੀਅਨ ਡਾਕ ਕਰਮਚਾਰੀ ਹਨ। ਡਾਕ ਦੀਆਂ ਸਭ ਤੋਂ ਵਧੀਆ ਸੇਵਾਵਾਂ ਦੇਣ ਵਿੱਚ ਸਵਿਟਜ਼ਰਲੈਂਡ, ਜਰਮਨੀ ਅਤੇ ਆਸਟਰੀਆ ਸਿਖਰਲੇ ਸਥਾਨਾਂ ‘ਤੇ ਹਨ ਅਤੇ ਇਨ੍ਹਾਂ ਤੋਂ ਬਾਅਦ ਜਾਪਾਨ, ਫ਼ਰਾਂਸ, ਬ੍ਰਾਜ਼ੀਲ, ਅਮਰੀਕਾ, ਘਾਨਾ ਅਤੇ ਟਿਊਨੇਸ਼ੀਆ ਜਿਹੇ ਮੁਲਕ ਆਉਂਦੇ ਹੈ।
ਖ਼ਤਾਂ ਜਾਂ ਚਿੱਠੀਆਂ ਰਾਹੀਂ ਲਿਖ਼ਤੀ ਸੰਦੇਸ਼ ਭੇਜਣ ਸਬੰਧੀ ਜੇ ਇਤਿਹਾਸ ਦੇ ਪੰਨੇ ਫ਼ਰੋਲੀਏ ਤਾਂ ਕਈ ਦਿਲਚਸਪ ਤੱਥ ਸਾਹਮਣੇ ਆਉਂਦੇ ਹਨ। ਦਸਤਾਵੇਜ਼ੀ ਪ੍ਰਮਾਣਾਂ ਦੀ ਮੌਜੂਦਗੀ ਦੱਸਦੀ ਹੈ ਕਿ 2400 ਈਸਾ ਪੂਰਵ ਵਿੱਚ ਮਿਸਰ ਵਿਖੇ ਬਹੁਤ ਹੀ ਮਿਸਾਲੀ ਢੰਗ ਨਾਲ ਬਣਾਈ ਗਈ ਡਾਕ ਸੇਵਾ ਵਿਵਸਥਾ ਮੌਜੂਦ ਸੀ। ਸਭ ਤੋਂ ਪੁਰਾਣਾ ਖ਼ਤ ਵੀ ਮਿਸਰ ਤੋਂ ਹੀ ਮਿਲਿਆ ਹੈ, ਜੋ ਕਿ 255 ਈਸਾ ਪੂਰਵ ਵਿੱਚ ਲਿਖਿਆ ਗਿਆ ਸੀ। ਉਂਜ ਇਹ ਵੀ ਦਾਅਵਾ ਕੀਤਾ ਜਾਂਦਾ ਹੈ ਕਿ ਪ੍ਰਾਚੀਨ ਪਰਸ਼ੀਆ ਵਿਖੇ ਵੀ 550 ਈਸਾ ਪੂਰਵ ਵਿੱਚ ਪੱਤਰਾਚਾਰ ਪ੍ਰਣਾਲੀ ਦੀ ਹੋਂਦ ਸੀ। ਪਰਸ਼ੀਆ ਦੇ ਰਾਜਾ ਸਾਇਰਸ ਨੇ ਆਪਣੇ ਅਧੀਨ ਇਲਾਕੇ ਦੀ ਹਰ ਰਿਆਸਤ ਨੂੰ ਇਹ ਲਾਜ਼ਮੀ ਕੀਤਾ ਹੋਇਆ ਸੀ ਕਿ ਹਰੇਕ ਨਾਗਰਿਕ ਤੱਕ ਖ਼ਤ ਪੁੱਜਣ ਦੀ ਵਿਵਸਥਾ ਕੀਤੀ ਹੋਵੇ, ਤੇ ਉਸਨੇ ਅਜਿਹਾ ਹੀ ਕਰਨ ਦਾ ਸੁਝਾਅ ਆਪਣੇ ਗੁਆਂਢੀ ਮੁਲਕਾਂ ਦੇ ਰਾਜਿਆਂ ਨੂੰ ਵੀ ਦਿੱਤਾ ਸੀ।
ਭਾਰਤ ਵਿੱਚ 322-185 ਈਸਾ ਪੂਰਵ ਵਿੱਚ ਮੌਰੀਆ ਸਾਮਰਾਜ ਦੌਰਾਨ ਵਧੀਆ ਡਾਕ ਸੇਵਾ ਹੋਣ ਦੇ ਸਬੂਤ ਮਿਲਦੇ ਹਨ। ਦੱਖਣ ਭਾਰਤ ਵਿੱਚ ਸੰਨ 1399 ਤੋਂ ਸ਼ੁਰੂ ਹੋਏ ‘ਵੁਡਿਆਰ ਵੰਸ਼’ ਵੱਲੋਂ ਤਾਂ ਜਾਸੂਸੀ ਦੇ ਕਾਰਜ ਲਈ ਡਾਕ ਸੇਵਾ ਦੀ ਭਰਪੂਰ ਵਰਤੋਂ ਕੀਤੀ ਜਾਂਦੀ ਰਹੀ ਸੀ। ਰੋਮ ਵਿੱਚ ਰਾਜਾ ਅਗਸਤਸ ਦਾ ਕਾਰਜਕਾਲ ਜੋ ਕਿ 62-14 ਈਸਾ ਪੂਰਵ ਵਿੱਚ ਬਣਦਾ ਹੈ, ਦੌਰਾਨ ਤੇਜ਼ ਰਫ਼ਤਾਰ ਘੋੜੇ ਅਤੇ ਲੈਂਪਯੁਕਤ ਗੱਡੇ ਡਾਕ ਸੇਵਾ ਲਈ ਵਰਤੇ ਜਾਂਦੇ ਸਨ। ਉਂਜ ਮਜ਼ੇਦਾਰ ਗੱਲ ਇਹ ਹੈ ਕਿ ਚੀਨ ਵੀ ਇਹ ਦਾਅਵਾ ਕਰਦਾ ਹੈ ਕਿ ਉਸਦੀ ਡਾਕ ਪ੍ਰਣਾਲੀ ਸਭ ਤੋਂ ਪ੍ਰਾਚੀਨ ਹੈ। ਚੀਨੀ ਇਤਿਹਾਸਕਾਰਾਂ ਦੇ ਦਾਅਵਿਆਂ ਅਨੁਸਾਰ 206-202 ਈਸਾ ਪੂਰਵ ਸਮੇਂ ਮੌਜੂਦ ‘ਹੇਨ ਵੰਸ਼’ ਦੇ ਰਾਜਕਾਲ ਦੌਰਾਨ ਹਰ 15 ਕਿਲੋਮੀਟਰ ਦੀ ਦੂਰੀ ‘ਤੇ ਡਾਕ ਪ੍ਰਾਪਤ ਕਰਕੇ ਅੱਗੇ ਭੇਜਣ ਵਾਲੇ ‘ਰਿਲੇਅ ਕੇਂਦਰ’ ਮੌਜੂਦ ਸਨ।
ਭਾਰਤੀ ਇਤਿਹਾਸ ’ਤੇ ਜੇ ਝਾਤ ਮਾਰੀਏ ਤਾਂ ਪਤਾ ਚੱਲਦਾ ਹੈ ਕਿ ਸੰਨ 1296 ਵਿੱਚ ਅਲਾਓਦੀਨ ਖਿਲਜੀ ਦੇ ਕਾਰਜਕਾਲ ਦੌਰਾਨ ਘੋੜਿਆਂ ਉੱਤੇ ਅਤੇ ਪੈਦਲ ਚੱਲ ਕੇ ਖ਼ਤਾਂ ਨੂੰ ਪਹੁੰਚਾਉਣ ਦਾ ਸਿਲਸਿਲਾ ਚੱਲਦਾ ਹੁੰਦਾ ਸੀ। ਵਿਦੇਸ਼ੀ ਯਾਤਰੀ ਇਬਨ ਬਤੂਤਾ ਨੇ ਵੀ ਸੰਨ 1341 ਵਿੱਚ ਲਿਖ਼ੀਆਂ ਆਪਣੀਆਂ ਲਿਖ਼ਤਾਂ ਵਿੱਚ ਭਾਰਤ ਅੰਦਰ ਵਧੀਆ ਡਾਕ ਸੇਵਾ ਹੋਣ ਦਾ ਜ਼ਿਕਰ ਕੀਤਾ ਹੈ। ਸਭ ਤੋਂ ਲੰਮੀ ਦੂਰੀ ਤੱਕ ਖ਼ਤਾਂ ਨੂੰ ਪਹੁੰਚਾਉਣ ਦਾ ਕਾਰਜ ਭਾਰਤ ਵਿੱਚ ਸੰਨ 1541 ਅੰਦਰ ਸ਼ੇਰਸ਼ਾਹ ਨੇ ਘੋੜਸਵਾਰਾਂ ਰਾਹੀਂ ਬੰਗਾਲ ਅਤੇ ਸਿੰਧ ਦਰਮਿਆਨ ਦੋ ਹਜ਼ਾਰ ਮੀਲ ਦੀ ਦੂਰੀ ਤੱਕ ਸੰਦੇਸ਼ ਪਹੁੰਚਾਉਣ ਨਾਲ ਕੀਤਾ ਸੀ। ਸੰਨ 1766 ਤੋਂ 1773 ਤੱਕ ਰਾਬਰਟ ਕਲਾਈਵ ਨੇ ਭਾਰਤ ਵਿੱਚ ਇੱਕ ਰੈਗੂਲਰ ਡਾਕ ਸੇਵਾ ਸਥਾਪਿਤ ਕਰਨ ਦੇ ਉਚੇਚੇ ਯਤਨ ਕੀਤੇ ਸਨ, ਜਦੋਂ ਕਿ ਸੰਨ 1774 ਵਿੱਚ ਵਾਰਨ ਹੇਸਟਿੰਗਜ਼ ਨੇ ਬਾਕਾਇਦਾ ਡਾਕਖ਼ਾਨਿਆਂ ਦੀ ਸਥਾਪਨਾ ਸ਼ੁਰੂ ਕਰਕੇ 31 ਮਾਰਚ 1774 ਨੂੰ ਕਲਕੱਤਾ, 1 ਜੂਨ 1786 ਨੂੰ ਮਦਰਾਸ ਅਤੇ ਸੰਨ 1794 ਵਿੱਚ ਬੰਬਈ ਵਿਖੇ ‘ਜਨਰਲ ਪੋਸਟ ਆਫ਼ਿਸ’ ਸਥਾਪਿਤ ਕਰ ਦਿੱਤੇ ਸਨ। ਭਾਰਤ ਵਿੱਚ ਸਭ ਤੋਂ ਪਹਿਲਾ ਡਾਕਘਰ ਕਮਿਸ਼ਨ ਸੰਨ 1850 ਵਿੱਚ ਨਿਯੁਕਤ ਕੀਤਾ ਗਿਆ ਸੀ ਅਤੇ ਸੰਨ 1854 ਵਿੱਚ ‘ਡਾਕਘਰ ਐਕਟ-17’ ਵੀ ਪੇਸ਼ ਕਰ ਦਿੱਤਾ ਗਿਆ ਸੀ। ਸੰਨ 1876 ਵਿੱਚ ਭਾਰਤ ‘ਯੂਨੀਵਰਸਲ ਪੋਸਟਲ ਯੂਨੀਅਨ’ ਦਾ ਮੈਂਬਰ ਬਣ ਗਿਆ ਸੀ ਅਤੇ ਸੰਨ 1879-80 ਵਿੱਚ ਇੱਥੇ ਮਨੀਆਰਡਰ ਅਤੇ ਰੇਲ ਰਾਹੀਂ ਡਾਕ ਭੇਜਣ ਦਾ ਕੰਮ ਸ਼ੁਰੂ ਹੋ ਗਿਆ ਸੀ। ਭਾਰਤ ਵਿੱਚ ਡਾਕਖ਼ਾਨੇ ਅੰਦਰ ਬੱਚਤ ਖਾਤਾ, ਜੀਵਨ ਬੀਮਾ ਅਤੇ ਡਾਕ ਟਿਕਟਾਂ ਦੇ ਵੇਚੇ ਜਾਣ ਦੇ ਕੰਮ ਕ੍ਰਮਵਾਰ ਸੰਨ 1882, 1884 ਅਤੇ 1886 ਵਿੱਚ ਸ਼ੁਰੂ ਕੀਤੇ ਗਏ ਸਨ। ਭਾਰਤ ਵਿੱਚ ਡਾਕਖ਼ਾਨਿਆਂ ਰਾਹੀਂ ‘ਪੋਸਟਲ ਆਰਡਰ’, ‘ਸਪੀਡ ਪੋਸਟ’ ਅਤੇ ‘ਐਕਸਪ੍ਰੈੱਸ ਪਾਰਸਲ’ ਆਦਿ ਸੇਵਾਵਾਂ ਕ੍ਰਮਵਾਰ ਸੰਨ 1935, 1956 ਤੇ 1994 ਵਿੱਚ ਅਰੰਭ ਕਰਕੇ ਉਪਭੋਗਤਾਵਾਂ ਨੂੰ ਲਾਭ ਪਹੁੰਚਾਇਆ ਗਿਆ ਸੀ। ਅੱਜਕੱਲ੍ਹ ‘ਆਧਾਰ ਕਾਰਡ ਅਪਡੇਟ’ ਕਰਨ ਅਤੇ ‘ਡਾਕ ਵਿਭਾਗ ਦੇ ਏ.ਟੀ.ਐਮ.’ ਰਾਹੀਂ ਨਕਦੀ ਕਢਵਾਉਣ ਦੀ ਸੁਵਿਧਾ ਵੀ ਆਮ ਲੋਕਾਂ ਨੂੰ ਉਪਬਲਧ ਹੋ ਚੁੱਕੀ ਹੈ।
ਅੱਜ ਡਾਕ ਵਿਭਾਗ ਨੇ ਬੈਂਕਿੰਗ ਅਤੇ ਹੋਰ ਸੇਵਾਵਾਂ ਦੀ ਸਹੂਲਤ ਪ੍ਰਦਾਨ ਕਰਕੇ ਪੇਂਡੂ ਇਲਾਕਿਆਂ ਵਿੱਚ ਵੱਸਦੇ ਲੋਕਾਂ ਨੂੰ ਕਾਫੀ ਰਾਹਤ ਪ੍ਰਦਾਨ ਕੀਤੀ ਹੈ। ਮੋਬਾਇਲ ਫ਼ੋਨ ਜਦੋਂ ਨਹੀਂ ਹੁੰਦੇ ਸਨ ਤਾਂ ਖ਼ਤ ਹੀ ਸੁਨੇਹੜੇ ਪਹੁੰਚਾਉਣ ਦਾ ਸਸਤਾ ਤੇ ਵਧੀਆ ਜ਼ਰੀਆ ਹੁੰਦੇ ਸਨ। ਪੰਜਾਹ ਕੁ ਸਾਲ ਪਹਿਲਾਂ ਦੇਸ਼ ਵਿਚਲੇ ਪੇਂਡੂ ਇਲਾਕਿਆਂ ਅੰਦਰ ਅਨਪੜ੍ਹਤਾ ਜ਼ਿਆਦਾ ਹੋਣ ਕਰਕੇ ਡਾਕੀਏ ਦੀ ਭੂਮਿਕਾ ਬੜੀ ਮਹੱਤਵਪੂਰਨ ਹੁੰਦੀ ਸੀ। ਉਹ ਨਾ ਕੇਵਲ ਲੋਕਾਂ ਨੂੰ ਉਨ੍ਹਾਂ ਦੀਆਂ ਚਿੱਠੀਆਂ ਪੜ੍ਹ ਕੇ ਸੁਣਾਇਆ ਕਰਦਾ ਸੀ, ਸਗੋਂ ਕਦੀ ਕਦੀ ਜਵਾਬੀ ਖ਼ਤ ਵੀ ਲਿਖ ਦਿਆ ਕਰਦਾ ਸੀ। ਇੰਜ ਉਹ ਪਿੰਡ ਦੇ ਹਰ ਸ਼ਖ਼ਸ ਦਾ ਦੁੱਖ-ਸੁੱਖ ਜਾਣਦਾ ਹੁੰਦਾ ਸੀ। ਭਾਰਤੀ ਫ਼ੌਜ ਅੰਦਰ ਡਿਊਟੀ ਕਰਦੇ ਫ਼ੌਜੀ ਵੀਰਾਂ ਨੂੰ ਆਪਣੇ ਘਰਾਂ ਤੋਂ ਆਉਣ ਵਾਲੇ ਖ਼ਤਾਂ ਦਾ ਇੰਤਜ਼ਾਰ ਰਹਿੰਦਾ ਸੀ ਤੇ ਉਨ੍ਹਾਂ ਦੇ ਪਰਿਵਾਰਕ ਜੀਆਂ ਨੂੰ ਵਾਪਸੀ ਖ਼ਤਾਂ ਦੀ ਬੜੀ ਬੇਸਬਰੀ ਨਾਲ ਉਡੀਕ ਰਹਿੰਦੀ ਸੀ। ਖ਼ਤ ਹਾਸਿਲ ਕਰਕੇ ਜੋ ਖ਼ੁਸ਼ੀ ਤੇ ਸਕੂਨ ਦੋਵਾਂ ਧਿਰਾਂ ਨੂੰ ਹਾਸਿਲ ਹੁੰਦਾ ਸੀ, ਉਹ ਲਫ਼ਜ਼ਾਂ ਵਿੱਚ ਬਿਆਨ ਤੋਂ ਪਰ੍ਹੇ ਹੁੰਦਾ ਸੀ। ਸ਼ਾਇਦ ਇਸੇ ਕਰਕੇ ਕਿਸੇ ਸ਼ਾਇਰ ਨੇ ਕਿਹਾ ਸੀ:
ਤੇਰਾ ਖ਼ਤ ਆਨੇ ਸੇ ਦਿਲ ਕੋ ਮੇਰੇ ਆਰਾਮ ਹੋ ਗਯਾ
ਖ਼ੁਦਾ ਜਾਨੇ ਕਿ ਇਸ ਆਗ਼ਾਜ਼ ਕਾ ਅੰਜਾਮ ਕਿਆ ਹੋਗਾ।