ਵਿਸ਼ਵ ਦਾ ਅਜੇਤੂ ਪਹਿਲਵਾਨ ਮਹਾਂਬਲੀ ਗਾਮਾ

ਗੂੰਜਦਾ ਮੈਦਾਨ

ਖਿਡਾਰੀ ਪੰਜ-ਆਬ ਦੇ (25)
ਪੰਜਾਬ ਦੀ ਧਰਤੀ ਨੇ ਵੱਡੇ-ਵੱਡੇ ਖਿਡਾਰੀ ਪੈਦਾ ਕੀਤੇ ਹਨ- ਚਾਹੇ ਇਹ ਚੜ੍ਹਦਾ ਪੰਜਾਬ ਹੋਵੇ ਜਾਂ ਫਿਰ ਲਹਿੰਦਾ ਪੰਜਾਬ। ਨਾਮੀ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ਇਸ ਕਾਲਮ ਰਾਹੀਂ ਚੋਟੀ ਦੇ ਖਿਡਾਰੀਆਂ ਦੀ ਜੀਵਨੀ ਉਤੇ ਝਾਤ ਪਾਈ ਜਾ ਰਹੀ ਹੈ। ਹਥਲੇ ਲੇਖ ਵਿੱਚ ਵਿਸ਼ਵ ਦੇ ਅਜੇਤੂ ਪਹਿਲਵਾਨ ਗਾਮਾ ਦਾ ਕਿੱਸਾ ਛੋਹਿਆ ਗਿਆ ਹੈ। ਗਾਮਾ ਪੂਰੀ ਉਮਰ ਕਿਸੇ ਵੀ ਪਹਿਲਵਾਨ ਹੱਥੋਂ ਨਹੀਂ ਹਾਰਿਆ। ਉਸ ਬਾਰੇ ਆਖਿਆ ਜਾਂਦਾ ਹੈ ਕਿ ਉਹ ਦੁਨੀਆਂ ਦਾ ਇਕਲੌਤਾ ਪਹਿਲਵਾਨ ਹੈ, ਜਿਹੜਾ ਪੂਰੀ ਜ਼ਿੰਦਗੀ ਕਿਸੇ ਦੂਜੇ ਪਹਿਲਵਾਨ ਕੋਲੋਂ ਹਾਰਿਆ ਨਹੀਂ। ਬਰੂਸ ਲੀ ਵੀ ਗਾਮੇ ਦੀ ਕਸਰਤ ਦਾ ਉਪਾਸ਼ਕ ਸੀ। ਉਹ ਸਹੀ ਮਾਅਨਿਆਂ ਵਿੱਚ ਸਾਂਝੇ ਪੰਜਾਬ ਦੀ ਕੁਸ਼ਤੀ ਦਾ ਵਾਰਸ ਹੈ ਅਤੇ ਪੰਜਾਬ ਦੇ ਖੇਡ ਇਤਿਹਾਸ ਦਾ ਸਭ ਤੋਂ ਸੁਨਹਿਰੀ ਹਸਤਾਖਰ ਵੀ।

ਨਵਦੀਪ ਸਿੰਘ ਗਿੱਲ
ਫੋਨ: +91-9780036216

ਗਾਮਾ ਮਹਿਜ਼ ਇੱਕ ਪਹਿਲਵਾਨ ਦਾ ਨਾਂ ਹੀ ਨਹੀਂ ਹੈ, ਉਹ ਆਪਣੇ ਆਪ ਵਿੱਚ ਇੱਕ ਮਿੱਥ ਹੈ। ਪਹਿਲਵਾਨੀਆਂ ਵਿੱਚ ਉਸ ਦੀਆਂ ਪ੍ਰਾਪਤੀਆਂ ਅੰਕੜਿਆਂ ਦੀ ਬਜਾਏ ਦੰਦ ਕਥਾਵਾਂ ਵਿੱਚ ਸੁਣਾਈਆਂ ਜਾਂਦੀਆਂ ਹਨ। ਗਾਮਾ ਅੱਧੀ ਸਦੀ ਘੁਲਦਾ ਰਿਹਾ ਅਤੇ ਹਜ਼ਾਰਾਂ ਵਾਰ ਉਹ ਅਖਾੜੇ ਵਿੱਚ ਉਤਰਿਆ ਤੇ ਹਰ ਵਾਰ ਜੇਤੂ ਹੀ ਬਣਦਾ ਰਿਹਾ। ਅੰਮ੍ਰਿਤਸਰ ਜਨਮਿਆ, ਪਟਿਆਲਾ ਵਸਿਆ ਅਤੇ ਲਾਹੌਰ ਵਿਖੇ ਦੁਨੀਆਂ ਨੂੰ ਅਲਵਿਦਾ ਆਖਣ ਵਾਲਾ ਗਾਮਾ ਪੰਜਾਬ ਦੇ ਖੇਡ ਇਤਿਹਾਸ ਦਾ ਸਭ ਤੋਂ ਸੁਨਹਿਰੀ ਹਸਤਾਖਰ ਹੈ। ਉਹ ਵਿਸ਼ਵ ਜੇਤੂ ਪਹਿਲਵਾਨ ਸੀ, ਜਿਸ ਬਾਰੇ ਆਖਿਆ ਜਾਂਦਾ ਹੈ ਕਿ ਉਹ ਦੁਨੀਆਂ ਦਾ ਇਕਲੌਤਾ ਪਹਿਲਵਾਨ ਹੈ, ਜਿਹੜਾ ਪੂਰੀ ਜ਼ਿੰਦਗੀ ਕਿਸੇ ਦੂਜੇ ਪਹਿਲਵਾਨ ਕੋਲੋਂ ਹਾਰਿਆ ਨਹੀਂ। ਅਜੋਕੇ ਸਮੇਂ ਵਿੱਚ ਜਿੱਥੇ ਵਿਸ਼ਵ ਚੈਂਪੀਅਨਸ਼ਿਪ ਜਾਂ ਓਲੰਪਿਕ ਖੇਡਾਂ ਦੇ ਤਮਗ਼ਾ ਜੇਤੂ ਪਹਿਲਵਾਨ ਨੂੰ ਚੈਂਪੀਅਨ ਸਮਝਿਆ ਜਾਂਦਾ ਹੈ। ਜਿਵੇਂ ਭਾਰਤ ਦਾ ਚੈਂਪੀਅਨ ਰੁਸਤਮ-ਏ-ਹਿੰਦ ਅਖਵਾਉਂਦਾ ਸੀ, ਉਵੇਂ ਵਿਸ਼ਵ ਪੱਧਰੀ ਹੁੰਦੇ ਮੁਕਾਬਲਿਆਂ ਦੇ ਜੇਤੂ ਨੂੰ ਰੁਸਤਮ-ਏ-ਜਮਾਂ ਆਖਿਆ ਜਾਂਦਾ ਸੀ। ਗਾਮਾ ਰੁਸਤਮ-ਏ-ਜਮਾਂ ਰਿਹਾ। ਭਾਰਤੀ ਕੁਸ਼ਤੀ ਦੇ ਸੁਨਹਿਰੀ ਹਸਤਾਖਰ ਰਹੇ ਗਾਮਾ, ਕਿੱਕਰ ਜਿਹੇ ਪਹਿਲਵਾਨ ਕਿਤੇ ਓਲੰਪਿਕ ਖੇਡਾਂ ਵਿੱਚ ਨਹੀਂ ਘੁਲੇ, ਨਹੀਂ ਤਾਂ ਭਾਰਤ ਕੋਲ ਓਲੰਪਿਕ ਤਮਗ਼ਿਆਂ ਦੀ ਗਿਣਤੀ ਇਕੱਲੀ ਕੁਸ਼ਤੀ ਵਿੱਚ ਹੀ ਬਹੁਤ ਹੋਣੀ ਸੀ।
ਗਾਮੇ ਦਾ ਜਨਮ 1880 ਵਿੱਚ ਅੰਮ੍ਰਿਤਸਰ ਜ਼ਿਲੇ ਵਿੱਚ ਕਸ਼ਮੀਰੀ ਬੱਟ ਪਰਿਵਾਰ ਵਿੱਚ ਹੋਇਆ। ਪਿਤਾ ਦਾ ਨਾਂ ਮੁਹੰਮਦ ਅਜ਼ੀਜ਼ ਸੀ, ਜੋ ਖੁਦ ਇੱਕ ਮਸ਼ਹੂਰ ਪਹਿਲਵਾਨ ਸੀ। ਗਾਮੇ ਦਾ ਅਸਲ ਨਾਮ ਗ਼ੁਲਾਮ ਮੁਹੰਮਦ ਬਖ਼ਸ਼ ਬੱਟ ਸੀ, ਪ੍ਰੰਤੂ ਉਹ ਮਸ਼ਹੂਰ ਗਾਮਾ ਪਹਿਲਵਾਨ ਵਜੋਂ ਹੋਇਆ। ਗਾਮਾ ਹਾਲੇ ਉਦੋਂ ਚਾਰ ਵਰਿ੍ਹਆਂ ਦਾ ਹੀ ਸੀ, ਜਦੋਂ ਉਸ ਦਾ ਅੱਬਾ ਅੱਲਾ ਨੂੰ ਪਿਆਰਾ ਹੋ ਗਿਆ। ਗਾਮੇ ਦੇ ਮਾਮਾ ਈਦਾ ਜੋ ਖੁਦ ਪਹਿਲਵਾਨ ਸੀ, ਨੇ ਗਾਮੇ ਹੁਰਾਂ ਦੀ ਪਰਵਰਿਸ਼ ਮੱਧ ਪ੍ਰਦੇਸ਼ ਵਿੱਚ ਦਤੀਆ ਵਿਖੇ ਕੀਤੀ ਅਤੇ ਉਸ ਨੂੰ ਘੁਲਣ ਵੱਲ ਲਗਾਇਆ। ਗਾਮੇ ਅਤੇ ਉਸ ਦੇ ਛੋਟੇ ਭਰਾ ਇਮਾਮ ਬਖ਼ਸ਼ ਨੇ ਸ਼ੁਰੂ ਵਿੱਚ ਕੁਸ਼ਤੀ ਦੇ ਦਾਅਪੇਚ ਪੰਜਾਬ ਦੇ ਮਸ਼ਹੂਰ ਪਹਿਲਵਾਨ ਮਾਧੋ ਸਿੰਘ ਤੋਂ ਸਿੱਖਣੇ ਸ਼ੁਰੂ ਕੀਤੇ। ਦਤੀਆ ਦੇ ਮਹਾਰਾਜਾ ਭਵਾਨੀ ਸਿੰਘ ਨੇ ਗਾਮਾ ਅਤੇ ਇਮਾਮ ਬਖ਼ਸ਼ ਨੂੰ ਘੁਲਣ ਲਈ ਸਹੂਲਤਾਂ ਮੁਹੱਈਆ ਕਰਵਾਈਆਂ। 10 ਵਰਿ੍ਹਆਂ ਦੀ ਉਮਰੇ ਗਾਮਾ ਜੋਧਪੁਰ ਵਿਖੇ ਪਹਿਲਵਾਨਾਂ ਦੇ ਦੰਗਲ ਮੁਕਾਬਲਿਆਂ ਵਿੱਚ ਸਰੀਰਕ ਕਸਰਤ ਦੀਆਂ ਪ੍ਰਦਰਸ਼ਨੀਆਂ ਵਿੱਚ ਹਿੱਸਾ ਲੈਣ ਲੱਗ ਗਿਆ ਸੀ। ਉਹ ਘੁਲਣਾ ਚਾਹੁੰਦਾ ਸੀ, ਪਰ ਪ੍ਰਬੰਧਕਾਂ ਨੇ ਉਸ ਨੂੰ ਉਮਰ ਛੋਟੀ ਹੋਣ ਕਾਰਨ ਘੁਲਣ ਦੀ ਆਗਿਆ ਨਾ ਦਿੰਦੇ, ਉਸ ਕੋਲੋਂ ਡੰਡ ਬੈਠਕਾਂ ਜ਼ਰੂਰ ਕਢਵਾ ਲੈਂਦੇ। ਮਹਾਰਾਜਾ ਜੋਧਪੁਰ ਗਾਮੇ ਦੀ ਕਸਰਤ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਉਸ ਨੂੰ ਇਨਾਮ ਵੀ ਦਿੱਤਾ।
ਅੱਲੜ੍ਹ ਉਮਰੇ ਗਾਮਾ ਵੱਡਾ ਪਹਿਲਵਾਨ ਬਣਨ ਦੇ ਰਾਹ ਪੈ ਗਿਆ। ਵਰਜਿਸ਼ ਨੇ ਉਸ ਨੂੰ ਤਕੜਾ ਬਣਾਉਣਾ ਸ਼ੁਰੂ ਕੀਤਾ। 19 ਵਰਿ੍ਹਆਂ ਦੀ ਉਮਰੇ ਗਾਮੇ ਨੇ ਉਸ ਵੇਲੇ ਦੇ ਹਿੰਦੋਸਤਾਨ ਦੇ ਜੇਤੂ ਪਹਿਲਵਾਨ ਰਹੀਮ ਬਖਸ਼ ਸੁਲਤਾਨੀਵਾਲਾ ਨੂੰ ਚੁਣੌਤੀ ਦਿੱਤੀ। ਰਹੀਮ ਬਖਸ਼ ਗੁਜਰਾਂਵਾਲਾ ਦਾ ਹੀ ਸੀ। ਰਹੀਮ ਬਖਸ਼ ਦਾ ਕੱਦ ਸੱਤ ਫੁੱਟ ਦੇ ਕਰੀਬ ਸੀ ਅਤੇ ਗਾਮੇ ਦਾ ਕੱਦ ਮਹਿਜ਼ 5 ਫੁੱਟ 7 ਇੰਚ ਹੀ ਸੀ। ਰਹੀਮ ਬਖਸ਼ ਬਹੁਤ ਹੀ ਤਜ਼ਰਬੇਕਾਰ ਅਤੇ ਹੰਢਿਆ ਹੋਇਆ ਪਹਿਲਵਾਨ ਸੀ। ਦੇਖਣ ਵਾਲਿਆਂ ਨੂੰ ਉਦੋਂ ਦੋਵਾਂ ਦੀ ਕੁਸ਼ਤੀ ਜਾ ਜੋੜ ਸਹੀ ਨਹੀਂ ਜਾਪ ਰਿਹਾ ਸੀ। ਦੋਹਾਂ ਵਿਚਾਲੇ ਫਸਵਾਂ ਮੁਕਾਬਲਾ ਹੋਇਆ ਅਤੇ ਘੰਟਿਆਂ ਬੱਧੀ ਚੱਲੀ ਕੁਸ਼ਤੀ ਬਰਾਬਰੀ ਉਪਰ ਛੁੱਟੀ। ਅਜੋਕੇ ਸਮੇਂ ਵਾਂਗ ਉਦੋਂ ਮਿੰਟਾਂ ਜਾਂ ਪੁਆਇੰਟਾਂ ਦੀ ਕੁਸ਼ਤੀ ਨਹੀਂ ਹੁੰਦੀ ਸੀ। ਪਹਿਲਵਾਨ ਨੂੰ ਜਿੱਤਣ ਲਈ ਦੂਜੇ ਪਹਿਲਵਾਨ ਨੂੰ ਚਿੱਤ ਕਰਨਾ ਪੈਂਦਾ ਸੀ (ਪਿੱਠ ਹੇਠਾਂ ਲਗਾਉਣੀ), ਨਹੀਂ ਤਾਂ ਮੁਕਾਬਲਾ ਬਰਾਬਰ। ਕੁਸ਼ਤੀ ਦੇ ਸਮੇਂ ਦੀ ਵੀ ਕੋਈ ਹੱਦ ਨਹੀਂ ਹੁੰਦੀ ਸੀ। ਗਾਮੇ ਤੇ ਰਹਿਮ ਦੀ ਬਰਾਬਰ ਕੁਸ਼ਤੀ ਨੂੰ ਭਾਰਤ ਵਿੱਚ ਹੋਈਆਂ ਕੁਸ਼ਤੀਆਂ ਵਿੱਚ ਇਤਿਹਾਸਕ ਕੁਸ਼ਤੀ ਮੰਨਿਆ ਜਾਂਦਾ ਹੈ। ਅਗਲੀ ਵਾਰ ਜਦੋਂ ਦੋਹਾਂ ਵਿਚਾਲੇ ਕੁਸ਼ਤੀ ਹੋਈ ਤਾਂ ਗਾਮੇ ਨੇ ਰਹੀਮ ਬਖ਼ਸ਼ ਚਿੱਤ ਕਰ ਦਿੱਤਾ। ਇਹ ਕੁਸ਼ਤੀ ਇਲਾਹਾਬਾਦ ਵਿਖੇ ਹੋਈ ਸੀ, ਜਦੋਂ ਕਾਫੀ ਦੇਰ ਚੱਲੇ ਮੁਕਾਬਲੇ ਵਿੱਚ ਗਾਮੇ ਨੇ ਜਿੱਤ ਹਾਸਲ ਕਰਕੇ ਰੁਸਤਮੇ-ਏ-ਹਿੰਦ ਦਾ ਖਿਤਾਬ ਜਿੱਤਿਆ। ਗਾਮਾ ਆਪਣੇ ਖੇਡ ਜੀਵਨ ਵਿੱਚ ਰਹੀਮ ਬਖ਼ਸ਼ ਨੂੰ ਵੱਡਾ ਮੁਕਾਬਲੇ ਦਾ ਪਹਿਲਵਾਨ ਮੰਨਦਾ ਸੀ।
ਇਸ ਤੋਂ ਬਾਅਦ ਗਾਮੇ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ। ਗਾਮੇ ਨੇ ਸਾਰੇ ਨਾਮੀਂ ਪਹਿਲਵਾਨ ਚਿੱਤ ਕੀਤੇ। 1906 ਵਿੱਚ ਆਫ਼ਤਾਬ-ਏ-ਹਿੰਦ ਗੁਲਾਮ ਯਹਾਊ ਦੀਨ ਨੂੰ ਹਰਾ ਕੇ ਚਹੁੰ ਪਾਸੇ ਧੁੰਮਾਂ ਪਾਈਆਂ। 1910 ਵਿੱਚ ਗਾਮੇ ਨੂੰ ਇੰਗਲੈਂਡ ਜਾਣ ਦਾ ਮੌਕਾ ਮਿਲਿਆ। ਬੰਗਾਲ ਦੇ ਇੱਕ ਅਮੀਰ ਮਾਰਵਾੜੀ ਵਪਾਰੀ ਸੇਠ ਸ਼ਰਤ ਕੁਮਾਰ ਭਾਰਤੀ ਪਹਿਲਵਾਨਾਂ ਨੂੰ ਇੰਗਲੈਡ ਲੈ ਕੇ ਗਏ। ਗਾਮਾ ਤੇ ਉਸ ਦਾ ਭਰਾ ਇਮਾਮ ਬਖ਼ਸ਼ ਵੀ ਖੇਡ ਦਲ ਵਿੱਚ ਸ਼ਾਮਲ ਸਨ। ਇੰਗਲੈਂਡ ਵਿਖੇ ਕੁੱਲ ਦੁਨੀਆਂ ਤੋਂ ਸਾਢੇ ਚਾਰ ਸੌ ਪਹਿਲਵਾਨ ਘੁਲਣ ਆਏ ਸਨ। ਇੰਗਲੈਂਡ ਵਿੱਚ 300 ਪੌਂਡ ਤੋਂ ਵੱਧ ਭਾਰੇ ਪਹਿਲਵਾਨ ਵੀ ਹਿੱਸਾ ਲੈ ਰਹੇ ਸਨ। ਗਾਮੇ ਦਾ ਭਾਰ 200 ਪੌਂਡ ਦੇ ਕਰੀਬ ਸੀ ਅਤੇ ਪ੍ਰਬੰਧਕਾਂ ਨੇ ਘੱਟ ਭਾਰ ਤੇ ਛੋਟੇ ਕੱਦ ਕਾਰਨ ਗਾਮੇ ਦਾ ਨਾਮ ਘੁਲਣ ਵਾਲੇ ਪਹਿਲਾਵਾਨਾਂ ਦੀ ਸੂਚੀ ਵਿੱਚ ਸ਼ਾਮਲ ਨਹੀਂ ਕੀਤਾ। ਗਾਮੇ ਨੇ ਕਿਸੇ ਥਿਏਟਰ ਕੰਪਨੀ ਦੇ ਪ੍ਰਬੰਧਕ ਨਾਲ ਮਿਲ ਕੇ ਅਖਬਾਰ ਵਿੱਚ ਖਬਰ ਲਗਵਾ ਕੇ ਦੁਨੀਆਂ ਭਰ ਦੇ ਪਹਿਲਵਾਨਾਂ ਨੂੰ ਚੁਣੌਤੀ ਦਿੱਤੀ ਕਿ ਜਿਹੜਾ ਵੀ ਪਹਿਲਵਾਨ ਉਸ ਸਾਹਮਣੇ ਪੰਜ ਮਿੰਟ ਤੱਕ ਟਿਕ ਜਾਵੇਗਾ, ਉਹ ਉਸ ਨੂੰ ਪੰਜ ਪੌਂਡ ਨਗਦ ਇਨਾਮ ਦੇਵੇਗਾ। ਗਾਮੇ ਦਾ ਇਹ ਵੀ ਕਹਿਣਾ ਸੀ ਕਿ ਉਸ ਨਾਲ ਕਿਸੇ ਵੀ ਭਾਰ ਅਤੇ ਕੱਦ ਵਾਲਾ ਪਹਿਲਵਾਨ ਘੁਲ ਸਕਦਾ। ਪੰਜ ਪੌਂਡ ਉਸ ਵੇਲੇ ਵੱਡੀ ਰਕਮ ਹੋਣ ਕਰਕੇ ਕਈ ਪਹਿਲਵਾਨ ਗਾਮੇ ਨਾਲ ਘੁਲਣ ਨੂੰ ਤਿਆਰ ਹੋ ਗਏ। ਗਾਮੇ ਨੇ 30 ਮਿੰਟਾਂ ਵਿੱਚ 3 ਪਹਿਲਵਾਨ ਹਰਾ ਦਿੱਤੇ ਅਤੇ ਅਗਲੇ ਦਿਨ 12 ਪਹਿਲਵਾਨ ਇੱਕੋ ਲੰਗੋਟੇ ਹਰਾ ਦਿੱਤੇ। ਇਸ ਤੋਂ ਬਾਅਦ ਜਾ ਕੇ ਪ੍ਰਬੰਧਕਾਂ ਨੇ ਗਾਮੇ ਨੂੰ ਘੁਲਣ ਦੀ ਆਗਿਆ ਦਿੱਤੀ।
ਗਾਮੇ ਨੇ ਜਾਨ ਸਟੇਨਿਸਲਾਅ ਜ਼ਬਿਸਕੋ ਜਿਹੇ ਵਿਸ਼ਵ ਦੇ ਪ੍ਰਸਿੱਧ ਪਹਿਲਵਾਨਾਂ ਨੂੰ ਘੁਲਣ ਦੀ ਚੁਣੌਤੀ ਦਿੱਤੀ। ਜ਼ਬਿਸਕੋ ਅਮਰੀਕਾ ਵਿਖੇ ਤਿੰਨ ਵਾਰ ਵਿਸ਼ਵ ਚੈਂਪੀਅਨ ਬਣ ਚੁੱਕਾ ਸੀ। 10 ਸਤੰਬਰ 1910 ਨੂੰ ਗਾਮੇ ਅਤੇ ਜ਼ਬਿਸਕੋ ਵਿਚਾਲੇ ਕੁਸ਼ਤੀ ਹੋਈ। ਇਸ ਕੁਸ਼ਤੀ ਦਾ ਇਨਾਮ ਢਾਈ ਸੌ ਪੌਂਡ ਰੱਖਿਆ ਗਿਆ। ਗਾਮੇ ਦਾ ਭਾਰ 80 ਕਿਲੋ ਸੀ ਤੇ ਜ਼ਬਿਸਕੋ ਦਾ ਭਾਰ 120 ਕਿਲੋ। ਗਾਮੇ ਨੇ ਇੱਕ ਮਿੰਟ ਤੋਂ ਵੀ ਘੱਟ ਸਮੇਂ ਵਿੱਚ ਜ਼ਬਿਸਕੋ ਨੂੰ ਸੁੱਟ ਲਿਆ, ਪਰ ਕੱਦ ਕਾਠ ਵਿੱਚ ਲੰਬਾ ਅਤੇ ਭਾਰ ਵਿੱਚ ਵੱਧ ਭਾਰਾ ਜ਼ਬਿਸਕੋ ਢਾਈ ਘੰਟੇ ਢਿੱਡ ਦੇ ਭਾਰ ਲੇਟਿਆ ਰਿਹਾ, ਜਿਸ ਕਾਰਨ ਗਾਮੇ ਤੋਂ ਜ਼ਬਿਸਕੋ ਚਿੱਤ ਨਾ ਹੋ ਸਕਿਆ, ਪਰ ਗਾਮੇ ਨੇ ਜ਼ਬਿਸਕੋ ਨੂੰ ਇੰਨਾ ਥਕਾ ਦਿੱਤਾ ਕਿ ਉਹ ਅਖਾੜੇ ਵਿੱਚ ਬੁਰੀ ਤਰ੍ਹਾਂ ਹੱਫ਼ਿਆ ਹੋਇਆ ਸੀ। ਪਹਿਲੇ ਦਿਨ ਕੁਸ਼ਤੀ ਬਿਨਾਂ ਮੁਕਾਬਲੇ ਤੋਂ ਖ਼ਤਮ ਹੋਈ। ਦੂਜੇ ਦਿਨ ਕੁਸ਼ਤੀ ਮੁੜ ਹੋਣੀ ਸੀ, ਪਰ ਪਹਿਲੇ ਦਿਨ ਦਾ ਥੱਕਿਆ ਤੇ ਹੰਭਿਆ ਜ਼ਬਿਸਕੋ ਦੂਜੇ ਦਿਨ ਮੁਕਾਬਲਾ ਕਰਨ ਨਾ ਆਇਆ। ਪ੍ਰਬੰਧਕ ਜ਼ਬਿਸਕੋ ਨੂੰ ਭਾਲਦੇ ਰਹੇ, ਪਰ ਉਹ ਨਾ ਲੱਭਿਆ। ਅੰਤ ਗਾਮੇ ਨੂੰ ਵਿਸ਼ਵ ਚੈਂਪੀਅਨ ਐਲਾਨਿਆ ਗਿਆ। 17 ਸਤੰਬਰ 1910 ਨੂੰ ਦੋਹਾਂ ਵਿਚਕਾਰ ਮੁੜ ਕੁਸ਼ਤੀ ਰੱਖੀ ਗਈ, ਪਰ ਜ਼ਬਿਸਕੋ ਇੱਕ ਵਾਰ ਫੇਰ ਘੁਲਣ ਨਾ ਆਇਆ। ਗਾਮਾ ਫੇਰ ਜੇਤੂ ਐਲਾਨਿਆ ਗਿਆ। 15 ਅਕਤੂਬਰ 1910 ਨੂੰ ਹੋਈ ਵਿਸ਼ਵ ਹੈਵੀਵੇਟ ਚੈਂਪੀਅਨਸ਼ਿਪ ਜਿੱਤ ਕੇ ਗਾਮਾ ਵਿਸ਼ਵ ਚੈਂਪੀਅਨ ਬਣਿਆ ਸੀ। ਗਾਮੇ ਨੂੰ ਸ਼ੇਰ-ਏ-ਪੰਜਾਬ, ਮਹਾਨ ਗਾਮਾ ਦੇ ਖਿਤਾਬ ਵੀ ਮਿਲੇ ਹਨ। ਗਾਮੇ ਨੂੰ ਰੁਸਤਮ-ਏ-ਜ਼ਮਾਂ, ਵਿਸ਼ਵ ਕੇਸਰੀ ਅਤੇ ਵਿਸ਼ਵ ਵਿਜੇਤਾ ਦਾ ਰੁਤਬਾ ਮਿਲਿਆ।
ਇੰਗਲੈਂਡ ਦੇ ਦੌਰੇ ਉਤੇ ਗਾਮੇ ਨੇ ਵੱਡੇ-ਵੱਡੇ ਨਾਮੀਂ ਪਹਿਲਵਾਨਾਂ ਨੂੰ ਚਿੱਤ ਕੀਤਾ, ਜਿਨ੍ਹਾਂ ਵਿੱਚ ਬੈਂਜਾਮਿਨ ਰੋਲਰ, ਮੌਰਿਸ ਦੇਰਿਜ, ਜੌਹਨ ਲੇਮ ਅਤੇ ਜੈਸੀ ਪੀਟਰਸਨ ਸ਼ਾਮਲ ਸਨ। ਰੌਲਰ ਨੂੰ ਗਾਮੇ ਨੇ 15 ਮਿੰਟ ਵਿੱਚ 13 ਵਾਰ ਸੁੱਟਿਆ। ਗਾਮੇ ਦੀ ਚੁਣੌਤੀ ਇੱਕ ਵਾਰ ਅਮਰੀਕਾ ਦੇ ਬੈਂਜਾਮਿਨ ਰੌਲਰ ਨੇ ਸਵੀਕਾਰ ਕੀਤੀ। ਗਾਮੇ ਨੇ ਮਹਿਜ਼ ਪੌਣੇ ਦੋ ਮਿੰਟ ਵਿੱਚ ਰੌਲਰ ਨੂੰ ਚਿੱਤ ਕਰ ਦਿੱਤਾ। ਦੂਜੀ ਵਾਰ ਗਾਮੇ ਤੇ ਰੌਲਰ ਦੀ ਹੋਈ ਕੁਸ਼ਤੀ ਵਿੱਚ ਗਾਮੇ ਨੇ ਸਵਾ ਨੌਂ ਮਿੰਟ ਵਿੱਚ ਉਸ ਨੂੰ ਚਿੱਤ ਕਰ ਦਿੱਤਾ। ਗਾਮੇ ਨੇ ਦੁਨੀਆਂ ਭਰ ਦੇ ਪਹਿਲਵਾਨਾਂ ਨੂੰ ਉਸ ਨਾਲ ਘੁਲਣ ਦੀ ਖੁੱਲ੍ਹੀ ਚੁਣੌਤੀ ਦਿੱਤੀ। ਜਾਪਾਨ ਦਾ ਜੂਡੋ ਪਹਿਲਵਾਨ ਤਾਰਾਂ ਮਿਆਕੀ, ਰੂਸ ਦਾ ਜੌਰਜ, ਅਮਰੀਕਾ ਦਾ ਫੰਕ ਗਾਸ਼- ਕੋਈ ਵੀ ਉਸ ਨਾਲ ਘੁਲਣ ਲਈ ਤਿਆਰ ਨਹੀਂ ਹੋਇਆ। ਫੇਰ ਗਾਮੇ ਨੇ ਚੁਣੌਤੀ ਦਿੱਤੀ ਕਿ ਉਹ ਨਿਰੰਤਰ ਵੀਹ ਪਹਿਲਵਾਨਾਂ ਦੇ ਨਾਲ ਵਾਰੋ-ਵਾਰੀ ਕੁਸ਼ਤੀਆਂ ਲੜੇਗਾ ਅਤੇ ਜੇਤੂ ਨੂੰ ਇਨਾਮ ਵੀ ਦੇਵੇਗਾ, ਪਰ ਫੇਰ ਵੀ ਉਸ ਨਾਲ ਕੋਈ ਵੀ ਮੁਕਾਬਲਾ ਕਰਨ ਅਖਾੜੇ ਵਿੱਚ ਨਾ ਨਿੱਤਰਿਆ।
1916 ਵਿੱਚ ਗਾਮੇ ਨੇ ਮਸ਼ਹੂਰ ਪਹਿਲਵਾਨ ਪੰਡਿਤ ਬਿਦੂ ਨੂੰ ਹਰਾਇਆ। 1922 ਵਿੱਚ ਪ੍ਰਿੰਸ ਆਫ਼ ਵੇਲਜ਼ ਭਾਰਤ ਦੀ ਯਾਤਰਾ ਉਤੇ ਆਏ ਤਾਂ ਗਾਮੇ ਦੀ ਖੇਡ ਤੋਂ ਪ੍ਰਭਾਵਿਤ ਹੋ ਕੇ ਉਸ ਨੂੰ ਚਾਂਦੀ ਦੀ ਕੀਮਤੀ ਗਦਾ ਨਾਲ ਸਨਮਾਨਤ ਕੀਤਾ। 1928 ਵਿੱਚ ਪਟਿਆਲਾ ਵਿਖੇ ਇੱਕ ਵਾਰ ਫੇਰ ਗਾਮੇ ਤੇ ਜ਼ਬਿਸਕੋ ਵਿਚਾਲੇ ਕੁਸ਼ਤੀ ਹੋਈ। ਜ਼ਬਿਸਕੋ ਇੰਗਲੈਂਡ ਵਿਖੇ ਹੋਈ ਹਾਰ ਦਾ ਬਦਲਾ ਲੈਣਾ ਚਾਹੁੰਦਾ ਸੀ। ਜ਼ਬਿਸਕੋ ਪਟਿਆਲਾ ਵਿਖੇ ਆਪਣੀਆਂ ਸ਼ਰਤਾਂ ਉਤੇ ਗਾਮੇ ਨਾਲ ਕੁਸ਼ਤੀ ਖੇਡਣ ਆਇਆ ਸੀ, ਪਰ ਗਾਮੇ ਨੇ 50 ਸਕਿੰਟਾਂ ਦੇ ਅੰਦਰ ਹੀ ਜ਼ਬਿਸਕੋ ਨੂੰ ਚਿੱਤ ਕਰ ਦਿੱਤਾ। ਪਟਿਆਲਾ ਦੇ ਮਹਾਰਾਜੇ ਨੇ ਗਾਮੇ ਦਾ ਅੱਧੇ ਮਣ ਚਾਂਦੀ ਦੇ ਗਦੇ ਅਤੇ 20 ਹਜ਼ਾਰ ਰੁਪਏ ਦੀ ਨਗਦ ਇਨਾਮ ਰਾਸ਼ੀ ਨਾਲ ਸਨਮਾਨਤ ਕੀਤਾ। 1929 ਵਿੱਚ ਗਾਮੇ ਨੇ ਜੇਸੀ ਪੀਟਰਸਨ ਨੂੰ ਡੇਢ ਮਿੰਟ ਵਿੱਚ ਚਿੱਤ ਕੀਤਾ। ਉਸ ਤੋਂ ਬਾਅਦ ਜ਼ਬਿਸਕੋ ਨੇ ਫੇਰ ਕਿਤੇ ਗਾਮੇ ਨਾਲ ਕੁਸ਼ਤੀ ਨਹੀਂ ਲੜੀ।
1940ਵਿਆਂ ਜਦੋਂ ਗਾਮਾ ਸੱਠ ਵਰਿ੍ਹਆਂ ਦਾ ਸੀ ਤਾਂ ਹੈਦਰਾਬਾਦ ਦੇ ਨਿਜ਼ਾਮ ਨੇ ਉਸ ਨੂੰ ਘੁਲਣ ਲਈ ਸੱਦਿਆ। ਗਾਮੇ ਨੇ ਸਾਰੇ ਪਹਿਲਵਾਨ ਹਰਾ ਦਿੱਤੇ। ਅਖੀਰ ਨਿਜ਼ਾਮ ਨੇ ਸ਼ੇਰ-ਏ-ਹੈਦਰਾਬਾਦ ਬਲਰਾਮ ਹੀਰਾਮਨ ਸਿੰਘ ਯਾਦਵ ਨਾਲ ਗਾਮੇ ਦੀ ਕੁਸ਼ਤੀ ਕਰਵਾਈ। ਬਲਰਾਮ ਵੀ ਗਾਮੇ ਵਾਂਗ ਕਿਸੇ ਤੋਂ ਹਾਰਿਆ ਨਹੀਂ ਸੀ। ਵਡੇਰੀ ਉਮਰ ਦੇ ਬਾਵਜੂਦ ਗਾਮੇ ਨੇ ਨੌਜਵਾਨ ਪਹਿਲਵਾਨ ਨਾਲ ਪੂਰਾ ਮੁਕਾਬਲਾ ਕੀਤਾ ਅਤੇ ਅੰਤ ਕੁਸ਼ਤੀ ਬਰਾਬਰੀ ਉਤੇ ਮੁੱਕੀ।
ਗਾਮਾ ਸਹੀ ਮਾਅਨਿਆਂ ਵਿੱਚ ਸਾਂਝੇ ਪੰਜਾਬ ਦੀ ਕੁਸ਼ਤੀ ਦਾ ਵਾਰਸ ਹੈ। ਦੇਸ਼ ਦੀ ਵੰਡ ਤੋਂ ਪਹਿਲਾਂ ਉਹ ਪਟਿਆਲਾ ਰਹਿੰਦਾ ਸੀ ਅਤੇ 1947 ਵਿੱਚ ਉਹ ਪਾਕਿਸਤਾਨ ਸ਼ਿਫ਼ਟ ਹੋ ਗਿਆ। ਜਿਵੇਂ ਮਿਲਖਾ ਸਿੰਘ, ਮਹਿੰਦਰ ਸਿੰਘ ਗਿੱਲ, ਜਰਨੈਲ ਸਿੰਘ ਵਰਗੇ ਖਿਡਾਰੀ ਵੰਡ ਦੇ ਸੰਤਾਪ ਕਾਰਨ ਪਾਕਿਸਤਾਨੋਂ ਉਜੜ ਕੇ ਭਾਰਤ ਪੁੱਜੇ, ਉਵੇਂ ਗਾਮੇ ਜਿਹੇ ਵੀ ਕਈ ਖਿਡਾਰੀ ਇੱਧਰੋਂ ਉਜੜ ਕੇ ਪਾਕਿਸਤਾਨ ਗਏ। ਗਾਮੇ ਦਾ ਪਹਿਲਾ ਟਿਕਾਣਾ ਪਟਿਆਲਾ ਹੀ ਸੀ, ਜਿੱਥੇ ਪਟਿਆਲਾ ਰਿਆਸਤ ਦਾ ਉਹ ਸ਼ਾਹੀ ਪਹਿਲਵਾਨ ਸੀ ਅਤੇ ਉਸ ਨੂੰ ਮੋਤੀ ਬਾਗ ਅੱਗੇ ਵੱਡੀ ਕੋਠੀ ਦਿੱਤੀ ਹੋਈ ਸੀ, ਜਿੱਥੇ ਉਸ ਦਾ ਅਖਾੜਾ ਸੀ। ਉਸ ਕੋਲ ਦੋ-ਤਿੰਨ ਰਸੋਈਏ ਪੱਕੇ ਹੁੰਦੇ ਸਨ। ਵੰਡ ਤੋਂ ਬਾਅਦ ਗਾਮਾ ਪਟਿਆਲਾ ਤੋਂ ਲਾਹੌਰ ਚਲਾ ਗਿਆ ਅਤੇ ਪਹਿਲਵਾਨੀ ਦੀ ਵਿਰਾਸਤ ਚੀਮਾ ਪਰਿਵਾਰ ਨੇ ਸਾਂਭ ਲਈ ਜਿਸ ਨੇ ਕੇਸਰ ਸਿੰਘ ਚੀਮਾ, ਸੁਖਚੈਨ ਸਿੰਘ ਚੀਮਾ, ਪਲਵਿੰਦਰ ਸਿੰਘ ਚੀਮਾ ਜਿਹੇ ਵੱਡੇ ਪਹਿਲਵਾਨ ਦਿੱਤੇ।
ਲਾਹੌਰ ਰਹਿਣ ਲੱਗੇ ਗਾਮੇ ਨੇ 1952 ਵਿੱਚ ਆਪਣੇ ਲੰਬੇ ਪਹਿਲਵਾਨੀ ਖੇਡ ਜੀਵਨ ਤੋਂ ਸੰਨਿਆਸ ਦਾ ਐਲਾਨ ਕੀਤਾ। ਗਾਮਾ ਪੂਰੀ ਉਮਰ ਕਿਸੇ ਵੀ ਪਹਿਲਵਾਨ ਹੱਥੋਂ ਨਹੀਂ ਹਾਰਿਆ। ਅੰਤਲੀ ਉਮਰੇ ਗਮਾਂ ਨੇ ਗਾਮੇ ਨੂੰ ਅਜਿਹਾ ਘੇਰਿਆ ਕਿ ਉਸ ਦੇ ਪੰਜੇ ਪੁੱਤਰ ਅੱਲ੍ਹਾ ਨੂੰ ਪਿਆਰੇ ਹੋ ਗਏ। ਗਾਮੇ ਨੂੰ ਵੱਡੀ ਉਮਰੇ ਔਲਾਦ ਦੇ ਤੁਰ ਜਾਣ ਦਾ ਵੱਡਾ ਗ਼ਮ ਲੱਗਿਆ। 1953 ਵਿੱਚ ਰਾਵੀ ਕਿਨਾਰੇ ਸੱਪ ਦੇ ਡੰਗ ਕਾਰਨ ਗਾਮੇ ਦੀ ਸਿਹਤ ਖਰਾਬ ਹੋ ਗਈ। ਅੰਤਲੇ ਸਮੇਂ ਵਿੱਚ ਲੰਬੀ ਬਿਮਾਰੀ ਨਾਲ ਜੂਝਣ ਤੋਂ ਬਾਅਦ ਅੰਤ ਦੁਨੀਆਂ ਦਾ ਇਹ ਜੇਤੂ ਪਹਿਲਵਾਨ ਮੌਤ ਹੱਥੋਂ ਹਾਰ ਗਿਆ ਅਤੇ 23 ਮਈ 1960 ਨੂੰ ਇਸ ਫ਼ਾਨੀ ਸੰਸਾਰ ਤੋਂ ਰੁਖ਼ਸਤ ਹੋਇਆ। ਗਾਮੇ ਦਾ ਅਖ਼ਰੀਲਾ ਸਮਾਂ ਕਾਫ਼ੀ ਮੁਸ਼ਕਲਾਂ ਭਰਿਆ ਸੀ। ਲਹਿੰਦੇ ਪੰਜਾਬ ਦੀ ਸਰਕਾਰ ਨੇ ਉਸ ਨੂੰ ਕੁਝ ਜ਼ਮੀਨ ਅਤੇ ਮਹੀਨਾਵਾਰ ਪੈਨਸ਼ਨ ਦਿੱਤੀ। ਭਾਰਤੀ ਪ੍ਰਸ਼ੰਸਕਾਂ ਨੇ ਵੀ ਉਸ ਦੀ ਵਿੱਤੀ ਮੱਦਦ ਕੀਤੀ, ਜਿਸ ਨਾਲ ਉਹ ਆਪਣੇ ਡਾਕਟਰੀ ਖਰਚੇ ਕਰਦਾ ਰਿਹਾ। ਜੀ.ਡੀ. ਬਿਰਲਾ ਨੇ ਉਸ ਨੂੰ ਸਹਾਇਤਾ ਵਜੋਂ 2000 ਰੁਪਏ ਦਿੱਤੇ ਅਤੇ 300 ਰੁਪਏ ਮਹੀਨਾ ਪੈਨਸ਼ਨ ਵੀ ਦਿੰਦੇ ਰਹੇ। ਪਟਿਆਲਾ ਦੇ ਮਹਾਰਾਜਾ ਨੇ ਵੀ ਸਹਾਇਤਾ ਕੀਤੀ। ਪਾਕਿਸਤਾਨ ਸਰਕਾਰ ਨੇ ਵੀ ਉਸ ਦੀ ਮੌਤ ਤਕ ਦੇ ਇਲਾਜ ਉਤੇ ਹੋਣ ਵਾਲਾ ਖਰਚਾ ਚੁੱਕਿਆ।
ਗਾਮੇ ਦੀ ਤਾਕਤ ਉਸ ਦੀ ਵਰਜ਼ਿਸ਼ ਅਤੇ ਖੁਰਾਕ ਸੀ। ਤਿੰਨ ਦੇਸੀ ਬੱਕਰੇ, ਛੇ ਦੇਸੀ ਮੁਰਗੇ, 10 ਲਿਟਰ ਦੁੱਧ, ਅੱਧਾ ਕਿਲੋ ਬਦਾਮਾਂ ਦੀ ਸ਼ਰਦਈ, ਅੱਧਾ ਕਿਲੋ ਘਿਓ, ਢਾਈ ਕਿਲੋ ਮੱਖਣ, ਤਿੰਨ ਬਾਲਟੀਆਂ ਮੌਸਮੀ ਫਲਾਂ ਦੀਆਂ ਅਤੇ ਤਾਜ਼ਾ ਫਲਾਂ ਦਾ ਜੂਸ ਗਾਮੇ ਦੀ ਖੁਰਾਕ ਦਾ ਹਿੱਸਾ ਸੀ। ਗਾਮਾ ਹੱਡ ਭੰਨਵੀਂ ਕਸਰਤ ਕਰਦਾ ਸੀ। ਮਿੱਟੀ ਨਾਲ ਮਿੱਟੀ ਹੁੰਦੇ ਗਾਮੇ ਦੇ ਪਿੰਡੇ ਤੋਂ ਪਸੀਨਾ ਚਸ਼ਮੇ ਵਾਂਗ ਵਗਦਾ ਸੀ। ਮਧਰੇ ਕੱਦ ਦੇ ਗਾਮੇ ਦਾ ਭਾਰ 80 ਕਿਲੋ (200 ਪੌਂਡ) ਸੀ। ਉਸ ਦੀ ਛਾਤੀ 56 ਇੰਚ ਅਤੇ ਡੌਲਾ 21 ਇੰਚ ਦਾ ਸੀ। ਗਾਮਾ ਆਪਣੀ ਤਾਕਤ ਨਾਲ ਹੀ ਆਪਣੇ ਤੋਂ ਡੇਢ ਗੁਣਾਂ ਭਾਰੇ ਜ਼ਬਿਸਕੋ ਨੂੰ ਹਰਾ ਕੇ ਵਿਸ਼ਵ ਚੈਂਪੀਅਨ ਬਣਿਆ ਸੀ। ਜ਼ਬਿਸਕੋ ਨੇ ਗਾਮੇ ਬਾਰੇ ਆਖਿਆ ਸੀ ਕਿ ਉਹ ਬਿਜਲੀ ਸਮਾਨ ਹੈ। ਬਰੂਸ ਲੀ ਵੀ ਗਾਮੇ ਦੀ ਕਸਰਤ ਦਾ ਉਪਾਸ਼ਕ ਸੀ। ਗਾਮੇ ਦੀ ਰੋਜ਼ਾਨਾ ਕਸਰਤ ਵਿੱਚ ਪੰਜ ਸੌ ਬੈਠਕਾਂ, ਹਜ਼ਾਰ ਤੋਂ ਵੱਧ ਡੰਡ ਸ਼ਾਮਲ ਸਨ। ਕੁਇੰਟਲ ਭਾਰ ਚੱਕੀ ਲੰਬਾ ਸਮਾਂ ਵੇਟਟਰੇਨਿੰਗ ਕਰਦਾ ਸੀ।
ਗਾਮਾ ਦੋਸਤੀ ਨਿਭਾਉਣ ਵਾਲਾ ਇਨਸਾਨ ਸੀ। ਇਕੇਰਾਂ ਉਹ ਦਤੀਏ ਗਿਆ ਸੀ ਤਾਂ ਪਿੱਛੋਂ ਉਸ ਦੇ 13 ਵਰਿ੍ਹਆਂ ਦੇ ਪੁੱਤਰ ਜਲਾਉਲਦੀਨ ਦੇ ਫੌਤ ਹੋਣ ਦੀ ਖਬਰ ਮਿਲੀ। ਗਾਮੇ ਨੇ ਤਾਰ ਭੇਜ ਕੇ ਲਿਖਿਆ ਕਿ ਉਸ ਦਾ ਦੋਸਤ ਪੂਰਾ ਹੋ ਗਿਆ ਹੈ ਅਤੇ ਉਸ ਦੇ ਪੁੱਤਰ ਨੂੰ ਦਫ਼ਨ ਕਰ ਦੇਵੋ। ਗਾਮੇ ਨੇ ਆਪਣੇ ਪੁੱਤਰ ਦੀ ਬਜਾਏ ਦੋਸਤ ਦੀਆਂ ਅੰਤਿਮ ਰਸਮਾਂ ਨੂੰ ਪਹਿਲ ਦਿੱਤੀ। ਗਾਮੇ ਦੀ ਮਹਾਨਤਾ ਦੇ ਕਿੱਸੇ ਕਵੀਆਂ, ਕਵੀਸ਼ਰਾਂ, ਗਾਉਣ ਵਾਲਿਆਂ ਨੇ ਵੀ ਗਾਏ। ਮਹਾਨ ਕਵੀਸ਼ਰ ਬਾਬੂ ਰਜ਼ਬ ਅਲੀ ਲਿਖਦੇ ਹਨ, “ਮਾਂ ਦੇ ਲਾਲ ਜ਼ਬਿਸਕੋ ਢਾਹਿਆ” ਕੋਈ ਲਿਖਦਾ ਹੈ, “ਜਿੱਥੇ ਗਾਮੇ ਦਾ ਨਾਮ ਪਟਿਆਲੇ ਦਾ ਜੇ, ਜਦੋਂ ਰੁਸਤਮੇ ਜਮਾਂ ਕਹਾਉਂਦੇ ਨੇ।” ਗਾਮੇ ਨੇ ਸੰਤਾਲੀ ਦੀ ਵੰਡ ਵੇਲੇ ਲਾਹੌਰ ਵਿਖੇ ਕਈ ਹਿੰਦੂ ਪਰਿਵਾਰਾਂ ਦੀ ਭੀੜ ਤੋਂ ਜਾਨ ਬਚਾਈ ਸੀ।
ਗਾਮਾ ਅੱਜ ਵੀ ਤਾਕਤ ਦੀ ਮਿੱਥ ਬਣਿਆ ਹੋਇਆ ਹੈ ਅਤੇ ਕਿਸੇ ਵੀ ਵਿਅਕਤੀ ਵੱਲੋਂ ਆਪਣੇ ਆਪ ਨੂੰ ਸਕਤੀਸ਼ਾਲੀ ਪੇਸ਼ ਕਰਨ ਉਤੇ ਉਸ ਨੂੰ ਇਹ ਕਹਿ ਕੇ ਛੇੜਿਆ ਜਾਂਦਾ ਹੈ, “ਆਇਆ ਵੱਡਾ ਗਾਮਾ।”
ਗਾਮੇ ਦੇ ਭਰਾ ਇਮਾਮ ਬਖ਼ਸ਼ ਦੀ ਪੋਤਰੀ ਕਲਸੂਮ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਪਤਨੀ ਹੈ ਅਤੇ ਪੜਪੋਤਰੀ ਮਰੀਅਮ ਨਵਾਜ਼ ਮੌਜੂਦਾ ਸਮੇਂ ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਹੈ। ਇਸ ਤੋਂ ਇਲਾਵਾ ਗਾਮੇ ਦੇ ਪਰਿਵਾਰ ਵਿੱਚੋਂ ਹੋਰ ਵੀ ਕਈ ਮੈਂਬਰਾਂ ਨੇ ਪਾਕਿਸਤਾਨ ਵਿੱਚ ਵੱਡੇ ਮੁਕਾਮ ਹਾਸਲ ਕੀਤੇ ਹਨ।

Leave a Reply

Your email address will not be published. Required fields are marked *