ਨਵਦੀਪ ਕੌਰ ਗਰੇਵਾਲ
ਮਲਿਆਲਮ ਫਿਲਮ ਇੰਡਸਟਰੀ ਵਿੱਚ ਅਭਿਨੇਤਰੀਆਂ ਲਈ ਕੰਮ ਦੇ ਹਾਲਾਤ ਅਤੇ ਜਿਨਸੀ ਸ਼ੋਸ਼ਣ ਸਬੰਧੀ ਜਸਟਿਸ ਹੇਮਾ ਕਮੇਟੀ ਦੀ ਰਿਪੋਰਟ ਪਿਛਲੇ ਕਈ ਹਫ਼ਤਿਆਂ ਤੋਂ ਚਰਚਾ ਵਿੱਚ ਹੈ। ਇਸ ਰਿਪੋਰਟ ਵਿੱਚ ਟਿੱਪਣੀ ਕੀਤੀ ਗਈ ਹੈ, “ਸਾਹਮਣੇ ਰੱਖੇ ਸਬੂਤਾਂ ਮੁਤਾਬਕ, ਫ਼ਿਲਮ ਸਨਅਤ ਵਿੱਚ ਜਿਨਸੀ ਸ਼ੋਸ਼ਣ ਹੈਰਾਨੀਜਨਕ ਰੂਪ ਵਿੱਚ ਆਮ ਹੈ, ਇਹ ਬਿਨਾ ਕਿਸੇ ਰੋਕ-ਟੋਕ ਤੋਂ ਚੱਲ ਰਿਹਾ ਹੈ ਅਤੇ ਵੱਸੋਂ ਬਾਹਰ ਹੋ ਚੁੱਕਿਆ ਹੈ।”
ਬਾਲੀਵੁੱਡ ਵਿੱਚ ਵੀ ‘ਕਾਸਟਿੰਗ ਕਾਊਚ’ ਅਤੇ ‘ਸਮਝੌਤੇ’ ਦੇ ਇਲਜ਼ਾਮ ਸਮੇਂ-ਸਮੇਂ ਸਾਹਮਣੇ ਆਉਂਦੇ ਰਹੇ ਹਨ। ਕੁੜੀਆਂ ਨੂੰ ਕੰਮ ਹਾਸਿਲ ਕਰਨ ਲਈ ਕਈ ਵਾਰ ਜਿਨਸੀ ਸੋਸ਼ਣ ਝੱਲਣਾ ਪੈਂਦਾ ਹੈ। ਕੀ ਪੰਜਾਬੀ ਸਿਨੇਮਾ ਵਿੱਚ ਵੀ ਅਭਿਨੇਤਰੀਆਂ ਨੂੰ ਅਜਿਹੀ ਸਥਿਤੀ ਸਹਿਣ ਕਰਨੀ ਪੈਂਦੀ ਹੈ ਜਾਂ ਪੰਜਾਬੀ ਸਿਨੇਮਾ ਇਸ ਮਾਮਲੇ ਵਿੱਚ ਦੂਜਿਆਂ ਤੋਂ ਵੱਖਰਾ ਹੈ? ਪੰਜਾਬੀ ਫਿਲਮ ਜਗਤ ਨਾਲ ਜੁੜੇ ਕਈ ਲੋਕਾਂ ਨਾਲ ਗੱਲ ਕਰਨ ਤੋਂ ਬਾਅਦ ਸਾਹਮਣੇ ਆਇਆ ਹੈ ਕਿ ਪੰਜਾਬੀ ਫ਼ਿਲਮਾਂ ਵਿੱਚ ਵੀ ਕਈ ਵਾਰ ਅਜਿਹੀ ਸਥਿਤੀ ਬਣਦੀ ਹੈ, ਜਿੱਥੇ ਅਭਿਨੇਤਰੀਆਂ ਨੂੰ ‘ਸੈਕਸੁਅਲ ਫੇਵਰ’ ਦੇ ਬਦਲੇ ਫ਼ਿਲਮ ਵਿੱਚ ਕੰਮ ਦੀ ਪੇਸ਼ਕਸ਼ ਕੀਤੀ ਜਾਂਦੀ ਹੈ। ਕਈ ਇਹ ‘ਸਮਝੌਤਾ’ ਕਰ ਲੈਂਦੀਆਂ ਹਨ ਅਤੇ ਕਈ ਨਹੀਂ ਕਰਦੀਆਂ। ਭਾਵੇਂ ਪੰਜਾਬੀ ਸਿਨੇਮਾ ਵਿੱਚ ‘ਸੈਕਸੁਅਲ ਫੇਵਰ’ ਬਦਲੇ ਕੰਮ ਦੇਣ ਦਾ ਰੁਝਾਨ ਬਹੁਤ ਜ਼ਿਆਦਾ ਨਹੀਂ ਹੈ, ਪਰ ਰੈਫਰੈਂਸ, ਜਾਣ-ਪਛਾਣ ਜਾਂ ਹੋਰ ਪੈਮਾਨੇ ਵੀ ਭੂਮਿਕਾ ਅਦਾ ਕਰਦੇ ਹਨ। ਕੀ ‘ਸਮਝੌਤੇ’ ਕਰਨ ਵਾਲੀਆਂ ਅਦਾਕਾਰਾਵਾਂ ਜ਼ਿਆਦਾ ਸਫ਼ਲ ਹੁੰਦੀਆਂ ਹਨ? ਅਜਿਹੇ ਆਫਰ ਨਕਾਰ ਦੇਣ ਵਾਲੀਆਂ ਲਈ ਅੱਗੇ ਕੀ ਰਾਹ ਹੁੰਦਾ ਹੈ? ਅਜਿਹੇ ਆਫਰ ਦੇਣ ਵਾਲੇ ਕਿਹੜੇ ਲੋਕ ਹੁੰਦੇ ਹਨ?
ਚੰਡੀਗੜ੍ਹ ਦੀ ਆਨੰਦ ਪ੍ਰਿਆ, ਜੋ ਮੁੰਬਈ ਰਹਿੰਦੀ ਹੈ, ਨੇ ਪੰਜਾਬ ਯੂਨੀਵਰਸਿਟੀ ਵਿੱਚੋਂ ਥੀਏਟਰ ਦੀ ਪੜ੍ਹਾਈ ਕਰਨ ਬਾਅਦ ਫ਼ਿਲਮੀ ਦੁਨੀਆਂ ਵਿੱਚ ਕਦਮ ਰੱਖਿਆ। ਆਨੰਦ ਪ੍ਰਿਆ ਨੇ ਸਿਰਫ਼ ਪੰਜਾਬੀ ਫ਼ਿਲਮਾਂ ਹੀ ਨਹੀਂ ਸਗੋਂ ਨੈਟਫਲਿਕਸ ਦੀ ਵੈਬਸੀਰੀਜ਼ ‘ਕੋਹਰਾ’ ਵਿੱਚ ਵੀ ਆਪਣੀ ਦਮਦਾਰ ਪੇਸ਼ਕਾਰੀ ਜ਼ਰੀਏ ਨਾਮਣਾ ਖੱਟਿਆ ਹੈ। ਉਸ ਮੁਤਾਬਕ ਹੁਣ ਤੱਕ ਉਸ ਨੇ ਜਿੰਨਾ ਵੀ ਕੰਮ ਕੀਤਾ ਹੈ, ਕਦੇ ਵੀ ਉਸ ਤੋਂ ਕੰਮ ਦੇਣ ਦੇ ਬਦਲੇ ‘ਸੈਕਸੁਅਲ ਫੇਵਰ’ ਨਹੀਂ ਮੰਗਿਆ ਗਿਆ। ਉਹ ਕਹਿੰਦੀ ਹੈ, “ਮੈਂ ਜ਼ਿਆਦਾਤਰ ਕੰਮ ਉਨ੍ਹਾਂ ਲੋਕਾਂ ਨਾਲ ਹੀ ਕੀਤਾ ਹੈ, ਜੋ ਥੀਏਟਰ ਕਰਕੇ ਮੇਰੇ ਬਾਰੇ ਕਿਸੇ ਨਾ ਕਿਸੇ ਤਰ੍ਹਾਂ ਜਾਣਦੇ ਸਨ। ਇਸ ਲਈ ਮੇਰਾ ਵਾਹ ਉਸ ਤਰ੍ਹਾਂ ਦੇ ਲੋਕਾਂ ਨਾਲ ਨਹੀਂ ਪਿਆ। ਹਾਂ, ਮੈਂ ਸੁਣਿਆ ਹੈ ਕਿ ਅਜਿਹਾ ਹੁੰਦਾ ਹੈ।”
ਉਹ ਬਿਨਾ ਨਾਮ ਲਏ ਇੱਕ ਨਿਰਦੇਸ਼ਕ ਦਾ ਜ਼ਿਕਰ ਕਰਦੀ ਹੈ, ਜਿਸ ਬਾਰੇ ਉਸ ਨੂੰ ਇੰਡਸਟਰੀ ਵਿੱਚ ਕੁਝ ਕਰੀਬੀਆਂ ਤੋਂ ਪਤਾ ਲੱਗਿਆ ਕਿ ਉਸ ਨੇ ਕਥਿਤ ਤੌਰ ’ਤੇ ਆਪਣੀ ਫ਼ਿਲਮ ਵਿੱਚ ਕੰਮ ਦੇਣ ਬਦਲੇ ਅਭਿਨੇਤਰੀਆਂ ਦਾ ਜਿਨਸੀ ਸ਼ੋਸ਼ਣ ਕੀਤਾ। ਇਸੇ ਨਿਰਦੇਸ਼ਕ ਨੇ ਇੱਕ ਸ਼ੂਟ ਦੌਰਾਨ ਉਸ ਨਾਲ ਛੇੜ-ਛਾੜ ਦੀ ਕੋਸ਼ਿਸ਼ ਕੀਤੀ। ਇਸ ਘਟਨਾ ਤੋਂ ਪਹਿਲਾਂ ਤੱਕ ਆਨੰਦ ਪ੍ਰਿਆ ਨੂੰ ਉਸ ਨਿਰਦੇਸ਼ਕ ਦੇ ‘ਅਸਲ ਕਿਰਦਾਰ’ ਬਾਰੇ ਪਤਾ ਨਹੀਂ ਸੀ। ਉਹ ਇੱਕ ਚੰਗਾ ਇਨਸਾਨ ਹੋਣ ਦਾ ਬਹੁਤ ਦਿਖਾਵਾ ਕਰਦਾ ਹੈ।
ਪ੍ਰਿਆ ਨੇ ਦੱਸਿਆ ਕਿ ਰਾਤ ਦਾ ਸ਼ੂਟ ਸੀ। ਸ਼ੂਟਿੰਗ ਦੇ ਬਰੇਕ ਦੌਰਾਨ ਅਸੀਂ ਕਾਰ ਵਿੱਚ ਬੈਠੇ ਸੀ। ਡਰਾਈਵਰ ਸੀਟ ਉੱਤੇ ਮੇਰਾ ਕੋ-ਐਕਟਰ ਸੀ, ਨਾਲ ਹੀ ਅਗਲੀ ਸੀਟ ਉੱਤੇ ਮੈਂ ਸੀ। ਪਿਛਲੀ ਸੀਟ ਉੱਤੇ ਡਰਾਈਵਰ ਸੀਟ ਦੇ ਪਿੱਛੇ ਉਹ ਨਿਰਦੇਸ਼ਕ ਸੀ। ਮੇਰਾ ਕੋ-ਐਕਟਰ ਕੁਝ ਸਮੇਂ ਲਈ ਬਾਹਰ ਗਿਆ ਤਾਂ ਇਸੇ ਦੌਰਾਨ ਡਾਇਰੈਕਟਰ ਨੇ ਘਟੀਆ ਤਰੀਕੇ ਨਾਲ ਛੂਹਣ ਦੀ ਕੋਸ਼ਿਸ਼ ਕੀਤੀ। ਮੈਂ ਤੁਰੰਤ ਗੱਡੀ ਵਿੱਚੋਂ ਬਾਹਰ ਆ ਗਈ। ਮੇਰੇ ਸਮਝ ਹੀ ਨਹੀਂ ਆ ਰਹੀ ਸੀ ਕਿ ਮੇਰੇ ਨਾਲ ਹੋਇਆ ਕੀ ਹੈ। ਮੈਂ ਫ਼ਿਲਮਾਂ ਨਾਲ ਜੁੜੇ ਆਪਣੇ ਕਈ ਜਾਣਕਾਰਾਂ ਨੂੰ ਇਸ ਘਟਨਾ ਬਾਰੇ ਦੱਸਿਆ ਤਾਂ ਕਿ ਉਸ ਬੰਦੇ ਦੇ ਅਸਲ ਕਿਰਦਾਰ ਤੋਂ ਜਾਣੂ ਰਹਿਣ। ਉਸ ਨਿਰਦੇਸ਼ਕ ਨੇ ਦੋ ਵਾਰ ਮੇਕਅੱਪ ਆਰਟਿਸਟ ਕੁੜੀ ਨੂੰ ਵੀ ਚੁੰਮਣ ਦੀ ਕੋਸ਼ਿਸ਼ ਕੀਤੀ ਸੀ।
ਮਾਡਲ ਅਤੇ ਅਭਨੇਤਰੀ ਰਾਵੀ ਕੌਰ ਬੱਲ ਮੁਤਾਬਕ ਅਕਸਰ ਫ਼ਿਲਮੀ ਦੁਨੀਆਂ ਨਾਲ ਜੁੜੇ ਕੁਝ ਲੋਕ ਕੁੜੀਆਂ ਨੂੰ ਅਜਿਹੇ ਝਾਂਸਿਆਂ ਵਿੱਚ ਫਸਾਉਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਦਾ ਇਸ਼ਾਰਾ ਇਹ ਦੇਖਣ ਲਈ ਹੁੰਦਾ ਹੈ ਕਿ ਲੜਕੀ ਦਾ ਕੀ ਜਵਾਬ ਆਉਂਦਾ ਹੈ। ਕਈ ਗਾਇਕ ਸਨੈਪਚੈਟ ਜ਼ਰੀਏ ਮੈਸੇਜ ਕਰਦੇ ਹਨ, ਕਿਉਂਕਿ ਉੱਥੇ ਚੈਟ ਡਿਲੀਟ ਹੋ ਜਾਂਦੀ ਹੈ। ਰਾਵੀ ਨੇ ਦੱਸਿਆ ਕਿ ਇੱਕ ਵਾਰ ਕਿਸੇ ਨਵੇਂ ਬਣੇ ਨਿਰਮਾਤਾ ਨੇ ਉਸ ਦੀ ਟਿਕਟ ਕਰਵਾ ਕੇ ਕੈਨੇਡਾ ਤੋਂ ਇੰਡੀਆ ਬੁਲਾ ਲਿਆ ਅਤੇ ਯੂ.ਐੱਸ.ਏ. ਵਿੱਚ ਸ਼ੂਟ ਹੋਣ ਦਾ ਦਾਅਵਾ ਕੀਤਾ। ਦਿੱਲੀ ਪਹੁੰਚਣ ’ਤੇ ਫ਼ਿਲਮ ਬਾਰੇ ਕੋਈ ਗੱਲ ਨਾ ਹੋਈ, ਸਗੋਂ ਦੋ ਦਿਨ ਇਧਰਲੀਆਂ-ਉਧਰਲੀਆਂ ਹੀ ਕਰਦੇ ਰਹੇ ਅਤੇ ਉਸ ਨਿਰਦੇਸ਼ਕ ਨਾਲ ਛੋਟੀ ਉਮਰ ਦੀ ਇੱਕ ਹੋਰ ਕੁੜੀ ਵੀ ਸੀ। ਇਸ ਤੋਂ ਉਹ ਸਮਝ ਗਈ ਕਿ ਵੱਡੀਆਂ ਗੱਡੀਆਂ ਤੇ ਸ਼ੌਹਰਤ ਦਿਖਾ ਕੇ ਉਸ ਨੂੰ ਗਲਤ ਇਰਾਦੇ ਨਾਲ ਭਰਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਵੀ ਸਾਹਮਣੇ ਆਇਆ ਕਿ ਕਈ ਵਾਰ ਨਿਰਮਾਤਾ ਜਾਂ ਨਿਰਦੇਸ਼ਕ ਨਾਲ ਨਵੇਂ ਕਲਾਕਾਰਾਂ ਦਾ ਸੰਪਰਕ ਕਰਵਾਉਣ ਵਾਲੇ ਕੁਝ ਲੋਕ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਿਲ ਹੁੰਦੇ ਹਨ। ਸਾਲ 2012 ਤੋਂ 2019 ਤੱਕ ਕਾਸਟਿੰਗ ਨਿਰਦੇਸ਼ਕ ਵਜੋਂ ਕੰਮ ਕਰਨ ਵਾਲੀ ਜਯੋਤਿਕਾ ਬਡਿਆਲ ਨਾਲ ਗੱਲ ਕੀਤੀ। ਮਾਂ ਬਣਨ ਤੋਂ ਬਾਅਦ ਕੁਝ ਸਮੇਂ ਲਈ ਇਸ ਕੰਮ ਤੋਂ ਵਕਫ਼ਾ ਲੈ ਲਿਆ। ਉਸ ਨੇ ਕਈ ਫ਼ਿਲਮਾਂ ਲਈ ਅਦਾਕਾਰਾਂ ਦੀ ਚੋਣ ਕੀਤੀ ਜਿਨ੍ਹਾਂ ਵਿੱਚ ਕਪਤਾਨ, ਲਾਹੌਰੀਏ, ਨਨਕਾਣਾ, ਕਾਲਾ ਸ਼ਾਹ ਕਾਲਾ, ਸੱਜਣ ਸਿੰਘ ਰੰਗਰੂਟ, ਰੌਕੀ ਮੈਂਟਲ, ਮਾਹੀ ਐਨ.ਆਰ.ਆਈ., ਜ਼ੋਰਾਵਰ, ਟਾਈਗਰ, ਟੋਭਾ ਟੇਕ ਸਿੰਘ, ਏਕ ਥਾ ਭੁਜੰਗ ਜਿਹੀਆਂ ਫ਼ਿਲਮਾਂ ਸ਼ਾਮਲ ਹਨ। ਜਯੋਤਿਕਾ ਮੁਤਾਬਕ ਉਸ ਦੇ ਕੰਮ ਕਰਨ ਦਾ ਤਰੀਕਾ ਬਹੁਤ ਪੇਸ਼ੇਵਰ ਹੋਣ ਕਰਕੇ ਉਨ੍ਹਾਂ ਨੂੰ ਕਦੇ ਵੀ ਕਿਸੇ ਨਿਰਮਾਤਾ ਜਾਂ ਨਿਰਦੇਸ਼ਕਾਂ ਨੇ ‘ਸੈਕਸੁਅਲ ਫੇਵਰ’ ਲਈ ਤਿਆਰ ਹੋਣ ਵਾਲੀ ਲੜਕੀ ਦੀ ਚੋਣ ਕਰਨ ਲਈ ਨਹੀਂ ਕਿਹਾ। ਉਂਜ ਪ੍ਰੋਡਕਸ਼ਨ ਨਾਲ ਜੁੜੇ ਇੱਕ ਆਦਮੀ ਨੇ ਉਸ ਨੂੰ ਫੋਨ ਕਰਕੇ ਕਿਹਾ ਸੀ ਕਿ ‘ਮੈਡਮ ਇੱਕ ਨਿਰਮਾਤਾ ਆ ਰਹੇ ਹਨ, ਉਨ੍ਹਾਂ ਨੂੰ ਇੱਕ ਦਿਨ ਲਈ ਇੱਕ ਲੜਕੀ ਚਾਹੀਦੀ ਹੈ।’ ਮੈਂ ਉਸ ਦੀ ਗੱਲ ਸਮਝੀ ਨਹੀਂ ਅਤੇ ਦੁਬਾਰਾ ਪੁੱਛਿਆ ਤਾਂ ਉਸ ਨੇ ਕਿਹਾ ਕਿ ਕੋਈ ਮਾਡਲ ਜਾਂ ਅਭਿਨੇਤਰੀ, ਜੋ ਉਨ੍ਹਾਂ ਨੂੰ ਕੰਪਨੀ ਕਰਨ ਲਈ ਤਿਆਰ ਹੋਵੇ। ਜਯੋਤਿਕਾ ਮੁਤਾਬਕ, ਫ਼ਿਲਮਾਂ ਦੀ ਬਜਾਏ ਮਿਊਜ਼ਿਕ ਵੀਡੀਓਜ਼ ਬਾਰੇ ਉਨ੍ਹਾਂ ਨੇ ਅਜਿਹਾ ਵਧੇਰੇ ਸੁਣਿਆ ਹੈ। ਕਈ ਲੋਕ ਹੁੰਦੇ ਹਨ, ਜੋ ਉਨ੍ਹਾਂ ਨੂੰ ਕੰਮ ਦਿਵਾਉਣ ਦਾ ਫਾਇਦਾ ਇਸ ਤਰ੍ਹਾਂ ਚੁੱਕਦੇ ਹਨ।
ਅਦਾਕਾਰਾ ਸ਼ਰਨ ਕੌਰ ਨੇ ਹਿੰਦੀ ਨਾਟਕਾਂ ਵਿੱਚ ਕੰਮ ਕਰਨ ਤੋਂ ਇਲਾਵਾ, ‘ਮੁੰਡਾ ਫਰੀਦਕੋਟੀਆ’ ਅਤੇ ‘ਸ਼ਰੀਕ-2’ ਜਿਹੀਆਂ ਪੰਜਾਬੀ ਫ਼ਿਲਮਾਂ ਵਿੱਚ ਲੀਡ ਰੋਲ ਨਿਭਾਏ ਹਨ। ਉਸ ਦਾ ਮੰਨਣਾ ਹੈ ਕਿ ਕੁੜੀਆਂ ਨੂੰ ਇਹ ਮੰਨਣਾ ਪਵੇਗਾ, ਇਨ੍ਹਾਂ ਚੀਜ਼ਾਂ ਦਾ ਸਾਹਮਣਾ ਕਰਨਾ ਉਨ੍ਹਾਂ ਦੇ ਕੰਮ ਦਾ ਹਿੱਸਾ ਹੈ ਅਤੇ ਅਜਿਹੇ ਹਾਲਾਤ ਨਾਲ ਹੁਸ਼ਿਆਰੀ ਨਾਲ ਨਜਿੱਠਣਾ ਸਿੱਖਣਾ ਚਾਹੀਦਾ ਹੈ। ਸ਼ਰਨ ਕੌਰ ਮਹਿਸੂਸ ਕਰਦੀ ਹੈ ਕਿ ਲੋਕ ਕੁੜੀਆਂ ਨੂੰ ਰੋਲ ਦੇਣ ਲਈ ਅਜਿਹੀ ਪੇਸ਼ਕਸ਼ ਕਰਦੇ ਜ਼ਰੂਰ ਹਨ, ਪਰ ਕੋਈ ਜ਼ਬਰਦਸਤੀ ਨਹੀਂ ਕਰਦਾ। ਅਜਿਹੇ ਲੋਕ ਸਾਰੇ ਪੇਸ਼ਿਆਂ ਵਿੱਚ ਹੁੰਦੇ ਹਨ, ਜੋ ਸਫਲ ਹੋਣ ਲਈ ਇਸ ਤਰ੍ਹਾਂ ਦੇ ਆਫਰ ਦਿੰਦੇ ਹਨ, ਪਰ ਸਭ ਕੁੜੀ ਦੇ ਫ਼ੈਸਲੇ ’ਤੇ ਨਿਰਭਰ ਕਰਦਾ ਹੈ। ਜੇ ਲੜਕੀ ਰਾਜ਼ੀ ਹੈ ਤਾਂ ਹੀ ਅਜਿਹਾ ਹੁੰਦਾ ਹੈ। ਕੁੜੀਆਂ ਵੀ ਕੰਮ ਹਾਸਿਲ ਕਰਨ ਲਈ ਖੁਦ ‘ਸੈਕਸੁਅਲ ਫੇਵਰ’ ਕਰਨ ਲਈ ਤਿਆਰ ਹੁੰਦੀਆਂ ਹਨ। ਇਸ ਨਾਲ ਕਈ ਵਾਰ ਸਿੱਧੇ ਰਾਹ ਚੱਲਣ ਵਾਲੀਆਂ ਕੁੜੀਆਂ ਹੱਥੋਂ ਕੰਮ ਕਰਨ ਦਾ ਮੌਕਾ ਖੁੰਝ ਜਾਂਦਾ ਹੈ।
ਰੰਗਮੰਚ ਦੇ ਵਿਦਵਾਨ, ਸਕਰੀਨ ਰਾਈਟਰ ਤੇ ਨਿਰਦੇਸ਼ਕ ਪਾਲੀ ਭੁਪਿੰਦਰ ਮੁਤਾਬਕ ਇਹ ਕਹਿਣਾ ਕਿ ਪੰਜਾਬੀ ਫ਼ਿਲਮ ਸਨਅਤ ਵਿੱਚ ਇਸ ਤਰ੍ਹਾਂ ਕੁੜੀਆਂ ਦਾ ਸੋਸ਼ਣ ਬਿਲਕੁਲ ਨਹੀਂ ਹੁੰਦਾ, ਗਲਤ ਹੋਵੇਗਾ। ਸਮੱਸਿਆ ਜ਼ਿਆਦਾਤਰ ਲੀਡ ਅਭਿਨੇਤਰੀਆਂ ਦੇ ਮੁਕਾਬਲੇ ਸਹਾਇਕ ਅਭਿਨੇਤਰੀਆਂ ਦੇ ਮਾਮਲੇ ਵਿੱਚ ਵੱਧ ਸੁਣਨ ਨੂੰ ਮਿਲਦੀ ਹੈ। ਉਸ ਨੇ ਕਿਹਾ, “ਮੈਂ ਅਜਿਹੀਆਂ ਤਿੰਨ-ਚਾਰ ਅਭਿਨੇਤਰੀਆਂ ਨੂੰ ਜਾਣਦਾ ਹਾਂ, ਜਿਨ੍ਹਾਂ ਨੂੰ ਕੰਮ ‘ਸੈਕਸੁਅਲ ਫੇਵਰ’ ਕਰਕੇ ਮਿਲਿਆ ਅਤੇ ਉਹ ਖ਼ੁਦ ਆਫਰ ਕਰਦੀਆਂ ਸੀ। ਉਨ੍ਹਾਂ ਨੇ ਦੂਜੀਆਂ ਹੁਨਰਮੰਦ ਲੜਕੀਆਂ ਦਾ ਹੱਕ ਵੀ ਮਾਰਿਆ। ਉਹ ਇੱਕ ਦੌਰ ਵਿੱਚ ਬਹੁਤ ਫ਼ਿਲਮਾਂ ਵਿੱਚ ਦਿਸਦੀਆਂ ਸਨ, ਪਰ ਉਨ੍ਹਾਂ ਦੀ ਇੰਡਸਟਰੀ ਵਿੱਚ ਕੋਈ ਇੱਜ਼ਤ ਨਹੀਂ ਹੈ।…ਜਿਨ੍ਹਾਂ ਕੁੜੀਆਂ ਨੂੰ ਅਜਿਹੇ ‘ਸਮਝੌਤਿਆਂ’ ਕਾਰਨ ਕੰਮ ਮਿਲਦਾ ਰਿਹਾ ਹੈ, ਉਹ ਬਹੁਤ ਵੱਡੀਆਂ ਸਟਾਰ ਨਹੀਂ ਬਣੀਆਂ।”
ਪਾਲੀ ਭੁਪਿੰਦਰ ਮੁਤਾਬਕ ਇੱਕ ਪ੍ਰੋਡਕਸ਼ਨ ਤੋਂ ਦੂਜੀ ਪ੍ਰੋਡਕਸ਼ਨ ਤੱਕ ਅਜਿਹੀ ਗੱਲ ਫੈਲ ਹੀ ਜਾਂਦੀ ਹੈ ਅਤੇ ਫਿਰ ਉਸ ਕੁੜੀ ਨੂੰ ਕੰਮ ਦੇ ਅਧਾਰ ’ਤੇ ਕੰਮ ਨਹੀਂ ਮਿਲਦਾ ਤੇ ਵਾਰ-ਵਾਰ ‘ਸਮਝੌਤਾ’ ਹੀ ਕਰਨਾ ਪੈਂਦਾ ਹੈ। ਪੰਜਾਬ ਵਿੱਚ ਇਹ ਸਮੱਸਿਆ ਮੁੰਬਈ ਜਿਹੀਆਂ ਸਨਅਤਾਂ ਦੀ ਤਰ੍ਹਾਂ ਸ਼ਰ੍ਹੇਆਮ ਨਹੀਂ ਹੈ। ਉਸ ਦਾ ਕਹਿਣਾ ਹੈ ਕਿ ਕੁੜੀਆਂ ਹਿੰਮਤੀ ਬਣਨ ਅਤੇ ਇਸ ਤਰ੍ਹਾਂ ਦੇ ਸ਼ੌਰਟਕੱਟ ਜ਼ਰੀਏ ਕੰਮ ਲੈਣ ਤੋਂ ਇਨਕਾਰ ਕਰਨ।
ਪਾਲੀ ਭੁਪਿੰਦਰ ਨੇ ਦੱਸਿਆ ਕਿ ਜਦੋਂ ਪੰਜਾਬ ਵਿੱਚ ਬਹੁਤ ਸਾਰੀਆਂ ਕਾਮੇਡੀ ਫ਼ਿਲਮਾਂ ਬਣ ਰਹੀਆਂ ਸਨ ਤਾਂ 2010 ਤੋਂ 2020 ਤੱਕ ਕਈ ਨਿਰਮਾਤਾ ਆਏ ਸਨ। ਉਨ੍ਹਾਂ ਵਿੱਚੋਂ ਕੁਝ ਫ਼ਿਲਮਾਂ ਵਿੱਚ ਮਾਡਲਾਂ ਜਾਂ ਹੋਰ ਸੈਕੰਡ ਲੀਡ ਕੁੜੀਆਂ ਨੂੰ ‘ਸੈਕਸੁਅਲ ਫੇਵਰ’ ਦੇ ਬਦਲੇ ਨਾਇਕਾ ਲਿਆ ਗਿਆ; ਪਰ ਪਿਛਲੇ ਸਮੇਂ ਦੌਰਾਨ ਲਗਾਤਾਰ ਅਜਿਹੀਆਂ ਫ਼ਿਲਮਾਂ ਪਿਟਣ ਤੋਂ ਬਾਅਦ ਹੁਣ ਉਹ ਰੁਝਾਨ ਥੋੜ੍ਹਾ ਘਟ ਗਿਆ ਹੈ। ਉਂਜ ਚੰਗੀਆਂ ਹੀਰੋਇਨਾਂ ਜਾਂ ਮੁੱਖ ਧਾਰਾ ਦੀਆਂ ਅਭਿਨੇਤਰੀਆਂ ਨੇ ਕਦੇ ਵੀ ਅਜਿਹੇ ਲੋਕਾਂ ਨੂੰ ਭਾਅ ਨਹੀਂ ਦਿੱਤਾ।
ਪੰਜਾਬੀ ਗੀਤਕਾਰ ਅਤੇ ਸਾਬਕਾ ਪੱਤਰਕਾਰ ਸ਼ਮਸ਼ੇਰ ਸੰਧੂ ਕਹਿੰਦੇ ਹਨ ਕਿ ਬਾਹਰੀ ਫ਼ਿਲਮ ਸਨਅਤਾਂ ਬਾਰੇ ਇਹ ਗੱਲਾਂ ਬਹੁਤੀਆਂ ਸੁਨਣ ਵਿੱਚ ਆਈਆਂ ਹਨ, ਪਰ ਪੰਜਾਬੀ ਸਿਨੇਮਾ ਵਿੱਚ ਕੁਲ-ਮਿਲਾ ਕੇ ਅਜਿਹਾ ਮਾਹੌਲ ਸੁਨਣ-ਦੇਖਣ ਵਿੱਚ ਨਹੀਂ ਆਇਆ। ਅਦਾਕਾਰਾ ਸੋਨੀਆ ਮਾਨ ਕਹਿੰਦੀ ਹੈ ਕਿ ਜਿਹੜੀਆਂ ਕੁੜੀਆਂ ਬਹੁਤ ਥੋੜ੍ਹੇ ਸਮੇਂ ਵਿੱਚ ਸਫਲਤਾ ਹਾਸਲ ਕਰਨਾ ਚਾਹੁੰਦੀਆਂ ਹਨ ਜਾਂ ਜਿਨ੍ਹਾਂ ਲਈ ਆਪ ਪੈਸਾ ਕਮਾਉਣਾ ਬਹੁਤ ਜ਼ਰੂਰੀ ਹੁੰਦਾ ਹੈ, ਉਹ ਅਕਸਰ ਅਜਿਹੇ ਸੋਸ਼ਣ ਦਾ ਸ਼ਿਕਾਰ ਹੋ ਜਾਂਦੀਆਂ ਹਨ। ਸਿਰਫ਼ ਪੰਜਾਬੀ ਇੰਡਸਟਰੀ ਹੀ ਨਹੀਂ, ਸਾਡੇ ਪੂਰੇ ਸਮਾਜ ਵਿੱਚ ਹੀ ਅਜਿਹੇ ਲੋਕ ਹਨ, ਜੋ ਕੁੜੀ ਨੂੰ ਗਲਤ ਇਰਾਦੇ ਨਾਲ ਪਹੁੰਚ ਕਰਨਾ ਸ਼ੁਰੂ ਕਰ ਦਿੰਦੇ ਹਨ।
‘ਹਸ਼ਰ’, ‘ਤੇਰਾ ਮੇਰਾ ਕੀ ਰਿਸ਼ਤਾ’, ‘ਨੀ ਮੈਂ ਸੱਸ ਕੁੱਟਣੀ’ ਫੇਮ ਅਭਿਨੇਤਰੀ ਅਕਸ਼ਿਤਾ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨਾਲ ਕਦੇ ਵੀ ਅਜਿਹਾ ਤਜ਼ਰਬਾ ਨਹੀਂ ਹੋਇਆ, ਕਿਉਂਕਿ ਉਨ੍ਹਾਂ ਦੇ ਘਰ ਵਿੱਚੋਂ ਕੋਈ ਨਾ ਕੋਈ ਉਸ ਦੇ ਨਾਲ ਹੀ ਹੁੰਦਾ ਸੀ। ਉਸ ਨੇ ਕਿਹਾ, “ਅਜਿਹਾ ਨਹੀਂ ਕਹਾਂਗੀ ਕਿ ਅਜਿਹਾ ਹੁੰਦਾ ਨਹੀਂ, ਦੂਜਿਆਂ ਤੋਂ ਘਟਨਾਵਾਂ ਸੁਣੀਆਂ ਹਨ। ਸ਼ੁਰੂ ਵਿੱਚ ਨਾਲ ਦੀਆਂ ਕੁੜੀਆਂ ਤੋਂ ਸੁਣਦੇ ਸੀ ਕਿ ਕੰਮ ਦਿਵਾਉਣ ਦੇ ਬਦਲੇ ਅਸਿੱਧੇ ਤਰੀਕੇ ਨਾਲ ‘ਸੈਕਸੁਅਲ ਫੇਵਰ’ ਮੰਗਿਆ ਜਾਂਦਾ ਸੀ।” ਅਕਸ਼ਿਤਾ ਮੁਤਾਬਕ ਨਵੀਆਂ ਕੁੜੀਆਂ ਨੂੰ ਲੋਕਾਂ ਬਾਰੇ ਜ਼ਿਆਦਾ ਸਮਝ ਨਹੀਂ ਹੁੰਦੀ ਅਤੇ ਜਿਹੜੀਆਂ ਕੁੜੀਆਂ ਇਕੱਲੀਆਂ ਹੁੰਦੀਆਂ ਹਨ, ਉਹ ਅਜਿਹੀ ਹਾਲਾਤ ਵਿੱਚੋਂ ਜ਼ਿਆਦਾ ਲੰਘਦੀਆਂ ਹਨ। ਜੇਕਰ ਸਾਹਮਣੇ ਵਾਲੇ ਨੂੰ ਲੱਗੇ ਕਿ ਲੜਕੀ ਨੂੰ ਕੰਮ ਹਾਸਲ ਕਰਨ ਦੀ ਲੋੜ ਹੈ, ਉਨ੍ਹਾਂ ਕੇਸਾਂ ਵਿਚ ਵਿੱਚ ਵੀ ਲੜਕੀਆਂ ਨੂੰ ਅਜਿਹੇ ‘ਸਮਝੌਤਿਆਂ’ ਦੀ ਪੇਸ਼ਕਸ਼ ਅਤੇ ਸੋਸ਼ਣ ਹੁੰਦਾ ਹੈ।
ਰਾਵੀ ਦਾ ਕਹਿਣਾ ਹੈ, “ਮੈਂ ਸਿਰਫ ਇੱਕ ਛੋਟੀ ਵੈਬ-ਸੀਰੀਜ਼ ਹੀ ਕਰ ਸਕੀ ਹਾਂ, ਕਿਉਂਕਿ ਮੈਂ ਸਿਰਫ ਆਪਣੇ ਹੁਨਰ ਦੇ ਸਹਾਰੇ ਕੰਮ ਕਰਨਾ ਚਾਹੁੰਦੀ ਹਾਂ। ਬਿਨਾ ਕੰਮ ਤੋਂ ਕਿਸੇ ਨਾਲ ਫਾਲਤੂ ਸਮਾਂ ਬਤੀਤ ਕਰਨਾ ਮੈਨੂੰ ਪਸੰਦ ਨਹੀਂ ਅਤੇ ਨਾ ਹੀ ਕੰਮ ਹਾਸਿਲ ਕਰਨ ਲਈ ਮੈਂ ਅਜਿਹਾ ਕਰਾਂਗੀ। ਮੈਂ ਕਈ ਕੁੜੀਆਂ ਨੂੰ ਜਾਣਦੀ ਹਾਂ, ਜਿਨ੍ਹਾਂ ਨੇ ਸਮਝੌਤੇ ਕੀਤੇ ਅਤੇ ਕੰਮ ਲਿਆ। ਜੇ ਕੁੜੀਆਂ ਅਜਿਹੀਆਂ ਚੀਜ਼ਾਂ ਲਈ ਹਾਂ ਕਰਦੀਆਂ ਹਨ ਤਾਂ ਹੀ ਉਹ ਦੂਜੀਆਂ ਕੁੜੀਆਂ ਨੂੰ ਵੀ ਅਜਿਹੇ ਇਰਾਦੇ ਨਾਲ ਪਹੁੰਚ ਕਰਨ ਦੀ ਕੋਸ਼ਿਸ਼ ਕਰਦੇ ਹਨ।”
ਰੋਮਾ ਰੇਖੀ ਦਿੱਲੀ ਤੋਂ ਪੰਜਾਬੀ ਫ਼ਿਲਮਾਂ ਵਿੱਚ ਇੱਕ ਅਦਾਕਾਰਾ ਵਜੋਂ ਕੰਮ ਕਰਨ ਦਾ ਸੁਫ਼ਨਾ ਲੈ ਕੇ ਚੰਡੀਗੜ੍ਹ ਆਈ। ਉਸ ਨੇ ਗੋਲਕ ਬੁਗਨੀ ਬੈਂਕ ਤੇ ਬਟੂਆ, ਮਿਸਟਰ ਐਂਡ ਮਿਸਿਜ਼ 420 ਰਿਟਰਨਜ਼, ਸਰਦਾਰ ਸਾਬ੍ਹ ਸਮੇਤ ਕੁਝ ਹੋਰ ਫ਼ਿਲਮਾਂ ਵਿੱਚ ਸਹਿ-ਭੂਮਿਕਾਵਾਂ ਨਿਭਾਈਆਂ। ਉਸ ਮੁਤਾਬਕ ਉਹ ਜਿਸ ਤਰ੍ਹਾਂ ਦੇ ਕੰਮ ਦੀ ਆਸ ਲੈ ਕੇ ਇਸ ਖੇਤਰ ਵਿੱਚ ਆਈ ਸੀ, ਉਹ ਨਹੀਂ ਮਿਲ ਸਕਿਆ। ਰੋਮਾ ਮੁਤਾਬਕ ਇੰਡਸਟਰੀ ਵਿੱਚ ਸਹੀ ਲੋਕ ਵੀ ਹਨ ਤੇ ਗਲਤ ਵੀ ਬਹੁਤ ਹੋਣਗੇ, ਜੋ ਕੰਮ ਦੇਣ ਦੇ ਬਦਲੇ ਕਹਿੰਦੇ ਹਨ, ‘ਆਪ ਕੋ ਇੰਡਸਟਰੀ ਕੇ ਨਾਰਮਸ ਤੋ ਪਤਾ ਹੀ ਹੋਂਗੇ!’ ਰੋਮਾ ਦਾ ਕਹਿਣਾ ਹੈ ਕਿ ਸਾਹਮਣੇ ਵਾਲਾ ਤੁਹਾਡਾ ਰਵੱਈਆ ਵੀ ਦੇਖ ਲੈਂਦਾ ਹੈ ਕਿ ਜੇ ਕੁੜੀ ਰਾਜ਼ੀ ਨਹੀਂ ਤਾਂ ਫਿਰ ਸਿਰਫ ਕੰਮ ਦੀ ਗੱਲ ਹੀ ਕੀਤੀ ਜਾਂਦੀ ਹੈ ਜਾਂ ਫਿਰ ਕਈ ਲੋਕ ਕੰਮ ਨਹੀਂ ਵੀ ਦਿੰਦੇ। ਰੋਮਾ ਦਾ ਦਾਅਵਾ ਹੈ ਕਿ ਉਸ ਨੂੰ ਕਾਸਟਿੰਗ ਨਿਰਦੇਸ਼ਕ ਵਜੋਂ ਵੀ ਅਜਿਹੇ ਹਾਲਾਤ ਦਾ ਸਾਹਮਣਾ ਕਰਨਾ ਪਿਆ, ਜਦੋਂ ਨਿਰਮਾਤਾ ਮੰਗ ਕਰਦੇ ਸੀ ਕਿ ਅਜਿਹੀਆਂ ਕੁੜੀਆਂ ਨੂੰ ਕਾਸਟ ਕੀਤਾ ਜਾਵੇ, ਜੋ ਉਨ੍ਹਾਂ ਨੂੰ ‘ਸੈਕਸੁਅਲ ਫੇਵਰ’ ਦੇਣ ਨੂੰ ਤਿਆਰ ਹੋਣ।
———————–
ਪਾਕਿਸਤਾਨ ਵਿੱਚ ਕੀ ਹੈ ਹਾਲ?
ਪਾਕਿਸਤਾਨ ਦੀਆਂ ਕਈ ਔਰਤ ਡਾਕਟਰਾਂ ਅਤੇ ਨਰਸਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਵਿੱਚ ਵੱਡੀ ਗਿਣਤੀ ਵਿੱਚ ਔਰਤ ਮੈਡੀਕਲ ਕਰਮਚਾਰੀਆਂ ਨੂੰ ਮਰੀਜ਼ਾਂ, ਉਨ੍ਹਾਂ ਦੇ ਪਰਿਵਾਰ ਵਾਲਿਆਂ ਅਤੇ ਰਿਸ਼ਤੇਦਾਰਾਂ ਵੱਲੋਂ ਸਰੀਰਕ ਤੇ ਜ਼ੁਬਾਨੀ ਹਿੰਸਾ ਦਾ ਸਾਹਮਣਾ ਕਰਨਾ ਪੈਂਦਾ ਹੈ। ਜ਼ਿਆਦਾਤਰ ਸਰਕਾਰੀ ਹਸਪਤਾਲਾਂ ਵਿੱਚ ਸੁਰੱਖਿਆ ਪ੍ਰਬੰਧ ਬਹੁਤ ਮਾੜੇ ਹਨ ਅਤੇ ਕਿਸੇ ਦੀ ਜਵਾਬਦੇਹੀ ਤੈਅ ਨਹੀਂ ਕੀਤੀ ਜਾਂਦੀ ਹੈ। ਹਸਪਤਾਲਾਂ ਵਿੱਚ ਤਸ਼ੱਦਦ ਦੀਆਂ ਘਟਨਾਵਾਂ `ਤੇ ਚੁੱਪ, ਸ਼ਰਮ ਅਤੇ ਡਰ ਦਾ ਸੱਭਿਆਚਾਰ ਹੈ, ਜਿਸ ਕਾਰਨ ਅਜਿਹੇ ਮਾਮਲੇ ਬੇਰੋਕ ਜਾਰੀ ਹਨ।
‘ਜਰਨਲ ਆਫ਼ ਮੈਡੀਸਨ’ ਦੀ ਇੱਕ ਸਰਵੇਖਣ ਰਿਪੋਰਟ ਮੁਤਾਬਕ ਪਾਕਿਸਤਾਨ ਵਿੱਚ 30 ਫੀਸਦੀ ਔਰਤ ਡਾਕਟਰਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੇ ਜਿਨਸੀ ਸ਼ੋਸ਼ਣ ਦਾ ਸਾਹਮਣਾ ਕਰਨਾ ਪਿਆ ਹੈ। 59 ਫੀਸਦੀ ਔਰਤ ਨਰਸਾਂ ਨੇ ਕੰਮ ਵਾਲੀ ਥਾਂ `ਤੇ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਕੀਤੀ ਹੈ, ਜਦਕਿ 29 ਫੀਸਦੀ ਨੂੰ ਜਿਨਸੀ ਹਿੰਸਾ ਦਾ ਸਾਹਮਣਾ ਕਰਨਾ ਪਿਆ ਹੈ।
ਪਾਕਿਸਤਾਨ ਵਿੱਚ ਔਰਤ ਡਾਕਟਰਾਂ ਖ਼ਿਲਾਫ਼ ਜਿਨਸੀ ਹਿੰਸਾ ਬਾਰੇ ਕੋਈ ਅਧਿਕਾਰਤ ਅੰਕੜੇ ਉਪਲਬਧ ਨਹੀਂ ਹਨ; ਪਰ ਅਮਰੀਕੀ ਸੰਸਥਾ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਨੇ ਆਪਣੀ ਰਿਪੋਰਟ `ਚ ਨਿੱਜੀ ਪੱਧਰ `ਤੇ ਕੀਤੇ ਗਏ ਸਰਵੇਖਣ ਦੇ ਅੰਕੜਿਆਂ ਨੂੰ ਪ੍ਰਕਾਸ਼ਿਤ ਕੀਤਾ ਹੈ। ਪਾਕਿਸਤਾਨ ਵਿੱਚ ਮੈਡੀਕਲ ਖੇਤਰ ਵਿੱਚ 95 ਫੀਸਦ ਔਰਤ ਸਟਾਫ ਨੂੰ ਜ਼ੁਬਾਨੀ ਬਦਸਲੂਕੀ ਅਤੇ ਕਈ ਵਾਰ ਸਰੀਰਕ ਹਿੰਸਾ ਦਾ ਸਾਹਮਣਾ ਕਰਨਾ ਪੈਂਦਾ ਹੈ।
ਕਰਾਚੀ ਦੀ ਮੁੱਖ ਪੁਲਿਸ ਸਰਜਨ ਅਨੁਸਾਰ ਸਮੱਸਿਆ ਜਵਾਬਦੇਹੀ ਪ੍ਰਣਾਲੀ ਵਿੱਚ ਭਰੋਸੇ ਦੀ ਕਮੀ ਹੈ। ਅਜਿਹਾ ਨਹੀਂ ਹੈ ਕਿ ਘਟਨਾਵਾਂ ਨਹੀਂ ਹੋ ਰਹੀਆਂ। ਸਮੱਸਿਆ ਇਹ ਹੈ ਕਿ ਇਨ੍ਹਾਂ ਘਟਨਾਵਾਂ ਦੀ ਰਿਪੋਰਟ ਨਹੀਂ ਕੀਤੀ ਜਾ ਰਹੀ ਹੈ। ਨਰਸ ਨੂੰ ਕੋਈ ਮਰੀਜ਼ ਤੰਗ ਕਰ ਸਕਦਾ ਹੈ, ਉਸ ਨਾਲ ਦੁਰਵਿਹਾਰ ਕਰ ਸਕਦਾ ਹੈ। ਇਹ ਜ਼ੁਬਾਨੀ ਅਤੇ ਸਰੀਰਕ ਵੀ ਹੋ ਸਕਦਾ ਹੈ। ਉਹ ਗ਼ਲਤ ਢੰਗ ਨਾਲ ਛੂਹ ਸਕਦਾ ਹੈ, ਛੇੜਛਾੜ ਕਰ ਸਕਦਾ ਹੈ। ਅਜਿਹੇ ਬਹੁਤ ਮਾਮਲੇ ਸਾਹਮਣੇ ਆਏ ਹਨ।
ਪਾਕਿਸਤਾਨ ਆਰਥਿਕ ਸਰਵੇਖਣ ਦੀ ਤਾਜ਼ਾ ਰਿਪੋਰਟ ਅਨੁਸਾਰ 24 ਕਰੋੜ ਤੋਂ ਵੱਧ ਆਬਾਦੀ ਵਾਲੇ ਦੇਸ਼ ਪਾਕਿਸਤਾਨ ਵਿੱਚ ਸਿਰਫ਼ 3 ਲੱਖ ਡਾਕਟਰ ਹਨ, ਜਿਨ੍ਹਾਂ ਵਿੱਚੋਂ ਅੱਧੇ ਤੋਂ ਵੀ ਘੱਟ ਔਰਤਾਂ ਹਨ, ਜਦਕਿ ਨਰਸਾਂ ਦੀ ਗਿਣਤੀ 1 ਲੱਖ 27 ਹਜ਼ਾਰ ਹੈ।