‘ਪ੍ਰਸ਼ਾਦ ਦੇ ਲੱਡੂ `ਚ ਜਾਨਵਰਾਂ ਦੀ ਚਰਬੀ’ ਬਾਰੇ ਵਿਵਾਦ ਭਖਿਆ

ਸਿਆਸੀ ਹਲਚਲ ਖਬਰਾਂ

ਮਾਮਲਾ ਤਿਰੂਪਤੀ ਮੰਦਰ ਦਾ…
ਆਂਧਰਾ ਪ੍ਰਦੇਸ਼ ਦੇ ਮਸ਼ਹੂਰ ਤਿਰੂਪਤੀ ਮੰਦਿਰ ਦੇ ਪ੍ਰਸ਼ਾਦ ਵਿੱਚ ਮਿਲਣ ਵਾਲੇ ਲੱਡੂ ਨੂੰ ਲੈ ਕੇ ਵਿਵਾਦ ਵਧਦਾ ਹੀ ਜਾ ਰਿਹਾ ਹੈ, ਜੋ ਸਿਆਸੀ ਰੂਪ ਅਖਤਿਆਰ ਕਰ ਗਿਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਪ੍ਰਸ਼ਾਦ ਦੇ ਲੱਡੂ ਵਿੱਚ ਜਾਨਵਰਾਂ ਦੀ ਚਰਬੀ ਮਿਲੀ ਹੋਈ ਹੁੰਦੀ ਸੀ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਵੀ ਕਿਹਾ, “ਪਿਛਲੀ ਸਰਕਾਰ ਦੌਰਾਨ ਤਿਰੂਮਲਾ ਲੱਡੂ ਨੂੰ ਬਣਾਉਣ ਲਈ ਸ਼ੁੱਧ ਦੇਸੀ ਘਿਓ ਦੀ ਥਾਂ ਜਾਨਵਰਾਂ ਦੀ ਚਰਬੀ ਵਾਲਾ ਘੀ ਇਸਤੇਮਾਲ ਕੀਤਾ ਜਾ ਰਿਹਾ ਸੀ।”

ਜਗਨ ਮੋਹਨ ਰੈਡੀ ਦੀ ਪਾਰਟੀ ਨੇ ਨਾਇਡੂ ਦੀ ਟਿੱਪਣੀ ’ਤੇ ਵਿਰੋਧ ਜਤਾਇਆ ਹੈ ਅਤੇ ਇਨ੍ਹਾਂ ਇਲਜ਼ਾਮਾਂ ਨੂੰ ਖਾਰਜ ਕੀਤਾ ਹੈ। ਚੰਦਰਬਾਬੂ ਨਾਇਡੂ ਨੇ ਦੋਸ਼ ਲਾਇਆ ਹੈ ਕਿ ਕੋਈ ਸੋਚ ਵੀ ਨਹੀਂ ਸਕਦਾ ਕਿ ਤਿਰੂਮਲਾ ਲੱਡੂ ਇਸ ਤਰ੍ਹਾਂ ਅਸ਼ੁੱਧ ਕੀਤਾ ਜਾਵੇਗਾ। ਪਿਛਲੇ ਪੰਜ ਸਾਲਾਂ ਵਿੱਚ, ਵਾਈ.ਐਸ.ਆਰ. ਨੇ ਤਿਰੂਮਲਾ ਦੀ ਪਵਿੱਤਰਤਾ ਨੂੰ ਅਸ਼ੁੱਧ ਕੀਤਾ ਹੈ। ਨਾਇਡੂ ਨੇ ਦਾਅਵਾ ਕੀਤਾ ਹੈ ਕਿ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਤਿਰੂਮਲਾ ਲੱਡੂ ਦੇ ਘਿਓ ਵਿੱਚ ਜਾਨਵਰਾਂ ਦੀ ਚਰਬੀ ਦੀ ਵਰਤੋਂ ਕੀਤੀ ਗਈ ਸੀ। ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ। ਨਾਇਡੂ ਨੇ ਲੱਡੂਆਂ ਬਾਰੇ ਕਿਹਾ ਕਿ ਸਾਡੀ ਸਰਕਾਰ ਵਿੱਚ ਪਵਿੱਤਰ ਲੱਡੂ ਬਣਾਏ ਜਾ ਰਹੇ ਹਨ। ਇਸ ਮਾਮਲੇ ’ਤੇ ਕਈ ਸਿਆਸੀ ਦਲ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਮਾਹਰਾਂ ਅਨੁਸਾਰ ਤਿਰੂਪਤੀ ਲੱਡੂ ਦੀ ਗੁਣਵੱਤਾ ਬਹਾਲੀ ਲਈ ਇੱਕ ਪੈਨਲ ਬਣਾਇਆ ਜਾਣਾ ਚਾਹੀਦਾ ਹੈ।
ਟੀ.ਡੀ.ਪੀ. ਗੁਜਰਾਤ ਦੀ ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ.) ਦੇ ਹਵਾਲੇ ਨਾਲ ਦੱਸ ਰਹੀ ਹੈ ਕਿ ਲੱਡੂ ਵਿੱਚ ਜਾਨਵਰਾਂ ਦੀ ਚਰਬੀ ਹੋਣ ਦੀ ਪੁਸ਼ਟੀ ਹੋਈ ਹੈ। ਹਾਲਾਂਕਿ ਐਨ.ਡੀ.ਡੀ.ਬੀ. ਨੇ ਇਸ ਪੂਰੇ ਵਿਵਾਦ ’ਤੇ ਹਾਲੇ ਤੱਕ ਕੋਈ ਟਿੱਪਣੀ ਨਹੀਂ ਕੀਤੀ ਕਿ ਜਿਸ ਸੈਂਪਲ ’ਤੇ ਵਿਵਾਦ ਹੋ ਰਿਹਾ ਹੈ, ਕੀ ਉਹ ਤਿਰੂਪਤੀ ਮੰਦਿਰ ਤੋਂ ਹੀ ਲਿਆ ਗਿਆ ਹੈ? ਅੰਗਰੇਜ਼ੀ ਅਖਬਾਰ ‘ਇੰਡੀਅਨ ਐਕਸਪ੍ਰੈਸ’ ਅਨੁਸਾਰ “ਲੱਡੂ ਅਤੇ ਦੂਜੇ ਪ੍ਰਸ਼ਾਦ ਬਣਾਉਣ ਲਈ ਜੋ ਘਿਓ ਇਸਤੇਮਾਲ ਹੁੰਦਾ ਸੀ, ਉਹ ਵਾਈ.ਐਸ.ਆਰ. ਕਾਂਗਰਸ ਪਾਰਟੀ ਦੇ ਦੌਰ ਵਿੱਚ ਕਈ ਏਜੰਸੀਆਂ ਤੋਂ ਲਿਆ ਗਿਆ ਸੀ।” ਟੀ.ਡੀ.ਪੀ. ਵੱਲੋਂ ਜੋ ਰਿਪੋਰਟ ਪੇਸ਼ ਕੀਤੀ ਜਾ ਰਹੀ ਹੈ, ਉਸ ਵਿੱਚ ਕਈ ਚੀਜ਼ਾਂ ਦਾ ਜ਼ਿਕਰ ਹੈ। ਇਸ ਵਿੱਚ ਸੋਇਆਬੀਨ, ਸੂਰਜਮੁਖੀ, ਕਪਾਹ ਦੇ ਬੀਜ, ਨਾਰੀਅਲ ਵਰਗੀਆਂ ਚੀਜ਼ਾਂ ਲਿਖੀਆਂ ਗਈਆਂ ਹਨ; ਪਰ ਜਿਨ੍ਹਾਂ ਚੀਜ਼ਾਂ `ਤੇ ਇਤਰਾਜ਼ ਕੀਤਾ ਜਾ ਰਿਹਾ ਹੈ, ਉਹ ਹਨ- ਲਾਰਡ (ਚਿੱਟਾ ਪਦਾਰਥ ਜੋ ਕਿਸੇ ਵੀ ਚਰਬੀ ਦੇ ਪਿਘਲਣ `ਤੇ ਬਾਹਰ ਨਿਕਲਦਾ ਹੈ), ਬੀਫ ਟੇਲੋ (ਬੀਫ ਫੈਟ ਨੂੰ ਗਰਮ ਕਰਕੇ ਕੱਢਿਆ ਗਿਆ ਤੇਲ) ਅਤੇ ਮੱਛੀ ਦਾ ਤੇਲ। ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਇਹ ਚੀਜ਼ਾਂ ਨਿਰਧਾਰਤ ਅਨੁਪਾਤ ਵਿੱਚ ਨਹੀਂ ਸਨ। ਇਸ ਨੂੰ ਐਸ ਮੁੱਲ ਕਿਹਾ ਜਾਂਦਾ ਹੈ, ਯਾਨਿ ਜੇ ਉਪਰੋਕਤ ਚੀਜਾਂ ਦਾ ਐਸ ਮੁੱਲ ਸਹੀ ਨਹੀਂ ਹੈ ਤਾਂ ਗੱਲ ਗੜਬੜ ਹੈ!
ਪ੍ਰਸ਼ਾਦ ਦਾ ਇਹ ਲੱਡੂ ਪਹਿਲਾਂ ਵੀ ਵਿਵਾਦਾਂ ਵਿੱਚ ਰਿਹਾ ਹੈ। 2023 ਵਿੱਚ ਬ੍ਰਾਹਮਣਾਂ ਤੋਂ ਇਹ ਲੱਡੂ ਬਣਾਉਣ ਸਬੰਧੀ ਇੱਕ ਨੋਟੀਫਿਕੇਸ਼ਨ ਨੂੰ ਲੈ ਕੇ ਵੀ ਵਿਵਾਦ ਹੋਇਆ ਸੀ। ਚੇਤੇ ਰਹੇ, ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਮੰਦਿਰ ਵਿੱਚ ਹਰ ਸਾਲ ਲੱਖਾਂ ਸ਼ਰਧਾਲੂ ਜਾਂਦੇ ਹਨ। ਤਿਰੂਮਾਲਾ ਮੰਦਰ ਨੂੰ ਹਰ ਸਾਲ ਲਗਭਗ ਇੱਕ ਟਨ ਸੋਨਾ ਦਾਨ ਮਿਲਦਾ ਹੈ। ਮੰਦਰ ਦੇ ਦਾਨ ਬਕਸਿਆਂ ਵਿੱਚ ਨਾ ਸਿਰਫ਼ ਲੱਖਾਂ ਰੁਪਏ ਚੜ੍ਹਦੇ ਹਨ, ਗਹਿਣੇ ਚੜ੍ਹਾਉਣ ਵਾਲੇ ਲੋਕਾਂ ਦੀ ਵੀ ਕੋਈ ਕਮੀ ਨਹੀਂ ਹੈ। ਮੁੱਖ ਮੰਦਰ ਦੀ ਇਮਾਰਤ ਮਜਬੂਤ ਕੰਧਾਂ ਨਾਲ ਘਿਰੀ ਹੋਈ ਹੈ ਅਤੇ ਮੰਦਰ ਦੇ ਅੰਦਰ ਕਿਸੇ ਨੂੰ ਵੀ ਫੋਟੋਗ੍ਰਾਫੀ ਦੀ ਇਜਾਜ਼ਤ ਨਹੀਂ ਹੈ। ਮੰਦਿਰ ਜਾਣ ਵਾਲੇ ਲੋਕਾਂ ਨੂੰ ਪ੍ਰਸ਼ਾਦ ਵਿੱਚ ਲੱਡੂ ਦਿੱਤੇ ਜਾਂਦੇ ਹਨ। ਸਤੰਬਰ 2024 ਦੇ ਸ਼ੁਰੂ ਵਿੱਚ ਲੱਡੂ ਲੈਣ ਲਈ ਟੋਕਨ ਦਿਖਾਉਣ ਦਾ ਪ੍ਰਬੰਧ ਕੀਤਾ ਗਿਆ ਹੈ। ਇੱਕ-ਇੱਕ ਲੱਡੂ ਸਾਰਿਆਂ ਨੂੰ ਮੁਫਤ ਦਿੱਤਾ ਜਾਂਦਾ ਹੈ। ਇੱਕ ਹੋਰ ਲੱਡੂ ਲੈਣ ਲਈ ਸ਼ਰਧਾਲੂਆਂ ਨੂੰ 50 ਰੁਪਏ ਦੇਣੇ ਪੈਂਦੇ ਹਨ। 2008 ਤੱਕ ਜੇ ਕੋਈ ਇੱਕ ਲੱਡੂ ਤੋਂ ਇਲਾਵਾ ਪ੍ਰਸ਼ਾਦ ਚਾਹੁੰਦਾ ਸੀ ਤਾਂ 25 ਰੁਪਏ ਵਿੱਚ ਦੋ ਲੱਡੂ ਦਿੱਤੇ ਜਾਂਦੇ ਸਨ। ਬਾਅਦ ਵਿੱਚ ਇਸਦੀ ਕੀਮਤ ਵਧਾ ਕੇ 50 ਰੁਪਏ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ ਮੰਦਰ `ਚ ਸ਼ਰਧਾਲੂਆਂ ਲਈ 7500 ਵੱਡੇ ਲੱਡੂ ਅਤੇ 3500 ਵੜੇ ਬਣਾਏ ਜਾਂਦੇ ਸਨ। ਸ਼ਰਧਾਲੂਆਂ ਲਈ ਆਧਾਰ ਕਾਰਡ ਦਿਖਾਉਣ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਜਿਨ੍ਹਾਂ ਨੇ ਦਰਸ਼ਨ ਨਹੀਂ ਕੀਤੇ, ਉਹ ਆਪਣਾ ਆਧਾਰ ਕਾਰਡ ਦਿਖਾ ਕੇ ਲੱਡੂ ਪ੍ਰਾਪਤ ਕਰ ਸਕਦੇ ਹਨ।
ਹੁਣ ਜੋ ਲੱਡੂ ਚਰਚਾ ਵਿੱਚ ਹਨ, ਉਹ ਮੰਦਰ ਦੀ ਗੁਪਤ ਰਸੋਈ ਵਿੱਚ ਤਿਆਰ ਕੀਤੇ ਜਾਂਦੇ ਸਨ। ਇਸ ਰਸੋਈ ਨੂੰ ਪੋਟੂ ਕਿਹਾ ਜਾਂਦਾ ਹੈ। ਤਿਰੂਮਲਾ ਤਿਰੂਪਤੀ ਦੇਵਸਥਾਨਮ ਦੇ ਅਧਿਕਾਰੀਆਂ ਮੁਤਾਬਕ ਲੱਡੂ, ਵੜਾ, ਅੱਪਮ, ਮਨੋਹਰਮ ਅਤੇ ਜਲੇਬੀ ਵਰਗੇ ਪ੍ਰਸ਼ਾਦ ਸ਼ਰਧਾਲੂਆਂ ਵਿੱਚ ਵੰਡੇ ਜਾਂਦੇ ਹਨ। ਇਨ੍ਹਾਂ ਵਿੱਚੋਂ ਲੱਡੂ ਸਭ ਤੋਂ ਪੁਰਾਣਾ ਅਤੇ ਪ੍ਰਸਿੱਧ ਪ੍ਰਸ਼ਾਦ ਹੈ। ਇਸ ਨੂੰ ਪ੍ਰਸ਼ਾਦ ਵਜੋਂ ਦੇਣ ਦੀ ਪਰੰਪਰਾ 300 ਸਾਲਾਂ ਤੋਂ ਚੱਲੀ ਆ ਰਹੀ ਹੈ। ਤਿਰੂਮਲਾ ਵਿੱਚ ਹਰ ਰੋਜ਼ ਸਾਢੇ ਤਿੰਨ ਲੱਖ ਲੱਡੂ ਬਣਾਏ ਜਾਂਦੇ ਹਨ। ਸਾਲ 2009 ਵਿੱਚ ਤਿਰੂਪਤੀ ਲੱਡੂ ਨੂੰ ‘ਜਿਓਗ੍ਰਾਫੀਕਾਲ ਇੰਡੀਕੇਟਰ’ ਯਾਨਿ ‘ਭੂਗੋਲਿਕ ਸੂਚਕ’ ਦਾ ਨਾਂ ਦਿੱਤਾ ਗਿਆ ਸੀ। ਲੱਡੂ ਛੋਲਿਆਂ ਦੇ ਆਟੇ, ਮੱਖਣ, ਚੀਨੀ, ਕਾਜੂ, ਸੌਗੀ ਅਤੇ ਇਲਾਇਚੀ ਤੋਂ ਬਣਾਏ ਜਾਂਦੇ ਹਨ। ਕਿਹਾ ਜਾਂਦਾ ਹੈ ਕਿ ਇਸ ਲੱਡੂ ਨੂੰ ਬਣਾਉਣ ਦਾ ਤਰੀਕਾ 300 ਸਾਲ ਪੁਰਾਣਾ ਹੈ। ਸੇਸ਼ਾਚਲਮ ਪਰਬਤ `ਤੇ ਸਥਿਤ ਤਿਰੂਮਲਾ ਤਿਰੂਪਤੀ ਦੇਵਸਥਾਨ ਨੂੰ ਦੁਨੀਆ ਦੇ ਸਭ ਤੋਂ ਅਮੀਰ ਤੀਰਥ ਸਥਾਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਤਿਹਾਸਕ ਨਜ਼ਰੀਏ ਤੋਂ ਭਗਵਾਨ ਵੈਂਕਟੇਸ਼ਵਰ ਦਾ ਇਹ ਮੰਦਰ ਰਾਜਾ ਤੋਂਡਾਮਨ ਨੇ ਬਣਵਾਇਆ ਸੀ। ਬਾਅਦ ਵਿੱਚ ਚੋਲ, ਪਾਂਡਿਆ ਅਤੇ ਵਿਜੇਨਗਰ ਦੇ ਰਾਜੇ ਵੀ ਇਸ ਮੰਦਰ ਵਿੱਚ ਯੋਗਦਾਨ ਪਾਉਂਦੇ ਰਹੇ। ਮੰਦਰ ਦੀ ਪ੍ਰਾਨ-ਪ੍ਰਤਿਸ਼ਠਾ 11ਵੀਂ ਸਦੀ ਵਿੱਚ ਰਾਮਾਨੁਜਾਚਾਰੀਆ ਦੁਆਰਾ ਕੀਤੀ ਗਈ ਸੀ।
ਸਿਆਸੀ ਪੱਧਰ `ਤੇ ਲਾਏ ਗਏ ਦੋਸ਼ਾਂ ਅਨੁਸਾਰ ਪ੍ਰਸ਼ਾਦ ਦੇ ਨਮੂਨਿਆਂ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ ਲੱਡੂਆਂ ਵਿੱਚ ਮੱਛੀ ਦੇ ਤੇਲ ਅਤੇ ਬੀਫ ਫੈਟ ਦੀ ਵਰਤੋਂ ਕੀਤੀ ਗਈ ਹੈ। ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਜਗਨ ਮੋਹਨ ਰੈਡੀ ਦੀ ਪਾਰਟੀ ਵਾਈ.ਐਸ.ਆਰ. ਨੇ ਇਸ ਮਾਮਲੇ `ਤੇ ਪ੍ਰਤੀਕਿਰਿਆ ਦਿੰਦਿਆਂ ਨਾਇਡੂ ਦੇ ਇਲਜ਼ਾਮਾਂ ਨੂੰ ਰੱਦ ਕੀਤਾ ਹੈ। ਵਾਈ.ਐਸ.ਆਰ. ਨੇਤਾ ਅਤੇ ਤਿਰੂਮਲਾ ਤਿਰੂਪਤੀ ਦੇਵਸਥਾਨਮ ਟਰੱਸਟ ਦੇ ਸਾਬਕਾ ਚੇਅਰਮੈਨ ਵਾਈ.ਵੀ. ਸੁਬਰੈਡੀ ਨੇ ਸੋਸ਼ਲ ਮੀਡੀਆ `ਤੇ ਲਿਖਿਆ ਹੈ ਕਿ ਨਾਇਡੂ ਨੇ ਤਿਰੂਮਲਾ ਮੰਦਰ ਦੀ ਪਵਿੱਤਰਤਾ ਨੂੰ ਨੁਕਸਾਨ ਪਹੁੰਚਾ ਕੇ ਅਤੇ ਕਰੋੜਾਂ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਕੇ ਪਾਪ ਕੀਤਾ ਹੈ। ਸੁਬਰੈਡੀ ਅਨੁਸਾਰ ਇਹ ਇੱਕ ਵਾਰ ਫਿਰ ਸਾਬਤ ਹੋ ਗਿਆ ਹੈ ਕਿ ਨਾਇਡੂ ਆਪਣੀ ਰਾਜਨੀਤੀ ਚਮਕਾਉਣ ਤੋਂ ਨਹੀਂ ਝਿਜਕਣਗੇ।
ਇਸੇ ਦੌਰਾਨ ਆਂਧਰਾ ਪ੍ਰਦੇਸ਼ ਵਿੱਚ ਕਾਂਗਰਸ ਨੇਤਾ ਸ਼ਰਮੀਲਾ ਨੇ ਟੀ.ਡੀ.ਪੀ. ਅਤੇ ਵਾਈ.ਐਸ.ਆਰ. ਉਤੇ ਇਸ ਮਾਮਲੇ ਨੂੰ ਲੈ ਕੇ ਰਾਜਨੀਤੀ ਕਰਨ ਦਾ ਇਲਜ਼ਾਮ ਲਗਾਇਆ ਹਨ ਤੇ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ ਹੈ। ਭਾਜਪਾ ਦੇ ਸੰਸਦ ਮੈਂਬਰ ਲਕਸ਼ਮਣ ਨੇ ਕਿਹਾ ਕਿ ਲੱਡੂ `ਚ ਜਾਨਵਰਾਂ ਦੀ ਚਰਬੀ ਦੀ ਵਰਤੋਂ ਮੰਦਭਾਗੀ ਹੈ। ਸਮੁੱਚਾ ਹਿੰਦੂ ਸਮਾਜ ਇਸ ਘਟਨਾ ਦੀ ਨਿੰਦਾ ਕਰ ਰਿਹਾ ਹੈ। ਆਂਧਰਾ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਪਵਨ ਕਲਿਆਣ ਨੇ ਸੋਸ਼ਲ ਮੀਡੀਆ `ਤੇ ਪ੍ਰਤੀਕਿਰਿਆ ਦਿੱਤੀ ਹੈ ਕਿ ਤਿਰੂਪਤੀ ਬਾਲਾਜੀ ਦੇ ਪ੍ਰਸ਼ਾਦ `ਚ ਜਾਨਵਰਾਂ ਦੀ ਚਰਬੀ ਪਾਏ ਜਾਣ ਦੀ ਪੁਸ਼ਟੀ ਤੋਂ ਅਸੀਂ ਸਾਰੇ ਬਹੁਤ ਪ੍ਰੇਸ਼ਾਨ ਹਾਂ। ਤਤਕਾਲੀ ਸਰਕਾਰ ਦੁਆਰਾ ਬਣਾਏ ਗਏ ਤਿਰੁਮਾਲਾ ਤਿਰੂਪਤੀ ਦੇਵਸਥਾਨਮ (ਟੀ.ਟੀ.ਡੀ.) ਬੋਰਡ ਨੂੰ ਕਈ ਸਵਾਲਾਂ ਦੇ ਜਵਾਬ ਦੇਣੇ ਹੋਣਗੇ।

Leave a Reply

Your email address will not be published. Required fields are marked *