ਜਸਵੀਰ ਸਿੰਘ ਮਾਂਗਟ
ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਬੀਤੀ 24 ਸਤੰਬਰ ਨੂੰ ਅਕਾਲੀ ਦਲ ਦੇ ਦੋਹਾਂ ਧੜਿਆਂ ਵੱਲੋਂ ਵੱਖੋ-ਵੱਖਰੇ ਤੌਰ ‘ਤੇ ਸੌ ਸਾਲਾ ਜਨਮ ਸ਼ਤਾਬਦੀ ਮਨਾਈ ਗਈ। ਅਕਾਲੀ ਦਲ (ਬਾਦਲ) ਵੱਲੋਂ ਇਸ ਸੰਬੰਧ ਵਿੱਚ ਸਮਾਗਮ ਪਟਿਆਲਾ ਦੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਕੀਤਾ ਗਿਆ ਅਤੇ ਗੁਰਪ੍ਰਤਾਪ ਸਿੰਘ ਵਡਾਲਾ ਦੀ ਅਗਵਾਈ ਵਿੱਚ ਚੱਲ ਰਹੇ ਅਕਾਲੀ ਦਲ ਸੁਧਾਰ ਲਹਿਰ ਦੇ ਧੜੇ ਵੱਲੋਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਪਟਿਆਲਾ ਜ਼ਿਲ੍ਹੇ ਦੀ ਨਾਭਾ ਤਹਿਸੀਲ ਵਿੱਚ ਪੈਂਦੇ ਜੱਦੀ ਪਿੰਡ ਟੌਹੜਾ ਵਿੱਚ ਸਮਾਗਮ ਕੀਤਾ ਗਿਆ।
ਇਸ ਇਕੱਠ ਦਾ ਮਹੱਤਵ ਇਸ ਪੱਖੋਂ ਵੀ ਵਧ ਗਿਆ ਕਿ ਫਰੀਦਕੋਟ ਹਲਕੇ ਤੋਂ ਮੈਂਬਰ ਪਾਰਲੀਮੈਂਟ ਚੁਣੇ ਗਏ ਸਰਬਜੀਤ ਸਿੰਘ ਖਾਲਸਾ ਨੇ ਵੀ ਇਸ ਸਟੇਜ ‘ਤੇ ਹਾਜ਼ਰੀ ਲੁਆਈ। ਉਨ੍ਹਾਂ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਦਾ ਸੁਨੇਹਾ ਵੀ ਇਸ ਸਟੇਜ ਤੋਂ ਦਿੱਤਾ। ਇੰਜ ਇਸ ਵਾਰ ਵੱਡੇ ਫਰਕ ਨਾਲ ਲੋਕ ਸਭਾ ਚੋਣ ਜਿੱਤੇ ਦੋਵੇਂ ਆਗੂ ਇਸ ਧੜੇ ਦੇ ਹੱਕ ਵਿੱਚ ਖਲੋਂਦੇ ਨਜ਼ਰ ਆਏ। ਅਕਾਲੀ ਦਲ ਦੇ ਦੋਹਾਂ ਧੜਿਆਂ ਨੇ ਆਪਣੇ ਆਪ ਨੂੰ ਜਥੇਦਾਰ ਟੌਹੜਾ ਦੀ ਵਿਰਾਸਤ ਦੇ ਵਾਰਸ ਸਦਵਾਉਣ ਲਈ ਪੂਰਾ ਤਾਣ ਲਾਇਆ। ਰਿਪੋਰਟਾਂ ਅਨੁਸਾਰ ਇਕੱਠ ਪੱਖੋਂ ਅਕਾਲੀ ਸੁਧਾਰ ਲਹਿਰ ਵਾਲਿਆਂ ਦਾ ਹੱਥ ਉਪਰ ਰਿਹਾ। ਇਸ ਇਕੱਠ ਵਿੱਚ ਸਿੱਖ ਨੌਜਵਾਨਾਂ ਦੀ ਗਿਣਤੀ ਵੀ ਵਧੇਰੇ ਵਿਖਾਈ ਦਿੱਤੀ। ਇਸ ਇਕੱਠ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਵੀ ਹਾਜ਼ਰੀ ਲਵਾਈ। ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੁਪਿੰਦਰ ਸਿੰਘ ਅਸੰਧ ਨੇ ਵੀ ਇਸ ਸਮਾਗਮ ਵਿੱਚ ਸ਼ਮੂਲੀਅਤ ਕੀਤੀ। ਅਕਾਲੀ ਦਲ (ਬਾਦਲ) ਦੀ ਧਿਰ ਨਾਲੋਂ ਵੱਖ ਹੋਈ ਸੀਨੀਅਰ ਸਿੱਖ ਲੀਡਰਸ਼ਿਪ ਦੀ ਗਿਣਤੀ ਵੀ ਇਸ ਸਟੇਜ ‘ਤੇ ਭਰਵੀਂ ਸੀ।
ਇਕੱਠ ਨੂੰ ਸੰਬੋਧਨ ਕਰਦਿਆਂ ਸੁਧਾਰ ਲਹਿਰ ਦੇ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਅਕਾਲੀ ਦਲ ਨੂੰ ਬਚਾਉਣ ਲਈ ਸਾਰੀਆਂ ਪੰਥਕ ਧਿਰਾਂ ਇੱਕ ਝੰਡੇ ਹੇਠ ਇਕੱਠੀਆਂ ਹੋਣ; ਪਰ ਦਿਲਚਸਪ ਤੱਥ ਇਹ ਵੀ ਹੈ ਕਿ ਇਹ ਧੜਾ ਹਾਲ ਦੀ ਘੜੀ ਭਾਜਪਾ ਦੇ ਵਧੇਰੇ ਨੇੜੇ ਵਿਖਾਈ ਦੇ ਰਿਹਾ ਹੈ। ਦੂਜੇ ਪਾਸੇ ਅਕਾਲੀ ਦਲ (ਬਾਦਲ) ਵੱਲੋਂ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿੱਚ ਹੋਏ ਸਮਾਗਮ ਦੌਰਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਮੁੱਖ ਤੌਰ `ਤੇ ਸੰਬੋਧਨ ਕੀਤਾ ਅਤੇ ਵਿਰੋਧੀ ਧੜੇ ‘ਤੇ ਦੋਸ਼ ਲਾਇਆ ਕਿ ਉਹ ਮਾਣ ਮੱਤੀਆਂ ਸਿੱਖ ਸੰਸਥਾਵਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਉਣ ਲਈ ਕੰਮ ਕਰ ਰਹੇ ਹਨ। ਇਸ ਤਰ੍ਹਾਂ ਇਨ੍ਹਾਂ ਸਮਾਗਮਾਂ ਵਿੱਚ ਦੋਸ਼ਾਂ-ਪ੍ਰਤੀ-ਦੋਸ਼ਾਂ ਦੀ ਭਰਮਾਰ ਰਹੀ।
ਯਾਦ ਰਹੇ, ਜਥੇਦਾਰ ਟੌਹੜਾ ਦੇ ਅਕਾਲ ਚਲਾਣੇ ਤੋਂ ਬਾਅਦ ਬੀਤੇ ਵੀਹ ਵਰਿ੍ਹਆਂ ਵਿੱਚ ਉਨ੍ਹਾਂ ਦੀ ਬਰਸੀ ‘ਤੇ ਉਨ੍ਹਾਂ ਦੇ ਪਿੰਡ ਜਾਂ ਉਨ੍ਹਾਂ ਦੇ ਸੰਬੰਧੀਆਂ, ਨਜ਼ਦੀਕੀਆਂ ਵੱਲੋਂ ਛੋਟੇ-ਵੱਡੇ ਸਮਾਗਮ ਹੁੰਦੇ ਰਹੇ ਹਨ। ਸੰਤ ਹਰਚੰਦ ਸਿੰਘ ਲੌਂਗੋਵਾਲ ਵਾਂਗ ਉਨ੍ਹਾਂ ਦਾ ਬਰਸੀ ਸਮਾਗਮ ਵੱਡੀ ਪੱਧਰ ‘ਤੇ ਨਹੀਂ ਮਨਾਇਆ ਜਾਂਦਾ ਰਿਹਾ। ਇਸ ਵਾਰ ਜਦੋਂ ਅਕਾਲੀ ਦਲ ਵਿੱਚ ਇੱਕ ਤਰ੍ਹਾਂ ਨਾਲ ਵਰਟੀਕਲ (ਖੜ੍ਹਵੀਂ) ਫੁੱਟ ਪੈ ਗਈ ਹੈ ਤਾਂ ਅਕਾਲੀ ਦਲ ਦੇ ਦੋਵੇਂ ਧੜੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਵਿਰਾਸਤ ਨੂੰ ਆਪੋ-ਆਪਣੇ ਨਾਮ ਕਰਨ ਲਈ ਕਾਹਲੇ ਹੋ ਗਏ ਹਨ। ਦੋਵੇਂ ਧਿਰਾਂ ਉਨ੍ਹਾਂ ਦੀ ਧਾਰਮਿਕ-ਸਿਆਸੀ ਵਿਰਾਸਤ ‘ਤੇ ਆਪੋ-ਆਪਣਾ ਦਾਅਵਾ ਪੇਸ਼ ਕਰ ਰਹੀਆਂ ਹਨ।
ਜਿਸ ਹਾਲਤ ਵਿੱਚ ਅੱਜ ਅਕਾਲੀ ਦਲ ਦੇ ਵੱਖ-ਵੱਖ ਧੜੇ ਵਿਚਰ ਰਹੇ ਹਨ, ਉਸ ਸੰਦਰਭ ਵਿੱਚ ਵਿਰਾਸਤ ਨੂੰ ਆਪੋ-ਆਪਣੇ ਨਾਮ ਕਰਨ ਦੀ ਜੰਗ ਉਨ੍ਹਾਂ ਦੀ ਅਣਸਰਦੀ ਲੋੜ ਹੈ। ਇਹ ਸਿੱਖ ਇਤਿਹਾਸ ਨੂੰ ਆਪੋ-ਆਪਣੇ ਹੱਕ ਵਿੱਚ ਖੜ੍ਹਾ ਕਰਨ ਦਾ ਹੀ ਇੱਕ ਯਤਨ ਹੈ। ਕਿਸੇ ਜਿਉਂਦੀ ਕੌਮ ਜਾਂ ਕਮਿਊਨਿਟੀ ਵਿੱਚ ਇਸ ਕਿਸਮ ਦਾ ਸੰਘਰਸ਼ ਜ਼ਰੂਰੀ ਵੀ ਹੈ, ਪਰ ਇਥੇ ਇਹ ਧਿਆਨ ਰੱਖਣ ਦੀ ਲੋੜ ਹੈ ਕਿ ਇਹ ਅੰਤਰ-ਵਿਰੋਧ ਦੁਸ਼ਮਣਾਨਾ ਰੂਪ ਨਾ ਅਖਿਤਿਆਰ ਕਰ ਜਾਵੇ। ਦੂਰੀਆਂ ਨੂੰ ਖਿੱਚ ਕੇ ਇੰਨਾ ਵੱਡਾ ਕਰ ਲੈਣਾ ਕਿ ਤੁਹਾਡੀ ਸਮੁੱਚੀ ਹਸਤੀ ਹੀ ਵਿਚਕਾਰੋਂ ਫਟ ਜਾਵੇ, ਬੇਹੱਦ ਖਤਰਨਾਕ ਹੋਵੇਗਾ। ਇਹੋ ਜਿਹੀ ਸਥਿਤੀ ਅੱਜ ਸਿੱਖ ਦੁਸ਼ਮਣ ਤਾਕਤਾਂ ਦੇ ਹੀ ਹੱਕ ਵਿੱਚ ਭੁਗਤੇਗੀ।
ਸੰਸਥਾਵਾਂ ਭਾਵੇਂ ਰਾਜਨੀਤਿਕ ਹੋਣ, ਧਾਰਮਿਕ ਹੋਣ ਜਾਂ ਸਮਾਜਕ, ਇਨ੍ਹਾਂ ਨੂੰ ਬਣਾਉਣਾ, ਪਾਲਣਾ-ਪੋਸਣਾ ਤੇ ਵੱਡਾ ਕਾਰਨਾ, ਇਹ ਬਹੁਤ ਦੁੱਭਰ ਕਾਰਜ ਹੈ। ਸੰਸਥਾਵਾਂ ਤੋੜ ਦੇਣੀਆਂ ਜਾਂ ਗਰਕਣ ਵਿੱਚ ਸੁੱਟ ਦੇਣੀਆਂ ਸੌਖੀਆਂ ਹਨ, ਪਰ ਇਨ੍ਹਾਂ ਨੂੰ ਮੁੜ ਕੇ ਖੜ੍ਹਾ ਕਰਨਾ ਹਾਰੀ-ਸਾਰੀ ਦਾ ਕੰਮ ਨਹੀਂ। ਇਹ ਕੁੱਝ ਖਾਸ ਇਤਿਹਾਸਕ ਪਲਾਂ ਵਿੱਚ ਜਨਮ ਲੈਂਦੀਆਂ ਹਨ ਅਤੇ ਫਿਰ ਯੋਗ ਲੀਡਰਸ਼ਿਪ ਦੀ ਅਗਵਾਈ ਵਿੱਚ ਕਾਇਮ ਰੱਖੀਆਂ ਜਾਂਦੀਆਂ ਹਨ।
ਉਨ੍ਹੀਵੀਂ ਸਦੀ ਦੇ ਅੰਤਿਮ ਦਹਾਕਿਆਂ ਵਿੱਚ ਸਿੰਘ ਸਭਾ ਲਹਿਰ ਨੇ ਸਿੱਖ ਸਮਾਜ ਅਤੇ ਵਿਚਾਰ ਦੇ ਪੁਨਰ ਉਥਾਨ ਲਈ ਵੱਡਾ ਹੰਭਲਾ ਮਾਰਿਆ ਸੀ। ਇਸ ਸਮੇਂ ਹਿੰਦੁਸਤਾਨ ਅੰਗਰੇਜ਼ ਹਕੂਮਤ ਦੇ ਅਧੀਨ ਸੀ ਅਤੇ ਉਨ੍ਹਾਂ ਤੋਂ ਮੁਕਤੀ ਦਾ ਸੰਘਰਸ਼ ਕਰਵਟ ਲੈ ਰਿਹਾ ਸੀ। ਇਸ ਦੌਰਾਨ ਸਿੱਖਾਂ ਵੱਲੋਂ ਆਪਣੇ ਮੁੜ ਉਭਾਰ ਲਈ ਸਿੰਘ ਸਭਾ, ਮੁਸਲਮਾਨਾਂ ਵੱਲੋਂ ਮੁਸਲਿਮ ਲੀਗ, ਹਿੰਦੂਆਂ ਵੱਲੋਂ ਹਿੰਦੂ ਮਹਾਂ ਸਭਾ ਅਤੇ ਆਰੀਆ ਸਮਾਜ ਆਦਿ ਦੀ ਸਥਾਪਨਾ ਕੀਤੀ ਗਈ। ਮੁੱਖ ਰੂਪ ਵਿੱਚ ਹਿੰਦੂ ਪੁਨਰ ਉਥਾਨ ਦੀ ਧਾਰਾ ਵਿੱਚੋਂ ਕਾਂਗਰਸ ਪਾਰਟੀ ਨੇ ਜਨਮ ਲਿਆ, ਜਿਸ ਦੀ ਮੁਢਲੇ ਦੌਰ ਦੀ ਪਹੁੰਚ ਲਿਬਰਲ ਸੀ। ਮਸਲਿਮ ਲੀਗ ਆਪਣਾ ਅਲੱਗ ਮੁਲਕ ‘ਪਾਕਿਸਤਾਨ’ ਬਣਾ ਗਈ।
ਸਿੰਘ ਸਭਾ ਲਹਿਰ ਨੇ ਅਗਾਂਹ ਜਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਨਮ ਦਿੱਤਾ ਅਤੇ ਫਿਰ ਇਸ ਵਿੱਚੋਂ ਅਕਾਲੀ ਦਲ ਦਾ ਜਨਮ ਹੋਇਆ। ਹਿੰਦੋਸਤਾਨ ਵਿੱਚ ਅੰਗਰੇਜ਼ ਗੁਲਾਮੀ ਦੀ ਚੇਤਨਾ ਵਿੱਚੋਂ ਹੀ ਸਾਰੇ ਧਰਮਾਂ ਅਤੇ ਲੋਕਾਂ ਵਿੱਚ ਆਪੋ-ਆਪਣੇ ਪੁਨਰ ਉਥਾਨ ਦਾ ਦੌਰ ਚੱਲਿਆ ਅਤੇ ਇਨ੍ਹਾਂ ਇਤਿਹਾਸਕ ਹਾਲਤਾਂ ਵਿੱਚੋਂ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੀਆਂ ਸੰਸਥਾਵਾਂ ਨੇ ਆਪਣਾ ਰੂਪ-ਸਰੂਪ ਅਖਤਿਆਰ ਕੀਤਾ। ਇਨ੍ਹਾਂ ਸੰਸਥਾਵਾਂ ਦੀ ਬਦੌਲਤ (ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੋਮਣੀ ਅਕਾਲੀ ਦਲ) ਹੀ ਵੱਖ-ਵੱਖ ਸਿੱਖ ਧਾਰਮਿਕ ਜਾਂ ਸਿਆਸੀ ਆਗੂ ਉਭਰੇ, ਜਿਨ੍ਹਾਂ ਵਿੱਚੋਂ ਜਥੇਦਾਰ ਗੁਰਚਰਨ ਸਿੰਘ ਟੌਹੜਾ 1947ਵਿਆਂ ਤੋਂ ਬਾਅਦ ਦੂਜੀ ਪੀੜ੍ਹੀ ਦੇ ਆਗੂ ਸਨ। ਇਹ ਸਮਝਣ ਦੀ ਲੋੜ ਹੈ ਕਿ ਸਿੱਖ ਸਮਾਜ ਦਾ ਕੇਂਦਰ (ਕੋਰ) ਜਿੱਥੇ ਸਮਝੌਤਾ ਪ੍ਰਸਤ ਨਹੀਂ ਹੋ ਸਕਦਾ, ਸਿੱਖ ਸਿਆਸਤ (ਬਾਹਰਲੀ ਪਰਤ) ਉਥੇ ਸਮਝੌਤਾ ਰਹਿਤ ਨਹੀਂ ਹੋ ਸਕਦੀ। ਵੱਖ-ਵੱਖ ਸਮਿਆਂ ‘ਤੇ ਵਿਚਰੇ ਸਿੱਖ ਲੀਡਰਾਂ ਦਾ ਅਸੀਂ ਇਸ ਪ੍ਰਸੰਗ ਵਿੱਚ ਹੀ ਵਿਸ਼ਲੇਸ਼ਣ ਕਰ ਸਕਦੇ ਹਾਂ। ਜਿੱਥੋਂ ਤੱਕ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਸਵਾਲ ਹੈ, ਥੋੜ੍ਹੀ ਬਹੁਤੀ ਭਟਕਣ ਤੋਂ ਬਿਨਾ ਉਹ ਸਿੱਖ ਆਦਰਸ਼ (ਕੋਰ) ਦੇ ਨੇੜੇ ਰਹੇ, ਜਦੋਂਕਿ ਪ੍ਰਕਾਸ਼ ਸਿੰਘ ਬਾਦਲ ਇਸ ਦੀ ਅੱਤਿ ਲਿਬਰਲ ਧਿਰ ਦੀ ਨੁਮਾਇੰਦਗੀ ਕਰਦੇ ਰਹੇ; ਪਰ ਉਨ੍ਹਾਂ ਦੇ ਆਖਰੀ ਦੌਰ ਦਾ ਅੱਤਿ ਦਾ (ਐਕਸਟਰੀਮ) ਲਿਬਰਲਇਜ਼ਮ ਸਿੱਖ ਸਮਾਜ ਦੀ ਕੋਰ ਨੂੰ ਭੰਗ ਕਰਨ ਵਾਲਾ ਸੀ। ਇਸ ਤੋਂ ਇਲਾਵਾ ਇੱਕ ਗਲਤੀ ਦੋਹਾਂ ਨੇ ਕੀਤੀ, ਅਗਲੀ ਪੀੜ੍ਹੀ ਦੀ ਲੀਡਰਸ਼ਿੱਪ ਤਿਆਰ ਕਰਨ ਵੱਲ ਧਿਆਨ ਨਹੀਂ ਦਿੱਤਾ। ਆਪੇ ਬੋਹੜ ਬਣ ਗਏ। ਮਹਾਰਾਜਾ ਰਣਜੀਤ ਸਿੰਘ ਨੇ ਵੀ ਇਹੋ ਗਲਤੀ ਕੀਤੀ ਸੀ।
ਇੱਕ ਕੁਟੇਸ਼ਨ
ਸੰਤ ਜਰਨੈਲ ਸਿੰਘ ਦੀ ਜਥੇਦਾਰ ਟੌਹੜਾ ਬਾਰੇ ਪਹੁੰਚ:
ਅਖਬਾਰ ‘ਜੱਗ ਬਾਣੀ’ ਦੇ ਇੱਕ ਸੰਪਾਦਕੀ ਵਿੱਚ ਲਾਲਾ ਜਗਤ ਨਰੈਣ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੁਰਦਿਆਲ ਸਿੰਘ ਅਜਨੋਹਾ ਨੂੰ ਉਨ੍ਹਾਂ ਦੀ ਅਮਰੀਕਾ ਫੇਰੀ ਨੂੰ ‘ਦੇਸ ਨਾਲ ਗੱਦਾਰੀ’ ਦਾ ਨਾਂ ਦੇ ਕੇ ਕਿਹਾ ਸੀ ਕਿ ਇਹ ‘ਦੇਸ਼ ਧ੍ਰੋਹੀ’ ਹਨ। ਸਵੇਰੇ ਸਵੇਰੇ ਸੰਤਾਂ ਨੇ ਉਚੀ ਆਵਾਜ਼ ਵਿੱਚ ਆਪਣੇ ਸੇਵਕਾਂ ਨੂੰ ਬੁਲਾਇਆ ਤੇ ਕਹਿਣ ਲੱਗੇ, “ਉਹ ਆਹ ਪੜ੍ਹਿਆ ਕਿਸੇ ਨੇ?” ਤੇ ਇਹ ਵੇਖ ਕੇ ਕਿ ਇਸ ਗੱਲ ਦਾ ਕਿਸੇ ਨੂੰ ਪਤਾ ਹੀ ਨਹੀਂ, ਉਥੇ ਹਾਜ਼ਰ ਇੱਕ ਸੱਜਣ ਨੂੰ ਇਸ ਨੂੰ ਪੜ੍ਹ ਕੇ ਸਭ ਨੂੰ ਸੁਣਾਉਣ ਲਈ ਕਿਹਾ।
ਆਪਣੇ ਧਾਰਮਿਕ ਆਗੂਆਂ ਲਈ ਗੱਦਾਰੀ ਦਾ ਅੱਖਰ ਸੁਣ ਕੇ ਸਭ ਨੇ ਬੁਰਾ ਮਨਾਇਆ। ਕਿਸੇ ਨੇ ਵਿੱਚੋਂ ਕਿਹਾ, “ਸਾਡੇ ਲਈ ਕੀ ਹੁਕਮ ਹੈ ਜੀ?” ਸੰਤ ਬੋਲੇ, “ਪਿਉ ਦੀ ਪੱਗ ਲਹਿ`ਜੇ ਤੇ ਕੌਮ ਦੀ ਅਣਖ ਰੁਲ ਜੇ, ਤੁਸੀਂ ਹੁਕਮ ਪੁੱਛਦੇ ਹੋ?” ਥੋੜ੍ਹੇ ਦਿਨਾਂ ਬਾਅਦ ਅਖ਼ਬਾਰ ਵਿੱਚ ਲਾਲਾ ਜਗਤ ਨਰਾਇਣ ਦੀ ਮੌਤ ਦੀ ਖਬਰ ਛਪ ਗਈ। (ਪੱਤਰਕਾਰ ਦਲਬੀਰ ਸਿੰਘ ਦੀ ਕਿਤਾਬ, “ਅੱਖੀਂ ਡਿੱਠੇ ਸੰਤ ਭਿੰਡਰਾਂਵਾਲੇ” ਵਿਚੋਂ)