ਪਿੰਡ ਵਸਿਆ-12
ਪਾਠਕਾਂ ਦੀ ਜਾਣਕਾਰੀ ਲਈ ਅਸੀਂ ਕਾਲਮ ‘ਪਿੰਡ ਵਸਿਆ’ ਸ਼ੁਰੂ ਕੀਤਾ ਹੈ, ਜਿਸ ਵਿੱਚ ਸਿਰਫ ਪਿੰਡ ਵੱਸਣ ਦੀ ਹੀ ਬਾਤ ਪਾਈ ਜਾਵੇਗੀ। ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ ਕਿ ਇਹ ਕਿਸੇ ਵੀ ਰੂਪ ‘ਚ ਲਿਖਤੀ ਨਹੀਂ ਮਿਲਦਾ। ਕਿਸੇ-ਕਿਸੇ ਪਿੰਡ ਦੇ ਵੱਸਣ-ਰਸਣ ਦੀ, ਉਹ ਵੀ ਨਾ-ਮਾਤਰ, ਗਜ਼ਟੀਅਰ’ਜ਼, ਮਾਲ ਰਿਕਾਰਡ ਜਾਂ ਕਿਸੇ ਦਸਤਾਵੇਜ਼ ਵਿੱਚ ਸਤਹੀ ਜਿਹਾ ਵਰਨਣ ਜਾਂ ਕਨਸੋਅ ਮਿਲਦੀ ਸੀ/ਹੈ, ਜਿਹੜਾ ਸਥਾਨਕ ਇਤਿਹਾਸ ਦੀ ਮਹੱਤਤਾ ਨਾ ਬੁੱਝਣ ਕਾਰਨ ਸਾਂਭਿਆ ਨਹੀਂ ਗਿਆ। ਪੇਸ਼ ਹੈ, ਗ਼ਦਰੀ ਸ਼ਹੀਦਾਂ ਦੇ ਪਿੰਡ ਖੁਰਦਪੁਰ ਬਾਰੇ ਸੰਖੇਪ ਵੇਰਵਾ…
ਵਿਜੈ ਬੰਬੇਲੀ
ਫੋਨ: +91-9463439075
ਆਦਮਪੁਰ ਦੋਆਬਾ ਨਾਲ ਖਹਿੰਦੀ ਬਿਸਤ ਦੋਆਬ ਨਾਲ ਜੁੜਵਾਂ, ਹੁਣ ਆਦਮਪੁਰ ਨਾਲ ਗਲਵੱਕੜੀ ਪਾਈ ਬੈਠੇ, ਪਹਿਲ-ਪਲੱਕੜੇ ਗ਼ਦਰੀ ਸ਼ਹੀਦਾਂ ਦੇ ਪਿੰਡ ਖੁਰਦਪੁਰ ਦੀ ਮੋੜ੍ਹੀ ਕਰੀਬ ਚਾਰ ਸਦੀਆਂ ਪਹਿਲਾਂ ਅਟਵਾਲ ਜੱਟਾਂ ਨੇ ਗੱਡੀ ਸੀ। ਅਟਵਾਲ ਜੱਟਾਂ ਦੇ ਪੁਰਖੇ ਮਾਲਵੇ ਦੇ ਧੜਵੈਲ ਰਾਜਾ ਮਹਿਰਾਜ ਦੇ ਉਸ ਕੁਨਬੇ ਵਿੱਚੋਂ ਗਿਣਦੇ ਹਨ, ਜਿਹੜੇ ਆਪਣੇ ਕਬੀਲੇ ਨਾਲ ਆਪਣੀਆਂ ਲੋੜਾਂ-ਥੋੜ੍ਹਾਂ ਤਹਿਤ ਮੱਧ ਏਸ਼ੀਆ ਤੋਂ ਸਿੰਧ-ਰਾਜਸਥਾਨ ਹੁੰਦੇ ਹੋਏ ਮਾਲਵੇ ਵਿਚ ਆ ਟਿਕੇ ਸਨ। ਇਤਿਹਾਸਕਾਰ ਸਰ ਡੇਂਜਲਸ ਇਬਟਸਨ ਅਟਵਾਲ ਜੱਟਾਂ ਦਾ ਪਿਛੋਕੜ ਇੱਠਵਾਲ ਜਾਂ ਉਠਵਾਲ ਘਰਾਣਾ ਦੱਸਦਾ ਹੈ। ਅਟਵਾਲ ਖੁਦ ਨੁੰ ਸੂਰਜਬੰਸੀ ਰਾਜਪੂਤਾਂ ਦੇ ਉਸ ਧੜੇ ਤੋਂ ਉਗਮੇ ਹੋਏ ਮੰਨਦੇ ਹਨ, ਜਿਸਦੇ ਆਗੂ ਮਹਿਰਾਜ ਨੂੰ ਘੋੜੇ ਦੀ ਬਜਾਏ ਊਠ ਦੀ ਸਵਾਰੀ ਕਰਨ ਕਰਕੇ ਉਠਵਾਲ ਤਲੱਖਸ ਮਿਲਿਆ। ਹੌਲੀ-ਹੌਲੀ ਬਦਲਦੀ ਬੋਲ-ਚਾਲ ਅਤੇ ਸ਼ਬਦ ਬਣਤਰ ਤੇ ਸਥਾਨ ਤਬਦੀਲੀ-ਦਰ-ਤਬਦੀਲੀ ਨਾਲ ਇਸ ਕੁਨਬੇ ਦਾ ਨਾਂ ਉਠਵਾਲ ਤੋਂ ਊਂਟਵਾਲ ਤੇ ਫਿਰ ਵਿਗੜਦਾ-ਸੰਵਰਦਾ ਅਟਵਾਲ ਪਕੇਰਾ ਹੋ ਗਿਆ।
ਸਮੇਂ ਮੂਜਬ ਅਟਵਾਲ ਜੱਟ ਜਲ ਸੋਮਿਆ ਅਤੇ ਚਰਗਾਹਾਂ ਦੀ ਭਾਲ ‘ਚ ਦੋਆਬਾ ਵੱਲ ਆਏ ਸਨ। ਪਹਿਲਾਂ ਉਨ੍ਹਾਂ ਨੇ ਸੰਧਵਾਂ-ਫਰਾਲਾ, ਫਗਵਾੜਾ-ਮਾਹਿਲਪੁਰ ਸੜਕ ਵਿਖੇ ਟਿਕਵਾਂ ਵਸੇਬਾ ਕੀਤਾ। ਮਗਰੋਂ ਉਨ੍ਹਾਂ ਦੀ ਇੱਕ ਪੂਰ ਜਲੰਧਰ ਜ਼ਿਲ੍ਹੇ ਦੇ ਚਿੱਟੀ ਪਿੰਡ ਨੂੰ ਧਾਅ ਗਈ। ਦੂਜੀ, ਪਹਿਲਾਂ ਖੁਰਦਪੁਰ ਲਾਗਲੇ ਧੀਰੋਵਾਲ (ਘੀਰੋਵਾਲ) ਕੋਲ ਆ ਬੈਠੀ, ਪਰ ਉਥੇ ਪੈਰ ਨਾ ਟਿਕਣ ਕਾਰਨ ਉਨ੍ਹਾਂ ਲੋਕਾਂ ਉਸ ਖਾਲੀ ਥਾਂ ਖੁਰਦਪੁਰ ਆ ਬੰਨਿਆ, ਜਿਥੇ ਜਲ-ਸੀਰਾਂ ਆਪ-ਮੁਹਾਰੇ ਫੁੱਟਦੀਆਂ ਸਨ। ਇਸ ਧਿਰ ਦੇ ਆਗੂਆ ਦੇ ਨਾਂ ਹਰੀਆ ਅਤੇ ਭੰਗਾ ਸਨ। ਭੰਗਾ ਬੇਔਲਾਦ ਫੌਤ ਹੋ ਗਿਆ। ਹਰੀਏ ਦੀ ਅਗਲੀ ਪੀੜ੍ਹੀ ਵਿੱਚੋਂ ਹੋਏ ਸੱਤ ਪੁੱਤਰਾਂ ਦੇ ਨਾਂ ਉਤੇ ਇਸ ਖੇੜੇ ਦੀਆਂ ਸੱਤ ਪੱਤੀਆਂ ਬਣੀਆਂ। ਸਿੱਖ ਮਿਸਲਾਂ ਵੇਲੇ ਆਦਮਪੁਰ ਦੇ ਧੜਵੈਲ ਪਠਾਣਾਂ ਕਾਰਨ ਇੱਥੇ ਇੱਕ ਕੱਚੀ ਗੜ੍ਹੀ ਵੀ ਤਾਮੀਰ ਕਰਵਾਈ ਗਈ ਸੀ, ਜਿਹੜੀ ਇਸ ਪਿੰਡ ਦੀ ਉਸ ਵੇਲੇ ਦੀ ਜੰਗੀ ਮਹੱਤਤਾ ਦੱਸਦੀ ਹੈ। ਮਗਰੋਂ ਇਸੇ ਜੁਝਾਰ ਬਿਰਤੀ ਨੇ ਜੰਗ-ਏ-ਆਜ਼ਾਦੀ ਅਤੇ ਹੋਰ ਲਹਿਰਾਂ ਵਿੱਚ ਸਿਰਲੱਥ ਯੋਧਿਆਂ ਨੂੰ ਜਨਮ ਦਿੱਤਾ। ਕੁੱਝ ਇੱਕ ਦਾ ਜ਼ਿਕਰ ਕਰਨ ਦੀ, ਤੁਸੀ ਮੈਨੂੰ ਆਗਿਆ ਦਿਓ:
1. ਕਾਮਾਗਾਟਾਮਾਰੂ ਕਾਂਡ: ਬਿਧੀ ਸਿੰਘ, ਊਧਮ ਸਿੰਘ, ਮੇਲਾ ਸਿੰਘ ਅਤੇ ਸਰੂਪ ਸਿੰਘ।
2. ਗ਼ਦਰ ਪਾਰਟੀ: ਸ਼ਹੀਦ ਬਲਵੰਤ ਸਿੰਘ, ਸ਼ਹੀਦ ਰੰਗਾ ਸਿੰਘ ਅਤੇ ਗ਼ਦਰੀ ਲਛਮਣ ਸਿੰਘ।
3. ਗੁਰਦਵਾਰਾ ਸੁਧਾਰ ਲਹਿਰ: ਭਾਈ ਸੰਤਾ ਸਿੰਘ, ਹਜ਼ਾਰਾ ਸਿੰਘ, ਹਰੀ ਸਿੰਘ, ਬੋਘ ਸਿੰਘ, ਲਾਲ ਸਿੰਘ, ਪਿਰਥੀ ਸਿੰਘ, ਬਾਵਾ ਸਿੰਘ, ਮੋਹਣ ਸਿੰਘ ਅਤੇ ਜਥੇਦਾਰ ਲਛਮਣ ਸਿੰਘ ਤੇ ਪ੍ਰਤਾਪ ਸਿੰਘ, ਭਾਈ ਵਰਿਆਮ ਸਿੰਘ, ਕਰਤਾਰ ਸਿੰਘ, ਦਲੀਪ ਸਿੰਘ, ਪ੍ਰੀਤਮ ਸਿੰਘ, ਖੜਕ ਸਿੰਘ, ਠਾਕੁਰ ਸਿੰਘ, ਅੱਛਰ ਸਿੰਘ, ਦਰਸ਼ਨ ਸਿੰਘ, ਹਜ਼ਾਰਾ ਸਿੰਘ ਅਤੇ ਬੋਧ ਸਿੰਘ।
4. ਬਾਰਾਂ ਪੱਥਰ: ਫੌਜਦਾਰ ਪਿਸ਼ੌਰਾ ਸਿੰਘ।
5. ਬੱਬਰ ਅਕਾਲੀ ਲਹਿਰ: ਬੱਬਰ ਜੋਗਿੰਦਰ ਸਿੰਘ, ਊਧਮ ਸਿੰਘ ਅਤੇ ਅੱਛਰ ਸਿੰਘ।
6. ਆਜ਼ਾਦ ਹਿੰਦ ਫੌਜ: ਸ਼ਹੀਦ ਜਗਤ ਸਿੰਘ, ਗੁਰਚਰਨ ਸਿੰਘ, ਊਧੋ ਸਿੰਘ, ਹਰਦਿਆਲ ਸਿੰਘ ਅਤੇ ਲ਼ਛਮਣ।
7. ਕਮਿਊਨਿਸਟ ਇਨਕਲਾਬੀ: ਕਾਮਰੇਡ ਚੰਨਣ ਸਿੰਘ ਅਤੇ ਊਧਮ ਸਿੰਘ।
ਇਨ੍ਹਾਂ ਸੂਰਮਿਆਂ ਨੇ ਸੁਤੰਤਰਤਾ ਸੰਗਰਾਮ ਵਿੱਚ ਬੇਹੱਦ ਸੂਹਾ ਹਿੱਸਾ ਪਾਇਆ ਸੀ।
ਉਪਰੋਕਤ ਤੋਂ ਬਿਨਾ ਇਸ ਨਗਰ ਦੇ 5 ਸਪੂਤ ਪੰਜਾਬੀ ਸੂਬਾ ਮੋਰਚੇ ਵਿੱਚ ਅਤੇ ਦੋ ਐਮਰਜੈਂਸੀ ਵੇਲੇ ਜੇਲ੍ਹ ਗਏ। ਇਹੀ ਨਹੀਂ, ਇਸਦੇ ਦਰਜਨ ਭਰ ਹੋਰ ਨਾਇਕਾਂ ਨੇ ਲੋਕਾਂ ਅਤੇ ਆਹਲਾ ਵਤਨ ਹਿੱਤ ਸਮੇਂ-ਸਮੇਂ ਸੰਗਰਾਮੀ ਫਰਜ਼ ਨਿਭਾਇਆ। ਖੁਰਦਪੁਰ ਦੇ ਇਨ੍ਹਾਂ ਸਾਰੇ ਜਾਇਆਂ ਕਾਰਨ ਇਸ ਪਿੰਡ ਨੂੰ 52 ਕੌਮੀ ਪਰਵਾਨਿਆਂ ਦਾ ਗਰਾਂ ਕਿਹਾ ਜਾਂਦਾ ਹੈ।
ਇੱਕ ਖਾਸ ਗੱਲ ਹੋਰ: ਗ਼ਦਰੀ ਦੇਸ਼ ਭਗਤਾਂ ਨੇ ਇਸ ਸੋਚ ਅਧੀਨ ਕਿ ਜੇ ਲੋਕ ਖਾਸ ਕਰ ਕੁੜੀਆਂ-ਚਿੜੀਆਂ ਪੜ੍ਹ-ਲਿਖ ਜਾਣਗੀਆਂ ਤਾਂ ਆਜ਼ਾਦੀ ਦੀ ਜੰਗ ਬੇਹੱਦ ਵੇਗ ਫੜੇਗੀ ਅਤੇ ਗੁਲਾਮ ਭਾਰਤ ਦੀ ਜਲਦੀ ਬੰਦ ਖਲਾਸੀ ਹੋਵੇਗੀ, ਇੱਥੇ ਨਿਰੋਲ ਲੜਕੀਆਂ ਦਾ ਸਕੂਲ ਖੋਲਿ੍ਹਆ। ਉਦੋਂ ਪੰਜਾਬ ਵਿੱਚ ਲੜਕੀਆਂ ਦੇ ਚਾਰ ਸਕੂਲ ਖੋਲ੍ਹੇ ਗਏ- ਦੋ ਮਾਲਵੇ ਵਿਚ ਅਤੇ ਦੋ ਦੋਆਬੇ ਵਿੱਚ; ਜਿਨ੍ਹਾਂ ਨੂੰ ਗ਼ਦਰ ਪਾਰਟੀ ਵੱਲੋਂ ਮੁਕੰਮਲ ਮਾਲੀ ਅਤੇ ਨੈਤਿਕ ਮਦਦ ਆੳਂੁਦੀ ਸੀ। ਵੱਡਾ ਨੰਗਲ, ਬਲਾਕ ਮਾਹਿਲਪੁਰ (ਹੁਸ਼ਿਆਰਪੁਰ) ਅਤੇ ਦੂਜਾ ਇਸੇ ਖੁਰਦਪੁਰ (ਜਲੰਧਰ) ਵਿੱਚ। ਇੱਥੋਂ ਦੇ ਬਾਸ਼ਿੰਦੇ ਪਹਿਲਾਂ ਤੋਂ ਹੀ ਪੜ੍ਹਾਕੂ ਰਹੇ ਹਨ। ਭਲਿਆਂ-ਵੇਲੀ ਗੁਰਮੁਖੀ ਅੱਖਰ ਗਿਆਨ ਨਿਰਮਲਾ ਸਾਧ ਗਿਆਨੀ ਸ਼ਮੀਰ ਸਿੰਘ ਦਿੰਦਾ ਸੀ ਅਤੇ ਉਰਦੂ-ਫਾਰਸੀ ਦੇ ਅੱਖਰ ਉਠਾਲਣੇ ਮੌਲਵੀ ਬਰਕਤ ਉਲਾ ਦੱਸਦਾ ਸੀ, ਜਿਨ੍ਹਾਂ ਦੀ ਬਦੌਲਤ ਕੁੱਝ ਸਰਕਾਰੀ ਕਾਮੇ ਬਣੇ ਅਤੇ ਕੁੱਝ-ਇੱਕ ਵਿਦੇਸ਼ੀ ਉਡਾਰੀ ਮਾਰ ਗਏ। ਗ਼ਦਰੀਆਂ ਦਾ ਸਕੂਲ ਪਹਿਲਾਂ ਭਾਈ ਵਰਿਆਮ ਦੇ ਘਰ ਸ਼ੁਰੂ ਕੀਤਾ ਗਿਆ ਸੀ। ਮਗਰੋਂ ਬੱਬਰ ਲਹਿਰ ਵਾਲੇ ਠਾਕੁਰ ਸਿੰਘ ਭੋਜੋਵਾਲ, ਜਿਹੜਾ ਕਿ ਬੱਬਰਾਂ ਦੇ ਥਿੰਕ-ਟੈਂਕ ਮਾਸਟਰ ਮੋਤਾ ਸਿੰਘ ਪਤਾਰਾ ਦਾ ਨਜ਼ਦੀਕੀ ਸੀ, ਨੇ ਇੱਥੇ ਨਹਿਰ ਨਾਲ ਜੁੜਵੀਂ, ਮੁੱਖ ਸੜਕ ਉਤੇ ਵਾਕਿਆ ਅਲਾਟ ਹੋਈ ਆਪਣੀ ਬੇਹੱਦ ਕੀਮਤੀ ਜ਼ਮੀਨ ਦੇਸ਼ ਭਗਤਾਂ ਦੇ ਨਾਂ ਸਕੂਲ ਖੋਲ੍ਹਣ ਹਿੱਤ ਦੇ ਦਿੱਤੀ, ਜਿੱਥੇ ਅੱਜ ਦਾ ਗ਼ਦਰੀ ਸ਼ਹੀਦ ਰੰਗਾ ਸਿੰਘ-ਬਲਵੰਤ ਸਿੰਘ ਯਾਦਗਰੀ ਵੱਡਾ ਸਕੂਲ ਹੈ।
ਸ਼ਾਇਦ ਬਹੁਤਿਆਂ ਨੂੰ ਨਹੀਂ ਪਤਾ ਕਿ ਸਭ ਤੋਂ ਪਹਿਲਾਂ ਇੱਥੋਂ ਦੀ ਹੀ ਇੱਕ ਬਹੂ ਬੀਬੀ ਕਰਤਾਰ ਕੌਰ ਪਤਨੀ ਭਾਈ ਬਲਵੰਤ ਸਿੰਘ ਆਪਣੀਆਂ ਦੋ ਨਿੱਕੜੀਆਂ ਧੀਆਂ- ਊਧਮ ਕੌਰ ਅਤੇ ਨਿਰੰਜਣ ਕੌਰ ਨਾਲ ਅਤਿ ਜੋਖ਼ਮ ਹਾਲਤਾਂ ਵਿੱਚ ਵੈਨਕੂਵਰ ਪੁੱਜੀਆਂ ਸਨ, ਉਨ੍ਹੀਂ ਵੇਲੀਂ ਜਦ ਹਿੰਦੀਆਂ ਨੂੰ ਆਪਣੇ ਟੱਬਰ ਕੈਨੇਡਾ ਲਿਜਾਣ ਦੀ ਖੁੱਲ੍ਹ ਨਹੀਂ ਸੀ।