ਅੱਸੂ ਦੇ ਛੱਰਾਟਿਆਂ ‘ਚ ਲੱਗੀ ‘ਸਵੇਰਾ ਤੀਆਂ’ ਦੀ ਰੌਣਕ

ਆਮ-ਖਾਸ ਖਬਰਾਂ

ਟੀਮ ‘ਸਵੇਰਾ’ ਨੇ ਮਨਾਈਆਂ ‘ਧੀਆਂ ਦੀਆਂ ਤੀਆਂ’
ਸ਼ਿਕਾਗੋ (ਅਨੁਰੀਤ ਕੌਰ ਢਿੱਲੋਂ, ਬਿਊਰੋ): ਮੀਂਹ-ਕਣੀ ਵਾਲਾ ਮੌਸਮ ਹੋਣ ਦੇ ਬਾਵਜੂਦ ਟੀਮ ‘ਸਵੇਰਾ’ ਦੀਆਂ ‘ਧੀਆਂ ਦੀਆਂ ਤੀਆਂ’ ਨੂੰ ਖੂਬ ਹੁੰਗਾਰਾ ਮਿਲਿਆ। ਬੇਸ਼ਕ ਦੇਸੀ ਮਹੀਨਾ ਅੱਸੂ ਚੜ੍ਹਿਆ ਹੋਇਆ ਹੈ, ਪਰ ਤੀਆਂ ਵਾਲੇ ਦਿਨ ਪਏ ਮੀਂਹ ਦੇ ਛੱਰਾਟਿਆਂ ਵਿੱਚ ਵੀ ਬੀਬੀਆਂ ਨੇ ਪੈਲਾਟਾਈਨ ਦੇ ਡੀਅਰ ਗਰੂਵ ਵਿੱਚ ਰੌਣਕਾਂ ਲਾਈ ਰੱਖੀਆਂ। ਹਾਲਾਂਕਿ ਮੌਸਮ ਦੇ ਮੱਦੇਨਜ਼ਰ ਇਹ ਚਰਚਾ ਛਿੜ ਪਈ ਸੀ ਕਿ ਸ਼ਾਇਦ ਤੀਆਂ ਬਹੁਤੀਆਂ ਨਾ ਭਰਨ, ਪਰ ਤੀਆਂ ਮਨਾਉਣ ਲਈ ਟੀਮ ‘ਸਵੇਰਾ’ ਦੀਆਂ ਬੀਬੀਆਂ ਵੀ ਬਜ਼ਿੱਦ ਸਨ ਤੇ ਭਰੇ ਬੱਦਲਾਂ ਨੇ ਵੀ ਉਨ੍ਹਾਂ ਦੀ ਅੜੀ ਵੇਖ ਕੇ ਤੀਆਂ ਮਨਾਉਣ ਦੀ ਮੋਹਲਤ ਦੇ ਦਿੱਤੀ। ਤੀਆਂ ਦਾ ਉਦੋਂ ਸਿਖਰ ਹੋ ਨਿਬੜਿਆ, ਜਦੋਂ ਪੈਂਦੇ ਮੀਂਹ ਵਿੱਚ ਬੀਬੀਆਂ ਨੇ ਨੱਚ ਨੱਚ ਘਾਹ ਮਿੱਧ ਦਿੱਤਾ।

‘ਸਵੇਰਾ’ ਦੀ ਸਰਕਰਦਾ ਬੀਬੀ ਜਸਬੀਰ ਕੌਰ ਮਾਨ ਨੇ ਤੀਆਂ `ਤੇ ਆਈਆਂ ਉਨ੍ਹਾਂ ਸਾਰੀਆਂ ਬੀਬੀਆਂ, ਬੱਚੀਆਂ ਅਤੇ ਮੁਟਿਆਰਾਂ ਦਾ ਸਵਾਗਤ ਕੀਤਾ, ਜਿਨ੍ਹਾਂ ਨੇ ਮੀਂਹ ਦੌਰਾਨ ਵੀ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ। ਤੀਆਂ ਦੇ ਮੇਲੇ ਦਾ ਸਭ ਨੇ ਅਨੰਦ ਮਾਣਿਆ ਜਿਵੇਂ ਕਿ ਇਹ ਉਨ੍ਹਾਂ ਦੇ ਘਰ ਦਾ ਕੋਈ ਪ੍ਰੋਗਰਾਮ ਹੋਵੇ। ਕਈ ਬੀਬੀਆਂ ਮੀਂਹ ਦਾ ਸੋਚ ਕੇ ਤੀਆਂ `ਤੇ ਨਹੀਂ ਪਹੁੰਚੀਆਂ, ਪਰ ਜਿਹੜੀਆਂ ਪਹੁੰਚੀਆਂ ਉਨ੍ਹਾਂ ਨੇ ਹੀ ਚਾਰ ਚੰਨ ਲਾ ਦਿੱਤੇ। ਧੀਆਂ ਦੀਆਂ ਤੀਆਂ ਦਾ ਇਹ ਹੀ ਮਕਸਦ ਹੁੰਦਾ ਕਿ ਅਜੋਕੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਕੁਝ ਸਮਾਂ ਆਪਣੇ ਲਈ ਕੱਢ ਕੇ ਹਰ ਮੁਟਿਆਰ ਉਸ ਸਮੇਂ ਨੂੰ ਮਾਣ ਸਕੇ ਅਤੇ ਔਰਤਾਂ ਸਾਰਾ ਕੁਝ ਭੁੱਲ-ਭੁਲਾ ਕੇ ਨੱਚ-ਗਾ ਕੇ ਆਪਣੇ ਮਨ ਦੇ ਚਾਅ ਪੂਰੇ ਕਰ ਸਕਣ।
ਤੀਆਂ ‘ਤੇ ਆਈਆਂ ਬੀਬੀਆਂ/ਮੁਟਿਆਰਾਂ ਇੱਕ ਤੋਂ ਵੱਧ ਕੇ ਇੱਕ ਤਿਆਰ ਹੋ ਕੇ ਆਈਆਂ ਸਨ। ਸੋਹਣੇ ਪੰਜਾਬੀ ਪਹਿਰਾਵਿਆਂ ਤੇ ਗਹਿਣਿਆਂ ਨਾਲ ਸਜੀਆਂ ਬੀਬੀਆਂ ਆਪਣੀ ਪ੍ਰਤਿਭਾ ਦਾ ਪ੍ਰਗਟਾਵਾ ਕਰ ਰਹੀਆਂ ਸਨ ਤੇ ਉਨ੍ਹਾਂ ਗਿੱਧਾ, ਸਕਿੱਟ ਸਮੇਤ ਬੜਾ ਕੁਝ ਪੇਸ਼ ਕੀਤਾ। ਇੱਕ ਪੇਸ਼ਕਾਰੀ ‘ਗੁਰਦਿੱਤੇ ਦਿਆ ਲਾਲਾ– ਹਾਂ ਜੀ’ ਪੇਸ਼ ਕੀਤੀ ਗਈ, ਜਿਸ ਵਿੱਚ ਇੱਕ ਤੀਵੀਂ ਗਰਭ ਅਵਸਥਾ ਸਮੇਂ ਆਪਣੇ ਘਰ ਵਾਲੇ ਤਲਕੀਫਾਂ ਦੱਸਦੀ ਉਹਦੇ ਨਾਲ ਨੋਕ-ਝੋਕ ਕਰਦੀ ਹੈ। ਇਸ ਦਾ ਰੰਗ ਹਾਜ਼ਰ ਹਰ ਬੀਬੀ ਨੇ ਮਾਣਿਆ। ਇਸ ਪੇਸ਼ਕਾਰੀ ਦੌਰਾਨ ਪਾਤਰਾਂ ਦੀ ਅਦਾਕਾਰੀ ਦੇਖ-ਦੇਖ ਤੇ ਬੋਲ ਸੁਣ-ਸੁਣ ਕਈ ਬੀਬੀਆਂ ਖੂਬ ਹੱਸੀਆਂ ਤੇ ਆਪੋ-ਆਪਣੇ ਫੋਨ ਕੱਢ ਕੇ ਵੀਡੀਓ ਬਣਾਉਣ ਲੱਗ ਪਈਆਂ।
‘ਸ਼ਿਕਾਗੋ ਕੁਈਨਜ਼’ ਟੀਮ ਦੀਆਂ ਰਿੰਪਲ, ਬਲਜੀਤ, ਅਮਰਜੀਤ, ਸਰਬਜੋਤ, ਸੁੱਖੀ, ਡਿੰਪੀ, ਰਾਜਵਿੰਦਰ ਨੇ ਢੋਲਕੀ ਨਾਲ ਪੇਸ਼ਕਾਰੀ ਕੀਤੀ, ਜਿਸ ਨੂੰ ਸਾਰੀਆਂ ਬੀਬੀਆਂ ਨੇ ਖੂਬ ਪਸੰਦ ਕੀਤਾ। ਦੋ ਜੋੜਿਆਂ ਦੇ ਡਾਂਸ ਪੇਸ਼ ਕੀਤੇ ਗਏ, ਜਿਸ ਵਿੱਚ ਇੱਕ ਵਿਆਹੀ ਔਰਤ ਆਪਣੇ ਘਰ ਵਾਲੇ ਤੋਂ ਕੁਝ ਚੀਜ਼ਾਂ ਦੀ ਮੰਗ ਕਰਦੀ ਹੈ ਅਤੇ ਦੂਜੇ ਗਾਣੇ ਵਿੱਚ ਇੱਕ ਟਰੱਕ ਡਰਾਈਵਰ ਰਸਤੇ ਵਿੱਚ ਜਾਂਦੀ ਮੁਟਿਆਰ ਨੂੰ ਸਵਾਰੀ ਦੇਣ ਲਈ ਕਹਿੰਦਾ ਹੈ ਤੇ ਉਹ ਮਨ੍ਹਾਂ ਕਰਦੀ ਹੈ, ਵੀ ਕਾਫੀ ਮਨੋਰੰਜਨ ਭਰਪੂਰ ਸੀ। ‘ਮਿੱਤਰਾਂ ਦਾ ਚੱਲਿਆ ਟਰੱਕ ਨੀ’ ਵਿੱਚ ਅਦਾਕਾਰੀ ਰਿੰਪਲ ਡੋਗਰਾ ਤੇ ਸੁਖਵੀਰ ਢਿੱਲੋਂ ਨੇ ਕੀਤੀ।
ਕੁੜੀਆਂ ਵੱਲੋਂ ‘ਗਿੱਧਾ ਧੀਆਂ ਦਾ’ ਤੇ ‘ਮਾਂ ਦੀ ਕਮਲੀ ਮੇਲੇ ਚੱਲੀ’ ਪੇਸ਼ਕਾਰੀ ਉਤੇ ਗਿੱਧਾ ਪਾਇਆ ਗਿਆ। ਇਸ ਟੀਮ ਦੀਆਂ ਕੋਆਰਡੀਨੇਟਰ ਪਾਇਲ ਵਿਰਦੀ ਤੇ ਸਰਬਜੀਤ ਕੌਰ ਸਨ। ਬਲਜੀਤ ਅਟਵਾਲ ਤੇ ਰਾਜਵਿੰਦਰ ਕੌਰ ‘ਮੰਨ ਜਾ ਬਾਲਮਾ’ ਪੇਸ਼ ਕੀਤਾ, ਜਦਕਿ ਹਰਮੀਤ ਕੌਰ ਨੇ ‘ਸੌਂਕਣ ਗਿੱਧੇ ਦੀ।’ ਸਰਬਜੀਤ ਕੌਰ ਨੇ ‘ਮਾਲਵੇ `ਚ ਰਹਿੰਦੀਆਂ ਸ਼ੌਕੀਨ ਨਾਰੀਆਂ’ ਤੇ ਇੱਕ ਹੋਰ ਗੀਤ ਉਤੇ ਅਦਾਕਾਰੀ ਭਰਪੂਰ ਗਿੱਧਾ ਪਾਇਆ। ਮਨਕੀਰਤ ਕੌਰ, ਹਰਮਨ ਕੌਰ ਤੇ ਮਹਿਕਪ੍ਰੀਤ ਕੌਰ ਨੇ ਗੀਤ ‘ਚੰਦ ਵਰਗੀਆਂ ਜੱਟੀਆਂ ਪੰਜਾਬ ਦੀਆਂ’ ਉਤੇ ਕੋਰਿਓਗ੍ਰਾਫੀ ਕੀਤੀ। ਕਿਰਨ ਕੌਰ ਨੇ ‘ਲੈ ਜਾ ਮੇਰਾ ਲੱਕ ਮਿਣ ਕੇ’ ਅਤੇ ਕੁਲਵੰਤ ਕੌਰ ਤੇ ਰੂਪਾ ਕੌਰ ਨੇ ‘ਭੰਗੜਾ ਇਨਫਿਨਿਟੀ’ ਆਈਟਮ ਪੇਸ਼ ਕੀਤੀ। ਗੁਰਪ੍ਰੀਤ ਕੌਰ ਤੇ ਕੁਲਵੰਤ ਕੌਰ ਨੇ ‘ਮਾਹੀਆ ਮੈਂ ਲੌਂਗ ਗਵਾ ਆਈ ਆਂ’ ਉਤੇ ਗਿੱਧਾ ਪਾਇਆ। ਪੇਸ਼ਕਾਰੀਆਂ ਵਿੱਚ ਚਰਖਾ ਕੱਤਦੀ ਮੁਟਿਆਰ, ਪੱਖੀਆਂ ਝੱਲਦੀਆਂ ਕੁੜੀਆਂ ਤੇ ਚੁੰਨੀਆਂ ਸੁਕਾਉਂਦੀਆਂ ਮੁਟਿਆਰਾਂ ਅਤੇ ਵੰਗਾਂ ਚੜ੍ਹਾਉਣ ਆਏ ਵਣਜਾਰੇ ਦੇ ਦ੍ਰਿਸ਼ ਵੀ ਬੜੇ ਦਿਲਚਸਪ ਸਨ। ਬੇਅੰਤ ਕੌਰ ਵਿਰਕ ਅਤੇ ਸਰਬਜੀਤ ਕੌਰ ਨੇ ‘ਪਾਈਆ ਦੁੱਧ’ ਆਈਟਮ `ਤੇ ਮੋਨੋਐਕਟਿੰਗ ਕੀਤੀ।
ਇਸ ਮੌਕੇ ਖੁੱਲ੍ਹੇ ਪਿੜ ਵਿੱਚ ਬੀਬੀਆਂ ਨੇ ਬੋਲੀਆਂ ਪਾਉਂਦਿਆਂ ਗਿੱਧਾ ਪਾਇਆ। ਕੁਝ ਬੋਲੀਆਂ ਸਨ: ‘ਨਾਲੇ ਸੱਸਾਂ ਪੁੱਤ ਦਿੰਦੀਆਂ, ਨਾਲੇ ਦਿੰਦੀਆਂ ਰਹਿਣ ਨੂੰ ਥਾਵਾਂ’; ‘ਘਰ ਦੀ ਸ਼ੱਕਰ ਬੂਰੇ ਵਰਗੀ ਗੁੜ ਚੋਰੀ ਦਾ ਖਾਂਦਾ, ਚੰਦਰੇ ਨੂੰ ਇਸ਼ਕ ਬੁਰਾ ਬਿਨ ਪੌੜੀ ਚੜ੍ਹ ਜਾਂਦਾ’; ‘ਜੱਟੀਏ ਦੇ ਦਬਕਾ, ਜੱਟ ਨਾ ਬਰਾਬਰ ਬੋਲੇ’; ‘ਸੱਸ ਮੇਰੀ ਨੇ ਮੁੰਡੇ ਜੰਮੇ, ਮੁੰਡੇ ਜੰਮੇ ਸੌ, ਅਜੇ ਕਿਹੜਾ ਹਟਦੀ ਸੀ, ਮਰ ਗਿਆ ਮੁੰਡੇ ਦਾ ਪਿਓ।’ ਹੋਰ ਵੀ ਕਈ ਤਰ੍ਹਾਂ ਦੇ ਹਾਵ-ਭਾਵ ਪ੍ਰਗਟ ਕਰਦੀਆਂ ਬੋਲੀਆਂ ਪੈ ਰਹੀਆਂ ਸਨ- ਕੋਈ ਮਨ ਦੇ ਵਲਵਲੇ ਕੱਢਣ ਵਾਲੀ, ਕੋਈ ਪ੍ਰੀਤਾਂ ਭਰਪੂਰ ਤੇ ਕੋਈ ਤਨਜਾਂ ਵਾਲੀਆਂ; ਯਾਨਿ ਹਰ ਬੋਲੀ ਦਾ ਆਪਣਾ ਹੀ ਰੰਗ ਸੀ। ਇਜਿਪਟ ਤੋਂ ਆਈ ਹੋਈ ਜ਼ੀਨਾ ਨੇ ਬੈਲੇ ਡਾਂਸ ਪੇਸ਼ ਕੀਤਾ ਤਾਂ ਜ਼ਰੂਰ ਹੀ ਕੁਝ ਬਜ਼ੁਰਗ ਬੀਬੀਆਂ ਨੇ “ਹੂ ਮੈਂ ਮਰ`ਜਾਂ” ਆਖਦਿਆਂ ਸ਼ਰਮ ਮੰਨੀ ਹੋਣੀ ਹੈ, ਜਦਕਿ ਮਾਡਰਨ ਖਿਆਲਾਂ ਵਾਲੀਆਂ ਮੁਟਿਆਰਾਂ ਨੇ ਇਸ ਡਾਂਸ ਉਤੇ ਚੀਕਾਂ ਤੇ ਤਾੜੀਆਂ ਮਾਰ ਕੇ ਜ਼ੀਨਾ ਦੇ ਬੈਲੇ ਡਾਂਸ ਦੀ ਤਾਰੀਫ ਕੀਤੀ। ਜਦੋਂ ਜ਼ੀਨਾ ਨੇ ਡਾਂਸ ਦੇ ਅਖੀਰ ਵਿੱਚ ਇੱਕ ਪੰਜਾਬਣ ਮੁਟਿਆਰ ਨੂੰ ਨਾਲ ਨੱਚਣ ਲਈ ਹੱਥ ਫੜ ਲਿਆ ਤਾਂ ਉਹ ਮੁਟਿਆਰ ਗਿੱਧਾ ਪਾਉਣ ਲੱਗ ਪਈ, ਜਿਸ ਤਰ੍ਹਾਂ ਜਤਾ ਰਹੀ ਹੋਵੇ ਕਿ ‘ਬੀਬਾ ਤੈਨੂੰ ਤੇਰਾ ਡਾਂਸ ਮੁਬਾਰਕ, ਸਾਨੂੰ ਤਾਂ ਗਿੱਧਾ ਈ ਜੱਚਦੈ!’ ਇਸ ਮੌਕੇ ਮੁਸਲਿਮ ਅਤੇ ਹਿੰਦੂ ਭਾਈਚਾਰੇ ਦੀਆਂ ਕੁੜੀਆਂ ਵੀ ਪਹੁੰਚੀਆਂ ਹੋਈਆਂ ਸਨ।
ਗਹਿਣਿਆਂ, ਫੁਲਕਾਰੀਆਂ ਅਤੇ ਪੰਜਾਬੀ ਜੁੱਤੀਆਂ ਤੇ ਸੂਟਾਂ ਦੇ ਸਟਾਲਾਂ ਤੋਂ ਬਿਨਾ ਤਾਂ ਤੀਆਂ ਦਾ ਮੌਕਾ ਜੱਚਦਾ ਹੀ ਨਹੀਂ, ਤਾਂਹੀਓਂ ਮੰਚ ਸੰਭਾਲਦੀਆਂ ਬੀਬੀਆਂ ਨਾਲੋ ਨਾਲ ਤੀਆਂ ਮਨਾਉਣ ਆਈਆਂ ਬੀਬੀਆਂ ਨੂੰ ਸਟਾਲਾਂ ਤੋਂ ਕੋਈ ਨਾ ਕੋਈ ਵਸਤੂ ਖਰੀਦਣ ਲਈ ਉਤਸ਼ਾਹਿਤ ਕਰ ਰਹੀਆਂ ਸਨ। ਪੀਂਘ ਦੇ ਹੁਲਾਰੇ ਲੈਣ ਤੋਂ ਕਿਵੇਂ ਕੋਈ ਮੁਟਿਆਰ ਪਿੱਛੇ ਰਹਿ ਸਕਦੀ ਹੈ! ਜਿੱਥੇ ਕੁੜੀਆਂ-ਚਿੜੀਆਂ ਅਤੇ ਮੁਟਿਆਰਾਂ ਹੋਣ, ਤੇ ਉਹ ਵੀ ਤਿਆਰ ਹੋਈਆਂ ਤਾਂ ਫਿਰ ਫੋਟੋਆਂ ਅਤੇ ਰੀਲਾਂ ਦੇ ਜ਼ਮਾਨੇ ਵਿੱਚ ਕੋਈ ਕਿਵੇਂ ਟਲ ਸਕਦਾ! ਨਕਲੀ ਖੂਹ ਤੋਂ ਪਾਣੀ ਭਰਨ ਦਾ ਸਵਾਂਘ ਰਚਦੀਆਂ ਬੀਬੀਆਂ ਵੀ ਤਸਵੀਰਾਂ ਤੇ ਵੀਡੀਓ ਬਣਾ ਬਣਾ ਹਾਸੇ ਕੇਰ ਰਹੀਆਂ ਸਨ।
ਇਸ ਮੌਕੇ ਸਭ ਤੋਂ ਛੋਟੀ ਕੁੜੀ ਸਾਢੇ ਚਾਹ ਮਹੀਨੇ ਦੀ ਜਸਨੂਰ ਕੌਰ ਕਲੇਰ ਨੂੰ ਤੀਆਂ ਵਿੱਚ ਆਉਣ ‘ਤੇ ਗਿਫਟ ਹੈਂਪਰ ਦਿੱਤਾ ਗਿਆ। ਉਸ ਦੀ ਦਾਦੀ, ਨਾਨੀ ਤੇ ਮੰਮੀ ਨਾਲ ਸੀ। ਸਭ ਤੋਂ ਵੱਡੀ ਉਮਰ ਦੀਆਂ ਬੀਬੀਆਂ ਵਿੱਚੋਂ 89 ਅਤੇ 94 ਸਾਲ ਦੀਆਂ ਦੋ ਬੇਬੇਆਂ ਨੂੰ ਸਤਿਕਾਰ ਵਜੋਂ ਸੂਟ ਦਿੱਤੇ ਗਏ। ‘ਵੱਡੀ ਬੇਬੇ’ ਦਾ ਖਿਤਾਬ ਬੀਬੀ ਕਰਮਜੀਤ ਕੌਰ ਗੁਰਮ ਨੂੰ ਮਿਲਿਆ। ਇਸੇ ਦੌਰਾਨ ਮਰਹੂਮ ਗੁਰਦੀਪ ਕੌਰ (ਜੌਲੀ) ਡੰਡੋਨਾ ਦੀਆਂ ਦੋਵੇਂ ਧੀਆਂ ਦਾ ਫੁਲਕਾਰੀ ਨਾਲ ਸਨਮਾਨ ਕੀਤਾ ਗਿਆ। ਉਨ੍ਹਾਂ ਦਾ ਸਾਰਾ ਪਰਿਵਾਰ ਤੀਆਂ ਦੇ ਮੇਲੇ ਮੌਕੇ ਹਾਜ਼ਰ ਸੀ। ਜ਼ਿਕਰਯੋਗ ਹੈ ਕਿ ਇਹ ਤੀਆਂ ਸਵਰਗੀ ਬੀਬੀ ਡੰਡੋਨਾ ਨੂੰ ਸਮਰਪਿਤ ਸਨ। ਬੀਬੀ ਜਸਬੀਰ ਕੌਰ ਮਾਨ ਨੇ ਦੱਸਿਆ ਕਿ ਜਦੋਂ ‘ਸਵੇਰਾ’ ਦੀ ਟੀਮ ਬਣੀ ਤਾਂ ਜੌਲੀ ਡੰਡੋਨਾ ਸ਼ੁਰੂ ਤੋਂ ਸੰਸਥਾ ਨਾਲ ਸੀ। ਗੁਰਦੁਆਰਾ ਪੈਲਾਟਾਈਨ ਦੇ ਗੁਰਮਤਿ ਸਕੂਲ ਦੀ ਵਿਦਿਆਰਥਣ ਗੁਰਮਨ ਕੌਰ ਬਰਾੜ ਦਾ ਜਨਮ ਦਿਨ ਕੇਟ ਕੱਟ ਕੇ ਮਨਾਇਆ ਗਿਆ। ਇਸ ਮੌਕੇ ਰੈਫਲ ਕੱਢੇ ਗਏ, ਜਿਸ ਦੇ ਇਨਾਮ ਵਿੱਚ ਸਾੜੀ, ਡਰੈੱਸ ਤੇ ਟੀ-ਸ਼ਰਟਾਂ ਸਨ।
‘ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ ਤੇ ਗਾਉਣ ਵਾਲੇ ਦਾ ਮੂੰਹ’ ਬੋਲਾਂ ਵਾਂਗ ਖਰਾਬ ਮੌਸਮ ਵਿੱਚ ਵੀ ਬੀਬੀਆਂ ਨੇ ਖੂਬ ਤੀਆਂ ਮਨਾ ਲਈਆਂ। ਉਤੋਂ ਚਾਹ ਨਾਲ ਗਰਮ ਜਲੇਬੀਆਂ ਅਤੇ ਸਵਾਦੀ ਖਾਣੇ ਕੜ੍ਹੀ-ਚੌਲ ਤੇ ਛੋਲੇ-ਭਠੂਰਿਆਂ ਦਾ ਸਭ ਨੇ ਅਨੰਦ ਮਾਣਿਆ। ਤਾਜ਼ਾ ਭਠੂਰੇ ਤੇ ਜਲੇਬੀਆਂ ਕੇ.ਕੇ. ਪੰਮਾ ਤਿਆਰ ਕਰ ਰਿਹਾ ਸੀ। ਕੜ੍ਹੀ ਤੇ ਛੋਲੇ ਕਾਫੀ ਬਚ ਗਏ ਸਨ, ਜੋ ਬਾਅਦ ਵਿੱਚ ਤੀਆਂ ਵਿੱਚ ਸ਼ਾਮਲ ਹੋਈਆਂ ਮੇਲਣਾਂ ਨੂੰ ਵੰਡੇ ਦਿੱਤੇ ਗਏ। ਮੰਚ ਜਸਬੀਰ ਕੌਰ ਮਾਨ ਤੇ ਸੀਰਤ ਕੌਰ ਕਲੇਰ ਨੇ ਬਾਖੂਬੀ ਸੰਭਾਲਿਆ। ਨਾਲ ਹੀ ਉਨ੍ਹਾਂ ਨੇ ਪੰਜਾਬੀ ਵਿਰਸੇ ਦੀਆਂ ਤੰਦਾਂ ਛੋਹੀਆਂ ਤੇ ਨਾਲ ਹੀ ਟੀਮ ‘ਸਵੇਰਾ’ ਵੱਲੋਂ ਲੋੜਵੰਦ ਬੀਬੀਆਂ ਦੀ ਕੀਤੀ ਜਾਂਦੀ ਮਦਦ ਬਾਰੇ ਦੱਸਿਆ। ਗੁਰਲੀਨ ਕੌਰ ਨੇ ਪੀ.ਟੀ.ਸੀ. ਲਈ ਕਵਰੇਜ ਕੀਤੀ ਅਤੇ ਮੇਲੇ ਦੌਰਾਨ ਬੋਲੀਆਂ ਵੀ ਪਾਈਆਂ।
ਬਾਅਦ ਵਿੱਚ ਜਦੋਂ ਮੁੜ ਮੀਂਹ ਪੈਣ ਲੱਗ ਪਿਆ ਤਾਂ ਸਾਰੀਆਂ ਨੇ ਬੱਬੂ ਮਾਨ ਦੇ ਗੀਤ ‘ਸੌਣ ਦੀ ਝੜੀ’ ਅਤੇ ਰੁਪਿੰਦਰ ਹਾਂਡਾ ਦੇ ਗੀਤ ‘ਮੇਰੇ ਪਿੰਡ ਦੇ ਗੇੜੇ ਮਾਰਦਾ’ ਉਤੇ ਖੂਬ ਗਿੱਧਾ ਪਾਇਆ। ਅਖੀਰ ਵਿੱਚ ਟੀਮ ਸਵੇਰਾ ਦੀਆਂ ਕੁੜੀਆਂ-ਬੀਬੀਆਂ ਨੇ ਬੀਬੀ ਜਸਵੀਰ ਕੌਰ ਮਾਨ ਦੀ ਸਿਹਤਯਾਬੀ ਦੀ ਕਾਮਨਾ ਕਰਦਿਆਂ ‘ਤੈਨੂੰ ਸਾਡੀ ਵੀ ਉਮਰ ਲੱਗ ਜਾਵੇ, ਤੀਆਂ ਨੀ ਲਗਾਉਣ ਵਾਲੀਏ’ ਬੋਲੀ ਪਾ ਕੇ ਤੀਆਂ ਦਾ ਮੇਲਾ ਵਧਾ ਦਿੱਤਾ। ਟੀਮ ‘ਸਵੇਰਾ’ ਨੇ ਧੀਆਂ ਦੀਆਂ ਤੀਆਂ ਨੂੰ ਥੋੜ੍ਹੇ ਸਮੇਂ ਵਿੱਚ ਹੀ ਪਲੈਨ ਕੀਤਾ ਤੇ ਸਫਲ ਬਣਾਉਣ ਲਈ ਅਣਥਕ ਮਿਹਨਤ ਕੀਤੀ। ਉਨ੍ਹਾਂ ਦੀ ਮਿਹਨਤ ਸਦਕਾ ਇਹ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ। ‘ਸਵੇਰਾ’ ਟੀਮ ਦੀਆਂ ਸਾਰੀਆਂ ਮੈਂਬਰਾਨ ਸੰਸਥਾ ਦੇ ਸਾਰੇ ਕੰਮ ਜ਼ਿੰਮੇਵਾਰੀ ਨਾਲ ਨਜਿੱਠਦੀਆਂ ਹਨ।
ਡੀ.ਜੇ. ਰਾਜਨ ਭੱਲਾ ਦਾ ਸੀ। ਤਸਵੀਰਾਂ ਏਸ਼ੀਅਨ ਮੀਡੀਆ ਦੇ ਸੁਰੇਸ਼ ਬੋਦੀਵਾਲਾ ਨੇ ਖਿੱਚੀਆਂ। ਟੀਮ ‘ਸਵੇਰਾ’ ਨੇ ਕਾਰਸੇਵਾ ਗਰੁੱਪ ਦਾ ਧੰਨਵਾਦ ਕੀਤਾ ਹੈ ਕਿ ਉਹ ਸੰਸਥਾ ਦੇ ਕਿਸੇ ਵੀ ਪ੍ਰੋਗਰਾਮ ਲਈ ਮਦਦ ਕਰਦੇ ਹਨ। ਪੰਜਾਬੀ ਅਮੈਰਿਕਨ ਆਰਗੇਨਾਈਜੇਸ਼ਨ (ਪੀ.ਏ.ਓ.) ਸ਼ਿਕਾਗੋ ਦੀ ਸਾਰੀ ਟੀਮ ਵੀ ਮੇਲੇ ਵਿੱਚ ਹਾਜ਼ਰ ਸੀ। ਕਮਲ ਸਹੋਤਾ ਤੇ ਲਾਡੀ ਕੇ. ਸਿੰਘ ਸਮੇਤ ਹੋਰ ਕਈ ਬੀਬੀਆਂ ਦੇ ਵਿੱਤੀ ਸਹਿਯੋਗ ਨਾਲ ਤੀਆਂ ਨੇਪਰੇ ਚੜ੍ਹੀਆਂ।

Leave a Reply

Your email address will not be published. Required fields are marked *