ਮੱਧ ਪੂਰਬ ਕਲੇਸ਼: ਪੇਜਰ ਬੰਬ ਧਮਾਕਿਆਂ ਨੇ ਦੁਨੀਆਂ ਦੇ ਦੰਦ ਜੋੜੇ

ਖਬਰਾਂ ਵਿਚਾਰ-ਵਟਾਂਦਰਾ

*ਹਿਜ਼ਬੁਲਾ ਨੇ ਧਮਾਕਿਆਂ ਲਈ ਇਜ਼ਰਾਇਲ ਨੂੰ ਜ਼ਿੰਮੇਵਾਰ ਠਹਿਰਾਇਆ
*ਹੰਗਰੀ ਦੀ ਇੱਕ ਦਲਾਲ ਕੰਪਨੀ ਸ਼ੱਕ ਦੇ ਘੇਰੇ ‘ਚ
ਪੰਜਾਬੀ ਪਰਵਾਜ਼ ਬਿਊਰੋ
ਮੱਧ ਪੂਰਬ ਵਿਚਲੀ ਜੰਗ ‘ਚ ਪਿਛਲੇ ਹਫਤੇ ਹੋਏ ਪੇਜਰ ਬੰਬ ਧਮਾਕਿਆਂ ਨੇ ਜੰਗੀ ਹਥਿਆਰਾਂ ਦੀ ਵਰਤੋਂ ਦੇ ਇਤਿਹਾਸ ਵਿੱਚ ਇੱਕ ਨਵਾਂ ਪੰਨਾ ਜੋੜ ਦਿੱਤਾ ਹੈ। ਇਜ਼ਰਾਇਲ ਨੇ ਭਾਵੇਂ ਲੈਬਨਾਨ ਵਿੱਚ ਕਰਵਾਏ ਗਏ ਇਨ੍ਹਾਂ ਬੰਬ ਧਮਾਕਿਆਂ ਦੀ ਜ਼ਿੰਮੇਵਾਰੀ ਨਹੀਂ ਲਈ, ਪਰ ਲੈਬਨਾਨ (ਹਿਜ਼ਬੁੱਲਾ) ਅਤੇ ਇਰਾਨ ਨੇ ਇਹ ਸਿੱਧੇ ਦੋਸ਼ ਲਗਾਏ ਹਨ ਕਿ ਪੇਜਰਾਂ ਅਤੇ ਵਾਕੀਟਾਕੀ ਸੈਟਾਂ ਨੂੰ ਬੰਬਾਂ ਵਿੱਚ ਬਦਲਣ ਦੀ ਇਹ ਕਾਰਵਾਈ ਇਜ਼ਰਾਇਲ ਦੀ ਸ਼ਾਮੂਲੀਅਤ ਤੋਂ ਬਿਨਾ ਨਹੀਂ ਹੋ ਸਕਦੀ; ਜਦਕਿ ਇਜ਼ਰਾਇਲ ਦੇ ਮੁੱਖ ਭਾਈਵਾਲ ਅਮਰੀਕਾ ਨੇ ਇਨ੍ਹਾਂ ਧਮਾਕਿਆਂ ਵਿੱਚ ਸ਼ਾਮੂਲੀਅਤ ਤੋਂ ਸਾਫ ਇਨਕਾਰ ਕੀਤਾ ਹੈ।

ਯਾਦ ਰਹੇ, ਲੈਬਨਾਨ ਦੀ ਇਜ਼ਰਾਇਲ ਨਾਲ ਲਗਦੀ ਸਰਹੱਦ ਅਤੇ ਦੱਖਣੀ ਬੈਰੂਤ ਵਿੱਚ ਹੋਏ ਪੇਜਰ ਬੰਬ ਧਮਾਕਿਆਂ ਤੇ ਇਜ਼ਰਾਇਲ ਵੱਲੋਂ ਕੀਤੇ ਗਏ ਹਵਾਈ ਹਮਲਿਆਂ ਵਿੱਚ 37 ਵਿਅਕਤੀ ਮਾਰੇ ਗਏ ਹਨ ਅਤੇ 3300 ਦੇ ਕਰੀਬ ਜ਼ਖਮੀ ਹੋ ਗਏ ਹਨ। ਇਸ ਕਾਰਵਾਈ ਵਿੱਚ ਹਿਜ਼ਬੁੱਲਾ ਦੇ ਦੋ ਸੀਨੀਅਰ ਕਮਾਂਡਰਾਂ ਅਤੇ ਅਨੇਕਾਂ ਵਰਕਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਮ ਲੋਕ ਵੀ ਮਾਰੇ ਗਏ ਹਨ ਅਤੇ ਸੈਕੜਿਆਂ ਦੀ ਗਿਣਤੀ ਵਿੱਚ ਜ਼ਖਮੀ ਹੋਏ ਹਨ। ਇਸ ਤੋਂ ਇਲਾਵਾ ਸੀਰੀਆ ਵਿੱਚ ਵੀ ਹਿਜ਼ਬੁੱਲਾ ਦੇ ਕਾਰਕੁੰਨਾਂ ਨੂੰ ਨਿਸ਼ਾਨੇ ‘ਤੇ ਰੱਖ ਕੇ ਪੇਜਰ ਧਮਾਕੇ ਕੀਤੇ ਗਏ ਹਨ। ਵੈਸੇ ਵੀ ਜਿਸ ਸਮੇਂ ਇਹ ਧਮਾਕੇ ਕੀਤੇ ਗਏ ਹਨ, ਉਸ ਦੇ ਨਾਲ ਹੀ ਇਜ਼ਰਾਇਲ ਵੱਲੋਂ ਲੈਬਨਾਨ ਦੀ ਰਾਜਧਾਨੀ ਦੇ ਦੱਖਣੀ ਨੀਮ ਸ਼ਹਿਰੀ ਇਲਾਕਿਆਂ ਵਿੱਚ ਹਵਾਈ ਹਮਲੇ ਵੀ ਕੀਤੇ ਗਏ। ਇਨ੍ਹਾਂ ਹਮਲਿਆਂ ਵਿੱਚ ਲੈਬਨਾਨ ਆਧਾਰਤ ਇੱਕ ਹਥਿਆਰਬੰਦ ਗਰੁੱਪ ‘ਹਿਜ਼ਬੁੱਲਾ’ ਦਾ ਸੀਨੀਅਰ ਕਮਾਂਡਰ ਅਹਿਮਦ ਮਹਿਮੂਦ ਵਹਾਬੀ ਮਾਰਿਆ ਗਿਆ ਹੈ। ਇਸ ਤੋਂ ਇਲਾਵਾ ਹਿਜ਼ਬੁੱਲਾ ਐਲੀਟ ਫੌਜੀ ਫੋਰਸ ਦਾ ਮੁਖੀ ਇਬਰਾਹੀਮ ਅਕੀਲ ਵੀ ਮਾਰਿਆ ਗਿਆ ਦੱਸਿਆ ਜਾਂਦਾ ਹੈ। ਬੈਰੂਤ ਵਿੱਚ ਅਮਰੀਕਾ ਦੀ ਅੰਬੈਸੀ ਵਿੱਚ ਹੋਏ ਬੰਬ ਧਮਾਕਿਆਂ ਲਈ ਵੀ ਉਹ ਜ਼ਿੰਮੇਵਾਰ ਮੰਨਿਆ ਜਾਂਦਾ ਸੀ। ਅਮਰੀਕਾ ਵੱਲੋਂ ਉਸ ਸੰਬੰਧੀ ਸੂਚਨਾ ਦੇਣ ਵਾਲੇ ਨੂੰ 7 ਮਿਲੀਅਨ ਡਾਲਰ ਇਨਾਮ ਵਜੋਂ ਦੇਣ ਦਾ ਐਲਾਨ ਕੀਤਾ ਗਿਆ ਸੀ। ਇਹ ਦੋਨੋ ਹਿਜ਼ਬੁੱਲ ਕਮਾਂਡਰ ਇਜ਼ਰਾਇਲ ਵੱਲੋਂ ਕੀਤੇ ਗਏ ਹਵਾਈ ਹਮਲਿਆਂ ਵਿੱਚ ਮਾਰੇ ਗਏ ਹਨ। ਲੈਬਨਾਨ ਦੇ ਸਿਹਤ ਮੰਤਰੀ ਫ਼ਰਾਸ ਅਬਿਆਦ ਅਨੁਸਾਰ ਇਨ੍ਹਾਂ ਹਮਲਿਆਂ ਵਿੱਚ ਕਈ ਛੋਟੇ-ਛੋਟੇ ਬੱਚੇ ਵੀ ਮਾਰੇ ਗਏ ਹਨ। ਉਨ੍ਹਾਂ ਕਿਹਾ ਕਿ ਦੱਖਣੀ ਬੈਰੂਤ ਵਿੱਚ ਸਥਿਤ ਹਿਜ਼ਬੁੱਲਾ ਕਮਾਂਡਰਾਂ ਦੇ ਰਿਹਾਇਸ਼ੀ ਘਰਾਂ ਅਤੇ ਕੰਮਕਾਜ਼ੀ ਇਲਾਕਿਆਂ ਨੂੰ ਨਿਸ਼ਾਨੇ ਬਣਾ ਕੇ ਇਹ ਹਵਾਈ ਹਮਲੇ ਕੀਤੇ ਗਏ ਹਨ। ਇਸ ਦੇ ਨਾਲ-ਨਾਲ ਜ਼ਮੀਨੀ ਜੰਗ ਵਿੱਚ ਇੱਕ ਨਵਾਂ ਆਯਾਮ ਜੋੜਦਿਆਂ ਪੇਜਰ ਧਮਾਕੇ ਕਰਵਾ ਕੇ ਇਜ਼ਰਾਇਲ ਨੇ ਹਿਜ਼ਬੁੱਲਾ ਦੇ ਕਈ ਕਮਾਂਡਰ ਮਾਰ ਦਿੱਤੇ ਹਨ। ਇਸ ਕਾਰਵਾਈ ਨੇ ਦੁਨੀਆਂ ਦੀਆਂ ਫੌਜੀ ਤਕਨੀਕ ਦੇ ਮਾਹਿਰਾਂ ਦੇ ਵੀ ਦੰਦ ਜੋੜ ਦਿੱਤੇ ਹਨ।
ਧਮਾਕਿਆਂ ਤੋਂ ਬਾਅਦ ਸੰਯੁਕਤ ਰਾਸ਼ਟਰ ਸਿਕਿਉਰਿਟੀ ਕੌਂਸਲ ਨੇ ਹਾਲਾਤ ਦਾ ਜਾਇਜ਼ਾ ਲੈਣ ਲਈ ਇੱਕ ਮੀਟਿੰਗ ਬੁਲਾਈ, ਜਿਸ ਵਿੱਚ ਇਜ਼ਰਾਇਲੀ ਨੁਮਾਇੰਦੇ ਨੇ ਪੇਜਰ ਧਮਾਕਿਆਂ ਵਿੱਚ ਸ਼ਮੂਲੀਅਤ ਬਾਰੇ ਭਾਵੇਂ ਕੁਝ ਨਹੀਂ ਕਿਹਾ, ਪਰ ਉਹ ਹਿਜ਼ਬੁੱਲਾ ਦੀ ਕਾਰਵਾਈਆਂ ਨੂੰ ਆਧਾਰ ਬਣਾ ਕੇ ਪੇਜਰ ਹਮਲਿਆਂ ਨੂੰ ਡਿਫੈਂਡ ਕਰਦੇ ਨਜ਼ਰ ਆਏ, ਜਦੋਂਕਿ ਲੈਬਨਾਨ ਦੇ ਨੁਮਾਇੰਦੇ ਨੇ ਇਨ੍ਹਾਂ ਧਮਾਕਿਆਂ ਨੂੰ ‘ਜੰਗੀ ਜ਼ੁਰਮ’ ਕਿਹਾ। ਉਨ੍ਹਾਂ ਕਿਹਾ ਕਿ ਇਨ੍ਹਾਂ ਹਮਲਿਆਂ ਨਾਲ ਇਜ਼ਰਾਇਲ ਨੇ ਜੰਗ ਬਾਰੇ ਸਾਰੇ ਕੌਮਾਂਤਰੀ ਕਾਨੂੰਨਾਂ ਅਤੇ ਅਸੂਲਾਂ ਨੂੰ ਛਿੱਕੇ ਟੰਗ ਦਿੱਤਾ ਹੈ। ਉਸ ਨੇ ਸਿੱਧੇ ਤੌਰ ‘ਤੇ ਲੈਬਨਾਨ ਦੇ ਆਮ ਲੋਕਾਂ, ਔਰਤਾਂ, ਬੱਚਿਆਂ ਅਤੇ ਬੁੱਢਿਆਂ ਨੂੰ ਨਿਸ਼ਾਨਾ ਬਣਾਇਆ ਹੈ। ਸੰਪਰਕ ਯੰਤਰਾਂ (ਪੇਜਰ ਅਤੇ ਵਾਕੀਟਾਕੀ ਸੈਟ) ਨੂੰ ਧਮਾਕਾ ਖੇਜ ਸਮਗਰੀ ਬਣਾ ਕੇ ਕੌਮਾਂਤਰੀ ਜੰਗੀ ਕਾਨੂੰਨਾਂ ਦੀ ਉਲੰਘਣਾ ਕੀਤੀ ਹੈ। ਭਾਵੇਂ ਸੁਰੱਖਿਆ ਕੌਂਸਲ ਦੇ ਬਹੁਤੇ ਮੈਂਬਰਾਂ ਵੱਲੋਂ ਕਮਿਉਨੀਕੇਸ਼ਨ ਦੇ ਆਮ ਜਨਤਕ ਸੰਦਾਂ ਨੂੰ ਧਮਾਕਾ ਖੇਜ ਸਮਗਰੀ ਵਿੱਚ ਬਦਲ ਦੇਣ ਅਤੇ ਇਨ੍ਹਾਂ ਰਾਹੀਂ ਹਜ਼ਾਰਾਂ ਲੋਕਾਂ ਨੂੰ ਮਾਰ ਦੇਣ ਦੀ ਨਿੰਦਿਆ ਕੀਤੀ ਗਈ, ਪਰ ਮੀਟਿੰਗ ਜੰਗ ਨੂੰ ਰੋਕਣ ਲਈ ਕਿਸੇ ਠੋਸ ਭੂਮਿਕਾ ਬਾਰੇ ਫੈਸਲਾ ਕਰੇ ਤੋਂ ਬਿਨਾ ਹੀ ਉਠ ਗਈ।
ਯਾਦ ਰਹੇ, 1990 ਦੇ ਇਰਦ-ਗਿਰਦ ਜਦੋਂ ਮੋਬਾਈਲ ਦਾ ਏਡੀ ਵੱਡੀ ਪੱਧਰ ‘ਤੇ ਪਸਾਰਾ ਨਹੀਂ ਸੀ ਹੋਇਆ ਤਾਂ ਸੁLਕੀਨ ਕਾਰੋਬਾਰੀ ਟੈਕਸਟ ਮੈਸੇਜ ਭੇਜਣ ਵਾਲਾ ਇੱਕ ਡਿਵਾਈਸ (ਸੰਦ) ਲੱਕ ਨਾਲ ਬੰਨ੍ਹ ਕੇ ਰੱਖਿਆ ਕਰਦੇ ਸਨ, ਜਿਸ ਨੂੰ ਪੇਜਰ ਕਿਹਾ ਜਾਂਦਾ ਸੀ। ਮੋਬਾਈਲ ਦੀ ਵਿਆਪਕ ਆਮਦ ਅਤੇ ਇਹਦੇ ਵਿੱਚ ਨਵੀਆਂ-ਨਵੀਆਂ ਸਹੂਲਤਾਂ ਜੁੜਨ ਕਾਰਨ ਬਾਜ਼ਾਰ ਵਿੱਚੋਂ ਪੇਜਰ ਲਗਪਗ ਗਾਇਬ ਹੀ ਹੋ ਗਿਆ ਸੀ, ਪਰ ਇਸ ਸਦੀ ਦੇ ਪਹਿਲੇ ਦਹਾਕੇ ਦੇ ਅੱਧ ਤੋਂ ਹੀਂ ਮੋਬਾਈਲ ਤੋਂ ਅੱਕੇ ਲੋਕਾਂ ਲਈ ਪੇਜਰ ਮੁੜ ਆਸਰਾ ਬਣ ਗਿਆ। ਇਸ ਦੀ ਪੈਦਾਵਾਰ ਅਤੇ ਵਿੱਕਰੀ ਵਧਣ ਲੱਗੀ। ਤਾਈਵਾਨ ਪੇਜਰ ਬਣਾਉਣ ਵਾਲਾ ਇੱਕ ਪ੍ਰਮੁੱਖ ਮੁਲਕ ਹੈ। ਜਿਨ੍ਹਾਂ ਪੇਜਰਾਂ ਵਿੱਚ ਧਮਾਕੇ ਹੋਏ ਹਨ, ਇਹ ਵੀ ਇੱਕ ਤਾਈਵਾਨੀ ਕੰਪਨੀ ‘ਗੋਲਡ ਐਪੋਲੋ’ ਵੱਲੋਂ ਹੀ ਬਣਾਏ ਗਏ ਸਨ। ਇਸ ਲਈ ਵਿਚੋਲਗੀ ਕਰਨ ਵਾਲੀ ਕੰਪਨੀ ਹੰਗਰੀ ਨਾਲ ਸੰਬੰਧਤ ਹੈ। ਇਸ ਹੰਗੇਰੀਅਨ ਕੰਪਨੀ ਦੀ ਚੀਫ ਐਗਜ਼ੈਕਟਿਵ ਅਫਸਰ ਇੱਕ 49 ਸਾਲਾਂ ਦੀ ਔਰਤ ਕਰਿਸਟੀਆਨਾ ਬਾਰਸੋਨੀ ਐਰਸੀਆਡੋਨੇ, ਪਾਰਟੀਕਲ ਫਿਜ਼ਿਕਸ ਵਿੱਚ ਪੀਐਚ.ਡੀ. ਹੈ। ਪੇਜਰ ਧਮਾਕਿਆਂ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦੇ ਮਾਰੇ ਜਾਣ ਤੋਂ ਬਾਅਦ ਪੱਛਮ ਦੀਆਂ ਕੁਝ ਪ੍ਰਮੁੱਖ ਖ਼ਬਰ ਏਜੰਸੀਆਂ ਵੱਲੋਂ ਇਸ ਔਰਤ ਤੱਕ ਪਹੁੰਚ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਇਹ ਪੇਜਰ ਉਸ ਨੇ ਨਹੀਂ ਬਣਾਏ, ਉਹਨੇ ਤਾਂ ਸਿਰਫ ਵਿਚੋਲਗੀ ਕੀਤੀ ਹੈ। ਬਾਰਸੋਨੀ ਨੇ ਕਿਹਾ, ‘ਆਈ ਐਮ ਜਸਟ ਇੰਟਰਮੀਡੀਏਟਰ, ਯੂ ਗੌਟ ਇਟ ਰੌਂਗ।’ ਆਪਣੇ ਇਸ ਬਿਆਨ ਤੋਂ ਪਿਛੋਂ ਇਹ ਔਰਤ ਲਾਪਤਾ ਹੈ ਅਤੇ ਕਿਸੇ ਫੋਨ ਕਾਲ ਜਾਂ ਟੈਕਸਟ ਮੈਸੇਜ ਦਾ ਜਵਾਬ ਨਹੀਂ ਦੇ ਰਹੀ। ਹਰ ਥਾਂ ਤੋਂ ਨੌਕਰੀਆਂ ਨੂੰ ਸਮੇਂ ਤੋਂ ਪਹਿਲਾਂ ਲੱਤ ਮਾਰ ਜਾਣ ਵਾਲੀ ਇਹ ਬੇਚੈਨ ਔਰਤ ਹੰਗਰੀ ਦੀ ਰਾਜਧਾਨੀ ਬੁਡਾਪੈਸਟ ਵਿੱਚ ਰਹਿੰਦੀ ਹੈ ਤੇ ਇਸ ਦੀ ਕੰਪਨੀ ਦਾ ਦਫਤਰ ਵੀ ਇੱਥੇ ਹੀ ਹੈ। ਹੁਣ ਇਸ ਦੇ ਘਰ ਤੇ ਦਫਤਰ ਬੰਦ ਹਨ। ਹੰਗਰੀ ਦੀ ਸਰਕਾਰੀ ਖ਼ੁਫੀਆ ਏਜੰਸੀ ਨੇ ਕਿਹਾ ਕਿ ਬੀਤੇ ਐਤਵਾਰ ਉਸ ਦੇ ਅਫਸਰਾਂ ਨੇ ਬਾਰਸੋਨੀ ਨਾਲ ਕਈ ਮੁਲਾਕਾਤਾਂ ਕੀਤੀਆਂ ਹਨ। ਹੰਗਰੀ ਸਰਕਾਰ ਅਨੁਸਾਰ ਬਾਰਸੋਨੀ ਦੀ ਕੰਪਨੀ ‘ਟਰੇਡਿੰਗ ਇੰਟਰਮੀਡੀਅਰੀ’ (ਵਪਾਰਕ ਵਿਚੋਲਗੀ) ਕੰਪਨੀ ਹੈ। ਹੰਗਰੀ ਵਿੱਚ ਇਸ ਦਾ ਕੋਈ ਪ੍ਰੋਡਕਸ਼ਨ ਕੇਂਦਰ ਨਹੀਂ ਹੈ।
ਬਾਰਸੋਨੀ ਨਾਲ ਕੰਮ ਕਰਨ ਵਾਲੇ ਲੋਕਾਂ ਅਨੁਸਾਰ ਵੇਖਣ ਨੂੰ ਇਹ ਔਰਤ ਬੇਹੱਦ ਜ਼ਹੀਨ ਅਤੇ ਚੰਗੀ ਨੀਅਤ ਦੀ ਮਾਲਕ ਦਿਸਦੀ ਹੈ। ਕੁਝ ਨਵਾਂ ਕਰਨ ਲਈ ਹਰ ਵਕਤ ਤਿਆਰ ਰਹਿੰਦੀ ਹੈ। ਬਾਰਸੋਨੀ ਨੂੰ ਆਪਣੇ ਇੱਕ ਸਮਾਜ ਸੇਵੀ ਪ੍ਰਜੈਕਟ ਲਈ ਨੌਕਰੀ ‘ਤੇ ਰੱਖਣ ਵਾਲੀ ਯੂਨਾਈਟਿਡ ਨੇਸ਼ਨ ਪ੍ਰਸ਼ਾਸਕ ਕਲਿਆਨ ਕਲਿੰਸ਼ਪਿਤ ਨੇ ਕਿਹਾ ਕਿ ‘ਉਸ ਨੂੰ ਨੌਕਰੀ ‘ਤੇ ਰੱਖ ਕੇ ਮੈਂ ਗਲਤੀ ਕੀਤੀ। ਉਹ ਆਪਣਾ ਕੰਟਰੈਕਟ ਪੂਰਾ ਕਰਨ ਤੋਂ ਪਹਿਲਾਂ ਹੀ ਨੌਕਰੀ ਛੱਡ ਗਈ ਸੀ।’
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਹਮਾਸ ਦੇ ਲੜਾਕਿਆਂ ਨੇ ਪਿਛਲੇ ਸਾਲ 7 ਅਕਤੂਬਰ ਨੂੰ ਇਜ਼ਰਾਇਲ ਦੇ ਅੰਦਰ ਦਾਖਲ ਹੋ ਕੇ ਇੱਕ ਮੇਲੇ ਵਰਗੇ ਮਾਹੌਲ ‘ਤੇ ਹਮਲਾ ਕਰ ਦਿੱਤਾ ਸੀ ਅਤੇ ਇਸ ਦੌਰਾਨ 150 ਤੋਂ ਵੱਧ ਲੋਕ ਹਮਾਸ ਵੱਲੋਂ ਬੰਦੀ ਬਣਾ ਲਏ ਗਏ ਸਨ। ਇੱਕ ਹਜ਼ਾਰ ਤੋਂ ਵੱਧ ਲੋਕ ਮਾਰੇ ਗਏ ਸਨ ਅਤੇ ਅਨੇਕਾਂ ਜ਼ਖਮੀ ਹੋਏ ਸਨ। ਇਨ੍ਹਾਂ ਵਿੱਚੋਂ ਕੁਝ ਨੂੰ ਤਾਂ ਇੱਕ ਸਮਝੌਤੇ ਤਹਿਤ ਰਿਹਾਅ ਕਰ ਦਿੱਤਾ ਗਿਆ ਅਤੇ ਕੁਝ ਨੂੰ ਵਕਤ-ਬਾ-ਵਕਤ ਹਮਾਸ ਵੱਲੋਂ ਮਾਰ ਦਿੱਤਾ ਗਿਆ। ਸੌ ਦੇ ਕਰੀਬ ਲੋਕ ਹਾਲੇ ਵੀ ਹਮਾਸ ਦੀ ਹਿਰਾਸਤ ਵਿੱਚ ਹਨ। ਇਸ ਘਟਨਾ ਪਿੱਛੋਂ ਇਜ਼ਰਾਇਲ ਵੱਲੋਂ ਗਾਜਾ ਪੱਟੀ ਵਿੱਚ ਹਮਾਸ ਦੇ ਲੜਾਕਿਆਂ ਖਿਲਾਫ ਸ਼ੁਰੂ ਕੀਤੀ ਗਈ ਲੜਾਈ ਵਿੱਚ 40,000 ਤੋਂ ਵੱਧ ਲੋਕ ਮਾਰੇ ਗਏ। ਇਸ ਤੋਂ ਕਿਧਰੇ ਜ਼ਿਆਦਾ ਜ਼ਖਮੀ ਹੋਏ ਹਨ। ਇਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ, ਬੱਚੇ, ਬੁੱਢੇ ਅਤੇ ਬਿਮਾਰ ਵਿਅਕਤੀ ਸ਼ਾਮਲ। ਕਤਰ, ਮਿਸਰ ਅਤੇ ਸੀਰੀਆ ਵੱਲੋਂ ਲਗਾਤਾਰ ਕੀਤੇ ਗਏ ਯਤਨਾਂ ਦੇ ਬਾਵਜੂਦ ਇਹ ਜੰਗ ਕਿਸੇ ਸਿਰੇ ਲਗਦੀ ਵਿਖਾਈ ਨਹੀਂ ਦੇ ਰਹੀ। ਇਜ਼ਰਾਇਲ ਦੀ ਫੌਜ ਨੂੰ ਭੁਲੇਖਾ ਸੀ ਕਿ ਸਮੁੰਦਰੀ ਕੰਢੇ ਨਾਲ ਲਗਦੇ ਇੱਕ ਛੋਟੇ ਜਿਹੇ ਇਲਾਕੇ ‘ਗਾਜ਼ਾ ਪੱਟੀ’ ਵਿੱਚ ਉਹ ਬੱਸ ਗਏ ਤੇ ਆਏ; ਪਰ ਇਸ ਖੇਤਰ ਅਤੇ ਆਲੇ-ਦੁਆਲੇ ਦੇ ਮੁਲਕਾਂ ਵਿੱਚ ਡੂੰਘੀਆਂ ਜੜਾਂ ਪਸਾਰ ਚੁੱਕੀ ‘ਹਮਾਸ’ ਕੋਲੋਂ ਉਹ ਆਪਣੇ 150 ਬੰਦਿਆਂ ਦੀ ਰਿਹਾਈ ਵੀ ਸੰਪੂਰਨ ਨਹੀਂ ਕਰਵਾ ਸਕੀ। ਇਸੇ ਦਰਮਿਆਨ ਲੜਾਈ ਦਾ ਹਿਜ਼ਬੁੱਲਾ ਦੇ ਖਿਲਾਫ ਜ਼ੋਰ ਵਧ ਗਿਆ ਹੈ। ਇਸ ਤਰ੍ਹਾਂ ਇਜ਼ਰਾਇਲ ਖੁਦ ਆਪ ਹੀ ਲੜਾਈ ਦਾ ਘੇਰਾ ਵੱਡਾ ਕਰਨ ਦੇ ਰਾਹ ਪੈ ਗਿਆ ਹੈ।

Leave a Reply

Your email address will not be published. Required fields are marked *