ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਆਪਣੀ ਮਿਹਨਤ ਅਤੇ ਲਿਆਕਤ ਸਦਕਾ ਉਚੇਰੇ ਮੁਕਾਮ ਹਾਸਿਲ ਕੀਤੇ ਹਨ ਅਤੇ ਨਿਵੇਕਲੀ ਪਛਾਣ ਕਾਇਮ ਰੱਖਣ ਹਿਤ ਜੱਦੋਜਹਿਦ ਵੀ ਕੀਤੀ। ਅਜਿਹੀ ਹੀ ਵਾਰਤਾ ਨਾਰਵੇ ਦੇ ਸਿਰੜੀ ਪੰਜਾਬੀਆਂ ਦੀ ਵੀ ਹੈ। ਭਰਵੀਂ ਮਿਹਨਤ ਨਾਲ ਪੰਜਾਬੀਆਂ ਨੇ ਨਾਰਵੇਂ ਦੀ ਅਰਥ ਵਿਵਸਥਾ ਵਿੱਚ ਵੀ ਖਾਸਾ ਯੋਗਦਾਨ ਪਾਇਆ ਹੈ। ਇਤਿਹਾਸਕ ਪਰਿਪੇਖ ਵਿੱਚ 1984 ਦੌਰਾਨ ਸਿੱਖਾਂ ਲਈ ਇਹ ਦੇਸ਼ ਕਾਫੀ ਮਦਦਗਾਰ ਸਾਬਿਤ ਹੋਇਆ ਸੀ। ਦਿਲਚਸਪ ਗੱਲ ਹੈ ਕਿ ‘ਕਿਸੇ ਧਰਮ ਜਾਂ ਮਜ਼ਹਬ ਨੂੰ ਮੰਨਣ ਦੀ ਆਜ਼ਾਦੀ ਦਾ ਐਲਾਨਨਾਮਾ’ ਨਾਂ ਦੇ ਦਸਤਾਵੇਜ਼ ’ਤੇ ਸਿੱਖਾਂ ਸਮੇਤ ਵੱਖ-ਵੱਖ ਧਰਮਾਂ ਨਾਲ ਜੁੜੇ ਲੋਕਾਂ ਦੇ ਪ੍ਰਤੀਨਿਧੀਆਂ ਵੱਲੋਂ ਦਸਤਖ਼ਤ ਕਰਕੇ ਇਹ ਅਹਿਦ ਲਿਆ ਗਿਆ ਸੀ ਕਿ ਇੱਕ-ਦੂਜੇ ਦੇ ਧਰਮ ਤੇ ਧਾਰਮਿਕ ਕਾਰਜਾਂ ਦਾ ਸਨਮਾਨ ਕਰਦਿਆਂ ਸਭ ਲੋਕ ਮਿਲ-ਜੁਲ ਕੇ ਰਹਿਣਗੇ।
ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
ਫੋਨ:+91-9781646008
ਉੱਤਰੀ ਯਰੂਪ ਵਿੱਚ ਸਥਿਤ ਨਾਰਵੇ ਦਾ ਕੁੱਲ ਰਕਬਾ 3,85,207 ਵਰਗ ਕਿਲੋਮੀਟਰ ਹੈ। 19 ਸਤੰਬਰ 2024 ਦੇ ਦਿਨ ਤੱਕ ਇਸ ਮੁਲਕ ਦੀ ਆਬਾਦੀ 55,86,790 ਦੇ ਅੰਕੜੇ ਨੂੰ ਛੂਹ ਚੁੱਕੀ ਸੀ, ਜਦੋਂ ਕਿ ਸਾਲ 2022 ਦੀ ਜਨਗਣਨਾ ਅਨੁਸਾਰ ਉਸ ਵੇਲੇ ਇਹ ਆਬਾਦੀ 54.60 ਲੱਖ ਦੇ ਕਰੀਬ ਸੀ। ਸਕੈਂਡੀਨੇਵੀਅਨ ਪ੍ਰਾਇਦੀਪ ਵਿਖੇ ਸਥਿਤ ਇਸ ਖ਼ੂਬਸੂਰਤ ਮੁਲਕ ਦੇ ਪੂਰਬ ਵਾਲੇ ਪਾਸੇ ਸਵੀਡਨ ਦੇਸ਼ ਦੀ ਲੰਮੀ ਸਰਹੱਦ ਲੱਗਦੀ ਹੈ ਤੇ ਉੱਤਰ-ਪੂਰਬੀ ਖਿੱਤੇ ਵਿੱਚ ਫ਼ਿਲਨੈਂਡ ਅਤੇ ਰੂਸ ਦੀਆਂ ਸਰਹੱਦਾਂ ਇਸ ਮੁਲਕ ਨੂੰ ਛੂਹੰਦੀਆਂ ਹਨ। ਸੰਨ 1984 ਵਿੱਚ ਪੰਜਾਬ ਅੰਦਰ ਪਾਵਨ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਥਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉੱਤੇ ਹਮਲਾ ਕਰਕੇ ਕੀਤੇ ਗਏ ਆਪਰੇਸ਼ਨ ਬਲੂ-ਸਟਾਰ ਅਤੇ ਉਪਰੰਤ ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੇ ਫ਼ਲਸਰੂਪ ਵਾਪਰੇ ਦਿੱਲੀ ਦੰਗਿਆਂ ਦੇ ਉਨ੍ਹਾਂ ਕਾਲੇ ਦਿਨਾਂ ਵਿੱਚ ਪੰਜਾਬੀਆਂ ਤੇ ਖ਼ਾਸ ਕਰਕੇ ਸਿੱਖਾਂ ਲਈ ਨਾਰਵੇ ਜਿਹਾ ਦੇਸ਼ ਕਾਫੀ ਮਦਦਗਾਰ ਸਾਬਿਤ ਹੋਇਆ ਸੀ, ਕਿਉਂਕਿ ਉਸ ਕਾਲਖੰਡ ਵਿੱਚ ਨਾਰਵੇ ਵਿਖੇ ਪੰਜਾਬੀਆਂ ਦੀ ਆਮਦ ਵਿੱਚ ਭਾਰੀ ਵਾਧਾ ਵੇਖਣ ਨੂੰ ਮਿਲਿਆ ਸੀ।
ਇਤਿਹਾਸ ਦੀਆਂ ਪਰਤਾਂ ਫ਼ਰੋਲਣ ’ਤੇ ਪਤਾ ਲੱਗਦਾ ਹੈ ਕਿ ਸੰਨ 1905 ਵਿੱਚ ਪੂਰਨ ਆਜ਼ਾਦੀ ਹਾਸਿਲ ਕਰਨ ਵਾਲੇ ਮੁਲਕ ਨਾਰਵੇ ਵਿਖੇ ਸੰਨ 1969 ਦੇ ਆਸ-ਪਾਸ ਜੋ ਪਹਿਲਾ ਪੰਜਾਬੀ ਸ਼ਖ਼ਸ ਨਾਰਵੇ ਵਿਖੇ ਆ ਕੇ ਵੱਸਿਆ ਸੀ, ਉਸਦਾ ਨਾਂ ਸ. ਅਮਰਜੀਤ ਸਿੰਘ ਕੰਬੋਜ ਸੀ। ਉਸ ਤੋਂ ਬਾਅਦ ਇੱਥੇ ਪੁੱਜਣ ਵਾਲੇ ਕਈ ਹੋਰ ਪੰਜਾਬੀ ਅਤੇ ਭਾਰਤੀ ਲੋਕਾਂ ਨੇ ਸੰਨ 1971 ਵਿੱਚ ਹੀ ਇੱਥੇ ‘ਦਿ ਇੰਡੀਅਨ ਵੈੱਲਫ਼ੇਅਰ ਸੁਸਾਇਟੀ ਨਾਰਵੇ’ ਨਾਮੀ ਜਥੇਬੰਦੀ ਕਾਇਮ ਕਰ ਦਿੱਤੀ ਸੀ। ਸਾਲ 2022 ਵਿੱਚ ਕੀਤੀ ਗਈ ਜਨਗਣਨਾ ਅਨੁਸਾਰ ਨਾਰਵੇ ਵਿੱਚ ਵੱਸਣ ਵਾਲੇ ਸ੍ਰੀ ਲੰਕਾਈ ਅਤੇ ਅਫ਼ਗ਼ਾਨੀ ਲੋਕਾਂ ਦੀ ਸੰਖਿਆ ਕ੍ਰਮਵਾਰ 14-14 ਹਜ਼ਾਰ ਸੀ, ਜਦੋਂ ਕਿ ਉਸ ਵੇਲੇ ਇੱਥੇ ਹਾਜ਼ਰ ਭਾਰਤੀਆਂ ਦੀ ਸੰਖਿਆ 10 ਹਜ਼ਾਰ ਸੀ। ਇਨ੍ਹਾਂ ਵਿੱਚੋਂ ਪੰਜਾਬੀਆਂ ਦੀ ਸੰਖਿਆ 5 ਹਜ਼ਾਰ ਦੇ ਕਰੀਬ ਸੀ। ਗ਼ੌਰਤਲਬ ਹੈ ਕਿ ਨਾਰਵੇ ਵਿੱਚ ਵੱਸਣ ਵਾਲੇ ਪੰਜਾਬੀਆਂ ਦੀ ਕੁੱਲ ਗਿਣਤੀ ਵਿੱਚੋਂ ਜ਼ਿਆਦਾਤਰ ਪੰਜਾਬੀ ਓਸਲੋ ਨਾਮੀ ਖਿੱਤੇ ਵਿੱਚ ਵੱਸਦੇ ਹਨ, ਜਿੱਥੇ ਪੰਜਾਬੀਆਂ ਨੇ ਦੋ ਵੱਡੇ ਗੁਰਦੁਆਰਾ ਸਾਹਿਬਾਨ ਦਾ ਨਿਰਮਾਣ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਓਸਲੋ ਤੋਂ 40 ਕੁ ਕਿਲੋਮੀਟਰ ਦੇ ਫ਼ਾਸਲੇ ’ਤੇ ਸਥਿਤ ਡਰੈਮਨ ਇਲਾਕੇ ਵਿੱਚ ਵੀ ਪੰਜਾਬੀ ਵੱਡੀ ਸੰਖਿਆ ਵਿੱਚ ਵੱਸਦੇ ਹਨ, ਜਦੋਂ ਕਿ ਉੱਤਰੀ ਯੂਰਪ ਖਿੱਤੇ ਦਾ ਸਭ ਤੋਂ ਵੱਡਾ ਗੁਰਦੁਆਰਾ ਡਰੈਮਨ ਜ਼ਿਲੇ ਦੇ ਸ਼ਹਿਰ ‘ਲਾਇਰ’ ਵਿਖੇ ਪੰਜਾਬੀਆਂ ਨੇ ਬਣਾਇਆ ਹੈ। ਇਸਦੇ ਨਾਲ ਹੀ ਇੱਥੇ ਨੌਜਵਾਨਾਂ ਅੰਦਰ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਇੱਕ ਸਿੱਖ ਸੰਗਠਨ ਵੀ ਕਾਇਮ ਕੀਤਾ ਗਿਆ ਹੈ।
ਧਾਰਮਿਕ ਅਤੇ ਸੱਭਿਅਚਾਰਕ ਪੱਖ ਤੋਂ ਨਾਰਵੇ ਵੱਖ-ਵੱਖ ਧਰਮਾਂ ਨਾਲ ਸਬੰਧਿਤ ਲੋਕਾਂ ਨੂੰ ਆਪਣੇ ਕਲਾਵੇ ਵਿੱਚ ਲਈ ਬੈਠਾ ਹੈ। ਇੱਥੇ 22,000 ਬੋਧੀ, 13 ਹਜ਼ਾਰ ਦੇ ਕਰੀਬ ਹਿੰਦੂ, 4300 ਤੋਂ ਵੱਧ ਸਿੱਖ ਅਤੇ 740 ਦੇ ਕਰੀਬ ਯਹੂਦੀ ਤੇ ਕੁਝ ਇੱਕ ਹੋਰ ਧਰਮਾਂ ਜਾਂ ਮਜ਼ਹਬਾਂ ਨਾਲ ਜੁੜੇ ਵੱਖ-ਵੱਖ ਮੁਲਕਾਂ ਤੋਂ ਆਏ ਲੋਕ ਵੱਸਦੇ ਹਨ। ਇਸ ਮੁਲਕ ਵਿੱਚ 8 ਨਵੰਬਰ 2001 ਨੂੰ ‘ਓਸਲੋ ਡੈਕਲਾਰੇਸ਼ਨ ਆੱਫ਼ ਫ਼ਰੀਡਮ ਆੱਫ਼ ਰਿਲੀਜਨ ਐਂਡ ਬਿਲੀਫ਼’ ਭਾਵ ‘ਕਿਸੇ ਧਰਮ ਜਾਂ ਮਜ਼ਹਬ ਨੂੰ ਮੰਨਣ ਦੀ ਆਜ਼ਾਦੀ ਦਾ ਐਲਾਨਨਾਮਾ’ ਨਾਂ ਦੇ ਦਸਤਾਵੇਜ਼ ’ਤੇ ਵੱਖ-ਵੱਖ ਧਰਮਾਂ ਨਾਲ ਜੁੜੇ ਲੋਕਾਂ ਦੇ ਪ੍ਰਤੀਨਿਧੀਆਂ ਵੱਲੋਂ ਦਸਤਖ਼ਤ ਕਰਕੇ ਇਹ ਅਹਿਦ ਲਿਆ ਗਿਆ ਸੀ ਕਿ ਇੱਕ-ਦੂਜੇ ਦੇ ਧਰਮ ਤੇ ਧਾਰਮਿਕ ਕਾਰਜਾਂ ਦਾ ਸਨਮਾਨ ਕਰਦਿਆਂ ਸਭ ਲੋਕ ਮਿਲ-ਜੁਲ ਕੇ ਰਹਿਣਗੇ। ਇਸ ਸਮੁੱਚੇ ਕਾਰਜ ਨੂੰ ਨੇਪਰੇ ਚਾੜ੍ਹਨ ਵਾਲੀ ਕਮੇਟੀ ਦੇ ਮੁਖੀ ਸ੍ਰੀ ਥੋਰੇਸਨ ਨੇ ਉਸ ਵੇਲੇ ਕਿਹਾ ਸੀ, “ਇਹ ਇਕ ਬਹੁਤ ਹੀ ਇਤਿਹਾਸਕ ਮੌਕਾ ਹੈ, ਕਿਉਂਕਿ ਪਹਿਲਾਂ ਕਦੇ ਵੀ ਵੱਖ ਵੱਖ ਧਰਮਾਂ-ਮਜ਼ਹਬਾਂ ਨੂੰ ਮੰਨਣ ਵਾਲੇ ਲੋਕ ਇਸ ਤਰ੍ਹਾਂ ਇਕੱਠੇ ਨਹੀਂ ਹੋਏ ਹਨ।”
ਉਂਜ ਇੱਥੇ ਇਹ ਜ਼ਿਕਰਯੋਗ ਹੈ ਕਿ ਨਾਰਵੇ ਸਰਕਾਰ ਦੇ ਕੁਝ ਨਿਯਮਾਂ ਕਰਕੇ ਇੱਥੇ ਰਹਿਣ ਵਾਲੇ ਪੰਜਾਬੀਆਂ ਤੇ ਖ਼ਾਸ ਕਰਕੇ ਸਿੱਖਾਂ ਨੂੰ ਕੁਝ ਇੱਕ ਧਾਰਮਿਕ ਮੁੱਦਿਆਂ ਲਈ ਛੇ ਸਾਲ ਤੱਕ ਸੰਘਰਸ਼ ਕਰਨਾ ਪਿਆ ਸੀ, ਜਿਨ੍ਹਾਂ ਵਿੱਚੋਂ ਇੱਕ ਮੁੱਖ ਮੁੱਦਾ ਇਹ ਸੀ ਕਿ ਸਾਲ 2016 ਵਿੱਚ ਸਿੱਖਾਂ ਦੇ ਪਾਸਪੋਰਟ ਨਵਿਆਉਣ ਤੋਂ ਸਬੰਧਿਤ ਅਧਿਕਾਰੀਆਂ ਨੇ ਇਸ ਕਰਕੇ ਇਨਕਾਰ ਕਰ ਦਿੱਤਾ ਸੀ ਕਿ ਨਾਰਵੇ ਸਰਕਾਰ ਦੇ ਨੇਮਾਂ ਅਨੁਸਾਰ ਪਾਸਪੋਰਟ ’ਤੇ ਲਗਾਈ ਜਾਣ ਵਾਲੀ ਫ਼ੋਟੋ ਵਿੱਚ ਸਬੰਧਿਤ ਪਾਸਪੋਰਟ ਧਾਰਕ ਦੀ ਅਜਿਹੀ ਫ਼ੋਟੋ ਲੱਗੀ ਹੋਣੀ ਜ਼ਰੂਰੀ ਸੀ, ਜਿਸ ਵਿੱਚ ਉਸਦੇ ਕੰਨ ਨਜ਼ਰ ਆਉਣੇ ਚਾਹੀਦੇ ਹਨ। ਸਿੱਖ ਮਰਦਾਂ ਦੇ ਪਗੜੀ ਬੰਨ੍ਹੀ ਹੋਣ ਕਰਕੇ ਤੇ ਸਿੱਖ ਇਸਤਰੀਆਂ ਦੁਆਰਾ ਸਿਰ ’ਤੇ ਦੁਪੱਟਾ ਲਏ ਹੋਣ ਕਰਕੇ ਜਾਂ ਕੇਸਕੀ ਸਜਾਈ ਹੋਣ ਕਰਕੇ ਕੰਨ ਨਜ਼ਰ ਨਹੀਂ ਸਨ ਆਉਂਦੇ। ਛੇ ਸਾਲ ਤੱਕ ਸਿੱਖਾਂ ਨੇ ਨਾਰਵੇ ਸਰਕਾਰ ਨੂੰ ਨਿਰੰਤਰ ਈਮੇਲ ਅਤੇ ਐਸ.ਐਮ.ਐਸ. ਭੇਜਣੇ ਜਾਰੀ ਰੱਖੇ ਤੇ ਅਖ਼ੀਰ ਪੰਜ ਹਜ਼ਾਰ ਈਮੇਲਾਂ ਅਤੇ ਪੰਜ ਹਜ਼ਾਰ ਤੋਂ ਵੱਧ ਐਸ.ਐਮ.ਐਸ. ਕਰਨ ਤੋਂ ਬਾਅਦ ਸੰਨ 2020 ਵਿੱਚ ਆਖ਼ਿਰ ਨਾਰਵੇ ਸਰਕਾਰ ਨੇ ਸਿੱਖਾਂ ਦੀ ਮੰਗ ਪ੍ਰਵਾਨ ਕਰ ਲਈ ਤੇ ਉਨ੍ਹਾਂ ਨੂੰ ਕੰਨ ਢਕ ਕੇ ਫ਼ੋਟੋ ਖਿਚਵਾਉਣ ਦੀ ਆਗਿਆ ਪ੍ਰਦਾਨ ਕਰ ਦਿੱਤੀ ਗਈ।
ਦਿਲਚਸਪ ਗੱਲ ਇਹ ਹੋਈ ਕਿ ਉਕਤ ਛੋਟ ਦਾ ਸੁਨੇਹਾ ਦੇਣ ਲਈ ਨਾਰਵੇ ਦੀ ਨਿਆਂ ਮੰਤਰੀ ਮੋਨਿਕਾ ਮੇਲੈਂਡ ਖ਼ੁਦ ਚੱਲ ਕੇ ਗੁਰਦੁਆਰਾ ਸਾਹਿਬ ਪੁੱਜੀ ਸੀ ਤੇ ਸਿਰ ਢਕ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਵੀ ਕੀਤੀ ਸੀ। ਸਿੱਖਾਂ ਲਈ ਉਹ ਪਲ ਵਾਕਿਆ ਹੀ ਇੱਕ ਇਤਿਹਾਸਕ ਪਲ ਸੀ। ਗ਼ੌਰਤਲਬ ਹੈ ਕਿ ਨਾਰਵੇ ਦੇ ਮੂਲ ਨਿਵਾਸੀਆਂ ਨੂੰ ਸਿੱਖਾਂ ਬਾਰੇ ਤੇ ਸਿੱਖਾਂ ਦੇ ਸੱਭਿਆਚਾਰ ਤੇ ਪੰਜਾਬੀ ਵਿਰਸੇ ਸਬੰਧੀ ਜਾਣਕਾਰੀ ਪ੍ਰਦਾਨ ਕਰਨ ਲਈ ਬਰਗਨ ਯੂਨੀਵਰਸਿਟੀ ਵਿਖੇ ਧਰਮ ਵਿਗਿਆਨ ਦੇ ਪ੍ਰੋਫ਼ੈਸਰ ਏ. ਜੈਕਬਸਨ ਵੱਲੋਂ ਸੰਪਾਦਿਤ ਕੀਤੀ ਪੁਸਤਕ ‘ਸਿੱਖਸ ਇਨ ਯੌਰਪ’ ਨਾਰਵੇ ਦੇ ਸਕੂਲੀ ਵਿਦਿਆਰਥੀਆਂ ਨੂੰ ਪੰਜਾਬੀਆਂ ਤੇ ਖ਼ਾਸ ਕਰਕੇ ਸਿੱਖਾਂ ਦੀ ਸ਼ਖ਼ਸੀਅਤ, ਇਤਿਹਾਸ, ਪਰੰਪਰਾਵਾਂ ਅਤੇ ਵਿਰਸੇ ਬਾਰੇ ਜਾਣਕਾਰੀ ਪ੍ਰਦਾਨ ਕਰਨ ਲਈ ਲਾਹੇਵੰਦ ਸਾਬਿਤ ਹੋਈ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਸਾਲ 2017 ਵਿੱਚ ਨਾਰਵੇ ਵਿਖੇ ਵੱਸਣ ਵਾਲੇ ਭਾਰਤੀ ਲੋਕਾਂ ਦੀ ਸੰਖਿਆ 15 ਤੋਂ 20 ਹਜ਼ਾਰ ਦੇ ਕਰੀਬ ਸੀ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਸੂਚਨਾ-ਤਕਨਾਲੋਜੀ ਦੇ ਮਾਹਿਰ ਸਨ। ਉਸ ਵਕਤ ਭਾਰਤੀਆਂ ਦਾ ਸਿਆਸਤ ਵਿੱਚ ਵੀ ਚੋਖਾ ਦਬਦਬਾ ਸੀ, ਜਿਸ ਕਰਕੇ ਭਾਰਤੀ ਮੂਲ ਦੇ ਅੱਠ ਵਿਅਕਤੀ ਨਾਰਵੇ ਦੇ ਸਥਾਨਕ ਸਰਕਾਰ ਵਿਭਾਗ ਲਈ ਚੁਣੇ ਗਏ ਸਨ, ਜਿਨ੍ਹਾਂ ਵਿੱਚੋਂ ਸੱਤ ਵਿਅਕਤੀ ਪੰਜਾਬੀ ਸਨ ਤੇ ਇੱਕ ਹੈਦਰਾਬਾਦ ਨਾਲ ਸਬੰਧ ਰੱਖਦਾ ਸੀ। ਪੰਜਾਬ ਦੇ ਜਲੰਧਰ ਜ਼ਿਲ੍ਹੇ ਦੀ ਜੰਮਪਲ ਸ੍ਰੀਮਤੀ ਬਲਵਿੰਦਰ ਕੌਰ, ਜੋ ਕਿ ਕਿੱਤੇ ਵਜੋਂ ਇੱਕ ਸਕੂਲ ਅਧਿਆਪਕਾ ਸੀ, ਵੀ ਓਸਲੋ ਨਗਰ ਕੌਂਸਲ ਦੀ ਕੌਂਸਲਰ ਚੁਣੇ ਜਾਣ ਵਿੱਚ ਸਫ਼ਲ ਰਹੀ ਸੀ। ਨਾਰਵੇ ਦੇ ਵਸਨੀਕ ਬਣ ਚੁੱਕੇ ਵਧੇਰੇ ਪੰਜਾਬੀ ਮੈਡੀਸਨ, ਇੰਜੀਨਿਅਰਿੰਗ ਅਤੇ ਤਕਨਾਲੋਜੀ ਨਾਲ ਸਬੰਧਿਤ ਕਿੱਤਿਆਂ ਨਾਲ ਜੁੜੇ ਹੋਏ ਹਨ ਤੇ ਬੇਹੱਦ ਸਫ਼ਲ ਜੀਵਨ ਜੀਅ ਰਹੇ ਹਨ।