‘ਸਰਕਾਰ-ਏ-ਜੁਮਲਾ’ ਦਾ ਮੀਡੀਆ ਪ੍ਰੇਮ

ਸਿਆਸੀ ਹਲਚਲ

ਪੀ. ਐਸ. ਬਟਾਲਾ
ਸੋਸ਼ਲ ਮੀਡੀਆ ਦੇ ਯੁਗ ਵਿੱਚ ਕੋਈ ਰਾਜਨੇਤਾ ਕੁਝ ਵੀ ‘ਊਲ-ਜਲੂਲ’ ਬੋਲ ਕੇ ਆਪਣੀ ਜ਼ਿੰਮੇਵਾਰੀ ਤੋਂ ਬਚ ਨਹੀਂ ਸਕਦਾ ਹੈ। ਸੋਸ਼ਲ ਮੀਡੀਆ ਵਾਲੇ ਹਰੇਕ ਰਾਜਨੇਤਾ ਦੁਆਰਾ ਦਿੱਤੇ ‘ਪੁੱਠੇ-ਸਿੱਧੇ’ ਬਿਆਨਾਂ ਦੀਆਂ ਕਲਿੱਪਾਂ ਸਾਂਭ ਕੇ ਰੱਖਦੇ ਹਨ ਤੇ ਉਨ੍ਹਾਂ ਨੂੰ ਵਾਇਰਲ ਕਰਕੇ ਹਜ਼ਾਰਾਂ ਤੋਂ ਲੱਖਾਂ ਲੋਕਾਂ ਤੱਕ ਪਹੁੰਚਾ ਦਿੰਦੇ ਹਨ। ਇਸ ਵੇਲੇ ਸਭ ਤੋਂ ਵੱਧ ਹਾਸੋਹੀਣੇ ਬਿਆਨਾਂ ਵਾਲੀਆਂ ਵਾਇਰਲ ਕਲਿੱਪਾਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਹਨ।

ਉਹ ਭਾਰਤ ਦੇ ਪਹਿਲੇ ਅਜਿਹੇ ਪ੍ਰਧਾਨ ਮੰਤਰੀ ਹਨ, ਜਿਨ੍ਹਾਂ ਨੇ ਆਪਣੇ ਦਸ ਸਾਲ ਦੇ ਕਾਰਜਕਾਲ ਵਿੱਚ ਇਕ ਵੀ ਪ੍ਰੈੱਸ ਕਾਨਫ਼ਰੰਸ ਨਹੀਂ ਕੀਤੀ ਹੈ, ਪਰ ਚੋਣਾਂ ਦਾ ਮੌਸਮ ਆਉਣ ‘ਤੇ ਵੱਖ-ਵੱਖ ਟੀ.ਵੀ. ਚੈਨਲਾਂ ਨੂੰ ਅਜਿਹੇ ‘ਇੰਟਰਵਿਊ’ ਜ਼ਰੂਰ ਦਿੱਤੇ ਹਨ, ਜਿਨ੍ਹਾਂ ਵਿੱਚ ਸੁਆਲ ਪੁੱਛਣ ਵਾਲੇ ਪੱਤਰਕਾਰਾਂ ’ਤੇ ਹੀ ‘ਸਕ੍ਰਿਪਟਡ’ ਸਵਾਲ ਪੁੱਛਣ ਦੇ ਇਲਜ਼ਾਮ ਲੱਗੇ ਹਨ ਤੇ ਤਿੱਖੇ ਸਵਾਲ ਕਰਨ ਵਾਲੇ ਪੱਤਰਕਾਰਾਂ ਨੂੰ ਪ੍ਰਧਾਨ ਮੰਤਰੀ ਨੇ ਇਕ ਵੀ ਇੰਟਰਵਿਊ ਨਹੀਂ ਦਿੱਤਾ। ਕਰਨ ਥਾਪਰ ਜਿਹੇ ਦਲੇਰ ਪੱਤਰਕਾਰ, ਜਿਨ੍ਹਾਂ ਨੇ ‘ਤਿੱਖੇ ਸਵਾਲ’ ਪੁੱਛੇ ਸਨ, ਉਨ੍ਹਾਂ ਵਾਲਾ ਇੰਟਰਵਿਊ ਅੱਧ-ਵਿਚਾਲੇ ਛੱਡ ਕੇ ਮੋਦੀ ਸਾਹਿਬ ਉੱਠ ਗਏ ਸਨ ਤੇ ਜਿਸਦਾ ਵੀਡੀਓ ਅੱਜ ਵੀ ਇੰਟਰਨੈੱਟ ‘ਤੇ ਮੌਜੂਦ ਹੈ।
ਰੇਡੀਓ ਅਤੇ ਟੀ.ਵੀ. ’ਤੇ ਪ੍ਰਧਾਨ ਮੰਤਰੀ ਮੋਦੀ ਨੇ ਹੁਣ ਤੱਕ ਇਕੱਲਿਆਂ ਹੀ ਜਿੰਨਾ ਬੋਲਿਆ ਹੈ, ਓਨਾ ਅੱਜ ਤੱਕ ਕਿਸੇ ਵੀ ਪ੍ਰਧਾਨ ਮੰਤਰੀ ਨੇ ਨਹੀਂ ਬੋਲਿਆ ਹੈ। ‘ਮਨ ਕੀ ਬਾਤ’ ਜਾਂ ‘ਪ੍ਰੀਕਸ਼ਾ ਪੇ ਚਰਚਾ’ ਆਦਿ ਪ੍ਰੋਗਰਾਮ ਤਾਂ ਸਮੁੱਚੇ ਰੂਪ ਵਿੱਚ ਸ੍ਰੀ ਮੋਦੀ ਦੇ ਬਚਨਾਂ ਨੂੰ ਹੀ ਸਮਰਪਿਤ ਹੁੰਦੇ ਹਨ। ਇਹ ਆਮ ਰਾਇ ਹੈ ਕਿ ਕਿਸੇ ਵੀ ਮੁਲਕ ਦੇ ਪ੍ਰਧਾਨ ਮੰਤਰੀ ਨੂੰ ਥੋੜ੍ਹਾ ਪਰ ਪ੍ਰਭਾਵਸ਼ਾਲੀ ਬੋਲਣਾ ਚਾਹੀਦਾ ਹੈ ਤੇ ਜਿਨ੍ਹਾਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਥੋੜ੍ਹਾ ਤੇ ਪ੍ਰਭਾਵਸ਼ਾਲੀ ਬੋਲਦੇ ਹਨ, ਉਨ੍ਹਾਂ ਦੇ ਭਾਸ਼ਣਾਂ ਨੂੰ ਉਸ ਦੇਸ਼ ਦੇ ਵਾਸੀ ਹੀ ਨਹੀਂ ਸਗੋਂ ਦੁਨੀਆਂ ਦੇ ਹੋਰ ਮੁਲਕਾਂ ਦੇ ਰਾਜਨੇਤਾ ਜਾਂ ਆਮ ਲੋਕ ਵੀ ਗਹੁ ਨਾਲ ਸੁਣਦੇ ਹਨ। ਸੋਸ਼ਲ ਮੀਡੀਆ ’ਤੇ ਅਜਿਹੇ ਵੀਡੀਓ ਉਪਲਬਧ ਹਨ, ਜਿਨ੍ਹਾਂ ਵਿੱਚ ਪ੍ਰਧਾਨ ਮੰਤਰੀ ਮੋਦੀ ਸਾਹਮਣੇ ਲੱਗੇ ‘ਟੈਲੀਪ੍ਰੌਂਪਟਰ’ ਦੇ ਬੰਦ ਹੁੰਦਿਆਂ ਹੀ ਸੱਜੇ-ਖੱਬੇ ਝਾਕਣ ਲੱਗ ਜਾਂਦੇ ਹਨ ਤੇ ਉਨ੍ਹਾਂ ਨੂੰ ਇੱਕ ਵੀ ਢੰਗ ਦੀ ਗੱਲ ਨਹੀਂ ਅਹੁੜਦੀ। ਉਨ੍ਹਾਂ ਦੇ ‘ਫਿਸਲੀ ਹੋਈ ਜ਼ੁਬਾਨ’ ਵਾਲੇ ਵੀ ਕਈ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹਨ।
ਪ੍ਰਧਾਨ ਮੰਤਰੀ ਜਿਹੇ ਇੱਕ ਜ਼ਿੰਮੇਵਾਰ ਅਹੁਦੇ ’ਤੇ ਬੈਠਾ ਵਿਅਕਤੀ ਜਦੋਂ ‘ਸਿੰਪਲ ਜਿਹੀ ਟੈਕਨਾਲੋਜੀ’ ਸਮਝਾਉਂਦਿਆਂ ਹੋਇਆਂ ਇਹ ਆਖ਼ਦਾ ਹੈ ਕਿ ‘ਇੱਕ ਠੇਲੇ ਵਾਲਾ ਆਪਣੀ ਚਾਹ ਦੀ ਰੇਹੜੀ ਦੇ ਨੇੜਲੇ ਗਟਰ ਉਤੇ ਇੱਕ ਛੇਕ ਵਾਲਾ ਬਰਤਨ ਮੂਧਾ ਮਾਰ ਕੇ ਉਸ ਵਿੱਚ ਪਲਾਸਟਿਕ ਦੀ ਇੱਕ ਪਾਈਪ ਪਾ ਕੇ, ਗਟਰ ਦੀ ਗੈਸ ਆਪਣੀ ਰੇਹੜੀ ’ਚ ਲੈ ਲੈਂਦਾ ਸੀ ਤੇ ਉਸ ਗੈਸ ਨਾਲ ਮੁਫ਼ਤ ’ਚ ਹੀ ਚਾਹ ਬਣਾ ਕੇ ਵੇਚ ਲੈਂਦਾ ਸੀ’, ਤਾਂ ਇਹ ਬਿਆਨ ਸੁਣ ਕੇ ਜਿੱਥੇ ਦੇਸ਼ ਦੇ ਵਿਗਿਆਨੀ ਸ਼ਰਮਿੰਦਗੀ ਮਹਿਸੂਸ ਕਰਦੇ ਹਨ, ਉੱਥੇ ਹੀ ਪੜ੍ਹੇ-ਲਿਖੇ ਬੱਚੇ ਵੀ ਹੱਸ ਪੈਂਦੇ ਹਨ। ਅਜਿਹੇ ਕਈ ਹੋਰ ਹਾਸੋਹੀਣੇ ਵੀਡੀਓ ਹਨ, ਜਿਨ੍ਹਾਂ ਵਿੱਚ ਮੋਦੀ ਸਾਹਿਬ ਕਦੇ ਅੱਜ ਤੋਂ ਪੰਜਾਹ ਸਾਲ ਪਹਿਲਾਂ ‘ਕਲੱਕਤਾ ਜਾ ਕੇ ਮੈਟਰੋ ਟਰੇਨ ਵਿੱਚ ਸਫ਼ਰ ਕਰਨ ਦਾ ਅਨੰਦ ਲੈਣ’ ਜਾਂ ‘ਡਿਜੀਟਲ ਕੈਮਰੇ’ ਨਾਲ ਉਸ ਸਾਲ ਵਿੱਚ ਫ਼ੋਟੋਆਂ ਖਿੱਚਣ ਦਾ ਦਾਅਵਾ ਕਰਦੇ ਹਨ, ਜਿਸ ਸਾਲ ਵਿੱਚ ਨਾ ਤਾਂ ਅਜੇ ਮੈਟਰੋ ਟਰੇਨ ਹੋਂਦ ਵਿੱਚ ਆਈ ਸੀ ਤੇ ਨਾ ਹੀ ਡਿਜੀਟਲ ਕੈਮਰਾ।
ਕਿੰਨੀ ਹਾਸੋਹੀਣੀ ਗੱਲ ਹੈ ਕਿ ਮੋਦੀ ਸਾਹਿਬ ਵੱਲੋਂ ਦੇਸ਼ ਵਿੱਚੋਂ ‘ਕਾਲਾ ਧਨ’ ਖ਼ਤਮ ਕਰਕੇ ਜਾਂ ਵਿਦੇਸ਼ਾਂ ਵਿੱਚ ਪਿਆ ਕਾਲਾ ਧਨ ਵਾਪਿਸ ਦੇਸ਼ ’ਚ ਲਿਆ ਕੇ ਹਰੇਕ ਦੇਸ਼ਵਾਸੀ ਦੇ ਖਾਤੇ ਵਿੱਚ 15-15 ਲੱਖ ਰੁਪਏ ਪਾ ਦੇਣ ਦੇ ਬਿਆਨ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਨਤਕ ਤੌਰ ’ਤੇ ‘ਜੁਮਲਾ’ ਸਵੀਕਾਰ ਕਰ ਲਿਆ ਸੀ। ਮੋਦੀ ਸਾਹਿਬ ਦੀ ਵਿਦਿਅਕ ਯੋਗਤਾ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਆਪਾ ਵਿਰੋਧੀ ਵੀਡੀਓ ਉਪਲਬਧ ਹਨ। ਪੱਤਰਕਾਰ ਰਾਜੀਵ ਸ਼ੁਕਲਾ ਨੂੰ ਦਿੱਤੇ ਜਾ ਰਹੇ ਇੱਕ ਟੀ.ਵੀ. ਇੰਟਰਵਿਊ ਵਿੱਚ ਮੋਦੀ ਸਾਹਿਬ ਆਖ ਰਹੇ ਹਨ, ‘ਮੈਂ ਕੋਈ ਜ਼ਿਆਦਾ ਪੜ੍ਹਿਆ-ਲਿਖਿਆ ਨਹੀਂ ਹਾਂ।’ ਇੱਕ ਟੀ.ਵੀ. ਮੁਲਾਕਾਤ ਵਿੱਚ ਉਹ ਆਖ਼ਦੇ ਹਨ, ‘ਮੈਂ ਛੋਟੀ ਉਮਰ ’ਚ ਹੀ ਘਰ-ਬਾਰ ਤਿਆਗ ਦਿੱਤਾ ਸੀ ਤੇ ਮੈਂ 35 ਸਾਲ ਤੱਕ ਭੀਖ ਮੰਗ ਕੇ ਖਾਧਾ ਸੀ।’ ਜਦੋਂ ਕਿ ਦੂਜੇ ਟੀ.ਵੀ. ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਉਹ ਆਖ਼ਦੇ ਹਨ, ‘ਮੈਂ ਤਾਂ 40 ਸਾਲ ਤੱਕ ਭੀਖ ਮੰਗ ਕੇ ਖਾਧੀ ਹੈ।’ ਉਹ ਆਪ ਮੰਨ ਰਹੇ ਸਨ ਕਿ ਉਹ ਜ਼ਿਆਦਾ ਪੜ੍ਹੇ-ਲਿਖੇ ਨਹੀਂ ਹਨ, ਫਿਰ ਵੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਪੱਤਰਕਾਰਾਂ ਨੂੰ ਬੁਲਾ ਕੇ ਮੋਦੀ ਸਾਹਿਬ ਦੀਆਂ ‘ਬੀ.ਏ.’ ਅਤੇ ‘ਐਮ.ਏ.’ ਦੀਆਂ ਡਿਗਰੀਆਂ ਪ੍ਰਦਰਸ਼ਿਤ ਕੀਤੀਆਂ ਗਈਆਂ।
ਮੋਦੀ ਸਾਹਿਬ ਲੋਕ ਸਭਾ ਚੋਣਾਂ ਦੌਰਾਨ ਇੱਕ ਮੰਚ ਤੋਂ ਬੋਲਦੇ ਹਨ, ‘ਮੈਂ ਹਿੰਦੂ-ਮੁਸਲਮਾਨ ਨਹੀਂ ਕਰਦਾ ਹਾਂ, ਜਿਸ ਦਿਨ ਮੈਂ ਹਿੰਦੂ-ਮੁਸਲਮਾਨ ਕਰਾਂਗਾ, ਮੈਂ ਜਨਤਕ ਜੀਵਨ ਤਿਆਗ ਦਿਆਂਗਾ।’ ਅਤੇ ਦੂਜੇ ਮੰਚ ਤੋਂ ਉਹ ਇੱਕ ਧਰਮ ਵਿਸ਼ੇਸ਼ ਦੇ ਲੋਕਾਂ ਨੂੰ ‘ਘੁਸਪੈਠੀਏ’ ਅਤੇ ‘ਜ਼ਿਆਦਾ ਬੱਚੇ ਪੈਦਾ ਕਰਨ ਵਾਲੇ’ ਆਖ਼ ਕੇ ਭੰਡਣ ਲੱਗ ਜਾਂਦੇ ਹਨ। ਉਹ ਇੱਕ ਪਾਸੇ ਵਿਰੋਧੀ ਦਲਾਂ ਦੇ ‘ਪਰਿਵਾਰਵਾਦ’ ਅਤੇ ‘ਭ੍ਰਿਸ਼ਟਾਚਾਰ’ ’ਤੇ ਬੜਾ ਗਰਜਦੇ ਹਨ ਤੇ ਦੂਜੇ ਪਾਸੇ ਸਾਰੇ ‘ਪਰਿਵਾਰਵਾਦੀ’ ਅਤੇ ‘ਮਹਾਂਭ੍ਰਿਸ਼ਟਾਚਾਰ’ ਦੇ ਮਾਮਲਿਆਂ ਦਾ ਸਾਹਮਣਾ ਕਰ ਰਹੇ ਸਿਆਸੀ ਆਗੂਆਂ ਨੂੰ ਨਾ ਕੇਵਲ ਆਪਣੀ ਪਾਰਟੀ ਵਿੱਚ ਸ਼ਾਮਿਲ ਕਰ ਲੈਂਦੇ ਹਨ, ਸਗੋਂ ਉਨ੍ਹਾਂ ਦੀਆਂ ਬਾਹਾਂ ਵਿੱਚ ਬਾਹਾਂ ਪਾ ਕੇ ਮੰਚ ਤੋਂ ਉਨ੍ਹਾਂ ਨਾਲ ਫ਼ੋਟੋ ਸੈਸ਼ਨ ਵੀ ਕਰਵਾਉਂਦੇ ਹਨ। ਦੇਸ਼ ਦੀਆਂ ਮਹਿਲਾ ਰਾਜਨੇਤਾਵਾਂ ਲਈ ‘ਜਰਸੀ ਗਾਂ’, ‘ਗਰਲ ਫ਼ਰੈਂਡ’ ਅਤੇ ਕਈ ਹੋਰ ਭੱਦੇ ਸ਼ਬਦਾਂ ਦੀ ਵਰਤੋਂ ਕਰਨਾ ਇੱਕ ਪ੍ਰਧਾਨ ਮੰਤਰੀ ਦੇ ਅਹੁਦੇ ’ਤੇ ਬਿਰਾਜਮਾਨ ਸ਼ਖ਼ਸ ਨੂੰ ਬਿਲਕੁਲ ਵੀ ਸ਼ੋਭਾ ਨਹੀਂ ਦਿੰਦਾ ਹੈ।
ਮੀਡੀਆ ’ਤੇ ਸਿਰਫ ਆਪਣੀ ਹੀ ਤਸਵੀਰ ਵਿਖਾਉਣ ਦੇ ਚਾਹਵਾਨ ਮਾਣਯੋਗ ਮੋਦੀ ਸਾਹਿਬ ਵੱਡੇ ਮੰਚ ’ਤੇ ਫ਼ੋਟੋ ਖਿੱਚੇ ਜਾਣ ਸਮੇਂ ਨਿੱਕੇ ਆਗੂਆਂ ਨੂੰ ਪਰੇ ਕਰ ਦਿੰਦੇ ਹਨ ਤੇ ‘ਰੋਡ ਸ਼ੋਅ’ ਦੌਰਾਨ ਜੇ ਕੈਮਰੇ ਅਤੇ ਉਨ੍ਹਾਂ ਦੇ ਦਰਮਿਆਨ ਕੋਈ ਦੂਜਾ ਆਗੂ ਆ ਜਾਵੇ ਤਾਂ ਉਸਨੂੰ ਝੱਟ ਦੇਣੀ ਪਾਸੇ ਕਰਕੇ ਸਾਰਾ ‘ਕੈਮਰਾ ਫੁਟੇਜ’ ਆਪ ਲੈ ਜਾਂਦੇ ਹਨ। ਉਨ੍ਹਾਂ ਦੇ ਅਜਿਹੇ ਅਨੇਕਾਂ ਵੀਡੀਓ ਵਾਇਰਲ ਹਨ, ਜਿਨ੍ਹਾ ਵਿੱਚ ਉਹ ‘ਖ਼ਾਲੀ ਸੜਕ’, ‘ਖ਼ਾਲੀ ਸਮੁੰਦਰੀ ਕਿਨਾਰੇ’ ਜਾਂ ‘ਖ਼ਾਲੀ ਹਵਾਈ ਪੱਟੀ’ ਸਾਹਮਣੇ ਇੰਜ ਹੱਥ ਹਿਲਾਉਂਦੇ ਹੋਏ ਤੁਰੇ ਜਾਂਦੇ ਵੇਖੇ ਜਾ ਸਕਦੇ ਹਨ, ਜਿਵੇਂ ਸਾਹਮਣੇ ਹਜ਼ਾਰਾਂ ਦੀ ਭੀੜ ਹੋਵੇ। ਪਿੱਛੇ ਜਿਹੇ ਚੋਣ ਪ੍ਰਚਾਰ ਵੇਲੇ ਇੱਕ ਧਾਰਮਿਕ ਸਥਾਨ ‘ਤੇ ਮੱਥਾ ਟੇਕਣ ਗਏ ਮੋਦੀ ਸਾਹਿਬ ਦੀ ਉਹ ਤਸਵੀਰ ਬੜੀ ਵਾਇਰਲ ਹੈ, ਜਿਸ ਵਿੱਚ ਉਹ ਬੰਦ ਗੈਸ ਸਟੋਵ ’ਤੇ ਰੱਖੇ ਵੱਡੇ ਪਤੀਲੇ ਵਿੱਚ ਕੜਛੀ ਫੇਰਦੇ ਵਿਖਾਈ ਦਿੰਦੇ ਹਨ, ਪਰ ਇਹੋ ਮੋਦੀ ਸਾਹਿਬ ਦਿੱਲੀ ਵਿੱਚ ਕਿਸਾਨਾਂ ਜਾਂ ਭਲਵਾਨਾਂ ਦੇ ਧਰਨਿਆਂ ਅਤੇ ਕਿਸਾਨਾਂ ਦੀਆਂ ਸ਼ਹਾਦਤਾਂ, ਮਹਿਲਾ ਪਹਿਲਵਾਨ ਦੀ ਬੇਪੱਤੀ ਜਾਂ ਮਣੀਪੁਰ ਦੀ ਸ਼ਰਮਨਾਕ ਘਟਨਾ ਸਬੰਧੀ ਗੱਲ ਕਰਨ ਲਈ ਮੀਡੀਆ ਦੇ ਰੂਬਰੂ ਵੀ ਨਹੀਂ ਹੁੰਦੇ।
ਮੁੱਕਦੀ ਗੱਲ, ਪ੍ਰਧਾਨ ਮੰਤਰੀ ਤਾਂ ਦੇਸ਼ ਦੀ ਆਨ, ਬਾਨ ਤੇ ਸ਼ਾਨ ਦਾ ਸੂਚਕ ਹੁੰਦਾ ਹੈ। ਉਸਨੂੰ ਘੱਟ ਪਰ ਪ੍ਰਭਾਵਸ਼ਾਲੀ ਬੋਲਣਾ ਚਾਹੀਦਾ ਹੈ ਤੇ ਸਿਰਫ ਮੀਡੀਆ ਪ੍ਰਚਾਰ ਨਾਲ ਨਹੀਂ, ਸਗੋਂ ਆਪਣੇ ਸੁਚੱਜੇ ਕੰਮਾਂ ਨਾਲ ਪ੍ਰਸਿੱਧੀ ਖੱਟਣੀ ਚਾਹੀਦੀ ਹੈ। ਇੱਕ ਦਿਨ ਵਿੱਚ ਕਈ ਵਾਰ ਅਤੇ ਮਹਿੰਗੇ-ਮਹਿੰਗੇ ਕੱਪੜੇ ਬਦਲਣ ਵਾਲੇ ਮੋਦੀ ਸਾਹਿਬ ਨੂੰ ਸਾਬਕਾ ਪ੍ਰਧਾਨ ਮੰਤਰੀ ਸ. ਮਨਮੋਹਨ ਸਿੰਘ ਵੱਲ ਜ਼ਰੂਰ ਵੇਖਣਾ ਚਾਹੀਦਾ ਹੈ, ਜਿਨ੍ਹਾਂ ਨੇ ਦਸ ਸਾਲ ਦੇ ਕਾਰਜਕਾਲ ਦੌਰਾਨ ਸਿਰਫ ‘ਅਸਮਾਨੀ ਰੰਗ’ ਦੀ ਪੱਗ ਹੀ ਬੰਨ੍ਹੀ ਹੁੰਦੀ ਸੀ ਤੇ ਕਦੇ ਵੀ ਸ਼ਾਨੋ-ਸ਼ੌਕਤ ਵਾਲੇ ਕੱਪੜੇ ਪਾਉਣ ਨੂੰ ਤਰਜੀਹ ਨਹੀਂ ਸੀ ਦਿੱਤੀ ਸੀ। ਘੱਟ ਬੋਲ ਕੇ ਵੀ ਉਨ੍ਹਾਂ ਵੱਡੇ ਕੰਮ ਕੀਤੇ ਸਨ ਤੇ ਦੇਸ਼ ਨੂੰ ਤਰੱਕੀ ਦੇ ਰਾਹ ‘ਤੇ ਤੋਰਿਆ ਸੀ। ਉਨ੍ਹਾਂ ਦੀ ਗੱਲ ਵਿਸ਼ਵ ਦੇ ਸਾਰੇ ਵੱਡੇ ਨੇਤਾ ਬੜੇ ਧਿਆਨ ਨਾਲ ਸੁਣਦੇ ਸਨ। ਘੱਟ ਪਰ ਪ੍ਰਭਾਵਸ਼ਾਲੀ ਬੋਲਣ ਵਾਲੇ ਸ. ਮਨਮੋਹਨ ਸਿੰਘ ਨੂੰ ‘ਮੌਨ ਮੋਹਨ’ ਆਖ਼ ਕੇ ਖਿੱਲੀ ਉਡਾਉਣ ਵਾਲੇ ਮੋਦੀ ਸਾਹਿਬ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ‘ਮਰਦ ਖ਼ੁਦ ਨਹੀਂ ਬੋਲਦੇ ਹਨ, ਮਰਦਾਂ ਦੇ ਕੰਮ ਬੋਲਦੇ ਹੁੰਦੇ ਹਨ।’ ਉਚੇ ਅਹੁਦੇ ’ਤੇ ਬੈਠਾ ਵਿਅਕਤੀ ਚਾਹੇ ਉਹ ਕਿਸੇ ਵੀ ਸਿਆਸੀ ਪਾਰਟੀ ਦਾ ਆਗੂ ਕਿਉਂ ਨਾ ਹੋਵੇ, ਉਸ ਨੂੰ ਮੰਚ ਤੋਂ ‘ਭੰਡਪੁਣਾ’ ਕਰਨ ਦੀ ਥਾਂ ‘ਸਾਰਥਕ ਤੇ ਸੰਜੀਦਾ’ ਬੋਲ ਬੋਲਣੇ ਚਾਹੀਦੇ ਹਨ, ਜੋ ਲੋਕ ਹਿਤ ਜਾਂ ਦੇਸ਼ ਹਿਤ ਵਿੱਚ ਹੋਣ!

Leave a Reply

Your email address will not be published. Required fields are marked *