ਰਾਹੁਲ ਗਾਂਧੀ ਦੀ ਅਮਰੀਕਾ ਫੇਰੀ ਦੇ ਪ੍ਰਵਚਨ

ਖਬਰਾਂ ਵਿਚਾਰ-ਵਟਾਂਦਰਾ

*ਕਾਂਗਰਸ ਪਾਰਟੀ ਦੀ ਬਦਲ ਰਹੀ ਪਹੁੰਚ ਦੇ ਹਾਣ ਦੀ ਬਣੇਗੀ ਪੰਜਾਬ ਸਿਆਸਤ?
ਪੰਜਾਬੀ ਪਰਵਾਜ਼ ਬਿਊਰੋ
ਅਮਰੀਕਾ ਦੇ ਦੌਰੇ ‘ਤੇ ਆਏ, ਭਾਰਤੀ ਪਾਰਲੀਮੈਂਟ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਭਾਰਤ ਦੀ ਰਾਜਨੀਤਿਕ ਆਰਥਿਕਤਾ ਬਾਰੇ ਬੋਲਦਿਆਂ ਕੁਝ ਮਹੱਤਵ ਪੂਰਨ ਗੱਲਾਂ ਕਹੀਆਂ ਹਨ। ਇਹ ਉਹੋ ਜਿਹਾ ਹੀ ਸਿਆਸੀ ਪ੍ਰਵਚਨ ਹੈ, ਜਿਹੜਾ ਕਿਸੇ ਵੇਲੇ ਅਨੰਦਪੁਰ ਸਾਹਿਬ ਦੇ ਮਤੇ ਦੀ ਪੈਰਵੀ ਕਰਦਿਆਂ ਅਕਾਲੀ ਆਗੂ ਉਚਾਰਿਆ ਕਰਦੇ ਸਨ। ਅਕਾਲੀ ਆਗੂਆਂ ਦੀ ਜ਼ੁਬਾਨ ਵਿੱਚੋਂ ਉਦੋਂ ਅਕਸਰ ਸੁਣਨ ਨੂੰ ਮਿਲਿਆ ਕਰਦਾ ਸੀ ਕਿ ਸਿੱਖ ਭਾਰਤ ਵਿੱਚ ਸਟੇਟਾਂ ਨੂੰ ਉਸ ਕਿਸਮ ਦੇ ਅਧਿਕਾਰ ਚਾਹੁੰਦੇ ਹਨ, ਜਿਸ ਕਿਸਮ ਦੇ ਅਮਰੀਕਾ ਵਿੱਚ ਹਨ।

ਪੰਜਾਬ ਨੂੰ ‘ਕੈਲੀਫੋਰਨੀਆ’ ਬਣਾ ਦੇਣ ਦਾ ਸ਼ਗੂਫਾ ਤਾਂ ਹਾਲੇ ਕੱਲ੍ਹ ਤੱਕ ਚਲਦਾ ਰਿਹਾ ਹੈ।
ਯਾਦ ਰਹੇ, ਅਮਰੀਕੀ ਰਾਜਨੀਤਿਕ ਸਿਸਟਮ ਪ੍ਰਧਾਨਗੀ ਪ੍ਰਣਾਲੀ ਵਾਲਾ ਹੈ, ਪਰ ਦੋ ਸਦਨਾਂ ਵਾਲੀ ਇਸ ਦੀ ਪਾਰਲੀਮੈਂਟ ਵਿੱਚ ਪ੍ਰਤੀਨਿਧੀ ਸਦਨ ਨਾਲੋਂ ਸੈਨੇਟ ਵੱਧ ਸ਼ਕਤੀਸ਼ਾਲੀ ਹੈ। ਸੈਨੇਟ ਦੇ ਨੁਮਾਇੰਦੇ ਰਾਜਾਂ ਵੱਲੋਂ ਚੁਣ ਕੇ ਆਉਂਦੇ ਹਨ। ਰਾਜ ਭਾਵੇਂ ਵੱਡੇ ਹਨ ਜਾਂ ਛੋਟੇ, ਉਨ੍ਹਾਂ ਦੀਆਂ ਸ਼ਕਤੀਆਂ ਅਤੇ ਨੁਮਾਇੰਦੇ ਬਰਾਬਰ ਹੁੰਦੇ ਹਨ। ਅਮਰੀਕਾ ਦਾ ਰਾਸ਼ਟਰਪਤੀ ਆਪਣੀ ਸ਼ਕਤੀ ਮੁੱਖ ਰੂਪ ਵਿੱਚ ਸੈਨੇਟ ਤੋਂ ਹੀ ਹਾਸਲ ਕਰਦਾ ਹੈ ਅਤੇ ਦੁਨੀਆਂ ਦਾ ਸਭ ਤੋਂ ਸ਼ਕਤੀਸ਼ਾਲੀ ਵਿਅਕਤੀ ਹੁੰਦਾ ਹੈ।
ਭਾਰਤੀ ਜਮਹੂਰੀਅਤ ਪ੍ਰਣਾਲੀ ਮੁੱਖ ਰੂਪ ਵਿੱਚ ਬਰਤਾਨੀਆਂ ਨੂੰ ਆਦਰਸ਼ ਬਣਾ ਕੇ ਘੜੀ ਗਈ ਹੈ, ਜਿਥੇ ਪ੍ਰਤੀਨਿਧੀ ਸਦਨ ਕੋਲ ਅਸਲ ਸ਼ਕਤੀਆਂ ਹੁੰਦੀਆਂ ਹਨ। ਪ੍ਰਧਾਨ ਮੰਤਰੀ ਦੇਸ਼ ਦਾ ਸ਼ਕਤੀਸ਼ਾਲੀ ਆਗੂ ਹੁੰਦਾ ਹੈ। ਰਾਹੁਲ ਗਾਂਧੀ ਇਹ ਗੱਲ ਭਾਰਤ ਵਿੱਚ ਵੀ ਕਹਿੰਦੇ ਰਹੇ ਹਨ ਕਿ ਹਿੰਦੁਸਤਾਨ ਇੱਕ ‘ਯੂਨੀਅਨ ਆਫ ਸਟੇਟਸ’ ਹੈ, ਜਿਸ ਤਰ੍ਹਾਂ ਅਮਰੀਕਾ ਹੈ। ਇਹੋ ਗੱਲ ਉਨ੍ਹਾਂ ਨੇ ਅਮਰੀਕਾ ਦੇ ਡੈਲਸ (ਟੈਕਸਸ) ਵਿੱਚ ਭਾਰਤੀ ਪਰਵਾਸੀਆਂ ਨਾਲ ਚਰਚਾ ਕਰਦਿਆਂ ਦੁਹਰਾਈ। ਉਨ੍ਹਾਂ ਅੱਗੇ ਕਿਹਾ, ‘ਸਾਨੂੰ ਭਾਰਤ ਦੀ ਵੰਨ-ਸੁਵੰਨਤਾ ਦਾ ਸਨਮਾਨ ਕਰਨਾ ਚਾਹੀਦਾ ਹੈ।’ ਪਰਵਾਸੀ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਆਖਿਆ ਕਿ ਹਰ ਵੱਖਰੇ ਭਾਈਚਾਰੇ/ਵਿਚਾਰ ਨੂੰ ਸਾਨੂੰ ਸਪੇਸ ਮੁਹੱਈਆ ਕਰਵਾਉਣੀ ਚਾਹੀਦੀ ਹੈ। ਰਾਹੁਲ ਗਾਂਧੀ ਦੇ ਇਸ ਵਿਚਾਰ ਪ੍ਰਗਟਾਵੇ ਨੂੰ ਭਾਜਪਾ ਦੇ ਆਗੂਆਂ ਨੇ ‘ਦੇਸ਼ ਧਰੋਹ’ ਆਖਿਆ ਹੈ।
ਰਾਹੁਲ ਗਾਂਧੀ ਨੇ ਆਰ.ਐਸ.ਐਸ., ਬੀ.ਜੇ.ਪੀ ਅਤੇ ਮੌਜੂਦਾ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਵਿਚਕਾਰ ਤੁਲਨਾ ਕਰਦਿਆਂ ਕਿਹਾ ਕਿ ਆਰ.ਐਸ.ਐਸ. ਦੀ ਧਾਰਨਾ ਹੈ ਕਿ ਹਿੰਦੁਸਤਾਨ ਇੱਕ (ਸਿੰਗਲ) ਆਈਡੀਆ ਹੈ। ਜਦਕਿ ਸਾਡਾ ਮੰਨਣਾ ਹੈ ਕਿ ਹਿੰਦੁਸਤਾਨ ‘ਬਹੁ-ਵਿਚਾਰ’ (ਮੁਲਟੀਪਲ ਆਈਡੀਆਜ਼) ਵਾਲੀ ਸਥਿਤੀ ਵਾਲਾ ਮੁਲਕ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਅਤੇ ਆਰ.ਐਸ.ਐਸ. ਨਾਲ ਇਹੋ ਸਾਡਾ ਸੰਘਰਸ਼ ਹੈ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਦੇਸ਼ ਦੀ ਇੱਕ ਕੌਮੀ ਪਾਰਟੀ ਹੁਣ ਇਸ ਤੱਥ ਨੂੰ ਸਵਿਕਾਰ ਕਰਨ ਲੱਗੀ ਹੈ ਕਿ ਭਾਰਤ ਵਿੱਚ ਬਹੁਤ ਸਾਰੇ ਧਰਮਾਂ, ਭਾਸ਼ਾਵਾਂ ਅਤੇ ਨਸਲਾਂ ਆਦਿ ਦੇ ਲੋਕ ਵੱਸਦੇ ਹਨ। ਇਕੱਠੇ ਰੱਖਣ ਲਈ ਇਨ੍ਹਾਂ ਵਿਚਕਾਰ ਇਕਸੁਰਤਾ ਦੀ ਜ਼ਰੂਰਤ ਹੈ ਅਤੇ ਵੱਖਰੇਪਨ ਦੇ ਸਨਮਾਨ ਤੇ ਉਸ ਨੂੰ ਦਿੱਤੀ ਜਾਣ ਵਾਲੀ ਬਰਾਬਰ ਦੀ ਸਪੇਸ (ਈਕੁਅਲ ਸਪੇਸ) ਰਾਹੀਂ ਹੀ ਇਹ ਟੀਚਾ ਹਾਸਲ ਕੀਤਾ ਜਾ ਸਕਦਾ।
ਯਾਦ ਰਹੇ, ਇਸੇ ਵਰ੍ਹੇ ਹੋ ਕੇ ਹਟੀਆਂ ਚੋਣਾਂ ਵਿੱਚ ਵੀ ਇਸ ਕਿਸਮ ਦੀ ਸਿਆਸੀ ਕੁਲੀਸ਼ਨ ਉਭਰ ਆਈ ਹੈ, ਜਿਹੜੀ ਦੇਸ਼ ਦੇ ਬਹੁਰੰਗੀ ਖ਼ਾਸੇ ਦੀ ਪ੍ਰਤੀਨਿਧਤਾ ਕਰਦੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਬੀਤੇ ਵਿੱਚ ਕਾਂਗਰਸ ਪਾਰਟੀ ਵੀ ਦੇਸ਼ ਦੀ ਇਕਾਤਮਕ ਵਿਵਸਥਾ ‘ਤੇ ਹੀ ਜ਼ੋਰ ਦਿੰਦੀ ਰਹੀ ਹੈ ਅਤੇ ਉਸੇ ਕਾਰਨ ਇਸ ਪਾਰਟੀ ਦਾ ਸਿੱਖਾਂ ਨਾਲ 84ਵਿਆਂ ਵਾਲਾ ਟਕਰਾਅ ਉਭਰਿਆ ਸੀ। ‘ਦੇਰ ਆਏ ਦਰੁਸਤ ਆਏ’ ਦੀ ਪੰਜਾਬੀ ਅਖਾਣ ਅਨੁਸਾਰ ਜੇ ਆਪਣੇ ਸੰਕਟ ਦੇ ਦੌਰ ਵਿੱਚ ਕਾਂਗਰਸ ਪਾਰਟੀ ਦੀ ਨਵੀਂ ਲੀਡਰਸ਼ਿੱਪ ਵੱਲੋਂ ਹਿੰਦੁਸਤਾਨ ਦੀ ਅਸਲੀ ਸਮਾਜਕ ਅਤੇ ਸਭਿਆਚਾਰਕ ਸਥਿਤੀ ਬਾਰੇ ਆਪਣੀ ਵਿਚਾਰਧਾਰਾ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਇਸ ਦਾ ਨਾ ਸਿਰਫ ਸੁਆਗਤ ਕੀਤਾ ਜਾਣਾ ਚਾਹੀਦਾ ਹੈ, ਸਗੋਂ ਇਸ ਨੂੰ ਉਤਸ਼ਾਹਿਤ ਵੀ ਕੀਤਾ ਜਾਣਾ ਚਾਹੀਦਾ ਹੈ। ਇਸ ਲਈ ਕਾਂਗਰਸ ਦਾ ਇਕਪਾਸੜ ਵਿਰੋਧ ਕਰਦੀਆਂ ਆ ਰਹੀਆਂ ਧਿਰਾਂ ਨੂੰ ਵੀ ਆਪਣੀ ਪਹੁੰਚ ਵਿੱਚ ਨਰਮੀ ਲਿਆਉਣ ਦੀ ਜ਼ਰੂਰਤ ਹੈ।
ਇਸ ਨੁਕਤੇ ਤੋਂ ਸਿੱਖਾਂ ਦੀ ਪ੍ਰਤੀਨਿਧਤਾ ਕਰਨ ਵਾਲੀਆਂ ਰਾਜਨੀਤਿਕ ਪਾਰਟੀਆਂ ਨੂੰ ਵੀ ਆਪਣੇ ਵਿਚਾਰਧਾਰਕ ਪੈਂਤੜਿਆਂ ਬਾਰੇ ਮੁੜ ਤੋਂ ਸੋਚਣਾ ਚਾਹੀਦਾ ਹੈ। ਨਵੀਂ ਉਭਰ ਰਹੀ ਸਿੱਖ ਲੀਡਰਸ਼ਿੱਪ ਨੂੰ ਇਸ ਪਾਸੇ ਵੱਲ ਵਿਸ਼ੇਸ਼ ਤੌਰ ‘ਤੇ ਧਿਆਨ ਦੇਣਾ ਚਾਹੀਦਾ ਹੈ ਕਿ ਕਾਂਗਰਸ ਨੂੰ ‘ਅੰਨ੍ਹੀਂ ਨਫਰਤ’ ਕਰਨ ਦੀ ਥਾਂ ਹੁਣ ਇਸ ਪਾਰਟੀ ਨਾਲ ਰਾਜਨੀਤਿਕ ਗੱਠਜੋੜਾਂ ਬਾਰੇ ਨਵੇਂ ਸਿਰਿਉਂ ਸੋਚਣਾ ਚਾਹੀਦਾ ਹੈ। ਅਕਾਲੀ ਦਲਾਂ/ਦਲ ਨੂੰ ਆਪਣੀ ਵੱਖਰੀ ਸਿਆਸੀ ਪਾਰਟੀ/ਪਾਰਟੀਆਂ ਦੀ ਹੋਂਦ ਨੂੰ ਬਰਕਰਾਰ ਰੱਖਦਿਆਂ, ਇਸ ਨੂੰ ਤਕੜਾ ਕਰਦਿਆਂ, ਦੇਸ਼ ਅੰਦਰ ਭਵਿੱਖ ਵਿੱਚ ਉਭਰਨ ਵਾਲੇ ਸਿਆਸੀ ਮੁਹਾਣਾਂ ‘ਤੇ ਮਹੀਨ ਨਜ਼ਰ ਰੱਖਣੀ ਚਾਹੀਦੀ ਹੈ। ਪੰਜਾਬ ਦੇ ਲੋਕ ਆਮ ਤੌਰ ‘ਤੇ ਮੋਟੀ ਬੁੱਧੀ ਦੇ ਮਾਲਕ ਸਮਝੇ ਜਾਂਦੇ ਹਨ। ਇਸੇ ਲਈ ਦੱਖਣ ਵਾਲੇ ਸਾਨੂੰ ‘ਢੱਗੇ’ ਆਖਦੇ ਹਨ, ਜਿਨ੍ਹਾਂ ਤੋਂ ਕੰਮ ਲੈਣ ਲਈ ਪੰਜਾਲੀਆਂ ਮੂਹਰੇ ਜੋੜਨਾ ਤੇ ਹੱਕਣਾ ਪੈਂਦਾ ਹੈ। ਹਿੰਦੁਸਤਾਨ/ਸੰਸਾਰ/ਪੰਜਾਬ ਦੇ ਆਰਥਿਕ ਸਿਆਸੀ ਹਾਲਾਤ ਤੇਜ਼ੀ ਨਾਲ ਬਦਲ ਰਹੇ ਹਨ। ਪੰਜਾਬ/ਸਿੱਖ ਲੀਡਰਸ਼ਿੱਪ ਜੇ ਇਨ੍ਹਾਂ ਬਦਲ ਰਹੀਆਂ ਸਥਿਤੀਆਂ ਦੇ ਹਾਣ ਦੀ ਨਾ ਰਹੀ ਤਾਂ ਇਤਿਹਾਸ ਦਾ ਪਹੀਆ ਤੇ ਘੁੰਮ ਹੀ ਜਾਣਾ ਹੈ ਅਤੇ ਗੱਡੀ ਇੱਕ ਵਾਰ ਫੇਰ ਨਿਕਲ ਜਾਣੀ ਹੈ। ਕਿਧਰੇ ਅਸੀਂ ਇਸ ਵਾਰ ਵੀ ਲੰਘੇ ਸੱਪ ਦੀ ਲਕੀਰ ਕੁੱਟਣ ਵਾਲੇ ਨਾ ਰਹਿ ਜਾਈਏ। ਖੇਤਰੀ ਅਤੇ ਵੰਨ-ਸੁਵੰਨੀ ਵਿਚਾਰਧਾਰਕ ਪਹੁੰਚ ਦੇ ਤਹਿਤ ਹੀ ਰਾਹੁਲ ਗਾਂਧੀ ਨੇ ਭਾਰਤ ਦੀ ਦਲਿਤ/ਕਾਮੇ/ਕਾਰੀਗਰ ਆਬਾਦੀ ਦੇ ਮਸਲਿਆਂ ਨੂੰ ਛੋਹਿਆ ਹੈ। ਇਸ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਵਿੱਚ ਹੁਨਰ ਦੀ ਕੋਈ ਕਮੀ ਨਹੀਂ ਹੈ, ਪਰ ਇਸ ਦੀ ਕਦਰ ਨਹੀਂ ਹੈ। ਹੁਨਰਮੰਦ ਲੋਕਾਂ ਨੂੰ ਖੁੱਡੇ ਲਾਈਨ ਲਾਇਆ ਜਾ ਰਿਹਾ ਹੈ। ਭਾਰਤੀ ਮਹਾਕਾਵਿ ‘ਮਹਾਭਾਰਤ’ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ‘ਏਕਲਵਿਆ ਨੂੰ ਆਪਣੇ ਗੁਰੂ (ਦਰੋਣਾਚਾਰੀਆ) ਨੂੰ ਆਪਣਾ ਅੰਗੂਠਾ ਦੇਣਾ ਪਿਆ ਸੀ।’ ਉਨ੍ਹਾਂ ਕਿਹਾ ਕਿ ਭਾਰਤ ਵਿੱਚ ਹੁਣ ਵੀ ਹਰ ਰੋਜ਼ ਏਕਲਵਿਆ ਦਾ ਅੰਗੂਠਾ ਕੱਟਿਆ ਜਾ ਰਿਹਾ ਹੈ।
ਆਪਣੇ ਨਵੇਂ ਸਿਆਸੀ ਪ੍ਰਵਚਨ ਤੋਂ ਇਲਾਵਾ ਰਾਹੁਲ ਗਾਂਧੀ ਨੇ ਹਿੰਦੁਸਤਾਨ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਬਾਰੇ ਵੀ ਕਈ ਕੁਝ ਕਿਹਾ ਹੈ। ਇਸ ਨਾਲ ਤੁਹਾਡੇ ਤਫਰਕੇ ਹੋ ਸਕਦੇ ਹਨ। ਇੱਕ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੱਛਮੀ ਮੁਲਕਾਂ ਤੇ ਅਮਰੀਕਾ ਨੇ ਮੈਨੂਫੈਕਚਰਿੰਗ (ਇੰਡਸਟਰੀਅਲ ਪ੍ਰੋਡਕਸ਼ਨ) ਨੂੰ ਚੀਨ ਵਿੱਚ ਧੱਕ ਦਿੱਤਾ ਹੈ। ਉਨ੍ਹਾਂ ਕਿਹਾ ਮੈਨੂਫੈਕਚਰਿੰਗ ਦੇ ਖੇਤਰ ਵਿੱਚ ਹੀ ਬਹੁਤੇ ਲੋਕਾਂ ਨੂੰ ਰੁਜ਼ਗਾਰ ਮਿਲ ਸਕਦਾ ਹੈ। ਇਸੇ ਕਰਕੇ ਅਮਰੀਕਾ ਅਤੇ ਪੱਛਮ ਵਿੱਚ ਬੇਰੁਜ਼ਗਾਰੀ ਹੈ। ਆਈ.ਟੀ. ਅਤੇ ਆਰਟੀਫੀਸ਼ੀਅਲ ਵਿੱਚ ਬਹੁਤਾ ਰੁਜ਼ਗਾਰ ਮੁਹੱਈਆ ਨਹੀਂ ਕਰਵਾਇਆ ਜਾ ਸਕਦਾ। ਇੱਥੇ ਉਂਝ ਆਰਥਿਕਤਾ ਦਾ ਇਹ ਪੱਖ ਵੀ ਧਿਆਨ ਦੇਣ ਯੋਗ ਹੈ ਕਿ ਅਮਰੀਕਾ ਨੇ ਗਿਆਨ ਦੀ ਪੈਦਾਵਾਰ (ਵਿਸ਼ੇਸ਼ ਕਰਕੇ ਸਾਇੰਸ ਤੇ ਟੈਕਨੌਲੋਜੀ ਵਿੱਚ) ਅਤੇ ਰਿਸਰਚ ਤੇ ਇਨੋਵੇਸ਼ਨ ਦਾ ਖੇਤਰ ਆਪਣੇ ਕੋਲ ਰੱਖ ਲਿਆ ਹੈ। ਮੈਟੀਰੀਅਲ ਪ੍ਰੋਡਕਸ਼ਨ ਵਾਲੀ ਸਨਅਤ ਚੀਨ ਤੇ ਦੁਨੀਆਂ ਦੇ ਹੋਰ ਦੂਜੇ-ਤੀਜੇ ਮੁਲਕਾਂ ਵੱਲ ਤੋਰ ਦਿੱਤੀ ਹੈ। ਇਹ ਵੀ ਦਿਲਚਸਪ ਹੈ ਕਿ ਚੀਨ ਸਨਅਤੀ ਦੌਰ ਤੋਂ ਤੇਜ਼ੀ ਨਾਲ ਗਿਆਨ ਦੀ ਪੈਦਾਵਾਰ ‘ਤੇ ਆਧਾਰਤ ਆਟੋਮੇਸ਼ਨ ਵੱਲ ਤੇਜ਼ੀ ਨਾਲ ਵਧ ਰਿਹਾ ਹੈ। ਇਸ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਵਾਲਾ ਪੱਖ ਵੀ ਜੁੜ ਰਿਹਾ ਹੈ। ਇਸ ਨਵੀਂ ਆਰਥਿਕਤਾ ਦੇ ਆਸਰੇ ਹੀ ਅਮਰੀਕਾ ਤੇ ਚੀਨ ਯੂਰਪ ਤੋਂ ਸਰਦਾਰੀ ਖੋਹ ਲੈ ਗਏ ਹਨ। ਯੂਰਪੀਅਨ ਯੂਨੀਅਨ ਵੱਲੋਂ ਇਟਲੀ ਦੇ ਸਾਬਕਾ ਪ੍ਰਧਾਨ ਮੰਤਰੀ ਮਾਰੀਓ ਦਰਾਘੀ ਤੋਂ ਵਿਸ਼ੇਸ਼ ਤੌਰ ‘ਤੇ ਤਿਆਰ ਕਰਵਾਈ ਗਈ ਰਿਪੋਰਟ ਵਿੱਚ ਇਹੋ ਸਾਹਮਣੇ ਆਇਆ ਹੈ ਕਿ ਅਮਰੀਕਾ ਅਤੇ ਚੀਨ ਨਾਲ ਮੜਿੱਕਣ ਲਈ ਯੂਰਪ ਨੂੰ ‘ਇਨੋਵੇਸ਼ਨ’ ‘ਤੇ ਜ਼ੋਰ ਦੇਣਾ ਹੋਵੇਗਾ। ਇਸ ਵਾਸਤੇ ਨਵੀਂ ਸਨਅਤੀ ਰਣਨੀਤੀ ਦੀ ਜ਼ਰੂਰਤ ਹੈ।

Leave a Reply

Your email address will not be published. Required fields are marked *