ਸੌਤਿਕ ਬਿਸਵਾਸ
ਵਿਸ਼ਵ ਦੀ ਆਬਾਦੀ ਦਾ 3.6 ਫੀਸਦ ਹਿੱਸਾ ਕੌਮਾਂਤਰੀ ਪਰਵਾਸੀ ਹਨ ਯਾਨਿ 28 ਕਰੋੜ ਤੋਂ ਵੱਧ ਲੋਕ ਆਪਣਾ ਪਿੱਤਰੀ ਮੁਲਕ ਛੱਡ ਕੇ ਪਰਵਾਸ ਕਰ ਚੁਕੇ ਹਨ। ਬਹੁਤੇ ਲੋਕ ਘੱਟ-ਗਿਣਤੀ ਕੌਮਾਂ ਨਾਲ ਸਬੰਧਤ ਹਨ। ਭਾਰਤ ਤੋਂ ਪਰਵਾਸ ਕਰਨ ਵਿੱਚ ਸਿੱਖਾਂ, ਮੁਸਲਮਾਨਾਂ ਤੇ ਈਸਾਈਆਂ ਦੀ ਗਿਣਤੀ ਹਿੰਦੂ ਭਾਈਚਾਰੇ ਦੇ ਮੁਕਾਬਲੇ ਵੱਧ ਹੈ। ਅਮਰੀਕਾ ਸਥਿਤ ਪਿਊ ਰਿਸਰਚ ਸੈਂਟਰ ਦੇ ਵਿਸ਼ਲੇਸ਼ਣ ਵਿੱਚ ਭਾਰਤੀ ਲੋਕਾਂ ਦੇ ਪਰਵਾਸ ਕਰਨ ਦੀ ਵੱਖਰੀ ਤਸਵੀਰ ਸਾਹਮਣੇ ਆਈ ਹੈ। ਇਸ ਵਿੱਚ ਦਰਸਾਇਆ ਗਿਆ ਹੈ ਕਿ ਘੱਟ-ਗਿਣਤੀ ਭਾਈਚਾਰੇ ਨਾਲ ਸਬੰਧ ਰੱਖਣ ਵਾਲੇ ਭਾਰਤੀ ਬਹੁ-ਗਿਣਤੀ ਦੇ ਮੁਕਾਬਲੇ ਵੱਧ ਪਰਵਾਸ ਕਰਦੇ ਹਨ।
ਵਿਸ਼ਵ ਭਰ ਦੇ ਪਰਵਾਸੀਆਂ ਦੀ ਧਾਰਮਿਕ ਰਚਨਾ ‘ਤੇ ਕੀਤੇ ਗਏ ਸਰਵੇਖਣ ਅਨੁਸਾਰ ਭਾਰਤ ਵਿੱਚ ਲਗਭਗ 80 ਫੀਸਦ ਲੋਕ ਹਿੰਦੂ ਹਨ, ਪਰ ਦੇਸ਼ ਤੋਂ ਬਾਹਰ ਜਾਣ ਵਾਲੇ ਪਰਵਾਸੀਆਂ ਵਿੱਚ ਉਨ੍ਹਾਂ ਦੀ ਗਿਣਤੀ ਕਾਫੀ ਘੱਟ ਹੈ। ਇਸ ਦੇ ਉਲਟ ਭਾਰਤ ਵਿੱਚ ਰਹਿਣ ਵਾਲੇ ਲਗਭਗ 15 ਫੀਸਦ ਲੋਕ ਮੁਸਲਮਾਨ ਹਨ, ਜਦਕਿ ਭਾਰਤ ਵਿੱਚ ਪੈਦਾ ਹੋਏ ਅਤੇ ਹੋਰ ਕਿਤੇ ਜਾ ਕੇ ਵਸਣ ਵਾਲੀ ਮੁਸਲਿਮ ਆਬਾਦੀ ਦਾ ਅੰਕੜਾ 33 ਫੀਸਦ ਹੈ। ਈਸਾਈਆਂ ਦੀ ਭਾਰਤ ਵਿੱਚ ਆਬਾਦੀ ਸਿਰਫ 2% ਬਣਦੀ ਹੈ, ਪਰ ਉਸ ਵਿੱਚੋਂ ਭਾਰਤ ਛੱਡਣ ਵਾਲੇ 16% ਈਸਾਈ ਹਨ। ਵਿਸ਼ਲੇਸ਼ਣ ਦੀ ਇੱਕ ਪ੍ਰਮੁੱਖ ਖੋਜਕਾਰ ਸਟੈਫਨੀ ਕ੍ਰੈਮਰ ਅਨੁਸਾਰ “ਮੁਸਲਮਾਨ ਅਤੇ ਈਸਾਈ ਭਾਰਤ ਵਿੱਚ ਜਾ ਕੇ ਵਸਣ ਤੋਂ ਵੱਧ ਉਥੋਂ ਨਿਕਲੇ ਹਨ। ਸਿੱਖ ਅਤੇ ਜੈਨ ਧਰਮ ਤੋਂ ਇਲਾਵਾ ਹੋਰਨਾਂ ਧਰਮਾਂ ਦੇ ਲੋਕਾਂ ਵੱਲੋਂ ਵੀ ਭਾਰਤ ਛੱਡਣ ਦੀ ਸੰਭਾਵਨਾ ਜ਼ਿਆਦਾ ਹੈ।”
ਪਿਊ ਰਿਸਰਚ ਸੈਂਟਰ ਦੇ ਸੰਯੁਕਤ ਰਾਸ਼ਟਰ ਦੇ ਅੰਕੜਿਆਂ ਅਤੇ 270 ਮਰਦਮਸ਼ੁਮਾਰੀਆਂ ਤੇ ਸਰਵੇਖਣਾਂ ਦੇ ਵਿਸ਼ਲੇਸ਼ਣ ਅਨੁਸਾਰ 2020 ਤੱਕ ਈਸਾਈ ਵਿਸ਼ਵ ਪਰਵਾਸੀ ਆਬਾਦੀ ਦਾ 47 ਫੀਸਦ, ਮੁਸਲਮਾਨ 29 ਫੀਸਦ, ਹਿੰਦੂ 5 ਫੀਸਦ, ਬੋਧੀ 4 ਫੀਸਦ ਅਤੇ ਯਹੂਦੀ ਇੱਕ ਫੀਸਦ ਹਿੱਸਾ ਸਨ। ਧਾਰਮਿਕ ਤੌਰ ‘ਤੇ ਗ਼ੈਰ-ਸੰਬੰਧਿਤ, ਨਾਸਤਿਕਾਂ ਅਤੇ ਅਗਿਆਤਵਾਦੀਆਂ ਸਮੇਤ 13 ਫੀਸਦ ਵਿਸ਼ਵ ਪਰਵਾਸੀਆਂ ਦਾ ਹਿੱਸਾ ਹਨ, ਜੋ ਆਪਣੀ ਜਨਮ ਭੂਮੀ (ਦੇਸ਼) ਛੱਡ ਚੁੱਕੇ ਹਨ। ਵਿਸ਼ਲੇਸ਼ਣ ਵਿੱਚ ਪਰਵਾਸੀ ਆਬਾਦੀ ਵਿੱਚ ਆਪਣੇ ਜਨਮ ਸਥਾਨ (ਦੇਸ਼) ਤੋਂ ਬਾਹਰ ਰਹਿਣ ਵਾਲਾ ਹਰ ਵਿਅਕਤੀ ਸ਼ਾਮਲ ਹੁੰਦਾ ਹੈ, ਬੱਚਿਆਂ ਤੋਂ ਲੈ ਕੇ ਵਡੇਰੀ ਉਮਰ ਦੇ ਬਾਲਗਾਂ ਤੱਕ। ਜਿੱਥੋਂ ਤੱਕ ਭਾਰਤ ਦਾ ਸਬੰਧ ਹੈ, ਵਿਸ਼ਲੇਸ਼ਣ ਵਿੱਚ ਦੇਖਿਆ ਗਿਆ ਹੈ ਕਿ ਭਾਰਤ ਵਿੱਚ ਰਹਿਣ ਵਾਲੀ ਆਬਾਦੀ ਦੀ ਧਾਰਮਿਕ ਬਣਤਰ ਦੇਸ਼ ਦੀ ਸਮੁੱਚੀ ਆਬਾਦੀ ਨਾਲ ਮਿਲਦੀ-ਜੁਲਦੀ ਹੈ।
ਇਸ ਤੋਂ ਇਲਾਵਾ ਵਿਸ਼ਵ ਆਬਾਦੀ ਦੇ ਆਪਣੇ ਹਿੱਸੇ (15 ਫੀਸਦ) ਦੇ ਮੁਕਾਬਲੇ ਕੌਮਾਂਤਰੀ ਪਰਵਾਸੀਆਂ (5 ਫੀਸਦ) ਵਿੱਚ ਹਿੰਦੂਆਂ ਦੀ ਗਿਣਤੀ ਬਹੁਤ ਘੱਟ ਹੈ। ਦੁਨੀਆ ਭਰ ਵਿੱਚ ਲਗਭਗ 100 ਕਰੋੜ ਹਿੰਦੂ ਹਨ। ਕ੍ਰੈਮਰ ਮੁਤਾਬਕ ਅਜਿਹਾ ਇਸ ਲਈ ਲੱਗਦਾ ਹੈ, ਕਿਉਂਕਿ ਹਿੰਦੂ ਭਾਰਤ ਵਿੱਚ ਵੱਡੀ ਗਿਣਤੀ ਵਿੱਚ ਹਨ ਅਤੇ ਭਾਰਤ ਵਿੱਚ ਪੈਦਾ ਹੋਏ ਲੋਕਾਂ ਦੀ ਉਥੋਂ ਕਿਸੇ ਦੂਜੇ ਮੁਲਕ ਵਿੱਚ ਜਾਣ ਦੀ ਸੰਭਾਵਨਾ ਘੱਟ ਹੈ। ਭਾਰਤ ਵਿੱਚ ਪੈਦਾ ਹੋਏ ਜ਼ਿਆਦਾਤਰ ਲੋਕ ਕਿਸੇ ਹੋਰ ਦੇਸ਼ ਦੇ ਮੂਲ ਨਿਵਾਸੀਆਂ ਦੀ ਤੁਲਨਾ ਵਿੱਚ ਵਾਧੂ ਗਿਣਤੀ ਵਿੱਚ ਕਿਤੇ ਹੋਰ ਰਹਿ ਰਹੇ ਹਨ, ਪਰ ਇਹ ਲੱਖਾਂ ਪਰਵਾਸੀ ਭਾਰਤ ਦੀ ਆਬਾਦੀ ਦਾ ਇੱਕ ਛੋਟਾ ਜਿਹਾ ਹਿੱਸਾ ਹਨ।”
ਖੋਜਕਾਰਾਂ ਅਨੁਸਾਰ ਵੰਡ ਤੋਂ ਬਾਅਦ ਭਾਰਤ ਨੇ ਵੱਡੇ ਪੱਧਰ ‘ਤੇ ਪਰਵਾਸ ਦਾ ਅਨੁਭਵ ਨਹੀਂ ਕੀਤਾ ਹੈ ਅਤੇ ਉਸ ਸਮੇਂ ਪਰਵਾਸ ਕਰਨ ਵਾਲੇ ਬਹੁਤ ਸਾਰੇ ਲੋਕ ਹੁਣ ਜ਼ਿੰਦਾ ਨਹੀਂ ਹਨ। ਇਸ ਦੇ ਉਲਟ, ਹੋਰ ਧਾਰਮਿਕ ਸਮੂਹ ਵਿਸ਼ਵ ਪੱਧਰ ‘ਤੇ ਵਧੇਰੇ ਖਿੰਡੇ ਹੋਏ ਹਨ ਅਤੇ ਪਰਵਾਸ ਨੂੰ ਪ੍ਰੇਰਿਤ ਕਰਨ ਵਾਲੇ ਵਧੇਰੇ ਦਬਾਅ ਵਾਲੇ ਕਾਰਕਾਂ ਦਾ ਸਾਹਮਣਾ ਕਰਦੇ ਹਨ। ਖੋਜਕਾਰਾਂ ਮੁਤਾਬਕ ਵਿਸ਼ਲੇਸ਼ਣ ਕੀਤੇ ਗਏ ਹੋਰ ਧਾਰਮਿਕ ਸਮੂਹਾਂ ਦੇ ਮੁਕਾਬਲੇ ਹਿੰਦੂ ਵੱਖਰੇ ਹਨ। ਦੂਜੇ ਧਰਮਾਂ ਦੇ ਲੋਕਾਂ ਨਾਲੋਂ ਉਨ੍ਹਾਂ ਦੇ ਘਰ ਛੱਡਣ ਦੀ ਸੰਭਾਵਨਾ ਘੱਟ ਹੁੰਦੀ ਹੈ। ਉਨ੍ਹਾਂ ਦੇ ਗਲੋਬਲ ਮਾਈਗ੍ਰੇਸ਼ਨ ਪੈਟਰਨ ਜ਼ਿਆਦਾਤਰ ਇਸ ਗੱਲ ‘ਤੇ ਨਿਰਭਰ ਕਰਦੇ ਹਨ ਕਿ ਕੌਣ ਭਾਰਤ ਆਉਂਦਾ ਹੈ, ਨਾ ਕਿ ਕੌਣ ਭਾਰਤ ਛੱਡਦਾ ਹੈ! ਵਿਸ਼ਲੇਸ਼ਣ ਵਿੱਚ ਦੇਖਿਆ ਗਿਆ ਕਿ ਹਿੰਦੂਆਂ ਦੀ ਸਭ ਤੋਂ ਲੰਬੀ ਔਸਤ ਪਰਵਾਸ ਦੂਰੀ 4,988 ਕਿਲੋਮੀਟਰ (3,100 ਮੀਲ) ਹੈ, ਜੋ ਅਕਸਰ ਭਾਰਤ ਤੋਂ ਅਮਰੀਕਾ ਅਤੇ ਯੂ.ਕੇ. ਵਰਗੇ ਦੂਰ-ਦੁਰਾਡੇ ਦੇ ਸਥਾਨਾਂ ‘ਤੇ ਜਾਂਦੇ ਹਨ। ਖੋਜਕਾਰਾਂ ਨੇ ਇਸ ਦਾ ਕਾਰਨ ਹਿੰਦੂਆਂ ਨੂੰ ਨੇੜਲੇ ਦੇਸ਼ਾਂ ਵਿੱਚ ਭੱਜਣ ਲਈ ਮਜਬੂਰ ਕਰਨ ਵਾਲੀਆਂ ਘਟਨਾਵਾਂ ਦਾ ਘੱਟ ਹੋਣਾ ਹੈ। ਇਸ ਦੀ ਬਜਾਏ ਜ਼ਿਆਦਾਤਰ ਆਰਥਿਕ ਪਰਵਾਸ ਕਰਦੇ ਹਨ, ਜੋ ਚੰਗੀਆਂ ਨੌਕਰੀਆਂ ਦੀ ਭਾਲ ਵਿੱਚ ਦੂਜੀਆਂ ਥਾਵਾਂ ‘ਤੇ ਜਾਂਦੇ ਹਨ।
ਸਰਵੇਖਣ ਅਨੁਸਾਰ ਬੰਗਲਾਦੇਸ਼ ਤੋਂ ਪਰਵਾਸੀਆਂ ਵਿੱਚ ਹਿੰਦੂਆਂ ਦੀ ਗਿਣਤੀ ਵਧੇਰੇ ਦਰਜ ਕੀਤੀ ਗਈ ਹੈ। ਅਧਿਐਨ ਦਾ ਅੰਦਾਜ਼ਾ ਹੈ ਕਿ ਬੰਗਲਾਦੇਸ਼ ਵਿੱਚ 10 ਫੀਸਦ ਤੋਂ ਘੱਟ ਹਿੰਦੂ ਆਬਾਦੀ ਹੈ, ਪਰ ਬੰਗਲਾਦੇਸ਼ ਛੱਡਣ ਵਾਲੇ 21 ਫੀਸਦ ਲੋਕ ਹਿੰਦੂ ਹਨ। ਬੰਗਲਾਦੇਸ਼ ਵਿੱਚ ਰਹਿਣ ਵਾਲੇ ਲਗਭਗ 90 ਫੀਸਦ ਲੋਕ ਮੁਸਲਮਾਨ ਹਨ, ਪਰ ਬੰਗਲਾਦੇਸ਼ ਛੱਡਣ ਵਾਲਿਆਂ ਵਿੱਚ ਮੁਸਲਮਾਨਾਂ ਦਾ ਹਿੱਸਾ 67 ਫੀਸਦ ਹੈ। ਹਿੰਦੂ ਪਾਕਿਸਤਾਨ ਦੀ ਆਬਾਦੀ ਦਾ ਸਿਰਫ਼ 2 ਫੀਸਦ ਹਨ ਅਤੇ 8 ਫੀਸਦ ਲੋਕ ਜੋ ਪਾਕਿਸਤਾਨ ਵਿੱਚ ਪੈਦਾ ਹੋਏ ਸਨ ਅਤੇ ਉਹ ਹਿੰਦੂ ਹਨ, ਹੁਣ ਕਿਤੇ ਹੋਰ ਜਾ ਕੇ ਰਹਿੰਦੇ ਹਨ।
ਮਿਆਂਮਾਰ ਵਿੱਚ ਪਰਵਾਸੀਆਂ ਦੀ ਆਬਾਦੀ ਦੇ ਮੁਕਾਬਲੇ ਇਸ ਦੇ ਵਸਨੀਕਾਂ ਦੀ ਆਬਾਦੀ ਵਿੱਚ ਮੁਸਲਮਾਨਾਂ ਦੀ ਫੀਸਦ ਘੱਟ ਹੈ। ਮੁਸਲਮਾਨ ਮਿਆਂਮਾਰ ਦੀ ਨਿਵਾਸੀ ਆਬਾਦੀ ਦਾ ਲਗਭਗ 4 ਫੀਸਦ ਹਨ ਅਤੇ ਇਸਦੀ ਪਰਵਾਸੀ ਆਬਾਦੀ ਦਾ ਇਹ 36 ਫੀਸਦ ਹਿੱਸਾ ਬਣਾਉਂਦੇ ਹਨ। ਜ਼ਾਹਰ ਹੈ ਕਿ ਮੁਸਲਮਾਨ ਵੀ ਬਹੁ-ਗਿਣਤੀ ਮੁਸਲਿਮ ਦੇਸ਼ਾਂ ਤੋਂ ਬਾਹਰ ਚਲੇ ਜਾਂਦੇ ਹਨ, ਪਰ ਉਨ੍ਹਾਂ ਦੇਸ਼ਾਂ ਵਿੱਚ ਧਾਰਮਿਕ ਘੱਟ-ਗਿਣਤੀਆਂ ਅਕਸਰ ਜ਼ਿਆਦਾ ਪਰਵਾਸ ਕਰਦੀਆਂ ਹਨ। ਪਿਊ ਰਿਸਰਚ ਸੈਂਟਰ ਦੇ ਵਿਸ਼ਲੇਸ਼ਣ ਅਨੁਸਾਰ ਲੋਕ ਅਕਸਰ ਉਨ੍ਹਾਂ ਥਾਵਾਂ ‘ਤੇ ਜਾਂਦੇ ਹਨ, ਜਿੱਥੇ ਉਨ੍ਹਾਂ ਦਾ ਧਰਮ ਬਰਾਬਰ ਹੁੰਦਾ ਹੈ ਅਤੇ ਆਪਣੇ ਜ਼ੱਦੀ ਮੁਲਕ ਵਿੱਚ ਘੱਟ-ਗਿਣਤੀ ਧਾਰਮਿਕ ਸਮੂਹਾਂ ਤੋਂ ਆਉਣ ਵਾਲੇ ਲੋਕਾਂ ਦੇ ਉਥੋਂ ਚਲੇ ਜਾਣ ਦੀ ਸੰਭਾਵਨਾ ਵਧੇਰੇ ਹੁੰਦੀ ਹੈ।