ਅਮਰੀਕੀ ਰਾਸ਼ਟਰਪਤੀ ਚੋਣਾਂ `ਚ ਮਾਰਗਰੀਟਾ ਸਿਮੋਨਿਅਨ ਦੀ ਦਖ਼ਲਅੰਦਾਜ਼ੀ!

ਆਮ-ਖਾਸ ਸਿਆਸੀ ਹਲਚਲ

ਸਟੇਟ ਮੀਡੀਆ ਆਊਟਲੈੱਟ ਰੂਸ ਟੂਡੇ (ਆਰ.ਟੀ.) ਦੀ ਮੁੱਖ ਸੰਪਾਦਕ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਹਮਾਇਤੀ ਮਾਰਗਰੀਟਾ ਸਿਮੋਨਿਅਨ ਉਨ੍ਹਾਂ ਰੂਸੀ ਮੀਡੀਆ ਪ੍ਰਬੰਧਕਾਂ ਵਿੱਚ ਸ਼ੁਮਾਰ ਹੈ, ਜਿਨ੍ਹਾਂ ਉੱਤੇ ਅਮਰੀਕਾ ਨੇ 2024 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਕਥਿਤ ਤੌਰ `ਤੇ ਦਖ਼ਲਅੰਦਾਜੀ ਕਰਨ ਕਰਕੇ ਪਾਬੰਦੀ ਲਾਈ ਹੈ। 44 ਸਾਲਾ ਸਿਮੋਨਿਅਨ ਨੂੰ ਚੋਟੀ ਦੀ ਪ੍ਰਚਾਰਕ ਦੱਸਿਆ ਜਾਂਦਾ ਹੈ। ਇਹ ਕਿਹਾ ਜਾਂਦਾ ਹੈ ਕਿ ਉਹ ਵਿਚਾਰਧਾਰਕ ਤੌਰ ਉੱਤੇ ਕੱਟੜ ਹੈ ਅਤੇ ਉਸ ਨੂੰ ਰੂਸੀ ਰਾਸ਼ਟਰਪਤੀ ਨਾਲੋਂ ਵੀ ਵੱਧ ਪੁਤਿਨਵਾਦੀ ਕਿਹਾ ਜਾਂਦਾ ਹੈ।

ਸਿਮੋਨਿਅਨ ਨੇ ਪਿਛਲੇ ਹਫਤੇ ਯੂ.ਐੱਸ. ਟਰਈਅਰੀ ਵੱਲੋਂ ਪਾਬੰਦੀਸ਼ੁਦਾ ਲੋਕਾਂ ਦੀ ਸੂਚੀ ਵਿੱਚ ਉਸ ਦਾ ਨਾਮ ਆਉਣ ਉੱਤੇ ਆਪਣੀ ਪ੍ਰਤੀਕਿਰਿਆ ਸੋਸ਼ਲ ਮੀਡੀਆ ਪਲੇਟਫ਼ਾਰਮ ਐੱਕਸ ਉੱਤੇ ਲਿਖਦਿਆਂ ਵਿਅੰਗ ਕੱਸਿਆ ਸੀ, “ਓਅ, ਉਹ ਜਾਗ ਗਏ!” ਸੂਚੀ ਵਿੱਚ ਸ਼ਾਮਲ ਹੋਰ ਆਰ.ਟੀ. ਕਰਮਚਾਰੀਆਂ ਦੇ ਸੰਦਰਭ ਵਿੱਚ ਉਸ ਨੇ ਕਿਹਾ, “ਸ਼ਾਬਾਸ਼ ਟੀਮ!” ਇਸੇ ਸਾਲ ਮਾਰਚ ਮਹੀਨੇ ਪੁਤਿਨ ਬਿਨਾ ਕਿਸੇ ਵਿਰੋਧ ਤੋਂ ਪੰਜਵੀ ਵਾਰ ਦੇਸ਼ ਦੇ ਰਾਸ਼ਟਰਪਤੀ ਬਣੇ। ਇਹ ਪੁੱਛਣ `ਤੇ ਕਿ ਕੀ ਉਨ੍ਹਾਂ ਸਾਹਮਣੇ ਕੋਈ ਗੰਭੀਰ ਚੁਣੌਤੀ ਹੈ, ਮਾਰਗਰੀਟਾ ਨੇ ਜਵਾਬ ਦਿੱਤਾ ਸੀ, “ਕੀ ਕਿਸੇ ਗੰਭੀਰ ਵਿਰੋਧੀ ਦੀ ਲੋੜ ਹੈ?”
ਸਿਮੋਨਿਅਨ ਦਾ ਜਨਮ ਰੂਸ ਦੇ ਕ੍ਰਾਸਨੋਦਰ ਖੇਤਰ ਵਿੱਚ ਇੱਕ ਆਰਮੀ ਪਿਛੋਕੜ ਵਾਲੇ ਪਰਿਵਾਰ ਵਿੱਚ ਹੋਇਆ ਸੀ। ਉਸ ਦੀਆਂ ਅਕਾਦਮਿਕ ਪ੍ਰਾਪਤੀਆਂ ਨੇ ਉਸ ਨੂੰ ਅਮਰੀਕਾ ਦੇ ਇੱਕ ਵੱਕਾਰੀ ਐਕਸਚੇਂਜ ਪ੍ਰੋਗਰਾਮ ਵਿੱਚ ਜਗ੍ਹਾ ਹਾਸਲ ਕਰਨ ਵਿੱਚ ਮਦਦ ਕੀਤੀ ਅਤੇ ਉਹ 1995 ਵਿੱਚ ਨਿਊ ਹੈਂਪਸ਼ਾਇਰ ਪਹੁੰਚ ਗਈ। ਬਾਅਦ ਵਿੱਚ ਉਹ ਰੂਸ ਵਾਪਸ ਚਲੇ ਗਈ ਅਤੇ ਇੱਕ ਟੀ.ਵੀ. ਪੱਤਰਕਾਰ ਬਣ ਗਈ। ਉਹ 2004 ਵਿੱਚ ਉਦੋਂ ਸੁਰਖੀਆਂ ਵਿੱਚ ਆਈ, ਜਦੋਂ ਉਨ੍ਹਾਂ ਨੇ ਚੇਚਨ ਅਤਿਵਾਦੀਆਂ ਵੱਲੋਂ ਬੇਸਲਾਨ ਸਕੂਲ ਦੀ ਘੇਰਾਬੰਦੀ ਕੀਤੇ ਜਾਣ ਦੇ ਮਾਮਲੇ ਨੂੰ ਰਿਪੋਰਟ ਕੀਤਾ ਸੀ। ਇਹ ਘੇਰਾਬੰਦੀ ਤਿੰਨ ਦਿਨਾਂ ਬਾਅਦ ਖੂਨ-ਖਰਾਬੇ ਤੋਂ ਬਾਅਦ ਖ਼ਤਮ ਹੋਈ ਸੀ। ਇਸ ਦੌਰਾਨ 186 ਬੱਚਿਆਂ ਸਣੇ ਸੈਂਕੜੇ ਲੋਕਾਂ ਨੇ ਆਪਣੀ ਜਾਨ ਗਵਾਈ ਸੀ।
ਇਸ ਰਿਪੋਰਟ ਤੋਂ ਬਾਅਦ ਸਿਮੋਨਿਅਨ ਨੂੰ ਬਹੁਤ ਤੇਜ਼ੀ ਨਾਲ ਤਰੱਕੀ ਮਿਲੀ ਸੀ। ਜਲਦੀ ਹੀ ਉਸ ਨੂੰ ਮਹਿਜ 25 ਸਾਲ ਦੀ ਉਮਰ ਵਿੱਚ ਕੌਮਾਂਤਰੀ ਆਊਟਲੈੱਟ ਰੂਸ ਟੂਡੇ ਨੂੰ ਸਥਾਪਿਤ ਕਰਨ ਅਤੇ ਇਸ ਦੀ ਅਗਵਾਈ ਕਰਨ ਲਈ ਚੁਣਿਆ ਗਿਆ। ਬਾਅਦ ਵਿੱਚ ਇਹ ਬ੍ਰਾਂਡ ਆਰ.ਟੀ. ਵਜੋਂ ਸਥਾਪਿਤ ਹੋ ਗਿਆ। ਉਸ ਸਮੇਂ ਤੋਂ ਲੈ ਕੇ ਬੀਤੇ ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਮਾਰਗਰੀਟਾ ਪੱਛਮ ਦੀ ਇੱਕ ਸਪੱਸ਼ਟ ਆਲੋਚਕ ਅਤੇ ਪੁਤਿਨ ਦੀ ਇੱਕ ਕੱਟੜ ਸਮਰਥਕ ਬਣ ਕੇ ਉੱਭਰੀ ਹੈ। ਉਹ ਹੁਣ ਇੱਕ ਅਜਿਹੇ ਨੈਟਵਰਕ ਦੀ ਪ੍ਰਧਾਨਗੀ ਕਰ ਰਹੀ ਹੈ, ਜੋ ਉਸ ਦੇ ਵਿਚਾਰਾਂ ਨਾਲ ਹੀ ਅੱਗੇ ਵਧਿਆ, ਜਿਸ ਨੂੰ ਅਮਰੀਕਾ ‘ਕ੍ਰੇਮਲਿਨ ਦੇ ਪ੍ਰਮੁੱਖ ਕੌਮਾਂਤਰੀ ਪ੍ਰਚਾਰ ਆਉਟਲੈੱਟ’ ਵਜੋਂ ਦਰਸਾਉਂਦਾ ਹੈ।
ਮੌਜੂਦਾ ਇਲਜ਼ਾਮਾਂ ਤਹਿਤ ਇਹ ਆਊਟਲੈੱਟ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਵਿਘਨ ਪਾਉਣ ਦੀਆਂ ਕਥਿਤ ਕੋਸ਼ਿਸ਼ਾਂ ਕਰਦਾ ਰਿਹਾ ਹੈ। ਸਾਲ-ਦਰ-ਸਾਲ ਉਸ ਦੀ ਬਿਆਨਬਾਜ਼ੀ ਅਤੇ ਉਨ੍ਹਾਂ ਦੇ ਚੈਨਲ ਉੱਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ- ਦੋਵਾਂ ਦੀ ਸੁਰ ਸਖ਼ਤ ਹੁੰਦੀ ਗਈ। 2000 ਦੇ ਦਹਾਕੇ ਦੇ ਅਖੀਰ ਅਤੇ 2010 ਦੇ ਸ਼ੁਰੂ ਵਿੱਚ ਰੂਸ ਦੇ ਪੱਛਮੀ ਦੇਸ਼ਾਂ ਨਾਲ ਸਬੰਧ ਵਿਗੜਨੇ ਸ਼ੁਰੂ ਹੋਏ ਅਤੇ ਆਰ.ਟੀ. `ਤੇ ਇਲਜ਼ਾਮ ਲੱਗਣੇ ਸ਼ੁਰੂ ਹੋ ਗਏ ਸਨ ਕਿ ਇਹ ਕ੍ਰੇਮਲਿਨ ਪੱਖੀ ਪ੍ਰਚਾਰ ਕਰ ਰਿਹਾ ਸੀ। 2014 ਵਿੱਚ ਰੂਸ ਵੱਲੋਂ ਗੈਰ-ਕਾਨੂੰਨੀ ਤੌਰ `ਤੇ ਕ੍ਰੀਮੀਆ ਨੂੰ ਸ਼ਾਮਲ ਕਰਨ ਅਤੇ ਯੂਕਰੇਨ ਦੇ ਪੂਰਬ ਦੇ ਕੁਝ ਹਿੱਸਿਆਂ `ਤੇ ਕਬਜ਼ਾ ਕਰਨ ਤੋਂ ਬਾਅਦ ਇਹ ਆਊਟਲੈੱਟ ਯੂਕਰੇਨ ਅਤੇ ਪੱਛਮ- ਦੋਹਾਂ ਪ੍ਰਤੀ ਖੁੱਲ੍ਹੇਆਮ ਵਿਰੋਧੀ ਵਿਚਾਰ ਪੇਸ਼ ਕਰਨ ਲੱਗਿਆ। ਆਰ.ਟੀ. ਯੂਕਰੇਨ ਵਿੱਚ ਲੋਕਤੰਤਰੀ ਤੌਰ `ਤੇ ਚੁਣੀ ਗਈ ਸਰਕਾਰ ਨੂੰ ‘ਕੀਵ ਸ਼ਾਸਨ’ ਵਜੋਂ ਦਰਸਾਉਂਦਾ ਹੈ। ਇੰਨਾ ਹੀ ਨਹੀਂ, ਇਸ ਨੇ ਪੱਛਮੀ ਦੇਸ਼ਾਂ `ਤੇ ਰੂਸ ਦੀ 2014 ਦੀ ਕ੍ਰਾਂਤੀ ਦੌਰਾਨ ਲੋਕ ਰੋਹ ਨੂੰ ਭੜਕਾਉਣ ਦਾ ਇਲਜ਼ਾਮ ਲਾਇਆ ਅਤੇ ਰੂਸ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਦਾ ਵੀ ਇਲਜ਼ਾਮ ਲਾਇਆ। ਕਈ ਵਾਰ ਤਾਂ ਸੁਰ ਇੰਨੀ ਤਿੱਖੀ ਸੀ ਕਿ ਆਰ.ਟੀ. ਆਊਟਲੈੱਟ ਨੇ ਪੱਛਮ ਉੱਤੇ ਰੂਸ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕਰਨ ਦਾ ਇਲਜ਼ਾਮ ਵੀ ਲਾਇਆ। ਅਸਲ ਵਿੱਚ ਸਿਮੋਨਿਅਨ ਰੂਸ ਦੇ ਬਾਹਰੀ ਪ੍ਰਚਾਰ ਕਾਰਜ ਦੀ ਮੁਖੀ ਹੀ ਨਹੀਂ ਹੈ, ਸਗੋਂ ਅੰਦਰੂਨੀ ਤੌਰ ਉੱਤੇ ਮੀਡੀਆ ਜ਼ਰੀਏ ਰੂਸ ਵਾਸੀਆਂ ਦੀ ਬਿਰਤਾਂਤਕ ਰਚਨਾ ਵਿੱਚ ਵੀ ਉਸ ਦੀ ਖ਼ਾਸ ਸ਼ਮੂਲੀਅਤ ਰਹਿੰਦੀ ਹੈ। ਉਸ ਨੂੰ ਨਿਯਮਿਤ ਤੌਰ `ਤੇ ਰੂਸੀ ਸਿਆਸੀ ਟੀ.ਵੀ. ਟਾਕ ਸ਼ੋਅ `ਤੇ ਦੇਖਿਆ ਜਾਂਦਾ ਹੈ।
ਇਸ ਤੋਂ ਬਾਅਦ ਸਮਾਂ ਆਇਆ 2022 ਦਾ, ਜਦੋਂ ਰੂਸ ਦਾ ਯੂਕਰੇਨ ਉਤੇ ਪੂਰੇ ਪੈਮਾਨੇ `ਤੇ ਹਮਲਾ ਹੋਇਆ। ਸਾਲਾਂ ਦੀਆਂ ਧਮਕੀਆਂ ਤੋਂ ਬਾਅਦ ਯੂਕਰੇਨ ਨੇ ਆਖਰਕਾਰ ਉਸ ਦੇ ਚੈਨਲ `ਤੇ ਪਾਬੰਦੀ ਲਗਾ ਦਿੱਤੀ। ਜੰਗ ਦਾ ਵਿਰੋਧ ਕਰਦਿਆਂ ਰੂਸ ਵਿੱਚ ਬਹੁਤ ਸਾਰੇ ਚੋਟੀ ਦੇ ਪੱਤਰਕਾਰਾਂ ਅਤੇ ਸੰਪਾਦਕਾਂ ਨੇ ਅਸਤੀਫਾ ਦੇ ਦਿੱਤਾ। ਸਿਮੋਨਿਅਨ ਨੇ ਸਾਬਕਾ ਸਹਿਯੋਗੀਆਂ `ਤੇ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੱਤੇ ਅਤੇ ਕਿਹਾ ਕਿ ‘ਜੋ ਕੋਈ ਵੀ ਜੰਗ ਦਾ ਵਿਰੋਧ ਕਰ ਰਿਹਾ ਹੈ, ਅਸਲ ਵਿੱਚ ਰੂਸੀ ਨਹੀਂ ਹੈ।’ ਉਸ ਨੇ ਯੂਕਰੇਨ ਜੰਗ ਦੀਆਂ ਸਭ ਤੋਂ ਵੱਡੀਆਂ ਜਾਸੂਸੀ ਕਹਾਣੀਆਂ ਵਿੱਚੋਂ ਇੱਕ ਵਿੱਚ ਕੇਂਦਰੀ ਭੂਮਿਕਾ ਨਿਭਾਈ, ਜਿਸ ਦੌਰਾਨ ਜਰਮਨ ਹਵਾਈ ਸੈਨਾ ਦੇ ਅਧਿਕਾਰੀਆਂ ਦੀ ਇੱਕ ਲੀਕ ਹੋਈ ਰਿਕਾਰਡਿੰਗ ਪ੍ਰਕਾਸ਼ਤ ਕੀਤੀ ਗਈ, ਜਿਸ ਵਿੱਚ ਉਹ ਲੰਬੀ ਦੂਰੀ ਦੇ ਹਥਿਆਰਾਂ ਬਾਰੇ ਚਰਚਾ ਕਰਦੇ ਸੁਣੇ ਗਏ। ਉਹ ਹਥਿਆਰ, ਜਿਨ੍ਹਾਂ ਬਾਰੇ ਦਾਅਵਾ ਕੀਤਾ ਗਿਆ ਕਿ ਉਹ ਯੂਕਰੇਨ ਨੂੰ ਜਾ ਸਕਦੇ ਹਨ ਅਤੇ ਉਨ੍ਹਾਂ ਦੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ! ਉਸ ਨੇ ਇਸ ਮੱਤ ਨੂੰ ਅੱਗੇ ਤੋਰਿਆ ਹੈ ਕਿ ‘ਰੂਸ ਦੇ ਕਬਜ਼ੇ ਵਾਲੇ ਯੂਕਰੇਨੀ ਖੇਤਰਾਂ ਨੂੰ ਜਨਮਤ ਸੰਗ੍ਰਹਿ ਕਰਵਾਉਣਾ ਚਾਹੀਦਾ ਹੈ ਅਤੇ ਲੋਕਾਂ ਨੂੰ ਉਨ੍ਹਾਂ ਨਾਲ ਰਹਿਣ ਦਿਓ, ਜਿਨ੍ਹਾਂ ਨਾਲ ਉਹ ਰਹਿਣਾ ਚਾਹੁੰਦੇ ਹਨ। ਇਹ ਸਹੀ ਹੈ।’
ਇਸੇ ਦੌਰਾਨ ਦੂਜੇ ਪਾਸੇ ਪੁਤਿਨ ਪੈਲੇਸ ਦਾ ਕਹਿਣਾ ਹੈ ਕਿ ਦੋਸ਼ੀ ਮੈਗਾ ਮੀਡੀਆ ਸਿਤਾਰਿਆਂ ਨੂੰ ਸੁਰੱਖਿਆ ਲਈ ਰੂਸ ਆਉਣਾ ਚਾਹੀਦਾ ਹੈ। ਰੂਸੀ ਸਰਕਾਰੀ ਟੀ.ਵੀ. `ਤੇ ਪ੍ਰਮੁੱਖ ਕਾਨੂੰਨਸਾਜ਼ ਅਤੇ ਪ੍ਰਚਾਰਕ ਅਕਸਰ ਸਵੀਕਾਰ ਕਰਦੇ ਹਨ ਕਿ ਰੂਸ ਅਜੇ ਵੀ ‘ਟਰੰਪ’ ਨੂੰ ਅੱਗੇ ਵਧਾਉਣ ਵਿੱਚ ਦਿਲਚਸਪੀ ਰੱਖਦਾ ਹੈ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੁਆਰਾ ਉਪ-ਰਾਸ਼ਟਰਪਤੀ ਕਮਲਾ ਹੈਰਿਸ ਦਾ ਇੱਕ ਝੂਠਾ ‘ਸਮਰਥਨ’ ਰੂਸ ਦੇ ਮਨਪਸੰਦ ਦਾਅਵੇਦਾਰ ਨੂੰ ਉਤਸ਼ਾਹਤ ਕਰਨ ਲਈ ਤਿਆਰ ਕੀਤਾ ਗਿਆ ਸੀ- ਜਿਵੇਂ ਕਿ ਕਾਰਲਸਨ ਨਾਲ ਆਪਣੀ ਇੰਟਰਵਿਊ ਵਿੱਚ ਉਸਦੀ ਮੁੜ ਚੋਣ ਦਾ ਸਮਰਥਨ ਕਰਨ ਦਾ ਦਾਅਵਾ ਕਰਕੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੂੰ ਬਦਨਾਮ ਕਰਨ ਦੀ ਪਿਛਲੀ ਕੋਸ਼ਿਸ਼। ਉਸ ਸਮੇਂ ਸਰਕਾਰੀ ਟੀ.ਵੀ. ਪ੍ਰਚਾਰਕਾਂ ਨੇ ਅਮਰੀਕੀਆਂ ਨੂੰ ਗੁੰਮਰਾਹ ਕਰਨ ਦੀ ਇਸ ਕੋਸ਼ਿਸ਼ ਦਾ ਵਰਣਨ ਕੀਤਾ ਸੀ।

Leave a Reply

Your email address will not be published. Required fields are marked *