ਪਿੰਡ ਵਸਿਆ-11
ਪਾਠਕਾਂ ਦੀ ਜਾਣਕਾਰੀ ਲਈ ਅਸੀਂ ਕਾਲਮ ‘ਪਿੰਡ ਵਸਿਆ’ ਸ਼ੁਰੂ ਕੀਤਾ ਹੈ, ਜਿਸ ਵਿੱਚ ਸਿਰਫ ਪਿੰਡ ਵੱਸਣ ਦੀ ਹੀ ਬਾਤ ਪਾਈ ਜਾਵੇਗੀ। ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ ਕਿ ਇਹ ਕਿਸੇ ਵੀ ਰੂਪ ‘ਚ ਲਿਖਤੀ ਨਹੀਂ ਮਿਲਦਾ। ਕਿਸੇ-ਕਿਸੇ ਪਿੰਡ ਦੇ ਵੱਸਣ-ਰਸਣ ਦੀ, ਉਹ ਵੀ ਨਾ-ਮਾਤਰ, ਗਜ਼ਟੀਅਰ’ਜ਼, ਮਾਲ ਰਿਕਾਰਡ ਜਾਂ ਕਿਸੇ ਦਸਤਾਵੇਜ਼ ਵਿੱਚ ਸਤਹੀ ਜਿਹਾ ਵਰਨਣ ਜਾਂ ਕਨਸੋਅ ਮਿਲਦੀ ਸੀ/ਹੈ, ਜਿਹੜਾ ਸਥਾਨਕ ਇਤਿਹਾਸ ਦੀ ਮਹੱਤਤਾ ਨਾ ਬੁੱਝਣ ਕਾਰਨ ਸਾਂਭਿਆ ਨਹੀਂ ਗਿਆ। ਪੇਸ਼ ਹੈ, ਪੁਰਾਤੱਤਵ ਥੇਹਾਂ ਦੇ ਪਿੰਡ ਡੁਮੇਲੀ ਬਾਰੇ ਸੰਖੇਪ ਵੇਰਵਾ…
ਵਿਜੈ ਬੰਬੇਲੀ
ਫੋਨ: +91-9463439075
ਬਕੌਲ ਹਿਸਟੋਰੀਅਨ ਡਾ. ਬਖਸ਼ੀਸ਼ ਸਿੰਘ ਨਿੱਜਰ, ਤੁਜ਼ਕ-ਏ-ਬਾਬਰੀ ਅਤੇ ਫਾਰਸੀ ਦੇ ਹੋਰ ਸਰੋਤਾਂ ਵਿੱਚ ਡੁਮੇਲੀ ਦਾ ਜ਼ਿਕਰ ਇਸ ਗੱਲ ਦੀ ਗਵਾਹੀ ਹੈ ਕਿ ਉਨ੍ਹੀਂ ਦਿਨੀਂ ਇਹ ਇੱਕ ਸੁਪ੍ਰਸਿੱਧ ਨਗਰ ਹੋਵੇਗਾ। ਕਿਸੇ ਵੇਲੇ ਦੀ ਕਪੂਰਥਲਾ ਰਿਆਸਤ ਦਾ ਇਹ ਜ਼ੈਲ ਪਿੰਡ ਹੁਸ਼ਿਆਰਪੁਰ-ਫਗਵਾੜਾ ਸੜਕ ਉੱਤੇ ਤਕਰੀਬਨ ਅੱਧ-ਵਿਚਕਾਰ, ਅੱਡਾ ਅਹਿਰਾਣਾ ਜੱਟਾਂ ਦੀ ਲਹਿੰਦੀ ਬਾਹੀ ਦੋ ਕੁ ਮੀਲ ਪਰ੍ਹੇ ਵੱਸਦਾ ਹੈ। ਇੱਥੋਂ ਇੱਕ ਸੜਕ ਸਿੱਧੀ ਸਪਾਟ ਲਹਿੰਦੇ ਨੂੰ ਮੂੰਹ ਕਰਕੇ ਜੰਡੂ ਸਿੰਘਾ-ਜਲੰਧਰ ਨੂੰ ਹੋ ਤੁਰਦੀ ਹੈ। ਤਹਿਸੀਲ ਫਗਵਾੜਾ ਦੇ ਜਲੰਧਰ-ਹੁਸ਼ਿਆਰਪੁਰ ਹੱਦਾ ਉੱਤੇ ਵੱਸਦੇ ਆਖਰੀ ਪਿੰਡਾਂ ਸਮੇਤ ਪੈਂਦਾ ਇਹ ਹੁਣ ਵੀ ਕਪੂਰਥਲਾ ਜ਼ਿਲੇ੍ਹ ‘ਚ ਹੀ ਹੈ। ਇਸਦੇ ਜਾਏ ਇਤਿਹਾਸਕਾਰ ਡਾ. ਬੀ.ਐਸ. ਨਿੱਜਰ ਦੀ ਤੱਥ ਆਧਾਰਿਤ ਹਵਾਲਾ ਪੁਸਤਕ ‘ਹਿਸਟਰੀ ਆਫ ਦਾ ਬੱਬਰ ਅਕਾਲੀ’ਜ਼’ ਸੰਸਾਰ ਪ੍ਰਸਿੱਧ ਹੈ। ਇਸੇ ਪਿੰਡ ਦੇ ਇੱਕ ਹਮਸਾਏ ਠੇਕੇਦਾਰ ਖੇਮ ਸੰਹੁ ਰਾਮਗੜ੍ਹੀਏ ਦੀ ਖੇਤਾਂ-ਬੇਲਿਆਂ ਵਿਚਲੀ ਕੋਠੀ, ਜਿੱਥੋਂ ਬੱਬਰਾਂ ਦੀ ਡਾਕ ਵੀ ਚੱਲਦੀ ਸੀ, ਇਸ ਪਿੰਡ ਦੇ ਬਹੁ-ਪਰਤੀ ਦੇਸ਼ਭਗਤ ਹੋਣ ਦੀ ਗਵਾਹੀ ਭਰਦੀ ਹੈ।
ਪੁਰਾਤਤਵ ਸੋਮੇ ਇਸ ਖੈੜੇ ਦੇ ਇਤਿਹਾਸ ਨੂੰ ਮਹਾਂਭਾਰਤ ਦੇ ਯੁੱਗ ਤੋਂ ਵੀ ਪਿਛਾਂਹ ਲੈ ਖੜਦੇ ਹਨ। ਇਤਿਹਾਸਕ-ਮਿਥਿਹਾਸਕ ਤ੍ਰੈ-ਗਤ ਲਿਖਤ ਅਨੁਸਾਰ ਜਦ ਸਮਰਾਟ ਜਲੰਧਰ ਦੈਂਤ ਦਾ ਰਾਜ ਮੁਲਤਾਨ ਤੋਂ ਹਿਮਾਲਿਆ ਤੱਕ ਫੈਲਿਆ-ਪਸਰਿਆ ਹੋਇਆ ਸੀ ਤਾਂ ਸ਼ਿਵਾਲਕੀ ਸਰਦਾਰ, ਕਬੀਲੇ, ਉਸਦੀ ਹਾਜ਼ਰੀ ਭਰਨ ਲਈ ਪਹਾੜੋਂ ਉੱਤਰ ਵਰਾਸਤਾ ਜੈਜੋਂ/ਬਜਵਾੜਾ ਦੇ ਦਰਿਆਂ ਰਾਹੀਂ ਵਰਾਸਤਾ ਡੁਮੇਲੀ ਜਲੰਧਰ ਪਹੁੰਚਦੇ ਸਨ। ਦੰਦ ਕਥਾਵਾਂ ਅਨੁਸਾਰ ਡੁਮੇਲੀ ਉਦੋਂ ਘੁੱਗ ਵੱਸਦਾ ਸੀ, ਮਗਰੋਂ ਉਹ ਅਤੇ ਉਸ ਨਾਲ ਜੁੜਵੇਂ ਕਈ ਖੈੜੇ-ਮੁਕਾਮ ਕੁਦਰਤੀ ਕਰੋਪੀਆਂ ਅਤੇ ਲੜਾਈਆਂ-ਭੜਾਈਆਂ ਕਾਰਨ ਥੇਹ ਹੋ ਗਏ ਸਨ।
ਪਰ, ਹੁਣ ਵਾਲਾ ਡੁਮੇਲੀ, ਜਿਸਨੂੰ ਨਿੱਜਰ ਜੱਟਾਂ ਨੇ ਮੁੜ ਬੰਨਿ੍ਹਆ ਸੀ, ਥੇਹਾਂ ‘ਚ ਘਿਰਿਆ ਪਿੰਡ ਨਹੀਂ ਸਗੋਂ ਖੁਦ ਇੱਕ ਥੇਹ ਉੱਤੇ ਬਿਰਾਜਮਾਨ ਨਗਰ ਹੈ। ਕਿਸੇ ਵੀ ਕਾਰਨ, ਜਦ ਇਸ ਦਾ ਢਿੱਡ ਫਰੋਲਿਆ ਗਿਆ ਤਾਂ ਸਤਯੁੱਗੀ ਇੱਟਾਂ ਸਮੇਤ ਇੱਥੋਂ ਮੋਰੀਆ ਕਾਲ (320-185 ਈ. ਪੂਰਬ) ਅਤੇ ਬਾਅਦ ਦੀਆਂ ਵੀ ਸਿਲਾਂ ਅਤੇ ਬਰਤਨ-ਸਿੱਕੇ ਪ੍ਰਾਪਤ ਹੋਏ। ਇਹੀ ਨਹੀਂ, ਕਰੀਬ ਸੱਤ-ਅੱਠ ਹੱਥ ਡੂੰਘੀਆਂ ਦੱਬ ਹੋਈਆਂ ਕਰਮੀ-ਧਰਮੀ ਵਸਤਾਂ ਸਮੇਤ ਚਹੁ-ਮੁਖੀਏ ਧਾਤੂ ਦੀਵੇ, ਸਿੱਕੇ-ਢਾਲੇ, ਖੂਹੀਆਂ-ਬਹੁਲੀਆਂ ਇਸ ਖੈੜੇ ਨੂੰ 23-24 ਸਦੀਆਂ ਪਿਛਾਂਹ ਲੈ ਟੁਰਦੇ ਹਨ। ਯੁੱਗਾਂ-ਯੁਗਾਂਤਰਾਂ ਤੋਂ ਵਿਸ਼ੇਸ਼ ਸਥਿਤੀਆਂ-ਪ੍ਰਸਥਿਤੀਆਂ ਅਤੇ ਜਲਵਾਯੂ ਤੇ ਭੂਗੋਲਕੀ ਕਾਰਨਾਂ ਕਰਕੇ ਇਹ ਵਾਪਰਦਾ ਆਇਆ ਹੈ ਕਿ ਕਿਸੇ ਖਿੱਤਾ ਵਿਸ਼ੇਸ਼ ਦੀ ਵਸੋਂ ਕਿਤੇ ਹੋਰ ਤੁਰ ਗਈ ਹੋਵੇ ਜਾਂ ਉਹ ਇਲਾਕਾ ਹੀ ਗਰਕ ਗਿਆ ਹੋਵੇ। ਪ੍ਰਾਚੀਨ ਡੁਮੇਲੀ, ਉਦੋਂ ਇਸਦਾ ਨਾਂ ਕੋਈ ਵੀ ਹੋਰ ਕਿਉਂ ਨਾ ਹੋਵੇ, ਨਾਲ ਵੀ ਇਵੇਂ ਹੀ ਵਾਪਰਿਆ ਹੋਵੇਗਾ।
ਅਜੋਕੇ ਡੁਮੇਲੀ ਦਾ ਭੂਗੋਲਕੀ ਸਰਵੇਖਣ ਸਿੱਧ ਕਰਦਾ ਹੈ ਕਿ ਇਹ ਖਿੱਤਾ ਜਰੂਰ ਜਲ-ਥਲ ਰਿਹਾ ਹੋਵੇਗਾ, ਜਿਹੜਾ ਪ੍ਰਾਚੀਨ ਡੁਮੇਲੀ ਦੀ ਬਲੀ ਦਾ ਕਾਰਨ ਬਣਿਆ। ਖੂਹਾਂ ਦੇ ਪਾੜ ਪੁੱਟਣ ਸਮੇਂ ਦਰਿਆਈ ਰੇਤਾ, ਬੇੜੀਆਂ ਦੀ ਧਾਤੂ ਪੱਚਰਾਂ ਅਤੇ ਮੱਛੀਆਂ ਫੜਨ ਵਾਲੀਆਂ ਪੱਥਰ-ਕੁੰਡੀਆਂ ਜਲ-ਥਲੀ ਵਰਤਾਰੇ ਦਾ ਸੰਕੇਤ ਕਰਦੀਆਂ ਹਨ। ਜਲਮੰਡਲੀ ਤਵਾਰੀਖ ਅਨੁਸਾਰ ਇੱਥੇ ਕਦੇ ਸਤਲੁਜ-ਬਿਆਸ ਦਾ ਸੰਗਮ ਸੀ। ਜੇ ਇਹ ਗੱਲ ਅੱਧ-ਅਧੂਰੀ ਵੀ ਕਿਉਂ ਨਾ ਹੋਵੇ, ਇਹ ਜਰੂਰ ਸੱਚ ਹੈ ਕਿ ਇਹ ਖਿੱਤਾ ਉਨ੍ਹਾਂ ਦਰਿਆਵਾਂ ਦੀਆਂ ਸਹਾਇਕ ਨਦੀਆਂ, ਖੌਰੂ ਪਾੳਂੁਦੇ ਬਰਸਾਤੀ ਚੋਆਂ ਦਾ ਜਰੂਰ ਸੰਗਮ ਰਿਹਾ ਹੋਵੇਗਾ; ਜਿਨ੍ਹਾਂ ਦੀ ਬਦੌਲਤ ਇੱਥੇ ਉਗਮੇ ਜਲ-ਡੂੰਮਾਂ ਤਹਿਤ ਇਸਦਾ ਨਾਂ ਡੁੰਮਾਂ ਤੋ ਡੁੱਮਾਂਵਾਲੀ ਮਗਰੋਂ ਡੁਮੇਲੀ ਜਾਂ ਦੋ ਜਲ-ਵਹਿਣਾਂ ਦੇ ਮੇਲ, ਦੋ-ਮੇਲ ਤੋਂ ਵਿਗੜਦਾ ਸੰਵਰਦਾ ਡੁਮੇਲੀ ਪੈ ਗਿਆ ਹੋਵੇ।
ਵਸੋਂ ਬਣਤਰ ਅਨੁਸਾਰ ਆਖਰੀ ਵਾਰ ਅਤੇ ਇਸ ਰੂਪ ‘ਚ ਇਸਦੀ ਮੋੜ੍ਹੀ ਨਿੱਜਰ ਜੱਟਾਂ ਨੇ ਬੰਨ੍ਹੀ ਸੀ। ਹੁਣ ਵੀ ਇਥੇ ਉਨ੍ਹਾਂ ਦੀ ਬਹੁਤਾਤ ਹੈ, ਭਾਵੇਂ ਕਿ ਹੋਰਾਂ ਜਾਤਾਂ ਵੀ ਇੱਥੇ ਆ ਵਸਦੀਆਂ ਰਹੀਆਂ। ਖਾਰਨ, ਪੁਰਾਣੇ ਭਾਰਤੀ ਪਿੰਡਾਂ ਵਿੱਚ ਕੋਈ ਵੀ ਜਾਤੀ ਸਵੈ-ਨਿਰਭਰ ਨਹੀਂ ਸੀ। ਉਸਨੂੰ ਹੋਰ ਕਿੱਤਾ ਜਾਤੀਆਂ, ਜਿਨ੍ਹਾਂ ਕੋਲ ਵਿਸ਼ੇਸ਼ ਧੰਦਿਆਂ, ਹੁਨਰਾਂ ਜਾਂ ਕੋਈ ਹੋਰ ਮੁਹਾਰਤ ਹੁੰਦੀ ਸੀ, ਦੀ ਲੋੜ ਪੈਂਦੀ ਸੀ। ਉਨ੍ਹਾਂ ਦੇ ਵਸੇਬ ਨਾਲ ਹੀ ਕਿਸੇ ਪਿੰਡ ਦੀ ਉਸਾਰੀ ਸੰਪੂਰਨ ਹੁੰਦੀ ਸੀ। ਡੁਮੇਲੀ ਵੀ ਇਸ ਪੱਖੋਂ ਸੁਲੱਖਣਾ ਪਿੰਡ ਹੈ। ਇੱਥੇ ਤਾਅ-ਜਾਤਾਂ ਧਰਮ ਵੱਸਦੇ ਸਨ/ਹਨ। ਮੁਸਲਮਾਨਾਂ ਦਾ ਰੈਣ-ਵਸੇਰਾ ਮੁੱਢੋ-ਸੁਢੋਂ ਸੀ, ਪਰ ਸਨ ਇਹ ਨਿਰੋਲ ਕਾਮੇ। ਗੁੱਜਰ ਭੇਡਾਂ-ਬੱਕਰੀਆਂ ਪਾਲਦੇ। ਅਰਾਂਈ ਸਬਜ਼ੀਆਂ ਉਗਾਉਂਦੇ, ਅੱਧ-ਵਟਾਈ ‘ਤੇ ਖੇਤੀ ਕਰਦੇ। ਤੇਲੀ ਕੋਹਲੂ ਬੀੜਦੇ। ਲਲਾਰੀ ਕੱਪੜੇ ਰੰਗਦੇ, ਨਿਲਾਰੀ ਸੂਤ ਨੂੰ ਨੀਲ ਕਰਦੇ। ਕੁੱਝ ਮੁਸਲਿਮ ਕੱਪੜਾ ਬੁਣਦੇ, ਬਹੁਤੇ ਲੁਹਾਰਾ ਕੰਮ ਕਰਦੇ। ਮੁਸਲਮਾਨਾਂ ਦੇ ਆਪਣੇ ਖਰਾਸ ਵੀ ਸਨ। ਭਿੱਤ ਕੁੱਟਣ ਵਿੱਚ ਵੀ ਉਨ੍ਹਾਂ ਦਾ ਕੋਈ ਸਾਨੀ ਨਹੀਂ ਸੀ, ਬੁਹਤੇ ਰੈਣ-ਵਸੇਰੇ ਉਨ੍ਹਾਂ ਹੱਥੋਂ ਹੀ ਬਣੇ ਹੋਏ ਸਨ।
ਪਰ, ਸੰਨ ਸੰਤਾਲੀ ’ਚ ਅਜਿਹੀ ਚੰਦਰੀ ਵਾਅ ਵਗੀ ਕਿ ਇਹ ਲੋਕ ਇਸ ਨਗਰੀ ਦੀ ਖੈਰ-ਸੁੱਖ ਮੰਗਦੇ, ਇਸ ਧਰਤ ਨੂੰ ਅਲਵਿਦਾ ਆਖ ਧਾਹਾਂ ਮਾਰਦੇ ਪਰਾਈ ਧਰਤ ਨੂੰ ਟੁਰ ਗਏ। ਡੁਮੇਲੀ ਨੂੰ ਬੜੀ ਆਸ ਸੀ ਕਿ ਟਿਕ-ਟਿਕਾਅ ਹੁੰਦਿਆਂ ਹੀ ਉਹ ਮੁੜ ਆਉਣਗੇ। ਮੁੱਦਤ ਹੋ ਗਈ, ਉਹ ਮੁੜ ਨਾ ਬਹੁੜੇ। ਡੁਮੇਲੀ ਦੀ ਸਰ ਜ਼ਮੀਂ ਬਾਹਾਂ ਟੱਡੀ ਅਜੇ ਵੀ ਉਨ੍ਹਾਂ ਨੂੰ ਉਡੀਕ ਰਹੀ ਹੈ, ਜਿਵੇਂ ਕਹਿ ਰਹੀ ਹੋਵੇ, ‘ਮੁੜ ਆਵੋ, ਵੇ।’