ਪਿੰਡ ਵਸਿਆ-10
ਪਾਠਕਾਂ ਦੀ ਜਾਣਕਾਰੀ ਲਈ ਅਸੀਂ ਕਾਲਮ ‘ਪਿੰਡ ਵਸਿਆ’ ਸ਼ੁਰੂ ਕੀਤਾ ਹੈ, ਜਿਸ ਵਿੱਚ ਸਿਰਫ ਪਿੰਡ ਵੱਸਣ ਦੀ ਹੀ ਬਾਤ ਪਾਈ ਜਾਵੇਗੀ। ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ ਕਿ ਇਹ ਕਿਸੇ ਵੀ ਰੂਪ ‘ਚ ਲਿਖਤੀ ਨਹੀਂ ਮਿਲਦਾ। ਕਿਸੇ-ਕਿਸੇ ਪਿੰਡ ਦੇ ਵੱਸਣ-ਰਸਣ ਦੀ, ਉਹ ਵੀ ਨਾ-ਮਾਤਰ, ਗਜ਼ਟੀਅਰ’ਜ਼, ਮਾਲ ਰਿਕਾਰਡ ਜਾਂ ਕਿਸੇ ਦਸਤਾਵੇਜ਼ ਵਿੱਚ ਸਤਹੀ ਜਿਹਾ ਵਰਨਣ ਜਾਂ ਕਨਸੋਅ ਮਿਲਦੀ ਸੀ/ਹੈ, ਜਿਹੜਾ ਸਥਾਨਕ ਇਤਿਹਾਸ ਦੀ ਮਹੱਤਤਾ ਨਾ ਬੁੱਝਣ ਕਾਰਨ ਸਾਂਭਿਆ ਨਹੀਂ ਗਿਆ। ਪੇਸ਼ ਹੈ, ਪਿੰਡ ਹਿਆਤਪੁਰ ਰੁੜਕੀ ਬਾਰੇ ਸੰਖੇਪ ਵੇਰਵਾ…
ਵਿਜੈ ਬੰਬੇਲੀ
ਫੋਨ: +91-9463439075
ਪੁਸਤਕ ‘ਬੱਬਰ ਅਕਾਲੀ ਲਹਿਰ ਦਾ ਇਤਿਹਾਸ’ ਦੇ ਪੰਨਾ 394 ‘ਤੇ ਬੱਬਰ ਮਿਲਖਾ ਸਿੰਘ ਪੰਡੋਰੀ ਨਿੱਜਰਾਂ ਸਨਦ-ਬੱਧ ਕਰਦਾ ਹੈ, “ਬਾਬੂ ਸੰਤਾ ਸਿੰਘ ਦੀ ਗ੍ਰਿਫਤਾਰੀ ਵੇਲੇ ਡਾਇਰੀ ਪੁਲਿਸ ਦੇ ਹੱਥ ਆ ਗਈ। ਨਤੀਜੇ ਵਜੋਂ ਹੋਰ ਗ੍ਰਿਫਤਾਰੀਆਂ ਹੋਈਆਂ। ਪਰਚੇ ਛਾਪਣ ਵਾਲੀ ਮਸ਼ੀਨ ਫਤਿਹਪੁਰ ਕੋਠੀ ਵਾਲੇ ਭਗਵਾਨ ਸਿੰਘ ਤੋਂ ਬਰਾਮਦ ਕਰ ਲਈ ਗਈ, ‘ਦੂਜੀ ਮਸ਼ੀਨ’ ਬੱਬਰ ਕਰਮ ਸਿੰਘ ਕੋਲ ਹੀ ਰਹਿ ਗਈ, ਜਿਸ ਨਾਲ ਪਰਚੇ ਛਾਪੇ ਗਏ। ਫਿਰ ਕੋਈ ਪਤਾ ਨਹੀਂ ਲੱਗਿਆ ਕਿ ਇਹ ਮਸ਼ੀਨ ਬੱਬਰ ਸਾਹਿਬ ਕਿੱਥੇ ਰੱਖ ਗਏ ਸਨ। ਨਾ ਤਾਂ ਉਹ ਪੁਲਿਸ ਦੇ ਹੱਥ ਆ ਸਕੀ, ਨਹੀਂ ਤਾਂ ਮੇਰੇ ਲਿਆਂਦੇ ਰਿਕਾਰਡ ਵਾਂਗ ਉਹ ਵੀ ਇੱਕ ਯਾਦਗਰ ਚੀਜ਼ ਬਣ ਜਾਣੀ ਸੀ।”
ਉਕਤ ਡਾਇਰੀ ਤੋਂ ਭਾਵ ਚੋਟੀ ਦੇ ਚਿੰਤਕ ਬੱਬਰ ਸੰਤਾ ਸਿੰਘ ਹਰਿਓ ਖੁਰਦ ਦੀ ਨਿੱਜੀ ਡਾਇਰੀ ਤੋਂ ਹੈ। ਪਰਚੇ ਛਾਪਣ ਵਾਲੀ ਉਡਾਰੂ ਪ੍ਰੈੱਸ: ਜਿਹੜੀ ਜੂਨ/ਜੁਲਾਈ 1923 ਨੂੰ ਸ਼ਿਵਾਲਕੀ ਪਿੰਡ ਫਤਿਹਪੁਰ ਕੋਠੀ (ਮਾਹਿਲਪੁਰ) ਤੋਂ ਫੜੀ ਗਈ ਸੀ। ਬੱਬਰ ਸਾਹਿਬ ਤੋਂ ਇਸ਼ਾਰਾ ਐਡੀਟਰ ਕਰਮ ਸਿੰਘ ਦੌਲਤਪੁਰ ਕੰਨੀ ਹੈ, ਜਿਹੜੇ ਪਹਿਲੀ ਸਤੰਬਰ 1923 ਨੂੰ ਬੰਬੇਲੀ ਵਿਖੇ ਇੱਕ ਅਣਸਾਵੇਂ ਮੁਕਾਬਲੇ ਵਿਚ ਸ਼ਹੀਦ ਹੋ ਗਏ ਸਨ। ਰਿਕਾਰਡ ਤੋਂ ਭਾਵ ਬੱਬਰ ਅਕਾਲੀ ਲਹਿਰ ਦੀ ਤਫ਼ਤੀਸ਼, ਗੁਪਤ ਸਰਕਾਰੀ ਦਸਤਾਵੇਜ਼ ਅਤੇ ਮੁਕੱਦਮਿਆਂ ਦੇ ਰਿਕਾਰਡ ਤੋਂ ਹੈ, ਜਿਹੜਾ ਬੱਬਰ ਮਿਲਖਾ ਸਿੰਘ ਨੇ ਬੜੇ ਹੀ ਯੁਕਤੀ ਢੰਗ ਨਾਲ 1947 ਮਗਰੋਂ, ਲਾਹੌਰੋਂ ਪ੍ਰਾਪਤ ਕੀਤਾ ਸੀ; ਪਰ ਦੂਜੀ ਮਸ਼ੀਨ? ਜਿਸ ਦਾ ਖੁਰਾ ਤੌੜ 1947 ਤੱਕ ਅੰਗਰੇਜ਼ ਨੱਪਦੇ ਰਹੇ, ਪਰ ਨਾਦਾਰਦ। ਮਗਰਲਿਆਂ ਖੋਜੀ ਇਤਿਹਾਸਕਾਰਾਂ ਨੇ ਵੀ ਵਾਹ ਲਾਈ, ਪਰ ਸਭ ਅਸਫਲ। ਇੱਥੇ, ਜਿਸਨੂੰ ਦੂਜੀ ਮਸ਼ੀਨ ਕਿਹਾ ਗਿਆ ਹੈ, ਉਹ ਪਹਿਲਾਂ ਖਰੀਦੀ ਗਈ ‘ਅਲਾਮਾ ਡੁਪਲੀਕੇਟਰ’ ਲਘੂ ਪ੍ਰਿਟਿੰਗ ਪ੍ਰੈੱਸ ਸੀ ਅਤੇ ਫੜੀ ਗਈ ਉਹ ਮਸ਼ੀਨ (ਉਡਾਰੂ ਪ੍ਰੈੱਸ) ਹੈ, ਜਿਹੜੀ ਬਾਅਦ ‘ਚ ਬੱਬਰਾਂ ਨੇ ਖਰੀਦੀ ਸੀ, ਜਿਸਨੂੰ ਲੱਭਣ ਲਈ ਗੋਰਾਸ਼ਾਹੀ ਅੱਕੀਂ-ਪਲਾਹੀਂ ਹੱਥ ਮਾਰਦੀ ਰਹੀ। ਬਾਅਦ ਵਿੱਚ ਵੀ ਇਹ ਜੱਗ ਜਾਹਰ ਨਾ ਹੋਈ, ਜਿਸਦੀ ਝਲਕ ਮਾਤਰ ਲਈ ਜੀਵਤ ਬੱਬਰ ਤੋੜ ਹਿਯਾਤੀ ਤੱਕ ਤਰਸਦੇ ਰਹੇ।
ਹੁਣ ਇਸਦੇ ਪਤਾਲੀ ਚੁੱਭੀ ਮਾਰਨ ਵਾਲੇ ਸਥਾਨ ਦੀ ਸ਼ਨਾਖਤ ਹੋ ਗਈ ਹੈ, ਜਿਹੜਾ ਬੜਾ ਦਿਲਚਪਸ ਮਾਜਰਾ ਹੈ। (ਇਸ ਰੌਚਿਕ ਗਾਥਾ ਬਾਰੇ ਮੇਰੇ ਵੱਖ-ਵੱਖ ਸਮੇਂ ਅਖ਼ਬਾਰਾਂ/ਰਸਾਲਿਆਂ/ਕਿਤਾਬਾਂ ‘ਚ ਲਿਖੇ ਲੇਖ ਵਾਚ ਸਕਦੇ ਹੋ।) ਹਾਂ! ਉਸ ਗੌਰਵਮਈ ਪਿੰਡ ਦਾ ਨਾਂ ਹੈ, ‘ਹਿਆਤਪੁਰ ਰੁੜਕੀ’, ਜਿਸਦੇ ਕਈ ਸਪੂਤ ਸੁਤੰਤਰਤਾ ਸੰਗਰਾਮ ਦੇ ਸੂਹੇ ਪੰਨੇ ਬੱਬਰ ਅਕਾਲੀ’ਜ਼ ਵਿੱਚ ਦਰਜ ਹਨ: ਬੱਬਰ ਧਰਮ ਸਿੰਘ 27 ਫਰਵਰੀ 1926 ਨੂੰ ਆਹਲਾ ਵਤਨ ਲਈ ਫਾਂਸੀ ਚੜ੍ਹ ਗਿਆ ਅਤੇ ਇਸਤੋਂ ਕਿਤੇ ਪਹਿਲਾਂ ਬੱਬਰ ਸੁੰਦਰ ਸਿੰਘ ਵੀ 1923 ਦੀ ਦਸੰਬਰ 13 ਨੂੰ ਘੋਰ ਤਸੀਹਿਆਂ ਤਹਿਤ ਜੁਡੀਸ਼ੀਅਲ਼ ਲਾਕ-ਅੱਪ ‘ਚ ਫੌਤ ਹੋ ਗਿਆ ਸੀ। ਇਹੀ ਨਹੀਂ, ਇਸ ਖੇੜੇ ਦਾ ਇੱਕ ਹੋਰ ਫਰਜੰਦ ਬੱਬਰ ਸੁਰਜਨ ਸਿੰਘ ਨੇ ਜੇਲ੍ਹ-ਤਨਹਾਈ, ਬਾ-ਮੁਸ਼ੱਕਤ ਕੈਦ ਦੌਰਾਨ 1925 ਨੂੰ ਸ਼ਹੀਦੀ ਪਾਈ ਸੀ। ਹੋਰ ਦੇਸ਼ਭਗਤਾਂ ਅਤੇ ਤਾਅ-ਪਿੰਡ ਨੇ ਜਿਹੜਾ ਸੰਤਾਪ ਹੰਢਾਇਆ, ਉਸਦੀ ਤਸਵੀਰ ਵੀ ਬੜੀ ਡਰਾਉਣੀ ਹੈ; ਪਰ ਨਾ ਤਾਂ ਹਿਆਤਪੁਰ ਡੋਲਿਆ ਅਤੇ ਨਾ ਹੀ ਦੇਸ਼ ਭਗਤਾਂ ਦੇ ਟੱਬਰ।
ਹੁਸ਼ਿਆਰਪੁਰ-ਚੰਡੀਗੜ੍ਹ ਸ਼ਾਹਰਾਹ ‘ਤੇ ਗੜ੍ਹਸ਼ੰਕਰ-ਬਲਾਚੌਰ ਵਿਚਕਾਰੋਂ ਅੱਡਾ ਬਕਾਪੁਰ-ਧਮਾਈ ਤੋਂ ਸਾਹਬੇ-ਸੜੋਏ ਨੂੰ ਜਾਂਦੀ ਸੜਕ ਉਤੇ ਦੋ ਮੀਲ ਦੀ ਵਿੱਥ ‘ਤੇ ਸ਼ਿਵਾਲਕੀ ਖਿੱਤੇ ‘ਚ ਵਸਿਆ ਹੋਇਆ ਪਿੰਡ ‘ਹਿਆਤਪੁਰ ਰੁੜਕੀ’ ਦਰਅਸਲ ਇੱਕੋ ਹਦਬਸਤ ਨੰ. 166 ਵਾਲੇ ਦੋ ਅੱਡ-ਅੱਡ ਪਿੰਡ ਹਨ, ਜਿਨ੍ਹਾਂ ਨੂੰ ਵਿਚਾਲਿਓਂ ਲੰਘਦੀ ਇੱਕ ਪਹੀ ਵੰਡਦੀ ਹੈ। ਇਹ ਪਿੰਡ ਕੰਦੋਲਾ ਜੱਟਾਂ ਦਾ ਵਸਾਇਆ ਹੋਇਆ ਹੈ, ਜਿਹੜੇ ਲੋੜਾਂ ਖਾਤਿਰ ਸਿੱਖ ਮਿਸਲਾਂ ਵੇਲੇ, ਆਪਣੇ ਪੁਰਖਿਆਂ ‘ਕਰਤਾ ਅਤੇ ਭਰਤਾ’ ਦੀ ਅਗਵਾਈ ਹੇਠ ਨਵਾਂਸ਼ਹਿਰ ਖਿੱਤੇ ਦੇ ਇੱਕ ਪਿੰਡ ਕੰਦੋਲਾਂ ਤੋਂ ਉੱਠ ਕੇ ਆਏ ਸਨ। ਪਹਿਲਾਂ ਇਹ ਚੜ੍ਹਦੇ ਨੂੰ ਇੱਕ ਮੀਲ ਹਟਵੇਂ ਨੰਦੇਆਣਾ ਥੇਹ ਵਾਲੀ ਥਾਂ, ਇੱਕ ਸਦਾਬਹਾਰ ਖੱਡ ਕੰਢੇ ਟਿਕੇ, ਜਿਹੜੀ ਇੱਕ ਤਿਕੌਣੇ ਚੌਂਕ ਉੱਤੇ ਸਥਿਤ ਹੈ, ਜਿੱਥੋਂ ਇੱਕ ਸੜਕ ਛਦੌੜੀ ਨੂੰ ਅਤੇ ਦੂਜੀ ਸਾਹਬੇ-ਸੜੋਏ ਨੂੰ ਤੁਰਦੀ ਹੈ; ਪਰ ਹੜ੍ਹਾਂ-ਸਲਾਬੇ ਕਾਰਨ ਇਨ੍ਹਾਂ ਨੂੰ ਮਜਬੂਰਨ, ਇੱਥੋਂ ਬਿਹਤਰ ਜਲ-ਨਿਕਾਸ ਵਾਲੀ ਨੇੜੇ ਪੈਂਦੀ ਸੁਰੱਖਿਅਤ ਥਾਂ, ਵੇਲੇ ਦੇ ਵੱਡ-ਅਕਾਰੀ ਟੋਭੇ ਲਾਗੇ ਵਸੇਰਾ ਕਰਨਾ ਪਿਆ।
ਇਸ ਤਲਾਅ, ਜਿਹੜਾ ਹਯਾਤ ਨਾਂ ਦੇ ਰੂਹਾਨੀ ਬਜ਼ੁਰਗ ਦੇ ਨਾਂ ਤੋਂ ਕਦੇ ‘ਹਯਾਤ ਸਰ’ ਦਾ ਮੁਕਾਮ ਪ੍ਰਾਪਤ ਕਰ ਗਿਆ ਸੀ, ਦੇ ਉੱਤਰੀ ਕੰਢੇ ‘ਤੇ ਵਸੇ ਘਰਾਂ ਦਾ ਨਾਂ ਪਿਆ ‘ਹਿਯਾਤਪੁਰੀਏ’ ਅਤੇ ਦੱਖਣੀ ਬਾਹੀ ਉੱਤੇ ਢਹਿ-ਢੇਰੀ ਕਰ ਦਿੱਤੀ ਹੋਈ ਇੱਕ ਕੱਚੀ ਗੜ੍ਹੀ ਦੇ ਥੇਹ ਕਾਰਨ ਬਣੀ ਰੋੜੀ ਉੱਤੇ ਵਸੇਵਾ ਕਰਨ ਵਾਲੇ ਘਰਾਂ ਦੀ ਅੱਲ ਪੈ ਗਈ ‘ਰੋੜੀਕੀਏ।’ ਹੌਲੀ-ਹੌਲੀ ਇਹ ਦੋਵੇਂ ਆਬਾਦੀਆਂ ਨੇ ਚੜ੍ਹਦੇ ਅਤੇ ਲਹਿੰਦੇ ਦਾਅ ਵੱਧ ਕੇ ਆਪਸ ਵਿੱਚ ਪੀਡੀ ਗਲਵੱਕੜੀ ਪਾ ਲਈ ਅਤੇ ਇਸ ਸੰਯੁਕਤ ਰੈਣ-ਵਸੇਰੇ ਨੂੰ ‘ਹਿਆਤਪੁਰ-ਰੁੜਕੀ’ ਕਿਹਾ ਜਾਣ ਲੱਗਾ।