ਸ਼ਾਹਸਵਾਰ

ਆਮ-ਖਾਸ ਸਾਹਿਤਕ ਤੰਦਾਂ

ਇੱਕ ਅਰਸੇ ਤੋਂ ਲੀਡਰਸ਼ਿਪ ਪੰਜਾਬ ਦੇ ਲੋਕਾਂ, ਖਾਸ ਕਰਕੇ ਜਵਾਨੀ ਨੂੰ ਝਕਾਨੀ ਦਿੰਦੀ ਰਹੀ ਹੈ। ਆਪਣੇ ਹਾਣ ਦੀ ਅਗਵਾਈ ਲਈ ਕਿਸੇ ਸਮਰੱਥ ਆਗੂ ਵਾਸਤੇ ਤਰਸੇਵਾਂ ਪੰਜਾਬ ਦੇ ਮੁੰਡਿਆਂ ਨੂੰ ਇੱਕ ਜਾਂ ਦੂਜੇ ਰਾਹੇ/ਕੁਰਾਹੇ ਭਟਕਾਉਂਦਾ ਰਿਹਾ ਹੈ। ਗੁਰੂ ਇਤਿਹਾਸ ਨੇ ਪੰਜਾਬ ਦੀ ਜ਼ਮੀਨ ਵਿੱਚ ਬਹੁਤ ਵੱਡੇ ਆਦਰਸ਼ਾਂ ਦੇ ਬੀਜ ਬੀਜੇ ਹਨ। ਆਪਣੇ ਇਤਿਹਾਸ ਵਿੱਚ ਬੀਜੇ ਆਦਰਸ਼ ਆਪਣੇ ਅਸਲ ਨਾਇਕਾਂ ਦੀ ਤਾਲਾਸ਼ ਵਿੱਚ ਸਦਾ ਪੰਜਾਬ ਦੀ ਜਵਾਨੀ ਨੂੰ ਬੇਚੈਨ ਰੱਖਦੇ ਹਨ। ਮੀਡੀਆ ਖੇਤਰ ਨਾਲ ਪਿਛਲੇ ਲੰਮੇ ਸਮੇਂ ਤੋਂ ਜੁੜੇ ਹੋਏ ਲੇਖਕ ਜਸਵੀਰ ਸਿੰਘ ਸ਼ੀਰੀ ਨੇ ਇਸ ਨਾਵਲ ਵਿੱਚ ਪੰਜਾਬ ਦੀ ਇਸ ਬੇਚੈਨ ਆਤਮਾ ਨੂੰ ਹੀ ਸੰਬੋਧਨ ਹੋਣ ਦੀ ਕੋਸ਼ਿਸ਼ ਕੀਤੀ ਹੈ। ਇਹ ਨਾਵਲ ਅਸੀਂ ਕਿਸ਼ਤ-ਦਰ-ਕਿਸ਼ਤ ਪ੍ਰਕਾਸ਼ਿਤ ਕਰ ਰਹੇ ਹਾਂ…

ਜਸਵੀਰ ਸਿੰਘ ਸ਼ੀਰੀ
ਫੋਨ: +91-6280574657

ਮਾਰਚ ਦਾ ਮਹੀਨਾ ਚੜ੍ਹ ਚੁੱਕਾ ਸੀ। ਮੌਸਮ ਇੱਕ ਤਰ੍ਹਾਂ ਨਾਲ ਕਾਫੀ ਖੁਸ਼ਗਵਾਰ ਹੋ ਗਿਆ। ਬਸ ਸਵੇਰ ਸ਼ਾਮ ਦੀ ਠੰਡ ਰਹਿ ਗਈ ਸੀ। ਦਿਲਬਾਗ ਹੁਣ ਆਉਣ ਵਾਲੇ ਐਕਸ਼ਨ ਲਈ ਆਪਣੇ ਆਪ ਨੂੰ ਤਿਆਰ ਕਰ ਰਿਹਾ ਸੀ। ਆਪਣੇ ਸਾਥੀਆਂ ਨੂੰ ਵੀ ਉਹ ਇਸ ਘਟਨਾ ਲਈ ਤਿਆਰ ਕਰਦਾ ਰਿਹਾ। ਉਹਨੇ ਇਹ ਗੱਲ ਵੀ ਹੌਲੀ ਹੌਲੀ ਉਨ੍ਹਾਂ ਦੇ ਕੰਨੀਂ ਪਾਉਣੀ ਸ਼ੁਰੂ ਕੀਤੀ, ਬਈ ਘਟਨਾ ਤੋਂ ਅਗੋਂ-ਪਿੱਛੋਂ ਕੁਝ ਵੀ ਹੋ ਸਕਦਾ ਹੈ! ਅਸੀਂ ਮਰ ਵੀ ਸਕਦੇ ਹਾਂ, ਬਚ ਵੀ ਸਕਦੇ ਹਾਂ, ਫੜੇ ਵੀ ਜਾ ਸਕਦੇ ਹਾਂ। ਇਹਦੇ ਲਈ ਤਿਆਰ ਰਹੀਏ। ਵਾਹ ਲਗਦੀ ਆਪਣੇ ਆਪ ਨੂੰ ਫੜੇ ਨਹੀਂ ਜਾਣ ਦੇਣਾ, ਸਾਈਨਾਈਡ ਦੇ ਤਵੀਤ ਤੁਹਾਡੇ ਗਲਾਂ ਵਿੱਚ ਹੋਣਗੇ, ਚੱਬ ਜਾਇਉ। ਇਹ ਬਹੁਤ ਵੱਡੀ ਘਟਨਾ ਦਾ ਅਸੀਂ ਬਦਲਾ ਲੈਣਾ ਹੈ, ਮਰ ਵੀ ਗਏ ਤਾਂ ਸ਼ਹੀਦ ਅਖਵਾਵਾਂਗੇ, ਜੇ ਫੜੇ ਗਏ ਤੇ ਕੁਝ ਗਲਤ ਕਰ ਬੈਠੇ ਤਾਂ ਗੱਦਾਰੀ ਦਾ ਕਲੰਕ ਲੱਗ ਸਕਦਾ। ਇਸ ਲਈ ਫੜੇ ਜਾਣ ਨਾਲੋਂ ਮੌਤ ਨੂੰ ਪਹਿਲ ਦੇਣੀ। ਉਂਝ ਮੈਨੂੰ ਵਿਸ਼ਵਾਸ ਹੈ ਕਿ ਆਪਾਂ ਨੂੰ ਕੁਝ ਨਹੀਂ ਹੋਣਾ, ਜਿਸ ਕਿਸਮ ਦੀ ਆਪਾਂ ਯੋਜਨਾ ਬਣਾਈ ਹੈ, ਘਟਨਾ ਤੋਂ ਬਾਅਦ ਸਾਫ ਨਿਕਲ ਆਵਾਂਗੇ।’
ਦਿਲਬਾਗ ਬੋਲ ਵੀ ਰਿਹਾ ਸੀ ਤੇ ਉਨ੍ਹਾਂ ਦੇ ਮਨਾਂ ਨੂੰ ਟੋਹ ਵੀ ਰਿਹਾ ਸੀ। ਉਹ ਸਾਰੇ ਹੀ ਅਣਵਿਆਹੇ ਸਨ। ਇਸ ਉਮਰ ਵਿੱਚ ਜ਼ਿੰਦਗੀ ਜੀਣ ਦੇ ਸੁਪਨੇ ਅਤੇ ਲਾਲਸਾਵਾਂ ਵੀ ਬੜੀਆਂ ਹੁੰਦੀਆਂ ਨੇ। ਤਮੰਨਾਵਾਂ ਦੇ ਸੰਸਾਰ ਵਿੱਚ ਮਨੁੱਖ ਦਾ ਮਨ ਡਿੱਕ-ਡੋਲੇ ਖਾਂਦਾ ਰਹਿੰਦਾ ਹੈ। ਦਿਲਬਾਗ ਆਪ ਇਨ੍ਹਾਂ ਕਮਜ਼ੋਰੀਆਂ ਦਾ ਗਲ ਘੁੱਟਣ ਦਾ ਮਾਦਾ ਰੱਖਦਾ ਸੀ, ਪਰ ਸਾਥੀਆਂ ਦੇ ਮਨਾਂ ਦੀ ਥਾਹ ਕਿਵੇਂ ਪਾਵੇ! ਉਂਝ ਦੋਵੇਂ ਮੁੰਡੇ ਉਹਦਾ ਪ੍ਰਭਾਵ ਕਬੂਲ ਰਹੇ ਸਨ। ਉਹ ਹਰ ਘਟਨਾ ਵਿੱਚ ਆਪ ਜਰਨੈਲਾਂ ਵਾਂਗ ਅੱਗੇ ਹੁੰਦਾ। ਇਸ ਲਈ ਮੁੰਡੇ ਉਸ ਦੀ ਗੱਲ ਮੰਨਣੋ ਝਿਜਕਦੇ ਨਹੀਂ ਸਨ।
‘ਬਾਈ ਮੇਰੇ ਨਾਲ ਜਿਹੜਾ ਮੁਸਲਮਾਨਾਂ ਦਾ ਮੁੰਡਾ ਸਲੀਮ, ਉਹ ਵੀ ਆਪਣੇ ਨਾਲ ਜਾਣਾ ਚਾਹੁੰਦਾ ਐਕਸ਼ਨ ਵਿੱਚ, ਬੜੀ ਨਫਰਤ ਕਰਦਾ ਉਹ ਕਿਸਾਨਾਂ ਨੂੰ ਦਰੜਨ ਵਾਲੇ ਮੁੰਡੇ ਨੂੰ’ ਗੋਲੂ ਦਿਲਬਾਗ ਨੂੰ ਦੱਸਣ ਲੱਗਾ।
‘ਤੂੰ ਉਹਦੇ ਨਾਲ ਗੱਲ ਕਿਉਂ ਕੀਤੀ ਐਕਸ਼ਨ ਬਾਰੇ?’ ਦਿਲਬਾਗ ਨੇ ਗੋਲੂ ਨੂੰ ਝਿੜਕਿਆ।
‘ਗੱਲ ਤਾਂ ਕਰਨੀ ਪੈਣੀ ਸੀ ਬਾਈ, ਬੰਦੇ ਐਵੇਂ ਥੋੜੀ ਦਿਲ ਖੋਲ੍ਹਦੇ’ ਗੋਲੂ ਸਹਿਜ ਸੁਭਾਅ ਬੋਲਿਆ।
‘ਨਾਲੇ ਤੂ ਫਿਕਰ ਨਾ ਕਰ, ਸਲੀਮ ਵਲੋਂ ਮੇਰੀ ਗਾਰੰਟੀ ਆ, ਉਹ ਬੜਾ ਕੰਮ ਆਊ ਆਪਣੇ, ਦੇਖਦੇ ਜਾਇਉ’ ਗੋਲੂ ਨੂੰ ਸਲੀਮ ਬਖਸ਼ ‘ਤੇ ਪੂਰਾ ਭਰੋਸਾ ਸੀ।
‘ਚਲੋ ਠੀਕ ਆ, ਬਸ ਉੱਪਰ ਆਲਾ ਨਜ਼ਰ ਸਵੱਲੀ ਰੱਖੇ, ਹੁਣ ਤਾਂ ਬਸ ਉਹਦਾ ਈ ਆਸਰਾ’ ਦਿਲਬਾਗ ਨੇ ਗੱਲ ਮੁਕਾਈ।
ਗੋਲੂ ਵਲੋਂ ਚੌਥੇ ਬੰਦੇ ਨਾਲ ਗੱਲ ਸਾਂਝੀ ਕੀਤੇ ਜਾਣ ਕਾਰਨ ਦਿਲਬਾਗ ਕੁਝ ਸੰਸੇ ਵਿੱਚ ਸੀ, ਪਰ ਛੇਤੀ ਉਸ ਨੇ ਆਪਣੇ ਮਨ ਦੇ ਡਰ ‘ਤੇ ਕਾਬੂ ਪਾ ਲਿਆ। ਉਸ ਨੂੰ ਲੱਗਾ ਗੋਲੂ ਹੁਣ ਬੱਚਾ ਤੇ ਰਿਹਾ ਨੀ, ਸੋਚ ਸਮਝ ਕੇ ਹੀ ਗੱਲ ਕੀਤੀ ਹੋਏਗੀ। ਨਾਲੇ ਉਥੇ ਰਹਿ ਕਿ ਇਹਨੇ ਆਪਣੇ ਆਪ ਨੂੰ ਸਥਾਨਕ ਹਾਲਾਤ ਅਨੁਸਾਰ ਢਾਲਿਆ। ਸਾਰੀ ਜਾਣਕਾਰੀ ਹਾਸਲ ਕੀਤੀ ਹੈ। ਇਹਦੇ ਬਿਨਾ ਤਾਂ ਇਹ ਕਾਰਜ ਸੰਭਵ ਹੀ ਨਹੀਂ ਸੀ ਹੋ ਸਕਦਾ। ਉਸ ਨੂੰ ਇੱਕ ਤਸੱਲੀ ਵੀ ਹੋਈ ਕਿ ਇੱਕ ਬੰਦਾ ਹੋਰ ਨਾਲ ਜੁੜਿਆ, ਜਿਹੜਾ ਸਾਰੇ ਰਾਹ-ਰਸਤਿਆਂ ਬਾਰੇ ਸਾਰਾ ਕੁਝ ਜਾਣਦਾ ਹੈ। ਫਸੀ ਨੂੰ ਬਾਹਰ ਵੀ ਕੱਢ ਸਕਦਾ ਹੈ। ਦਿਲਬਾਗ ਹੁਣ ਕੁਝ ਰੂਹਾਨੀ ਵੀ ਹੋਣ ਲੱਗਾ ਸੀ। ਗੁਰਦੁਆਰੇ ਤਾਂ ਉਹ ਆਪਣੀ ਮਾਂ ਨਾਲ ਹੀ ਜਾਂਦਾ ਹੁੰਦਾ ਸੀ, ਪਰ ਜਦੋਂ ਦਾ ਸਿਮਰਨ ਨਾਲ ਆਹਮਣਾ-ਸਾਹਮਣਾ ਹੋਣ ਲੱਗਾ ਸੀ, ਉਸ ਦੇ ਅੰਦਰ ਜਿਵੇਂ ਕੋਈ ਰੁਹਾਨੀ ਸ਼ਕਤੀ ਉਸਲਵੱਟੇ ਲੈਣ ਲੱਗੀ ਸੀ। ਪਹਿਲਾ ਉਹ ਹਰ ਨਿੱਕੀ-ਨਿੱਕੀ ਗੱਲ ਦਾ ਬੰਨ੍ਹਸੁਬ ਕਰਨ ਦਾ ਯਤਨ ਕਰਦਾ ਸੀ। ਹੁਣ ਉਹ ਬਹੁਤ ਸਾਰੀਆ ਗੱਲਾਂ ਨੂੰ ਚਲ ਹੋਊ ਕਹਿ ਛੱਡਦਾ। ਕਿਸੇ ਆਪਾਰ ਸ਼ਕਤੀ ਵਿੱਚ ਉਸ ਦਾ ਵਿਸ਼ਵਾਸ ਪਨਪ ਰਿਹਾ ਸੀ, ਜਿਸ ਦੇ ਨਿਯਮ ਵਿੱਚ ਚਲਦੀ ਸ੍ਰਿਸ਼ਟੀ ਉਸ ਦੇ ਆਪਣੇ ਵੱਸ ਵਿੱਚ ਨਹੀਂ ਸੀ।

ਹੋਲੀ ਤੋਂ ਪਹਿਲਾਂ ਗੋਲੂ ਪਿੰਡ ਆ ਗਿਆ। ਸਲੀਮ ਬਖਸ਼ ਵੀ ਉਸ ਦੇ ਨਾਲ ਹੀ ਆ ਗਿਆ। ਹੋਲੀ ਤੋਂ ਪਹਿਲੀ ਰਾਤ ਸ਼ਾਮ ਨੂੰ ਉਹ ਆਪਣੇ ਟਿਕਾਣੇ ਤੋਂ ਚੱਲੇ। ਫੋਰ ਬਾਈ ਫੋਰ ਦੀਆਂ ਦੋ ਵੱਡੀਆਂ ਗੱਡੀਆਂ ਉਨ੍ਹਾਂ ਕੋਲ ਸਨ। ਉਹ ਵਾਰੋ ਵਾਰੀ ਰਸਤੇ ਵਿੱਚ ਸੌਂ ਲਏ। ਸੜਕਾਂ ਰਾਤ 9 ਵਜੇ ਤੋਂ ਬਾਅਦ ਵਿਹਲੀਆਂ ਹੋ ਗਈਆਂ। ਸੌ ਸਵਾ ਸੌ ਕਿਲੋਮੀਟਰ ਦੀ ਰਫਤਾਰ ਨਾਲ ਗੱਡੀਆਂ ਵਾਟ ਦੇ ਫਾਹੇ ਵੱਢਦੀਆਂ ਜਾ ਰਹੀਆਂ ਸਨ। ਸਲੀਮ ਮੋਹਰਲੀ ਗੱਡੀ ਵਿੱਚ ਸੀ। ਉਹ ਦਿਲਬਾਗ ਹੋਰਾਂ ਨੂੰ ਤਰਾਈ ਦੇ ਇਲਾਕੇ ਵਿੱਚ ਲੈ ਗਿਆ। ਇੱਥੇ ਇੱਕ ਵੱਡਾ ਢਾਬਾ ਸੀ। ਉਨ੍ਹਾਂ ਉਥੇ ਆਪਣਾ ਖਾਣ ਪੀਣ ਕੀਤਾ ਤੇ ਬਾਹਰ ਅੰਦਰ ਹੋ ਆਏ। ਇੱਥੋਂ ਥੋੜ੍ਹੀ ਦੂਰ ਹੀ ਉਹ ਥਾਂ ਸੀ, ਜਿੱਥੇ ਕਿਸਾਨਾਂ ਨੂੰ ਦਰੜਨ ਵਾਲਾ ਮੁੰਡਾ ਕੁੜੀਆਂ-ਚਿੜੀਆਂ ਤੇ ਆਪਣੇ ਯਾਰਾਂ ਨਾਲ ਹੋਲੀ ਮਨਾਉਣ ਆਉਂਦਾ ਸੀ। ਉਨ੍ਹਾਂ ਦੇ ਚੋਜ਼ 11 ਕੁ ਵਜੇ ਸ਼ੁਰੂ ਹੋਣੇ ਸਨ। 10 ਕੁ ਵਜੇ ਤੱਕ ਦਿਲਬਾਗ ਹੋਰੀਂ ਇੱਥੇ ਹੀ ਰੁਕੇ ਰਹੇ। ਫਿਰ ਦੋਹਾਂ ਗੱਡੀਆਂ ਨੇ ਦੋ ਅਲੱਗ-ਅਲੱਗ ਰਸਤਿਆਂ ਤੋਂ ਅੱਗੇ ਵਧਣਾ ਸ਼ੁਰੂ ਕੀਤਾ। ਹੋਲੀ ਵਾਲੀ ਥਾਂ ਨੂੰ ਇਹ ਦੋ ਰਸਤੇ ਹੀ ਲਗਦੇ ਸਨ; ਬਾਕੀ ਪਗਡੰਡੀਆਂ ਸਨ। ਉਨ੍ਹਾਂ ਸਾਢੇ ਕੁ 11 ਵਜੇ ਘਟਨਾ ਸਥਾਨ ‘ਤੇ ਪਹੁੰਚਣਾ ਸੀ। ਇੱਕ ਰਸਤੇ ਤੋਂ ਹੋਲੀ ਵਾਲਾ ਸਥਾਨ ਨਜ਼ਦੀਕ ਹੀ ਸੀ। ਇਹ ਇੱਥੋਂ ਸਿੱਧਾ ਰਸਤਾ ਸੀ। ਦਿਲਬਾਗ ਤੇ ਅੰਬੇ ਨੂੰ ਸਲੀਮ ਨੇ ਇਸ ਰਸਤੇ ਤੋਂ ਆਉਣਾ ਲਈ ਕਿਹਾ। ਦੂਜਾ ਰਸਤਾ ਪੂਰਬ ਵਲੋਂ ਘੁੰਮ ਕੇ ਆਉਂਦਾ ਸੀ। ਸਲੀਮ ਤੇ ਗੋਲੂ ਉਧਰੋਂ ਦੀ ਹੋ ਲਏ। ‘ਜੇ ਕੋਈ ਗੰਨਮੈਨ ਹੋਇਆ ਤਾਂ ਤੁਸੀਂ ਸਾਂਭਣਾ, ਜੇ ਕਾਬੂ ਨਾ ਆਇਆ ਤਾਂ ਗੋਲੀ ਮਾਰ ਦਿਓ, ਕਾਤਲ ਨੂੰ ਅਸੀਂ ਆਪੇ ਸਾਂਭ ਲਵਾਂਗੇ।’ ‘ਦਿਲਬਾਗ ਨੇ ਸਲੀਮ ਹੋਰਾਂ ਨੂੰ ਹਦਾਇਤ ਦਿੱਤੀ। ਦੋਨੋ ਰਸਤੇ ਹੋਲੀ ਵਾਲੇ ਥਾਂ ‘ਤੇ ਅਚਾਨਕ ਜਾ ਕੇ ਖੁਲ੍ਹਦੇ ਸਨ। ਦਰਖਤਾਂ ਨਾਲ ਭਰੇ ਇਸ ਖੇਤਰ ਬਾਰੇ ਦੂਰੋਂ ਕੁਝ ਨਹੀਂ ਸੀ ਪਤਾ ਲਗਦਾ। ਨਦੀ ਦਾ ਖੂਬਸੂਰਤ ਕਿਨਾਰਾ ਜਿੱਥੇ ਮੰਤਰੀ ਦੇ ਮੁੰਡੇ ਸਮੇਤ ਕੁੜੀਆਂ-ਮੁੰਡੇ ਹੋਲੀ ਮਨਾ ਰਹੇ ਸਨ, ਦੋ ਗੱਡੀਆਂ ਇੱਕ ਦਮ ਆ ਕੇ ਰੁਕੀਆਂ। ਸਾਰੇ ਸਤਰਕ ਹੋ ਗਏ। ਇੱਕ ਗੰਨਮੈਨ ਭੀੜ ਤੋਂ ਹਟਵਾਂ ਪੱਥਰ ‘ਤੇ ਪੈਰ ਰੱਖੀਂ ਖੜ੍ਹਾ ਸੀ। ਉਹ ਇੱਕ ਦਮ ਅਲਰਟ ਹੋ ਗਿਆ। ਗੋਲੂ ਨੇ ਗੱਡੀ `ਚੋਂ ਬੈਠਿਆਂ ਹੀ ਆਪਣੇ ਪਿਸਟਲ ਵਿੱਚੋਂ ਗੋਲੀ ਮਾਰੀ। ਉਹ ਥਾਏਂ ਢੇਰੀ ਹੋ ਗਿਆ। ਕਾਤਲ ਛੋਕਰਾ ਗੱਡੀ ਵਿੱਚੋਂ ਹਥਿਆਰ ਚੁੱਕਣ ਭੱਜਿਆ, ਦਿਲਬਾਗ ਨੇ ਬਾਰਾਂ ਬੋਰ ਦੀ ਕੱਟੀ ਹੋਈ ਗੰਨ ਨਾਲ ਉਹਦੀਆਂ ਲੱਤਾਂ ਵਿੱਚ ਫਾਇਰ ਮਾਰਿਆ। ਹਾਏ ਦੀ ਆਵਾਜ਼ ਆਈ ਅਤੇ ਉਹ ਥਾਏਂ ਡਿੱਗ ਪਿਆ। ਸਲੀਮ ਨੇ ਭੱਜ ਕੇ ਉਸ ਦੀ ਰਾਈਫਲ ਤੇ ਮੋਬਾਈਲ ਚੁੱਕੇ, ਗੋਲੀਆਂ ਵਾਲੀ ਬੱਧਰੀ ‘ਤੇ ਇੱਕ ਫਾਇਰ ਕੀਤਾ ਅਤੇ ਉਹ ਲੱਕ ਨਾਲੋਂ ਟੁੱਟ ਗਈ। ਦੂਜਾ ਪਿਸਟਲ ਦਾ ਫਾਇਰ ਦਿਲਬਾਗ ਨੇ ਭੀੜ ਦੇ ਸਿਰ `ਤੋਂ ਦੀ ਕੀਤਾ ਤੇ ਸਲੀਮ ਨੇ ਕੜਕਵੀਂ ਸਥਾਨਕ ਆਵਾਜ਼ ਵਿੱਚ ਸਾਰਿਆਂ ਨੂੰ ਆਪੋ ਆਪਣੀ ਥਾਂ ‘ਤੇ ਖਲੋਤੇ ਰਹਿਣ ਲਈ ਕਿਹਾ। ਇਹ ਵੀ ਕਿ ਸਾਰੇ ਆਪਣੇ ਫੋਨ ਵਗੈਰਾ ਨਦੀ ਵਿੱਚ ਸੁੱਟ ਦੇਣ। ਬਹੁਤੇ ਫੋਨ ਭਿੱਜਣ ਦੇ ਡਰੋਂ ਲੈ ਕੇ ਨਹੀਂ ਸਨ ਆਏ। ਜਿਨ੍ਹਾਂ ਕੋਲ ਸਨ, ਉਨ੍ਹਾਂ ਨੇ ਨਦੀ ਦੇ ਪਾਣੀ ਵਿੱਚ ਵਗਾਹ ਮਾਰੇ। ‘ਹੁਣ ਡਰਾਮਾ ਵੇਖ ਕੇ ਜਾਇਉ।’ ਸਲੀਮ ਨੇ ਫਿਰ ਉਚੀ ਆਵਾਜ਼ ਵਿੱਚ ਕਿਹਾ। ਦਿਲਬਾਗ ਨੇ ਖੂਨੀ ਮੁੰਡੇ ਨੂੰ ਲੱਤਾਂ ਤੋਂ ਫੜਿਆ ਤੇ ਘੜੀਸ ਕੇ ਭੀੜ ਦੇ ਸਾਹਮਣੇ ਕਰ ਲਿਆ। ਉਹਨੇ ਗੱਡੀ ਸਟਾਰਟ ਕੀਤੀ ਤੇ ਮੁੰਡੇ ਦੇ ਉਤੋਂ ਦੀ ਲੰਘਾ ਦਿੱਤੀ। ਭੀੜ ਅੱਗੇ ਹੋਣ ਲੱਗੀ, ਬਾਰਾਂ ਬੋਰ ਦੀ ਗੰਨ ਦੇ ਇੱਕ ਫਾਇਰ ਨੇ ਉਨ੍ਹਾਂ ਦੇ ਪੈਰਾਂ ਕੋਲ ਪੱਥਰਾਂ ਭਰੀ ਮਿੱਟੀ ਵਿੱਚੋਂ ਅੱਗ ਜਿਹੀ ਕੱਢੀ। ਉਹ ਥਾਏਂ ਰੁਕ ਗਏ। ਮਨਿਸਟਰ ਦੇ ਮੁੰਡੇ ਨੂੰ ਜੋਰ ਦੀ ਫੇਟ ਵੱਜੀ ਸੀ ਤੇ ਉਹ ਗੱਡੀ ਦੇ ਚਾਰਾਂ ਟੈਰਾਂ ਦੇ ਵਿਚਾਲੇ ਡਿੱਗ ਪਿਆ ਸੀ। ਗੱਡੀ ਉੱਤੋਂ ਦੀ ਲੰਘ ਗਈ। ਉਸ ਦੇ ਸਿਰ ਵਿੱਚ ਵੱਡਾ ਫੱਟ ਹੋ ਗਿਆ ਸੀ। ਘਰਾਲੀਂ ਖੂਨ ਵਗਣ ਲੱਗਾ; ਪਰ ਉਹ ਹਾਲੇ ਜੀਂਦਾ ਸੀ। ਦਿਲਬਾਗ ਨੇ ਅੰਬੇ ਨੂੰ ਆਵਾਜ਼ ਮਾਰੀ, ‘ਇਹਦਾ ਸਿਰ ਘੜੀਸ ਕੇ ਆਹ ਪੱਕੇ ਥਾਂ ‘ਤੇ ਕਰ ਦੇ ਅਮਰੇ।’ ਮੁੰਡੇ ਨੇ ਉਵੇਂ ਕੀਤਾ। ਗੱਡੀ ਸਟਾਰਟ ਖੜ੍ਹੀ ਸੀ। ਦਿਲਬਾਗ ਨੇ ਮਨਿਸਟਰ ਦੇ ਮੁੰਡੇ ਦੇ ਸਿਰ ’ਤੋਂ ਦੀ ਟਾਇਰ ਲੰਘਾ ਦਿੱਤਾ। ਉਹਦੀ ਖੋਪਰੀ ਠੀਕਰਿਆਂ ਵਾਂਗ ਖਿੰਡ ਗਈ। ਅੱਖਾਂ ਦੇ ਡੇਲੇ ਅੰਬੇ ਦੇ ਪੈਰਾਂ ਵਿੱਚ ਆਣ ਕੇ ਡਿੱਗੇ। ਭੀੜ ਨੇ ਮੂੰਹ ਪਰ੍ਹਾਂ ਨੂੰ ਕਰ ਲਏ। ਅੰਬਾ ਉਲਟੀਆਂ ਕਰਨ ਲੱਗਾ। ਦਿਲਬਾਗ ਨੇ ਉਹਨੂੰ ਖਿੱਚ ਕੇ ਆਪਣੀ ਗੱਡੀ ਵਿੱਚ ਸੁੱਟਿਆ, ‘ਸਾਲਿਆ ਬੰਦਾ ਬਣ, ਕਿਵੇਂ ਜਨਾਨੀਆਂ ਵਾਂਗ ਉਛਲਣ ਲੱਗਿਆਂ।’ ਸਲੀਮ ਇੱਕ ਵਾਰ ਫਿਰ ਉੱਚੀ ਆਵਾਜ਼ ਵਿੱਚ ਬੋਲਿਆ ‘ਅੱਜ ਸ਼ਾਮ ਤੱਕ ਕੋਈ ਕਿਸੇ ਨੂੰ ਇਸ ਘਟਨਾ ਬਾਰੇ ਨਹੀਂ ਦੱਸੇਗਾ। ਜਿਹੜਾ ਸਾਡੇ ਇੱਥੇ ਵੱਸਦੇ ਸਾਡੇ ਕਿਸਾਨਾਂ ਨਾਲ ਉਚਾ ਨੀਵਾਂ ਹੋਇਆ, ਉਹਦਾ ਵੀ ਇਹੋ ਜਿਹਾ ਹੀ ਹਾਲ ਹੋਊ।’ ਉਹਨੇ ਫਿਰ ਕਿਹਾ, ‘ਥੋਡੇ ਬਹੁਤ ਸਾਰੇ ਭੈਣ-ਭਾਈ ਸਾਡੇ ਵੀ ਉਧਰ ਬੈਠੇ ਨੇ, ਜਿਹਾ ਕਰੋਗੇ ਉਹੋ ਜਿਹਾ ਭੁਗਤੋਗੇ।’ ਥੋੜ੍ਹੀ ਦੂਰ ਜਾ ਕੇ ਮੁੰਡਿਆਂ ਨੇ ਸਾਰੇ ਹਥਿਆਰ ਨਦੀ ਵਿੱਚ ਸੁੱਟ ਦਿੱਤੇ ਤੇ ਗੱਡੀਆਂ ਵੀ। ਸਲੀਮ ਦਿਲਬਾਗ ਹੋਰਾਂ ਦੇ ਨਾਲ ਹੀ ਚਲਾ ਗਿਆ। ਹਥਿਆਰ ਨਦੀ ਵਿੱਚ ਸੁਟਣ ਤੋਂ ਬਾਅਦ ਦਿਲਬਾਗ ਨੇ ਆਪਣੀ ਜੇਬ ਵਿੱਚੋਂ ਸੰਧੂਰ ਜਿਹੇ ਦੀ ਇੱਕ ਡੱਬੀ ਕੱਢੀ ਤੇ ਤਿੰਨਾਂ ਦੇ ਮੱਥਿਆਂ ‘ਤੇ ਤਿਲਕ ਲਗਾ ਦਿੱਤੇ। ਫਿਰ ਗੋਲੂ ਨੇ ਦਿਲਬਾਗ ਦੇ ਮੱਥੇ ‘ਤੇ ਵੀ ਤਿਲਕ ਲਗਾਇਆ। ਹੁਣ ਕੋਈ ਵੀ ਕੁਝ ਪੁੱਛੇ ਤਾਂ ਕਹਿਣਾ ਹੋਲੀ ਖੇਡ ਕੇ ਆਏ ਹਾਂ। ਸਾਰਿਆਂ ਨੇ ਗਲਾਂ ਵਿੱਚ ਸਾਈਨਾਈਡ ਦੇ ਤਵੀਤ ਪਾ ਲਏ। ‘ਹੁਣ ਇਹ ਤਵੀਤ ਹੀ ਸਾਡਾ ਰਾਖਾ ਹੈ, ਪੁਲਿਸ ਦੇ ਹੱਥ ਆਉਣ ਨਾਲੋਂ ਮਰਨ ਨੂੰ ਪਹਿਲ ਦੇਣੀ, ਬਚ ਗਏ ਤਾਂ ਦੱਸੀ ਥਾਂ ‘ਤੇ ਸ਼ਾਮ ਦੇ 7 ਵਜੇ ਪਹੁੰਚ ਜਾਣਾ।’ ਦਿਲਬਾਗ ਨੇ ਸਾਰਿਆਂ ਨੂੰ ਹਦਾਇਤ ਕੀਤੀ। ਉਹ ਉਚੇ ਨੀਵੇਂ ਪਹਾੜੀ ਰਸਤਿਆਂ, ਪਗਡੰਡੀਆਂ ਤੋਂ ਤੁਰਦੇ ਸਹੀ ਸਲਾਮਤ ਮਿੱਥੇ ਥਾਂ ‘ਤੇ ਪਹੁੰਚ ਗਏ। ਗੋਲੂ ਨੂੰ ਦਿਲਬਾਗ ਨੇ ਪੰਜਾਬ ਵੱਲ ਤੋਰ ਦਿੱਤਾ। ਉਹਦੀ ਰਾਖੀ ਲਈ ਉਹਦੇ ਗਲ ਵਿੱਚ ਸਿਰਫ ਸਾਈਨਾਈਡ ਦਾ ਤਵੀਤ ਸੀ। ਉਹ ਰੇਲ ਵਿੱਚ ਪੂਰਬੀਆਂ ਵਾਲੇ ਡੱਬੇ ਵਿੱਚ ਬੈਠ ਗਿਆ। ਬੀੜੀਆਂ ਦੇ ਧੂਏਂ ਦੀ ਹਵਾੜ ਨਾਲ ਸਾਹ ਘੁੱਟ ਰਿਹਾ ਸੀ। ਉਹ ਬਾਰੀ ਵੱਲ ਹੋ ਗਿਆ। ਸਾਹ ਕੁਝ ਸੌਖਾ ਆਉਣ ਲੱਗਾ। ਰਸਤੇ ਵਿੱਚ ਕੁਝ ਧੋਤੀਆਂ ਵਾਲੇ ਪੁਰਾਣੇ ਪਹਿਰਾਵੇ ਵਾਲੇ ਪੰਡਿਤ ਗੀਤਾ ਦੀਆਂ ਕਾਪੀਆਂ ਮੁਫਤ ਵੰਡ ਰਹੇ ਸਨ। ਗੋਲੂ ਨੇ ਇੱਕ ਕਾਪੀ ਲੈ ਕੇ ਪੱਟਾਂ ਵਿੱਚ ਰੱਖ ਲਈ। ਰਸਤੇ ਵਿੱਚ ਚੈਕਿੰਗ ਵਧ ਗਈ ਸੀ। ਪੂਰਬੀਆਂ ਵਰਗੀ ਗਲੇਟ ਵਾਲੇ ਪੱਕੇ ਰੰਗ ਦੇ ਗੋਲੂ ਦੇ ਮੱਥੇ ‘ਤੇ ਤਿਲਕ ਚਮਕ ਰਿਹਾ ਸੀ। ਉਹਦੇ ਪੱਟਾਂ ਵਿੱਚ ਗੀਤਾ ਦੀ ਕਾਪੀ ਦਾ ਟਾਈਟਲ ਲਿਸ਼ਕ ਰਿਹਾ ਹੁੰਦਾ। ਸਿਪਾਹੀ ਉਹਦਾ ਸਰਸਰੀ ਸਮਾਨ ਚੈਕ ਕਰਦੇ ਤੇ ਚਲੇ ਜਾਂਦੇ। ਸਟੇਸ਼ਨ ‘ਤੇ ਉਤਰ ਕੇ ਉਸ ਨੇ ਚੰਗੀ ਤਰ੍ਹਾਂ ਹੱਥ ਧੋਤੇ। ਮੱਥੇ ਤੋਂ ਤਿਲਕ ਪੂੰਝ ਦਿੱਤਾ। ਗੀਤਾ ਦੀ ਕਾਪੀ ਲਾਗੇ ਵਾਲੇ ਸ਼ਿਵ ਮiੰਦਰ ਵਿੱਚ ਦੇ ਦਿੱਤੀ। ਤਮਾਕੂ ਦੀ ਮਹਿਕ ਜਿਵੇਂ ਚਮੜੀ ਨੂੰ ਚਿੰਮੜ ਗਈ ਸੀ। ਉਸ ਦਾ ਜੀਅ ਕੀਤਾ ਆਪਣੀ ਚਮੜੀ ਨੂੰ ਉਧੇੜ ਕੇ ਸੁੱਟ ਦੇਵੇ। ਆਪਣੇ ਆਪ ਤੋਂ ਕਚਿਆਣ ਜਿਹੀ ਆਈ। ‘ਕੀ ਕੀ ਕਰਨਾ ਪੈਂਦਾ ਜ਼ਿੰਦਗੀ ‘ਚ’ ਉਹ ਬੁੜਬੁੜਾਇਆ। ਇੱਕ ਸਾਦੇ ਜਿਹੇ ਢਾਬੇ ‘ਤੇ ਰੋਟੀ ਖਾਧੀ ਅਤੇ ਘਰ ਵੱਲ ਬੱਸ ਫੜ ਲਈ। ਸ਼ਾਮ ਨੂੰ ਉਹ ਆਪਣੇ ਟਿਕਾਣੇ ਸਿਰ ਜਾ ਪਹੁੰਚਾ। ਦਿਲਬਾਗ ਹੋਰੀਂ ਸ਼ਾਮ ਨੂੰ ਤਲਵਿੰਦਰ ਕੋਲ ਜਾ ਪੁੱਜੇ। ਸਲੀਮ ਆਪਣੇ ਕਿਸੇ ਰਿਸ਼ਤੇਦਾਰ ਵੱਲ ਚਲਾ ਗਿਆ ਸੀ। ਹੁਣ ਉਹ ਸਾਰੇ ਸੁਰੱਖਿਅਤ ਆਪਣੇ ਟਿਕਾਣਿਆਂ ‘ਤੇ ਸਨ। ਦਿਲਬਾਗ ਹੋਰੀਂ ਘੁੰਮਣ ਦੇ ਬਹਾਨੇ ਕੁਝ ਦਿਨ ਤਲਵਿੰਦਰ ਕੋਲ ਹੀ ਟਿਕੇ ਰਹੇ। ਥੋੜ੍ਹਾ ਟਿਕ ਟਿਕਾ ਹੋਇਆ ਤਾਂ ਉਹ ਪੰਜਾਬ ਆ ਗਏ। ਪੁਲਿਸ ਨੇ ਸਥਾਨਕ ਕਿਸਾਨ ਆਗੂਆਂ ਦੀ ਵੱਡੀ ਪੱਧਰ ‘ਤੇ ਫੜੋ ਫੜੀ ਕੀਤੀ। ਸਥਾਨਕ ਹਿਸਟਰੀ ਸ਼ੀਟਰ ਚੁੱਕ ਲਏ। ਕਈ ਕਿਸਾਨ ਆਗੂ ਭਿਆਨਕ ਤਸ਼ੱਦਦ ਵਿੱਚੋਂ ਲੰਘੇ, ਪਰ ਕੁਝ ਵੀ ਹੱਥ ਨਹੀਂ ਸੀ ਲੱਗਾ। ਕੁਝ ਦਿਨ ਤਾਂ ਪੰਜਾਬੀ ਕਿਸਾਨਾਂ ਤੇ ਮਨਿਸਟਰ ਦੇ ਸਥਾਨਕ ਹਮਾਇਤੀਆਂ ਵਿਚਾਲੇ ਤਣਾਅ ਵੀ ਬਣਿਆ ਰਿਹਾ। ਕੁਝ ਕਿਸਾਨਾਂ ਦੇ ਘਰਾਂ ‘ਤੇ ਹਮਲੇ ਵੀ ਹੋਏ, ਪਰ ਵੱਡੇ ਟਕਰਾਅ ਤੋਂ ਬਚਾਅ ਹੋ ਗਿਆ ਸੀ।

ਦਿਲਬਾਗ ਕੋਲ ਹੁਣ ਥੋੜ੍ਹੀ ਵਿਹਲ ਸੀ। ਉਹ ਅਚਾਨਕ ਇੱਕ ਦਿਨ ਵੀਰਦੀਪ ਨੂੰ ਜਾ ਮਿਲਿਆ। ਵੀਰਦੀਪ ਨੂੰ ਹੈਰਾਨੀ ਹੋਈ, ਦਿਲਬਾਗ ਸਹੀ ਸਲਾਮਤ ਉਸ ਦੇ ਸਾਹਮਣੇ ਬੈਠਾ ਹੈ। ਉਹ ਖੋਖੇ ਤੋਂ ਬਾਹਰ ਨਿਕਲ ਕੇ ਇੱਕ ਹੋਟਲ ਵਿੱਚ ਚਲੇ ਗਏ। ਚਾਹ ਨਾਲ ਕੁਝ ਖਾਣ ਲੱਗੇ। ਫਿਰ ਵੀਰਦੀਪ ਬੋਲਿਆ, ‘ਹੁਣ ਤੁਹਾਡਾ ਬਚਾਅ ਮੁਸ਼ਕਲ ਹੋ ਗਿਆ। ਮੇਰੀ ਇੱਕ ਗੱਲ ਮੰਨ, ਆਪਣੇ ਗਰੁੱਪ ਨੂੰ ਆਹ ਨਾਮ ਦੇ ਦੇ।’ ਵੀਰਦੀਪ ਨੇ ਕਾਗਜ਼ ‘ਤੇ ਲਿਖਿਆ, ‘ਲਿਬਰੇਸ਼ਨ ਆਰਮੀ ਆਫ ਈਸਟਰਨ ਪੰਜਾਬ।’
‘ਇਹਦੇ ਨਾਲ ਸਾਡਾ ਬਚਾਅ ਹੋ ਜੂ?’ ਦਿਲਬਾਗ ਨੇ ਕਿਹਾ।
‘ਨਹੀਂ, ਪਰ ਤੁਸੀਂ ਗੈਂਗਸਟਰਵਾਦ ਦੇ ਘੇਰੇ ਵਿੱਚੋਂ ਨਿਕਲ ਕੇ ਸਿਆਸੀ ਘਰੇ ਵਿੱਚ ਆ ਜਾਵੋਗੇ।’ ਇੰਨੀ ਗੱਲ ਆਖ ਕੇ ਵੀਰਦੀਪ ਉੱਠ ਖੜ੍ਹਾ ਹੋਇਆ।
‘ਬੈਠ ਜਾ ਯਾਰ’ ਦਿਲਬਾਗ ਆਖਣ ਲੱਗਾ।
‘ਨਹੀਂ, ਹੁਣ ਬਸ, ਹਾਲੇ ਤੁਸੀਂ ਇੰਨਾ ਕੰਮ ਕਰੋ, ਇਸ ਨਾਂ ਹੇਠ ਲੈਟਰ ਪੈਡ ਵਗੈਰਾ ਛਾਪ ਲਓ। ਕੰਪਿਊਟਰ ਪ੍ਰਿੰਟਰ ਘਰ ਹੀ ਲੈ ਕੇ ਰੱਖੋ। ਨਾਲੇ ਤੇਰੇ ਫੌਜੀ ਸਿੱਖ ਸੁੱਖ ਲੈਣਗੇ ਕੁਸ਼’ ਵੀਰਦੀਪ ਨੇ ਗੁੱਝੇ ਮਜ਼ਾਕ ਵਿੱਚ ਕਿਹਾ। ਥੋੜ੍ਹੀ ਦੇਰ ਬਾਅਦ ਉਹ ਵਿਛੜ ਗਏ। ਵੀਰਦੀਪ ਦੀ ਗੱਲ ਦਿਲਬਾਗ ਦੇ ਦਿਮਾਗ ਵਿੱਚ ਘੁੰਮਣ ਲੱਗੀ। ਉਹ ਅਗਲੇ ਦਿਨ ਸ਼ਹਿਰੋਂ ਜਾ ਕੇ ਕੰਪਿਊਟਰ ਤੇ ਪ੍ਰਿੰਟਰ ਲੈ ਆਇਆ ਸੀ।

ਯੂ.ਪੀ. ਵਾਲੀ ਘਟਨਾ ਨਾਲ ਦਿਲਬਾਗ ਹੋਰਾਂ ਕੋਲੋਂ ਬਹੁਤ ਕੁਝ ਖੁੱਸ ਗਿਆ ਸੀ। ਉਨ੍ਹਾਂ ਦਾ ਕਾਫੀ ਸਾਰਾ ਅਸਲਾ ਅਤੇ ਦੋ ਗੱਡੀਆਂ ਉਸ ਘਟਨਾ ਦੇ ਨਾਲ ਹੀ ਨਦੀ ਦੇ ਹਵਾਲੇ ਹੋ ਗਈਆਂ। ਹੁਣ ਉਨ੍ਹਾਂ ਕੋਲ ਹਥਿਆਰਾਂ ਦੀ ਵੀ ਕਮੀ ਸੀ ਅਤੇ ਵਾਹਨ ਵੀ ਇੱਕ ਹੀ ਰਹਿ ਗਿਆ ਸੀ। ਦਿਲਬਾਗ ਨੇ ਆਉਂਦੇ ਕੁਝ ਸਮੇਂ ਲਈ ਆਪਣੇ ਗਰੁੱਪ ਦੀਆਂ ਕਾਰਵਾਈਆਂ ਨੂੰ ਸ਼ਾਂਤ ਰੱਖਣ ਦਾ ਫੈਸਲਾ ਕੀਤਾ। ਇਸ ਦੀ ਬਜਾਏ ਉਹ ਆਪਣੀ ਚਾਰ-ਦੀਵਾਰੀ ਦੇ ਅੰਦਰ ਕਈ ਚੀਜ਼ਾਂ ਸਿੱਖਣ ਲੱਗੇ। ਘੋੜਿਆਂ ਦਾ ਉਹ ਵਪਾਰ ਕਰਦੇ ਸਨ, ਇਸ ਲਈ ਉਨ੍ਹਾਂ ਸਾਰਿਆਂ ਨੇ ਘੋੜ ਸਵਾਰੀ ਸਿੱਖਣੀ ਸ਼ੁਰੂ ਕੀਤੀ। ਹਫਤੇ ਵਿੱਚ ਇੱਕ ਦੋ ਵਾਰੀ ਉਹ ਘੋੜਿਆਂ ਨੂੰ ਆਪਣੇ ਘਰ ਤੋਂ ਬਾਹਰ ਵੀ ਘੁਮਾ ਲਿਆਉਂਦੇ। ਹੌਲੀ ਹੌਲੀ ਉਨ੍ਹਾਂ ਨੇ ਤੇਜ਼ ਤਰਾਰ ਘੋੜਿਆਂ ਦੀ ਸਵਾਰੀ ਕਰਨ ਦਾ ਵੱਲ ਸਿੱਖਿਆ। ਦਿਲਬਾਗ ਤੋਂ ਇਲਾਵਾ ਗੋਲੂ ਤੇ ਅੰਬਾ ਵੀ ਇਸ ਕੰਮ ਵਿੱਚ ਦਿਲਚਸਪੀ ਲੈਂਦੇ। ਦਿਲਬਾਗ ਨੇ ਭਾਵੇਂ ਘੋੜ ਸਵਾਰੀ ਦੀ ਕਿਤੋਂ ਬਾਕਾਇਦਾ ਸਿੱਖਿਆ ਨਹੀਂ ਸੀ ਲਈ, ਪਰ ਉਹ ਸਿੱਖਣ ਦੇ ਮਾਮਲੇ ਵਿੱਚ ਤਿੱਖਾ ਸਵੈ-ਅਨੁਭਵੀ ਸੀ, ਹਰ ਚੀਜ਼ ਤੇਜ਼ੀ ਨਾਲ ਸਿੱਖਦਾ। ਉਸ ਦੀ ਸੰਗਤ ਨਾਲ ਗੋਲੂ ਤੇ ਅੰਬਾ ਵੀ ਘੋੜਸਵਾਰੀ ਦੀ ਕਲਾ ਵਿੱਚ ਨਿਪੁੰਨ ਹੋਣ ਲੱਗੇ। ਗੋਲੂ ਤਾਂ ਭੱਜੇ ਜਾਂਦੇ ਘੋੜੇ ‘ਤੇ ਬਿਨਾ ਰਕਾਬ ਵਿੱਚ ਪੈਰ ਰੱਖੇ ਛਾਲ ਮਾਰ ਕੇ ਸਵਾਰ ਹੋ ਜਾਂਦਾ। ਅੱਜ ਦੇ ਯੁੱਗ ਦੀਆਂ ਜੰਗਾਂ ਯੁੱਧਾਂ ਵਿੱਚ ਭਾਵੇਂ ਘੋੜਿਆਂ ਦਾ ਬਹੁਤਾ ਮਹੱਤਵ ਨਹੀਂ ਰਿਹਾ, ਪਰ ਜਿਸ ਤਰ੍ਹਾਂ ਦੀ ਜ਼ਿੰਦਗੀ ਵਿੱਚੋਂ ਉਹ ਗੁਜ਼ਰ ਰਹੇ ਸਨ, ਉਸ ਵਿੱਚ ਪਤਾ ਨਹੀਂ ਕਿਹੜੀ ਚੀਜ਼ ਕਿਸ ਵੇਲੇ ਕੰਮ ਆ ਜਾਵੇ। ਉਨ੍ਹਾਂ ਕੰਪਿਊਟਰ ਨਾਲ ਵੀ ਮੱਥਾ ਮਾਰਨਾ ਸ਼ੁਰੂ ਕੀਤਾ। ਛੇਤੀ ਹੀ ਉਨ੍ਹਾਂ ਨੂੰ ਅਹਿਸਾਸ ਹੋ ਗਿਆ ਕਿ ਇਹ ਸੈਲਫ ਹੈਲਪ ਮਸ਼ੀਨ ਹੈ, ਜਿਸ ਨੂੰ ਸਿੱਖਣ ਨਾਲ ਜ਼ਿੰਦਗੀ ਦੇ ਕਈ ਔਖੇ ਕਾਰਜ ਆਸਾਨੀ ਨਾਲ ਨਿਬੇੜੇ ਜਾ ਸਕਦੇ ਹਨ।

ਕਰੋਨਾ ਦੀ ਮਾਰ ਘਟ ਰਹੀ ਸੀ। ਹੁਣ ਸਿਮਰਨ ਨੇਮ ਨਾਲ ਸਕੂਲ ਆਉਣ ਲੱਗੀ। ਅਕਸਰ ਦਿਲਬਾਗ ਨਾਲ ਉਸ ਦਾ ਟਾਕਰਾ ਹੋ ਜਾਂਦਾ, ਪਰ ਉਹ ਖਾਮੋਸ਼ ਇੱਕ ਦੂਜੇ ਕੋਲੋ ਗੁਜ਼ਰ ਜਾਂਦੇ। ਨਾ ਉਨ੍ਹਾਂ ਦਾ ਮਿਲਣ ਪੂਰਨ ਸੀ ਅਤੇ ਨਾ ਹੀ ਜੁਦਾਈ, ਪਰ ਇਸ ਦਾ ਉਨ੍ਹਾਂ ਦੀ ਰੂਹ ਨੂੰ ਰੋਸ਼ਨ ਕਰਨ ਵਾਲਾ ਅਨੁਭਵ ਸੰਪੂਰਨ ਸੀ। ਕਈ ਵਾਰ ਸਿਮਰਨ ਸੋਚਦੀ, ਇਹ ਕੀ ਕ੍ਰਿਸ਼ਮਾ ਜਿਹਾ ਵਾਪਰ ਰਿਹਾ। ਅੰਦਰੋਂ ਕੋਈ ਖੁਮਾਰੀ ਜਿਹੀ ਲੱਥਦੀ ਹੀ ਨਾ। ਉਹ ਇੱਕ ਦੂਜੇ ਦੀ ਯਾਦ ‘ਚ ਪ੍ਰਛਾਵੇਂ ਵਾਂਗ ਵੱਸਣ ਲੱਗੇ। ਕਈ ਵਾਰ ਉਹਦੀਆਂ ਅਧਿਆਪਕ ਸਾਥਣਾਂ ਆਖਦੀਆਂ, ਸਿਮਰਨ ਕੀ ਖਾਨੀ ਏਂ ਬਈ ਤੂੰ, ਚਿਹਰਾ ਨੂਰ ਨਾਲ ਲਿਸ਼ਕਦਾ ਰਹਿੰਦਾ। ਉਹ ਮੁਸਕਰਾ ਛੱਡਦੀ, ਕੋਈ ਜਵਾਬ ਨਾ ਦਿੰਦੀ, ਮਨ ਵਿੱਚ ਆਖਦੀ ‘ਖਾਣਾ ਕੀ ਆ ਕਮਲੀਉ ਮੈਂ, ਜੁਦਾਈਆਂ ਦੀ ਸਦੀਵੀ ਮਾਰ ਖਾਨੀ ਆਂ।’
ਲਗਪਗ ਇਹੋ ਜਿਹੇ ਅਨੁਭਵ ਵਿੱਚੋਂ ਹੀ ਦਿਲਬਾਗ ਗੁਜ਼ਰ ਰਿਹਾ ਸੀ। ਜਿਉਂ ਜਿਉਂ ਆਪਣੇ ਆਤਮ ਦੀ ਲੋਅ ਪ੍ਰਚੰਡ ਹੋ ਰਹੀ ਸੀ, ਉਸ ਦਾ ਮਾਰਖੋਰਾਪਣ ਘਟ ਰਿਹਾ ਸੀ। ਕਈ ਵਾਰ ਉਸ ਨੂੰ ਆਪਣੇ ਆਪ ਤੋਂ ਡਰ ਲਗਦਾ। ‘ਇਡੀ ਭਿਆਨਕ ਦੁਨੀਆਂ ‘ਚ, ਏਨੇ ਕੂਲੇ ਹੋ ਕੇ ਕਿਵੇਂ ਜੀਅ ਸਕਦੇ ਹਾਂ ਅਸੀਂ?’ ਫਿਰ ਉਹ ਆਪਣੇ ਆਪ ਨੂੰ ਹੀ ਸੰਬੋਧਨ ਹੁੰਦਾ।
(ਜਾਰੀ)

Leave a Reply

Your email address will not be published. Required fields are marked *