ਖਿਡਾਰੀ ਪੰਜ-ਆਬ ਦੇ (24)
ਤਕੜਾ ਖਿਡਾਰੀ, ਵੱਡਾ ਕੋਚ, ਚੰਗਾ ਇਨਸਾਨ ਤੇ ਅਸੂਲੀ ਬੰਦਾ
ਪੰਜਾਬ ਦੀ ਧਰਤੀ ਨੇ ਵੱਡੇ-ਵੱਡੇ ਖਿਡਾਰੀ ਪੈਦਾ ਕੀਤੇ ਹਨ- ਚਾਹੇ ਇਹ ਚੜ੍ਹਦਾ ਪੰਜਾਬ ਹੋਵੇ ਜਾਂ ਫਿਰ ਲਹਿੰਦਾ ਪੰਜਾਬ। ਨਾਮੀ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ਇਸ ਕਾਲਮ ਰਾਹੀਂ ਚੋਟੀ ਦੇ ਖਿਡਾਰੀਆਂ ਦੀ ਜੀਵਨੀ ਉਤੇ ਝਾਤ ਪਾਈ ਜਾ ਰਹੀ ਹੈ। ਹਥਲੇ ਲੇਖ ਵਿੱਚ ਖ਼ਿਡਾਰੀ ਵਜੋਂ ਓਲੰਪਿਕ ਚੈਂਪੀਅਨ ਬਣੇ ਅਤੇ ਕੋਚ ਵਜੋਂ ਵਿਸ਼ਵ ਵਿਜੇਤਾ ਬਣੇ ਹਾਕੀ ਖਿਡਾਰੀ ਰਾਜਿੰਦਰ ਸਿੰਘ ਬਾਰੇ ਸੰਖੇਪ ਵੇਰਵਾ ਹੈ। ਉਹ ਹਰ ਖੇਡ ਖੇਡਦਾ ਸੀ- ਹਾਕੀ, ਵਾਲੀਬਾਲ, ਫੁਟਬਾਲ। ਇੱਥੋਂ ਤੱਕ ਕਿ ਗੁੱਲੀ ਡੰਡਾ ਵਰਗੀਆਂ ਦੇਸੀ ਖੇਡਾਂ ਵਿੱਚ ਵੀ ਪੂਰੀ ਮੁਹਾਰਤ ਸੀ। 1983 ਵਿੱਚ ਗੋਡੇ ਦੀ ਸੱਟ ਕਾਰਨ ਰਾਜਿੰਦਰ ਸਿੰਘ ਨੇ ਕੌਮਾਂਤਰੀ ਕਰੀਅਰ ਨੂੰ ਅਲਵਿਦਾ ਆਖ ਦਿੱਤੀ। ਉਹ 200 ਦੇ ਕਰੀਬ ਮੈਚ ਖੇਡਿਆ ਅਤੇ ਘਰੇਲੂ ਪੱਧਰ `ਤੇ ਉਸ ਨੇ ਰੇਲਵੇ ਵੱਲੋਂ ਲੰਬਾ ਸਮਾਂ ਹਾਕੀ ਖੇਡੀ।
ਨਵਦੀਪ ਸਿੰਘ ਗਿੱਲ
ਫੋਨ: +91-9780036216
ਰਾਜਿੰਦਰ ਸਿੰਘ ਸੀਨੀਅਰ ਹਾਕੀ ਦਾ ਜਿੰਨਾ ਤਕੜਾ ਖ਼ਿਡਾਰੀ ਹੋਇਆ, ਉਸ ਤੋਂ ਵੱਡਾ ਉਹ ਕੋਚ ਹੋਇਆ। ਉਸ ਤੋਂ ਵੀ ਵੱਡੀ ਗੱਲ ਉਹ ਚੰਗਾ ਇਨਸਾਨ ਤੇ ਅਸੂਲੀ ਬੰਦਾ ਹੈ। ਰਾਜਿੰਦਰ ਸਿੰਘ ਨੂੰ ਅਰਜੁਨਾ ਐਵਾਰਡ ਤੇ ਦਰੋਣਾਚਾਰੀਆ ਐਵਾਰਡ- ਦੋਵੇਂ ਹੀ ਮਿਲੇ ਹਨ। ਇਹ ਦੁਰਲੱਭ ਪ੍ਰਾਪਤੀ ਵਾਲਾ ਉਹ ਦੇਸ਼ ਦਾ ਇਕਲੌਤਾ ਖ਼ਿਡਾਰੀ ਹੈ। ਰਾਜਿੰਦਰ ਸਿੰਘ ਨੇ ਜਿੱਥੇ ਵੀ ਪੈਰ ਧਰਿਆ, ਸਫਲਤਾ ਹੀ ਹਾਸਲ ਕੀਤੀ। ਖੇਡਦਾ ਉਹ ਫੁੱਲਬੈਕ ਦੀ ਪੁਜੀਸ਼ਨ `ਤੇ ਸੀ, ਪਰ ਪੈਨਲਟੀ ਕਾਰਨਰ ਮੁਹਾਰਤ ਕਾਰਨ ਟੀਮ ਲਈ ਉਹ ਫਾਰਵਰਡਾਂ ਤੋਂ ਵੀ ਵੱਧ ਗੋਲ ਕਰਦਾ ਸੀ। ਕਹਿੰਦੇ ਕਹਾਉਂਦੇ ਫਾਰਵਰਡ ਉਸ ਤੋਂ ਖ਼ੌਫ ਖ਼ਾਂਦੇ ਸਨ। ਪਾਕਿਸਤਾਨ ਦੇ ਮੰਨੇ ਪ੍ਰਮੰਨੇ ਸਟਰਾਈਕਰ ਹਸਨ ਸਰਦਾਰ ਦੀ ਰਾਜਿੰਦਰ ਸਾਹਮਣੇ ਬੱਸ ਹੋ ਜਾਂਦੀ ਸੀ। ਖ਼ਿਡਾਰੀ ਵਜੋਂ ਉਹ ਓਲੰਪਿਕ ਚੈਂਪੀਅਨ ਬਣਿਆ ਅਤੇ ਕੋਚ ਵਜੋਂ ਉਹ ਵਿਸ਼ਵ ਵਿਜੇਤਾ। ਰਾਜਿੰਦਰ ਸਿੰਘ ਵੱਲੋਂ ਮਾਸਕੋ ਓਲੰਪਿਕਸ ਵਿੱਚ ਜਿੱਤਿਆ ਸੋਨੇ ਦਾ ਤਮਗਾ ਭਾਰਤੀ ਟੀਮ ਦਾ ਆਖਰੀ ਓਲੰਪਿਕ ਸੋਨ ਤਮਗਾ ਹੈ। ਭਾਰਤੀ ਟੀਮ ਦਾ ਚੀਫ ਕੋਚ ਰਿਹਾ ਰਾਜਿੰਦਰ ਸਿੰਘ ਐੱਨ.ਆਈ.ਐੱਸ. ਪਟਿਆਲਾ ਦੇ ਚੀਫ ਕੋਚ ਦੇ ਅਹੁਦੇ ਤੋਂ ਰਿਟਾਇਰ ਹੋ ਕੇ ਪਹਿਲਾਂ ਮੱਧ ਪ੍ਰਦੇਸ਼ ਹਾਕੀ ਅਕੈਡਮੀ ਭੋਪਾਲ ਵਿਖੇ ਸਲਾਹਕਾਰ ਕੰਸਲਟੈਂਟ ਵਜੋਂ ਕੰਮ ਕੀਤਾ ਅਤੇ ਅੱਜ-ਕੱਲ੍ਹ ਉਹ ਪੰਜਾਬ ਵਿੱਚ ਹਾਕੀ ਲਈ ਕੰਮ ਕਰ ਰਹੀ ਸੰਸਥਾ ਰਾਊਂਡਗਲਾਸ ਵੱਲੋਂ ਸੇਵਾਵਾਂ ਨਿਭਾਅ ਰਹੇ ਹਨ।
ਰਾਜਿੰਦਰ ਨਾਂ ਨੂੰ ਵੀ ਬਲਬੀਰ ਸਿੰਘ ਤੇ ਬਲਜੀਤ ਸਿੰਘ ਵਾਂਗ ਬਖਸ਼ਿਸ਼ ਰਹੀ ਹੈ। ਭਾਰਤੀ ਹਾਕੀ ਵਿੱਚ ਤਿੰਨ ਰਾਜਿੰਦਰ ਸਿੰਘ ਹੋਏ ਹਨ। ਜਿਸ ਰਾਜਿੰਦਰ ਸਿੰਘ ਦੀ ਅਸੀਂ ਗੱਲ ਕਰ ਰਹੇ ਹਾਂ, ਉਸ ਨੂੰ ਸੀਨੀਅਰ ਤਖੱਲਸ ਵਜੋਂ ਜਾਣਿਆ ਜਾਂਦਾ ਹੈ। 1980 ਦੀ ਮਾਸਕੋ ਓਲੰਪਿਕ ਖੇਡਣ ਵਾਲੇ ਇਸ ਰਾਜਿੰਦਰ ਤੋਂ ਬਾਅਦ ਜਦੋਂ ਦੂਜਾ ਰਾਜਿੰਦਰ ਸਿੰਘ 1984 ਦੀ ਲਾਸ ਏਂਜਲਸ ਓਲੰਪਿਕ ਟੀਮ ਵਿੱਚ ਆਇਆ ਤਾਂ ਉਸ ਨੂੰ ਜੂਨੀਅਰ ਦਾ ਤਖੱਲਸ ਦਿੱਤਾ ਗਿਆ। ਉਸ ਤੋਂ ਬਾਅਦ 1988 ਦੀ ਸਿਓਲ ਓਲੰਪਿਕਸ ਵਿੱਚ ਇੱਕ ਹੋਰ ਰਾਜਿੰਦਰ ਆਇਆ, ਜਿਸ ਨੂੰ ਰਾਵਤ ਕਹਿੰਦੇ ਸਨ। ਚੌਥਾ ਰਾਜਿੰਦਰ ਸਿੰਘ ਸੰਧੂ ਯੁਗਾਂਡਾ ਦਾ ਸੀ, ਜਿਸ ਨੇ 1972 ਦੀਆਂ ਮਿਊਨਖ ਓਲੰਪਿਕ ਖੇਡਾਂ ਵਿੱਚ ਹਿੱਸਾ ਲਿਆ ਸੀ। ਰਾਜਿੰਦਰ ਸਿੰਘ ਸੀਨੀਅਰ ਦੀ ਇੱਕ ਗੱਲ ਬਲਬੀਰ ਸਿੰਘ ਸੀਨੀਅਰ ਨਾਲ ਮਿਲਦੀ ਹੈ। ਬਲਬੀਰ ਸਿੰਘ ਸੀਨੀਅਰ ਨੇ ਖਿਡਾਰੀ ਵਜੋਂ ਤਿੰਨ ਓਲੰਪਿਕ ਖੇਡਾਂ ਵਿੱਚ ਸੋਨੇ ਦੇ ਤਮਗੇ ਜਿੱਤੇ ਅਤੇ ਕੋਚ ਬਣਨ ਤੋਂ ਬਾਅਦ ਟੀਮ ਨੂੰ ਵਿਸ਼ਵ ਕੱਪ ਜਿਤਾਇਆ। ਰਾਜਿੰਦਰ ਸਿੰਘ ਸੀਨੀਅਰ ਨੇ ਵੀ ਪਹਿਲਾਂ ਓਲੰਪਿਕ ਖੇਡਾਂ ਵਿੱਚ ਇੱਕ ਸੋਨੇ ਦਾ ਤਮਗਾ ਜਿੱਤਿਆ ਅਤੇ ਫੇਰ ਬਤੌਰ ਕੋਚ ਜੂਨੀਅਰ ਵਿਸ਼ਵ ਕੱਪ ਜਿਤਾਇਆ। ਜਲੰਧਰ ਵਾਲਾ ਰਾਜਿੰਦਰ ਸਿੰਘ ਜੂਨੀਅਰ ਵੀ ਓਲੰਪਿਕ ਖੇਡਣ ਤੋਂ ਬਾਅਦ ਭਾਰਤੀ ਟੀਮ ਦਾ ਕੋਚ ਬਣਿਆ। ਪੰਜਾਬ ਐਂਡ ਸਿੰਧ ਬੈਂਕ ਵਾਲੇ ਇਸ ਰਾਜਿੰਦਰ ਸਿੰਘ ਨੂੰ ਵੀ ਦਰੋਣਾਚਾਰੀਆ ਐਵਾਰਡ ਨਾਲ ਸਨਮਾਨਤ ਕੀਤਾ ਗਿਆ।
ਰਾਜਿੰਦਰ ਸਿੰਘ ਦਾ ਜਨਮ 7 ਜਨਵਰੀ 1958 ਨੂੰ ਅੰਮ੍ਰਿਤਸਰ ਵਿਖੇ ਹੋਇਆ ਸੀ। ਉਸ ਦਾ ਜੱਦੀ ਸ਼ਹਿਰ ਜਲਾਲਾਬਾਦ, ਜ਼ਿਲ੍ਹਾ ਫਾਜ਼ਿਲਕਾ (ਉਦੋਂ ਫਿਰੋਜ਼ਪੁਰ) ਹੈ। ਭਗਵੰਤ ਕੌਰ ਦੀ ਕੁੱਖੋਂ ਜਨਮੇ ਰਾਜਿੰਦਰ ਸਿੰਘ ਦੇ ਪਿਤਾ ਬਲਵੰਤ ਸਿੰਘ ਆਪਣੇ ਸਮੇਂ ਦੇ ਵਾਲੀਬਾਲ ਖ਼ਿਡਾਰੀ ਰਹੇ ਹਨ। ਰਾਜਿੰਦਰ ਸਿੰਘ ਹੁਰੀਂ ਛੇ ਭਰਾ ਤੇ ਦੋ ਭੈਣਾਂ ਸਨ। ਰਾਜਿੰਦਰ ਦਾ ਵੱਡਾ ਭਰਾ ਜਸਵਿੰਦਰ ਸਿੰਘ ਕੰਬਾਈਡ ਯੂਨੀਵਰਸਿਟੀ ਟੀਮ ਵੱਲੋਂ ਹਾਕੀ ਖ਼ੇਡਿਆ, ਜਦੋਂ ਇੱਕ ਹੋਰ ਭਰਾ ਸਰਬਜੀਤ ਸਿੰਘ ਵੀ ਸਪੋਰਟਸ ਕਾਲਜ ਜਲੰਧਰ ਵੱਲੋਂ ਫੁਟਬਾਲ ਖੇਡਦਾ ਰਿਹਾ। ਘਰ ਵਿੱਚ ਖੇਡਾਂ ਵਾਲਾ ਮਾਹੌਲ ਸੀ। ਜਲਾਲਾਬਾਦ ਦੇ ਸਰਕਾਰੀ ਸਕੂਲ ਤੋਂ ਮੁੱਢਲੀ ਸਿੱਖਿਆ ਹਾਸਲ ਕਰਦਿਆਂ ਉਹ ਹਰ ਖੇਡ ਖੇਡਦਾ ਸੀ- ਹਾਕੀ, ਵਾਲੀਬਾਲ, ਫੁਟਬਾਲ। ਇੱਥੋਂ ਤੱਕ ਕਿ ਗੁੱਲੀ ਡੰਡਾ ਵਰਗੀਆਂ ਦੇਸੀ ਖੇਡਾਂ ਵਿੱਚ ਵੀ ਪੂਰੀ ਮੁਹਾਰਤ ਸੀ। ਵੱਡੇ ਭਰਾ ਨੂੰ ਦੇਖਦਿਆਂ ਸਪੋਰਟਸ ਸਕੂਲ ਜਲੰਧਰ ਵਿਖੇ ਨੌਵੀਂ ਕਲਾਸ ਵਿੱਚ ਦਾਖਲਾ ਲੈਣ ਤੋਂ ਬਾਅਦ ਉਸ ਨੇ ਹਾਕੀ ਨੂੰ ਆਪਣੀ ਮੁੱਖ ਖੇਡ ਵਜੋਂ ਚੁਣ ਲਿਆ। ਸਕੂਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਰਾਜਿੰਦਰ ਸਿੰਘ ਨੇ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਵਿਖੇ ਗਰੈਜੂਏਸ਼ਨ ਵਿੱਚ ਦਾਖਲਾ ਲੈ ਲਿਆ। 1976 ਵਿੱਚ ਉਸ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਖੇਡਦਿਆਂ ਕੁੱਲ ਹਿੰਦ ਅੰਤਰ `ਵਰਸਿਟੀ ਟੂਰਨਾਮੈਂਟ ਜਿੱਤਿਆ ਅਤੇ ਸਿੱਧਾ ਜੂਨੀਅਰ ਭਾਰਤੀ ਹਾਕੀ ਟੀਮ ਵਿੱਚ ਚੁਣਿਆ ਗਿਆ। ਵੀਹ ਵਰਿ੍ਹਆਂ ਦੀ ਅੱਲ੍ਹੜ ਉਮਰੇ ਰਾਜਿੰਦਰ ਨੇ 1978 ਵਿੱਚ ਇੰਡੀਅਨ ਯੂਨੀਵਰਸਿਟੀਜ਼ ਟੀਮ ਵੱਲੋਂ ਨਹਿਰੂ ਹਾਕੀ ਚੈਂਪੀਅਨਸ਼ਿਪ ਅਤੇ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ। ਉਸ ਵੇਲੇ ਕੰਬਾਈਡ ਇੰਡੀਅਨ ਯੂਨੀਵਰਸਿਟੀਜ਼ ਟੀਮ ਵੱਲੋਂ ਖੇਡਣਾ ਸੀਨੀਅਰ ਭਾਰਤੀ ਟੀਮ ਵਿੱਚ ਖੇਡਣ ਦੇ ਬਰਾਬਰ ਸੀ। ਇਸ ਤੋਂ ਬਾਅਦ ਰਾਜਿੰਦਰ ਨੇ ਸਿੱਧੀ ਛਲਾਂਗ ਸੀਨੀਅਰ ਟੀਮ ਵਿੱਚ ਲਾਉਂਦਿਆਂ ਭਾਰਤ ਵੱਲੋਂ 1979 ਵਿੱਚ ਪਰਥ (ਆਸਟਰੇਲੀਆ) ਵਿਖੇ ਹੋਏ ਅਸਾਂਡਾ ਕੱਪ ਵਿੱਚ ਹਿੱਸਾ ਲਿਆ।
ਰਾਜਿੰਦਰ ਸਿੰਘ ਸੀਨੀਅਰ ਦਾ ਖੇਡ ਜੀਵਨ 1980 ਵਿੱਚ ਸਿਖਰ ਉਤੇ ਪਹੁੰਚ ਗਿਆ, ਜਦੋਂ ਉਸ ਨੇ ਮਾਸਕੋ ਓਲੰਪਿਕ ਖੇਡਾਂ ਵਿੱਚ ਭਾਰਤ ਲਈ ਸੋਨੇ ਦਾ ਤਮਗਾ ਜਿੱਤਿਆ। ਇਸ ਟੀਮ ਵਿੱਚ ਤਿੰਨ ਹੋਰ ਪੰਜਾਬੀ ਖ਼ਿਡਾਰੀ ਵੀ ਸਨ। ਸੁਰਿੰਦਰ ਸੋਢੀ, ਗੁਰਮੇਲ ਸਿੰਘ ਤੇ ਦਵਿੰਦਰ ਗਰਚਾ। ਸੁਰਿੰਦਰ ਸਿੰਘ ਸੋਢੀ 15 ਗੋਲ ਕਰਕੇ ਟਾਪ ਸਕਰੋਰ ਰਿਹਾ ਸੀ। ਰਾਜਿੰਦਰ ਨੇ ਕਿਊਬਾ ਵਿਰੁੱਧ ਮੈਚ ਵਿੱਚ ਦੋ ਗੋਲ ਵੀ ਕੀਤੇ ਸਨ। 1981-82 ਵਿੱਚ ਪਹਿਲਾ ਏਸ਼ੀਆ ਕੱਪ ਪਾਕਿਸਤਾਨ ਦੀ ਧਰਤੀ `ਤੇ ਖ਼ੇਡਿਆ ਗਿਆ। ਕਰਾਚੀ ਵਿਖੇ ਖੇਡੇ ਗਏ ਏਸ਼ੀਆ ਕੱਪ ਵਿੱਚ ਭਾਰਤੀ ਟੀਮ ਉਪ ਜੇਤੂ ਰਹੀ। ਏਸ਼ੀਆ ਕੱਪ ਜਿੱਤਣ ਦੀ ਹਸਰਤ ਰਾਜਿੰਦਰ ਸਿੰਘ ਨੇ ਦੋ ਦਹਾਕਿਆਂ ਬਾਅਦ 2003 ਵਿੱਚ ਪੂਰੀ ਕੀਤੀ ਸੀ, ਜਦੋਂ ਉਸ ਨੇ ਆਪਣੀ ਕੋਚਿੰਗ ਵਿੱਚ ਭਾਰਤ ਨੂੰ ਕੁਆਲਾ ਲੰਪਰ ਵਿਖੇ ਪਲੇਠਾ ਏਸ਼ੀਆ ਕੱਪ ਜਿਤਾਇਆ ਸੀ।
ਬੰਬਈ ਵਿਖੇ 1981-82 ਵਿੱਚ ਪੰਜਵਾਂ ਵਿਸ਼ਵ ਕੱਪ ਖੇਡਿਆ ਗਿਆ। ਰਾਜਿੰਦਰ ਸਿੰਘ ਦੀ ਖੇਡ ਦਾ ਜਾਦੂ ਸਿਰ ਚੜ੍ਹ ਕੇ ਬੋਲਿਆ। ਪੂਲ ਮੈਚਾਂ ਵਿੱਚ ਰਾਜਿੰਦਰ ਨੇ ਦੋ ਹੈਟਟ੍ਰਿਕਾਂ ਜੜੀਆਂ ਅਤੇ ਕੁੱਲ 12 ਗੋਲ ਕੀਤੇ। ਉਹ ਵਿਸ਼ਵ ਕੱਪ ਵਿੱਚ ਪਾਕਿਸਤਾਨ ਦੇ ਕਲੀਮਉਲਾ ਖਾਨ ਦੇ ਨਾਲ ਸਾਂਝੇ ਤੌਰ ਉਤੇ ਟਾਪ ਸਕੋਰਰ ਰਿਹਾ। 1982 ਵਿੱਚ ਹਾਲੈਂਡ ਦੇ ਸ਼ਹਿਰ ਐਮਸਟਰਡਮ ਵਿਖੇ ਖੇਡੀ ਚੈਂਪੀਅਨਜ਼ ਟਰਾਫੀ ਵਿੱਚ ਭਾਰਤੀ ਟੀਮ ਨੇ ਪਹਿਲੀ ਵਾਰ ਕਾਂਸੀ ਦਾ ਤਮਗਾ ਜਿੱਤਿਆ। ਪਾਕਿਸਤਾਨ ਵਿਰੁੱਧ ਮੈਚ ਵਿੱਚ ਰਾਜਿੰਦਰ ਨੇ ਹੈਟਟ੍ਰਿਕ ਜੜੀ। ਰਾਜਿੰਦਰ ਵੱਲੋਂ 25ਵੇਂ, 30ਵੇਂ ਅਤੇ 46ਵੇਂ ਮਿੰਟ ਵਿੱਚ ਕੀਤੇ ਗੋਲਾਂ ਦੀ ਬਦੌਲਤ ਭਾਰਤ ਨੇ ਪਾਕਿਸਤਾਨ ਨੂੰ 5-4 ਨਾਲ ਹਰਾਇਆ। ਟੂਰਨਾਮੈਂਟ ਤੋਂ ਪਹਿਲਾਂ ਪਾਕਿਸਤਾਨ ਦੀ ਮਸ਼ਹੂਰ ਹਾਕੀ ਕੰਪਨੀ ‘ਕਰਾਚੀ ਕਿੰਗ’ ਦੇ ਖ਼ਵਾਜ਼ਾ ਨੇ ਰਾਜਿੰਦਰ ਨੂੰ ਆਪਣੀ ਕੰਪਨੀ ਦੀਆਂ ਹਾਕੀਆਂ ਭੇਂਟ ਕੀਤੀਆਂ। ਉਸੇ ਕਰਾਚੀ ਕਿੰਗ ਦੀ ਹਾਕੀ ਦਾ ਕ੍ਰਿਸ਼ਮਾ ਦਿਖਾਉਂਦਿਆਂ ਰਾਜਿੰਦਰ ਨੇ ਪਾਕਿਸਤਾਨ ਖਿਲਾਫ ਹੈਟਟ੍ਰਿਕ ਜੜੀ। ਇਸ ਮੈਚ ਦੌਰਾਨ ਰਾਜਿੰਦਰ ਨੇ ਇੱਕ ਮੌਕੇ ਇੰਨੀ ਜ਼ੋਰਦਾਰ ਹਿੱਟ ਜੜੀ ਕਿ ਪਾਕਿਸਤਾਨ ਦੇ ਸਟਾਰ ਸਟਰਾਈਕਰ ਕਲੀਮਉੱਲਾ ਖ਼ਾਨ ਦੀ ਬਾਂਹ ਟੁੱਟ ਗਈ, ਜਿਸ ਨੂੰ ਕੁਰਲਾਉਂਦੇ ਹੋਏ ਮੈਚ ਛੱਡਣਾ ਪਿਆ। ਰਾਜਿੰਦਰ ਸਿੰਘ ਕਲੀਮਉੱਲਾ ਨੂੰ ਆਪਣਾ ਜਿਗਰੀ ਯਾਰ ਦੱਸਦਾ ਹੈ, ਜਿਸ ਦੀ ਬਾਂਹ ਦੀ ਹੱਡੀ ਟੁੱਟਣ ਦਾ ਉਸ ਨੂੰ ਵੀ ਦੁੱਖ ਹੋਇਆ। ਰਾਜਿੰਦਰ ਸਿੰਘ ਦੱਸਦਾ ਹੈ, “ਕਲੀਮਉੱਲਾ ਫਾਰਵਰਡ ਤੇ ਮੈਂ ਫੁੱਲਬੈਕ ਹੋਣ ਕਰਕੇ ਹਰ ਭਾਰਤ-ਪਾਕਿਸਤਾਨ ਮੈਚ ਵਿੱਚ ਸਾਡਾ ਮੁਕਾਬਲਾ ਹੁੰਦਾ ਸੀ। ਅਸੀਂ ਦੋਵੇਂ ਇੱਕ-ਦੂਜੇ ਨੂੰ ਬਹੁਤ ਛੇੜਦੇ ਹੁੰਦੇ ਸੀ।’” ਰਾਜਿੰਦਰ ਸਿੰਘ ਉਸ ਨੂੰ ਛੇੜਦਾ ਹੋਇਆ ਕਹਿੰਦਾ ਹੁੰਦਾ ਸੀ, “ਓਏ ਕਲੀਮਉੱਲਿਆ, ਆ ਜਾ ਆ ਕੇ ਗੋਲ ਕਰ ਕੇ ਦੇਖ।” ਅੱਗਿਓਂ ਉਹ ਵੀ ਜਵਾਬ ਦਿੰਦਾ, “’ਆ ਜਾ ਸਰਦਾਰਾ ਤੈਨੂੰ ਵੀ ਦੇਖ ਲਵਾਂਗੇ।’” ਪਾਕਿਸਤਾਨ ਦਾ ਹਸਨ ਸਰਦਾਰ ਵੀ ਰਾਜਿੰਦਰ ਦੀ ਖੇਡ ਦਾ ਮੁਰੀਦ ਸੀ ਅਤੇ ਉਹ ਵੀ ਰਾਜਿੰਦਰ ਨੂੰ ਡਾਜ਼ ਦੇ ਕੇ ਗੋਲ ਕਰਨਾ ਦੇਣਾ ਟੇਢੀ ਖੀਰ ਸਮਝਦਾ ਸੀ।
ਰਾਜਿੰਦਰ ਸਿੰਘ ਨੇ ਆਖਰੀ ਵੱਡੇ ਟੂਰਨਾਮੈਂਟ 1982 ਦੀਆਂ ਏਸ਼ਿਆਈ ਖੇਡਾਂ ਵਿੱਚ ਹਿੱਸਾ ਲਿਆ ਸੀ, ਜਿੱਥੇ ਭਾਰਤ ਫ਼ਾਈਨਲ ਵਿੱਚ ਪਾਕਿਸਤਾਨ ਹੱਥੋਂ ਹਾਰਿਆ ਅਤੇ ਚਾਂਦੀ ਦਾ ਤਮਗ਼ਾ ਜਿੱਤਿਆ। 1983 ਵਿੱਚ ਗੋਡੇ ਦੀ ਸੱਟ ਕਾਰਨ ਰਾਜਿੰਦਰ ਸਿੰਘ ਨੇ ਕੌਮਾਂਤਰੀ ਕਰੀਅਰ ਨੂੰ ਅਲਵਿਦਾ ਆਖ ਦਿੱਤੀ। ਉਹ 200 ਦੇ ਕਰੀਬ ਮੈਚ ਖੇਡਿਆ ਅਤੇ 40 ਦੇ ਕਰੀਬ ਗੋਲ ਕੀਤੇ। ਘਰੇਲੂ ਪੱਧਰ `ਤੇ ਉਸ ਨੇ ਰੇਲਵੇ ਵੱਲੋਂ ਲੰਬਾ ਸਮਾਂ ਹਾਕੀ ਖੇਡੀ।
ਖਿਡਾਰੀ ਵਜੋਂ ਆਪਣੀ ਪਾਰੀ ਖੇਡਣ ਤੋਂ ਬਾਅਦ ਰਾਜਿੰਦਰ ਸਿੰਘ ਨੇ ਐਨ.ਆਈ.ਐਸ. ਤੋਂ ਕੋਚਿੰਗ ਦਾ ਡਿਪਲੋਮਾ ਕਰ ਕੇ ਸਾਈ ਦੀ ਨੌਕਰੀ ਜੁਆਇੰਨ ਕਰ ਕੇ ਖਿਡਾਰੀਆਂ ਨੂੰ ਕੋਚਿੰਗ ਸ਼ੁਰੂ ਕਰ ਦਿੱਤੀ। ਰਾਜਿੰਦਰ ਸਿੰਘ ਨੇ ਸਪੋਰਟਸ ਅਥਾਰਟੀ ਆਫ ਇੰਡੀਆ ਦੇ ਰਾਹੀਂ ਆਸਟਰੇਲੀਆ ਤੋਂ ਐਫ.ਆਈ.ਐਚ. ਮਾਨਤਾ ਪ੍ਰਾਪਤ ਹਾਈ ਪਰਫਾਰਮੈਂਸ ਕੋਚਿੰਗ ਕੋਰਸ ਵੀ ਕੀਤਾ। ਰਾਜਿੰਦਰ ਸਿੰਘ ਦੀ ਕੋਚਿੰਗ ਹੇਠ ਭਾਰਤ ਸਬ ਜੂਨੀਅਰ ਏਸ਼ੀਆ ਕੱਪ ਚੈਂਪੀਅਨ ਬਣਿਆ। ਉਸ ਤੋਂ ਬਾਅਦ ਉਸ ਨੂੰ ਭਾਰਤ ਦੀ ਜੂਨੀਅਰ ਟੀਮ ਦੀ ਕਮਾਨ ਸੰਭਾਲ ਦਿੱਤੀ। ਰਾਜਿੰਦਰ ਨੇ ਹਾਕੀ ਦੇ ਦੂਜੇ ਸੁਨਹਿਰੀ ਦੌਰ ਦੀ ਸ਼ੁਰੂਆਤ ਕਰਦਿਆਂ ਅਜਿਹੇ ਛਵੀਆਂ ਵਰਗੇ ਮੁੰਡੇ ਤਿਆਰ ਕੀਤੇ, ਜਿਨ੍ਹਾਂ ਨੇ ਹੋਬਾਰਟ ਵਿਖੇ 2001 ਵਿੱਚ ਜੂਨੀਅਰ ਵਿਸ਼ਵ ਕੱਪ ਜਿੱਤ ਕੇ ਹੀ ਦਮ ਲਿਆ।
ਰਾਜਿੰਦਰ ਸਿੰਘ ਨੇ ਜੂਨੀਅਰ ਟੀਮ ਅਜਿਹੀ ਚੰਡੀ ਕਿ ਸਾਰੇ ਨਿੱਕੀ ਉਮਰ ਦੇ ਖਿਡਾਰੀ ਸੀਨੀਅਰ ਟੀਮ ਦਾ ਹਿੱਸਾ ਬਣ ਗਏ। 2002 ਵਿੱਚ ਸੀਨੀਅਰ ਵਿਸ਼ਵ ਕੱਪ ਖੇਡਣ ਵਾਲੀ ਟੀਮ ਦੇ ਅੱਧੇ ਤੋਂ ਬਾਅਦ ਖਿਡਾਰੀ 2001 ਦਾ ਜੂਨੀਅਰ ਵਿਸ਼ਵ ਕੱਪ ਜਿੱਤਣ ਵਾਲੀ ਟੀਮ ਦਾ ਹਿੱਸਾ ਸੀ। 2002 ਦੇ ਵਿਸ਼ਵ ਕੱਪ ਤੋਂ ਬਾਅਦ ਰਾਜਿੰਦਰ ਸਿੰਘ ਨੂੰ ਭਾਰਤੀ ਸੀਨੀਅਰ ਟੀਮ ਦਾ ਚੀਫ ਕੋਚ ਲਗਾ ਦਿੱਤਾ। ਸ਼ਾਹਬਾਦ ਮਾਰਕੰਡਾ ਵਾਲੇ ਬਲਦੇਵ ਸਿੰਘ ਉਨ੍ਹਾਂ ਦੇ ਸਹਾਇਕ ਕੋਚ ਸਨ। 2002 ਵਿੱਚ ਬੁਸਾਨ ਵਿਖੇ ਏਸ਼ਿਆਈ ਖੇਡਾਂ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਦੋ ਸਾਲ ਭਾਰਤੀ ਟੀਮ ਦੀ ਗੁੱਡੀ ਸਿਖਰਾਂ `ਤੇ ਚੜ੍ਹ ਗਈ। ਰਾਜਿੰਦਰ ਸਿੰਘ ਦੀ ਕੋਚਿੰਗ ਹੇਠ ਭਾਰਤ ਨੇ ਅੱਠ ਟੂਰਨਾਮੈਂਟਾਂ ਵਿੱਚ ਹਿੱਸਾ ਲਿਆ, ਜਿਨ੍ਹਾਂ ਵਿੱਚੋਂ ਪੰਜ ਵਿੱਚ ਜਿੱਤ ਪ੍ਰਾਪਤ ਕੀਤੀ। ਭਾਰਤ ਨੇ ਆਸਟਰੇਲੀਆ ਨੂੰ ਆਸਟਰੇਲੀਆ ਦੇ ਵਿਹੜੇ ਅਤੇ ਜਰਮਨੀ ਨੂੰ ਜਰਮਨੀ ਦੇ ਵਿਹੜੇ ਹਰਾਇਆ। ਹਾਲੈਂਡ, ਪਾਕਿਸਤਾਨ ਦੀਆਂ ਟੀਮਾਂ ਵੀ ਭਾਰਤ ਸਾਹਮਣੇ ਊਣੀਆਂ ਸਾਬਤ ਹੋਣ ਲੱਗੀਆਂ। ਭਾਰਤ ਨੇ 2003 ਦਾ ਏਸ਼ੀਆ ਕੱਪ ਜਿੱਤਿਆ ਅਤੇ ਫੇਰ 2003 ਵਿੱਚ ਹੈਦਰਾਬਾਦ ਵਿਖੇ ਹੋਈਆਂ ਐਫਰੋ ਏਸ਼ੀਅਨ ਖੇਡਾਂ ਵਿੱਚ ਸੋਨੇ ਦਾ ਤਮਗਾ ਜਿੱਤਿਆ। ਹਾਲੈਂਡ ਅਤੇ ਆਸਟਰੇਲੀਆ ਵਿਖੇ ਖੇਡੇ ਗਏ ਚਾਰ ਦੇਸ਼ੀ ਟੂਰਨਾਮੈਂਟ ਜਿੱਤੇ। ਇਸ ਸਮੇਂ ਦੌਰਾਨ ਜੁਗਰਾਜ ਸਿੰਘ ਦੀ ਸੜਕ ਹਾਦਸੇ ਵਿੱਚ ਲੱਗੀ ਸੱਟ ਦਾ ਭਾਰਤੀ ਟੀਮ ਨੂੰ ਬਹੁਤ ਵੱਡਾ ਘਾਟਾ ਪਿਆ। ਜੁਗਰਾਜ ਸਿੰਘ ਦੀ ਸੱਟ ਦੇ ਸਦਮੇ ਤੋਂ ਉਭਰਦਿਆਂ ਭਾਰਤੀ ਹਾਕੀ ਟੀਮ ਨੇ ਏਥਨਜ਼ ਓਲੰਪਿਕ ਲਈ ਕੁਆਲੀਫਾਈ ਕਰ ਲਿਆ। ਉਸ ਵੇਲੇ ਫੈਡਰੇਸ਼ਨ ਨੇ ਭਾਰਤੀ ਟੀਮ ਦੇ ਦੋ ਤਜ਼ਰਬੇਕਾਰ ਖਿਡਾਰੀਆਂ- ਕੰਵਲਪ੍ਰੀਤ ਸਿੰਘ ਤੇ ਬਿਮਲ ਲਾਕੜਾ ਨੂੰ ਟੀਮ ਵਿੱਚੋਂ ਬਾਹਰ ਕਰ ਦਿੱਤਾ। ਰਾਜਿੰਦਰ ਸਿੰਘ ਇਹ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰ ਸਕਦਾ ਸੀ ਅਤੇ ਉਸ ਨੇ ਫੈਡਰੇਸ਼ਨ ਖਿਲਾਫ ਬਗਾਵਤ ਕਰ ਦਿੱਤੀ। ਭਾਰਤੀ ਹਾਕੀ ਦੀ ਕਮਾਨ ਰਾਜਿੰਦਰ ਸਿੰਘ ਦੇ ਸਹਾਇਕ ਕੋਚ ਗੈਰਹਾਰਡ ਰੈਕ ਹਵਾਲੇ ਕਰ ਦਿੱਤੀ। ਉਸ ਤੋਂ ਬਾਅਦ ਭਾਰਤੀ ਹਾਕੀ ਫੇਰ ਨਿਵਾਣ ਵੱਲ ਚਲੀ ਗਈ।
ਮਰਹੂਮ ਹਾਕੀ ਓਲੰਪੀਅਨ ਸੁਰਜੀਤ ਸਿੰਘ ਰਾਜਿੰਦਰ ਸਿੰਘ ਦਾ ਸਭ ਤੋਂ ਗੂੜ੍ਹਾ ਮਿੱਤਰ ਸੀ। ਉਹ ਆਪਣੇ ਖੇਡ ਕਰੀਅਰ ਵਿੱਚ ਤਿੰਨ ਘਟਨਾਵਾਂ ਨੂੰ ਬਹੁਤ ਮਾੜਾ ਮੰਨਦਾ ਹੈ, ਜਿਸ ਵਿੱਚ ਸਭ ਤੋਂ ਪਹਿਲਾਂ ਸੁਰਜੀਤ ਸਿੰਘ ਦੀ ਸੜਕ ਹਾਦਸੇ ਵਿੱਚ ਮੌਤ, ਜੁਗਰਾਜ ਸਿੰਘ ਦੇ ਸੱਟ ਲੱਗਣਾ ਅਤੇ ਏਥਨਜ਼ ਓਲੰਪਿਕਸ ਲਈ ਦੋ ਖਿਡਾਰੀਆਂ ਨੂੰ ਬਾਹਰ ਕਰਨਾ। ਰਾਜਿੰਦਰ ਸਿੰਘ ਕਦੇ ਐਵਾਰਡਾਂ ਪਿੱਛੇ ਨਹੀਂ ਪਿਆ। ਉਸ ਨੇ ਅੱਸੀ ਦੇ ਦਹਾਕੇ ਵਿੱਚ ਹਾਕੀ ਖੇਡੀ, ਪਰ ਅਰਜੁਨਾ ਐਵਾਰਡ ਉਸ ਨੂੰ 1997 ਵਿੱਚ ਆ ਕੇ ਮਿਲਿਆ। ਉਸ ਨੇ ਕਦੇ ਪਛਤਾਵਾ ਨਹੀਂ ਕੀਤਾ। ਸਾਲ 2003 ਵਿੱਚ ਉਸ ਨੂੰ ਕੋਚਿੰਗ ਕਰਕੇ ਦਰੋਣਾਚਾਰੀਆ ਐਵਾਰਡ ਮਿਲਿਆ। ਰੇਲਵੇ ਨੇ ਉਸ ਨੂੰ ਸਨਮਾਨਤ ਕੀਤਾ। ਵਿਸ਼ਵ ਹਾਕੀ ਸੀਰੀਜ਼ ਵਿੱਚ ਸ਼ੇਰ-ਏ-ਪੰਜਾਬ ਟੀਮ ਦੀ ਕੋਚਿੰਗ ਕਰਦਿਆਂ ਉਸ ਨੂੰ ‘ਬੈਸਟ ਕੋਚ’ ਦਾ ਐਵਾਰਡ ਮਿਲਿਆ। ਰਾਜਿੰਦਰ ਸਿੰਘ ਰਿਟਾਇਰਮੈਂਟ ਤੋਂ ਬਾਅਦ ਆਪਣੀ ਪਤਨੀ ਨਿੰਮੀ ਸਿੱਧੂ ਤੇ ਬੇਟੀ ਰੋਮਨ ਸਿੱਧੂ ਨਾਲ ਮੁਹਾਲੀ ਦੇ ਸੈਕਟਰ 79 ਵਿਖੇ ਰਹਿ ਰਿਹਾ ਹੈ।