ਪਾਣੀ ਦਾ ਆਦੇਸ਼

ਆਮ-ਖਾਸ ਵਿਚਾਰ-ਵਟਾਂਦਰਾ

ਇਸ ਸਾਲ ਗਰਮੀਆਂ ਦੌਰਾਨ ਅੱਤ ਦੀ ਗਰਮੀ ਵਿੱਚ ਦਿੱਲੀ ਸ਼ਹਿਰ ਦੇ ਬਾਸ਼ਿੰਦਿਆਂ ਨੂੰ ਜਿਸ ਤਰ੍ਹਾਂ ਪਾਣੀ ਦੀ ਕਿੱਲਤ ਨਾਲ ਜੂਝਣਾ ਪਿਆ ਹੈ, ਇਹ ਕੋਈ ਆਮ ਗੱਲ ਨਹੀਂ। ਦੂਜੇ ਪਾਸੇ ਆਬਾਂ ਦੀ ਧਰਤੀ ਪੰਜਾਬ ਵਿੱਚ ਹੀ ਪਾਣੀ ਸ਼ੁੱਧ ਨਾ ਮਿਲਣ ਕਰਕੇ ਹਜ਼ਾਰਾਂ ਲੋਕ ਕੈਂਸਰ, ਗੁਰਦੇ ਦੇ ਰੋਗ, ਪੇਟ ਦੀਆਂ ਬਿਮਾਰੀਆਂ ਅਤੇ ਚਰਮ-ਰੋਗਾਂ ਦੇ ਸ਼ਿਕਾਰ ਹੋ ਰਹੇ ਹਨ। ਅਨੇਕਾਂ ਲੋਕ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ। ਪਾਣੀ ਦਾ ਆਦੇਸ਼ ਹੈ, ‘ਮੈਨੂੰ ਸਾਂਭ ਲਓ, ਪਲੀਤ ਨਾ ਕਰੋ; ਸੰਜਮ ਨਾਲ ਵਰਤੋ, ਕਿਉਂਕਿ ਮੈਂ ਚਲਾ ਗਿਆ ਤਾਂ ਵਾਪਸ ਨਹੀਂ ਪਰਤਾਂਗਾ!’ “ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ॥” ਜ਼ਿੰਦਗੀ ਦਾ ਆਧਾਰ ਪਾਣੀ ਹੈ- ਪਾਣੀ ਖਤਮ, ਕਹਾਣੀ ਖਤਮ! ਖ਼ੈਰ, ਕਿਸੇ ਸ਼ਖਸ ਨੇ ਕਿਹਾ ਸੀ, ‘ਜ਼ਿੰਦਗੀ `ਚ ਪਾਣੀ ਵਾਂਗ ਨਿਮਰਤਾ ਬਣਾਈ ਰੱਖੋ; ਕਿਉਂਕਿ ਪਾਣੀ ਨੀਵਾਣਾਂ ਵੱਲ ਨੂੰ ਵਗਦਾ ਹੈ ਤੇ ਰਸਤੇ ਆਪੇ ਬਣਦੇ ਜਾਂਦੇ ਹਨ।’

ਬਲਵਿੰਦਰ ਬਾਲਮ ਗੁਰਦਾਸਪੁਰ
ਫੋਨ: +91-9815625409

ਪਾਣੀ ਤੋਂ ਬਿਨਾ ਜੀਵਨ ਅਧੂਰਾ ਹੈ। ਪਾਣੀ ਜ਼ਿੰਦਗੀ ’ਚ ਨਿਰੰਤਰ ਵਹਿਣ ਦਾ ਆਦੇਸ਼ ਦਿੰਦਾ ਹੈ। 84 ਲੱਖ ਜੂਨਾਂ ਪਾਣੀ ਉੱਪਰ ਹੀ ਨਿਰਭਰ ਹਨ। ਪਾਣੀ ਇੱਕ ਪ੍ਰਾਕ੍ਰਿਤਿਕ ਅਤੇ ਜੀਵਨਦਾਈ ਸਾਧਨ ਹੈ। ਪਾਣੀ ਇੱਕ ਮਹੱਤਵਪੂਰਨ ਸੰਸਾਧਨ ਹੈ। ਪਾਣੀ ਜੜ੍ਹ ਚੇਤਨਾ ਦਾ ਸਵਾਮੀ ਹੈ। ਪਾਣੀ ਕੁਦਰਤ ਦੀ ਮੁੱਢ ਕਦੀਮੀ ਪਾਰਦਰਸ਼ੀ ਅਦਭੁਤ, ਅਨਮੋਲ, ਅਦੁੱਤੀ ਤੇ ਸ਼ੀਤਲ ਸੁੰਦਰ ਰਚਨਾ ਹੈ। ਤੜਪਦੇ ਜਾਂ ਜ਼ਖਮੀ ਪ੍ਰਾਣੀ ਨੂੰ ਸ਼ਾਂਤ/ਸੰਤੁਸ਼ਟ ਕਰਨ ਲਈ ਅਤੇ ਹਾਏ ਦੀ ਤ੍ਰਿਪਤੀ ਦਾ ਪਰਮਾਤਮਾ ਪਾਣੀ ਹੀ ਹੈ। ਸਾਰੀ ਧਰਤੀ ਪਾਣੀ ਦੀ ਪ੍ਰਭੂਸੱਤਾ ਰੂਪੀ ਥੰਮੀਆਂ ਉੱਪਰ ਸੁੰਦਰ ਸ੍ਰਿਸ਼ਟੀ ਨਾਲ ਸ਼ੋਭਨੀਏ ਹੈ। ਪਾਣੀ ਜ਼ਿੰਦਗੀ ਨੂੰ ਨਿਰੰਤਰ ਵਹਿਣ ਦਾ ਸੰਦੇਸ਼ ਦਿੰਦਾ ਹੋਇਆ ਨਿਮਰਤਾ ਅਤੇ ਅਭਿਵਾਦਨ ਦਾ ਸੂਚਕ ਹੋ ਜਾਂਦਾ ਹੈ।
ਸ੍ਰਿਸ਼ਟੀ ਦੀ ਸਮੁੱਚੀ ਹੋਂਦ ਦੀ ਸੁੰਦਰਤਾ, ਉਪਜਤਾ, ਖੁਸ਼ਹਾਲੀ, ਖੇੜਾ ਤੇ ਲੰਬੀ ਉਮਰ ਦਾ ਸੱਚਾ ਸਾਥੀ ਹੈ। ਪਾਣੀ ਹੀ ਹੈ ਜੋ ਅਗਨੀ ਨੂੰ ਸ਼ਾਂਤ ਕਰ ਸਕਦਾ ਹੈ। ਪਾਣੀ ਇੱਕ ਐਸਾ ਸਰਵੋਤਮ ਦੇਵਤਾ ਹੈ, ਜਿਸ ਦੇ ਅੱਗੇ ਗੰਦਲਾ ਪ੍ਰਸ਼ਾਦਿ ਚੜ੍ਹਾਉਣਾ ਇੱਕ ਮਹਾਂ ਪਾਪ ਹੈ। ਪਾਣੀ ਦੀ ਪਵਿੱਤਰਤਾ ਹੀ ਮਨੁੱਖ ਨੂੰ ਸਰੀਰਕ ਸੁੱਖ ਤੇ ਜੰਨਤ ਦਾ ਰਸਤਾ ਦੱਸਦੀ ਹੈ। ਕਿਸੇ ਵੀ ਜੜ੍ਹ ਨੂੰ ਪ੍ਰਫੁੱਲਤ ਹੋਣ ਲਈ ਖੁਸ਼ਹਾਲੀ ਦਾ ਅਸ਼ੀਰਵਾਦ ਪਾਣੀ ਹੀ ਦਿੰਦਾ ਹੈ। ਪਾਣੀ ਦਾ ਮੋਹ ਤਾਂ ਜੰਨਤ ਹੈ, ਪਰ ਇਸ ਦੀ ਦੁਸ਼ਮਣੀ ਬਰਬਾਦੀ ਕਰਦੀ ਹੈ। ਜਿਨ੍ਹਾਂ ਕੌਮਾਂ `ਤੇ ਪਾਣੀ ਦੀਆਂ ਸ਼ੁਭਕਾਮਨਾਵਾਂ ਹਨ, ਉਨ੍ਹਾਂ ਨੇ ਸੁਖਦ ਜੀਵਨ ਪਾ ਕੇ ਤਰੱਕੀ ਦੀਆਂ ਮੰਜ਼ਿਲਾਂ ਛੂਹੀਆਂ ਹਨ। ਸਭ ਤੋਂ ਪਹਿਲਾਂ ਮਨੁੱਖ ਨੂੰ ਪਾਣੀ ਦੇ ਤੱਤਾਂ ਨੇ ਹੀ ਹੋਂਦ ਵਿੱਚ ਲਿਆਂਦਾ ਹੋਵੇਗਾ; ਜਿੱਥੇ ਪਾਣੀ ਨਹੀਂ, ਉੱਥੇ ਜੀਵਨ ਨਹੀਂ। ਜਿੱਥੇ ਪਾਣੀ ਦਾ ਪੱਧਰ ਬਿਲਕੁਲ ਘੱਟ ਜਾਂਦਾ ਹੈ, ਉੱਥੇ ਗੈਸਾਂ ਦੀ ਬਹੁਤਾਤ ਹੋਣ ਕਰਕੇ ਜਵਾਲਾ ਪੈਦਾ ਹੁੰਦੇ ਹਨ। ਪਾਣੀ ਦੇ ਘਟਦੇ ਪੱਧਰ ਨਾਲ ਗੈਸਾਂ ਦੀ ਬਹੁਤਾਤ ਧਰਤੀ ਨੂੰ ਨਸ਼ਟ ਕਰ ਦਿੰਦੀ ਹੈ।
ਵਧਦੀ ਜਨਸੰਖਿਆ ਅਤੇ ਵੱਖ-ਵੱਖ ਪਹਿਲੂਆਂ ਦੁਆਰਾ ਇਸ ਦੇ ਦੁਰ-ਉਪਯੋਗ ਕਾਰਨ ਪਾਣੀ ਦਾ ਪੱਧਰ ਘੱਟ ਰਿਹਾ ਹੈ। ਪਾਣੀ ਦੀ ਇੱਕ ਵਿਸ਼ੇਸ਼ ਮਹੱਤਤਾ ਹੈ। ਪਾਣੀ ਮਨੁੱਖ ਦੀ ਜ਼ਿੰਦਗੀ ਦੇ ਆਖਰੀ ਸਾਹਾਂ ਤੱਕ ਸਾਥ ਦਿੰਦਾ ਹੈ। ਵਿਗਿਆਨ ਤੋਂ ਲੈ ਕੇ ਧਾਰਮਿਕ, ਘਰੇਲੂ, ਸਮਾਜਿਕ, ਵਿਹਾਰਕ ਕਾਰਜਾਂ-ਸਮਾਗਮਾਂ ਵਿੱਚ ਪਾਣੀ ਦੀ ਵਿਸ਼ੇਸ਼ ਅਹਿਮੀਅਤ ਜੁਗਾਂ ਜੁਗੰਤਰਾਂ ਤੋਂ ਚਲਦੀ ਆ ਰਹੀ ਹੈ। ਖੇਤੀ ਕਾਇਨਾਤ ਤੋਂ ਮਨੁੱਖ ਦੀ ਖੂਬਸੂਰਤੀ ਲਈ ਪਾਣੀ ਦੀ ਮੁੱਖ ਭੂਮਿਕਾ ਹੈ।
ਜਲ ਸੰਸਾਧਨਾਂ ਦੇ ਨਿਯੋਜਨ, ਵਿਕਾਸ ਅਤੇ ਪ੍ਰਬੰਧਨ ਨੂੰ ਰਾਸ਼ਟਰੀ ਪੱਧਰ `ਤੇ ਸੰਚਾਲਿਤ ਕਰਨ ਲਈ ਫੌਰੀ ਜ਼ਰੂਰਤ ਨੂੰ ਦੇਖਦਿਆਂ ਸੰਨ 1986 ਤੋਂ ਹੁਣ ਤੱਕ ਤਿੰਨ ਵਾਰ ਵੱਖ-ਵੱਖ ਜਲ ਵਿਸ਼ੇਸ਼ ਵਿਗਿਆਨੀਆਂ ਦੀ ਨਿਗਰਾਨੀ ਵਿੱਚ ਜਲ ਨੀਤੀ ਦੀ ਰੂਪ-ਰੇਖਾ ਤਿਆਰ ਕੀਤੀ ਗਈ। ਦੇਸ਼ ਦੀ ਪਹਿਲੀ ਜਲ ਨੀਤੀ ਸੰਨ 1986 ਵਿੱਚ ਅਤੇ ਦੂਸਰੀ ਸੰਨ 2002 ਵਿੱਚ ਲਾਗੂ ਕੀਤੀ ਗਈ, ਪਰ ਇੰਨਾ ਜਲ ਨੀਤੀਆਂ ਦੇ ਬਾਵਜੂਦ ਕਈ ਖਾਮੀਆਂ ਕਾਰਨ ਜਲ ਪੱਧਰ ਵਿੱਚ ਗਿਰਾਵਟ ਦਾ ਸਿਲਸਿਲਾ ਜਾਰੀ ਰਿਹਾ। ਨਦੀਆਂ-ਨਾਲੇ ਸੁੱਕਣ ਕਾਰਨ, ਜਲ ਪ੍ਰਦੂਸ਼ਣ ਵਧਣ ਦੇ ਕਾਰਨ, ਪਹਾੜੀ ਨਦੀਆਂ ਵਿੱਚ ਗੰਦਲਾ ਰੋਹੜ ਹੋਣ ਕਰਕੇ ਜਲ ਪ੍ਰਦੂਸ਼ਣ ਵਧਣ ਲੱਗ ਪਿਆ। ਭਾਰਤ ਦੀਆਂ ਪ੍ਰਸਿੱਧ ਨਦੀਆਂ ਵਿੱਚ ਗੰਦਗੀ ਸੁੱਟਣ ਕਰਕੇ, ਅਸਥੀਆਂ ਪ੍ਰਵਾਹਣ ਕਰਕੇ, ਧਾਰਮਿਕ ਰੀਤਾਂ-ਰਿਵਾਜਾਂ ਕਰਕੇ, ਸ਼ਹਿਰੀ ਕੂੜਾ-ਕਰਕਟ ਸੁੱਟਣ ਕਰਕੇ ਆਦਿ ਪਾਣੀਆਂ ਵਿੱਚ ਸੰਘਣੀ ਗੰਦਗੀ ਤੋਂ ਗਾਰ ਫੈਲਣੀ ਸ਼ੁਰੂ ਹੋ ਗਈ। ਇਸ ਕਰਕੇ ਸਮੇਂ ਦੀ ਮੰਗ ਨੂੰ ਮੁੱਖ ਰੱਖਦਿਆਂ ਜਲ ਨੀਤੀ ਦੀ ਜ਼ਰੂਰਤ ਮਹਿਸੂਸ ਕੀਤੀ ਗਈ ਤਾਂ ਕਿ ਨਦੀਆਂ-ਨਾਲਿਆਂ ਦੇ ਜਲ ਦੇ ਗੰਦਲੇਪਨ ਨੂੰ ਰੋਕਣ ਲਈ ਵੱਧ ਤੋਂ ਵੱਧ ਜਲ ਸੰਯੋਜਨ ਕੀਤੇ ਜਾ ਸਕਣ। ਭਾਰਤ ਸਰਕਾਰ ਦੇ ਜਲ ਸੰਸਾਧਨ ਮੰਤਰਾਲੇ ਵੱਲੋਂ ਇੱਕ ਹੋਰ ਨਵੀਂ ਜਲ ਨੀਤੀ ਤਿਆਰ ਕੀਤੀ ਗਈ, ਜਿਸ ਨੂੰ ਜਲ ਨੀਤੀ 2022 ਦਾ ਨਾਮ ਦਿੱਤਾ ਗਿਆ।
ਰਾਸ਼ਟਰੀ ਜਲ ਨੀਤੀ ਅਨੁਸਾਰ “ਜਲ ਸੰਸਾਧਨਾਂ ਨਿਯੋਜਨ ਵਿਕਾਸ ਅਤੇ ਪ੍ਰਬੰਧਨ ਰਾਸ਼ਟਰੀ ਦ੍ਰਿਸ਼ਟੀ ਕੌਮ ਨਾਲ ਸੰਚਾਲਿਤ ਕੀਤੇ ਜਾਣ ਦੀ ਜ਼ਰੂਰਤ ਹੈ। ਕੇਂਦਰ ਅਤੇ ਰਾਜ ਪੱਧਰ ਦੀਆਂ ਏਜੰਸੀਆਂ ਇੱਕ ਸ਼ਕਤੀਸ਼ਾਲੀ ਨੈਟਵਰਕ ਦੀ ਭੂਮਿਕਾ ਨਿਭਾਉਣ। ਉਪਯੋਗੀ ਜਲ ਸੰਸਾਧਨਾਂ ਨੂੰ ਹੋਰ ਜ਼ਿਆਦਾ ਉੱਪਰ ਚੁੱਕਣ ਲਈ ਇੱਕ ਨਦੀ ਨੂੰ ਦੂਸਰੀ ਨਦੀ ਨਾਲ ਜੋੜਿਆ ਜਾਏ। ਸਮੁੰਦਰ ਜਲ ਦੇ ਖਾਰੇ ਪਾਣੀ ਨੂੰ ਦੂਰ ਕਰਨ ਲਈ ਵਿਧੀਆਂ ਦੇ ਨਾਲ-ਨਾਲ ਬਾਰਿਸ਼ ਦੇ ਪਾਣੀ ਨੂੰ ਸੁਚੱਜੇ ਢੰਗ ਨਾਲ ਮੁੱਖ ਪਾਣੀ ਦੇ ਯੋਗ ਬਣਾਇਆ ਜਾਏ। ਇਸ ਲਈ ਰਾਸ਼ਟਰੀ ਪੱਧਰ ’ਤੇ ਖੋਜ ਤੇ ਵਿਕਾਸ ਨੂੰ ਹੋਰ ਉਤਸ਼ਾਹਿਤ ਕਰਨ ਦੀ ਜ਼ਰੂਰਤ ਹੈ। ਹਾਈਡ੍ਰੋਲਾਜੀਕਲ ਇਕਾਈ ਦੇ ਲਈ ਜਲ ਸੰਸਾਧਨ ਵਿਕਾਸ ਤੇ ਪ੍ਰਬੰਧਨ ਦੀ ਯੋਜਨਾ ਤਹਿਤ ਨਦੀਆਂ, ਘਾਟੀਆਂ ਦੇ ਸੰਗਠਨਾਂ ਨੂੰ ਸਥਾਪਿਤ ਕੀਤਾ ਜਾਣਾ ਚਾਹੀਦਾ ਹੈ। ਜਿਸ ਜਗ੍ਹਾ `ਤੇ ਪਾਣੀ ਦੀ ਕਮੀ ਹੈ, ਉਸ ਇਲਾਕੇ ਨੂੰ ਨਦੀਆਂ-ਨਾਲਿਆਂ ਨਾਲ ਜੋੜਿਆ ਜਾਏ। ਜਲ ਵੰਡ ਦੀ ਪ੍ਰਾਰਥਮਿਕਤਾ ਸਭ ਤੋਂ ਪਹਿਲਾਂ ਪੀਣ ਵਾਲੇ ਪਾਣੀ ਨੂੰ, ਫਿਰ ਸਿੰਚਾਈ, ਇਸਦੇ ਬਾਅਦ ਪਣ-ਬਿਜਲੀ, ਖੇਤੀਬਾੜੀ ਅਤੇ ਗੈਰ-ਉਦਯੋਗਾਂ ਆਦਿ ਨੂੰ ਕ੍ਰਮ ਵਿੱਚ ਕਰਨਾ ਚਾਹੀਦਾ ਹੈ। ਪਾਣੀ ਦੀ ਦੁਰ-ਉਪਯੋਗਤਾ ਨੂੰ ਰੋਕਿਆ ਜਾਏ। ਪੁਨਰ ਸਥਾਪਿਤ ਤੇ ਪੁਨਰਵਾਸ ਤੋਂ ਯੋਜਨਾ ਮੰਤਰੀ ਨਾਲ ਕੰਮ ਕੀਤਾ ਜਾਏ ਤਾਂ ਕਿ ਇਸਦਾ ਲਾਭ ਪ੍ਰਭਾਵਿਤ ਲੋਕਾਂ ਨੂੰ ਵੀ ਮਿਲ ਸਕੇ। ਸਤਹਾ ਵਾਲੇ ਪਾਣੀ ਤੇ ਧਰਤੀ ਵਿਚਲੇ ਪਾਣੀ ਦੀ ਗੁਣਵਤਾ ’ਤੇ ਨਿਗਰਾਨੀ ਰੱਖੀ ਜਾਵੇ। ਦੂਸ਼ਿਤ ਪਾਣੀ ਨੂੰ ਪ੍ਰਾਕ੍ਰਿਤਿਕ ਪਾਣੀ ਵਿੱਚ ਮਿਲਾਉਣ ਦੀ ਕੋਸ਼ਿਸ਼ ਕੀਤੀ ਜਾਏ। ਪਾਣੀ ਦੇ ਪੱਧਰ ਲਈ, ਇਸਦੇ ਬਚਾਓ ਲਈ ਪ੍ਰਚਾਰ, ਪ੍ਰਸਾਰ, ਸਿੱਖਿਆ, ਦੰਡ ਅਤੇ ਮਾਨ-ਸਨਮਾਨ ਦੇ ਜਰੀਏ ਜਲ ਬਚਾਓ ਚੇਤਨਾ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ।”
ਧਰਤੀ ਵਿਚਲਾ ਪਾਣੀ ਮਿੱਠਾ ਹੁੰਦਾ ਹੈ, ਕਿਉਂਕਿ ਇਹ ਮਿੱਟੀ ਦੇ ਕਣਾਂ ਵਿੱਚ ਵਸਿਆ ਹੁੰਦਾ ਹੈ। ਇਹ ਗਰਭਿਤ ਪਾਣੀ ਹੁੰਦਾ ਹੈ। ਬਾਟਲਿੰਗ ਪਲਾਂਟਸ (ਬੋਤਲ ਉਪਯੋਗ) ਦੁਆਰਾ ਪਾਣੀ ਦੀ ਜ਼ਿਆਦਾ ਖਪਤ ਕਰਕੇ ਵੀ ਬਹੁਤ ਸਾਰਾ (ਲੱਖ ਟਨ) ਪਾਣੀ ਫਜ਼ੂਲ ਹੀ ਜਾਂਦਾ ਹੈ। ਹਿਮਾਚਲ ਪ੍ਰਦੇਸ਼ ਵਿੱਚ ਪਾਣੀ ਦਾ ਪੱਧਰ ਇਸ ਕਰਕੇ ਠੀਕ ਹੈ, ਕਿਉਂਕਿ ਉੱਥੇ ਨਦੀਆਂ-ਨਾਲਿਆਂ ਤੇ ਕੁਦਰਤੀ ਨਿਕਲਦੇ ਪਾਣੀਆਂ ਨੂੰ ਖੇਤੀ ਆਦਿ ਲਈ ਵਰਤਿਆ ਜਾਂਦਾ ਹੈ।
ਭਾਰਤ ਦੇ ਸੇਮ ਵਾਲੇ ਇਲਾਕੇ, ਗੰਦਲੇ ਦਰਿਆਈ ਇਲਾਕੇ, ਕੱਲਰੀ ਇਲਾਕੇ, ਗੰਦਲੇ ਨਾਲੇ ਵਾਲੇ ਇਲਾਕੇ ਵਿੱਚ ਲੱਖਾਂ ਲੋਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ, ਕਿਉਂਕਿ ਓਧਰ ਪਿਛੜੇ ਇਲਾਕਿਆਂ ਵਿੱਚ ਸਾਫ-ਸੁਥਰੇ ਪਾਣੀ ਦੀ ਬਹੁਤ ਘਾਟ ਹੈ। ਵਿਸ਼ੇਸ਼ ਕਰਕੇ ਪੰਜਾਬ ਵਿੱਚ ਹੀ ਪਾਣੀ ਸ਼ੁੱਧ ਨਾ ਮਿਲਣ ਕਰਕੇ ਹਜ਼ਾਰਾਂ ਲੋਕ ਕੈਂਸਰ, ਗੁਰਦੇ ਦੇ ਰੋਗ, ਪੇਟ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਅਨੇਕਾਂ ਲੋਕ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ, ਤੇ ਇਹ ਸਿਲਸਿਲਾ ਜਾਰੀ ਹੈ। ਸਰਕਾਰ ਵੱਲੋਂ ਹਸਪਤਾਲ ਤਾਂ ਖੋਲ੍ਹੇ ਜਾ ਰਹੇ ਹਨ, ਪਰ ਪੀਣ ਵਾਲੇ ਪਾਣੀ ਦਾ ਹਾਲੇ ਤੱਕ ਮੁਕੰਮਲ ਸਹੀ ਯੋਜਨਾਬੱਧ ਖੋਜ ਪੂਰਵਕ ਢੰਗ ਨਾਲ ਹੱਲ ਨਹੀਂ ਲੱਭਿਆ ਜਾ ਸਕਿਆ।
ਭੌਤਿਕ ਮਾਪ ਅਨੁਸਾਰ ਪੀਣ ਵਾਲਾ ਸਾਫ ਪਾਣੀ ਸ਼ੀਤਲ ਗੰਦ ਰਹਿਤ ਹੋਣਾ ਚਾਹੀਦਾ ਹੈ। ਜੈਵਿਕ ਮਾਪ ਅਨੁਸਾਰ ਸ਼ੁੱਧ ਪੀਣ ਵਾਲੇ ਪਾਣੀ ਵਿੱਚ ਕੋਈ ਗੰਦਲਾ ਤੱਤ ਨਹੀਂ ਹੋਣਾ ਚਾਹੀਦਾ। ਕੈਲੀਫਾਰਮ ਫੋਕਟੀਰੀਆ 10 ਤੋਂ ਜ਼ਿਆਦਾ ਨਹੀਂ ਹੋਣੇ ਚਾਹੀਦੇ। ਅਸ਼ੁੱਧ ਪਾਣੀ ਵਿੱਚ ਕੈਲਸ਼ੀਅਮ, ਸਲਫੇਟ, ਲੋਹਾ, ਮੈਗਨੀਜ, ਤਾਂਬਾ, ਜਿੰਕ, ਸ਼ੀਸ਼ਾ, ਕੈਡੀਸ਼ੀਅ, ਪਾਰਾ ਅਤੇ ਹੋਰ ਰਸਾਇਣਕ ਪਦਾਰਥ ਆਦਿ ਪਾਏ ਜਾਂਦੇ ਹਨ। ਜੇਕਰ ਕੋਈ ਰੋਗ ਫੈਲਦਾ ਹੈ, ਉਸਦੇ ਰੋਗਾਣੂ ਪਾਣੀ ਵਿੱਚ ਘੁਲ ਕੇ ਬਿਮਾਰੀਆਂ ਫੈਲਾਉਂਦੇ ਹਨ। ਭਾਰਤ ਸਰਕਾਰ ਅਤੇ ਰਾਜ ਸਰਕਾਰ ਕਈ ਸ਼ੁੱਧ ਜਲ ਯੋਜਨਾਵਾਂ ਚਲਾ ਰਹੀਆਂ ਹਨ, ਪਰ ਵੱਡੇ ਪੱਧਰ ਦਾ ਖਰਚਾ ਆਉਣ ਕਰਕੇ ਅਧੂਰੀਆਂ ਹਨ।
ਭਾਰਤ ਜਲਵਾਯੂ ਦੀ ਦ੍ਰਿਸ਼ਟੀ ਨਾਲ ਮਾਨਸੂਨੀ ਪ੍ਰਦੇਸ਼ ਹੋਣ ਕਰਕੇ ਸਾਲ ਦੇ ਤਿੰਨ ਜਾਂ ਚਾਰ ਮਹੀਨੇ ਹੀ ਬਾਰਿਸ਼ ਹੁੰਦੀ ਹੈ। ਬਾਕੀ ਦੇ ਮਹੀਨੇ ਬਾਰਿਸ਼ ਨਾ ਹੋਣ ਕਰਕੇ ਬਹੁਤ ਸਾਰੇ ਭਾਗਾਂ ਵਿੱਚ ਧਰਾਤਲੀਏ ਜਲ ਦੀ ਕਮੀ ਰਹਿੰਦੀ ਹੈ। ਭਾਰੀ ਬਾਰਿਸ਼ ਵਾਲੇ ਇਲਾਕਿਆਂ ਵਿੱਚ ਵੀ ਖੁਸ਼ਕ ਮਹੀਨਿਆਂ ਵਿੱਚ ਪਾਣੀ ਦੀ ਕਮੀ ਰਹਿੰਦੀ ਹੈ।
ਉੱਤਰ ਦੇ ਤਟੀਏ (ਕਿਨਾਰੇ) ਮੈਦਾਨਾਂ ਵਿੱਚ ਭੂਮੀਗਤ ਪਾਣੀ ਦੇ ਵਿਸ਼ਾਲ ਭੰਡਾਰ ਪਾਏ ਜਾਂਦੇ ਹਨ। ਦੇਸ਼ ਦੇ ਦੂਸਰੇ ਭਾਗਾਂ ਵਿੱਚ ਪਾਣੀ ਦੀ ਬਹੁਤ ਕਮੀ ਪਾਈ ਜਾਂਦੀ ਹੈ। ਅਜੇ ਤੱਕ ਦੇਸ਼ ਦੇ ਹਰ ਇੱਕ ਪਿੰਡ ਵਿੱਚ ਸੁਰੱਖਿਅਤ ਪੀਣ ਵਾਲੇ ਪਾਣੀ ਦੀ ਵਿਵਸਥਾ ਨਹੀਂ ਹੋ ਸਕੀ ਹੈ। ਦੇਸ਼ ਦੇ ਕੁਝ ਇਲਾਕੇ ਤਾਂ ਅਜਿਹੇ ਹਨ, ਜਿੱਥੇ ਅੱਜ ਵੀ ਲੋਕਾਂ ਨੂੰ ਇੱਕ ਕਿਲੋਮੀਟਰ ਤੋਂ ਵੱਧ ਪੈਦਲ ਚੱਲ ਕੇ ਪਾਣੀ ਲਿਆਉਣਾ ਪੈਂਦਾ ਹੈ। ਸੰਪੂਰਨ ਜਲ ਸੰਸਾਧਨ ਦਾ ਅਧਿਐਨ, ਅਨੇਕ ਦ੍ਰਿਸ਼ਟੀਕੋਣ, ਜਿਸ ਵਿੱਚ ਨਦੀ-ਨਾਲੇ, ਨਿਕਾਸ ਪ੍ਰਣਾਲੀ, ਹੜ੍ਹ-ਔੜ ਦੀ ਸਮੱਸਿਆ ਸਿੰਚਾਈ ਪਰੀਯੋਜਨਾ ਆਦਿ ਦੀ ਸਖ਼ਤ ਜ਼ਰੂਰਤ ਹੈ। ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਭਾਗਾਂ ਵਿੱਚ ਸਮਤਲ ਭੂਮੀ ਹੋਣ ਕਾਰਨ ਵਿਕਾਸ ਕਾਰਜ (ਨਵੀਆਂ ਸੜਕਾਂ, ਰੇਲ ਤੇ ਨਹਿਰੀ ਮਾਰਗ) ਕਰ ਕੇ ਫਾਲਤੂ ਪਾਣੀ ਦਾ ਨਿਕਾਸ ਪੂਰੀ ਤਰ੍ਹਾਂ ਨਾਲ ਨਹੀਂ ਹੋ ਸਕਿਆ।
ਭਾਰਤ ਸਰਕਾਰ ਨੇ 1954 ਵਿੱਚ ਹੜ੍ਹਾਂ `ਤੇ ਕਾਬੂ ਪਾਉਣ ਲਈ ਰਾਸ਼ਟਰੀ ਹੜ੍ਹ ਆਯੋਗ ਦੀ ਸਥਾਪਨਾ ਕੀਤੀ ਸੀ। ਹੜ੍ਹਾਂ ਨਾਲ ਨਿਪਟਣ ਲਈ ਤਿੰਨ ਪੱਧਰੀ ਯੋਜਨਾ ਪ੍ਰਸਤੁਤ ਕੀਤੀ ਸੀ, ਜਿਸ ਵਿੱਚ ਦਰਿਆਈ ਕਿਨਾਰੇ ਪੱਕੇ ਕਰਨਾ, ਦਰਿਆਈ ਮਾਰਗਾਂ ਨੂੰ ਵੰਡਣਾ, ਉੱਚੇ ਚਬੂਤਰੇ ਬਣਾਉਣਾ, ਪੌਦੇ ਲਗਾਉਣਾ, ਹੜ੍ਹ ਵਾਲੇ ਇਲਾਕਿਆਂ ਦਾ ਨਿਰਧਾਰਣ, ਹੜ੍ਹ ਸੁਰੱਖਿਆ ਅਤੇ ਭਵਿੱਖਵਾਣੀ ਦੇ ਸੰਕੇਤ ਦੇਣਾ ਤੇ ਢਲਾਣਾਂ ਉੱਪਰ ਬੰਨ੍ਹ ਆਦਿ ਢੰਗ ਅਪਨਾਏ ਗਏ।
ਦੇਖਿਆ ਜਾਏ ਤਾਂ ਖਾਸ ਕਰਕੇ ਏਸ਼ੀਅਨ ਦੇਸ਼ਾਂ ਵਿੱਚ ਹੀ ਪਾਣੀ ਦੀਆਂ ਜ਼ਿਆਦਾ ਸਮੱਸਿਆਵਾਂ ਹਨ। ਖਾਸ ਕਰਕੇ ਭਾਰਤ ਵਿੱਚ ਗੰਧਲੇ ਪਾਣੀ ਦਾ ਪ੍ਰਦੂਸ਼ਣ ਲਗਾਤਾਰ ਵਾਧਾ ਜਾ ਰਿਹਾ ਹੈ, ਘਰਾਂ, ਪਿੰਡਾਂ, ਸ਼ਹਿਰਾਂ ਦੀਆਂ ਗਲੀਆਂ-ਨਾਲੀਆਂ ਦੁਕਾਨਾਂ ਆਦਿ ਦਾ ਕੂੜਾ-ਕਰਕਟ ਨਦੀ-ਨਾਲਿਆਂ ਵਿੱਚ ਪ੍ਰਵੇਸ਼ ਕਰਦਾ ਹੈ। ਭਾਰਤੀ ਲੋਕਾਂ ਉੱਪਰ ਮੌਕੇ `ਤੇ ਤੁਰੰਤ ਫੈਸਲੇ ਵਾਲਾ ਕਾਨੂੰਨ ਲਾਗੂ ਨਹੀਂ ਹੁੰਦਾ, ਹਰ ਵਿਅਕਤੀ ਕਾਨੂੰਨ ਦੀਆਂ ਧੱਜੀਆਂ ਉਡਾਉਂਦਾ ਨਜ਼ਰ ਆਉਂਦਾ ਹੈ, ਇਸ ਲਈ ਪਾਣੀ ਦੀ ਸ਼ੁੱਧਤਾ ਲਈ ਕੋਈ ਸਖ਼ਤ ਕਾਨੂੰਨ ਬਣਾਏ ਜਾਣੇ ਚਾਹੀਦੇ ਹਨ।

Leave a Reply

Your email address will not be published. Required fields are marked *